ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦਾ ਮੇਲਾ ਕੁੜੀਆਂ ਦੀ ਕਬੱਡੀ ਨੇ ਲੁੱਟਿਆ

ਸ਼ਿਕਾਗੋ (ਸੁਰਿੰਦਰ ਸਿੰਘ ਭਾਟੀਆ, ਬਿਊਰੋ): ਮੁੰਡਿਆਂ ਦੀ ਕਬੱਡੀ ਵੀ ਸੀ, ਵਾਲੀਬਾਲ ਦੇ ਮੈਚ ਵੀ ਸਨ, ਕੈਲੀਫੋਰਨੀਆ ਤੋਂ ਆਇਆ ਕਈ ਕੌਮਾਂਤਰੀ ਇਨਾਮਾਂ ਦਾ ਜੇਤੂ ਟ੍ਰਿਪਲ ਜੰਪਰ ਮਹਿੰਦਰ ਸਿੰਘ ਗਿੱਲ ਵੀ ਸੀ, ਜੀਤੇ ਗਿੱਲ ਤੇ ਸੋਨਾ ਵਾਲੀਆ ਦੀ ਗਾਇਕੀ ਵੀ ਸੀ, ਲੋਕ ਇਕ ਦੂਜੇ ਨੂੰ ਘੁਟ ਘੁਟ ਜੱਫੀਆਂ ਵੀ ਪਾ ਰਹੇ ਸਨ, ਪੰਮੇ ਦੀਆਂ ਜਲੇਬੀਆਂ ਦਾ ਵੀ ਲੋਕ ਪੂਰਾ ਅਨੰਦ ਮਾਣ ਰਹੇ ਸਨ ਪਰ ਜੇ ਸਹੀ ਲਫਜ਼ਾਂ ਵਿਚ ਕਹਿਣਾ ਹੋਵੇ ਤਾਂ ਸ਼ੇਰੇ ਪੰਜਾਬ ਸਪੋਰਟਸ ਕਲੱਬ ਵਲੋਂ ਦੋ ਸਤੰਬਰ ਨੂੰ ਇਥੇ ਐਲਕ ਗਰੂਵ ਵਿਲੇਜ ਦੇ ਫਾਰੈਸਟ ਪ੍ਰੀਜ਼ਰਵ ਵਿਚ ਕਰਵਾਇਆ ਗਿਆ ਸਾਲਾਨਾ ਖੇਡ ਮੇਲਾ ਕੁੜੀਆਂ ਦੀ ਕਬੱਡੀ ਲੁੱਟ ਕੇ ਲੈ ਗਈ।

ਕਹਿਣ ਨੂੰ ਭਾਵੇਂ ਇਹ ਸ਼ੋਅ ਮੈਚ ਹੀ ਸੀ ਪਰ ਜਿਸ ਤਰ੍ਹਾਂ ਕੁੜੀਆਂ ਪੂਰੇ ਜਬ੍ਹੇ ਨਾਲ ਖੇਡੀਆਂ, ਉਸ ਕਰ ਕੇ ਦਰਸ਼ਕਾਂ ਦੀਆਂ ਨਜ਼ਰਾਂ ਉਨ੍ਹਾਂ ਤੋਂ ਇਕ ਪਲ ਵੀ ਇਧਰ-ਉਧਰ ਨਾ ਹੋਈਆਂ। ਮੇਲੇ ਦੇ ਮੁੱਖ ਮਹਿਮਾਨ ਮਿਲਵਾਕੀ ਤੋਂ ਡਾ. ਭੁਪਿੰਦਰ ਸਿੰਘ ਸੈਣੀ ਅਤੇ ਵਿਸ਼ੇਸ਼ ਮਹਿਮਾਨ ਓਲੰਪਿਅਨ ਅਰਜੁਨ ਅਵਾਰਡੀ ਟ੍ਰਿਪਲ ਜੰਪਰ ਮਹਿੰਦਰ ਸਿੰਘ ਗਿੱਲ ਸਨ।
ਮੇਲੇ ਦਾ ਅਰੰਭ ਸਵੇਰੇ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਨਾਲ ਹੋਇਆ। ਉਪਰੰਤ ਪ੍ਰਧਾਨ ਦਰਸ਼ਨ ਸਿੰਘ ਪੰਮਾ ਨੇ ਸਪਾਂਸਰਾਂ ਤੇ ਦਰਸ਼ਕਾਂ ਨੂੰ ਜੀ ਆਇਆਂ ਕਿਹਾ। ਕਲੱਬ ਦੇ ਸਾਬਕਾ ਪ੍ਰਧਾਨ ਅਮਰਦੇਵ ਸਿੰਘ ਬੰਦੇਸ਼ਾ ਨੇ ਓਲੰਪਿਅਨ ਮਹਿੰਦਰ ਸਿੰਘ ਗਿੱਲ ਦੀ ਜਾਣ-ਪਛਾਣ ਕਰਵਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਕਾਮਨਵੈਲਥ ਗੇਮਾਂ ਤੇ ਏਸ਼ੀਅਨ ਗੇਮਾਂ ਸਮੇਤ ਵੱਖ ਵੱਖ ਅੰਤਰਰਾਸ਼ਟਰੀ ਟ੍ਰਿਪਲ ਜੰਪ ਮੁਕਾਬਲਿਆਂ ਵਿਚ 50 ਦੇ ਕਰੀਬ ਗੋਲਡ ਮੈਡਲ ਹਾਸਿਲ ਕੀਤੇ ਹਨ। ਮਹਿੰਦਰ ਸਿੰਘ ਗਿੱਲ ਨੂੰ ਇਕ ਸਮੇਂ ਅਮਰੀਕਾ ਵਲੋਂ ਖੇਡਣ ਲਈ ਸਿਟੀਜਨਸ਼ਿਪ ਦੀ ਪੇਸ਼ਕਸ਼ ਵੀ ਕੀਤੀ ਗਈ ਪਰ ਉਨ੍ਹਾਂ ਇਹ ਕਹਿ ਕੇ ਨਾਂਹ ਕਰ ਦਿੱਤੀ ਸੀ ਕਿ ਮੈਂ ਸਿਰਫ ਆਪਣੇ ਦੇਸ਼ ਲਈ ਖੇਡਣਾ ਹੈ। ਸ਼ ਬੰਦੇਸ਼ ਨੇ ਹੋਰ ਕਿਹਾ ਕਿ ਕਲੱਬ ਦਾ ਮਿਸ਼ਨ ਖੇਡਾਂ ਦੇ ਖੇਤਰ ਵਿਚ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟ ਚੁਕੇ ਕਿਸੇ ਨਾ ਕਿਸੇ ਖਿਡਾਰੀ ਨੂੰ ਮੇਲੇ ਵਿਚ ਦਰਸਕਾਂ ਦੇ ਰੁਬਰੂ ਕਰਵਾਉਣਾ ਹੈ। ਪਿਛਲੇ ਸਮੇਂ ਵਿਚ ਅਸੀਂ ਕੌਮਾਂਤਰੀ ਹਾਕੀ ਖਿਡਾਰੀ ਬਲਬੀਰ ਸਿੰਘ, ਸੁਰਿੰਦਰ ਸਿੰਘ ਸੋਢੀ, ਚਰਨਜੀਤ ਸਿੰਘ ਆਦਿ ਦਾ ਇਨ੍ਹਾਂ ਮੇਲਿਆਂ ਵਿਚ ਸਨਮਾਨ ਕਰ ਚੁਕੇ ਹਾਂ।
ਕਬੱਡੀ ਮੁਕਾਬਲਿਆਂ ਵਿਚ ਚਾਰ ਟੀਮਾਂ ਨੇ ਹਿੱਸਾ ਲਿਆ-ਪੰਜਾਬ ਸਪੋਰਟਸ ਕਲੱਬ, ਸਿਆਟਲ; ਸ਼ੇਰੇ ਪੰਜਾਬ ਸਪੋਰਟਸ ਕਲੱਬ, ਲਾਸ ਬੈਨੋਸ, ਕੈਲੀਫੋਰਨੀਆ; ਸ਼ੇਰੇ ਪੰਜਾਬ ਸਪੋਰਟਸ ਕਲੱਬ, ਸ਼ਿਕਾਗੋ ਅਤੇ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ, ਸਾਊਥਬੈਂਡ (ਇੰਡੀਆਨਾ)। ਪੰਜਾਬ ਸਪੋਰਟਸ ਕਲੱਬ ਸਿਆਟਲ ਦੀ ਟੀਮ ਪਹਿਲੇ ਨੰਬਰ ‘ਤੇ ਰਹੀ, ਸ਼ੇਰੇ ਪੰਜਾਬ ਸਪੋਰਟਸ ਕਲੱਬ ਕੈਲੀਫੋਰਨੀਆ ਦੀ ਟੀਮ ਦੂਜੇ ਨੰਬਰ ‘ਤੇ। ਸ਼ੇਰੇ ਪੰਜਾਬ ਸਪੋਰਟਸ ਕਲੱਬ ਮਿਡਵੈਸਟ ਸ਼ਿਕਾਗੋ ਦੀ ਟੀਮ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਨੂੰ 25 ਦੇ ਮੁਕਾਬਲੇ 31 ਅੰਕਾਂ ਨਾਲ ਹਰਾ ਕੇ ਤੀਜੇ ਨੰਬਰ ‘ਤੇ ਰਹੀ।
ਸ਼ੇਰੇ ਪੰਜਾਬ ਸਪੋਰਟਸ ਕਲੱਬ ਕੈਲੀਫੋਰਨੀਆ ਦੀ ਟੀਮ ਦੇ ਸਪਾਂਸਰ ਲੱਛਰ ਬ੍ਰਦਰਜ਼; ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ, ਸਾਊਥਬੈਂਡ (ਇੰਡੀਆਨਾ) ਦੇ ਇੰਚਾਰਜ ਪਾਲ ਖਲੀਲ ਅਤੇ ਪੰਜਾਬ ਸਪੋਰਟਸ ਕਲੱਬ ਸਿਆਟਲ ਦੀ ਟੀਮ ਦੇ ਸਪਾਂਸਰ ਬਰੈਟੀ ਗਿੱਲ ਤੇ ਮਨਮੋਹਣ ਗਰੇਵਾਲ ਸਨ।
ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਅਤੇ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਮੈਚ ਵਿਚ ਭੋਲਾ ਤਲਵੰਡੀ ਤੇ ਯੁਵਰਾਜ ਦਾ ਚੰਗਾ ਪੰਜਾ ਫਸਿਆ ਪਰ ਨੰਬਰ ਭੋਲਾ ਲੈ ਗਿਆ। ਰਵੀ ਸਿੱਧਵਾਂ ਵਾਲੇ ਤੇ ਸੰਨੀ ਵਿਚਾਲੇ ਭੇੜ ਵਿਚ ਕਈ ਪੁੱਠੀਆਂ-ਸਿੱਧੀਆਂ ਕੈਂਚੀਆਂ ਲੱਗੀਆਂ ਪਰ ਪੁਆਇੰਟ ਸੰਨੀ ਨੇ ਹਾਸਿਲ ਕੀਤਾ। ਹੈਪੀ ਤੇ ਅਮਨਾ ਜਨੇਤਪੁਰੀਆ ਦੇ ਭੇੜ ਵਿਚ ਬਾਜੀ ਅਮਨੇ ਦੇ ਹੱਥ ਰਹੀ।
ਦੂਜੇ ਮੈਚ ਵਿਚ ਸ਼ੇਰੇ ਪੰਜਾਬ ਕਲੱਬ ਮਿਡਵੈਸਟ ਟੀਮ ਨੂੰ 23 ਦੇ ਮੁਕਾਬਲੇ ਸਾਢੇ 32 ਅੰਕ ਲੈ ਕੇ ਸਿਆਟਲ ਦੀ ਟੀਮ ਜੇਤੂ ਰਹੀ। ਤੀਜੇ ਮੈਚ ਵਿਚ ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦੇ 25 ਦੇ ਮੁਕਾਬਲੇ ਸਾਢੇ 36 ਅੰਕ ਹਾਸਿਲ ਕਰ ਕੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਕੈਲੀਫੋਰਨੀਆ ਜੇਤੂ ਰਿਹਾ।
ਫਾਈਨਲ ਮੈਚ ਵਿਚ ਪੰਜਾਬ ਸਪੋਰਟਸ ਕਲੱਬ ਸਿਆਟਲ ਦੀ ਟੀਮ ਨੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਕੈਲੀਫੋਰਨੀਆ ਦੀ ਟੀਮ ਨੂੰ ਸਾਢੇ 35 ਅੰਕਾਂ ਦੇ ਮੁਕਾਬਲੇ 41 ਅੰਕ ਲੈ ਕੇ ਕੱਪ ਆਪਣੇ ਨਾਂ ਕੀਤਾ। ਵਿਲੱਖਣ ਗੱਲ ਇਹ ਰਹੀ ਕਿ ਪਾਲਾ ਜਲਾਲਪੁਰੀਆ, ਸੰਦੀਪ ਸੁਰਖਪੁਰੀਆ, ਸੰਦੀਪ ਨੰਗਲ ਅੰਬੀਆਂ ਦੀ ਗੈਰਹਾਜ਼ਰੀ ਦੇ ਬਾਵਜੂਦ ਸਿਆਟਲ ਦੀ ਟੀਮ ਚੈਂਪੀਅਨ ਬਣੀ।
ਜੇਤੂ ਟੀਮ ਵੱਲੋਂ ਸਾਬਕਾ ਕਬੱਡੀ ਸਟਾਰ ਪ੍ਰੀਤਮ ਸਿੰਘ ਸੌਂਸਪੁਰੀਆ ਦੇ ਮੁੰਡੇ ਦਲਜੀਤ ਸਿੰਘ ਦੱਲੀ ਨੇ 22 ਕਬੱਡੀਆਂ ਪਾਉਂਦਿਆਂ ਇੱਕ ਵਾਰ ਵੀ ਜੱਫਾ ਨਹੀਂ ਖਾਧਾ। ਜਦਕਿ ਬੁਢਾਪੇ ਦੀ ਜਵਾਨੀ ‘ਚ ਖੇਡ ਰਹੇ ਗੁਰਲਾਲ ਘਨੌਰ ਨੇ 13 ਕਬੱਡੀਆਂ ਪਾਈਆਂ ਤੇ 13 ਵਿਚ ਹੀ ਉਹ ਸਫਲ ਰਿਹਾ। ਇਸ ਤੋਂ ਇਲਾਵਾ ਗੁਰਮੀਤ ਮੰਡੀਆਂ, ਸੁੱਖੀ ਲੱਖਣਕੇ ਪੱਡਾ ਅਤੇ ਬਾਨਾ ਧਾਲੀਵਾਲ ਦਾ ਕਬੱਡੀ ਹੁਨਰ ਖੂਬ ਚਮਕਿਆ, ਜਦਕਿ ਜਾਫੀਆਂ ‘ਚ ਸੁੱਖਾ ਭੰਡਾਲ, ਚੰਨਾ ਭੇਟਾਵਾਲਾ, ਤੋਤਾ ਮੱਲ੍ਹੀਆਂ, ਜਿੰਦਰ ਰੱਕੜਾਂ, ਬਲਜੀਤ ਭੁੱਲਰ ਨੇ ਜੱਫੇ ਲਾ ਕੇ ਟੂਰਨਾਮੈਂਟ ‘ਚ ਵੱਖਰੀ ਖਿੱਚ ਪੈਦਾ ਕੀਤੀ। ਕੈਲੀਫੋਰਨੀਆ ਵੱਲੋਂ ਜੱਗਾ ਰੰਧਾਵਾ, ਰਵੀ ਆਲੋਵਾਲ, ਮਨਿੰਦਰ ਕਿਸ਼ਨਪੁਰਾ, ਬਿੱਲਾ ਖੁੱਡਾ, ਮੰਨਾ ਲੱਸੜ ਆਦਿ ਖਿਡਾਰੀਆਂ ਦੀ ਅਣਥੱਕ ਮਿਹਨਤ ਵੀ ਮੈਚ ਜਿਤਾ ਨਾ ਸਕੀ।
ਬੈਸਟ ਰੇਡਰ ਦਲਜੀਤ ਸੌਂਸਪੁਰ ਤੇ ਬੈਸਟ ਜਾਫੀ ਚੰਨਾ ਭੇਟਾਵਾਲਾ ਐਲਾਨੇ ਗਏ।
ਕਬੱਡੀ ਦੀ ਕੁਮੈਂਟਰੀ ਮੱਖਣ ਅਲੀ ਨੇ ਕੀਤੀ। ਕੁਮੈਂਟਰੀ ਦੀ ਇਕ ਝਲਕ ਦੇਖੋ, “ਰੇਡ ਦੇਖੋ ਗੁਰਲਾਲ ਘਨੌਰ ਦਾ, ਜਿਵੇਂ ਬੁਰਜ ਲਾਹੌਰ ਦਾ।” ਉਸ ਨੇ ਸੰਤ ਰਾਮ ਉਦਾਸੀ ਦੀ ਕਵਿਤਾ ਦਾ ਹਵਾਲਾ ਵੀ ਦਿੱਤਾ, ਜਿਵੇਂ “ਤੂੰ ਮਘਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ।” ਉਸ ਕੁੜੀਆਂ ਦੇ ਕਬੱਡੀ ਮੈਚ ਦੀ ਕੁਮੈਂਟਰੀ ਕਰਦਿਆਂ ਕਿਹਾ, “ਚਾਰ ਦਿਨ ਮੌਜਾਂ ਮਾਣ ਕੇ, ਲਾ ਕੇ ਸੁਖਾਂ ਵਿਚ ਤਾਰੀ। ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ।” ਇਕ ਹੋਰ ਰੰਗ ਵੇਖੋ, “ਕਿਤੇ ਮਿਲ ਜਾਏ ਅੰਮੜੀ, ਮੂਹਰੇ ਚੀਰ ਕਾਲਜਾ ਧਰ ਦਿਆਂ, ਏ ਧਰਤੀ ਸਾਰੀ ਵੇ ਬਾਬਲਾ ਮੈਂ ਰੋ ਰੋ ਗਿੱਲੀ ਕਰ ਦਿਆਂ।”
ਕਬੱਡੀ ਦਾ ਪਹਿਲਾ ਇਨਾਮ ਅੰਮ੍ਰਿਤਪਾਲ ਸਿੰਘ ਗਿੱਲ ਅਤੇ ਦੂਜਾ ਇਨਾਮ ਨਾਜਰ ਸਿੰਘ ਗਿੱਲ ਤੇ ਜਸਵਿੰਦਰ ਸਿੰਘ ਗਿੱਲ ਨੇ ਦਿੱਤਾ।
ਪ੍ਰਬੰਧਕਾਂ ਵਲੋਂ ਉਲੰਪੀਅਨ ਮੁਹਿੰਦਰ ਸਿੰਘ ਗਿੱਲ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਸਪਾਂਸਰਾਂ ਨੂੰ ਵੀ ਯਾਦਗਾਰੀ ਚਿੰਨ ਭੇਟ ਕੀਤੇ।
ਮੇਲੇ ਵਿਚ ਸਾਬਕਾ ਕਬੱਡੀ ਖਿਡਾਰੀ ਸੰਜੀਵ ਪੰਡਿਤ ਸੁਰਖਪੁਰੀਆ ਦਾ 2100 ਡਾਲਰ ਨਾਲ ਸਨਮਾਨ ਕੀਤਾ ਗਿਆ। ਇਹ ਸਨਮਾਨ ਪੰਜਾਬ ਤੇ ਵਿਦੇਸ਼ਾਂ ਵਿਚ ਵਸਦੇ ਪ੍ਰਮੁਖ ਕਬੱਡੀ ਖਿਡਾਰੀਆਂ ਲੱਖਾ ਭੋਗਵਾਲਾ, ਰਾਜਾ ਤੱਲਣ, ਕਾਲਾ ਪੱਡਾ, ਆਗਿਆਪਾਲ ਚਾਹਲ, ਪਰਮਜੀਤ ਸਿੰਘ ਖੈੜਾ, ਨੀਲੋਂ ਕਾਲਾ, ਬਲਜਿੰਦਰ ਕਾਲਾ, ਰਾਣਾ ਭੰਡਾਲ, ਜਸਕਰਨ ਧਾਲੀਵਾਲ, ਲੱਖਾ ਬਿਹਾਰੀਪੁਰੀਆ ਤੇ ਜੰਗ ਬਹਾਦੁਰ ਵਲੋਂ ਕੀਤਾ ਗਿਆ।
ਅਮਰੀਕਾ ਤੇ ਮੈਕਸੀਕੋ ਦੀਆਂ ਟੀਮਾਂ ਵਿਚਾਲੇ ਕੁੜੀਆਂ ਦੀ ਕਬੱਡੀ ਟੀਮ ਦਾ ਸ਼ੋਅ ਮੈਚ ਵੀ ਹੋਇਆ। ਸ਼ਿਕਾਗੋ ਵਿਚ ਕੁੜੀਆਂ ਦੀ ਕਬੱਡੀ ਦਾ ਇਹ ਪਹਿਲਾ ਮੈਚ ਸੀ। ਦਰਸ਼ਕਾਂ ਵਿਚ ਉਤਸੁਕਤਾ ਤਾਂ ਸੀ ਕਿ ਮੈਚ ਕਿਸ ਤਰ੍ਹਾਂ ਦਾ ਹੋਵੇਗਾ ਪਰ ਬਹੁਤੇ ਲੋਕਾਂ ਦੇ ਮਨ ਵਿਚ ਸੀ ਕਿ ਇਹ ਇਕ ਸਧਾਰਨ ਰੁਮਾਲ ਚੁਕਣ ਵਾਲੀ ਖੇਡ ਵਰਗਾ ਹੀ ਮੈਚ ਹੋਵੇਗਾ ਪਰ ਇਸ ਮੈਚ ਵਿਚ ਜਿਸ ਤਰ੍ਹਾਂ ਕੁੜੀਆਂ ਨੇ ਆਪਣੇ ਬਾਹੂਬਲ ਨਾਲ ਇਕ ਦੂਜੀ ਨਾਲ ਦਸਤਪੰਜਾ ਲਿਆ, ਉਸ ਕਰ ਕੇ ਦਰਸ਼ਕ ਪੂਰਾ ਸਮਾਂ ਮੈਚ ਨੂੰ ਮੰਤਰ ਮੁਗਧ ਹੋਏ ਦੇਖਦੇ ਹੀ ਰਹਿ ਗਏ।
ਕੁੜੀਆਂ ਇਕ ਦੂਜੇ ਦਾ ਗੁੱਟ ਫੜ੍ਹ ਕੇ, ਕੈਚੀਆਂ ਮਾਰ ਕੇ, ਲੱਕ ਤੋਂ ਫੜ੍ਹ ਕੇ, ਡਬਲ ਟੱਚ, ਸਰਕਲ ਤੋਂ ਖਿਡਾਰੀ ਨੂੰ ਬਾਹਰ ਸੁੱਟ ਕੇ, ਹੰਦੇ ਵਿਚ ਸੈਮੀ ਸਰਕਲ ਚੇਨ ਬਣਾ ਕੇ, ਕਦੀ ਸੱਜੇ, ਕਦੀ ਖੱਬੇ, ਝੁਕ ਕੇ ਝਕਾਨੀ ਮਾਰਦੀਆਂ ਪੂਰਾ ਤਾਣ ਲਾ ਕੇ ਖੇਡ ਰਹੀਆਂ ਸਨ, ਉਸ ਨੇ ਮੁੰਡਿਆਂ ਦੀ ਕਬੱਡੀ ਨੂੰ ਵੀ ਪਿੱਛੇ ਛੱਡ ਦਿੱਤਾ।
ਮੈਚ ਦੀ ਸ਼ੁਰੂਆਤ ਮੈਕਸੀਕੋ ਦੀ ਕਪਤਾਨ ਡਿਆਨਾ ਨੇ ਪਹਿਲੀ ਰੇਡ ਪਾ ਕੇ ਕੀਤੀ ਅਤੇ ਜਬਰਦਸਤ ਜੱਫਾ ਤੋੜ ਕੇ ਅੰਕ ਹਾਸਿਲ ਕੀਤਾ। ਅਮਰੀਕਾ ਦੀ ਅਰਲੀਨ ਦਾ ਮੈਕਸੀਕੋ ਦੀ ਕੈਰੀਨਾ ਨਾਲ ਪੰਜਾ ਪਿਆ ਅਤੇ ਅਰਲੀਨ ਨੰਬਰ ਬਣਾ ਗਈ। ਮੈਕਸੀਕੋ ਦੀ ਅਲੈਗਜ਼ੈਂਡਰਾ ਨੇ ਅਮਰੀਕਾ ਦੀ ਸੈਂਡਰਾ ਤੋਂ ਬਾਜੀ ਮਾਰੀ। ਮੈਕਸੀਕੋ ਦੀ ਸ਼ੈਲਾ ਨੂੰ ਮਾਇਆ ਨੇ ਕੈਂਚੀ ਲਾਈ ਪਰ ਸ਼ੈਲਾ ਨੇ ਪੂਰੇ ਜੋਰ ਨਾਲ ਆਪਣੇ ਆਪ ਨੂੰ ਛੁਡਾ ਕੇ ਦਰਸ਼ਕਾਂ ਤੋਂ ਖੂਬ ਬੱਲੇ ਬੱਲ ਕਰਵਾਈ।
ਭਰਵੇਂ ਜੁੱਸੇ ਵਾਲੀ ਅਰਲੀਨ ਅਤੇ ਮੈਕਸੀਕੋ ਦੀ ਛੋਟੇ ਕੱਦ ਤੇ ਪਤਲੇ ਜੁੱਸੇ ਵਾਲੀ ਕੈਰਨ ਵਿਚਾਲੇ ਟੱਕਰ ਬਹੁਤ ਹੀ ਦਿਲਸਚਪ ਰਹੀ। ਅਰਲੀਨ ਹਰ ਵਾਰ ਕੈਰੀਨ ਨੂੰ ਕਮਜੋਰ ਜਾਫੀ ਸਮਝ ਕੇ ਤੇਜੀ ਨਾਲ ਹੱਥ ਲਾ ਕੇ ਹੰਦਾ ਪਾਰ ਕਰ ਜਾਂਦੀ। ਤਿੰਨ ਅੰਕਾਂ ਬਾਅਦ ਆਖਿਰ ਕੈਰੀਨ ਨੇ ਅਰਲੀਨ ਨੂੰ ਪੁੱਠੀ ਕੈਂਚੀ ਲਾ ਕੇ ਪੂਰੀ ਤਰ੍ਹਾਂ ਬੇਵਸ ਕਰ ਦਿੱਤਾ ਤਾਂ ਮੈਦਾਨ ਤਾੜੀਆਂ ਨਾਲ ਗੂੰਜ ਉਠਿਆ। ਕੈਰੀਨ ਨੇ ਫਿਰ ਕਈ ਜੱਫੇ ਲਾ ਕੇ ਆਪਣੀ ਟੀਮ ਲਈ ਅੰਕ ਹਾਸਿਲ ਕੀਤੇ। ਅਮਰੀਕਾ ਦੀ ਮਾਇਆ ਨੇ ਲੁਪੀਤਾ ਨੂੰ ਲੱਕ ਤੋਂ ਫੜ੍ਹ ਕੇ ਕਾਬੂ ਕੀਤਾ। ਰੇਡਰ ਅਰਲੀਨ ਨੂੰ ਮੈਕਸੀਕੋ ਦੀ ਕ੍ਰਿਸਟਾ ਨੇ ਗੁੱਟ ਫੜ੍ਹ, ਸਿੱਧੀ ਤੇ ਪੁੱਠੀ ਕੈਂਚੀ ਨਾਲ ਰੋਕ ਕੇ ਦਰਸ਼ਕਾਂ ਦੀ ਵਾਹ ਵਾਹ ਲੁਟੀ। ਦਰਸਕਾਂ ਨੇ ਖਿਡਾਰਨਾਂ ਨੂੰ ਡਾਲਰਾਂ ਦੇ ਇਨਾਮ ਦੇ ਕੇ ਹੌਸਲਾ ਅਫਜ਼ਾਈ ਕੀਤੀ।
ਮੈਕਸੀਕੋ ਦੀਆਂ ਖਿਡਾਰਨਾਂ ਤੇਜੀ ਨਾਲ ਰੇਡ ਪਾਉਂਦੀਆਂ ਜਦ ਕਿ ਅਮਰੀਕਨ ਰੇਡਰ ਸਧੇ ਕਦਮੀਂ ਰੇਡ ਪਾਉਂਦੀਆਂ। ਦਿਲਚਸਪ ਗੱਲ ਇਹ ਰਹੀ ਕਿ ਦੋਹਾਂ ਟੀਮਾਂ ਦੀਆਂ ਖਿਡਾਰਨਾਂ ਐਨ ਭਾਰਤੀ ਖਿਡਾਰੀਆਂ ਵਾਂਗ ਧਰਤੀ ਨੂੰ ਝੁਕ ਕੇ ਨਮਸਕਾਰ ਕਰਨ ਪਿਛੋਂ ਰੇਡ ਪਾਉਂਦੀਆਂ।
ਅਮਰੀਕਾ ਟੀਮ ਵਲੋਂ ਅੰਤਰਰਾਸ਼ਟਰੀ ਖਿਡਾਰਨ ਕਪਤਾਨ ਹਰਿ ਗੁਰ ਅੰਮ੍ਰਿਤ ਖਾਲਸਾ ਨੇ ਸਭ ਤੋਂ ਵੱਧ ਅੰਕ ਲਏ। ਉਹ ਬੜੇ ਆਤਮ ਵਿਸ਼ਵਾਸ ਨਾਲ ਰੇਡ ਪਾਉਂਦੀ ਤੇ ਜਦੋਂ ਕੋਈ ਜਾਫੀ ਜੱਫਾ ਮਾਰਨ ਦੀ ਕੋਸ਼ਿਸ਼ ਕਰਦੀ ਤਾਂ ਬੜੀ ਫੁਰਤੀ ਨਾਲ ਅੰਕ ਲੈ ਕੇ ਵਾਪਸ ਮੁੜ ਜਾਂਦੀ।
ਜ਼ਿਕਰਯੋਗ ਹੈ ਕਿ ਗੁਰ ਅੰਮ੍ਰਿਤ ਖਾਲਸਾ ਦੋ ਵਾਰ ਵਰਲਡ ਕਬੱਡੀ ਕੱਪ ਵਿਚ ਬੈਸਟ ਰੇਡਰ ਰਹੀ ਹੈ। ਉਸ ਦਾ ਇਹ ਵੀ ਰਿਕਾਰਡ ਹੈ ਕਿ 5 ਕੌਮਾਂਤਰੀ ਲੀਗ ਮੈਚਾਂ ਵਿਚ ਉਸ ਨੂੰ ਇਕ ਵਾਰ ਵੀ ਜੱਫਾ ਨਹੀਂ ਲੱਗਾ। ਅਮਰੀਕਾ ਦੀ ਟੀਮ ਤੋਂ ਪਹਿਲਾਂ ਉਹ ਪੰਜਾਬ ਦੀ ਟੀਮ ਵਲੋਂ ਵਿਸ਼ਵ ਕੱਪ ਖੇਡ ਚੁਕੀ ਹੈ। ਉਸ ਨੇ ਪੜ੍ਹਾਈ ਮੀਰੀ ਪੀਰੀ ਅਕੈਡਮੀ, ਪੰਜਾਬ ਤੋਂ ਕੀਤੀ ਹੈ।
ਮੈਕਸੀਕੋ ਟੀਮ ਦੀ ਕਪਤਾਨ ਕੌਮਾਂਤਰੀ ਖਿਡਾਰਨ ਡਿਆਨਾ ਨੇ ਸਭ ਤੋਂ ਵੱਧ ਅੰਕ ਲਏ। ਅੰਤ ਵਿਚ ਅਮਰੀਕਾ ਦੀ ਟੀਮ ਨੇ ਮੈਕਸੀਕੋ ਦੀ ਟੀਮ ਨੂੰ 28 ਦੇ ਮੁਕਾਬਲੇ ਸਾਢੇ 38 ਅੰਕ ਲੈ ਕੇ ਜਿੱਤ ਹਾਸਲ ਕੀਤੀ। ਦਿਲਸਚਪ ਗੱਲ ਇਹ ਹੈ ਕਿ ਦੋਹਾਂ ਟੀਮਾਂ ਦੇ ਕੋਚ ਮੁਹਿੰਦਰ ਸਿੰਘ ਸਿੱਧੂ ਹਨ।
ਕਬੱਡੀ ਮੈਚਾਂ ਦੇ ਰੈਫਰੀ ਰਾਜਾ ਤੱਲਣ ਤੇ ਰਾਜਾ ਭੰਡਾਲ ਸਨ। ਅੰਕ ਲਿਖਣ ਦੀ ਸੇਵਾ ਤਜਰਬੇਕਾਰ ਰਘਵਿੰਦਰ ਸਿੰਘ ਮਾਹਲ ਨੇ ਨਿਭਾਈ।
ਵਾਲੀਬਾਲ ਮੁਕਾਬਲਿਆਂ ਵਿਚ ਚਾਰ ਟੀਮਾਂ ਭਿੜੀਆਂ-ਸ਼ਿਕਾਗੋ ḔਏḔ ਵਾਲੀਬਾਲ, ਸਿੰਘ ਵਾਲੀਬਾਲ ਸ਼ਿਕਾਗੋ, ਮੈਡੀਸਨ ਵਾਲੀਬਾਲ ਅਤੇ ਮਿਲਵਾਕੀ ਵਾਲੀਬਾਲ ਟੀਮ। ਸ਼ਿਕਾਗੋ ḔਏḔ ਵਾਲੀਬਾਲ ਟੀਮ ਪਹਿਲੇ ਨੰਬਰ ‘ਤੇ ਰਹੀ ਜਦੋਂਕਿ ਮਿਲਵਾਕੀ ਦੀ ਟੀਮ ਦੂਜੇ ਨੰਬਰ ‘ਤੇ। ਸਰੂਪ, ਸੰਨੀ, ਕ੍ਰਾਂਤੀ, ਨਾਗ, ਟੋਨੀ ਸੰਘੇੜਾ ਤੇ ਮੁਹਿੰਦਰ ਬੰਦੇਸ਼ਾ ਨੇ ਵਧੀਆ ਖੇਡ ਦਿਖਾਈ। ਵਾਲੀਬਾਲ ਦੇ ਇਨਾਮ ਲੱਖਾ ਢੀਂਡਸਾ ਤੇ ਦੀਦਾਰ ਸਿੰਘ ਧਨੋਆ ਨੇ ਸਵਰਗੀ ਮਿਹਰ ਸਿੰਘ ਢੀਂਡਸਾ ਦੀ ਯਾਦ ਵਿਚ ਦਿੱਤੇ।
ਰੰਗਾ ਰੰਗ ਪ੍ਰੋਗਰਾਮ ਦੌਰਾਨ ਕੈਲੀਫੋਰਨੀਆ ਤੋਂ ਆਏ ਗਾਇਕ ਜੀਤਾ ਗਿੱਲ ਦੀ ਟੌਹਰ ਤਾਂ ਭਾਵੇਂ ਪੂਰੀ ਸੀ, ਪਰ ਸਰੋਤਿਆਂ ‘ਤੇ ਉਹ ਆਪਣੀ ਗਾਇਕੀ ਦਾ ਬਹੁਤਾ ਰੰਗ ਨਾ ਚਾੜ੍ਹ ਸਕਿਆ। ਉਹ ਕੁੜਤਾ-ਪਜਾਮਾ ਪਹਿਨੀ, ਗਲ ਵਿਚ ਕੈਂਠਾ ਪਾਈ ਅਤੇ ਅੱਖਾਂ ‘ਤੇ ਕਾਲੀਆਂ ਐਨਕਾਂ ਲਾਈ ਸਟੇਜ ‘ਤੇ ਆਇਆ। ਸ਼ੁਰੂਆਤ ਉਸ ਨੇ ਰਵਾਇਤੀ ਤੌਰ ‘ਤੇ ਪ੍ਰਭੂ ਚਰਨਾਂ ਵਿਚ ਅਰਦਾਸ ਵਜੋਂ ‘ਸਭ ਮੋਰਚੇ ਫਤਿਹ ਹੋ ਜਾਂਦੇ, ਹਰ ਥਾਂ ਬੱਲੇ ਬੱਲੇ ਆ’ ਗੀਤ ਨਾਲ ਕੀਤੀ। ਫਿਰ ਉਸ ਨੇ ‘ਜਦ ਪੈਂਦੀਆਂ ਜਾਗ ਜਮੀਰਾਂ’ ਅਤੇ ‘ਸ਼ਿਕਾਗੋ ਵਿਚ ਕੱਪ ਬੱਲਿਆ’ ਗਾਇਆ।
ਉਹ ਗਾਇਕੀ ਰਾਹੀਂ ਅਜੇ ਖਿਡਾਰੀਆਂ ਦੀ ਬੱਲੇ ਬੱਲੇ ਕਰ ਹੀ ਰਿਹਾ ਸੀ ਕਿ ਨਾਲ ਹੀ ਮੀਂਹ ਨੇ ਬੱਲੇ ਬੱਲੇ ਕਰਾ ਦਿੱਤੀ। ਫਿਰ ਜੀਤਾ ਅਜੇ ਮਾਣਕ ਦਾ ਗੀਤ ‘ਤੇਰੇ ਟਿੱਲੇ ਤੋਂ’ ਸ਼ੁਰੂ ਹੀ ਕਰਨ ਲੱਗਾ ਸੀ ਕਿ ਪ੍ਰਬੰਧਕਾਂ ਨੇ ਉਸ ਨੂੰ ਹਟਾ ਦਿੱਤਾ। ਸ਼ਾਇਦ ਇਸ ਕਰ ਕੇ ਕਿ ਜੇ ਮੀਂਹ ਹੋਰ ਤੇਜ ਹੋ ਗਿਆ ਤਾਂ ਇੰਗਲੈਂਡ ਤੋਂ ਪਹਿਲੀ ਵਾਰ ਸ਼ਿਕਾਗੋ ਆਈ ਦੂਜੀ ਗਾਇਕਾ ਸੋਨਾ ਵਾਲੀਆ ਨੂੰ ਸਮਾਂ ਨਹੀਂ ਮਿਲਣਾ। ਪਰ ਮੇਲੇ ਦੇ ਅਖੀਰ ਵਿਚ ਜੀਤੇ ਨੇ ਟਿੱਲੇ ਤੋਂ ਹੀਰ ਦੀ ਸੂਰਤ ਵਿਖਾਈ।
ਸੋਨਾ ਵਾਲੀਆ ਨੇ ਸਟੇਜ ‘ਤੇ ਆਉਂਦਿਆਂ ਮੌਸਮ ਦਾ ਬਦਲਿਆ ਮਿਜਾਜ ਵੇਖ ਕੇ ਗੀਤ ਛੋਹਿਆ, ‘ਅੱਗ ਪਾਣੀਆਂ ਨੂੰ ਲਾਈ।’ ਫਿਰ ਉਸ ਨੇ ‘ਢੋਲਾ ਵੇ ਢੋਲਾ’ ਅਤੇ ‘ਚਾਰ ਦਿਨਾਂ ਦੀ ਜ਼ਿੰਦਗੀ, ਨਾਲ ਤਾਂ ਕੁਝ ਨਹੀਂ ਜਾਣਾ’ ਗੀਤ ਗਾਏ। ‘ਨੱਚ ਲੈ ਗਾ ਲੈ, ਖੁਸ਼ੀ ਮਨਾ ਲੈ, ਮੇਲੇ ਜਿAੁਂਦਿਆਂ ਦੇ’ ਕਹਿੰਦਿਆਂ ਸੋਨਾ ਨੇ ਅਗਲਾ ਗੀਤ ‘ਮੇਰੇ ਨੱਚਦੀ ਦੇ ਵਾਲ ਖੁੱਲ੍ਹ ਗਏ’ ਪੇਸ਼ ਕੀਤਾ। ਫਿਰ ਉਸ ਨੇ ਸਰੋਤਿਆਂ ਨੂੰ ਆਪਣਾ ਗਵਾਚਾ ਲੌਂਗ ਲੱਭਣ ਲਈ ਕਿਹਾ, ‘ਚੀਰੇ ਵਾਲਿਆ ਵੇਖਦਾ ਆਈਂ ਵੇ, ਮੇਰਾ ਲੌਂਗ ਗਵਾਚਾ, ਨਿਗ੍ਹਾ ਮਾਰਦਾ ਆਈਂ ਵੇ।’ ਨਾਲ ਹੀ ਮਿਕਸ ਕੀਤਾ, ‘ਮਾਹੀ ਵੇ ਮੈਂ ਲੌਂਗ ਗਵਾ ਆਈ ਆਂ।’ ਫਿਰ ਉਸ ਨੇ ‘ਸ਼ੌਕਣ ਮੇਲੇ ਦੀ’, ‘ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ’, ‘ਜੇ ਮੁੰਡਿਆ ਵੇ ਸਾਡੀ ਤੋਰ ਤੂੰ ਵੇਖਣੀ, ਗੜਵਾ ਲੈ ਦੇ ਚਾਂਦੀ ਦਾ’ ਅਤੇ ‘ਮੁੰਡਾ ਕੁੜੀਆਂ ਤੋਂ ਡਰਦਾ ਮਾਰਾ, ਮੋਢੇ ਉਤੇ ਡਾਂਗ ਰੱਖਦਾ’ ਆਦਿ ਕਈ ਗੀਤ ਸਰੋਤਿਆਂ ਦੀ ਨਜ਼ਰ ਕੀਤੇ। ਉਸ ਦੇ ਗੀਤਾਂ ਦੀ ਤਾਲ ‘ਤੇ ਅਮਰੀਕਨ ਮੂਲ ਦੀ ਸ਼ਿਕਾਗੋ ਸਿੱਖ ਸੰਗਤ ਦੀ ਗੋਰੀ ਮੈਂਬਰ ਕੈਂਬਰਿਲ ਵੀ ਖੂਬ ਨੱਚੀ। ਇੰਜ ਲਗਦਾ ਸੀ ਕਿ ਸੋਨਾ ਵਾਲੀਆ ਨੇ ਲੋਕ ਗੀਤਾਂ ਤੇ ਹਿੱਟ ਪੰਜਾਬੀ ਗੀਤਾਂ ਨਾਲ ਹੀ ਮੇਲੀਆਂ ਦਾ ਮਨੋਰੰਜਨ ਕਰਨ ਦਾ ਫੈਸਲਾ ਕੀਤਾ ਹੋਵੇ।
ਸੋਨਾ ਨੇ ਪੱਗਾਂ ਸਜਾ ਕੇ ਮੇਲਾ ਵੇਖਣ ਆਏ ਦਰਸ਼ਕਾਂ ਦਾ ਚਿੱਤ ਖੁਸ਼ ਕਰਨ ਲਈ ਗੀਤ ‘ਸੋਹਣਿਆ ਵੇ ਸੋਹਣੀ ਜਿਹੀ ਪੱਗ ਵਾਲਿਆ ਤੇਰੇ ਨਾਲ ਨੱਚਣਾ’ ਗਾਇਆ। ਉਸ ਨੇ ਹਿੰਦੀ ਗੀਤ ‘ਕਜਰਾ ਮੁਹੱਬਤ ਵਾਲਾ’ ਪਾਇਆ ਅਤੇ ਖਲਲ ਪਾਉਣ ਵਾਲਿਆਂ ਨੂੰ ਚਿਤਾਵਨੀ ਵੀ ਦਿੱਤੀ, ‘ਜਿਹੜਾ ਕਰੂ ਖਰਾਬੀ, ਫੇਰਾਂਗੇ ਗੁਰਗਾਬੀ।’
ਪੂਰੇ ਤਰਾਰੇ ਵਿਚ ਆਈ ਸੋਨਾ ਨੇ ਫਿਰ ‘ਲੋਕਾਂ ਵੇਖਣਾ ਕਬੱਡੀ ਵਾਲਾ ਮੇਲਾ, ਅਸਾਂ ਉਹਦੀ ਟੌਹਰ ਵੇਖਣੀ’, ‘ਰੱਤੀ ਤੇਰੀ ਵੇ ਢੋਲ ਮੇਰਿਆ’, ‘ਚੁੰਨੀ ਰੰਗ ਦੇ ਲਲਾਰੀਆਂ ਮੇਰੀ’, ‘ਸਦਕੇ ਜਾਵਾਂ ਅਣਖ ਤੇਰੀ ਤੋਂ’, ‘ਪਿੰਡਾਂ ਵਾਲੇ ਜੱਟ’, ‘ਜੁੱਤੀ ਕਸੂਰੀ ਪੈਰੀਂ ਨਾ ਪੂਰੀḔ, ‘ਇਕ ਮੇਰੀ ਅੱਖ ਕਾਸ਼ਨੀ’ ਸਣੇ ਇਕ ਪਿਛੋਂ ਇਕ ਕਈ ਗੀਤ ਗਾਏ।
ਇੰਨੇ ਨੂੰ ਜੀਤਾ ਗਿੱਲ ਵੀ ਸਟੇਜ ‘ਤੇ ਆ ਗਿਆ। ਉਸ ਨੇ ਮਾਣਕ ਦਾ ਗੀਤ ‘ਤੇਰੇ ਟਿੱਲੇ ਤੋਂ’ ਗਾਇਆ। ਅਖੀਰ ਵਿਚ ਜੀਤੇ ਤੇ ਸੋਨਾ ਨੇ ਮਿਲ ਕੇ ਬੋਲੀਆਂ ਪਾਈਆਂ। ਉਨ੍ਹਾਂ ਮਝੈਲਾਂ ਨੂੰ ਖੁਸ਼ ਕਰਨ ਲਈ ਬੋਲੀ ਪਾਈ, “ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਛੰਨਾ…ਗਰੀਬ ਜੱਟ ਮਾਝੇ ਦਾ, ਪਰ ਨੌਂ ਨੌਂ ਰੱਖਦਾ ਰੰਨਾਂ।” ਸੋਨਾ ਵਾਲੀਆ ਵਲੋਂ ਬੀਬੀਆਂ ਨੂੰ ਗਿੱਧਾ ਪਾਉਣ ਦਾ ਸੱਦਾ ਦੇਣ ਦੀ ਦੇਰ ਸੀ ਕਿ ਨਿੱਕੀ ਸੇਖੋਂ, ਪਰਮਜੀਤ ਕੌਰ ਸੰਘਾ ਤੇ ਹੋਰ ਬੀਬੀਆਂ ਨੇ ਸੋਨਾ ਵਾਲੀਆ ਨਾਲ ਮਿਲ ਕੇ ਸਟੇਜ ‘ਤੇ ਜਾ ਕੇ ਖੂਬ ਗਿੱਧਾ-ਭੰਗੜਾ ਪਾਇਆ। ਸੋਨਾ ਨੇ ਤਾਂ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਪੰਮਾ ਨੂੰ ਵੀ ਨੱਚਣ ਲਾ ਲਿਆ।
ਹਾਲਾਂਕਿ ਸੰਗੀਤਕਾਰ ਨਰਿੰਦਰ ਬੱਗਾ ਨਾਲ ਬਹੁਤੀ ਰਿਹਰਸਲ ਨਹੀਂ ਹੋਈ ਜਾਪਦੀ ਸੀ ਪਰ ਸੋਨਾ ਵਾਲੀਆ ਨੇ ਸੰਗੀਤ ਦੀ ਥਿੜਕਦੀ ਲੈਅ ਨੂੰ ਸਟੇਜ ‘ਤੇ ਡਾਂਸ ਤੇ ਗਿੱਧੇ-ਭੰਗੜੇ ਰਾਹੀਂ ਕਵਰ ਕਰਦਿਆਂ ਘੱਗਰੇ ਦੀ ਲੌਣ ਵੀ ਗਿੱਲੀ ਕਰ ਲਈ, ‘ਘੱਗਰੇ ਦੀ ਵੇ ਲੌਣ ਭਿੱਜ ਗਈ।’ ਉਸ ਸਟੇਜ ਵੀ ਚੰਗੀ ਸੰਭਾਲ ਲਈ ਤੇ ਦਰਸ਼ਕਾਂ ਦਾ ਮਨੋਰੰਜਨ ਵੀ ਵਾਹਵਾ ਕੀਤਾ।
ਸਾਰਾ ਦਿਨ ਮੇਲੇ ਵਿਚ ਤਾਜਾ ਖਾਣਾ ਵਰਤ ਹੁੰਦਾ ਰਿਹਾ। ਕੇ. ਕੇ. ਪੰਮਾ ਨੇ ਗਰਮਾ-ਗਰਮਾ ਚਾਹ, ਪਕੌੜਿਆਂ, ਜਲੇਬੀਆਂ ਤੋਂ ਇਲਾਵਾ ਨਾਨ-ਛੋਲੇ, ਰਾਜ ਮਾਂਹ, ਚਿਕਨ ਕਰੀ ਆਦਿ ਨਾਲ ਮੇਲੀਆਂ ਦੀ ਖੂਬ ਸੇਵਾ ਕੀਤੀ। ਵਿਸ਼ੇਸ਼ ਮਹਿਮਾਨਾਂ ਲਈ ਸਟੇਜ ਦੇ ਨਾਲ ਖਾਣ ਪੀਣ ਦਾ ਸਪੈਸ਼ਲ ਪ੍ਰਬੰਧ ਸੀ।
ਮੇਲੇ ਦੀ ਸ਼ੁਰੂਆਤ ਸਮੇਂ ਕਲੱਬ ਦੇ ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ 50 ਤੋਂ 60 ਖਿਡਾਰੀ ਇਸ ਮੇਲੇ ਵਿਚ ਹਿੱਸਾ ਲੈ ਰਹੇ ਹਨ। ਅਜੈਬ ਸਿੰਘ ਲੱਖਣ ਨੇ ਕਿਹਾ ਕਿ ਮੇਲੇ ਨੂੰ ਕਾਮਯਾਬ ਕਰਨ ਲਈ ਅਸੀਂ ਸਾਰੇ ਮਿਲ ਕੇ ਹੰਭਲਾ ਮਾਰ ਰਹੇ ਹਾਂ। ਦੀਪਾ ਬੰਦੇਸ਼ਾ ਨੇ ਮੇਲੇ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਦੇ ਨਾਂ ਦੱਸੇ ਤੇ ਮੇਲੇ ਵਿਚ ਟੀਮਾਂ ਭੇਜਣ ਲਈ ਲੱਛਰ ਬ੍ਰਦਰਜ਼, ਬਰੈਟੀ ਗਿੱਲ, ਮਨਮੋਹਨ ਗਰੇਵਾਲ (ਮੋਹਣਾ ਜੋਧਾ), ਤਾਰੀ ਸੰਗਢੇਸੀਆਂ, ਵਿੱਕੀ ਸੰਮੀਪੁਰੀਆ, ਰਾਜਾ ਤੱਲਣ ਤੇ ਸਾਊਥਬੈਂਡ ਟੀਮ ਲਈ ਪਾਲ ਖਲੀਲ ਦਾ ਧੰਨਵਾਦ ਕੀਤਾ। ਮੀਤ ਪ੍ਰਧਾਨ ਜਿੰਦਰ ਸਿੰਘ ਬੈਨੀਪਾਲ ਤੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਚੱਠਾ ਨੇ ਵੀ ਦਰਸ਼ਕਾਂ ਦਾ ਧੰਨਵਾਦ ਕੀਤਾ। ਮੇਲੇ ਦਾ ਅੰਨਦ ਮਾਣਨ ਲਈ ਇੰਡੀਆਨਾ, ਮਿਸ਼ੀਗਨ, ਇਲੀਨਾਏ, ਵਿਸਕਾਨਸਿਨ, ਨਿਊ ਯਾਰਕ, ਕੈਲੀਫੋਰਨੀਆ ਤੋਂ ਵੀ ਲੋਕ ਪੁਜੇ ਹੋਏ ਸਨ।
ਕਲੱਬ ਦੇ ਚੇਅਰਮੈਨ ਅਮਰਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਲੱਬ ਦੇ ਮੌਜੂਦਾ ਤੇ ਪੁਰਾਣੇ ਅਹੁਦੇਦਾਰਾਂ ਨੇ ਮੇਲੇ ਨੂੰ ਕਾਮਯਾਬ ਕਰਨ ਲਈ ਭਰਪੂਰ ਮਿਹਨਤ ਕੀਤੀ।

ਝਲਕੀਆਂ
ਮੇਲੇ ਤੋਂ ਪਹਿਲਾਂ ਕਈ ਦਿਨਾਂ ਤੋਂ ਮੀਂਹ ਪੈਂਦਾ ਆ ਰਿਹਾ ਸੀ। ਮੇਲੇ ਨਾਲ ਸਬੰਧਤ ਹਰ ਕਿਸੇ ਨੂੰ ਫਿਕਰ ਸੀ ਕਿ ਮੀਂਹ ਮੇਲੇ ਦੇ ਕੰਮ ‘ਚ ਘੜੰਮ ਨਾ ਪਾ ਦੇਵੇ। ਮੇਲੇ ਵਾਲੇ ਦਿਨ ਸਵੇਰੇ ਤਾਂ ਬੱਦਲ ਬਹੁਤ ਸੰਘਣੇ ਸਨ ਪਰ ਛੇਤੀ ਹੀ ਟਲ ਗਏ ਤੇ ਧੁੱਪ ਨਿਕਲ ਆਈ। ਪਹਿਲਾਂ ਵੀ ਕਲੱਬ ਦੇ ਇਕ-ਦੋ ਮੇਲਿਆਂ ਵਿਚ ਮੀਂਹ ਨੇ ਇਸੇ ਤਰ੍ਹਾਂ ਕੰਮ ‘ਚ ਘੜੰਮ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਫਿਰ ਟਲ ਗਿਆ। ਇਕ ਦਰਸ਼ਕ ਦੀ ਟਿੱਪਣੀ ਸੀ, ਚਾਚੇ ਬਦੇਸ਼ੇ (ਕਲੱਬ ਦਾ ਸਾਬਕਾ ਪ੍ਰਧਾਨ) ਕੋਲ ਕੀ ਮੰਤਰ ਹੈ ਕਿ ਇੰਦਰ ਦੇਵਤੇ ਨੂੰ ਖੁਸ਼ ਕਰ ਹੀ ਲੈਂਦਾ ਹੈ। ਇਕ ਹੋਰ ਦਰਸ਼ਕ ਦੀ ਟਿੱਪਣੀ ਸੀ, ਚਾਚਾ ਦਬਕਾ ਮਾਰਦਾ Ḕਬੰਨ ਦੇਸਾਂḔ ਨਹੀਂ ਤੇ ਟਲ ਜਾਹ।

ਪ੍ਰਬੰਧਕਾਂ ਨੇ ਸਟੇਜ ਦੇ ਆਲੇ ਦੁਆਲੇ ਸਪਾਸਰਾਂ ਤੇ ਵੀ. ਪੀ. ਆਈ. ਦੇ ਬੈਠਣ ਲਈ ਇਕ ਸਪੈਸ਼ਲ ਜੰਗਲਾ ਲਾਇਆ ਸੀ ਅਤੇ ਮੰਚ ਸੰਚਾਲਕ ਵਾਰ ਵਾਰ ਕਹਿ ਰਿਹਾ ਸੀ ਕਿ ਮੇਲੇ ਸਪਾਂਸਰਾਂ ਤੋਂ ਬਿਨਾ ਨਹੀਂ ਹੁੰਦੇ, ਸਿਰਫ ਸਪਾਂਸਰ ਤੇ ਵੀ. ਆਈ. ਪੀ. ਹੀ ਇਥੇ ਬੈਠਣ। ਸ਼ਾਇਦ ਇਸ ਗੱਲ ਦਾ ਇੰਦਰ ਦੇਵਤਾ ਨੇ ਬੁਰਾ ਮਨਾਇਆ। ਇਕ ਦਮ ਤੇਜ ਮੀਂਹ ਦੀਆਂ ਵਾਛੜਾਂ ਸ਼ੁਰੂ ਹੋ ਗਈਆਂ ਅਤੇ ਵੀ. ਆਈ. ਪੀ. ਦਰਸ਼ਕ ਇਕ ਦਮ ਭੱਜ ਉਠੇ ਤੇ ਉਨ੍ਹਾਂ ਟੈਂਟਾਂ ਵਿਚ ਹੀ ਜਾ ਵੜੇ, ਜਿਥੇ ਆਮ ਦਰਸ਼ਕ ਬੈਠੇ ਸਨ। ਫਿਰ ਆਮ ਤੇ ਖਾਸ ਇਕ ਬਰਾਬਰ ਹੋ ਗਏ

ਮੀਂਹ ਤੋਂ ਬਚਣ ਲਈ ਕਈਆਂ ਨੇ ਕਰਸੀਆਂ ਪੁਠੀਆਂ ਕਰਕੇ ਆਪਣੇ ਸਿਰਾਂ ‘ਤੇ ਰੱਖ ਲਈਆਂ। ਹੋਰ ਤੇ ਹੋਰ ਤਿੰਨ ਚਾਰ ਦਰਸ਼ਕਾਂ ਨੇ ਮੀਂਹ ਤੋਂ ਬਚਣ ਲਈ ਸਟੇਜ ਦੇ ਨੇੜੇ ਲੱਗਾ ਭਾਰਤੀ ਤਿਰੰਗਾਂ ਝੰਡਾ ਹੀ ਆਪਣੇ ਸਿਰਾਂ ‘ਤੇ ਲੈ ਲਿਆ। ਉਨ੍ਹਾਂ ਦੇ ਹੱਥ ਇਹ ਕਿਵੇਂ ਆਇਆ, ਪਤਾ ਨਹੀਂ।

ਕਬੱਡੀ ਕੁਮੈਂਟੇਟਰ ਮੱਖਣ ਅਲੀ ਨੇ ਇਸ ਗੱਲ ਦਾ ਵਾਹਵਾ ਜ਼ਿਕਰ ਕੀਤਾ ਕਿ ਹਰਿਆਣੇ ਵਾਲਾ ਛੋਰਾ ਸਤੀਸ਼ ਕਬੱਡੀ ਪਾਉਂਦਾ ਤੇ ਪੰਜਾਬ ਦਾ ਗੱਭਰੂ ਚੰਨਾ ਜੱਫੇ ਲਾਉਂਦਾ ਹੈ। ਆਮ ਕੁਮੈਂਟੇਟਰਾਂ ਵਾਂਗ ਮੱਖਣ ਅਲੀ ਨੇ ਵੀ ਕੁਝ ‘ਖਾਸ ਸ਼ਖਸੀਅਤਾਂ’ ਦਾ ਨਾਂ ਜਪਣ ਵਿਚ ਕੋਈ ਕਸਰ ਨਾ ਛੱਡੀ।

ਕੁੜੀਆਂ ਦੀ ਕਬੱਡੀ ਦੀਆਂ ਟੀਮਾਂ ਨਾਲ ਜਾਣ-ਪਛਾਣ ਵੇਲੇ ਮੁਖ ਮਹਿਮਾਨ ਨਾਲ ਪ੍ਰਬੰਧਕ, ਸਪਾਂਸਰ, ਮੈਚ ਖਿਡਾਉਣ ਵਾਲੇ ਅਤੇ ਹੋਰ ਕਈ ਵਾਲੰਟੀਅਰਾਂ ਸਮੇਤ ਕੋਈ 6 ਦਰਜਨ ਲੋਕਾਂ ਨੇ ਕੁੜੀਆਂ ਨਾਲ ਹੱਥ ਮਿਲਾਏ। ਮੈਕਸੀਕੋ ਦੀ ਕਬੱਡੀ ਟੀਮ ਨੇ ਮੁੱਖ ਮਹਿਮਾਨ ਨਾਲ ਜਾਣ-ਪਛਾਣ ਵੇਲੇ ਮੈਕਸੀਕੋ ਦਾ ਝੰਡਾ ਫੜ੍ਹੀ ਰਖਿਆ।