ਬਾਣੀ, ਬੇਅਦਬੀ ਅਤੇ ਸਿਆਸਤ

ਪਿਛਲੇ ਕੁਝ ਸਮੇਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਉਸ ਤੋਂ ਉਪਜੀ ਸਿੱਖ ਮਾਨਸਿਕਤਾ ਵਿਚਲੀ ਬੇਚੈਨੀ ਸਿੱਖ ਮਨਾਂ ਅੰਦਰ ਭਾਰੂ ਹੈ। ਇਨ੍ਹਾਂ ਹਾਲਾਤ ਵਿਚ ਅਕਾਲੀ ਦਲ (ਬਾਦਲ) ਵਲੋਂ ਕੀਤੀ ਜਾ ਰਹੀ ਸਿਆਸਤ ਨੇ ਹਾਲਾਤ ਨੂੰ ਹੋਰ ਵੀ ਪੇਚੀਦਾ ਬਣਾ ਦਿੱਤਾ ਹੈ। ਅਕਾਲੀਅਤ ਵਿਚ ਸਿਆਸਤ ਭਾਰੂ ਹੋ ਰਹੀ ਹੈ ਅਤੇ ਪੰਥਕਤਾ ਘਟਦੀ ਜਾ ਰਹੀ ਹੈ।

ਮੌਜੂਦਾ ਹਾਲਾਤ ਇਹ ਹਨ ਕਿ ਬਾਦਲ ਅਕਾਲੀ ਦਲ ਸੰਕਟ ਵਿਚ ਹੋਰ ਧਸਦਾ ਜਾ ਰਿਹਾ ਹੈ। ਆਪਣੇ ਇਸ ਲੇਖ ਵਿਚ ਸਿੱਖ ਬੁੱਧੀਜੀਵੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਡਾ. ਬਲਕਾਰ ਸਿੰਘ ਨੇ ਹਾਲਾਤ ਦੀ ਪੁਣਛਾਣ ਕੀਤੀ ਹੈ। ਇਸ ਲੇਖ ਦੇ ਪ੍ਰਤੀਕਰਮ ਵਿਚ ਆਏ ਵਿਚਾਰਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ

ਬਲਕਾਰ ਸਿੰਘ ਪ੍ਰੋਫੈਸਰ
ਸਿੱਖ ਸਿਆਸਤ ਦੇ ਪੈਰੋਂ ਸਿੱਖ ਸਮੱਸਿਆਵਾਂ ਪੈਦਾ ਹੋਣ ਦਾ ਸਿਲਸਿਲਾ ਕੋਈ ਨਵਾਂ ਨਹੀਂ ਹੈ, ਪਰ ਜਿਹੋ ਜਿਹੀ ਸਮੱਸਿਆ ਬਾਣੀ ਦੀ ਬੇਅਦਬੀ ਨੂੰ ਲੈ ਕੇ ਇਸ ਵੇਲੇ ਸਾਹਮਣੇ ਆ ਗਈ ਹੈ, ਇਹ ਆਪਣੇ ਵਰਗੀ ਆਪ ਹੈ। ਜਿਸ ਅਕਾਲੀ ਵਿਰੋਧ ਨੂੰ ਅਕਾਲੀ ਸਰਕਾਰ ਵੇਲੇ ਵੀ ਹੁੰਗਾਰਾ ਮਿਲ ਰਿਹਾ ਸੀ, ਉਹੀ ਜਸਟਿਸ ਰਣਜੀਤ ਸਿੰਘ ਰਿਪੋਰਟ ਦੇ ਹਵਾਲੇ ਨਾਲ ਅਕਾਲੀਆਂ ਲਈ ਧਰਮ-ਸੰਕਟ ਅਤੇ ਸਿਆਸੀ-ਸੰਕਟ ਵਜੋਂ ਗੰਭੀਰ ਹੁੰਦਾ ਜਾ ਰਿਹਾ ਹੈ।
ਸਮੱਸਿਆ ਉਦੋਂ ਪੈਦਾ ਹੁੰਦੀ ਹੈ, ਜਦੋਂ ਅੱਗ ਨੂੰ ਅੱਗ ਨਾਲ ਬੁਝਾਉਣ ਦੀ ਕੋਸ਼ਿਸ਼ ਹੁੰਦੀ ਹੈ। ਸਿਆਸਤ ਨੂੰ ਸਿਆਸਤ ਰਾਹੀਂ ਇਸ ਕਰਕੇ ਨਹੀਂ ਸਮਝਿਆ ਤੇ ਸੁਲਝਾਇਆ ਜਾ ਸਕਦਾ ਕਿਉਂਕਿ ਸਿਆਸੀ ਬਦਲ ਦੀ ਸੰਭਾਵਨਾ ਵਕਤੀ ਤਸੱਲੀ ਤਾਂ ਦਿੰਦੀ ਹੈ, ਪਰ ਪੱਕਾ ਹੱਲ ਪੈਦਾ ਨਹੀਂ ਕਰਦੀ। ਸਿੱਖ ਪ੍ਰਸੰਗ ਵਿਚ ਵਿਸ਼ਵਾਸ, ਜਜ਼ਬਾਤ, ਸੰਵੇਦਨਾ ਅਤੇ ਸਲੀਕੇ ਦਾ ਜੋ ਹਾਲ ਸਿੱਖ ਸਿਆਸਤਦਾਨ ਕਰਦੇ ਆ ਰਹੇ ਹਨ, ਉਸ ਦਾ ਸੰਕੇਤਕ ਪ੍ਰਗਟਾਵਾ Ḕਸਾਨ੍ਹਾਂ ਦਾ ਭੇੜ ਤੇ ਬੂਟਿਆਂ ਦਾ ਖੌਅḔ ਵਾਲੇ ਮੁਹਾਵਰੇ ਰਾਹੀਂ ਪ੍ਰਗਟਾਇਆ ਜਾ ਸਕਦਾ ਹੈ।
ਧਰਮ ਨੂੰ ਸਿਆਸਤ ਵਾਸਤੇ ਵਰਤਣ ਵਾਲਿਆਂ ਦੇ ਪੈਰੋਂ ਜੋ ਕੁਝ ਹੁੰਦਾ ਰਿਹਾ ਹੈ, ਉਸੇ ਦੀ ਨਿਰੰਤਰਤਾ ਵਿਚ ਬੇਅਦਬੀ ਕਾਂਡ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੀ ਜੜ੍ਹ ਵਿਚ ਡੇਰਾ ਸਿਰਸਾ ਦੇ ਮੁਖੀ ਨੂੰ ਪਹਿਲਾਂ ਅਕਾਲ ਤਖਤ ਤੋਂ ਛੇਕਿਆ ਜਾਣਾ ਅਤੇ ਫਿਰ ਅਕਾਲ ਤਖਤ ਤੋਂ ਮਾਫ ਕਰ ਦੇਣ ਨਾਲ ਵਿਚਲਿਤ ਹੋਈ ਸਿੱਖ ਮਾਨਸਿਕਤਾ ਸੀ ਤੇ ਹੈ। ਇਸ ਦਾ ਪ੍ਰਗਟਾਵਾ ਵੱਖ ਵੱਖ ਢੰਗਾਂ ਨਾਲ ਲਗਾਤਾਰ ਹੋ ਰਿਹਾ ਸੀ ਅਤੇ ਜੂਨ 2015 ਦੇ ਸ਼ੁਰੂ ਵਿਚ ਹੀ ਲੋਕ ਅਕਾਲੀ ਸਰਕਾਰ ਵਿਰੁਧ ਸੜਕਾਂ ‘ਤੇ ਉਤਰ ਆਏ ਸਨ। ਅਕਾਲੀਆਂ ਤੋਂ ਬਿਨਾ ਪੰਜਾਬ ਵਿਚਲੀ ਸਿਆਸਤ ਦੇ ਸਾਰੇ ਰੰਗ ਇਸ ਵਿਚ ਸ਼ਾਮਲ ਸਨ ਅਤੇ ਇਹ ਬੜੀ ਦੇਰ ਪਿਛੋਂ ਪਹਿਲੀ ਵਾਰ ਵਾਂਗ ਵਾਪਰ ਰਿਹਾ ਸੀ।
ਸਿੱਖਾਂ ਵੱਲੋਂ ਸਿੱਖਾਂ ਵਾਸਤੇ ਇਹ ਅਜਿਹੀ ਲਹਿਰ ਸੀ, ਜੋ ਕਿਸੇ ਇਕ ਸਿਆਸਤਦਾਨ ਦੇ ਹੱਥ ਵਿਚ ਨਹੀਂ ਰਹੀ ਸੀ। ਇਹੋ ਜਿਹੇ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰੇ ਵਿਚਲੇ ਸੰਗਤੀ ਇਕੱਠਾਂ ‘ਤੇ ਪੁਲਿਸ ਵਧੀਕੀ ਕਰਕੇ ਅਕਾਲੀ ਸਰਕਾਰ ਨੇ ਅਕਾਲੀਅਤ ਤੋਂ ਮਹਿਰੂਮ ਸਰਕਾਰੀ ਸ਼ੈਲੀ ਵਾਲੀਆਂ ਵਧੀਕੀਆਂ ਦਾ ਪ੍ਰਗਟਾਵਾ ਕਰ ਦਿੱਤਾ ਸੀ ਅਤੇ ਇਸੇ ਦਾ ਹਿੱਸਾ 14 ਜੂਨ 2015 ਨੂੰ ਨਿਹੱਥਿਆਂ ‘ਤੇ ਗੋਲੀ ਚਲਾਉਣ ਵਾਲੀ ਘਟਨਾ ਸੀ। ਇਸ ਨਾਲ ਬਰਗਾੜੀ ਵਿਚ ਦੋ ਸਿੱਖ ਗੋਲੀ ਦਾ ਸ਼ਿਕਾਰ ਹੋ ਗਏ ਸਨ ਅਤੇ ਕੋਟਕਪੂਰੇ ਵਿਚ ਇਕ ਸਿੱਖ ਗੋਲੀ ਨਾਲ ਜ਼ਖਮੀ ਹੋ ਗਿਆ ਸੀ। ਇਸ ਦਾ ਪ੍ਰਭਾਵ ਆਮ ਸਿੱਖਾਂ ਵਿਚ ਇਸ ਤਰ੍ਹਾਂ ਗਿਆ ਸੀ ਜਿਵੇਂ ਸਰਕਾਰ ਨੇ ਸਿੱਖਾਂ ਨਾਲ ਬੇਨਿਆਂਈ ਵਧੀਕੀ ਕੀਤੀ ਹੈ।
ਤਤਕਾਲੀ ਸਰਕਾਰ ਨੇ ਇਸ ਵਿਚੋਂ ਨਿਕਲਣ ਦੀਆਂ ਜਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ, ਉਸ ਨਾਲ ਸਮੱਸਿਆ ਸੁਲਝਣ ਦੀ ਥਾਂ ਉਲਝਦੀ ਹੀ ਗਈ। ਬਾਣੀ ਦੀ ਬੇਅਦਬੀ ਨੂੰ ਲੈ ਕੇ ਬਣਾਏ ਪਹਿਲਾਂ ਜਸਟਿਸ ਜੋਰਾ ਸਿੰਘ ਕਮਿਸ਼ਨ ਤੇ ਫਿਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਿਚਲਾ ਫਰਕ ਇਹ ਹੈ ਕਿ ਪਹਿਲਾ ਕਮਿਸ਼ਨ ਮਾਮਲੇ ਨੂੰ ਠੰਡੇ ਬਸਤੇ ਵਿਚ ਪਾਉਣ ਵਾਲੇ ਰਾਹੇ ਪਾ ਦਿੱਤਾ ਗਿਆ ਸੀ ਕਿਉਂਕਿ ਉਸ ਦੀਆਂ ਪੜਤਾਲੀਆ ਸ਼ਰਤਾਂ ਵਿਚ ਗੋਲੀ ਚਲਾਉਣ ਵਾਲਿਆਂ ਦੀ ਨਿਸ਼ਾਨਦੇਹੀ ਸ਼ਾਮਲ ਹੀ ਨਹੀਂ ਸੀ। ਇਸੇ ਕਰਕੇ ਦੂਜੇ ਰਣਜੀਤ ਸਿੰਘ ਕਮਿਸ਼ਨ ਨੂੰ ਮਾਮਲਾ ਸਮਝਣ ਤੇ ਸੁਲਝਾਉਣ ਦਾ ਮੌਕਾ ਦਿੱਤਾ ਗਿਆ।
ਰਿਪੋਰਟ ਨੂੰ ਲੈ ਕੇ ਜਿਹੋ ਜਿਹੀ ਸਿਆਸੀ ਵਿਆਕਰਣ ਪੈਦਾ ਹੋ ਗਈ ਹੈ, ਉਸ ਨਾਲ ਇਹ ਮਸਲਾ ਸਿੱਖ ਮਸਲੇ ਵਾਂਗ ਸਾਰੇ ਪੰਜਾਬ ਦਾ ਮਸਲਾ ਹੋ ਗਿਆ ਹੈ। ਇਸ ਦਾ ਪ੍ਰਗਟਾਵਾ 28 ਅਗਸਤ ਨੂੰ ਪੰਜਾਬ ਵਿਧਾਨ ਸਭਾ ਵਿਚ ਜਿਸ ਤਰ੍ਹਾਂ ਹੋਇਆ, ਉਸ ਨਾਲ ਇਹ ਸਥਾਪਤ ਹੋ ਗਿਆ ਹੈ ਕਿ ਇਕ ਸਿਆਸੀ ਪਾਰਟੀ ਨਾਲ ਜੁੜੇ ਵਿਅਕਤੀਆਂ ਦੀ ਖਤਾਨੁਮਾ ਹਉਮੈ ਕਰਕੇ ਤਤਕਾਲੀ ਸਰਕਾਰ ਅਤੇ ਉਸ ਦੀ ਅਫਸਰਸ਼ਾਹੀ ਸਮੱਸਿਆ ਦੀ ਜੜ੍ਹ ਤੱਕ ਜਾਣ ਦੀ ਥਾਂ ਸਮੱਸਿਆਂ ‘ਤੇ ਮਿੱਟੀ ਪਾਉਣ ਵਿਚ ਲੱਗੀ ਰਹੀ ਸੀ। ਸਿਆਸਤ ਵਿਚ ਖਤਾਨੁਮਾ ਹਉਮੈ ਬਾਰੇ ਅੰਗਰੇਜ਼ ਹਕੂਮਤ ਦੇ ਹਵਾਲੇ ਨਾਲ ਕਾਵਿਕ ਸੰਕੇਤ ਇਸ ਤਰ੍ਹਾਂ ਮਿਲਦਾ ਹੈ ਕਿ ਬਾਂਦਰ ਇਹ ਸਮਝੀ ਬੈਠਾ ਹੈ ਕਿ ਦਰਖਤ ਦੀ ਜਿਸ ਟੀਸੀ ‘ਤੇ ਉਹ ਬੈਠਾ ਹੈ, ਉਥੇ ਉਸ ਦਾ ਕੋਈ ਕੀ ਵਿਗਾੜ ਸਕਦਾ ਹੈ; ਕਿਉਂਕਿ ਬਾਂਦਰ ਇਸ ਸੱਚ ਤੋਂ ਅਣਜਾਣ ਹੈ:
ਨ ਜਾਣੇ ਕੋਈ ਰਿੱਛ ਬਰਫਾਨੀ
ਇਸ ਦੇ ਉਤੇ ਚੜ੍ਹ ਸਕਦੈ।
ਜਾਂ ਕੋਈ ਚਿੱਟਾ ਬਾਜ ਉਡਾਰੂ
ਇਸ ਦੀ ਗਿੱਚੀ ਫੜ੍ਹ ਸਕਦੈ।
ਲੋਕਤੰਤਰ ਵਿਚ ਤਾਨਾਸ਼ਾਹੀ ਦਾ ਹਾਲ ਇਹੋ ਜਿਹਾ ਹੋਣਾ ਹੀ ਹੁੰਦਾ ਹੈ। ਇਸ ਵਿਚ ਵਾਧਾ ਇਹ ਹੋ ਗਿਆ ਸੀ ਕਿ ਰਾਜ ਕਰਦੇ ਸਿੱਖ ਸਿਆਸਤਦਾਨ ਨੂੰ ਇਹ ਚੇਤਾ ਨਹੀਂ ਸੀ ਰਿਹਾ ਕਿ ਵਿਅਕਤੀਵਾਦੀ ਚੜ੍ਹਤ, ਸੰਗਤੀ ਪ੍ਰਗਟਾਵਿਆਂ ਦਾ ਬਦਲ ਨਹੀਂ ਹੋ ਸਕਦੀ। ਵਿਅਕਤੀਆਂ ਦੀ ਸਿੱਖ ਪ੍ਰਸੰਗ ਵਿਚ ਸਿਆਸੀ ਚੌਧਰ ਦਾ ਅਰੰਭ ਮਾਸਟਰ ਤਾਰਾ ਸਿੰਘ ਤੋਂ ਪਿੱਛੋਂ ਸ਼ੁਰੂ ਹੋਇਆ ਸੀ ਕਿਉਂਕਿ ਮਾਸਟਰ ਜੀ ਵਾਹਦ ਸਿੱਖ ਲੀਡਰ ਹੋਣ ਦੇ ਬਾਵਜੂਦ ਅੱਜ ਦੇ ਅਕਾਲੀਆਂ ਵਰਗੇ ਨਹੀਂ ਸਨ। ਕੱਲ ਦੀ ਇਹ ਗੱਲ ਇਸ ਵੇਲੇ ਆਪਣੇ ਸਿਖਰ ‘ਤੇ ਪਹੁੰਚ ਚੁਕੀ ਹੈ। ਇਸ ਉਲਾਰ ਵਿਚ ਸਾਲਾਂ ਦੀ ਕਾਰਗੁਜ਼ਾਰੀ ਨੂੰ ਦਹਾਕਿਆਂ ਦੀ ਕਾਰਗੁਜ਼ਾਰੀ ਕਿਹਾ ਜਾਣ ਲੱਗ ਪਿਆ ਹੈ।
ਸੱਤਾ ਵਿਚ ਬਣੇ ਰਹਿਣ ਦੀ ਸਿਆਸੀ ਲਾਲਸਾ ਜਦੋਂ ਸਾਰੇ ਹੱਦ ਬੰਨੇ ਟੱਪਦੀ ਜਾ ਰਹੀ ਹੋਵੇ ਤਾਂ ਨਤੀਜੇ ਇਹੋ ਜਿਹੇ ਹੀ ਨਿਕਲਦੇ ਹਨ, ਜਿਨ੍ਹਾਂ ਬਾਰੇ ਗੱਲ ਕੀਤੀ ਜਾ ਰਹੀ ਹੈ। ਅੱਤ ਦਾ ਤਾਂ ਅਕਲ ਨਾਲ ਵੈਰ ਵੀ ਹੁੰਦਾ ਹੈ ਅਤੇ ਅਜਿਹੀ ਸਥਿਤੀ ਬਹੁਰੰਗਾਂ ਨੂੰ ਇਕ ਰੰਗ ਸਮਝ ਲੈਣ ਦੇ ਭਰਮ ਵਿਚੋਂ ਪੈਦਾ ਹੁੰਦੀ ਰਹੀ ਹੈ। ਸਿਆਸਤ ਦੀ ਬਾਦਲੀ-ਸ਼ੈਲੀ ਦਾ ਰਾਹ ਅੰਦਰੋਂ ਹੀ ਰੁਕ ਜਾਣ ਨਾਲ ਜੋ ਸਿਆਸੀ ਸਮੱਸਿਆਵਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਸਨ, ਉਨ੍ਹਾਂ ਵਿਚੋਂ ਇਕ ਬਰਗਾੜੀ ਕਾਂਡ ਹੈ।
ਬਾਦਲੀ-ਸ਼ੈਲੀ ਵਾਲੀ ਸਿਆਸਤ ਦਾ ਅਰੰਭ ਮੋਗਾ ਕਾਨਫਰੰਸ ਵਿਚ ਅਕਾਲੀਅਤ ਨੂੰ ਪੰਜਾਬੀਅਤ ਵਿਚ ਤਬਦੀਲ ਕਰ ਲੈਣ ਨਾਲ ਹੋਇਆ ਸੀ। ਇਸ ਨਾਲ ਅਕਾਲੀਅਤ ਅਤੇ ਪੰਜਾਬੀਅਤ ਸਿੱਖ ਸੁਰ ਵਿਚ ਇਕੱਠੀ ਤੁਰਦੀ ਤੁਰਦੀ ਸਿਆਸੀ ਸੁਰ ਵਿਚ ਵੱਖ ਵੱਖ ਤੁਰਨੀ ਸ਼ੁਰੂ ਹੋ ਗਈ ਸੀ। ਚੰਗੇ ਭਲੇ ਅਕਾਲੀ ਵੀ ਇਸ ਵਹਿਣ ਵਿਚ ਵਹਿਣ ਲੱਗ ਪਏ ਸਨ ਕਿਉਂਕਿ ਪੰਜਾਬ ਉਤੇ ਬਾਦਲੀ-ਸ਼ੈਲੀ ਵਿਚ ਪੱਕੇ ਤੌਰ ‘ਤੇ ਰਾਜ ਕਰ ਸਕਣਾ ਸੌਖਾ ਲੱਗਣ ਲੱਗ ਪਿਆ ਸੀ। ਇਸ ਨਾਲ ਪ੍ਰਾਪਤ ਹੋਣ ਵਾਲੀਆਂ ਵਕਤੀ ਸਿਆਸੀ ਪ੍ਰਾਪਤੀਆਂ ਨੂੰ ਪੰਥਕ ਪ੍ਰਾਪਤੀਆਂ ਕਹਿਣ ਦੀ ਇਸ ਕਰਕੇ ਵਧੀਕੀ ਹੁੰਦੀ ਰਹੀ ਸੀ ਕਿਉਂਕਿ ਇਸ ਸ਼ੈਲੀ ਵਿਚ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਬਿਨਾ ਪੁੱਛਿਆਂ ਸ਼ਾਮਲ ਮੰਨ ਲਿਆ ਗਿਆ ਸੀ। ਕਿਸੇ ਨੇ ਨਹੀਂ ਸੋਚਿਆ ਕਿ ਜਥੇਦਾਰੀ ਦਾ ਅਹੁਦਾ ਅਕਾਲ ਤਖਤ ਸਾਹਿਬ ਕਿਵੇਂ ਹੋਇਆ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸ਼੍ਰੋਮਣੀ ਕਮੇਟੀ ਕਿਵੇਂ ਹੋਇਆ? ਇਸ ਦੇ ਲੇਖੇ-ਜੋਖੇ ਵੱਲ ਅਜੇ ਸਿੱਖ ਭਾਈਚਾਰੇ ਨੇ ਤੁਰਨਾ ਹੈ। ਇਸ ਪਾਸੇ ਤੁਰਾਂਗੇ ਤਾਂ ਅਕਾਲੀ ਸਿਆਸਤ ਦੇ ਉਦਾਸ ਪਹਿਲੂ ਆਪਣੇ ਆਪ ਸਾਹਮਣੇ ਆਉਂਦੇ ਜਾਣਗੇ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਅਕਾਲੀ ਸਿਆਸਤ ਦਾ ਜੋ ਏਜੰਡਾ ਅਕਾਲੀ ਪੁਰਖਿਆਂ ਨੇ ਚਿਤਵਿਆ ਸੀ, ਉਹ ਸਿੱਖ ਬਹੁਗਿਣਤੀ ਵਾਲੇ ਖਿੱਤੇ ਵਿਚ ਹੀ ਲਾਗੂ ਹੋ ਸਕਦਾ ਸੀ। ਇਸੇ ਨੂੰ ਪਹਿਲਾਂ ਸਿੱਖ ਸਟੇਟ ਤੇ ਫਿਰ ਖਾਲਿਸਤਾਨ ਦਾ ਨਾਂ ਦਿੱਤਾ ਜਾਂਦਾ ਰਿਹਾ ਸੀ ਅਤੇ ਇਹੀ ਹੁਣ ਪੰਜਾਬੀ ਸੂਬੇ ਦੇ ਰੂਪ ਵਿਚ 1966 ਵਿਚ ਲੰਬੇ ਸੰਘਰਸ਼ ਦੀ ਕੁਖੋਂ ਭਾਰਤੀ ਵਿਧਾਨ ਤਹਿਤ ਪੈਦਾ ਹੋ ਗਿਆ ਸੀ। ਇਸ ਵੇਲੇ ਤੱਕ ਇਹ ਤੈਅ ਹੋ ਗਿਆ ਸੀ ਕਿ ਸਿੱਖ ਬਹੁਗਿਣਤੀ ਨੂੰ ਸ਼੍ਰੋਮਣੀ ਕਮੇਟੀ ਰਾਹੀਂ ਹੀ ਨਾਲ ਰੱਖਿਆ ਜਾ ਸਕਦਾ ਹੈ। ਇਸ ਵਾਸਤੇ ਪਹਿਲਾ ਸਫਲ ਮਾਡਲ ਸੰਤ ਫਤਿਹ ਸਿੰਘ ਅਤੇ ਸੰਤ ਚੰਨਣ ਸਿੰਘ (ਸੰਤ ਭਰਾ) ਸਨ। ਇਹੀ ਕਿਸੇ ਨਾ ਕਿਸੇ ਰੂਪ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਰਾਹੀਂ ਨਿਭਦਾ ਰਿਹਾ ਸੀ।
ਮੌਜੂਦਾ ਦੁਖਾਂਤ ਦੀ ਸ਼ੁਰੂਆਤ ਇਥੋਂ ਹੋਈ ਕਿ ਬਾਦਲ, ਆਪ ਟੌਹੜੇ ਦਾ ਪੰਥਕ ਬਦਲ ਬਣ ਨਹੀਂ ਸਕਿਆ ਅਤੇ ਬਾਦਲੀ-ਸ਼ੈਲੀ ਵਿਚ ਹੋਰ ਕੋਈ ਬਣ ਨਹੀਂ ਸਕਦਾ ਸੀ। ਅਕਾਲੀ ਦਲ ਦੇ ਹੱਥੋਂ ਪੰਥਕਤਾ ਦੇ ਖਿਸਕਣ ਦੀ ਜੋ ਸ਼ੁਰੂਆਤ ਪਹਿਲਾਂ ਜਥੇਦਾਰ ਟੌਹੜਾ ਨੂੰ ਜਿਉਂਦੇ ਜੀਅ ਹਾਸ਼ੀਏ ‘ਤੇ ਧੱਕਣ ਨਾਲ ਹੋਈ ਸੀ, ਉਹ ਉਸ ਦੇ ਅਕਾਲ ਚਲਾਣੇ ਨਾਲ ਜੱਗ ਜਾਹਰ ਹੋ ਗਈ। ਬੇਸ਼ੱਕ ਬਾਦਲ-ਟੌਹੜਾ ਜੋੜੀ ਕੋਲ ਸੰਤ ਭਰਾਵਾਂ ਵਾਲੀ ਇਕਜੁੱਟਤਾ ਨਹੀਂ ਸੀ ਕਿਉਂਕਿ ਦੋਵੇਂ ਆਪਣੇ ਆਪ ਵਿਚ ਸਿਆਸਤ ਅਤੇ ਪੰਥਕਤਾ ਦੀਆਂ ਇਕਹਿਰੀਆਂ ਪਰਤਾਂ ਨਾਲ ਸੰਤੁਸ਼ਟ ਹੋਣ ਦੀ ਹੋਣੀ ਹੰਢਾ ਰਹੇ ਸਨ। ਜਿਵੇਂ ਜਥੇਦਾਰ ਟੌਹੜਾ ਦੀ ਗੈਰਹਾਜ਼ਰੀ ਵਿਚ ਸਿੱਖ ਸਿਆਸਤ ਵਿਚੋਂ ਪੰਥਕਤਾ ਕਿਰ ਗਈ ਸੀ, ਉਵੇਂ ਹੀ ਸੁਖਬੀਰ-ਸ਼ੈਲੀ ਨਾਲ ਬਾਦਲੀ-ਸ਼ੈਲੀ ਵਾਲੀ ਸਿਆਸਤ ਕਮਜ਼ੋਰ ਹੋਣੀ ਸ਼ੁਰੂ ਹੋ ਗਈ।
ਪੰਥਕ ਪ੍ਰਸੰਗ ਵਿਚ ਟੌਹੜਾ ਵਾਲੀ ਚੇਤਨਾ ਤੇ ਵਚਨਬੱਧ ਆਸਥਾ, ਬਾਦਲੀ-ਸ਼ੈਲੀ ਵਿਚੋਂ ਗੁੰਮ ਰਹਿੰਦੀ ਸੀ ਅਤੇ ਲੋੜ ਪੈਣ ‘ਤੇ ਸਿਆਸੀ ਵਰਤੋਂ ਵਾਸਤੇ ਸਿਆਸੀ ਵਿਧੀ ਪੈਦਾ ਕਰ ਲਈ ਜਾਂਦੀ ਸੀ। ਉਹ ਵੀ ਹੌਲੀ ਹੌਲੀ ਕਿਰਦੀ ਗਈ। ਟੌਹੜਾ ਜਿਸ ਤਰ੍ਹਾਂ ਜਿਉਂਦੇ ਜੀਅ ਬਾਦਲੀ ਸਿਆਸਤ ਦੀ ਪੰਥਕ ਢਾਲ ਬਣਿਆ ਰਿਹਾ ਸੀ, ਉਸ ਨਾਲ ਬਾਦਲ ਨੂੰ ਕਦੇ ਪੰਥਕ ਹੋਣ ਦੀ ਲੋੜ ਹੀ ਨਹੀਂ ਸੀ ਪਈ। ਇਸੇ ਕਰਕੇ ਅਕਾਲੀ ਸਿਆਸਤ ਵਿਚ ਪੈਦਾ ਹੋ ਗਏ ਪੰਥਕ ਖਲਾਅ ਵਿਚ ਬਰਗਾੜੀ ਦਾ ਗੋਲੀ ਕਾਂਡ ਪੰਥਕ ਨਾਸੂਰ ਵਾਂਗ ਟਿਕ ਗਿਆ ਅਤੇ ਇਸੇ ਦੀ ਚੀਸ ਦੇ ਰੂਬਰੂ ਬਾਦਲਕਿਆਂ ਨੂੰ ਇਸ ਵੇਲੇ ਹੋਣਾ ਪੈ ਗਿਆ ਹੈ। ਸਿਆਸਤ ਵਿਚ ਵੱਢਣਾ ਤਾਂ ਉਹ ਵੀ ਪੈਂਦਾ ਹੈ ਜੋ ਬਿਨਾ ਬੀਜੇ ਉਗ ਪੈਂਦਾ ਹੈ। ਅਕਾਲੀ ਤਾਂ ਬੀਜਿਆ ਹੀ ਵੱਢ ਰਹੇ ਹਨ। ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤਾਂ ਮਹਿਜ ਇਕ ਬਹਾਨਾ ਹੈ।
ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਕਾਂਗਰਸ ਦਾ ਮੁੱਖ ਮੰਤਰੀ ਹੈ, ਪਰ ਇਥੇ ਤੱਕ ਉਹ ਬਾਦਲ ਦੇ ਬਦਲ ਵਜੋਂ ਪਹੁੰਚਿਆ ਕਹਿ ਸਕਦੇ ਹਾਂ। ਸਿੱਖ ਭਾਈਚਾਰੇ ਵਿਚ ਵਰਤਮਾਨ ਮੁੱਖ ਮੰਤਰੀ ਦੀ ਸਿਆਸੀ ਸਾਖ ਨਾਲ ਕਿਸੇ ਨਾ ਕਿਸੇ ਰੂਪ ਵਿਚ ਸਿੱਖਾਂ ਦਾ ਜਨਮ ਤੋਂ ਆਖਰੀ ਮਹਾਰਾਜਾ ਹੋਣਾ ਵੀ ਸ਼ਾਮਲ ਹੈ। ਕਾਂਗਰਸ ਨਾਲੋਂ ਵੱਧ ਉਹ ਸਿੱਖ ਸਿਆਸਤ ਨਾਲ ਜੁੜਿਆ ਰਿਹਾ ਹੈ। ਇਸੇ ਕਰਕੇ ਉਹ ਟਕਸਾਲੀ ਅਕਾਲੀਆਂ ਵਾਂਗ ਹੀ ਬਾਦਲਕਿਆਂ ਦਾ ਭੇਤੀ ਹੈ। ਇਸੇ ਕਰਕੇ ਉਸ ਵੱਲੋਂ ਵਿਧਾਨ ਸਭਾ ਵਿਚ ਬਾਦਲ ਬਾਰੇ ਕੀਤੀਆਂ ਟਿੱਪਣੀਆਂ ਦਾ ਬਹੁਤ ਅਸਰ ਹੋਇਆ ਹੈ ਅਤੇ ਇਹ ਪ੍ਰਭਾਵ ਆਮ ਸਿੱਖ ਦੀ ਮਾਨਸਿਕਤਾ ਵਿਚ ਟਿਕ ਗਿਆ ਲੱਗਣ ਲੱਗ ਪਿਆ ਹੈ ਕਿ ਬਾਦਲਕਿਆਂ ਦੀ ਸਿਆਸਤ ਉਹ ਨਹੀਂ ਸੀ ਜੋ ਲੱਗਦੀ ਰਹੀ ਸੀ। ਇਸ ਦਾ ਪ੍ਰਗਟਾਵਾ ਵੀ ਹੋਣ ਲੱਗ ਪਿਆ ਹੈ ਅਤੇ ਇਹੀ ਪੰਜਾਬ ਦੀ ਸਿਆਸਤ ਦਾ ਹਿੱਸਾ ਹੁੰਦਾ ਜਾ ਰਿਹਾ ਹੈ।
ਸਿੱਖ ਮਾਨਸਿਕਤਾ ਨੂੰ ਸਿਰਸਾ ਪ੍ਰੇਮੀਆਂ ਦਾ ਇਹ ਫਿਕਰਾ ਕਿ Ḕਤੁਹਾਡਾ ਗੁਰੂ ਚੋਰੀ ਹੋ ਗਿਆ ਹੈ, ਲੱਭ ਸਕਦੇ ਹੋ ਤਾਂ ਲੱਭ ਲਵੋḔ ਲਗਾਤਾਰ ਵਿਚਲਿਤ ਕਰਦਾ ਆ ਰਿਹਾ ਹੈ। ਇਹ ਸਵਾਲ ਵੀ ਪੈਦਾ ਹੋ ਰਿਹਾ ਹੈ ਕਿ ਪੰਥ ਨੂੰ ਵੰਗਾਰਨ ਵਾਲਿਆਂ ਨੂੰ ਤਤਕਾਲੀ ਸਰਕਾਰ ਨੇ ਅਣਡਿੱਠ ਕਰਨ ਦੀ ਸਿਆਸਤ ਕਿਉਂ ਕੀਤੀ? ਵਾਧਾ ਇਹ ਕਿ ਸਿਰਸਾ ਮੁਖੀ ਨੂੰ ਬਿਨਾ ਸੱਦਿਆਂ ਦੋਸ਼ ਮੁਕਤ ਕੀਤਾ ਗਿਆ ਸੀ। ਇਹ ਵੀ ਜੱਗ ਜਾਹਰ ਹੈ ਕਿ ਇਸ ਦੀਆਂ ਤਾਰਾਂ ਵੀ ਬਾਦਲਕਿਆਂ ਨਾਲ ਜੁੜੀਆਂ ਹੋਈਆਂ ਸਨ। ਹੁਣ ਤਾਂ ਉਹ ਸਾਰੇ ਕਾਰਨ ਗੁੱਝੇ ਨਹੀਂ ਰਹੇ, ਜਿਨ੍ਹਾਂ ਦੇ ਵਿਰੋਧ ਵਿਚ ਇਕ ਵੇਲੇ ਸਾਰਾ ਪੰਜਾਬ ਸੜਕਾਂ ‘ਤੇ ਉਤਰ ਆਇਆ ਸੀ। ਇਸੇ ਦੀ ਗੂੰਜ ਵਿਧਾਨ ਸਭਾ ਵਿਚ ਨੌਂ ਘੰਟੇ ਪੈਂਦੀ ਰਹੀ। ਅਜਿਹੇ ਹਾਲਾਤ ਵਿਚ ਵੀ ਬਾਦਲਕੇ ਅਕਾਲ ਤਖਤ ਦੇ ਜਥੇਦਾਰ ਦੀ ਪਿੱਠ ਥਾਪੜਦੇ ਰਹੇ ਅਤੇ ਅਜੇ ਵੀ ਥਾਪੜੀ ਜਾ ਰਹੇ ਹਨ। ਬਾਦਲਕਿਆਂ ਦੇ ਕੁਝ ਹਮਾਇਤੀ ਤਾਂ ਇਹ ਵੀ ਕਹਿ ਰਹੇ ਹਨ ਕਿ ਅਕਾਲ ਤਖਤ ਦੇ ਜਥੇਦਾਰ ਦੇ ਫੈਸਲੇ ‘ਤੇ ਕਿੰਤੂ ਪ੍ਰੰਤੂ ਕੀਤਾ ਹੀ ਨਹੀਂ ਜਾ ਸਕਦਾ। ਕਦੇ ਕਿਹਾ ਜਾਂਦਾ ਹੈ ਕਿ ਮੌਜੂਦਾ ਜਥੇਦਾਰ ਦਾ ਬਦਲ ਨਹੀਂ ਮਿਲਦਾ ਅਤੇ ਕਦੇ ਕਿਹਾ ਜਾਂਦਾ ਹੈ ਕਿ ਪੈਦਾ ਹੋ ਗਏ ਹਾਲਾਤ ਵਿਚ ਯੋਗ ਬੰਦਾ ਜਥੇਦਾਰ ਲੱਗਣ ਲਈ ਤਿਆਰ ਨਹੀਂ ਹੈ।
ਇਸ ਸਭ ਕੁਝ ਨਾਲ ਲੱਗਣ ਲੱਗ ਪਿਆ ਹੈ ਕਿ ਜੋ ਸਿੱਖ ਸਿਆਸਤਦਾਨਾਂ ਨੂੰ ਠੀਕ ਨਹੀਂ ਬੈਠਦਾ, ਉਹ ਪੰਥਕਤਾ ਦਾ ਹਿੱਸਾ ਹੀ ਨਹੀਂ ਹੈ। ਜਿਸ ਤਰ੍ਹਾਂ ਵਰਤਮਾਨ ਜਥੇਦਾਰ ਨੂੰ ਕਾਇਮ ਰੱਖਿਆ ਜਾ ਰਿਹਾ ਹੈ, ਉਸ ਨਾਲ ਅਕਾਲੀਆਂ ਤੋਂ ਪੰਥਕ ਸੰਭਾਵਨਾਵਾਂ ਦੀ ਆਸ ਮੱਧਮ ਪੈਂਦੀ ਜਾ ਰਹੀ ਹੈ। ਅਕਾਲੀ, ਰਣਜੀਤ ਸਿੰਘ ਕਮਿਸ਼ਨ ਦਾ ਵੀ ਉਹੀ ਹਾਲ ਕਰਨਾ ਚਾਹੁੰਦੇ ਹਨ, ਜੋ ਉਨ੍ਹਾਂ ਨੇ ਜੋਰਾ ਸਿੰਘ ਕਮਿਸ਼ਨ ਦਾ ਕੀਤਾ ਸੀ। ਕੌਣ ਦੱਸੇ ਕਿ ਜੋ ਕੁਝ ਸਰਕਾਰ ਦੀ ਕੁੱਛੜ ਵਿਚ ਬੈਠ ਕੇ ਹੋ ਗਿਆ ਸੀ, ਉਹ ਪੰਥਕ ਕੁੱਛੜ ਵਿਚ ਬੈਠ ਕੇ ਸੰਭਵ ਹੀ ਨਹੀਂ ਹੈ। ਜੇ ਰਣਜੀਤ ਸਿੰਘ ਦੀ ਰਿਪੋਰਟ ਵਿਚ ਬਾਦਲਕਿਆਂ ਮੁਤਾਬਕ ਕੁਝ ਹੈ ਹੀ ਨਹੀਂ ਤਾਂ ਸਿਆਸੀ ਚੀਕ ਚਿਹਾੜਾ ਕਾਹਦੇ ਵਾਸਤੇ ਹੈ?
ਸਿਆਸਤ ਦੀ ਅਕਾਲੀ ਸ਼ੈਲੀ ਵਿਚ ਕਾਰਪੋਰੇਟ ਸ਼ੈਲੀ ਦੇ ਦਖਲ ਨਾਲ ਜਿੱਤੀਆਂ ਗਈਆਂ ਵਿਧਾਨ ਸਭਾ ਚੋਣਾਂ ਵਿਚ ਪੰਥਕਤਾ ਨੂੰ ਸਿਆਸੀ ਹਥਿਆਰ ਵਾਂਗ ਵਰਤ ਲੈਣ ਦਾ ਖਮਿਆਜ਼ਾ ਭੁਗਤਣ ਲਈ ਅਕਾਲੀ ਇਸ ਵੇਲੇ ਤਿਆਰ ਨਹੀਂ ਹਨ। ਇਸ ਨਾਲ ਅਕਾਲੀਆਂ ਵਿਚੋਂ ਵਰਕਰ ਅਤੇ ਵਾਲੰਟੀਅਰ ਦੀਆਂ ਕੋਟੀਆਂ ਪੈਦਾ ਹੋਣ ਲੱਗ ਪਈਆਂ ਹਨ। ਸੰਘਰਸ਼ ਦੀ ਪੈਦਾਵਾਰ ਪੁਰਾਣੇ ਅਕਾਲੀਆਂ ਅਤੇ ਸੱਤਾ ਦੀ ਪੈਦਾਵਾਰ ਨਵੇਂ ਅਕਾਲੀਆਂ ਨੂੰ ਜਿਸ ਤਰ੍ਹਾਂ ਦੇ ਸਿਆਸੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਨਵਾਂ ਵੀ ਹੈ ਅਤੇ ਮੁਸ਼ਕਿਲ ਵੀ। ਸਵਾਲਾਂ ਵਿਚ ਘਿਰੇ ਅਕਾਲੀਆਂ ਨੂੰ ਜਵਾਬ ਦੇਣੇ ਦਿਨੋ ਦਿਨ ਔਖੇ ਹੁੰਦੇ ਜਾਣ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ। ਪੈਦਾ ਹੋ ਰਹੀ ਇਸ ਸਥਿਤੀ ਨੂੰ ਸੁਖਬੀਰ-ਸ਼ੈਲੀ ਵਿਚ ਕਿਵੇਂ ਸੰਭਾਲਣਾ ਹੈ, ਇਸ ਬਾਰੇ ਆਮ ਅਕਾਲੀ ਕੁਝ ਨਹੀਂ ਜਾਣਦਾ। ਇਹ ਵਰਤਾਰਾ ਅਕਸਰ ਸਿਆਸੀ ਦਲਦਲ ਵੱਲ ਜਾਂਦਾ ਹੈ।
ਅਕਾਲੀ ਜਿਸ ਤਰ੍ਹਾਂ ਪੈਦਾ ਹੋ ਗਏ ਸਿਆਸੀ ਸੰਕਟ ਨੂੰ ਆਪਣੇ ਗਲੋਂ ਲਾਹ ਕੇ ਕਾਂਗਰਸੀਆਂ ਦੇ ਗਲ ਪਾਉਣਾ ਚਾਹੁੰਦੇ ਹਨ, ਇਸ ਨੇ ਬਹੁਤੀ ਦੂਰ ਨਹੀਂ ਚੱਲਣਾ। ਇਸ ਨਾਲ ਇਹੋ ਜਿਹਾ ਪ੍ਰਭਾਵ ਵੀ ਪੈਦਾ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਬਾਦਲਕਿਆਂ ਨੇ ਪਰਿਵਾਰ ਤੋਂ ਪੰਥ ਵਾਰਿਆ ਸੀ, ਉਸੇ ਤਰ੍ਹਾਂ ਸੁਖਬੀਰ ਤੋਂ ਅਕਾਲੀਅਤ ਵਾਰਨ ਵਾਲੀ ਸਿਆਸਤ ਵੱਲ ਵਧ ਰਹੇ ਹਨ। ਸੰਭਲਣ ਦੇ ਰਸਤੇ ਜਿਸ ਤਰ੍ਹਾਂ ਬੰਦ ਲੱਗਣ ਲੱਗ ਪਏ ਹਨ, ਉਸ ਦਾ ਸਬੰਧ ਕਿਸੇ ਨਾ ਕਿਸੇ ਰੂਪ ਵਿਚ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਨਾਲ ਜੁੜਿਆ ਹੋਇਆ ਹੈ। ਇਸ ਦੇ ਲਮਕ ਜਾਣ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਸ ਦੀ ਲਪੇਟ ਵਿਚ ਆਉਣਾ ਪੈ ਸਕਦਾ ਹੈ। ਸਮੱਸਿਆ ਇਹੀ ਹੈ ਕਿ ਸਿੱਖ ਸੰਸਥਾਵਾਂ ਜਿਸ ਤਰ੍ਹਾਂ ਅਕਾਲੀ ਸਿਆਸਤ ਦੀ ਭੇਟ ਚੜ੍ਹ ਰਹੀਆਂ ਹਨ, ਉਸੇ ਸੁਰ ਵਿਚ ਅਕਾਲੀ ਆਗੂਆਂ ਨੂੰ ਪੰਥ ਦੀ ਭੇਟ ਚੜ੍ਹਨਾ ਪੈ ਸਕਦਾ ਹੈ। ਅਕਾਲੀਅਤ ਮਹਿਜ ਸਿਆਸਤ ਨਹੀਂ, ਪੰਥਕਤਾ ਹੈ ਅਤੇ ਹਾਲਾਤ ਦੱਸ ਰਹੇ ਹਨ ਕਿ ਸਮਾਂ ਬਾਦਲ-ਮੁਕਤ ਅਕਾਲੀਅਤ ਦਾ ਆ ਗਿਆ ਹੈ।
ਇਸ ਵੇਲੇ ਜੋ ਅਕਾਲੀ ਸਿਆਸਤ ਦੀ ਕੰਧ ‘ਤੇ ਲਿਖਿਆ ਜਾ ਚੁਕਾ ਹੈ, ਉਸ ਨੂੰ ਪੜ੍ਹਨ ਤੋਂ ਇਨਕਾਰੀ ਜਾਂ ਮਹਿਰੂਮ ਹੋਣ ਨਾਲ ਸਮੱਸਿਆ ਹੋਰ ਸੰਗੀਨ ਹੁੰਦੀ ਜਾਣੀ ਹੈ। ਇਸ ਸਿਆਸੀ ਘੜਮੱਸ ਵਿਚ ਸਿਆਸੀ ਆਪਾਧਾਪੀ ਅਕਾਲੀਆਂ ਦੇ ਅੰਦਰ ਵੀ ਪੈਦਾ ਹੋਣ ਲੱਗ ਪਈ ਹੈ। ਜਿਸ ਤਰ੍ਹਾਂ ਬਾਦਲਕੇ ਆਮ ਸਿੱਖ ਦੀ ਅੱਖ ਵਿਚੋਂ ਹੰਝੂ ਵਾਂਗ ਡਿੱਗ ਪਏ ਹਨ, ਉਸ ਨੂੰ ਛੇਤੀ ਛੇਤੀ ਪੰਥਕ ਅੱਖ ਵਿਚ ਟਿਕਾ ਸਕਣਾ ਸੌਖਾ ਨਹੀਂ ਹੈ। ਵਿਸ਼ਵਾਸ ਵਿਚੋਂ ਕਿਰੇ ਹੋਏ ਨੂੰ ਸੰਭਲਣ ਦੇ ਮੌਕੇ ਘੱਟ ਹੀ ਮਿਲਦੇ ਹਨ। ਸਿੱਖ ਸਿਆਸਤ ਇਸ ਵੇਲੇ ਸਮਾਜਕ, ਸਭਿਆਚਾਰਕ ਅਤੇ ਧਾਰਮਿਕ ਖੇਤਰ ਵਿਚ ਸ਼ੱਕ ਨਾਲ ਵੇਖੀ ਜਾਣ ਲੱਗ ਪਈ ਹੈ। ਇਸ ਨਾਲ ਪੈਦਾ ਹੋ ਰਹੀ ਸਪੇਸ ਨੂੰ ਸਿਆਸੀ ਸੁਰ ਵਿਚ ਭਰਨ ਦੀ ਕੋਸ਼ਿਸ਼ ਨਿਹਫਲ ਜਾ ਸਕਦੀ ਹੈ। ਇਸੇ ਕਰਕੇ ਅਕਾਲੀ ਸਿਆਸਤ ਦੀ ਲੜਾਈ ਸ਼੍ਰੋਮਣੀ ਕਮੇਟੀ ਰਾਹੀਂ ਨਜਿੱਠੇ ਜਾਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਇਸ ਦੀ ਸ਼ੁਰੂਆਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਹੋਣੀ ਹੈ। ਇਥੇ ਹੀ ਬਾਦਲਕੇ ਮਾਰ ਖਾਈ ਜਾ ਰਹੇ ਹਨ। ਇਸ ਸਥਿਤੀ ਵਿਚ ਸਿੱਖ ਸਰੋਕਾਰ ਦਾਅ ‘ਤੇ ਲੱਗ ਸਕਦੇ ਹਨ। ਇਸ ਵਿਚੋਂ ਨਿਕਲਣ ਲਈ ਸਿਆਸੀ ਜੋੜ-ਤੋੜ ਦੀ ਥਾਂ ਸੁੱਚੀਆਂ ਸਿੱਖ ਰੀਝਾਂ ਵੱਲ ਪਰਤਣਾ ਵੀ ਪਵੇਗਾ ਅਤੇ ਪਹਿਰੇਦਾਰੀ ਵੀ ਕਰਨੀ ਪਵੇਗੀ।
ਜਿਸ ਮਾਤਰਾ ਵਿਚ ਸਿੱਖ ਸੰਸਥਾਵਾਂ ਸਿਆਸਤ ਮੁਕਤ ਹੋ ਸਕਣਗੀਆਂ, ਉਸੇ ਮਾਤਰਾ ਵਿਚ ਪੰਥਕ ਸਿਆਸਤ ਦੀਆਂ ਸੰਭਾਵਨਾਵਾਂ ਪੈਦਾ ਹੋ ਸਕਣਗੀਆਂ। ਅਕਾਲੀਅਤ ਨੂੰ ਫਿਰ ਤੋਂ ਸਿੱਖ ਸੁਰ ਵਿਚ ਸਥਾਪਤ ਕਰਨ ਵਾਸਤੇ ਬਾਣੀ ਵੱਲ ਪਰਤਣਾ ਪਵੇਗਾ। ਇਸ ਰਾਹੇ ਚਲਦਿਆਂ ਬੰਦਿਆਂ ਨੂੰ ਬਚਾਉਣ ਵਾਲੀ ਸਿਆਸਤ ਕਿਸੇ ਕੰਮ ਨਹੀਂ ਆਉਣੀ। ਇਹ ਠੀਕ ਹੈ ਕਿ ਭਾਰਤੀ ਲੋਕਤੰਤਰ ਨਾਲ ਸਿੱਖ ਲੋਕਤੰਤਰ ਨੂੰ ਤੋਰਨ ਦੀ ਸਮਰੱਥਾ ਵਾਲੀ ਸਿੱਖ ਲੀਡਰਸ਼ਿਪ ਹੀ ਅੱਗੇ ਆ ਸਕੇਗੀ। ਇਸ ਨੂੰ ਬਾਦਲ ਮੁਕਤ ਸਿਆਸਤ ਵਜੋਂ ਨਹੀਂ ਚਿਤਵਾਂਗੇ ਤਾਂ ਪੰਥਕ ਸੁਰ ਵਿਚ ਨਹੀਂ ਉਭਰ ਸਕਾਂਗੇ। ਇਸ ਵਾਸਤੇ ਕਿਸੇ ਵੀ ਰੰਗ ਦੀ ਸਿਆਸਤ ਨਾਲ ਜੁੜੇ ਸਿੱਖਾਂ ਨੂੰ ਵਿਰੋਧੀਆਂ ਵਾਂਗ ਨਹੀਂ, ਗੁਰਭਾਈਆਂ ਵਾਂਗ ਸਮਝਣ ਵਾਲੀ ਸਿੱਖ ਮਾਨਸਿਕਤਾ ਪੈਦਾ ਕਰਨੀ ਪਵੇਗੀ। ਇਸ ਵਾਸਤੇ ਗੁਰੂ ਦੇ ਨਾਮ ‘ਤੇ ਜਿਉਣ ਦੇ ਇੱਛਕਾਂ ਨੂੰ ਪੰਥਕ ਸ਼ਿਕੰਜੇ ਵਿਚ ਕੱਸਣ ਤੋਂ ਗੁਰੇਜ਼ ਕਰਨਾ ਪਵੇਗਾ। ਪੈਦਾ ਹੋ ਰਹੀ ਸਿਆਸੀ ਸਪੇਸ ਨੂੰ ਸਿਆਸੀ ਸੁਰ ਵਿਚ ਖੋਹਣ ਦੇ ਨਤੀਜੇ ਸਭ ਦੇ ਸਾਹਮਣੇ ਹਨ। ਇਸ ਸਪੇਸ ਨੂੰ ਸੰਗਤੀ ਸੁਰ ਵਿਚ ਹੀ ਸੰਭਾਲਿਆ ਜਾਣਾ ਚਾਹੀਦਾ ਹੈ। ਜਿਸ ਮਾਤਰਾ ਵਿਚ ਇਸ ਨਾਲ ਨਿਭ ਸਕਾਂਗੇ, ਉਸੇ ਵਿਚ ਹੀ ਵਿਰਾਸਤੀ ਜੜ੍ਹਾਂ ਨਾਲ ਜੁੜ ਕੇ Ḕਪੰਥ ਵੱਸੇ ਮੈਂ ਉਜੜਾਂ ਮਨ ਚਾਉ ਘਨੇਰਾḔ ਵਾਲੀ ਸਿੱਖ ਸਿਆਸਤ ਪੈਦਾ ਕਰ ਸਕਾਂਗੇ।
ਸੁੱਚੀਆਂ ਰੀਝਾਂ ਦੀ ਪੈਜ ਸਤਿਗੁਰੂ ਆਪ ਅੰਗ-ਸੰਗ ਸਹਾਈ ਹੋ ਕੇ ਰੱਖਦੇ ਆਏ ਹਨ। ਇਸ ਆਸਥਾ ਦੁਆਲੇ ਉਸਰੀ ਸਿੱਖ ਸਿਆਸਤ ਵੱਲ ਜਿੰਨੀ ਛੇਤੀ ਤੁਰ ਸਕਾਂਗੇ, ਓਨਾ ਹੀ ਮੌਜੂਦਾ ਤਲਿੱਸਮੀ ਸਿਆਸਤ ਤੋਂ ਮੁਕਤ ਹੋ ਸਕਣ ਵਾਲੇ ਰਾਹ ਪੈ ਸਕਾਂਗੇ। ਸਿਆਸੀ ਬਦਲ ਵਾਸਤੇ ਸਿਆਸਤ ਮੁਕਤ ਪੰਥਕਤਾ ਅੱਗੇ ਆਉਂਦੀ ਰਹੀ ਹੈ ਅਤੇ ਉਸੇ ਵਾਸਤੇ ਸਪੇਸ ਪੈਦਾ ਹੋ ਗਈ ਹੈ। ਪੰਥਕਤਾ ਦੇ ਨਾਂ ‘ਤੇ ਸਿਆਸੀ ਦਾਅਵੇਦਾਰੀਆਂ ਦਾ ਹਾਲ ਸਭ ਦੇ ਸਾਹਮਣੇ ਹੈ। ਜੋ ਨਹੀਂ ਸਮਝੇ, ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਜੋ ਨਹੀਂ ਸਮਝਣਗੇ, ਉਨ੍ਹਾਂ ਨੂੰ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਸਿੱਖ ਪਹੁੰਚ ਨੂੰ ਚਰਚਾ ਵਾਸਤੇ ਖੁਲ੍ਹੀ ਛੱਡਿਆ ਜਾ ਰਿਹਾ ਹੈ। ਅੱਗੋਂ ਜੋ ਗੁਰੂ ਜੀ ਨੂੰ ਭਾਵੇ।