ਮੌਤ-ਮਲੰਗੀ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਭੁਲੇਖਾ ਪੈਂਦਾ ਹੈ ਕਿ ਵਾਰਤਕ ਹੈ ਜਾਂ ਕਵਿਤਾ। ਡਾ. ਭੰਡਾਲ ਨੇ ਪਿਛਲੇ ਲੇਖ ਵਿਚ ਕੁਦਰਤ ਦੀਆਂ ਵੱਖ ਵੱਖ ਨਿਆਮਤਾਂ ਦਾ ਵਿਖਿਆਨ ਕਰਦਿਆਂ ਦੱਸਿਆ ਸੀ ਕਿ ਬੱਦਲ ਹਨ ਤਾਂ ਬਾਰਸ਼ ਹੈ। ਬਾਰਸ਼ ਹੈ ਤਾਂ ਜਿੰਦਗੀ ਹੈ, ਜੀਵ-ਜੰਤੂ ਹਨ, ਬਨਸਪਤੀ ਹੈ, ਮੌਲਦੀ ਕੁਦਰਤ ਹੈ।

ਹਥਲੇ ਲੇਖ ਵਿਚ ਉਨ੍ਹਾਂ ਮੌਤ ਦੇ ਸੱਚ ਉਤੇ ਚਾਨਣ ਪਾਉਂਦਿਆਂ ਗੁਰਬਾਣੀ ਦਾ ਫੁਰਮਾਨ ਚੇਤੇ ਕਰਵਾਇਆ ਹੈ, “ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛਡ ਆਸ॥” ਡਾ. ਭੰਡਾਲ ਕਹਿੰਦੇ ਹਨ, “ਮੌਤ ਬਹੁ-ਕਿਸਮੀ। ਸਰੀਰਕ ਵੀ ਤੇ ਮਾਨਸਿਕ ਵੀ। ਕੁਝ ਲੋਕ ਸਰੀਰਕ ਮੌਤ ਤੋਂ ਪਹਿਲਾਂ ਹੀ ਮਾਨਸਿਕ ਮਾਤਮ ਦਾ ਸ਼ਿਕਾਰ ਹੋ, ਵੈਣ-ਰੁੱਤ ਨੂੰ ਹੰਢਾਉਣ ਲੱਗ ਪੈਂਦੇ। ਸਾਡੀ ਮਾਨਸਿਕਤਾ ਹੀ ਸਰੀਰਕ ਤੰਦਰੁਸਤੀ ਜਾਂ ਮੌਤ ਦਾ ਸਬੱਬ ਬਣਦੇ।…ਮਰੋ ਇਸ ਤਰ੍ਹਾਂ ਕਿ ਜਿਉਣਾ ਸਦਾ ਯਾਦ ਰਹੇ ਅਤੇ ਜੀਵੋ ਇਸ ਤਰ੍ਹਾਂ ਕਿ ਮਰਨਾ ਕਦੇ ਨਾ ਵਿਸਰੇ।” -ਸੰਪਾਦਕ

ਡਾ ਗੁਰਬਖਸ਼ ਸਿੰਘ ਭੰਡਾਲ
ਮੌਤ, ਸਾਹ-ਸੰਗੀਤ ਦਾ ਬੰਦ ਹੋ ਜਾਣਾ, ਸਰੀਰਕ ਹਿਲਜੁਲ ‘ਚ ਸਿੱਥਲਤਾ ਅਤੇ ਚੌਗਿਰਦੇ ਵਿਚ ਮਾਤਮੀ ਖਾਮੋਸ਼ੀ ਦਾ ਛਾ ਜਾਣਾ।
ਮੌਤ, ਹੁਸੀਨ ਯਾਤਰਾ ਦਾ ਆਖਰੀ ਪੜਾਅ। ਜੀਵਨ-ਯਾਦਾਂ ਤੇ ਪ੍ਰਾਪਤੀਆਂ ਦੇ ਸੁਖਨ ਨੂੰ ਮਾਣ ਅਤੇ ਪੂਰਨਤਾ ਵੰਨੀਂ ਧਰਿਆ ਆਖਰੀ ਕਦਮ।
ਮੌਤ, ਜੀਵਨ-ਤਕਲੇ ਦੀ ਟੁੱਟੀ ਤੰਦ, ਬੋਲਾਂ ‘ਚ ਪਨਪੀ ਸਦੀਵੀ ਚੁੱਪ, ਨੈਣਾਂ ‘ਚ ਸੁਪਨਿਆਂ ਦੀ ਕਬਰ ਦਾ ਉਸਰਨਾ ਅਤੇ ਸਰੀਰਕ ਕ੍ਰਿਆਵਾਂ ਦਾ ਅੰਤਿਮ ਵਿਸ਼ਰਾਮ।
ਮੌਤ, ਮਿੱਟੀ ਤੋਂ ਮਿੱਟੀ ਤੀਕ ਦਾ ਸਫਰ। ਮਿੱਟੀ ਵਿਚੋਂ ਮਿੱਟੀ ਦਾ ਪਨਪਣਾ, ਮਿੱਟੀ ਦਾ ਕੁੱਜੇ ਵਿਚ ਬੰਦ ਹੋ ਕੇ ਨਵਾਂ ਮੁਹਾਂਦਰਾ ਦੇਣਾ। ਰਾਖ ਵਿਚੋਂ ਨਵੀਨਤਮ ਕੀਰਤੀਆਂ ਦੀ ਸਿਰਜਣਾ। ਇਹ ਮਿੱਟੀ ਦਾ ਮਿੱਟੀ ਨਾਲ ਬੇਸਬਰਾ ਮੋਹ ਹੀ ਹੁੰਦਾ ਜੋ ਮਿੱਟੀ ‘ਚ ਰਲਣ ਲਈ ਕਾਹਲਾ ਹੋ, ਉਡਦੀ ਰਾਖ ਦਾ ਵਾ-ਵਰੋਲਾ ਬਣ ਜਾਂਦਾ।
ਮੌਤ, ਜੀਵਨ ਤੋਂ ਅਜੀਵਨ ਤੀਕ ਦਾ ਸਫਰ। ਖੁਦ ਤੋਂ ਖੁਦੀ ਤੇ ਫਿਰ ਖੁਦ ਤੀਕ ਦਾ ਸਫਰਨਾਮਾ। ਇਸ ਦੇ ਰਾਹਾਂ ‘ਤੇ ਉਕਰਿਆ ਹੁੰਦਾ ਕੀਰਤੀਮਾਨਾਂ ਦਾ ਉਹ ਇਤਿਹਾਸ ਜੋ ਬਣਦਾ ਕਦੇ ਮਿਥਿਹਾਸ ਅਤੇ ਕਦੇ ਖੁਦ ਸੰਗ ਸੰਵਾਦ।
ਮੌਤ, ਮਰਨ ਦੀ ਆਖਰੀ ਮੰਜ਼ਿਲ। ਕਈ ਲੋਕ ਇਸ ਤੋਂ ਪਹਿਲਾਂ ਵੀ ਕਈ ਵਾਰ ਜਿਉਂਦਿਆਂ ਮਰਦੇ। ਇਸ ਦੇ ਵਿਸਥਾਰ ਵਿਚੋਂ ਹੀ ਮਨੁੱਖੀ ਸ਼ਖਸੀਅਤ ਦੇ ਬਹੁਤ ਸਾਰੇ ਗੁਣਾਂ ਅਤੇ ਔਗੁਣਾਂ ਦੀ ਨਿਸ਼ਾਨਦੇਹੀ ਹੁੰਦੀ।
ਮੌਤ-ਮੰਨਤ ਮੰਗਣ ਦੀ ਨੌਬਤ ਜਦ ਕਿਸੇ ਸੋਚ ਵਿਚ ਪਨਪਦੀ ਤਾਂ ਜੱਗ-ਜਾਹਰ ਹੁੰਦੀ ਕਮਜੋਰ ਮਾਨਸਿਕਤਾ, ਫਰਜਾਂ ਤੋਂ ਕੁਤਾਹੀ, ਜਿੰਮੇਵਾਰੀਆਂ ਤੋਂ ਭਗੌੜੇ ਹੋਣਾ, ਖੁਦ ਦੀ ਸਮਰੱਥਾ ਅਤੇ ਤਾਕਤ ‘ਤੇ ਖੁਣਿਆ ਪ੍ਰਸ਼ਨ ਜੋ ਸਰੀਰਕ ਮੌਤ ਤੋਂ ਪਹਿਲਾਂ ਹੀ ਮਰਨ ਦਾ ਰਾਗ ਅਲਾਪਣ ਲਈ ਮਜਬੂਰ ਕਰਦਾ।
ਮੌਤ, ਕੁਦਰਤੀ ਵੀ ਤੇ ਗੈਰ-ਕੁਦਰਤੀ ਵੀ, ਅਚਨਚੇਤੀ ਵੀ ਤੇ ਮਿੱਥ ਕੇ ਵੀ, ਅਲਾਮਤਾਂ ਨਾਲ ਵੀ ਅਤੇ ਅਰੋਗਤਾ ਕਾਰਨ ਵੀ, ਖਾਸ ਮਕਸਦ ਦੀ ਪ੍ਰਾਪਤੀ ਲਈ ਵੀ ਅਤੇ ਅਕਾਰਥ ਹੀ ਜੀਵਨ-ਸਫਰ ਨੂੰ ਖੋਟਾ ਕਰਨ ਦਾ ਨਾਮ ਵੀ। ਮੌਤ ਖੁਦ ਵੀ ਹੁੰਦੀ ਜਾਂ ਕਈ ਵਾਰ ਕਿਸੇ ‘ਤੇ ਇਲਜ਼ਾਮ ਵੀ।
ਮੌਤ ਬਹੁ-ਕਿਸਮੀ। ਸਰੀਰਕ ਵੀ ਤੇ ਮਾਨਸਿਕ ਵੀ। ਕੁਝ ਲੋਕ ਸਰੀਰਕ ਮੌਤ ਤੋਂ ਪਹਿਲਾਂ ਹੀ ਮਾਨਸਿਕ ਮਾਤਮ ਦਾ ਸ਼ਿਕਾਰ ਹੋ, ਵੈਣ-ਰੁੱਤ ਨੂੰ ਹੰਢਾਉਣ ਲੱਗ ਪੈਂਦੇ। ਸਾਡੀ ਮਾਨਸਿਕਤਾ ਹੀ ਸਰੀਰਕ ਤੰਦਰੁਸਤੀ ਜਾਂ ਮੌਤ ਦਾ ਸਬੱਬ ਬਣਦੇ। ਸਰੀਰਕ ਮੌਤ ਤੋਂ ਪਹਿਲਾਂ ਮਾਨਸਿਕ ਮੌਤ ਦੀ ਕਬਰ ਵਿਚ ਪੈਣ ਵਾਲੇ, ਮਨਹੂਸ ਪਲਾਂ ਦਾ ਪੀਹੜਾ ਮਨ-ਦਰ ‘ਤੇ ਡਾਹੀ ਰੱਖਦੇ।
ਮੌਤ, ਮੰਗਿਆ ਨਹੀਂ ਮਿਲਦੀ। ਕੁਦਰਤੀ ਵਰਤਾਰੇ ਦਾ ਇਕ ਪੜਾਅ। ਜੇ ਅਸੀਂ ਇਸ ਪੜਾਅ ਨੂੰ ਉਡੀਕਦਿਆਂ, ਸਹਿਜ ਰੂਪ ਵਿਚ ਮੌਤ-ਰੱਥ ‘ਤੇ ਸ਼ਾਹਾਨਾ ਸਵਾਰੀ ਕਰਾਂਗੇ ਤਾਂ ਜਿਉਣ ਦੀ ਆਖਰੀ ਅਲਵਿਦਾ ਪ੍ਰਭਾਵਸ਼ਾਲੀ ਹੋਵੇਗੀ।
ਮੌਤ, ਜਿਉਣ ਦਾ ਦੂਸਰਾ ਨਾਮ। ਕੁਝ ਲੋਕ ਮਰਨ ਵਿਚੋਂ ਹੀ ਜਿਉਣ ਦੇ ਅਰਥਾਂ ਦੀ ਨਿਸ਼ਾਨਦੇਹੀ ਕਰਦੇ। ਉਨ੍ਹਾਂ ਦਾ ਮਰਨਾ, ਅਧਮੋਇਆਂ ਲਈ ਸੰਜੀਵਨੀ ਬੂਟੀ। ਉਹ ਜਿਉਣ ਵਿਚੋਂ ਹੀ ਮੌਤ ਦੀਆਂ ਕੰਨੀਆਂ ਲੱਭਣ ਅਤੇ ਇਸ ਦੀਆਂ ਵਾਗਾਂ ਨੂੰ ਆਪਣੀ ਸੋਚ ਅਨੁਸਾਰ ਮੋੜਨ ਦੇ ਸਮਰੱਥ ਹੁੰਦੇ। ਸ਼ਹੀਦ, ਲੋਕ-ਨਾਇਕ ਅਤੇ ਇਨਕਲਾਬੀ, ਸਿਰਾਂ ‘ਤੇ ਕੱਫਣ ਬੰਨੀ ਮੌਤ ਨੂੰ ਹੱਸ ਕੇ ਮਿਲਦੇ। ਉਨ੍ਹਾਂ ਲਈ ਮਰਨਾ ਹੀ ਜਿਉਣ ਦਾ ਸੁੱਚਮ ਹੁੰਦਾ। ਤਾਹੀਂ ਤਾਂ ਪ੍ਰੋ. ਪੂਰਨ ਸਿੰਘ ਨੇ ਕਿਹਾ ਹੈ, ‘ਮੌਤ ਨਾਲ ਇਹ ਕਰਨ ਮਖੌਲਾਂ, ਜਾਨ ਥੀਂ ਆਪਣੀ ਵਾਰ ਦਿੰਦੇ।’ ਜਦ ਅਜਿਹੇ ਸੂਰਮਿਆਂ ਦੇ ਸਾਹਵੇਂ ਮੌਤ ਲਿੱਲਕੜੀਆਂ ਕੱਢਣ ਲਈ ਮਜ਼ਬੂਰ ਹੋ ਜਾਵੇ ਤਾਂ ਜ਼ੁਲਮ ਵੀ ਸਹਿਮ ਜਾਂਦਾ। ਸਮੇਂ ਦੇ ਨਾਦਰਸ਼ਾਹੀ ਹੁਕਮਰਾਨ ਅਲੋਪ ਹੋ ਰਹੇ ਹਨੇਰਿਆਂ ਦੀ ਅਉਧ ਬਣ ਜਾਂਦੇ।
ਮੌਤ ਨਾਲ ਮਨੁੱਖ ਨਹੀਂ ਮਰਦਾ। ਮਨੁੱਖ ਆਪਣੀ ਕੁਤਾਹੀਆਂ, ਖੁਨਾਮੀਆਂ, ਕੁਕਰਮਾਂ ਅਤੇ ਕੋਹਜਾਂ ਨਾਲ ਜਦ ਮਰਨ ਦੇ ਰਾਹ ਤੁਰ ਪਵੇ ਤਾਂ ਉਸ ਲਈ ਸਰੀਰਕ ਮੌਤ ਦੇ ਕੋਈ ਅਰਥ ਨਹੀਂ ਰਹਿੰਦੇ।
ਮੌਤ ਨਾਲ ਮਰ ਕੇ ਵੀ ਕੁਝ ਬੰਦੇ ਨਹੀਂ ਮਰਦੇ। ਉਨ੍ਹਾਂ ਦੇ ਕਰਮਾਂ, ਪੈੜਾਂ, ਕੀਰਤੀਮਾਨਾਂ ਅਤੇ ਨਵੀਨਤਮ ਧਰਾਤਲਾਂ ਕਾਰਨ ਉਹ ਹਮੇਸ਼ਾ ਲੋਕ-ਚੇਤਿਆਂ ਵਿਚ ਵੱਸਦੇ। ਅਜਿਹੇ ਲੋਕ ਵਿਰਾਸਤ ਦਾ ਸਰਮਾਇਆ ਅਤੇ ਇਨ੍ਹਾਂ ਦੀ ਯਾਦ-ਜੂਹ ਵਿਚ ਹਰ ਮਸਤਕ ਝੁਕਦਾ।
ਮੌਤ ਨੂੰ ਬਗਲ ਵਿਚ ਬਹਿ ਅਤੇ ਜਰਾ ਕੁ ਠਹਿਰ ਜਾ ਕਹਿਣ ਵਾਲੇ ਉਹ ਲੋਕ ਹੁੰਦੇ ਜਿਨ੍ਹਾਂ ਲਈ ਮੌਤ ਇਕ ਮੁਕੱਦਸ ਜਗ੍ਹਾ, ਦਰਗਾਹੀ ਆਗੋਸ਼, ਸੁੱਚਮ ਤੇ ਸੁਖਨ ਦਾ ਅਲੌਕਿਕ ਜਲਵਾ, ਜਿਸ ਦੀ ਆਭਾ ‘ਚ ਮਨੁੱਖੀ ਬਿਰਤੀਆਂ ਨੂੰ ਸੁਹਜ, ਸੰਵੇਦਨਾ ਅਤੇ ਸਹਿਜ ਦਾ ਨਗਮਾ ਗੁਣਗੁਣਾਉਣ ਦਾ ਮੌਕਾ ਮਿਲਦਾ।
ਮੌਤ ਦੀ ਗੋਦ ਦਾ ਨਿੱਘ ਮਾਣਨ ਲਈ ਕੁਝ ਕੁ ਲੋਕ ਕਾਹਲੇ। ਉਹ ਹੱਸ ਹੱਸ ਜ਼ਹਿਰ ਪਿਆਲਾ ਪੀਂਦੇ। ਸੂਲੀ ਚੁੰਮਦੇ ਅਤੇ ਨੰਗੀਆਂ ਸ਼ਮਸ਼ੀਰਾਂ ਸਾਹਵੇਂ ਹਿੱਕ ਡਾਹ, ਖੁਦ ਨੂੰ ਸ਼ਮਸ਼ੀਰ-ਗਾਹ ਬਣਾਉਣ ਲਈ ਪਲ ਨਹੀਂ ਲਾਉਂਦੇ। ਮੌਤ-ਨੈਣਾਂ ਵਿਚ ਝਾਕਣ, ਉਸ ਨੂੰ ਵੰਗਾਰਨਾ, ਉਨ੍ਹਾਂ ਦਾ ਯੋਗ-ਕਰਮ। ਮੌਤ ਦੇ ਵਣਜ ਨੂੰ ਨਿੱਜ ਤੋਂ ਉਪਰ ਸਮਝ, ਇਸ ਨੂੰ ਭਲਿਆਈ ਅਤੇ ਚੰਗਿਆਈ ਦਾ ਪੰਘੂੜਾ ਬਣਾਉਂਦੇ।
ਮੌਤ, ਸਿਵੇ ਵਿਚ ਸੜ ਕੇ ਸੁਆਹ ਦੀ ਢੇਰੀ ਬਣਨਾ ਨਹੀਂ ਅਤੇ ਨਾ ਹੀ ਰਾਖ ਨੂੰ ਪਾਣੀ ਦੇ ਸਪੁਰਦ ਕਰਨ ਦਾ ਨਾਮ ਏ। ਇਸ ਰਾਖ ਦੇ ਕਣ ਤਾਂ ਬਹੁਤ ਦੇਰ ਤੀਕ ਇਸ ਫਿਜ਼ਾ ਵਿਚ ਟਿਕੇ ਰਹਿੰਦੇ, ਜਿਨ੍ਹਾਂ ਦੀ ਹੋਂਦ ਵਿਚੋਂ ਅਸੀਂ ਮਨੁੱਖੀ ਹੋਂਦ ਨੂੰ ਕਿਆਸ ਸਕਦੇ। ਮੰਮੀਆਂ ਦੇ ਡੀ. ਐਨ. ਏ. ਵਿਚੋਂ ਉਸ ਵਕਤ ਦੇ ਮਨੁੱਖ ਦੀਆਂ ਵਿਸ਼ੇਸ਼ਤਾਈਆਂ ਅਤੇ ਸਰੀਰਕ ਬਾਰੀਕ-ਬੀਨੀਆਂ ਨੂੰ ਤਲਾਸ਼ਣਾ, ਮੌਤ ਦੀ ਸਦੀਵੀ ਸਥਿਰਤਾ ਵੱਲ ਇਕ ਕਦਮ ਹੀ ਹੈ ਕਿ ਮਨੁੱਖ ਕਿਸੇ ਨਾ ਕਿਸੇ ਰੂਪ ਵਿਚ ਮਰ ਕੇ ਵੀ ਹਾਜ਼ਰ ਰਹਿੰਦਾ ਏ।
ਮੌਤ, ਮੰਨਤ ਤੇ ਅਰਦਾਸ। ਮੌਤ, ਜੀਵਨ ਦੀ ਤੜੱਕ ਕਰਕੇ ਟੁੱਟੀ ਆਸ। ਮੌਤ, ਖੁਰ ਰਹੇ ਕੰਢਿਆਂ ਨੂੰ ਥੋਥਾ ਧਰਵਾਸ। ਮੌਤ, ਘੜੀ ਪਲ ਲਈ ਖੁਦ ਦਾ ਖੁਦ ਦੇ ਹੋਣਾ ਪਾਸ। ਮੌਤ ਕੁਝ ਲਈ ਆਮ ਤੇ ਕੁਝ ਲਈ ਖਾਸ। ਮੌਤ ਹੁੰਦੀ ਏ ਕੁਝ ਕੁ ਲਈ ਪਾਕ-ਪਰਵਾਸ। ਮੌਤ ਦੀ ਜੂਹ ਉਨ੍ਹਾਂ ਕਰਮਾਂ ਦਾ ਵਾਸ, ਜਿਨ੍ਹਾਂ ਦਾ ਹੁੰਦਾ ਏ ਤੁਹਾਡੇ ਜਾਣ ਤੋਂ ਬਾਅਦ ਹਰ ਵਿਹੜੇ ‘ਚ ਜਾਪ। ਇਹ ਜਾਪ ਕਿਸ ਰੂਪ ਅਤੇ ਕਿਹੋ ਜਿਹਾ ਹੁੰਦਾ, ਇਹ ਤੁਹਾਡੀ ਜੀਵਨ-ਜਾਚਨਾ, ਕੁਰਬਾਨੀਆਂ, ਖੁਨਾਮੀਆਂ ਅਤੇ ਕਿਰਤ-ਕਾਮਨਾਵਾਂ ‘ਤੇ ਨਿਰਭਰ।
ਵਿਅਕਤੀ ਦੀ ਮੌਤ ਹੁੰਦੀ ਤਾਂ ਬਹੁਤ ਸਾਰੇ ਲੋਕ ਉਸ ਦੇ ਨੜੋਏ ਵਿਚ ਸ਼ਾਮਲ ਹੋ, ਉਸ ਦੇ ਦਰਸ਼ਨ ਕਰਦੇ, ਉਸ ਦੀਆਂ ਸਿਫਤਾਂ ਕਰਦੇ, ਆਦਤਾਂ ਦਾ ਵਰਣਨ ਕਰਦੇ, ਚੰਗਿਆਈਆਂ ਦਾ ਗੁਣ-ਗਾਨ ਕਰਦੇ ਅਤੇ ਉਸ ਨਾਲ ਬਿਤਾਏ ਸਮੇਂ ਦੀਆਂ ਛਿੱਲਤਰਾਂ ਫਰੋਲਦੇ। ਇਕ ਸ਼ਿਕਵਾ ਤੇ ਝੋਰਾ ਉਨ੍ਹਾਂ ਦੀ ਗੱਲਬਾਤ ਤੇ ਸੋਚ ਵਿਚ ਹਾਵੀ ਹੁੰਦਾ ਕਿ ਕਾਸ਼! ਪਹਿਲਾਂ ਮਿਲ ਲੈਂਦੇ। ਇਹ ਝੋਰਾ ਖਾਸ ਕਰਕੇ ਸੰਵੇਦਨਸ਼ੀਲ ਪਰਵਾਸੀਆਂ ਦੇ ਮਨ-ਮਸਤਕ ਨੂੰ ਵਾਰ ਵਾਰ ਠਕੋਰਦਾ, ਜੋ ਬੁਢੇ ਬਾਪ ਜਾਂ ਡੰਗੋਰੀ-ਹੀਣ ਮਾਂ ਦੀਆਂ ਆਖਰੀ ਰਸਮਾਂ ਨਿਭਾਉਣ ਦੇਸ਼ ਪਰਤਦੇ। ਕੁਝ ਕੁ ਕੋਲ ਤਾਂ ਇਸ ਲਈ ਵੀ ਸਮਾਂ ਨਹੀਂ ਹੁੰਦਾ। ਉਹ ਨਮੋਸ਼ੀ ਅਤੇ ਮਾਤਮੀ ਉਦਾਸੀ ਵਿਚ ਲਿਪਟੇ, ਮਾਪਿਆਂ ਦੀਆਂ ਸਿਫਤਾਂ ਕਰਨ ਤੋਂ ਵੀ ਹਿਚਕਚਾਉਂਦੇ। ਉਨ੍ਹਾਂ ਦਾ ਮਨ ਹੀ ਉਨ੍ਹਾਂ ਨੂੰ ਲਾਹਨਤਾਂ ਪਾਉਂਦਾ। ਕਾਸ਼! ਮਾਪਿਆਂ ਨਾਲ ਜਿਉਂਦੇ ਜੀਅ ਕੁਝ ਸਮਾਂ ਬਿਤਾਇਆ ਹੁੰਦਾ। ਮਾਪੇ, ਬੱਚੇ ਨੂੰ ਰੱਜ ਕੇ ਨਿਹਾਰਦੇ, ਗਲ ਨਾਲ ਲਾਉਂਦੇ ਤਾਂ ਕਿ ਬੱਚਿਆਂ ਨੂੰ ਰੱਜ ਕੇ ਨਿਹਾਰਨ ਦੀ ਲੋੜ ਪੂਰੀ ਕੀਤੀ ਹੁੰਦੀ ਅਤੇ ਉਸ ਦੇ ਆਖਰੀ ਸਾਹ ਦੀ ਅਲਵਿਦਾ ਵੇਲੇ ਬੱਚਿਆਂ ਦਾ ਬਿੰਬ ਮਾਪਿਆਂ ਦੇ ਨੈਣਾਂ ਵਿਚ ਹੁੰਦਾ।
ਮੌਤ ਬਾਰੇ ਓਸ਼ੋ ਦਾ ਕਹਿਣਾ ਹੈ, “ਮੇਰੀ ਮੌਤ ਤੋਂ ਬਾਅਦ ਮੈਨੂੰ ਦੇਖਣ ਆਉਣ ਵਾਲਿਓ! ਮੈਨੂੰ ਜਿਉਂਦੇ ਜੀਅ ਹੀ ਮਿਲ ਲੈਂਦੇ ਤਾਂ ਚੰਗਾ ਸੀ। ਹੁਣ ਤਾਂ ਤੁਹਾਨੂੰ ਮਿੱਟੀ ਹੀ ਮਿਲੇਗੀ। ਮੌਤ ਬਾਅਦ ਮੇਰੀਆਂ ਸਿਫਤਾਂ ਕਰਨ ਵਾਲਿਓ! ਕਦੇ ਮੇਰੇ ਜਿਉਂਦੇ ਜੀਅ ਸਿਫਤਾਂ ਕਰਦੇ ਤਾਂ ਮੈਨੂੰ ਜਿਉਣ ਦਾ ਹੁਲਾਰ ਮਿਲਦਾ। ਮੇਰੇ ਨਾਲ ਹੋਰ ਸਮਾਂ ਬਿਤਾਉਣ ਦੀ ਇਛਾ ਮਨ ਵਿਚ ਪਾਲਣ ਵਾਲਿਓ! ਮੇਰੇ ਜਿਉਂਦੇ ਜੀਅ ਮੇਰੇ ਕੋਲ ਬਹਿ ਜਾਂਦੇ, ਆਪਾਂ ਦੁੱਖ-ਸੁੱਖ ਸਾਂਝਾ ਕਰਦੇ। ਮੌਤ ਤੋਂ ਬਾਅਦ ਤਾਂ ਮੈਂ ਨਹੀਂ ਹੋਵਾਂਗਾ। ਤੁਸੀਂ ਕਿਸ ਨੂੰ ਸੁਣਾਵੋਗੇ ਮੇਰੀਆਂ ਸਿਫਤਾਂ? ਤੁਹਾਡੇ ਨਾਲ ਬਿਤਾਏ ਪਲਾਂ ਦਾ ਚਸ਼ਮਦੀਦ ਨਹੀਂ ਹੋਵੇਗਾ। ਕੌਣ ਤੁਹਾਡੀਆਂ ਬਾਤਾਂ ਦਾ ਹੁੰਗਾਰਾ ਬਣੇਗਾ? ਮਰਨ-ਮਿੱਟੀ ਤਾਂ ਕਦੇ ਵੀ ਹੁੰਗਾਰਾ ਨਹੀਂ ਭਰਦੀ।
ਮੌਤ ਜ਼ਿੰਦਗੀ ਦਾ ਉਤਮ ਪੜਾਅ, ਸੁਚਾਰੂ ਰਹਿਤਲ ਦੀ ਚੋਟੀ। ਇਸ ਦੀ ਪਾਰਦਰਸ਼ਤਾ, ਪਾਕੀਜ਼ਗੀ ਅਤੇ ਸ਼ਫਾਫਤ ਵਿਚੋਂ ਤੁਰ ਗਿਆਂ ਦੀਆਂ ਯਾਦਾਂ ਦਾ ਕਾਫਲਾ ਹਰ ਰੋਂਦੀ ਅੱਖ ਵਿਚ ਤਰਦਾ ਅਤੇ ਮਰ ਗਏ ਦਾ ਤੱਸਵਰ ਚੇਤਿਆਂ ਦੀ ਸਰਜਮੀਂ ‘ਤੇ ਸਦੀਵ ਖੁਣਿਆ ਜਾਂਦਾ।
ਮੌਤ ਦਾ ਸਮਾਂ, ਸਥਾਨ ਤੇ ਸਥਿਤੀ ਨਿਸਚਿੱਤ। ਪਰ ਕਈ ਵਾਰ ਅਸੀਂ ਮੌਤ ਨੂੰ ਝਕਾਨੀ ਦੇ ਕੇ ਇਸ ਦਾ ਸਮਾਂ, ਸਥਾਨ ਤੇ ਸਥਿਤੀ ਖੁਦ ਮਿੱਥਦੇ। ਅਜਿਹੀ ਮੌਤ ਅਲਾਹੁਣੀਆਂ ਦੀ ਰੁੱਤ, ਵਿਹੜਿਆਂ ਦੇ ਨਾਮ ਕਰਦੀ, ਸੂਹੀਆਂ ਚੁੰਨੀਆਂ ਨੂੰ ਚਿੱਟੀਆਂ ਚੁੰਨੀਆਂ ‘ਚ ਬਦਲਦੀ। ਵੱਸਦੇ-ਰੱਸਦੇ ਘਰਾਂ ਵਿਚ ਮਕਾਣਾਂ ਅਤੇ ਕੀਰਨਿਆਂ ਦਾ ਮਾਰੂ ਰਾਗ ਗੂੰਜਦਾ, ਜੋ ਕੰਧਾਂ ਤੇ ਕਮਰਿਆਂ ਨੂੰ ਸਿਸਕਣ ਲਾ ਦਿੰਦਾ। ਦੁਨੀਆਂ ਦੇ ਹਰ ਕੋਨੇ ‘ਚ ਅਣਆਈਆਂ ਅਤੇ ਗੈਰ-ਕੁਦਰਤੀ ਮੌਤਾਂ ਦਾ ਵਰਤਾਰਾ, ਇਕ ਨਮੋਸ਼ੀ ਭਰਿਆ ਅਤੇ ਸਵੈ-ਮਾਰੂ ਰੁਝਾਨ, ਜੋ ਮਨੁੱਖਤਾ ਦੇ ਮੱਥੇ ‘ਤੇ ਕੁਲਹਿਣਾ ਨਿਸ਼ਾਨ। ਇਸ ਨੇ ਕੀਤਾ ਸਮੁੱਚੀ ਮਾਨਵਤਾ ਦਾ ਘਾਣ। ਸਭ ਤੋਂ ਮਾੜਾ ਏ ਧਰਮ ਦੇ ਨਾਮ ‘ਤੇ ਅਧਰਮੀ ਕਾਰਿਆਂ ਰਾਹੀਂ ਮਾਨਵੀ ਕਦਰਾਂ-ਕੀਮਤਾਂ ਦਾ ਕਤਲੇਆਮ। ਮਨੁੱਖੀ ਕਿਰਦਾਰ ਤੇ ਸਮਾਜਕ ਤਾਣੇ-ਬਾਣੇ ਵਿਚ ਪੈਦਾ ਕੀਤੀਆਂ ਇਨ੍ਹਾਂ ਉਲਝਣਾਂ ਨੇ, ਮੌਤ ਦਾ ਫੰਦਾ ਬਣ, ਸਮੁੱਚੀ ਦੁਨੀਆਂ ਨੂੰ ਸੂਲੀ ‘ਤੇ ਲਟਕਾ ਦਿਤਾ ਏ।
ਮੌਤ, ਮਾਂਗਵੀ ਜਾਂ ਮਸਨੂਈ ਨਹੀਂ। ਇਹ ਅਟੱਲ ਤੇ ਸਦੀਵ-ਸੱਚਾਈ। ਜਿਉਣਾ ਝੂਠ ਤੇ ਮਰਨਾ ਸੱਚ ਅਤੇ ਇਸ ਸੱਚ ਦੇ ਰੂਬਰੂ ਹੋਣ ਤੋਂ ਅਸੀਂ ਕੰਨੀ ਕਤਰਾਉਂਦੇ। ਮੌਤ ਦੇ ਜ਼ਨਾਜੇ ਵਿਚ ਸ਼ਾਮਲ ਹਰੇਕ ਵਿਅਕਤੀ ਇਹ ਸੋਚਦਾ ਕਿ ਇਹ ਹੀ ਮਰ ਗਿਆ। ਮੈਂ ਤਾਂ ਮਰਨਾ ਹੀ ਨਹੀਂ। ਅਗਰ ਅਸੀਂ ਇਸ ਸੱਚਾਈ ਨੂੰ ਮਨ ‘ਚ ਵਸਾ ਕੇ, ਆਪਣੀ ਜੀਵਨ-ਜਾਚ ਨੂੰ ਸੁਚਾਰੂ, ਉਸਾਰੂ ਅਤੇ ਹਾਂ-ਵਾਚਕ ਨਜ਼ਰੀਏ ਨਾਲ ਵਿਉਂਤੀਏ ਤਾਂ ਮੌਤ ਭੈ-ਭੀਤ ਨਹੀਂ ਕਰੇਗੀ। ਮੌਤ ਤਾਂ ਜੀਵਨ-ਪਲੈਟਫਾਰਮ ਏ, ਜਿਥੇ ਕੁਝ ਨੇ ਚੜ੍ਹਨਾ ਅਤੇ ਕੁਝ ਨੇ ਉਤਰਨਾ।
ਮੌਤ ਨੂੰ ਜੇ ‘ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ’ ਦੇ ਸਿਧਾਂਤ ਅਨੁਸਾਰ ਸਮਝਈਏ ਤਾਂ ਸਾਡੇ ਜੀਵਨ ਵਿਚ ਕੁਝ ਅਜਿਹਾ ਸਿਰਜਣ ਤੇ ਕਰਨ ਦਾ ਉਤਸ਼ਾਹ ਪੈਦਾ ਹੋਵੇਗਾ, ਜਿਸ ਨੂੰ ਦੁਨਿਆਵੀ ਰੂਪ ‘ਚ ਨਿਵੇਕਲੀਆਂ ਪੈੜਾਂ ਤੇ ਸਿਰਨਾਵਿਆਂ ਦੀ ਤਸ਼ਬੀਹ ਮਿਲੇਗੀ।
ਮੌਤ, ਸਾਹ ਆਉਣ ਤੇ ਸਾਹ ਰੁਕਣ ਵਿਚਲਾ ਅੰਤਰ। ਇਕ ਖਿਣ ਦਾ ਦੂਸਰੇ ਖਿਣ ਤੀਕ ਦਾ ਫਰਕ। ਅੱਖ ਝਪਕਣ ਜਿੰਨੀ ਦੇਰ ਨਾਲ ਕੁਝ ਦਾ ਕੁਝ ਹੋ ਜਾਂਦਾ। ਐਕਸੀਡੈਂਟ, ਸੈਲਫੀਆਂ ਲੈਣਾ ਜਾਂ ਮਸ਼ੀਨਰੀ ਦਾ ਨੁਕਸ, ਧੜਕਣ ਨੂੰ ਪਲ ‘ਚ ਸਥਲ ਕਰਦਾ ਅਤੇ ਮਨੁੱਖ ਇਕ ਲੋਥ ਬਣ ਧਰਤੀ ਨਾਲ ਸਦੀਵੀ ਸਾਂਝ ਪਾਉਂਦਾ।
ਮੌਤ ਤੋਂ ਪਹਿਲਾਂ ਹਰ ਪਲ ਨੂੰ ਮਾਣਨਾ, ਜ਼ਿੰਦਾਦਿਲੀ। ਡੁੱਬ ਰਹੇ ਟਾਈਟੈਨਿਕ ਸਮੁੰਦਰੀ ਜਹਾਜ ‘ਚ ਇਕ ਮੁਸਾਫਰ ਬੇਫਿਕਰੀ ਨਾਲ ਪੁਸਤਕ ਪੜ੍ਹ ਰਿਹਾ ਸੀ ਤਾਂ ਸਾਥੀਆਂ ਨੇ ਪੁਛਿਆ ਕਿ ਅੱਧੇ ਘੰਟੇ ਤੱਕ ਇਹ ਜਹਾਜ ਡੁੱਬ ਜਾਵੇਗਾ। ਤੈਨੂੰ ਡਰ ਨਹੀਂ ਲੱਗ ਰਿਹਾ ਮੌਤ ਦਾ? ਉਸ ਦਾ ਜਵਾਬ ਸੀ, ਮੌਤ ਤਾਂ ਅੱਧੇ ਘੰਟੇ ਨੂੰ ਆਉਣੀ ਆ। ਮੈਂ ਇਸ ਅੱਧੇ ਘੰਟੇ ਨੂੰ ਖਰਾਬ ਕਿਉਂ ਕਰਾਂ? ਤੇ ਉਹ ਪੁਸਤਕ ਪੜ੍ਹਨ ‘ਚ ਰੁੱਝ ਗਿਆ।
ਮੌਤ-ਦਰਗਾਹੇ ਸਜ਼ਦਾ ਕਰਦੇ, ਅੱਲ੍ਹਾ ਦੇ ਫੱਕਰ-ਫਕੀਰ। ਮੌਤ-ਵਣਜ ਦਾ ਲਾਹਾ ਲੈਂਦੇ, ਕੁਝ ਕੁ ਫੜ੍ਹ ਸ਼ਮਸ਼ੀਰ। ਮੌਤ ਦੀ ਵਹਿੰਗੀ ਮੋਢੇ ਚਾਈ ਤੁਰਦੇ ਨੇ ਕੁਝ ਲੋਕ। ਉਨ੍ਹਾਂ ਦੇ ਰਾਹਾਂ ਵਿਚ ਉਗਦੀ, ਯੁੱਗ-ਜਿਉਣ ਦੀ ਝੋਕ। ਕੁਝ ਕੁ ਖੁਣ ਲੈਂਦੇ ਮੱਥੇ, ਜਦ ਮੌਤ ਦਾ ਸਿਰਨਾਵਾਂ; ਤਾਂ ਕਦਮਾਂ ਵਿਚ ਫੈਲ ਜਾਂਦੀਆਂ, ਮੰਜ਼ਿਲਾਂ ਦੀਆਂ ਰਾਹਵਾਂ। ਮੌਤ ਇਕ ਮਰਦਾਨਗੀ ਬਣ ਕੇ, ਢੁਕਦੀ ਕੁਝ ਦੇ ਕੋਲ। ਤਾਂ ਸਮਿਆਂ ਦੀ ਬੀਹੀ ਗੂੰਜੇ, ਇਕ ਅਗੰਮੜਾ ਬੋਲ। ਮੌਤ ਬਣ ਅਸੀਸ ਸੁਖਾਵੀਂ, ਵਿਹੜੇ ਦੇ ਵਿਚ ਵੜ੍ਹਦੀ। ਤਾਂ ਉਸ ਘਰ ਦੇ ਸੁੰਨੇ ਬਨੇਰੀਂ, ਕਿਰਨ-ਅਲਾਹੀ ਚੜ੍ਹਦੀ। ਮੌਤ-ਮੁਹਾਰਨੀ ਜਦ ਹੋਠਾਂ ‘ਤੇ, ਪਹਿਰਾ ਆ ਕੇ ਪਾਉਂਦੀ। ਤਾਂ ਮਰਨਹਾਰੀ ਜਿੰਦ ਵਿਚਾਰੀ, ਮੁੜ ਕੇ ਜਿਉਣਾ ਚਾਹੁੰਦੀ। ਮੌਤ-ਮੁੱਲਾਂ ‘ਤੇ ਪਹਿਰਾ ਦੇ ਕੇ, ਇਸ ਦੇ ਨਕਸ਼ ਨਿਹਾਰੋ। ਖੁਦਕੁਸ਼ੀਆਂ ਦੀ ਮਾਤਮੀ ਰੱਤ ਨੂੰ, ਜੜ੍ਹ ਤੋਂ ਰਲ ਉਖਾੜੋ। ਮੌਤ ਤਾਂ ਇਕ ਮਾਂ ਵਰਗੀ ਏ, ਜਿਸ ਦੀ ਗੋਦ ਸੁਖਾਵੀਂ। ਮਕਤਲ ਵਿਚ ਸਿਰ ਧਰ ਕੇ ਸੌਣ ਦਾ, ਸੁੱਚਾ ਕਰਮ ਨਿਭਾਵੀਂ। ਲੀਰਾਂ ਲਿਪਟੇ ਤਨ ਦੇ ਵਿਹੜੇ, ਮੌਤੇ ਕਦੇ ਨਾ ਜਾਵੀਂ। ਨਾ ਹੀ ਕਿਸੇ ਹੱਸਦੇ ਬੱਚੇ ਦੇ, ਨੈਣੀਂ ਹੰਝ ਟਿਕਾਵੀਂ। ਮੌਤੇ ਨੀ ਖੇਤੀਂ ਖੁਦਕੁਸ਼ੀਆਂ ਦਾ, ਛੱਡ ਦੇ ਹੁਣ ਤੂੰ ਖਹਿੜਾ। ਵੈਣਾਂ ਵਿਚ ਭਿੱਜ ਗਿਆ ਏ, ਹੱਸਦਾ-ਰੱਸਦਾ ਵਿਹੜਾ। ਮੌਤੇ ਨੀ ਕਦੇ ਸੱਖਣੀ ਡਿਗਰੀ ਨੂੰ, ਮਰਨ ਦੀ ਇੱਛਾ ਨਾ ਹੋਵੇ। ਪੁੱਤ ਜੀਵੇ ਜੋ ਕੱਚੀਆਂ ਕੰਧਾਂ ਦੇ, ਯੁੱਗਾਂ ਦੇ ਧੋਣੇ ਧੋਵੇ। ਮੌਤੇ ਨੀ ਉਸ ਬਾਪ ਦੇ ਦੁੱਖ ਦਾ ਹਾਲ ਕਦੇ ਤੂੰ ਜਾਣੀ। ਜਿਸ ਕੋਲ ਆਪਣੇ ਲਾਡਲੇ ਦੀ, ਲਾਸ਼ ਨਾ ਗਈ ਪਛਾਣੀ। ਮੌਤੇ ਨੀ ਉਸ ਦਰ ਨਾ ਜਾਵੀਂ, ਜਿਥੇ ਰਹਿੰਦੀਆਂ ਧੀਆਂ। ਕੁੱਖ ‘ਚੋਂ ਬਚ ਕੇ ਹੁਣ ਚੱਲੀਆਂ ਨੇ, ਰਲ ਮਨਾਵਣ ਤੀਆਂ। ਮੌਤੇ ਨੇ ਮੇਰੀ ਉਮਰਾ ਵੀ ਉਸ ਘਰ ਨੂੰ ਲਾਵੀਂ, ਜਿਸ ਦੀਆਂ ਕੰਧਾਂ ਨੇ ਆਪਣੇ ਸਿਰ ਲਈਆਂ ਸਨ ਬਲਾਵੀਂ। ਮੌਤੇ ਨੀ ਜੇ ਤੇਰੇ ਦਰ ਤੋਂ, ਮੰਗੇ ਜੀਵਨ ਦੀ ਆਸ, ਤਾਂ ਭਰ ਭਰ ਕੇ ਝੋਲੀਆਂ ਵੰਡੀ ਕਰੀਂ ਨਾ ਕੋਈ ਨਿਰਾਸ਼।
ਮੌਤ ਕੋਈ ਕਹਿਰ ਨਹੀਂ। ਕਹਿਰ ਤਾਂ ਉਸ ਸਮੇਂ ਵਰਤਦਾ ਏ ਜਦ ਅਸੀਂ ਜਿਉਂਦੇ-ਜੀਅ ਅੰਦਰੋਂ ਮਰ ਜਾਂਦੇ ਹਾਂ ਅਤੇ ਜਿਉਣ ਦਾ ਢਕਵੰਜ ਕਰਦੇ। ਇਸ ਕਹਿਰ ਦਾ ਕੀ ਰੱਖੀਏ ਨਾਂ? ਕਿਹੜਾ ਧਰਮ ਤੇ ਕਿਹੜਾਂ ਗਰਾਂ? ਕੌਣ ਜਿਉਂਦਾ ਤੇ ਕੌਣ ਫਨਾਹ?
ਮੌਤ ਨਾਲ ਬੰਦਾ ਨਹੀਂ ਮਰਦਾ। ਕਈ ਵਾਰ ਉਹ ਸਰੀਰਕ ਤੌਰ ‘ਤੇ ਨਾ ਰਹੇ ਪਰ ਉਹ ਜਿਉਂਦਿਆਂ ਦੀਆਂ ਯਾਦਾਂ ਵਿਚ ਹਮੇਸ਼ਾ ਸੰਜੀਵ ਰਹਿੰਦਾ। ਉਸ ਨਾਲ ਜੁੜੀਆਂ ਯਾਦਾਂ ਦੀਆਂ ਤਹਿਆਂ ਵਿਚ ਨਿਕਲਦੀ ਸੁਗੰਧ, ਮਾਣਮੱਤਾ ਅਹਿਸਾਸ ਭਵਿੱਖ ਦੇ ਨਾਮ ਕਰਦੀ। ਆਪਣੇ ਬਜੁਰਗਾਂ, ਪੀਰਾਂ, ਗੁਰੂਆਂ, ਪੈਗੰਬਰਾਂ, ਸ਼ਹੀਦਾਂ ਅਤੇ ਨਾਇਕ ਸਾਡੇ ਚੇਤਿਆਂ ‘ਚ ਹਮੇਸ਼ ਵੱਸਦੇ।
ਮੌਤ ਨੂੰ ਮਾਣੋ। ਮੌਤ ਦਾ ਕੋਈ ਵਸਾਹ ਨਹੀਂ। ਅੱਜ ਨੂੰ ਖੂਬ ਮਾਣੋ। ਲੰਮੀ ਉਮਰ ਦੀ ਕਾਮਨਾ ਵਿਚ ਹੀ ਸਾਹਾਂ ਦੀ ਸੰਪਤੀ ਖਤਮ ਕਰਨ ਵਾਲਿਆਂ ਦੇ ਪੱਲੇ ਵਿਚ ਸਿਰਫ ਪਛਤਾਵਾ ਰਹਿ ਜਾਂਦਾ। ਮੌਤ ਵਿਚੋਂ ਜ਼ਿੰਦਗੀ ਦਾ ਰਸ ਚੱਖਣ ਵਾਲੇ ਅਤੇ ਹਰ ਪਲ ਵਿਚੋਂ ਸੁਖਨ, ਸਹਿਜ ਅਤੇ ਸੰਤੁਸ਼ਟੀ ਦਾ ਸੁਪਨ-ਸਜਾਉਣ ਵਾਲੇ ਜੀਵਨ-ਭਰਪੂਰਤਾ ਦਾ ਸੱਚ ਹੁੰਦੇ।
ਮੌਤ ਸਾਡੇ ‘ਤੇ ਹੱਸਦੀ। ਮਨੁੱਖੀ ਸੋਚ ‘ਤੇ ਵਿਅੰਗ ਕੱਸਦੀ। ਮਨੁੱਖੀ ਕਾਰਨਾਮਿਆਂ ‘ਤੇ ਕਟਾਕਸ਼ ਕਰਦੀ ਅਤੇ ਮਨੁੱਖ ਮਾਯੂਸੀ ਦੇ ਆਲਮ ਵਿਚ ਜਿਉਂਦਾ। ਹੱਸਦੀ ਮੌਤ ਨੂੰ ਹੱਸ ਕੇ ਦਿਖਾਓ। ਮੌਤ, ਤੁਹਾਨੂੰ ਜਿਉਣ ਦਾ ਸਬਕ ਦੇ ਜਾਵੇਗੀ।
ਮੌਤ, ਜ਼ਿੰਦਗੀ ਦਾ ਅਹਿਮ ਹਿੱਸਾ। ਇਸ ਤੋਂ ਅਲਹਿਦਗੀ ਸੰਭਵ ਨਹੀਂ ਅਤੇ ਨਾ ਹੀ ਜੀਵਨ ਦਾ ਪੂਰਕ ਆ। ਇਸ ਵਿਚੋਂ ਜੀਵਨ ਨੂੰ ਪਰਿਭਾਸ਼ਤ ਕਰੋਗੇ ਤਾਂ ਜੀਵਨ ਦੀ ਸਾਰਥਕਤਾ ਤੇ ਅਹਿਮੀਅਤ ਦਾ ਅਹਿਸਾਸ ਪੈਦਾ ਹੋਵੇਗਾ।
ਮੌਤ, ਕਸ਼ਟ ਨਹੀਂ। ਕਈ ਵਾਰ ਮਿੱਤਰਾਂ, ਸਬੰਧੀਆਂ ਅਤੇ ਸਕਿਆਂ ਵਲੋਂ ਲਾਏ ਫੱਟ, ਦਿਤੇ ਗਮ ਅਤੇ ਮਾਰੇ ਬੋਲ ਜ਼ਿਆਦਾ ਦੁਖਦਾਈ ਤੇ ਕਸ਼ਟਮਈ ਹੁੰਦੇ। ਮੌਤ ਤਾਂ ਇਨ੍ਹਾਂ ਕਸ਼ਟਾਂ ਤੋਂ ਨਿਜ਼ਾਤ ਹੁੰਦੀ।
ਮੌਤ ਇਕ ਨਿਆਮਤ ਤੇ ਵਰਦਾਨ ਜੋ ਜੀਵਨ ਦੇ ਸੁੱਖਦਾਈ ਅੰਤ ਅਤੇ ਸਹਿਜ ਵਰਤਾਰੇ ਵਿਚੋਂ ਆਪਣੀ ਦ੍ਰਿਸ਼ਟੀ ਦਾ ਬਿੰਬ ਕਰਮ-ਧਰਾਤਲ ਦੇ ਨਾਮ ਕਰਦੀ।
ਮੌਤ ਵਿਚੋਂ ਜਿਉਣ, ਰੋਣ ਵਿਚੋਂ ਹੱਸਣ, ਦੁੱਖ ਵਿਚੋਂ ਸੁੱਖ, ਹਾਰ ਵਿਚੋਂ ਜਿੱਤ, ਨਾ-ਕਾਮਯਾਬੀ ਵਿਚੋਂ ਕਾਮਯਾਬੀ ਅਤੇ ਭੁੱਖ ਵਿਚੋਂ ਰੱਜ ਨੂੰ ਚਿੱਤਵਣ ਵਾਲੇ ਲੋਕ ਹੀ ਇਨਸਾਨੀਅਤ ਦੇ ਮਾਰਗੀ ਅਤੇ ਉਨ੍ਹਾਂ ਦੀ ਜ਼ਹਿਨੀਅਤ ਸਰਬਾਂਗੀ ਗੁਣਾਂ ਦਾ ਖਜਾਨਾ।
ਮਰੋ ਇਸ ਤਰ੍ਹਾਂ ਕਿ ਜਿਉਣਾ ਸਦਾ ਯਾਦ ਰਹੇ ਅਤੇ ਜੀਵੋ ਇਸ ਤਰ੍ਹਾਂ ਕਿ ਮਰਨਾ ਕਦੇ ਨਾ ਵਿਸਰੇ। ਹੱਸੋ ਇਸ ਤਰ੍ਹਾਂ ਕਿ ਰੋਣਾ ਯਾਦ ਰਹੇ ਅਤੇ ਰੋਵੋ ਇਸ ਤਰਾਂ ਕਿ ਹੱਸਣਾ ਵੀ ਤੁਹਾਡੀ ਸੋਚ-ਜੂਹ ਵਿਚ ਵੱਸਿਆ ਰਹੇ। ਵੱਸੋ ਇਸ ਤਰ੍ਹਾਂ ਕਿ ਉਜੜਨ ਦਾ ਖਿਆਲ ਵੀ ਰਹੇ ਅਤੇ ਉਜੜੋ ਇਸ ਤਰ੍ਹਾਂ ਕਿ ਤੁਹਾਡਾ ਵੱਸਣਾ ਯਾਦਗਾਰੀ ਹੋਵੇ। ਮਿਲੋ ਇਸ ਤਰ੍ਹਾਂ ਕਿ ਵਿਛੜਨ ਦਾ ਚੇਤਾ ਵੀ ਰਹੇ ਅਤੇ ਵਿਛੜੋ ਇਸ ਤਰ੍ਹਾਂ ਕਿ ਤੁਹਾਡਾ ਮਿਲਣਾ ਕਿਸੇ ਦੇ ਚੇਤਿਆਂ ਵਿਚ ਘਰ ਕਰ ਜਾਵੇ। ਬੋਲੋ ਇਸ ਤਰ੍ਹਾਂ ਕਿ ਤੁਹਾਡੀ ਚੁੱਪ ਵੀ ਪ੍ਰਸ਼ਨ ਪੈਦਾ ਕਰੇ ਅਤੇ ਚੁੱਪ ਇਸ ਤਰ੍ਹਾਂ ਹੋਵੋ ਕਿ ਇਹ ਬਹੁਤ ਕੁਝ ਅਣਬੋਲਿਆ ਵਕਤ ਦੇ ਬੋਲੇ ਕੰਨਾਂ ਨੂੰ ਸੁਣਾ ਦੇਵੇ। ਲਿਖੋ ਇਸ ਤਰ੍ਹਾਂ ਕਿ ਹਰਫ ਮਿੱਟ ਕੇ ਦੱਗਦੇ ਰਹਿਣ ਅਤੇ ਹਰਫਾਂ ਨੂੰ ਮਿਟਾਓ ਇਸ ਤਰ੍ਹਾਂ ਕਿ ਉਨ੍ਹਾਂ ਦੇ ਨਕਸ਼ ਸਮੇਂ ਦੀ ਧੜਕਣ ਬਣੇ ਰਹਿਣ। ਤੁਰੋ ਇਸ ਤਰ੍ਹਾਂ ਕਿ ਕਿਸੇ ਮੋੜ ‘ਤੇ ਰੁਕਣਾ ਤੇ ਮੁੜਨਾ ਵੀ ਯਾਦ ਰਹੇ ਅਤੇ ਰੁਕੋ ਇਸ ਤਰ੍ਹਾਂ ਕਿ ਤੁਰਨਾ ਤੇ ਮੋੜ ਕੱਟਣਾ ਤੁਹਾਡੇ ਕਦਮਾਂ ‘ਚ ਮਚਲਦਾ ਰਹੇ।
ਮੌਤ ਦੇ ਮਾਣਮੱਤੇ ਮੁਹਾਂਦਰੇ ਬਾਰੇ ਗੁਰਬਾਣੀ ਦਾ ਫੁਰਮਾਨ ਹੈ, “ਮੁਇਆ ਉਨ ਤੇ ਕੋ ਵਰਸਾਂਨੇ ॥੧॥” ਯਾਨਿ ਜੇ ਚੰਗਿਆਈ ਕਰਨੀ ਏ ਤਾਂ ਜਿਉਂਦੇ ਜੀ ਕਰੋ। ਮਰਨ ਤੋਂ ਬਾਅਦ ਤਾਂ ਕੁਝ ਵੀ ਮਨੁੱਖ ਦੇ ਵੱਸ ਨਹੀਂ ਰਹਿਣਾ। ਸਭ ਅਕਾਰਥ ਹੋਵੇਗਾ।
ਦਰਅਸਲ ਸਰੀਰਕ ਮੌਤ ਤੋਂ ਅਹਿਮ ਹੈ ਸਾਡੇ ਵਿਕਾਰਾਂ, ਘਟੀਆ ਸੋਚ ਅਤੇ ਮਨੁੱਖ ਦੀਆਂ ਮਾਰੂ ਬਿਰਤੀਆਂ ਦੀ ਮੌਤ ਦਾ ਸਵਾਲ, ਜਿਨ੍ਹਾਂ ਦੀ ਮੌਤ ਦੇ ਜਸ਼ਨਾਂ ਬਾਰੇ ਗੁਰਬਾਣੀ ਫੁਰਮਾਉਂਦੀ ਏ, “ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ॥੩॥੫॥੩੯॥” ਮੌਤ ਨੂੰ ਸ਼ਾਬਦਿਕ ਅਰਥਾਂ ਤੀਕ ਸੀਮਤ ਕਰਨ ਦੀ ਥਾਂ ਇਸ ਦੀ ਜੀਵਨ-ਸਾਰਥਕਤਾ ਤੇ ਜੀਵਨ-ਸੇਧ ਵੰਨੀਂ ਪ੍ਰੇਰਿਤ ਹੋਣ ਅਤੇ ਇਸ ਦੀਆਂ ਸਰਬਮੁਖੀ ਪਰਤਾਂ ਨੂੰ ਫਰੋਲਣ ਤੇ ਇਸ ਨੂੰ ਜੀਵਨ ਆਧਾਰ ਬਣਾਉਣ ਦੀ ਲੋੜ ਏ।
ਮੌਤ-ਮਲੰਗੀ ਨੂੰ ਮਾਣੋ। ਇਸ ਮਲੰਗੀ ਵਿਚੋਂ ਜੀਵਨ ਤਰਜ਼ੀਹਾਂ, ਸੰਭਾਵਨਾਵਾਂ, ਸੁਪਨਿਆਂ ਅਤੇ ਸਫਲਤਾਵਾਂ ਨੂੰ ਸੋਚ-ਸਰਦਲ ਦਾ ਹਿੱਸਾ ਬਣਾਉਣ ਤੇ ਤੁਹਾਨੂੰ ਮੌਤ-ਨਿਆਮਤ ਵਿਚੋਂ ਸੁੱਚੀਆਂ-ਸੱਚੀਆਂ ਸੁਹਜ ਭਰਪੂਰ ਸੁਖਨ ਮਾਰਗਾਂ ਦਾ ਸਿਰਨਾਵਾਂ ਮਿਲੇਗਾ।