ਹਿੰਸਕ ਹੋਈਆਂ ਪੰਚਾਇਤੀ ਚੋਣਾਂ

ਚੰਡੀਗੜ੍ਹ: ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਸਬੰਧੀ ਨਾਮਜ਼ਦਗੀਆਂ ਮੌਕੇ ਵੱਡੇ ਪੱਧਰ ਉਤੇ ਵੱਢ-ਟੁੱਕ ਅਤੇ ਗੋਲੀ ਚੱਲਣ ਦੀ ਘਟਨਾਵਾਂ ਨੇ ਪੰਜਾਬ ਵਿਚ ਅਮਨ-ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ ਉਤੇ ਸਵਾਲ ਚੁੱਕੇ ਹਨ। ਨਾਮਜ਼ਦਗੀਆਂ ਦੇ ਆਖਰੀ ਦਿਨ ਤਰਨ ਤਾਰਨ, ਪੱਟੀ ਅਤੇ ਮੋਗਾ ਜ਼ਿਲ੍ਹੇ ਦੇ ਧਰਮਕੋਟ ਵਿਚ ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਝੜਪਾਂ ਦੌਰਾਨ ਗੋਲੀਆਂ ਚੱਲੀਆਂ।

ਇਸ ਦੌਰਾਨ ਕਈ ਅਕਾਲੀ ਤੇ ਕਾਂਗਰਸੀ ਵਰਕਰ ਜਖ਼ਮੀ ਹੋਏ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀ ਕੁੱਟਮਾਰ ਕੀਤੀ ਗਈ। ਕੁਝ ਉਮੀਦਵਾਰਾਂ ਤੋਂ ਕਾਗਜ਼ ਖੋਹੇ ਗਏ। ਬਠਿੰਡਾ ਵਿਚ ਆਮ ਆਦਮੀ ਪਾਰਟੀ ਦੇ ਇਕ ਉਮੀਦਵਾਰ ਦੀ ਹੱਤਿਆ ਕਰ ਦਿੱਤੀ ਗਈ।
ਇਸ ਹਿੰਸਾ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਦੋਵੇਂ ਪੱਖਾਂ ਵੱਲੋਂ ਇਕ-ਦੂਜੇ ‘ਤੇ ਲਗਭਗ 100 ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ ਪੁਲਿਸ ਨੇ ਗੋਲੀਬਾਰੀ ਵਿਚ ਸ਼ਾਮਲ ਲੋਕਾਂ ਦੀ ਸ਼ਨਾਖ਼ਤ ਨਹੀਂ ਕੀਤੀ, ਫਿਰ ਵੀ ਇਸ ਹਿੰਸਾ ਵਿਚ ਕਰੀਬ ਦੋ ਦਰਜਨ ਲੋਕ ਜਖ਼ਮੀ ਹੋਏ ਹਨ। ਇਸ ਹਿੰਸਾ ਲਈ ਅਕਾਲੀ ਅਤੇ ਕਾਂਗਰਸੀ ਨੇਤਾਵਾਂ ਵਲੋਂ ਇਕ-ਦੂਜੇ ਉਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ। ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦੀ ਆਖਰੀ ਤਰੀਕ ਨੂੰ ਇਕ-ਦੂਜੇ ਤੋਂ ਪਹਿਲਾਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਦੌੜ ਵਿਚ ਰਾਜਨੀਤਕ ਪਾਰਟੀਆਂ ਦੇ ਕਾਰਕੁਨ ਆਪਸ ਵਿਚ ਟਕਰਾਉਂਦੇ ਰਹੇ। ਡੇਰਾ ਬਾਬਾ ਨਾਨਕ ਅਤੇ ਪੱਟੀ ਵਿਚ ਵੀ ਰਾਜਨੀਤਕ ਪਾਰਟੀਆਂ ਦੇ ਵੱਖ-ਵੱਖ ਧੜਿਆਂ ਵਿਚਾਲੇ ਪਥਰਾਅ ਕੀਤੇ ਜਾਣ ਅਤੇ ਲਾਠੀਆਂ ਨਾਲ ਇਕ-ਦੂਜੇ ਦੇ ਕਾਰਕੁਨਾਂ ਨੂੰ ਖਦੇੜੇ ਜਾਣ ਦੀਆਂ ਸੂਚਨਾਵਾਂ ਮਿਲੀਆਂ ਹਨ।
ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਵੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ‘ਚ ਪਾਈ ਰੁਕਾਵਟ ਦਾ ਦੋਸ਼ ਲਾਇਆ ਹੈ। ਇਸ ਦੇ ਬਾਵਜੂਦ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅਮਲ ਪੂਰਾ ਹੋਇਆ ਅਤੇ ਹੁਣ 19 ਸਤੰਬਰ ਨੂੰ ਚੋਣਾਂ ਹੋ ਰਹੀਆਂ ਹਨ। ਇਹ ਪਹਿਲੀ ਵਾਰ ਨਹੀਂ ਜਦੋਂ ਚੋਣਾਂ ਮੌਕੇ ਸਿਆਸੀ ਧਿਰਾਂ ਵਿਚ ਅਜਿਹਾ ਟਕਰਾਓ ਹੋਇਆ ਹੋਵੇ। ਇਸ ਤੋਂ ਪਹਿਲਾਂ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਵਿਚ ਵੀ ਵੱਡੇ ਪੱਧਰ ਉਤੇ ਵੱਢ-ਟੁੱਕ ਹੋਈ ਸੀ। ਉਸ ਸਮੇਂ ਅਕਾਲੀਆਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। ਹਾਲਾਤ ਹੁਣ ਵੀ ਉਸੇ ਤਰ੍ਹਾਂ ਹਨ।