ਨਸ਼ਾ ਤਸਕਰੀ: ਮਜੀਠੀਏ ਦੀ ‘ਤਾਕਤ’ ਤੋਂ ਹਾਈ ਕੋਰਟ ਵੀ ਦੰਗ

ਕੈਪਟਨ ਦੀ ਰਣਨੀਤੀ ‘ਤੇ ਵੀ ਉਠੇ ਸਵਾਲ
ਚੰਡੀਗੜ੍ਹ: ਪੰਜਾਬ ਵਿਚ 6 ਹਜ਼ਾਰ ਕਰੋੜ ਦੀ ਨਸ਼ਾ ਤਸਕਰੀ ਵਾਲੇ ਕੇਸ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਸ਼ਮੂਲੀਅਤ ਦਾ ਮਾਮਲਾ ਫਿਰ ਭਖ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ ਨੇ ਇਸ ਅਕਾਲੀ ਆਗੂ ਨੂੰ ਹੱਥ ਪਾਉਣ ਵਿਚ ਬੇਵਸੀ ਜ਼ਹਿਰ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ।

ਦੱਸ ਦਈਏ ਕਿ ਇਸ ਮਾਮਲੇ ਵਿਚ ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ, ਉਸ ਦੇ ਲੜਕੇ ਦਮਨਵੀਰ ਸਿੰਘ ਫਿਲੌਰ, ਸਾਬਕਾ ਸੰਸਦੀ ਸਕੱਤਰ ਅਵਿਨਾਸ਼ ਚੰਦਰ ਅਤੇ ਜਗਜੀਤ ਸਿੰਘ ਚਾਹਲ ਦੀ ਪਤਨੀ ਇੰਦਰਜੀਤ ਕੌਰ ਵਿਰੁਧ ਦੋਸ਼ ਤੈਅ ਹੋਣੇ ਸਨ ਪਰ ਈ.ਡੀ. ਅਧਿਕਾਰੀ ਨਿਰੰਜਣ ਸਿੰਘ ਨੇ ਜੱਜ ਦਾ ਇਹ ਕਹਿ ਕੇ ਪਾਰਾ ਚਾੜ੍ਹ ਦਿੱਤਾ ਕਿ ਇਸ ਮਾਮਲੇ ਵਿਚ ਅਜੇ ਮਜੀਠੀਆ ਤੋਂ ਪੁੱਛਗਿਛ ਕਰਨੀ ਹੈ ਜੋ ਕੇਸ ਵਿਚ ਬਿਲਕੁਲ ਸਹਿਯੋਗ ਨਹੀਂ ਕਰ ਰਿਹਾ।
ਯਾਦ ਰਹੇ ਕਿ ਈ.ਡੀ. ਕੋਲ ਮਜੀਠੀਆ ਦੀ ਗ੍ਰਿਫਤਾਰੀ ਦਾ ਹੱਕ ਹੈ ਪਰ ਅਜੇ ਤਕ ਅਜਿਹਾ ਕੀਤਾ ਨਹੀਂ ਗਿਆ। ਇਸ ‘ਤੇ ਈ.ਡੀ. ਨੂੰ ਝਾੜ ਪਾਉਂਦਿਆਂ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਨੇ ਆਖ ਦਿੱਤਾ ਕਿ ਹੁਣ ਬਹੁਤ ਸਬਰ ਹੋ ਗਿਆ, ਬੱਸ ਹੋਰ ਨਹੀਂ। ਅਦਾਲਤ ਦੀ ਇਹ ਸਖਤੀ ਸੰਕੇਤ ਦੇ ਰਹੀ ਹੈ ਕਿ ਅਕਾਲੀ ਦਲ ਦੇ ਇਸ ਤਾਕਤਵਰ ਆਗੂ ਅੱਗੇ ਜਾਂਚ ਏਜੰਸੀਆਂ ਦੀ ਬੇਵੱਸੀ ਕਿਸ ਹੱਦ ਤੱਕ ਪੁੱਜ ਗਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਮਜੀਠੀਆ ਨਾਲ ਲਿਹਾਜ਼ ਬਾਰੇ ਸਵਾਲ ਚੁੱਕੇ ਹਨ। ਖਹਿਰਾ ਨੇ ਇਥੋਂ ਤੱਕ ਆਖ ਦਿੱਤਾ ਕਿ ਜਦ ਈ.ਡੀ. ਕੋਲ ਸਾਰੇ ਸਬੂਤ ਹਨ, ਜੇ ਫਿਰ ਵੀ ਮਜੀਠੀਆ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਤਾਂ ਕੁਝ ਗੜਬੜ ਜ਼ਰੂਰ ਹੈ।
ਚੇਤੇ ਰਹੇ ਕਿ ਇਸ ਮਾਮਲੇ ਵਿਚ ਮੁੱਖ ਮੁਲਜ਼ਮ ਜਗਦੀਸ਼ ਸਿੰਘ ਭੋਲਾ ਨੇ ਪੁਲਿਸ ਹਿਰਾਸਤ ਵਿਚ ਸ਼ਰੇਆਮ ਮਜੀਠੀਆ ਦਾ ਨਾਂ ਲਿਆ ਸੀ। ਇਸ ਪਿਛੋਂ ਈ.ਡੀ. ਨੇ ਮਜੀਠੀਆ ਨੂੰ ਪੁੱਛਗਿਛ ਲਈ ਸੱਦਿਆ ਸੀ ਪਰ ਇਸ ਤੋਂ ਅੱਗੇ ਕੀ ਕਾਰਵਾਈ ਹੋਈ, ਇਸ ਦੀ ਭਾਫ ਤੱਕ ਨਹੀਂ ਕੱਢੀ ਗਈ। ਅਕਾਲੀ ਸਰਕਾਰ ਸਮੇਂ ਇਹ ਮਾਮਲਾ ਕਾਫੀ ਭਖਿਆ ਸੀ, ਪਰ ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁੱਲ੍ਹ ਕੇ ਮਜੀਠੀਆ ਦੇ ਹੱਕ ਵਿਚ ਡਟੇ ਰਹੇ। ਮਜੀਠੀਆ ਦੇ ਅਸਤੀਫੇ ਦੀ ਮੰਗ ਉਠੀ ਤਾਂ ਬਾਦਲ ਨੇ ਇਹੀ ਤਰਕ ਦਿੱਤਾ ਕਿ ਜਾਂਚ ਜਾਰੀ ਹੈ, ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਹੁਣ ਇਹੀ ਰਟ ਕੈਪਟਨ ਅਮਰਿੰਦਰ ਸਰਕਾਰ ਨੇ ਲਾਈ ਹੋਈ ਹੈ। ਹਾਲਾਂਕਿ ਵਿਧਾਨ ਸਭਾ ਚੋਣਾਂ ਵਿਚ ਮਜੀਠੀਏ ਦੀ ਗ੍ਰਿਫਤਾਰੀ ਦਾ ਮੁੱਦਾ ਵੱਡੇ ਪੱਧਰ ਉਤੇ ਉਭਾਰਿਆ ਗਿਆ ਸੀ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਬਣਦਿਆਂ ਪਹਿਲਾ ਕੰਮ ਮਜੀਠੀਏ ਨੂੰ ਅੰਦਰ ਕਰਨਾ ਹੋਵੇਗਾ। ਹੁਣ ਕਾਂਗਰਸ ਦੀ ਸਰਕਾਰ ਬਣਿਆਂ ਪੌਣੇ ਦੋ ਸਾਲ ਹੋ ਗਏ ਹਨ ਅਤੇ ਇਸ ਧਿਰ ਦੇ ਆਪਣੇ ਮੰਤਰੀ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਵਾਅਦਾ ਚੇਤੇ ਕਰਵਾ ਰਹੇ ਹਨ, ਪਰ ਹੁਣ ਕੈਪਟਨ ਵੀ ਸਾਬਕਾ ਮੁੱਖ ਮੰਤਰੀ ਬਾਦਲ ਵਾਲਾ ਜਵਾਬ ਹੀ ਦੇ ਰਹੇ ਹਨ। ਕੈਪਟਨ ਨੇ ਚੋਣਾਂ ਤੋਂ ਪਹਿਲਾਂ ਚਾਰ ਹਫਤਿਆਂ ਵਿਚ ਨਸ਼ਿਆਂ ਦਾ ਖਾਤਮਾ ਕਰਨ ਦਾ ਵਾਅਦਾ ਵੀ ਕੀਤਾ ਸੀ ਪਰ ਇਸ ਪਾਸੇ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋ ਸਕੀ। ਕੈਪਟਨ ਨੇ ਸਰਕਾਰ ਬਣਦੇ ਸਾਰ ਇਸ ਸਬੰਧੀ ਵਿਸ਼ੇਸ਼ ਟਾਸਕ ਫੋਰਸ ਬਣਾਈ ਸੀ ਪਰ ਹੁਣ ਇਹ ਵੀ ਵਿਵਾਦਾਂ ਦਾ ਵਿਸ਼ਾ ਬਣੀ ਹੋਈ ਹੈ।
ਕੈਪਟਨ ਨੇ ਅਚਾਨਕ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਹਟਾ ਦਿੱਤਾ ਹੈ। ਸਿੱਧੂ ਦੀ ਥਾਂ ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਮੁਹੰਮਦ ਮੁਸਤਫਾ ਐਸ਼ਟੀ.ਐਫ਼ ਦੀ ਕਮਾਨ ਸਾਂਭਣਗੇ। ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ. ਹਰਪ੍ਰੀਤ ਸਿੱਧੂ ਸਖਤ ਪੁਲਿਸ ਅਫਸਰ ਵਜੋਂ ਜਾਣੇ ਜਾਂਦੇ ਹਨ। ਹਰਪ੍ਰੀਤ ਸਿੱਧੂ ਨੇ ਹੀ ਕੁਝ ਸਮਾਂ ਪਹਿਲਾਂ ਮਜੀਠੀਆ ਬਾਰੇ ਆਪਣੀ ਰਿਪੋਰਟ ਵਿਚ ਖੁਲਾਸਾ ਕੀਤਾ ਸੀ। ਰਿਪੋਰਟ ਵਿਚ ਬਿਕਰਮ ਮਜੀਠੀਆ ਵਿਰੁਧ ਅੱਗੇ ਜਾਂਚ ਕਰਨ ਦੀ ਸਿਫਾਰਸ਼ ਵੀ ਕੀਤੀ ਗਈ ਸੀ। ਹਾਈ ਕੋਰਟ ਨੇ ਸਿੱਧੂ ਦੀ ਇਹ ਰਿਪੋਰਟ ਪੰਜਾਬ ਸਰਕਾਰ ਨੂੰ ਐਕਸ਼ਨ ਲੈਣ ਲਈ ਭੇਜੀ ਹੋਈ ਹੈ।
ਸਿੱਧੂ ਵੱਲੋਂ ਹਾਈ ਕੋਰਟ ਵਿਚ ਰਿਪੋਰਟ ਦੇਣ ਤੋਂ ਕੈਪਟਨ ਬਹੁਤੇ ਖੁਸ਼ ਨਹੀਂ ਸਨ। ਇੰਨਾ ਹੀ ਨਹੀਂ, ਪੰਜਾਬ ਪੁਲਿਸ ਦੇ ਡੀ.ਜੀ.ਪੀ. ਪੱਧਰ ਦੇ ਅਧਿਕਾਰੀਆਂ ਦਾ ਟੋਲਾ ਵੀ ਸਿੱਧੂ ਨਾਲ ਖਾਰ ਖਾਂਦਾ ਸੀ। ਕੈਪਟਨ ਨੇ ਖੁਦ ਦੀ ਸਿੱਧੂ ਬਾਰੇ ਇਕ ਵਾਰ ਵਿਧਾਨ ਸਭਾ ਵਿਚ ਕਿਹਾ ਸੀ ਕਿ ਐਸ਼ਟੀ.ਐਫ਼ ਵਿਚ ਮੈਂ ਇਹੋ ਜਿਹਾ ਅਫਸਰ ਲਾਇਆ ਹੈ, ਜਿਹੜਾ ਮੇਰੀ ਸਿਫਾਰਸ਼ ਵੀ ਨਹੀਂ ਮੰਨਦਾ। ਹੁਣ ਵੱਡਾ ਸਵਾਲ ਇਹ ਹੈ ਕਿ ਅਜਿਹੇ ਅਫਸਰ ਤੋਂ ਕੈਪਟਨ ਦਾ ਮੋਹ ਇੰਨੀ ਛੇਤੀ ਭੰਗ ਕਿਉਂ ਹੋਇਆ।
ਇਕ ਹੋਰ ਗੱਲ, ਜਦ ਕੈਪਟਨ ਨੇ ਹਰਪ੍ਰੀਤ ਸਿੱਧੂ ਨੂੰ ਐਸ਼ਟੀ.ਐਫ਼ ਚੀਫ ਬਣਾਉਣ ਲਈ ਸੈਂਟਰਲ ਡੈਪੂਟੇਸ਼ਨ ਤੋਂ ਅੱਧ ਵਿਚਾਲੇ ਵਾਪਸ ਬੁਲਾਇਆ ਸੀ, ਉਦੋਂ ਵੀ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਪੰਜਾਬ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਸਨ। ਜੇ ਕੈਪਟਨ ਨੂੰ ਮੁਸਤਫਾ ਇੰਨੇ ਕਾਬਲ ਲੱਗਦੇ ਹਨ ਤਾਂ ਉਦੋਂ ਹੀ ਸਿੱਧੂ ਦੀ ਥਾਂ ਮੁਸਤਫਾ ਨੂੰ ਹੀ ਐਸ਼ਟੀ.ਐਫ਼ ਦਾ ਮੁਖੀ ਕਿਉਂ ਨਹੀਂ ਲਗਾ ਦਿੱਤਾ ਗਿਆ। ਸੱਤਾ ਦੇ ਗਲਿਆਰਿਆਂ ਵਿਚ ਇਹ ਚਰਚਾ ਹੈ ਕਿ ਪੁਲਿਸ ਦੀ ਇਕ ‘ਲਾਬੀ’ ਨੇ ਹਰਪ੍ਰੀਤ ਸਿੱਧੂ ਨੂੰ ਖੁੱਡੇ ਲਾਉਣ ਲਈ ਸੀ.ਐਮ.ਓ. ਵਿਚ ਵੱਡੇ ਰੈਂਕ ਦੇਣ ਦੀ ਚਾਲ ਚੱਲੀ ਹੈ, ਜਿਥੇ ਇਹੋ ਨਹੀਂ ਪਤਾ ਕਿ ਉਹ ਕਰਨਗੇ ਕੀ?