ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਕ ਵਾਰ ਫਿਰ ਆਪਣੇ ਪੁੱਤਰ-ਮੋਹ ਦੀ ਗ੍ਰਿਫਤ ਵਿਚ ਆ ਗਏ ਹਨ ਅਤੇ ਬਿਮਾਰ ਹੋਣ ਦੇ ਬਾਵਜੂਦ ਰੈਲੀ ਵਿਚ ਉਚੇਚੇ ਸ਼ਾਮਲ ਹੋ ਕੇ ਉਹੀ ਪੁਰਾਣਾ ਰਾਗ ਅਲਾਪਦੇ ਨਜ਼ਰ ਆਏ। ਯਾਦ ਰਹੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ‘ਤੇ ਬਾਦਲ ਪਿਓ-ਪੁੱਤਰ ਬੁਰੀ ਤਰ੍ਹਾਂ ਫਸੇ ਹੋਏ ਹਨ। ਲੋਕ ਰੋਹ ਕਾਰਨ ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਉਤੇ ਤਾਂ ਸਿੱਧਾ ਅਸਰ ਪਿਆ ਹੀ ਹੈ,
ਪਾਰਟੀ ਦੇ ਕੁਝ ਆਗੂਆਂ ਨੇ ਵੀ ਸਿਰ ਚੁੱਕਦਿਆਂ ਕੁਝ ਸਵਾਲ ਦਾਗੇ ਹਨ। ਹਾਲ ਹੀ ਵਿਚ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਬੇਅਦਬੀ ਮਾਮਲਿਆਂ ਦੀ ਛਾਣਬੀਣ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ ਗਈ ਸੀ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਬਿਮਾਰ ਕਹਿ ਕੇ ਇਸ ਸੈਸ਼ਨ ਵਿਚ ਸ਼ਾਮਲ ਨਹੀਂ ਸਨ ਹੋਏ। ਹੁਣ ਜਦੋਂ ਅਕਾਲੀ ਦਲ ਵੱਲੋਂ ਇਸ ਸੈਸ਼ਨ ਵਿਚ ਬਹਿਸ ਦੌਰਾਨ ਬਾਈਕਾਟ ਕਰਨ ਦਾ ਮਾਮਲਾ ਬਾਦਲਾਂ ਸਿਰ ਪੁੱਠਾ ਪੈ ਗਿਆ ਹੈ, ਲੋਕਾਂ ਅੰਦਰ ਰੋਹ ਲਗਾਤਾਰ ਵਧ ਰਿਹਾ ਹੈ ਅਤੇ ਪਾਰਟੀ ਦੇ ਕੁਝ ਆਗੂ ਵੀ ਵਿਰੁਧ ਬੋਲਣ ਲੱਗ ਪਏ ਹਨ ਤਾਂ ਬਿਮਾਰ ਬਾਦਲ ਅਬੋਹਰ ਵਿਚ ਕੀਤੀ ਰੈਲੀ ਵਿਚ ਦਿਖਾਈ ਦਿੱਤੇ। ਇਸ ਰੈਲੀ ਵਿਚ ਉਨ੍ਹਾਂ ਬੇਅਦਬੀ ਬਾਰੇ ਉਠ ਰਹੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ, ਸਗੋਂ ਇਸ ਦੀ ਥਾਂ ਪੰਜਾਬ ਦੀ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ ਕੋਈ ਵੀ ਕੁਰਬਾਨੀ ਕਰਨ ਦਾ ਐਲਾਨ ਕੀਤਾ। ਕੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਿਨਾ ਕਿਸੇ ਠੋਸ ਕਾਰਨ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਮਾਰ ਦੇਣ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਨਾਲ ਫਿਰਕੂ ਸਦਭਾਵਨਾ ਟੁੱਟਦੀ ਹੈ? ਮੁੱਖ ਮਸਲਾ ਤਾਂ ਹੁਣ ਇਹੀ ਹੈ ਕਿ ਇਨ੍ਹਾਂ ਲੜੀਵਾਰ ਘਟਨਾਵਾਂ ਲਈ ਜਿੰਮੇਵਾਰ ਬੰਦਿਆਂ ਵਿਰੁਧ ਕਾਰਵਾਈ ਹੋਵੇ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਜਿਹੜੀਆਂ ਤਾਰਾਂ ਜੋੜੀਆਂ ਹਨ, ਉਸ ਨਾਲ ਉਂਗਲ ਸਿੱਧੀ ਜਾਂ ਅਸਿੱਧੀ ਬਾਦਲਾਂ ਵੱਲ ਵੀ ਉਠਦੀ ਹੈ। ਇਸ ਤੱਥ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਉਸ ਵਕਤ ਬਤੌਰ ਗ੍ਰਹਿ ਮੰਤਰੀ ਪੁਲਿਸ ਫੋਰਸ ਦੀ ਕਮਾਨ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਸੀ। ਫੋਨ ਕਾਲਾਂ ਦੇ ਵੇਰਵੇ ਦੱਸਦੇ ਹਨ ਕਿ ਗੋਲੀ ਚੱਲਣ ਤੋਂ ਪਹਿਲਾਂ ਮੁੱਖ ਮੰਤਰੀ ਅਤੇ ਪੁਲਿਸ ਮੁਖੀ ਵਿਚਕਾਰ ਬਾਕਾਇਦਾ ਰਾਬਤਾ ਬਣਿਆ ਸੀ। ਉਸ ਤੋਂ ਬਾਅਦ ਜਿਹੜਾ ਗੋਲੀਕਾਂਡ ਵਾਪਰਿਆ, ਉਹ ਕਿਸੇ ਪੁਲਿਸ ਅਫਸਰ ਦਾ ਫੈਸਲਾ ਨਹੀਂ ਸਗੋਂ ਇਸ ਦੇ ਹੁਕਮ ਸਰਕਾਰ ਚਲਾ ਰਹੇ ਆਗੂਆਂ ਵੱਲੋਂ ਹੀ ਆਏ ਸਨ।
ਇਹੀ ਨਹੀਂ, ਅਬੋਹਰ ਰੈਲੀ ਵਿਚ ਸਾਬਕਾ ਮੁੱਖ ਮੰਤਰੀ ਬਾਦਲ ਨੇ ਇਕ ਹੋਰ ਤਰਲਾ ਮਾਰਿਆ ਹੈ। ਉਨ੍ਹਾਂ ਨੇ ਸਿਆਸੀ ਆਗੂਆਂ ਨੂੰ ਇੱਕ ਦੂਜੇ ਖਿਲਾਫ ਕਾਰਵਾਈ ਨਾ ਕਰਨ ਬਾਰੇ ਵਿਧਾਨ ਸਭਾ ਵਿਚ ਦਿੱਤਾ ਸੁਝਾਅ ਯਾਦ ਕਰਵਾਇਆ ਹੈ ਕਿ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੇਸ ਵਾਪਸ ਲੈ ਲਿਆ ਸੀ, ਹੁਣ ਇਹੀ ਉਮੀਦ ਕੈਪਟਨ ਤੋਂ ਕੀਤੀ ਜਾ ਰਹੀ ਸੀ। ਉਨ੍ਹਾਂ ਦੀ ਇਸ ਗੱਲ ਵਿਚ ਕੁਝ ਦਮ ਵੀ ਹੈ। ਪਿਛਲੇ ਕੁਝ ਸਮੇਂ ਦੀਆਂ ਸਰਗਰਮੀਆਂ ਤੋਂ ਜਾਹਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਨੂੰ ਬਚਾਉਣ ਲਈ ਕਈ ਮਾਮਲਿਆਂ ਵਿਚ ਖਾਮੋਸ਼ੀ ਧਾਰੀ ਬੈਠੇ ਹਨ ਪਰ ਸੂਬੇ ਦਾ ਮਾਹੌਲ ਹਾਲਾਤ ਨੂੰ ਹੋਰ ਪਾਸੇ ਲੈ ਕੇ ਜਾ ਰਿਹਾ ਹੈ। ਅਸਲ ਵਿਚ ਜਦੋਂ ਤੋਂ ਅਕਾਲੀ ਦਲ ਦੀ ਕਮਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਆਈ ਹੈ, ਉਨ੍ਹਾਂ ਨੇ ਅਕਾਲੀ ਦਲ ਨੂੰ ਦਲਦਲ ਵਿਚ ਧੱਕਣ ਤੋਂ ਸਿਵਾ ਕੁਝ ਨਹੀਂ ਕੀਤਾ ਹੈ। ਉਨ੍ਹਾਂ ਪਾਰਟੀ ਅਤੇ ਸਿੱਖ ਸੰਸਥਾਵਾਂ ਉਤੇ ਜਿਸ ਢੰਗ ਨਾਲ ਕੰਟਰੋਲ ਕੀਤਾ ਹੈ, ਉਸ ਦੀ ਕਿਧਰੇ ਕੋਈ ਮਿਸਾਲ ਨਹੀਂ ਮਿਲਦੀ। ਪਾਰਟੀ ਦਾ ਹਰ ਆਗੂ ਉਨ੍ਹਾਂ ਦੇ ਰਹਿਮੋ-ਕਰਮ ‘ਤੇ ਰਿਹਾ ਹੈ। ਇਸੇ ਕਰਕੇ ਹੁਣ ਜਦੋਂ ਪਾਰਟੀ ਆਗੂਆਂ ਨੂੰ ਮੌਕਾ ਮਿਲਿਆ ਹੈ ਤਾਂ ਉਨ੍ਹਾਂ ਆਪਣਾ ਗੁਭ-ਗੁਭਾਟ ਕੱਢਣ ਦਾ ਯਤਨ ਕੀਤਾ ਹੈ। ਸਿਆਸੀ ਵਿਸ਼ਲੇਸ਼ਕਾਂ ਮੁਤਾਬਕ, ਹੁਣ ਪਾਰਟੀ ਅੱਗੇ ਦੋ ਅਹਿਮ ਮਸਲੇ ਹਨ। ਇਕ ਤਾਂ ਮੁੱਠੀ ਭਰ ਆਗੂਆਂ ਦਾ ਵਿਰੋਧ ਕਿੰਨੀ ਕੁ ਤਾਣ ਰੱਖੇਗਾ ਅਤੇ ਦੂਜਾ ਪ੍ਰਕਾਸ਼ ਸਿੰਘ ਬਾਦਲ ਪਾਰਟੀ ਨੂੰ ਸੰਕਟ ਵਿਚੋਂ ਕੱਢਣ ਵਿਚ ਕਿੰਨਾ ਕੁ ਕਾਮਯਾਬ ਹੁੰਦੇ ਹਨ। ਪਹਿਲਾਂ ਜਦੋਂ ਵੀ ਕਦੀ ਅਜਿਹੇ ਹਾਲਾਤ ਬਣੇ ਹਨ, ਉਹ ਸਮੁੱਚੀ ਕਮਾਨ ਆਪਣੇ ਹੱਥ ਲੈ ਕੇ ਲੋਕਾਂ ਅੰਦਰ ਚਲੇ ਜਾਂਦੇ ਰਹੇ ਹਨ। ਉਂਜ ਇਸ ਵਾਰ ਹਾਲਾਤ ਕੁਝ ਵੱਖਰੇ ਹਨ। ਵਧ ਰਹੀ ਉਮਰ ਅਤੇ ਸਿਹਤ ਉਨ੍ਹਾਂ ਨੂੰ ਤਿੱਖੀ ਸਰਗਰਮੀ ਦੀ ਆਗਿਆ ਨਹੀਂ ਦੇ ਰਹੀ ਅਤੇ ਸੂਬੇ ਅੰਦਰ, ਖਾਸ ਕਰਕੇ ਦੇਹਾਤ ਵਿਚ, ਪਾਰਟੀ ਖਿਲਾਫ ਲੋਕ ਰੋਹ ਹੈ। ਉਪਰੋਂ ਸੂਬੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਕਾਨੂੰਨ ਵਿਵਸਥਾ ਦਾ ਮਸਲਾ ਇਕ ਵਾਰ ਫਿਰ ਉਠਿਆ ਹੈ। ਵਿਰੋਧੀ ਧਿਰਾਂ ਦਾ ਦੋਸ਼ ਹੈ ਕਿ ਬਹੁਤ ਸਾਰੀਆਂ ਥਾਂਵਾਂ ਉਤੇ ਤਾਕਤਵਰ ਪਰਿਵਾਰਾਂ ਨੇ ਵਿਰੋਧੀਆਂ ਦੇ ਨਾਮਜ਼ਦਗੀ ਕਾਗਜ਼ ਜਬਰੀ ਰੱਦ ਕਰਵਾ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਕਤਲ ਦਾ ਮਾਮਲਾ ਵੀ ਭਖਿਆ ਹੋਇਆ ਹੈ। ਆਮ ਆਦਮੀ ਪਾਰਟੀ ਦਾ ਇਕ ਹੋਰ ਮਸਲਾ ਦੋ ਧੜਿਆਂ ਦੀ ਵੱਖ-ਵੱਖ ਸਰਗਰਮੀ ਦਾ ਹੈ। ਪਾਰਟੀ ਨੇ ਚੋਣ ਨਿਸ਼ਾਨ ‘ਤੇ ਚੋਣਾਂ ਲੜਨ ਦਾ ਐਲਾਨ ਕਰਕੇ ਸੁਖਪਾਲ ਸਿੰਘ ਖਹਿਰਾ ਧੜੇ ਨੂੰ ਸੰਕਟ ਵਿਚ ਵੀ ਪਾਇਆ ਹੈ। ਅੰਦਰੂਨੀ ਫੁੱਟ ਕਰਕੇ ਪਾਰਟੀ ਨੂੰ ਉਮੀਦਵਾਰ ਵੀ ਨਹੀਂ ਮਿਲ ਰਹੇ। ਇਸ ਸੂਰਤ ਵਿਚ ਮੁੱਖ ਮੁਕਾਬਲਾ ਅਕਾਲੀ ਦਲ ਅਤੇ ਕਾਂਗਰਸ ਉਮੀਦਵਾਰਾਂ ਦਰਮਿਆਨ ਰਹਿਣ ਦੇ ਆਸਾਰ ਹਨ। ਆਮ ਆਦਮੀ ਪਾਰਟੀ ਦੀ ਨਾਲਾਇਕੀ ਦਾ ਜਿੰਨਾ ਵੀ ਫਾਇਦਾ ਕਿਸੇ ਪਾਰਟੀ ਨੂੰ ਹੋਣਾ ਹੈ, ਉਹ ਅਕਾਲੀ ਦਲ ਨੂੰ ਹੀ ਹੋਣਾ ਹੈ। ਅਜਿਹੇ ਹਾਲਾਤ ਵਿਚ ਅਕਾਲੀ ਦਲ ਦੇ ਪੈਰ ਕਿੰਨੇ ਕੁ ਲੱਗਦੇ ਹਨ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਅਕਾਲ ਤਖਤ ਦੇ ਜਥੇਦਾਰ ਦੀ ਛੁੱਟੀ ਹੋਣ ਬਾਰੇ ਕਿਆਸਅਰਾਈਆਂ ਨੇ ਨਵੀਂ ਸਿਆਸੀ ਪਾਰੀ ਦਾ ਰਾਹ ਜ਼ਰੂਰ ਖੋਲ੍ਹ ਦਿੱਤਾ ਹੈ।