ਅਹੁਦਾ ਖੁੱਸਣ ਤੋਂ ਬਾਅਦ ਵੀ ਵਿਧਾਨ ਸਭਾ ‘ਚ ਖਹਿਰਾ ਦੀ ਚੜ੍ਹਤ

ਚੰਡੀਗੜ੍ਹ: ਵਿਧਾਨ ਸਭਾ ਵਿਚ ਬੇਅਦਬੀ ਕਾਂਡ ਦੀ ਰਿਪੋਰਟ ‘ਤੇ ਬਹਿਸ ਦੇ ਅੰਕੜੇ ਸਾਹਮਣੇ ਆ ਗਏ ਹਨ। ਬੀਤੀ 27 ਅਗਸਤ ਨੂੰ ਪੰਜਾਬ ਵਿਧਾਨ ਸਭਾ ਵਿਚ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ ਗਈ ਸੀ ਅਤੇ ਇਸ ਤੋਂ ਅਗਲੇ ਦਿਨ ਰਿਪੋਰਟ ‘ਤੇ ਦੋ ਘੰਟੇ ਬਹਿਸ ਕੀਤੀ ਜਾਣੀ ਸੀ। ਤਕਰੀਬਨ 6 ਘੰਟੇ 50 ਮਿੰਟ ਚੱਲੀ ਇਸ ਬਹਿਸ ਵਿਚ ਵਿਰੋਧੀ ਧਿਰ ਨੇ ਆਪਣੀ ਸ਼ਮੂਲੀਅਤ ਤਾਂ ਕੀਤੀ ਪਰ ਮੌਜੂਦਾ ਵਿਰੋਧੀ ਧਿਰ ਦੇ ਨੇਤਾ ਪੁਰਾਣੇ ਐਲ਼ਓ.ਪੀ. ਵਾਂਗ ਆਪਣੀ ਹਾਜ਼ਰੀ ਨਹੀਂ ਲਵਾ ਸਕੇ।

ਬੀਤੀ 28 ਅਗਸਤ ਨੂੰ ਹੋਈ ਬਹਿਸ ਵਿਚ ਜਿਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਕਆਊਟ ਕਰ ਕੇ ਰਿਪੋਰਟ ‘ਤੇ ਬਹਿਸ ਵਿਚ ਆਪਣੀ ਸ਼ਮੂਲੀਅਤ ਦਰਜ ਹੀ ਨਹੀਂ ਕੀਤੀ, ਉਥੇ ਹੀ ਕਾਂਗਰਸ, ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਆਪੋ-ਆਪਣੀ ਗੱਲ ਰੱਖੀ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਆਪਣੀ ਗੱਲ ਰੱਖਣ ਲਈ 8 ਮਿੰਟ ਦਾ ਸਮਾਂ ਲਿਆ ਉਥੇ ਹੀ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਇਸ ਮਾਮਲੇ ਉਤੇ 21 ਮਿੰਟ ਬੋਲੇ। ਇੰਨਾ ਹੀ ਨਹੀਂ ਖਹਿਰਾ ਧੜੇ ਦੇ ‘ਥੰਮ੍ਹ’ ਕੰਵਰ ਸੰਧੂ ਨੇ ਵਿਰੋਧੀ ਧਿਰ ਵਿਚੋਂ ਸਭ ਤੋਂ ਵੱਧ ਸਮਾਂ ਲਿਆ। ਸੰਧੂ ਨੇ ਪੂਰੇ 25 ਵਿਚ ਆਪਣੀ ਗੱਲ ਰੱਖੀ, ਜਦਕਿ ਸਭ ਤੋਂ ਘੱਟ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਸਿਰਫ ਇਕ ਮਿੰਟ ਵਿਚ ਰਿਪੋਰਟ ‘ਤੇ ਆਪਣੇ ਵਿਚਾਰ ਰੱਖੇ। ਆਮ ਆਦਮੀ ਪਾਰਟੀ ਦੀ ਸਾਬਕਾ ਭਾਈਵਾਲ ਲੋਕ ਇਨਸਾਫ ਪਾਰਟੀ ਨੂੰ ਆਪਣੀ ਗੱਲ ਰੱਖਣ ਲਈ ਸਿਰਫ ਦੋ ਮਿੰਟ ਮਿਲੇ ਸਨ, ਜਦਕਿ ਸਿਮਰਜੀਤ ਸਿੰਘ ਬੈਂਸ ਪੂਰੇ 10 ਮਿੰਟ ਤੱਕ ਬੋਲਦੇ ਰਹੇ।
ਉਧਰ, ਕਾਂਗਰਸੀ ਵਿਧਾਇਕ ਬਹਿਸ ਦੇ ਪੂਰੇ 6.50 ਘੰਟਿਆਂ ਵਿਚੋਂ 4.06 ਘੰਟੇ ਬੋਲਦੇ ਰਹੇ। ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਭ ਤੋਂ ਵੱਧ 54 ਮਿੰਟਾਂ ਦਾ ਸਮਾਂ ਲਿਆ। ਜਦਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ 41 ਮਿੰਟਾਂ ਵਿਚ ਆਪਣੀ ਗੱਲ ਰੱਖੀ। ਹਾਕਮ ਧਿਰ ਵਿਚ ਵਿੱਤ ਮੰਤਰੀ ਆਪਣੇ ਬਾਕੀ ਸਾਥੀਆਂ ਨਾਲੋਂ ਸਭ ਤੋਂ ਘੱਟ ਬੋਲੇ। ਉਨ੍ਹਾਂ 13 ਮਿੰਟਾਂ ਵਿਚ ਹੀ ਆਪਣੀ ਗੱਲ ਨਿਬੇੜ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਸਾਰਿਆਂ ਦੀ ਗੱਲ ਸੁਣੀ ਅਤੇ 14 ਮਿੰਟਾਂ ਵਿਚ ਸਾਰੀ ਬਹਿਸ ਦਾ ਜਵਾਬ ਦਿੱਤਾ।
____________________
ਖਹਿਰਾ ਨੇ 2022 ਦੀਆਂ ਚੋਣਾਂ ਬਾਰੇ ਬਣਾਈ ਰਣਨੀਤੀ
ਰੂਪਨਗਰ: ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਤੇ ਦਿੱਲੀ ਹਾਈ ਕਮਾਨ ਦਾ ਸਮਰਥਨ ਪ੍ਰਾਪਤ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਵਿਚਾਲੇ ਸ਼ਬਦੀ ਜੰਗ ਦਿਨੋਂ-ਦਿਨ ਤੇਜ਼ ਹੁੰਦੀ ਜਾਪਦੀ ਹੈ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਆਉਂਦੀਆਂ 2022 ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚੋਂ ਉਮੀਦਵਾਰਾਂ ਦੀ ਚੋਣ ਵਾਲੰਟੀਅਰ ਖੁਦ ਕਰਨਗੇ ਨਾ ਕਿ ਦਿੱਲੀ ਤੋਂ ਟਿਕਟਾਂ ਦੀ ਚੋਣ ਹੋਵੇਗੀ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਇਕ ਵਿਅਕਤੀ ਦੀ ਨਹੀਂ, ਬਲਕਿ ਪੰਜਾਬ ਦੇ ਲੋਕਾਂ ਦੀ ਆਪਣੀ ਪਾਰਟੀ ਹੈ ਪਰ ਲੋਕ ਹੁਣ ਜਾਗ ਰਹੇ ਹਨ ਤੇ ਪਾਰਟੀ ਵਿਚ ਆਤਮਵਿਸ਼ਵਾਸ ਪੈਦਾ ਹੋਇਆ ਹੈ।
ਪੰਜਾਬ ਵਿਚ ਦਿੱਲੀ ਹਾਈਕਮਾਨ ਦੀ ਤਰਜਮਾਨੀ ਕਰਦੇ ਭਗਵੰਤ ਮਾਨ ‘ਤੇ ਸੱਟ ਮਾਰਦਿਆਂ ਖਹਿਰਾ ਨੇ ਕਿਹਾ ਕਿ ਉਸ ਦੀ ਹੈਂਕੜ ਨੇ ਹੀ ਪਾਰਟੀ ਨੂੰ 100 ਸੀਟਾਂ ਤੋਂ 20 ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਨੇ ਕਿਸੇ ਚੰਗੇ ਬੰਦਿਆਂ ਨੂੰ ਪਾਰਟੀ ਵਿਚ ਆਉਣ ਹੀ ਨਹੀਂ ਦਿੱਤਾ ਅਤੇ ਜੋ ਵੀ ਚੰਗੇ ਲੋਕ ਸਨ, ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਦਾ ਰਾਹ ਦਿਖਾ ਦਿੱਤਾ।