‘ਆਪ’ ਨੇ ਪੰਜਾਬ ‘ਚ ਕਾਂਗਰਸ ਨਾਲ ਗੱਠਜੋੜ ਤੋਂ ਪਾਸਾ ਵੱਟਿਆ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਲੀਡਰਸ਼ਿਪ ਸਾਲ 2019 ਵਿਚ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਰਾਜ ਵਿਚ ਕਾਂਗਰਸ ਨਾਲ ਚੋਣ ਗੱਠਜੋੜ ਕਰਨ ਦੇ ਰੌਂਅ ਵਿਚ ਨਹੀਂ ਹੈ। ਦੱਸਣਯੋਗ ਹੈ ਕਿ ਕੌਮੀ ਪੱਧਰ ‘ਤੇ ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਰੁੱਧ ਮਹਾਂਗੱਠਬੰਧਨ ਬਣਾਉਣ ਦੇ ਦਾਅਵੇ ਕਰਨ ਵਾਲੀਆਂ ਹੋਰ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਸੰਪਰਕ ਵਿਚ ਹਨ।

ਸੂਤਰਾਂ ਅਨੁਸਾਰ ਪਿਛਲੇ ਦਿਨੀਂ ਦਿੱਲੀ ਵਿਚ ਪੰਜਾਬ ਦੀ ਪ੍ਰਮੁੱਖ ਲੀਡਰਸ਼ਿਪ ਅਤੇ ਵਿਧਾਇਕਾਂ ਦੀ ਕੇਜਰੀਵਾਲ ਨਾਲ ਹੋਈ ਲੰਮੀ-ਚੌੜੀ ਮੀਟਿੰਗ ਦੌਰਾਨ ਪੰਜਾਬ ਵਿਚ ਕਾਂਗਰਸ ਨਾਲ ਗੱਠਜੋੜ ਕਰਨ ਦੀਆਂ ਸੰਭਾਵਨਾ ਬਾਰੇ ਖੁੱਲ੍ਹ ਕੇ ਵਿਚਾਰ ਹੋਏ ਸਨ। ਇਕ-ਅੱਧੇ ਵਿਧਾਇਕ ਨੂੰ ਛੱਡ ਕੇ ਬਾਕੀ ਸਾਰੇ ਵਿਧਾਇਕਾਂ ਤੇ ਸੂਬਾਈ ਲੀਡਰਸ਼ਿਪ ਨੇ ਪੰਜਾਬ ਵਿਚ ਕਾਂਗਰਸ ਨਾਲ ਚੋਣ ਸਮਝੌਤਾ ਨਾ ਕਰਨ ਦੇ ਬੜੇ ਸਪਸ਼ਟ ਵਿਚਾਰ ਦਿੱਤੇ ਹਨ। ਪੰਜਾਬ ਦੇ ਆਗੂਆਂ ਨੇ ਕੇਜਰੀਵਾਲ ਨੂੰ ਦੱਸਿਆ ਕਿ ਜੇ ਪੰਜਾਬ ਵਿਚ ਪਾਰਟੀ ਕਾਂਗਰਸ ਨਾਲ ਸਾਂਝ ਪਾਉਂਦੀ ਹੈ ਤਾਂ ਸੂਬੇ ਵਿਚ ‘ਆਪ’ ਦੀ ਅਸੂਲੀ ਲੜਾਈ ਹੀ ਖਤਮ ਹੋ ਜਾਵੇਗੀ ਅਤੇ ਸਿਆਸੀ ਤੌਰ ‘ਤੇ ਵੀ ਇਹ ਸੌਦਾ ਲਾਹੇਵੰਦ ਨਹੀਂ ਰਹੇਗਾ ਕਿਉਂਕਿ ਪੰਜਾਬ ਦੇ ਲੋਕ ‘ਆਪ’ ਨੂੰ ਤੀਸਰੀ ਧਿਰ ਵਜੋਂ ਦੇਖਣਾ ਚਾਹੁੰਦੇ ਹਨ।
ਸੂਤਰਾਂ ਅਨੁਸਾਰ ਜਿਹੜੇ ਇਕ-ਅੱਧੇ ਵਿਧਾਇਕ ਨੇ ਕਾਂਗਰਸ ਨਾਲ ਸਮਝੌਤਾ ਕਰਨ ਦੀ ਸਲਾਹ ਦਿੱਤੀ ਸੀ, ਉਸ ਦਾ ਤਰਕ ਸੀ ਕਿ ਪੰਜਾਬ ਵਿਚ ਪਾਰਟੀ ਦੀ ਖੁਰੀ ਸਾਖ ਕਾਰਨ ਅਜਿਹਾ ਸਿਆਸੀ ਗੱਠਜੋੜ ਸਾਲ 2019 ਦੀਆਂ ਚੋਣਾਂ ਵਿਚ ਸਹਾਈ ਸਿੱਧ ਹੋ ਸਕਦਾ ਹੈ ਪਰ ਇਸ ਰਾਏ ਉਪਰ ਕਿਸੇ ਨੇ ਵੀ ਹਾਮੀ ਨਹੀਂ ਭਰੀ। ਸੂਤਰਾਂ ਅਨੁਸਾਰ ਸ੍ਰੀ ਕੇਜਰੀਵਾਲ ਨੇ ਵੀ ਪੰਜਾਬ ਦੀ ਲੀਡਰਸ਼ਿਪ ਦੀ ਸਲਾਹ ਨੂੰ ਅਸੂਲੀ ਤੌਰ ‘ਤੇ ਜਾਇਜ਼ ਹੀ ਦੱਸਿਆ ਹੈ। ਪਤਾ ਲੱਗਾ ਹੈ ਕਿ ਇਸ ਮੀਟਿੰਗ ਵਿਚ ਸ੍ਰੀ ਕੇਜਰੀਵਾਲ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਦੱਸਿਆ ਹੈ ਕਿ ਫਿਲਹਾਲ ਕੌਮੀ ਪੱਧਰ ‘ਤੇ ਵੀ ਕਾਂਗਰਸ ਨਾਲ ਗੱਠਜੋੜ ਕਰਨ ਉਪਰ ਕਿਸੇ ਤਰ੍ਹਾਂ ਦੀ ਗੱਲ ਨਹੀਂ ਹੋਈ।
ਪਾਰਟੀ ਸੂਤਰਾਂ ਅਨੁਸਾਰ ਇਸ ਸਥਿਤੀ ਵਿਚ ਪੰਜਾਬ ਵਿਚ ‘ਆਪ’ ਦੀ ਕਾਂਗਰਸ ਨਾਲ ਚੋਣ ਸਾਂਝ ਪੈਣ ਦੀ ਸੰਭਾਵਨਾ ਘੱਟ ਹੈ ਪਰ ਕੌਮੀ ਪੱੱਧਰ ‘ਤੇ ਭਾਜਪਾ ਵਿਰੋਧੀ ਗੱਠਬੰਧਨ ਵਿਚ ‘ਆਪ’ ਕਿਸੇ ਢੰਗ ਨਾਲ ਸਾਂਝ ਪਾਉਣ ਉਪਰ ਸੋਚ ਸਕਦੀ ਹੈ। ਦੱਸਣਯੋਗ ਹੈ ਕਿ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੀ ਕਹਿ ਚੁੱਕੇ ਹਨ ਕਿ ਇਹ ਕਿਵੇਂ ਸੰਭਵ ਹੈ ਕਿ ਪੰਜਾਬ ਦੀ ਮੁੱਖ ਵਿਰੋਧੀ ਧਿਰ ‘ਆਪ’ ਵੱਲੋਂ ਹੁਕਮਰਾਨ ਕਾਂਗਰਸ ਨਾਲ ਸਾਂਝ ਪਾਈ ਜਾ ਸਕਦੀ ਹੈ। ਪਿਛਲੇ ਸਮੇਂ ਜਦੋਂ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਆਗੂ ਸਨ ਤਾਂ ਉਨ੍ਹਾਂ ਵਿਧਾਇਕ ਦਲ ਦੀ ਮੀਟਿੰਗ ਵਿਚ ਇਹ ਮੁੱਦਾ ਲਿਆਂਦਾ ਸੀ ਪਰ ਉਸ ਵੇਲੇ ਵੀ ਬਹੁਗਿਣਤੀ ਵਿਧਾਇਕਾਂ ਨੇ ਸੂਬੇ ਵਿਚ ਕਾਂਗਰਸ ਨਾਲ ਚੋਣ ਗੱਠਜੋੜ ਕਰਨ ਦੀ ਹਾਮੀ ਨਹੀਂ ਭਰੀ ਸੀ। ਇਸ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਐਚ.ਐਸ਼ ਫੂਲਕਾ ਨੇ ਵੀ ਸਾਫ ਕਰ ਦਿੱਤਾ ਹੈ ਕਿ ਜੇ ‘ਆਪ’ ਸਾਲ 2019 ਦੀਆਂ ਚੋਣਾਂ ਦੌਰਾਨ ਸਾਲ 1984 ਦੇ ਸਿੱਖ ਕਤਲੇਆਮ ਦੀ ਦੋਸ਼ੀ ਮੰਨੀ ਜਾਂਦੀ ਕਾਂਗਰਸ ਨਾਲ ਚੋਣ ਸਮਝੌਤਾ ਕਰੇਗੀ ਤਾਂ ਉਹ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਪਾਰਟੀ ਤੋਂ ਕਿਨਾਰਾ ਕਰ ਲੈਣਗੇ। ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪੰਜਾਬ ਵਿਚ ‘ਆਪ’ ਨਾਲ ਚੋਣ ਗੱਠਜੋੜ ਕਰਨ ਦੀਆਂ ਸੰਭਾਵਨਾਵਾਂ ਰੱਦ ਕਰ ਚੁੱਕੇ ਹਨ।