ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੋਟਕਪੂਰਾ ਘਟਨਾਵਾਂ ਦੀਆਂ ਵੀਡੀਓ (ਸੀ.ਸੀ.ਟੀ.ਵੀ. ਫੁਟੇਜ਼) ਜਾਰੀ ਕਰ ਕੇ ਬੇਅਦਬੀ ਕਾਂਡ ਨਾਲ ਜੁੜੇ ਕਈ ਅਣਫੋਲੇ ਵਰਕੇ ਫਰੋਲੇ ਹਨ। ਇਨ੍ਹਾਂ ਵੀਡੀਓਜ਼ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼ਾਂਤਮਈ ਧਰਨੇ ‘ਤੇ ਬੈਠੇ ਲੋਕਾਂ ਨੂੰ ਪੁਲਿਸ ਨੇ ਉਕਸਾਇਆ ਤੇ ਉਸ ਮਗਰੋਂ ਉਪਰੋਥੱਲੀ ਹਿੰਸਕ ਘਟਨਾਵਾਂ ਵਾਪਰੀਆਂ।
ਸ੍ਰੀ ਸਿੱਧੂ ਨੇ ਇਨ੍ਹਾਂ ਵੀਡੀਓਜ਼ ਰਾਹੀਂ ਹੋਏ ਖੁਲਾਸਿਆਂ ਬਾਰੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਗਠਿਤ ਜਸਟਿਸ (ਸੇਵਾ ਮੁਕਤ) ਜ਼ੋਰਾ ਸਿੰਘ ‘ਤੇ ਆਧਾਰਿਤ ਕਮਿਸ਼ਨ ਨੂੰ ਪੁਲਿਸ ਨੇ ਕੋਟਕਪੂਰਾ ਦੇ ਚੌਂਕ ਵਿਚ ਲੱਗੇ ਚਾਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਕੈਮਰੇ ਨਸ਼ਟ ਹੋਣ ਦੀ ਗੱਲ ਕਹੀ ਸੀ।
ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ‘ਤੇ ਅਧਾਰਿਤ ਕਮਿਸ਼ਨ ਨੇ ਹੁਣ ਇਹ ਵੀਡੀਓਜ਼ ਹਾਸਲ ਕਰਕੇ ਘਟਨਾਵਾਂ ਸਬੰਧੀ ਪੁਖਤਾ ਸਬੂਤ ਲੋਕਾਂ ਸਾਹਮਣੇ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਵੀਡੀਓ ਵਿਚਲੇ ਤੱਥਾਂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤਤਕਾਲੀ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਦਿੱਤੇ ‘ਹੁਕਮਾਂ’ ਤੋਂ ਬਾਅਦ ਸਥਿਤੀ ਬਿਲਕੁਲ ਸਾਫ ਹੋ ਗਈ ਹੈ ਕਿ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡਾਂ ਨੂੰ ਬਾਦਲ ਸਰਕਾਰ ਨੇ ਗਿਣੀ ਮਿਥੀ ਸਾਜ਼ਿਸ਼ ਅਤੇ ਰਾਜਸੀ ਚਾਲ ਤਹਿਤ ਅੰਜਾਮ ਦਿੱਤਾ। ਸ੍ਰੀ ਸਿੱਧੂ ਨੇ ਕਿਹਾ ਕਿ ਇਨ੍ਹਾਂ ਸਬੂਤਾਂ ਦੇ ਆਧਾਰ ‘ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਖਿਲਾਫ਼ ਤੁਰਤ ਫੌਜਦਾਰੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਕਿ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਚ ਸਾਲ 2015 ਦੌਰਾਨ ਘਟਨਾਵਾਂ ਵਾਪਰਨ ਦੇ ਦਿਨਾਂ ਦੌਰਾਨ ਤਾਇਨਾਤ ਡਾਕਟਰ ਨੂੰ ਤਿੰਨ ਵਜੇ ਡਾਕਟਰਾਂ ਦੀ ਟੀਮ ਸਮੇਤ ਚੌਕਸ ਰਹਿਣ ਦੀਆਂ ਹਦਾਇਤਾਂ ਮੁੱਖ ਮੰਤਰੀ ਵੱਲੋਂ ਡੀ.ਜੀ.ਪੀ. ਨਾਲ ਗੱਲਬਾਤ ਕਰਨ ਤੋਂ ਬਾਅਦ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਵੱਲੋਂ ਸ੍ਰੀ ਸੈਣੀ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਡੀ.ਜੀ.ਪੀ. ਨੇ ਇਸ਼ਾਰਾ ਕਰ ਦਿੱਤਾ ਸੀ ਕਿ ਸ਼ਹਿਰ (ਕੋਟਕਪੂਰਾ) ਨੂੰ 15 ਮਿੰਟਾਂ ਵਿਚ ਖਾਲੀ ਕਰਵਾ ਕੇ ਕੁੰਜੀਆਂ ਹੱਥ ਫੜਾ ਦਿਆਂਗੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਜਿਹੜਾ ਅਪਰਾਧ ਸਪੱਸ਼ਟ ਤੌਰ ‘ਤੇ ਦਿਖਾਈ ਦਿੰਦਾ ਹੋਵੇ, ਪੁਲਿਸ ਅਜਿਹੇ ਅਪਰਾਧ ਵਿਚ ਸ਼ਾਮਲ ਵਿਅਕਤੀਆਂ ਖਿਲਾਫ਼ ਕਾਰਵਾਈ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਰਾਜ ਵਿਚ ਦੋਸ਼ੀ ਪੁਲਿਸ ਅਫਸਰਾਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਸਬੂਤ ਮਿਟਾਉਣ ਦੇ ਯਤਨ ਕੀਤੇ ਗਏ।
ਸ੍ਰੀ ਸਿੱਧੂ ਨੇ ਕਿਹਾ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਵੀਡੀਓਜ਼ ਤੋਂ ਵੀ ਸਪੱਸ਼ਟ ਹੁੰਦਾ ਹੈ ਕਿ ਸ਼ਾਂਤਮਈ ਅਤੇ ਪਾਠ ਕਰ ਰਹੇ ਸਿੱਖਾਂ ਨਾਲ ਪਹਿਲਾਂ ਪੁਲਿਸ ਨੇ ਧੱਕੇਸ਼ਾਹੀ ਕੀਤੀ ਅਤੇ ਮਗਰੋਂ ਪੰਥਕ ਆਗੂਆਂ ਨੂੰ ਜਬਰੀ ਚੁੱਕਣਾ ਸ਼ੁਰੂ ਕਰ ਦਿੱਤਾ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਲੋਕ ਭੜਕ ਗਏ ਤੇ ਹਿੰਸਾ ਹੋਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਅਦਬੀ ਦੇ ਕੁੱਝ ਮਾਮਲਿਆਂ ਵਿਚ ਆਈ.ਐਸ਼ਆਈ. ਦੀ ਸ਼ਮੂਲੀਅਤ ਹੋਣ ਦੇ ਬਿਆਨ ਬਾਰੇ ਬੋਲਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਦੀ ਪੜਤਾਲੀਆ ਰਿਪੋਰਟ ਵਿਚ ਆਈ.ਐਸ਼ਆਈ. ਦੀ ਸ਼ਮੂਲੀਅਤ ਦਾ ਕੋਈ ਜ਼ਿਕਰ ਨਹੀਂ ਆਉਂਦਾ, ਪਰ ਮੁੱਖ ਮੰਤਰੀ ਕੋਲ ਸੂਚਨਾ ਦੇ ਕਈ ਸਰੋਤ ਹੁੰਦੇ ਹਨ, ਕੀ ਪਤਾ ਕਿਹੜੇ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੋਵੇ, ਲਿਹਾਜ਼ਾ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ।