ਚੰਡੀਗੜ੍ਹ: ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਕੰਮ-ਕਾਰ ਰਵਾਂ ਕਰਨ ਲਈ ਮਾਝਾ, ਦੋਆਬਾ ਤੇ ਮਾਲਵਾ ਖੇਤਰਾਂ ਲਈ ਤਿੰਨ ਜ਼ੋਨਲ ਮੁਖੀ ਨਿਯੁਕਤ ਕੀਤੇ ਜਾ ਰਹੇ ਹਨ। ਇਨ੍ਹਾਂ ਦਾ ਅਹੁਦਾ ਕਾਰਜਕਾਰੀ ਪ੍ਰਧਾਨਾਂ ਦਾ ਹੋਵੇਗਾ। ਹਾਈ ਕਮਾਨ ਨੇ ਇਨ੍ਹਾਂ ਤਿੰਨਾਂ ਖੇਤਰਾਂ ਦੇ ਮੁਖੀਆਂ ਦੀ ਸ਼ਨਾਖਤ ਵੀ ਕਰ ਲਈ ਹੈ। ਇਸ ਮੁਤਾਬਕ ਓæਪੀæ ਸੋਨੀ ਨੂੰ ਮਾਝਾ, ਤਰਲੋਚਨ ਸੂੰਢ ਨੂੰ ਦੋਆਬਾ ਤੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਾਲਵਾ ਖੇਤਰਾਂ ਲਈ ਨਾਮਜ਼ਦ ਕੀਤਾ ਜਾ ਰਿਹਾ ਹੈ। ਇਹ ਵੀ ਚਰਚਾ ਹੈ ਕਿ ਮਾਲਵਾ ਖੇਤਰ ਵੱਡਾ ਹੋਣ ਕਾਰਨ ਉਥੇ ਦੋ ਜ਼ੋਨਲ ਮੁਖੀ ਵੀ ਲਾਏ ਜਾ ਸਕਦੇ ਹਨ। ਜਿਹੜੇ ਨਾਵਾਂ ਬਾਰੇ ਵਿਚਾਰ ਚੱਲ ਰਿਹਾ ਹੈ, ਉਨ੍ਹਾਂ ਵਿਚ ਪਛੜੇ ਵਰਗ ਨਾਲ ਸਬੰਧਤ ਆਗੂਆਂ ਦੇ ਨਾਂ ਵੀ ਸ਼ਾਮਲ ਹਨ।
ਪੰਜਾਬ ਕਾਂਗਰਸ ਦੇ ਸੂਤਰਾਂ ਮੁਤਾਬਕ ਪਾਰਟੀ ਹਾਈ ਕਮਾਨ ਦੇ ਇਸ ਫੈਸਲੇ ਪਿੱਛੇ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਹਨ ਤੇ ਉਹ ਪਿਛਲੇ ਤਿੰਨ ਮਹੀਨਿਆਂ ਦੌਰਾਨ ਛਾਂਟੇ ਗਏ ਤਿੰਨ ਆਗੂਆਂ ਨੂੰ ਕਈ ਵਾਰ ਮਿਲ ਚੁੱਕੇ ਹਨ। ਸੂਤਰਾਂ ਮੁਤਾਬਕ ਇਨ੍ਹਾਂ ਜ਼ੋਨਲ ਮੁਖੀਆਂ ਦੀ ਚੋਣ ਵੇਲੇ ਜਾਤੀ ਸਮੀਕਰਨਾਂ ਦਾ ਉਚੇਚਾ ਧਿਆਨ ਰੱਖਿਆ ਗਿਆ ਹੈ। ਇਕ ਲਿਹਾਜ ਨਾਲ ਇਹ ਸੰਸਦੀ ਚੋਣਾਂ ਦੀ ਹੀ ਤਿਆਰੀ ਸਮਝੀ ਜਾ ਰਹੀ ਹੈ।
ਮਾਝਾ ਖੇਤਰ ਵਿਚ ਸ਼ ਬਾਜਵਾ ਪਹਿਲਾਂ ਹੀ ਜੱਟ ਕਿਸਾਨੀ ਵਿਚੋਂ ਹਨ, ਹੁਣ ਅੰਮ੍ਰਿਤਸਰ (ਕੇਂਦਰੀ) ਤੋਂ ਵਿਧਾਇਕ ਓæਪੀæ ਸੋਨੀ ਨੂੰ ਹਿੰਦੂ ਆਗੂ ਵਜੋਂ ਅੱਗੇ ਲਿਆਂਦਾ ਜਾ ਰਿਹਾ ਹੈ। ਉਹ ਅੰਮ੍ਰਿਤਸਰ ਦੇ ਮੇਅਰ ਵਜੋਂ ਪਹਿਲਾਂ ਹੀ ਆਪਣੀ ਧਾਂਕ ਜਮਾ ਚੁੱਕੇ ਹਨ ਅਤੇ ਪਿਛਲੀ ਲੋਕ ਸਭਾ ਚੋਣ ਵੀ ਉਹ ਬਹੁਤ ਘੱਟ ਫਰਕ ਨਾਲ ਹਾਰੇ ਸਨ। ਮਾਲਵਾ ਖੇਤਰ ਵਿਚ ਰਾਹੁਲ ਗਾਂਧੀ ਦੀ ਟੀਮ ਵੱਲੋਂ ਗੁਣਾ ਗੁਰਪ੍ਰੀਤ ਸਿੰਘ ਕਾਂਗੜ ਉਤੇ ਪਾਇਆ ਹੈ ਜੋ ‘ਜੁਝਾਰੂ’ ਆਗੂ ਵਜੋਂ ਜਾਣੇ ਜਾਂਦੇ ਹਨ।
ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿਚ ਲਿਆਏ ਸਨ ਤੇ ਅਕਾਲੀਆਂ ਦਾ ਗੜ੍ਹ ਭੰਨ੍ਹਣ ਵਿਚ ਕਾਮਯਾਬ ਰਹੇ ਸਨ। ਜਿੱਥੋਂ ਤਕ ਦੋਆਬਾ ਖੇਤਰ ਦਾ ਸਬੰਧ ਹੈ, ਪਾਰਟੀ ਦਲਿਤ ਆਗੂ ਨੂੰ ਅਗਵਾਈ ਦੇਣ ਦੇ ਹੱਕ ਵਿਚ ਹੈ ਤੇ ਬੰਗਾ ਤੋਂ ਵਿਧਾਇਕ ਤਰਲੋਚਨ ਸੂੰਢ ਦਾ ਨਾਂ ਛਾਂਟ ਲਿਆ ਹੈ। ਯਾਦ ਰਹੇ ਕਿ ਪਿਛਲੇ ਸਮੇਂ ਦੌਰਾਨ ਦੋਆਬਾ ਵਿਚ ਪਾਰਟੀ ਦੇ ਆਧਾਰ ਨੂੰ ਖੋਰਾ ਲੱਗਿਆ ਹੈ ਤੇ ਦਲਿਤ ਆਗੂ ਦੀ ਅਗਵਾਈ ਵਿਚ ਪਾਰਟੀ ਖੁੱਸਿਆ ਵਕਾਰ ਹਾਸਲ ਕਰਨ ਲਈ ਅਹੁਲ ਰਹੀ ਹੈ। ਹੁਣ ਤਕ ਦੋਆਬਾ ਖੇਤਰ ਵਿਚ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਹੇਠ ਰਿਹਾ ਹੈ। ਇਸ ਬਾਰੇ ਸ਼ ਬਾਜਵਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੋਈ ਖਬਰ ਨਹੀਂ ਹੈ। ਉਧਰ ਸੂਤਰਾਂ ਮੁਤਾਬਕ ਸ਼ ਬਾਜਵਾ ਨੂੰ ਖੇਤਰੀ ਮੁਖੀਆਂ ਦੀ ਯੋਜਨਾ ਬਾਰੇ ਦੱਸ ਦਿੱਤਾ ਗਿਆ ਹੈ ਤੇ ਉਹ ਇਸ ਯੋਜਨਾ ਦੇ ਖਿਲਾਫ ਨਹੀਂ ਹਨ। ਨਾਲ ਰਾਹੁਲ ਗਾਂਧੀ ਵੱਲੋਂ ਕੀਤੀਆਂ ਨਾਮਜ਼ਦਗੀਆਂ ਬਾਰੇ ਕੋਈ ਆਗੂ ਘੱਟ ਹੀ ਕਿੰਤੂ-ਪ੍ਰੰਤੂ ਕਰਦਾ ਹੈ।
Leave a Reply