ਕ੍ਰਾਂਤੀਕਾਰੀਆਂ ਦੀ ਜਥੇਬੰਦੀ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (ਐੱਚæਐੱਸ਼ਆਰæਏæ) ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਵਜੋਂ ਵੀ ਜਾਣੀ ਜਾਂਦੀ ਹੈ। ਇਸ ਦਾ ਪਹਿਲਾਂ ਨਾਂ ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ ਸੀ। ਇਹ ਅਸਲ ਵਿਚ ਮੋਹਨ ਦਾਸ ਕਰਮ ਚੰਦ ਗਾਂਧੀ ਦੀ ਸਿਆਸਤ ਦੇ ਬਦਲ ਵਜੋਂ ਸਾਹਮਣੇ ਆਈ ਸੀ। ਗਾਂਧੀ ਨੇ ਜਦੋਂ ਚੌਰਾ-ਚੌਰਾ ਦੀ ਘਟਨਾ ਤੋਂ ਬਾਅਦ ਆਪਣਾ ਅੰਦੋਲਨ ਵਾਪਸ ਲੈ ਲਿਆ ਤਾਂ ਕਾਂਗਰਸ ਨਾਲ ਜੁੜੇ ਕ੍ਰਾਂਤੀਕਾਰੀ ਆਗੂਆਂ ਨੇ ਗਾਂਧੀ ਨਾਲੋਂ ਤੋੜ-ਵਿਛੋੜਾ ਕਰ ਕੇ ਆਪੋ-ਆਪੇ ਪੱਧਰ ਉਤੇ ਸਰਗਰਮੀ ਕੀਤੀ। ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ ਅਜਿਹੇ ਮਾਹੌਲ ਦੀ ਹੀ ਪੈਦਾਵਾਰ ਸੀ। ਬਾਅਦ ਵਿਚ ਭਗਤ ਸਿੰਘ ਦੀ ਸਲਾਹ ‘ਤੇ ਇਸ ਵਿਚ ‘ਸੋਸ਼ਲਿਸਟ’ ਸ਼ਬਦ ਪਾ ਦਿੱਤਾ ਗਿਆ। ਇਸ ਐਸੋਸੀਏਸ਼ਨ ਦੇ ਕੁਝ ਪੱਖਾਂ ਬਾਰੇ ਚਰਚਾ ਭਗਤ ਸਿੰਘ ਦੇ ਸਾਥੀਆਂ ਵਿਚੋਂ ਇਕ, ਯਸ਼ਪਾਲ (3 ਦਸੰਬਰ 1903-26 ਦਸੰਬਰ 1976) ਨੇ ਸੁਣਾਈ ਹੈ। ਉਹ ਇਸ ਐਸੋਸੀਏਸ਼ਨ ਦਾ ਅਹਿਮ ਮੈਂਬਰ ਸੀ। ਉਸ ਦੀ ਗ੍ਰਿਫਤਾਰੀ 1932 ਵਿਚ ਹੋਈ ਅਤੇ ਉਸ ਨੂੰ 14 ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਦਿੱਤੀ ਗਈ। ਮਗਰੋਂ ਉਹ ਹਿੰਦੀ ਲੇਖਕ ਵਜੋਂ ਮਸ਼ਹੂਰ ਹੋਇਆ। ਉਸ ਦਾ ਲਿਖਿਆ ਨਾਵਲ ‘ਝੂਠਾ ਸੱਚ’ ਵੱਡੇ ਪੱਧਰ ‘ਤੇ ਪੜ੍ਹਿਆ ਅਤੇ ਸਲਾਹਿਆ ਗਿਆ। ਆਪਣੇ ਇਸ ਲੇਖ ਵਿਚ ਯਸ਼ਪਾਲ ਨੇ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਨਾਂ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਦਰਜ ਕੀਤਾ ਹੋਇਆ ਹੈ। ਅਸੀਂ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਵਜੋਂ ਯਸ਼ਪਾਲ ਦਾ ਇਹ ਲੇਖ ਅਤੇ ਸ਼ਹੀਦ ਸੁਖਦੇਵ ਦੀ ਗਾਂਧੀ ਨੂੰ ਲਿਖੀ ਚਿੱਠੀ ਛਾਪ ਰਹੇ ਹਾਂ। ਸੁਖਦੇਵ ਵੱਲੋਂ ਚਿੱਠੀ ਵਿਚ ਉਠਾਏ ਨੁਕਤੇ ਇਨ੍ਹਾਂ ਕ੍ਰਾਂਤੀਕਾਰੀਆਂ ਦੇ ਦਿਲਾਂ ਅੰਦਰ ਬਲ ਰਹੇ ਰੋਹ ਦੇ ਭਾਂਬੜਾਂ ਵੱਲ ਹੀ ਇਸ਼ਾਰਾ ਕਰਦੇ ਹਨ। ਇਹ ਦੱਸਦੇ ਹਨ ਕਿ ਇਹ ਨੌਜਵਾਨ ਇਕੋ ਵੇਲੇ ਅੰਗਰੇਜ਼ਾਂ ਅਤੇ ਦੇਸੀ ਆਗੂਆਂ ਨਾਲ ਕਿਸ ਤਰ੍ਹਾਂ ਟੱਕਰ ਲੈ ਰਹੇ ਸਨ। -ਸੰਪਾਦਕ
ਭਗਤ ਸਿੰਘ, ਸੁਖਦੇਵ, ਵਿਜੇ ਅਤੇ ਸ਼ਿਵ ਵਰਮਾ ਦੇ ਯਤਨਾਂ ਨਾਲ ਉਤਰੀ ਭਾਰਤ ਦੇ ਸੂਬਿਆਂ ਦੇ ਕ੍ਰਾਂਤੀਕਾਰੀਆਂ ਦੇ ਨੁਮਾਇੰਦਿਆਂ ਦੀ ਮਿਲਣੀ ਦੀ ਯੋਜਨਾ ਦਿੱਲੀ ਵਿਚ ਬਣਾਈ ਗਈ। ਇਹ ਮਿਲਣੀ 8 ਅਤੇ 9 ਸਤੰਬਰ (1928) ਨੂੰ ਫਿਰੋਜ਼ਸ਼ਾਹ ਕੋਟਲਾ ਦੇ ਖੰਡਰਾਂ ਵਿਚ ਹੋਈ ਸੀ। ਇਸ ਮਿਲਣੀ ਵਿਚ ਪੰਜਾਬ ਤੋਂ ਭਗਤ ਸਿੰਘ ਤੇ ਸੁਖਦੇਵ, ਰਾਜਪੂਤਾਨਾ (ਰਾਜਸਥਾਨ) ਤੋਂ ਕੁੰਦਨ ਲਾਲ, ਸੰਯੁਕਤ ਪ੍ਰਾਂਤ ਤੋਂ ਸ਼ਿਵ ਵਰਮਾ, ਬ੍ਰਹਮ ਦੱਤ ਮਿਸ਼ਰਾ, ਜੈ ਦੇਵ, ਵਿਜੇ ਕੁਮਾਰ ਸਿਨਹਾ, ਸੁਰਿੰਦਰ ਨਾਥ ਪਾਂਡੇ ਅਤੇ ਬਿਹਾਰ ਤੋਂ ਫਣੀਂਦਰ ਨਾਥ ਘੋਸ਼ ਤੇ ਮਨਮੋਹਨ ਬੈਨਰਜੀ ਆਏ ਸਨ। ਚੰਦਰ ਸ਼ੇਖਰ ਆਜ਼ਾਦ ਇਸ ਮਿਲਣੀ ਵਿਚ ਨਹੀਂ ਸਨ ਆ ਸਕੇ। ਭਗਤ ਸਿੰਘ ਤੇ ਸ਼ਿਵ ਉਸ ਨੂੰ ਮਿਲ ਚੁੱਕੇ ਸਨ। ਉਸ ਨੇ ਭਰੋਸਾ ਦਿੱਤਾ ਸੀ ਕਿ ਬਹੁਮਤ ਨਾਲ ਜੋ ਫੈਸਲਾ ਹੋਵੇਗਾ, ਉਹ ਉਸ ਨੂੰ ਸਵੀਕਾਰ ਕਰਨਗੇ। ਬੰਗਾਲ ਦੇ ਨੁਮਾਇੰਦੇ ਵੀ ਇਸ ਮਿਲਣੀ ਵਿਚ ਸ਼ਾਮਿਲ ਨਹੀਂ ਹੋਏ ਸਨ। ਸ਼ਿਵ ਵਰਮਾ ਕਲਕੱਤੇ (ਹੁਣ ਕੋਲਕਾਤਾ) ਜਾ ਕੇ ਬੰਗਾਲੀ ਕ੍ਰਾਂਤੀਕਾਰੀਆਂ ਨਾਲ ਸੰਪਰਕ ਬਣਾਉਣ ਦਾ ਯਤਨ ਕਰ ਆਏ ਸਨ। ਉਸ ਸਮੇਂ ਬੰਗਾਲੀਆਂ ਨੇ ਸਹਿਯੋਗ ਦੇਣ ਲਈ ਸਖ਼ਤ ਸ਼ਰਤਾਂ ਰੱਖੀਆਂ ਸਨ। ਪਹਿਲੀ ਸ਼ਰਤ ਸੀ ਕਿ ਸਾਰੇ ਸੂਬਿਆਂ ਦਾ ਕ੍ਰਾਂਤੀਕਾਰੀ ਅੰਦੋਲਨ ਉਨ੍ਹਾਂ ਦੇ ਉਸ ਸਮੇਂ ਦੇ ਨੇਤਾ ਦੇ ਵਿਅਕਤੀਗਤ ਅਨੁਸ਼ਾਸਨ ਵਿਚ ਰਹੇਗਾ। ਦੂਜੀ ਸ਼ਰਤ ਸੀ ਕਿ ਫਿਲਹਾਲ ਸਾਥੀ ਭਰਤੀ ਕਰਨ, ਰੁਪਏ ਅਤੇ ਹਥਿਆਰ ਇਕੱਠੇ ਕਰਨ ਦਾ ਹੀ ਕੰਮ ਕੀਤਾ ਜਾਵੇਗਾ। ਕਿਸੇ ਇਹੋ ਜਿਹੇ ਕੰਮ ਨੂੰ ਹੱਥ ਨਹੀਂ ਪਾਇਆ ਜਾਵੇਗਾ ਜਿਸ ਨਾਲ ਸਰਕਾਰ ਚੌਕੰਨੀ ਹੋ ਜਾਵੇ।
ਨਵੀਂ ਬਣ ਰਹੀ ਜਥੇਬੰਦੀ ਦੇ ਕਰਤਿਆਂ-ਧਰਤਿਆਂ ਨੂੰ ਉਨ੍ਹਾਂ ਦੀ ਪਹਿਲੀ ਸ਼ਰਤ ਮਨਜ਼ੂਰ ਨਹੀਂ ਸੀ। ਇਹ ਠੀਕ ਹੈ ਕਿ ਪਹਿਲੇ ਕ੍ਰਾਂਤੀਕਾਰੀ ਦਲਾਂ ਵਿਚ ‘ਦਾਦਾ’ ਲੋਕਾਂ ਦਾ ਵਿਅਕਤੀਗਤ ਅਨੁਸ਼ਾਸਨ ਹੀ ਚਲਦਾ ਸੀ; ਪੰਜਾਬ ਵਿਚ ਜੈ ਚੰਦਰ ਜੀ ਅਤੇ ਸੰਯੁਕਤ ਪ੍ਰਾਂਤ ਵਿਚ ਜੇæਐਸ਼ ਸਾਨਿਆਲ ਦੀ ਨਿੱਜੀ ਧੱਕੜ ਚੌਧਰ ਉਸੇ ‘ਦਾਦਡਮ’ ਦੀ ਪਰੰਪਰਾ ਦਾ ਹੀ ਨਤੀਜਾ ਸੀ, ਪਰ ਅਸੀਂ ਇਸ ਤੋਂ ਅੱਕ ਚੁੱਕੇ ਸਾਂ। ਸਾਡੇ ਅੰਦਰ ਲੋਕਤੰਤਰ ਦੀ ਭਾਵਨਾ ਜਾਗ ਚੁੱਕੀ ਸੀ। ਅਸੀਂ ਸੂਬਿਆਂ ਦੇ ਦਲਾਂ ਦਾ ਕੇਂਦਰੀਕਰਨ ਤਾਂ ਚਾਹੁੰਦੇ ਸੀ, ਪਰ ਵਿਅਕਤੀਗਤ ਤਾਨਾਸ਼ਾਹੀ ਦੇ ਅਧੀਨ ਨਹੀਂ। ਇਸ ਦੇ ਨਾਲ ਹੀ ਸ਼ਿਵ ਵਰਮਾ ਨੇ ਇਹ ਮਹਿਸੂਸ ਕੀਤਾ ਕਿ ਉਹ ਜ਼ਿਆਦਾ ਸਮਰੱਥ ਵੀ ਨਹੀਂ ਸਨ ਕਿਉਂਕਿ ਉਨ੍ਹਾਂ ਨੂੰ ਤਾਂ ਸ਼ਿਵ ਨੂੰ ਠਹਿਰਾਉਣ ਲਈ ਰਾਤ ਨੂੰ ਗੁਪਤ ਟਿਕਾਣਾ ਪ੍ਰਾਪਤ ਕਰਨਾ ਵੀ ਔਖਾ ਹੁੰਦਾ ਸੀ।
ਸ਼ਿਵ ਵਰਮਾ ਦੀ ਸਲਾਹ ਦੇ ਆਧਾਰ ‘ਤੇ ਬੰਗਾਲ ਦੇ ਸਹਿਯੋਗ ਦੀ ਆਸ ਛੱਡ ਦਿੱਤੀ ਗਈ। ਸਭ ਤੋਂ ਪਹਿਲਾਂ ਦਿੱਲੀ ਵਿਚ ਹਥਿਆਰਬੰਦ ਕ੍ਰਾਂਤੀ ਵਾਸਤੇ ਯਤਨ ਕਰਨ ਲਈ ਸਾਰੇ ਸੂਬਿਆਂ ਦਾ ਸਾਂਝਾ ਆਧਾਰ ਤਿਆਰ ਕੀਤਾ ਗਿਆ। ਹੁਣ ਤੱਕ ਅਲੱਗ-ਅਲੱਗ ਸੂਬਿਆਂ ਦੇ ਕ੍ਰਾਂਤੀਕਾਰੀ ਦਲਾਂ ਦੇ ਆਪੋ-ਆਪਣੇ ਨਾਂ ਸਨ। ਦਿੱਲੀ ਵਿਚਲੀ ਮਿਲਣੀ ਵਿਚ ਭਗਤ ਸਿੰਘ ਅਤੇ ਸੁਖਦੇਵ ਨੇ ਸਾਰੇ ਸੂਬਿਆਂ ਤੋਂ ਨੁਮਾਇੰਦੇ ਲੈ ਕੇ ਕੇਂਦਰੀ ਜਥੇਬੰਦੀ ਬਣਾਉਣ ਅਤੇ ਉਸ ਦਾ ਨਾਂ ‘ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ’ ਰੱਖਣ ਦਾ ਮਤਾ ਰੱਖਿਆ।
ਆਪਣੀ ਜਥੇਬੰਦੀ ਦੇ ਨਾਂ ਵਿਚ ਸੋਸ਼ਲਿਸਟ ਸ਼ਬਦ ਜੋੜਨ ਦਾ ਅਰਥ ਇਹ ਨਹੀਂ ਕਿ ਅਸੀਂ ਮਾਰਕਸਵਾਦ ਦੇ ਵਿਗਿਆਨਕ ਸਿਧਾਂਤ ਅਤੇ ਅੰਦੋਲਨ ਦਾ ਰੰਗ-ਢੰਗ ਚੰਗੀ ਤਰ੍ਹਾਂ ਸਮਝ ਲਿਆ ਸੀ, ਪਰ ਇਸ ਵਿਚ ਵੀ ਸ਼ੱਕ ਨਹੀਂ ਕਿ ਅਸੀਂ ਆਪਣੀ ਸਮਝ ਅਤੇ ਗਿਆਨ ਦੀ ਸੀਮਾ ਮੁਤਾਬਕ ਉਸ ਪਾਸੇ ਵੱਲ ਵਧ ਰਹੇ ਸਾਂ। ਮੁੱਖ ਗੱਲ ਇਹ ਸੀ ਕਿ ਅਸੀਂ ਸ਼ੋਸ਼ਣ ਦੇ ਸ਼੍ਰੇਣੀ ਆਧਾਰ ਨੂੰ ਸਮਝ ਚੁੱਕੇ ਸਾਂ। ਕਿਸਾਨਾਂ ਅਤੇ ਮਜ਼ਦੂਰਾਂ ਦਾ ਰਾਜ ਸਾਡਾ ਨਿਸ਼ਾਨਾ ਬਣ ਚੁੱਕਿਆ ਸੀ ਪਰ ਕਿਸਾਨ ਮਜ਼ਦੂਰ ਸ਼੍ਰੇਣੀ ਦੀ ਸ਼ਕਤੀ ਨੂੰ ਜਥੇਬੰਦ ਕਰਨਾ ਅਤੇ ਇਸ ਸ਼੍ਰੇਣੀ ਵਿਚ ਚੇਤਨਾ ਪੈਦਾ ਕਰਨ ਦੇ ਵਿਗਿਆਨਕ ਢੰਗ ਤੱਕ ਅਸੀਂ ਨਹੀਂ ਪਹੁੰਚ ਸਕੇ ਸੀ। ਅਸੀਂ ਮਾਰਕਸਵਾਦ ਦੇ ਇਸ ਸੱਚ ਨੂੰ ਨਹੀਂ ਸਮਝ ਪਾਏ ਕਿ ਜਨਤਾ ਦੀ ਲੜਾਈ ਖੁਦ ਜਨਤਾ ਤੋਂ ਬਿਨਾਂ ਕੋਈ ਦੂਜੀ ਸ਼ਕਤੀ ਜਾਂ ਮਹਾਂਪੁਰਸ਼ ਦੇ ਵੱਸ ਦੀ ਗੱਲ ਨਹੀਂ ਹੈ। ਇਹ ਕੰਮ ਲੋਕ ਆਪਣੀ ਜਥੇਬੰਦਕ ਸ਼ਕਤੀ ਨਾਲ ਹੀ ਕਰ ਸਕਦੇ ਹਨ।
ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸਾਰੇ ਸਾਥੀ ਹੀ ਮਾਰਕਸਵਾਦ ਵੱਲ ਝੁਕੇ ਹੋਏ ਸਨ। ਆਜ਼ਾਦ, ਰਾਜਗੁਰੂ ਆਦਿ ਪੁਰਾਣੇ ਢੰਗ ਦੀ ਸੁਸਤ ਪਾਰਟੀ ਦੀ ਕਾਇਰਤਾ ਦੇਖ ਕੇ ਹੀ ਖਿਝੇ ਹੋਏ ਸਨ। ਸ਼ੋਸ਼ਤ ਜਨਤਾ ਦੇ ਪ੍ਰਤੀ ਉਨ੍ਹਾਂ ਦੀ ਹਮਦਰਦੀ ਸਿਰਫ਼ ਭਾਵਨਾਤਮਕ ਹੀ ਸੀ। ਇਸ ਦ੍ਰਿਸ਼ਟੀ ਤੋਂ ਦਲ ਦੇ ਅੰਦਰ ਪੰਜਾਬ ਸਭ ਤੋਂ ਅੱਗੇ ਸੀ। ਇਸ ਦੇ ਦੋ ਕਾਰਨ ਸਨ। ਇਕ ਤਾਂ ਪੰਜਾਬੀ ਕਾਮਰੇਡਾਂ ਵੱਲੋਂ ਰੂਸ ਤੋਂ ਲਿਆਂਦਾ ਗਿਆ ਗੁਪਤ ਸਮਾਜਵਾਦੀ ਸਾਹਿਤ ਪੰਜਾਬ ਵਿਚ ਫੈਲ ਚੁੱਕਾ ਸੀ। ਕਿਰਤੀ ਕਿਸਾਨ ਪਾਰਟੀ ਦਾ ਵੀ ਕੁਝ ਅਸਰ ਸੀ ਤੇ ਲਾਲਾ ਲਾਜਪਤ ਰਾਏ ਦੇ ਦਵਾਰਕਾ ਦਾਸ ਪੁਸਤਕਘਰ ਵਿਚੋਂ ਵੀ ਸਮਾਜਵਾਦੀ ਸਾਹਿਤ ਮਿਲ ਜਾਂਦਾ ਸੀ।
ਜਥਬੰਦੀ ਦੇ ਨਾਂ ਨਾਲ ‘ਸੋਸ਼ਲਿਸ਼ਟ’ ਸ਼ਬਦ ਜੋੜੇ ਜਾਣ ਦਾ ਸੁਝਾਅ ਭਗਤ ਸਿੰਘ ਅਤੇ ਸੁਖਦੇਵ ਨੇ ਹੀ ਦਿੱਤਾ ਸੀ। ਸ਼ਿਵ ਵਰਮਾ ਅਤੇ ਵਿਜੇ ਕੁਮਾਰ ਸਿਨਹਾ ਦੀ ਸਹਿਮਤੀ ਵੀ ਨਾਲ ਹੀ ਸੀ। ਇਹ ਕਾਨਪੁਰ ਦੇ ਜਥੇਬੰਦ ਮਜ਼ਦੂਰ ਅੰਦੋਲਨ ਤੋਂ ਪ੍ਰਭਾਵਿਤ ਹੋ ਚੁੱਕੇ ਸਨ ਅਤੇ ਕਾਨਪੁਰ ਦੀ ਮਜ਼ਦੂਰ ਸਭਾ ਨਾਲ ਵੀ ਸੰਪਰਕ ਬਣਾ ਚੁੱਕੇ ਸਨ। ਕ੍ਰਾਂਤੀਕਾਰੀ ਅਤੇ ਅਤਿਵਾਦੀ ਵਿਚ ਬੁਨਿਆਦੀ ਤੌਰ ‘ਤੇ ਫਰਕ ਹੈ। ਬ੍ਰਿਟਿਸ਼ ਸਰਕਾਰ ਜਾਣ-ਬੁੱਝ ਕੇ ਇਸ ਫਰਕ ਨੂੰ ਲੁਕੋਅ ਰਹੀ ਸੀ। ਕਾਂਗਰਸ ਵਾਲੇ ਸ਼ਾਇਦ ਇਸ ਫ਼ਰਕ ਨੂੰ ਸਮਝਦੇ ਹੀ ਨਹੀਂ ਸਨ।
ਦਿੱਲੀ ਵਿਚ ਫਿਰੋਜ਼ਸ਼ਾਹ ਕੋਟਲਾ ਦੇ ਖੰਡਰਾਂ ਵਿਚ ਕ੍ਰਾਂਤੀਕਾਰੀਆਂ ਦੀ ਸਭਾ ਵਿਚ ਕੁਝ ਖਾਸ ਫੈਸਲੇ ਹੋਏ ਸਨ। ਹਥਿਆਰਬੰਦ ਕ੍ਰਾਂਤੀ ਲਈ ਧਨ ਦੀ ਜ਼ਰੂਰਤ ਸੀ। ਚੰਦਾ ਇਕੱਠਾ ਕਰਨਾ ਮੁਸ਼ਕਿਲ ਸੀ। ਸਰਕਾਰੀ ਬੈਂਕਾਂ, ਖਜ਼ਾਨਿਆਂ ਤੇ ਡਾਕਖਾਨਿਆਂ ਵਿਚ ਡਕੈਤੀਆਂ ਮਾਰਨ ਦਾ ਫੈਸਲਾ ਕੀਤਾ ਗਿਆ, ਪਰ ਮਸਲਾ ਇਹ ਵੀ ਸੀ ਕਿ ਪਿੰਡਾਂ ਦੇ ਅਮੀਰ ਲੋਕਾਂ ਨੂੰ ਲੁੱਟਣ ਨਾਲ ਲੋਕਾਂ ਵਿਚ ਸਾਡੇ ਪ੍ਰਤੀ ਨਫ਼ਰਤ ਪੈਦਾ ਹੋ ਸਕਦੀ ਸੀ।
ਕ੍ਰਾਂਤੀਕਾਰੀਆਂ ਦੀ ਬਹੁਤ ਸਾਰੀ ਸ਼ਕਤੀ ਮੁਕੱਦਮਿਆਂ ਵਿਚ ਨਸ਼ਟ ਹੁੰਦੀ ਸੀ। ਦਿੱਲੀ ਵਿਚ ਇਹ ਫੈਸਲਾ ਕੀਤਾ ਗਿਆ ਕਿ ਸਿਰਫ ਉਹੀ ਮਾਮਲੇ ਹੱਥ ਵਿਚ ਲਏ ਜਾਣ ਜਿਨ੍ਹਾਂ ਦਾ ਜਨਤਕ ਰਾਜਨੀਤਕ ਮਹੱਤਵ ਹੋਵੇ; ਜਿਵੇਂ ਸਾਈਮਨ ਕਮਿਸ਼ਨ ਦਾ ਮਾਮਲਾ। ਇਹ ਵੀ ਫੈਸਲਾ ਕੀਤਾ ਗਿਆ ਕਿ ਭਵਿੱਖ ਵਿਚ ਸਾਡੀਆਂ ਸਰਗਰਮੀਆਂ ਕਿਸੇ ਵਿਅਕਤੀਗਤ ਅਗਵਾਈ ਵਿਚ ਨਹੀਂ ਚੱਲਣਗੀਆਂ। ਕੋਈ ਵੀ ਕੰਮ ਸੱਤ ਆਦਮੀਆਂ ਦੀ ਕੇਂਦਰੀ ਕਮੇਟੀ ਵਿਚ ਵਿਚਾਰ ਕੇ ਹੀ ਕੀਤਾ ਜਾਵੇਗਾ।
ਇਸ ਮਿਲਣੀ ਵਿਚ ਵਿਜੇ ਕੁਮਾਰ ਸਿਨਹਾ ਅਤੇ ਭਗਤ ਸਿੰਘ ਉਤੇ ਅੰਤਰ-ਰਾਜੀ ਸੰਪਰਕ ਬਣਾਉਣ ਦੀ ਜ਼ਿੰਮੇਵਾਰੀ ਲਗਾਈ ਗਈ। ਸੁਖਦੇਵ ਨੂੰ ਪੰਜਾਬ, ਸ਼ਿਵ ਵਰਮਾ ਨੂੰ ਸੰਯੁਕਤ ਪ੍ਰਾਂਤ, ਕੁੰਦਨ ਲਾਲ ਨੂੰ ਰਾਜਪੂਤਾਨਾ, ਫਣੀਂਦਰ ਨਾਥ ਘੋਸ਼ ਨੂੰ ਬਿਹਾਰ ਦੇ ਨੁਮਾਇੰਦੇ ਮੰਨਿਆ ਗਿਆ। ਹਥਿਆਰਾਂ ਅਤੇ ਪੈਸੇ ਦੀ ਘਾਟ ਕਾਰਨ ਇਹ ਫੈਸਲਾ ਕੀਤਾ ਗਿਆ ਕਿ ਇਹ ਕੇਂਦਰੀ ਕਮੇਟੀ ਦੇ ਹੱਥ ਵਿਚ ਹੀ ਰਹਿਣਗੇ। ਹਥਿਆਰ ਘੱਟ ਹੋਣ ਕਾਰਨ ਫੈਸਲਾ ਇਹ ਸੀ ਕਿ ਜਿਸ ਸੂਬੇ ਵਿਚ ਲੋੜ ਹੋਵੇ, ਹਥਿਆਰ ਭੇਜੇ ਜਾਣ ਅਤੇ ਫਿਰ ਵਾਪਸ ਕੇਂਦਰੀ ਕਮੇਟੀ ਨੂੰ ਦੇ ਦਿੱਤੇ ਜਾਣ।
ਪੁਰਾਣੇ ਦਲ ਵਿਚੋਂ ਚੰਦਰ ਸ਼ੇਖਰ ਆਜ਼ਾਦ ਹੀ ਅਜਿਹਾ ਵਿਅਕਤੀ ਸੀ ਜਿਹੜਾ ਸੀਨੀਅਰ ਹੋਣ ਦਾ ਦੰਭ ਛੱਡ ਕੇ ਨਵੇਂ ਲੋਕਾਂ ਨਾਲ ਨਵੇਂ ਢੰਗ ਨਾਲ ਕੰਮ ਕਰਨ ਲਈ ਤਿਆਰ ਸੀ। ਆਜ਼ਾਦ ਤੋਂ ਬਿਨਾਂ ਉਦੋਂ ਕਿਸੇ ਨੂੰ ਹਥਿਆਰ ਠੀਕ ਤਰ੍ਹਾਂ ਵਰਤਣੇ ਵੀ ਨਹੀਂ ਆਉਂਦੇ ਸਨ। ਇਸ ਲਈ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਦਾ ਹਥਿਆਰਬੰਦ ਕੰਮਾਂ ਦਾ ਕਮਾਂਡਰ-ਇਨ-ਚੀਫ ਉਸ ਨੂੰ ਹੀ ਬਣਾਇਆ ਗਿਆ।
Leave a Reply