ਸੁਖਦੇਵ ਦਾ ਮਹਾਤਮਾ ਗਾਂਧੀ ਦੇ ਨਾਂ ਖਤ

ਮਾਨਯੋਗ ਮਹਾਤਮਾ ਜੀ,
ਅੱਜਕੱਲ੍ਹ ਦੀਆਂ ਤਾਜ਼ੀਆਂ ਖਬਰਾਂ ਤੋਂ ਮਾਲੂਮ ਹੁੰਦਾ ਹੈ ਕਿ ਸੰਧੀ ਚਰਚਾ ਪਿੱਛੋਂ ਤੁਸੀਂ ਕ੍ਰਾਂਤੀਕਾਰੀਆਂ ਦੇ ਨਾਂ ਕਈ ਅਪੀਲਾਂ ਕੱਢੀਆਂ ਹਨ। ਅਪੀਲਾਂ ਵਿਚ ਤੁਸੀਂ ਉਨ੍ਹਾਂ ਨੂੰ ਘੱਟੋ-ਘੱਟ ਵਰਤਮਾਨ ਸਮੇਂ ਲਈ ਆਪਣਾ ਕ੍ਰਾਂਤੀਕਾਰੀ ਅੰਦੋਲਨ ਰੋਕ ਦੇਣ ਲਈ ਕਿਹਾ ਹੈ। ਅਸਲ ਗੱਲ ਇਹ ਹੈ ਕਿ ਕਿਸੇ ਅੰਦੋਲਨ ਨੂੰ ਰੋਕ ਦੇਣ ਦਾ ਕੰਮ ਕੋਈ ਆਦਰਸ਼ ਜਾਂ ਭਾਵਨਾ ਨਾਲ ਹੋਣ ਵਾਲੀ ਆਪਣੇ ਵੱਸ ਦੀ ਗੱਲ ਨਾਲ ਨਹੀਂ ਹੈ। ਸਮੇਂ ਸਮੇਂ ਤੇ ਲੋੜ ਮੁਤਾਬਕ ਅੰਦੋਲਨਾਂ ਦੇ ਨੇਤਾ ਆਪਣੀ ਯੁੱਧ ਨੀਤੀ ਤਬਦੀਲ ਕਰਦੇ ਹਨ।
ਸਾਡਾ ਅਨੁਮਾਨ ਹੈ ਕਿ ਸੰਧੀ ਦੀ ਗੱਲਬਾਤ ਸਮੇਂ ਆਪ ਇਕ ਪਲ ਵੀ ਇਹ ਗੱਲ ਨਹੀਂ ਭੁੱਲੇ ਹੋਵੋਗੇ ਕਿ ਇਹ ਸਮਝੌਤਾ ਕੋਈ ਸਮਝੌਤਾ ਨਹੀਂ ਹੋ ਸਕਦਾ। ਮੇਰਾ ਖਿਆਲ ਹੈ ਕਿ ਇਹ ਤਾਂ ਸਾਰੇ ਸਮਝਦਾਰ ਇਨਸਾਨ ਸਮਝਦੇ ਹੋਣਗੇ ਕਿ ਆਪ ਦੇ ਸੁਧਾਰਾਂ ਨੂੰ ਮੰਨ ਲੈਣ ‘ਤੇ ਵੀ ਦੇਸ਼ ਨੂੰ ਉਸ ਦਾ ਅੰਤਮ ਫਲ ਪ੍ਰਾਪਤ ਨਹੀਂ ਹੋਵੇਗਾ। ਲਾਹੌਰ ਕਾਂਗਰਸ ਦੇ ਪ੍ਰਸਤਾਵ ਮੁਤਾਬਕ, ਕਾਂਗਰਸ ਆਜ਼ਾਦੀ ਦੀ ਜੰਗ ਤਦ ਤੱਕ ਚਲਾਉਣ ਲਈ ਦ੍ਰਿੜ੍ਹ ਹੈ ਜਦ ਤੱਕ ਮੁਕੰਮਲ ਆਜ਼ਾਦੀ ਹਾਸਲ ਨਾ ਹੋ ਜਾਵੇ। ਵਿਚ ਵਿਚਾਲੇ ਦੀਆਂ ਸੰਧੀਆਂ ਤੇ ਸਮਝੌਤੇ ਤਾਂ ਸਿਰਫ ਪਲ ਭਰ ਲਈ ਟਿਕਾਓ ਹੈ ਜਿਸ ਵਿਚ ਅਗਲੀ ਲੜਾਈ ਲਈ ਵੱਧ ਤੋਂ ਵੱਧ ਤਾਕਤ ਇਕੱਠੀ ਕਰਨ ਦਾ ਮੌਕਾ ਮਿਲਦਾ ਹੈ। ਸਿਰਫ ਇਸ ਸਿਧਾਂਤ ‘ਤੇ ਹੀ ਕਿਸੇ ਕਿਸਮ ਦੀ ਸੰਧੀ ਜਾਂ ਸਮਝੌਤਾ ਕਰਨ ਦੀ ਸੋਚੀ ਜਾ ਸਕਦੀ ਹੈ। ਸਮਝੌਤੇ ਲਈ ਠੀਕ ਵਕਤ ਅਤੇ ਸ਼ਰਤਾਂ ‘ਤੇ ਵਿਚਾਰ ਕਰਨ ਦਾ ਕੰਮ ਨੇਤਾਵਾਂ ਦਾ ਹੈ। ਲਾਹੌਰ ਦੇ ਮੁਕੰਮਲ ਆਜ਼ਾਦੀ ਵਾਲੇ ਮਤੇ ਦੇ ਹੁੰਦਿਆਂ ਹੋਇਆਂ ਵੀ ਭਾਵੇਂ ਤੁਸਾਂ ਆਪਣਾ ਅੰਦੋਲਨ ਰੋਕ ਲਿਆ ਹੈ, ਫਿਰ ਵੀ ਪ੍ਰਸਤਾਵ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਕਾਇਮ ਹੈ। ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਦੇ ਕ੍ਰਾਂਤੀਕਾਰੀਆਂ ਦਾ ਮੰਤਵ ਇਸ ਦੇਸ਼ ਵਿਚ ਸਮਾਜਵਾਦੀ ਪਰਜਾਤੰਤਰ ਤਰੀਕੇ ਦੀ ਸਥਾਪਨਾ ਹੈ। ਇਸ ਮੰਤਵ ਵਿਚ ਸੋਧ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਹ ਤਾਂ ਆਪਣਾ ਸੰਗਰਾਮ ਤਦ ਤੱਕ ਪੂਰੀ ਤਰ੍ਹਾਂ ਜਾਰੀ ਰੱਖਣ ਲਈ ਮਜਬੂਰ ਹਨ ਜਦ ਤੱਕ ਕਿ ਇਹ ਮੰਤਵ ਹਾਸਲ ਨਹੀਂ ਹੋ ਜਾਂਦਾ ਤੇ ਇਸ ਆਦਰਸ਼ ਦੀ ਪੂਰੀ ਤਰ੍ਹਾਂ ਸਥਾਪਨਾ ਨਹੀਂ ਹੋ ਜਾਂਦੀ, ਪਰ ਸਮੇਂ ਦੀ ਤਬਦੀਲੀ ਦੇ ਨਾਲ-ਨਾਲ ਉਹ ਆਪਣੀ ਯੁੱਧ ਨੀਤੀ ਵੀ ਬਦਲਦੇ ਰਹਿਣਾ ਚਾਹੁੰਦੇ ਹਨ। ਕ੍ਰਾਂਤੀਕਾਰੀਆਂ ਦਾ ਯੁੱਧ ਵੱਖ-ਵੱਖ ਮੌਕਿਆਂ ‘ਤੇ ਵੱਖਰਾ-ਵੱਖਰਾ ਰੂਪ ਧਾਰ ਲੈਂਦਾ ਹੈ। ਕਦੀ ਇਹ ਪ੍ਰਤੱਖ ਰੂਪ ਵਿਚ ਹੁੰਦਾ ਹੈ, ਕਦੀ ਜੀਵਨ ਤੇ ਮੌਤ ਦਾ ਭਿਆਨਕ ਸੰਗਰਾਮ ਬਣ ਜਾਂਦਾ ਹੈ। ਵਰਤਮਾਨ ਹਾਲਾਤ ਵਿਚ ਕ੍ਰਾਂਤੀਕਾਰੀਆਂ ਦੇ ਸਾਹਮਣੇ ਅੰਦੋਲਨ ਰੋਕ ਦੇਣ ਲਈ ਕੁਝ ਵਿਸ਼ੇਸ਼ ਕਾਰਨਾਂ ਦਾ ਹੋਣਾ ਜ਼ਰੂਰੀ ਹੈ, ਪਰ ਤੁਸੀਂ ਸਾਡੇ ਸਾਹਮਣੇ ਐਸਾ ਕੋਈ ਨਿਸ਼ਚਿਤ ਕਾਰਨ ਨਹੀਂ ਰੱਖਿਆ ਜਿਸ ‘ਤੇ ਵਿਚਾਰ ਕਰ ਕੇ ਅਸੀਂ ਆਪਣਾ ਅੰਦੋਲਨ ਰੋਕ ਦੇਈਏ, ਸਿਰਫ ਭਾਵੁਕ ਅਪੀਲਾਂ ਕ੍ਰਾਂਤੀਕਾਰਆਂ ਦੇ ਸੰਗਰਾਮ ‘ਤੇ ਕੋਈ ਪ੍ਰਭਾਵ ਨਹੀਂ ਪਾ ਸਕਦੀਆਂ।
ਸਮਝੌਤਾ ਕਰ ਕੇ ਤੁਸੀਂ ਆਪਣਾ ਅੰਦੋਲਨ ਰੋਕ ਲਿਆ ਹੈ ਜਿਸ ਦੇ ਸਿੱਟੇ ਵਜੋਂ ਤੁਹਾਡੇ ਅੰਦੋਲਨ ਦੇ ਸਾਰੇ ਬੰਦੀ ਛੁੱਟ ਗਏ ਹਨ, ਪਰ ਕ੍ਰਾਂਤੀਕਾਰੀ ਬੰਦੀਆਂ ਦੇ ਸਬੰਧ ਵਿਚ ਤੁਸੀਂ ਕੀ ਕਹਿਣਾ ਹੈ? 1915 ਦੇ ਗਦਰ ਪਾਰਟੀ ਦੇ ਬੰਦੀ ਅੱਜ ਵੀ ਜੇਲ੍ਹਾਂ ਵਿਚ ਪਏ ਸੜ ਰਹੇ ਹਨ, ਜਦ ਕਿ ਉਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ। ਮਾਰਸ਼ਲ ਲਾਅ ਦੇ ਸੈਂਕੜੇ ਬੰਦੀ ਅੱਜ ਜੀਂਦੇ ਹੋਏ ਵੀ ਕਬਰਾਂ ਵਿਚ ਦਫਨਾਏ ਹੋਏ ਹਨ। ਇਸੇ ਤਰ੍ਹਾਂ ਬੱਬਰ ਅਕਾਲੀ ਲਹਿਰ ਦੇ ਦਰਜਨਾਂ ਬੰਦੀ ਜੇਲ੍ਹ ਦੀਆਂ ਸਖ਼ਤੀਆਂ ਝੱਲ ਰਹੇ ਹਨ। ਅੱਧੀ ਦਰਜਨ ਤੋਂ ਵੱਧ ਸਾਜ਼ਿਸ਼ ਕੇਸ ਲਾਹੌਰ, ਦਿੱਲੀ, ਚਿਟਾਗਾਂਗ, ਬੰਬਈ, ਕਲਕੱਤੇ ਆਦਿ ਥਾਵਾਂ ‘ਤੇ ਚੱਲ ਰਹੇ ਹਨ। ਅਨੇਕਾਂ ਕ੍ਰਾਂਤੀਕਾਰੀ ਮਫਰੂਰ ਹਨ ਜਿਨ੍ਹਾਂ ਵਿਚ ਬਹੁਤ ਸਾਰੀਆਂ ਔਰਤਾਂ ਵੀ ਹਨ। ਅੱਧੀ ਦਰਜਨ ਤੋਂ ਵੱਧ ਬੰਦੀ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਹੇ ਹਨ। ਇਸ ਸਭ ਦੇ ਬਾਰੇ ਆਪ ਨੇ ਕੀ ਕਹਿਣਾ ਹੈ? ਲਾਹੌਰ ਸਾਜ਼ਿਸ਼ ਕੇਸ ਦੇ ਤਿੰਨ ਬੰਦੀ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਮਿਲੀ ਹੈ ਅਤੇ ਇਨ੍ਹਾਂ ਨੂੰ ਸਬੱਬ ਨਾਲ ਦੇਸ਼ ਵਿਚ ਬਹੁਤ ਮਾਣ ਪ੍ਰਾਪਤ ਹੋ ਗਿਆ ਹੈ, ਕ੍ਰਾਂਤੀਕਾਰੀ ਦਲ ਦੇ ਸਭ ਕੁਝ ਨਹੀਂ ਹਨ। ਦਲ ਦੇ ਸਾਹਮਣੇ ਕੇਵਲ ਉਨ੍ਹਾਂ ਦੀ ਹੀ ਕਿਸਮਤ ਦਾ ਸਵਾਲ ਨਹੀਂ ਹੈ। ਅਸਲ ਵਿਚ ਉਨ੍ਹਾਂ ਦੀ ਸਜ਼ਾ ਵਿਚ ਤਬਦੀਲੀ ਨਾਲ ਦੇਸ਼ ਦਾ ਇੰਨਾ ਕੁਝ ਨਹੀਂ ਸੌਰਨਾ, ਜਿੰਨਾ ਉਨ੍ਹਾਂ ਨੂੰ ਫਾਂਸੀ ‘ਤੇ ਚੜ੍ਹਾ ਦੇਣ ਨਾਲ ਹੋਵੇਗਾ।
ਇਨ੍ਹਾਂ ਸਭ ਗੱਲਾਂ ਦੇ ਹੁੰਦੇ ਹੋਏ ਵੀ ਆਪ ਸਾਨੂੰ ਅੰਦੋਲਨ ਰੋਕ ਦੇਣ ਦੀਆਂ ਅਪੀਲਾਂ ਕਰ ਰਹੇ ਹੋ। ਅਸੀਂ ਆਪਣਾ ਕ੍ਰਾਂਤੀਕਾਰੀ ਅੰਦੋਲਨ ਕਿਉਂ ਰੋਕ ਲਈਏ, ਇਸ ਦਾ ਆਪ ਨੇ ਕੋਈ ਠੀਕ ਕਾਰਨ ਨਹੀਂ ਦੱਸਿਆ। ਇਸ ਤਰ੍ਹਾਂ ਦੀਆਂ ਹਾਲਤਾਂ ਵਿਚ ਆਪ ਦੀਆਂ ਇਨ੍ਹਾਂ ਅਪੀਲਾਂ ਦਾ ਅਰਥ ਤਾਂ ਬਸ ਇਹੀ ਹੈ ਕਿ ਤੁਸੀਂ ਕ੍ਰਾਂਤਕਾਰੀ ਅੰਦੋਲਨ ਨੂੰ ਕੁਚਲਣ ਵਿਚ ਨੌਕਰਸ਼ਾਹੀ ਦਾ ਸਾਥ ਦੇ ਰਹੇ ਹੋ। ਇਨ੍ਹਾਂ ਅਪੀਲਾਂ ਰਾਹੀਂ ਤੁਸੀਂ ਖੁਦ ਕ੍ਰਾਂਤੀਕਾਰੀ ਦਲ ਵਿਚ ਫੁੱਟ ਅਤੇ ਵਿਸ਼ਵਾਸਘਾਤ ਦੀ ਸਿੱਖਿਆ ਦੇ ਰਹੇ ਹੋ। ਅਗਰ ਇਹ ਗੱਲ ਨਾ ਹੁੰਦੀ ਤਾਂ ਆਪ ਲਈ ਵਧੀਆ ਢੰਗ ਇਹ ਸੀ ਕਿ ਤੁਸੀਂ ਕੁਝ ਪ੍ਰਮੁੱਖ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਇਸ ਵਿਸ਼ੇ ‘ਤੇ ਗੱਲਬਾਤ ਕਰ ਲੈਂਦੇ। ਆਪ ਨੂੰ ਉਨ੍ਹਾਂ ਨੂੰ ਅੰਦੋਲਨ ਰੋਕ ਦੇਣ ਦੀ ਸਲਾਹ ਤੋਂ ਪਹਿਲਾਂ ਉਸ ਦੇ ਕਾਰਨ ਦਲੀਲ ਰਾਹੀਂ ਸਮਝਾਣੇ ਚਾਹੀਦੇ ਸਨ। ਮੇਰਾ ਖਿਆਲ ਹੈ ਕਿ ਆਮ ਲੋਕਾਂ ਵਾਂਗ ਆਪ ਦੀ ਤਾਂ ਇਹ ਧਾਰਨਾ ਨਹੀਂ ਹੋਵੇਗੀ ਕਿ ਕ੍ਰਾਂਤੀਕਾਰੀ ਬੇਦਲੀਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਕੇਵਲ ਮਾਰਨ ਦੇ ਕੰਮਾਂ ਵਿਚ ਸੁਆਦ ਆਉਂਦਾ ਹੈ। ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸਲੀਅਤ ਵਿਚ ਗੱਲ ਇਸ ਦੇ ਬਿਲਕੁਲ ਉਲਟ ਹੈ। ਉਹ ਹਰ ਕਦਮ ਉਤੇ ਅੱਗੇ ਵਧਣ ਤੋਂ ਪਹਿਲਾਂ ਉਹਦੀਆਂ ਚਾਰੇ ਪਾਸੇ ਦੀਆਂ ਹਾਲਤਾਂ ‘ਤੇ ਵਿਚਾਰ ਕਰ ਲੈਂਦੇ ਹਨ। ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹਰ ਵਕਤ ਰਹਿੰਦਾ ਹੈ। ਉਹ ਆਪਣੇ ਕ੍ਰਾਂਤੀਕਾਰੀ ਵਿਧਾਨ ਵਿਚ ਰਚਨਾਤਮਕ ਅੰਗ ਦੀ ਜ਼ਰੂਰਤ ਨੂੰ ਮੁੱਖ ਥਾਂ ਦਿੰਦੇ ਹਨ। ਹੁਣ ਦੀਆਂ ਹਾਲਤਾਂ ਵਿਚ ਭਾਵੇਂ ਉਨ੍ਹਾਂ ਨੂੰ ਕੇਵਲ ਢਾਹੂ ਹਿੱਸੇ ਵੱਲ ਹੀ ਧਿਆਨ ਦੇਣਾ ਪਿਆ ਹੈ।
ਸਰਕਾਰ ਕ੍ਰਾਂਤੀਕਾਰੀਆਂ ਲਈ ਪੈਦਾ ਹੋਈ ਸਰਬ ਸਾਂਝੀ ਹਮਦਰਦੀ ਤੇ ਮਦਦ ਦੀ ਭਾਵਨਾ ਨੂੰ ਨਸ਼ਟ ਕਰ ਕੇ, ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਕੁਚਲ ਦੇਣਾ ਚਾਹੁੰਦੀ ਹੈ। ਇਕੱਲੇ ਤਾਂ ਉਹ ਬਹੁਤ ਆਸਾਨੀ ਨਾਲ ਮਸਲੇ ਜਾ ਸਕਦੇ ਹਨ। ਸੋ ਇਹੋ ਜਿਹੀਆਂ ਹਾਲਤਾਂ ਵਿਚ ਕਿਸੇ ਕਿਸਮ ਦੀਆਂ ਭਾਵੁਕ ਅਪੀਲਾਂ ਕਰ ਕੇ ਉਨ੍ਹਾਂ ਵਿਚ ਫੁਟ ਤੇ ਵਿਸ਼ਵਾਸਘਾਤ ਪੈਦਾ ਕਰਨਾ ਵੱਡੀ ਗਲਤੀ ਤੇ ਕ੍ਰਾਂਤੀ ਵਿਰੋਧੀ ਕੰਮ ਹੋਵੇਗਾ। ਇਸ ਨਾਲ ਸਰਕਾਰ ਨੂੰ ਉਨ੍ਹਾਂ ਨੂੰ ਕੁਚਲਣ ਵਿਚ ਸਾਫ਼ ਤੌਰ ‘ਤੇ ਸਹਾਇਤਾ ਮਿਲਦੀ ਹੈ।
ਇਸ ਲਈ ਆਪ ਨੂੰ ਸਾਡੀ ਪ੍ਰਾਰਥਨਾ ਹੈ ਕਿ ਜਾਂ ਤਾਂ ਆਪ ਕੁਝ ਕ੍ਰਾਂਤੀਕਾਰੀਆਂ ਜੋ ਜੇਲ੍ਹਾਂ ਵਿਚ ਬੰਦ ਹਨ, ਨਾਲ ਇਸ ਵਿਸ਼ੇ ‘ਤੇ ਗੱਲਬਾਤ ਕਰ ਕੇ ਕੁਝ ਨਿਰਣਾ ਕਰ ਲਓ, ਨਹੀਂ ਤਾਂ ਇਹ ਅਪੀਲਾਂ ਬੰਦ ਕਰ ਦਿਓ। ਮਿਹਰਬਾਨੀ ਕਰ ਕੇ ਇਨ੍ਹਾਂ ਦੋ ਰਾਹਾਂ ਵਿਚੋਂ ਕਿਸੇ ਇਕ ਨੂੰ ਅਪਣਾਉਣਾ ਤੇ ਉਹ ਵੀ ਪੂਰੇ ਦਿਲ ਨਾਲ। ਅਗਰ ਤੁਸੀਂ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੇ ਤਾਂ ਮਿਹਰਬਾਨੀ ਕਰ ਕੇ ਉਨ੍ਹਾਂ ‘ਤੇ ਰਹਿਮ ਕਰੋ ਤੇ ਉਨ੍ਹਾਂ ਨੂੰ ਇਕੱਲੇ ਛੱਡ ਦਿਓ। ਉਹ ਆਪਣੀ ਰੱਖਿਆ ਆਪ ਕਰ ਲੈਣਗੇ। ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਉਣ ਵਾਲੇ ਰਾਜਨੀਤਕ ਯੁੱਧ ਵਿਚ ਉਨ੍ਹਾਂ ਦੀ ਅਗਵਾਈ ਨਿਸ਼ਚਿਤ ਹੈ। ਜਨਤਾ ਉਨ੍ਹਾਂ ਵੱਲ ਬਰਾਬਰ ਵਧੀ ਆ ਰਹੀ ਹੈ। ਉਹ ਦਿਨ ਦੂਰ ਨਹੀਂ ਹੈ ਜਦ ਉਨ੍ਹਾਂ ਦੀ ਅਗਵਾਈ ਵਿਚ ਅਤੇ ਉਨ੍ਹਾਂ ਦੇ ਝੰਡੇ ਥੱਲੇ ਜਨਤਾ ਆਪਣੇ ਸਮਾਜਵਾਦੀ ਪਰਜਾਤੰਤਰ ਦੇ ਮਹਾਨ ਨਿਸ਼ਾਨੇ ਵੱਲ ਵਧਦੀ ਵਿਖਾਈ ਦੇਵੇਗੀ।
ਅਤੇ ਜੇ ਸੱਚਮੁੱਚ ਤੁਸੀਂ ਉਨ੍ਹਾਂ ਦੀ ਮੱਦਦ ਕਰਨੀ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਸਮਝਾਣ ਲਈ ਉਨ੍ਹਾਂ ਨਾਲ ਗੱਲਬਾਤ ਕਰੋ ਅਤੇ ਸਾਰੇ ਹਾਲਾਤ ‘ਤੇ ਖੋਲ੍ਹ ਕੇ ਵਿਚਾਰ ਕਰੋ।
ਉਮੀਦ ਹੈ ਆਪ ਉਪਰਲੀ ਪ੍ਰਾਰਥਨਾ ‘ਤੇ ਵਿਚਾਰ ਕਰੋਗੇ ਅਤੇ ਆਪਣੀ ਰਾਏ ਜਨਤਾ ਦੇ ਸਾਹਮਣੇ ਰੱਖੋਗੇ।
ਆਪ ਦਾ
ਅਨੇਕਾਂ ਵਿਚੋਂ ਇਕ।
___________________________________
ਰਾਜਗੁਰੂ ਦਾ ਦਿਲ!
ਸਾਂਡਰਸ ਦਾ ਕਤਲ ਕਰ ਕੇ ਆਏ ਤਾਂ ਰਾਜਗੁਰੂ ਦੀ ਅਜੀਬ ਹਾਲਤ ਸੀ। ਜਦ ਅਸੀਂ ਸਭ ਬੜੀ ਪ੍ਰਸੰਸਾ ਨਾਲ ਉਨ੍ਹਾਂ ਵੱਲ ਦੇਖ ਰਹੇ ਸਾਂ ਅਤੇ ਉਨ੍ਹਾਂ ਦੇ ਸਾਹਸ ਤੇ ਨਿਸ਼ਾਨੇ ਦੀ ਤਾਰੀਫ ਕਰ ਰਹੇ ਸਾਂ, ਉਸ ਸਮੇਂ ਆਪ ਬਹੁਤ ਦੁਖੀ ਸਨ। ਵਿਜੇ ਕੁਮਾਰ ਸਿਨਹਾ ਅਤੇ ਮੈਂ ਉਨ੍ਹਾਂ ਨਾਲ ਇਕੋ ਮਕਾਨ ਵਿਚ ਸਾਂ। ਜਦੋਂ ਮੈਂ ਪੁੱਛਿਆ, “ਭਾਈ, ਤੁਹਾਨੂੰ ਤਾਂ ਆਪਣੀ ਸਫਲਤਾ ‘ਤੇ ਖੁਸ਼ ਹੋਣਾ ਚਾਹੀਦਾ ਹੈ, ਤੁਸੀਂ ਐਨੇ ਉਦਾਸ ਕਿਉਂ ਹੋ? ਮੈਂ ਤੁਹਾਡੀ ਥਾਂ ਹੁੰਦਾ ਤਾਂ ਮੇਰਾ ਮਨ ਆਸਮਾਨ ‘ਤੇ ਹੁੰਦਾ। ਹਵਾ ਨਾਲ ਗੱਲਾਂ ਕਰਦਾ। ਤੁਸੀਂ ਇੰਨੇ ਉਦਾਸ ਕਿਉਂ ਹੋ?” ਆਪ ਨੇ ਬੜਾ ਡੂੰਘਾ ਸਾਹ ਭਰ ਕੇ ਕਿਹਾ, “ਭਾਈ, ਬੜਾ ਸੁੰਦਰ ਨੌਜਵਾਨ ਸੀ। ਉਸ (ਸਾਂਡਰਸ) ਦੇ ਘਰਦਿਆਂ ਨੂੰ ਕਿਵੇਂ ਲੱਗ ਰਿਹਾ ਹੋਵੇਗਾ?”
-ਭਗਵਾਨ ਦਾਸ ਮਾਹੌਰ
(ਐਚæਐਸ਼ਆਰæਏæ ਦਾ ਅਹਿਮ ਮੈਂਬਰ ਜੋ ਨਿਸ਼ਾਨੇ ਲਈ ਬੜਾ ਮਸ਼ਹੂਰ ਸੀ)

Be the first to comment

Leave a Reply

Your email address will not be published.