‘ਕਿਛੁ ਸੁਣੀਐ ਕਿਛੁ ਕਹੀਐ’ ਦੇ ਉਲਟ ਵਗੇ ‘ਪੰਜਾਬ ਦੇ ਮਾਲਕ’

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਵਿਰੋਧੀ ਧਿਰ ਕਾਂਗਰਸ ਨੇ ਇਕ-ਦੂਜੇ ਦੀ ਗੱਲ ਸੁਣਨ-ਕਹਿਣ ਦੀ ਥਾਂ, ਕਿਸੇ ਦੀ ਵੀ ਪ੍ਰਵਾਹ ਨਾ ਕਰਦਿਆਂ ਮਨ-ਆਈਆਂ ਕੀਤੀਆਂ। ਵੱਖ-ਵੱਖ ਮੁੱਦਿਆਂ ਅਤੇ ਸੂਬੇ ਦੇ ਸਾਲਾਨਾ ਬਜਟ ਬਾਰੇ ਬਹਿਸ ਲਈ ਸੱਦੇ ਸਦਨ ਵਿਚ ਆਪੋ-ਆਪਣੀ ਸਿਆਸਤ ਲੈ ਕੇ ਪੁੱਜੇ ਦੋਹਾਂ ਧਿਰਾਂ ਦੇ ਆਗੂ ਆਪਸ ਵਿਚ ਉਲਝ ਗਏ।
ਇਸ ਅਮਲ ਦਾ ਅਰੰਭ ਭਾਵੇਂ ਸਾਧਾਰਨ ਜਿਹਾ ਹੀ ਸੀ ਅਤੇ ਸੱਤਾ ਧਿਰ ਨੂੰ ਵੀ ਰਤਾ ਕੁ ਸਬਰ ਤੋਂ ਕੰਮ ਲੈਣਾ ਚਾਹੀਦਾ ਸੀ, ਪਰ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਸਪਸ਼ਟ ਦਿਸਦਾ ਹੈ ਕਿ ਇਕ-ਦੂਜੇ ਨੂੰ ਹੀਣਾ ਦਰਸਾਉਣ ਲਈ ਦੋਵੇਂ ਧਿਰਾਂ ਪੂਰਾ ਟਿੱਲ ਲਾ ਦਿੰਦੀਆਂ ਹਨ। ਪੰਜਾਬ ਇਸ ਵੇਲੇ ਜਿਨ੍ਹਾਂ ਸੰਕਟ ਦਾ ਸ਼ਿਕਾਰ ਹੈ, ਉਨ੍ਹਾਂ ਬਾਰੇ ਕਦੀ ਗੱਲ ਹੀ ਨਹੀਂ ਤੁਰਦੀ। ਪਿਛਲੀ ਵਾਰ ਤਾਂ ਸਿਆਸੀ ਸ਼ਰੀਕੇਬਾਜ਼ੀ ਇਕ-ਦੂਜੇ ਨੂੰ ਗਾਲਾਂ ਕੱਢਣ ਤੱਕ ਪੁੱਜ ਗਈ ਸੀ। ਉਂਜ, ਦੋਹਾਂ ਧਿਰਾਂ ਨੂੰ ਹੀ ਅਜਿਹੀ ਅਰਾਜਕਤਾ ਸੂਤ ਬੈਠਦੀ ਹੈ, ਕਿਉਂਕਿ ਇੱਦਾਂ ਦੋਵੇਂ ਧਿਰਾਂ ਹੀ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਜਾਂਦੀਆਂ ਹਨ।
ਕਾਂਗਰਸ ਦਾ ਕਬਜ਼ਾ, ਅਕਾਲੀ ਇਕੱਲੇ!
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਦੇ ਮੈਂਬਰਾਂ ਵੱਲੋਂ ਸਰਕਾਰ ਵਿਰੁੱਧ ਕੀਤਾ ਜਾ ਰਿਹਾ ਪ੍ਰਦਰਸ਼ਨ ਇਸ ਹੱਦ ਤੱਕ ਹਿੰਸਕ ਰੂਪ ਧਾਰਨ ਕਰ ਗਿਆ ਕਿ ਵਿਰੋਧੀ ਧਿਰ ਦੇ ਅੱਧੀ ਦਰਜਨ ਮੈਂਬਰ ਮਾਰਸ਼ਲਾਂ ਦਾ ਘੇਰਾ ਤੋੜ ਕੇ ਸਪੀਕਰ ਦੇ ਆਸਣ ਤੱਕ ਪਹੁੰਚ ਗਏ। ਕਾਂਗਰਸੀ ਮੈਂਬਰਾਂ ਨੇ ਮਾਰਸ਼ਲਾਂ ਨਾਲ ਧੱਕਾ-ਮੁੱਕੀ ਕੀਤੀ ਤੇ ਸਪੀਕਰ ਵੱਲ ਨੂੰ ਸਰਕਾਰੀ ਵਿਭਾਗਾਂ ਦੀਆਂ ਰਿਪੋਰਟਾਂ ਵਗਾਹ ਮਾਰੀਆਂ।
ਇਸ ਦੌਰਾਨ ਕਈਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਜਗਮੋਹਨ ਕੰਗ ਸਪੀਕਰ ਦੀ ਕੁਰਸੀ ‘ਤੇ ਬੈਠ ਗਏ। ਦਰਅਸਲ ਮਾਮਲਾ ਵਿਧਾਨ ਸਭਾ ਵਿਚ ਸਥਿਤ ਕਾਂਗਰਸ ਵਿਧਾਨਕਾਰ ਪਾਰਟੀ ਦੇ ਦਫ਼ਤਰ ਵਿਚ ਪਹੁੰਚੀ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਉਸਮਾ ਦੀ ਪੀੜਤ ਲੜਕੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਤੋਂ ਵਿਗੜਿਆ। ਸਦਨ ਵਿਚ ਜਦੋਂ ਪ੍ਰਸ਼ਨ ਕਾਲ ਦੀ ਕਾਰਵਾਈ ਚੱਲ ਰਹੀ ਸੀ ਤਾਂ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਸ਼ਿਕਾਇਤ ਕੀਤੀ ਕਿ ਕਾਂਗਰਸ ਦੇ ਦਫ਼ਤਰ ਵਿਚ ਪੁਲਿਸ ਦਾਖਲ ਹੋਈ ਹੈ। ਸ੍ਰੀ ਜਾਖੜ ਦੀ ਅਗਵਾਈ ਵਿਚ ਨਾਅਰੇ ਲਾਉਂਦੇ ਕਾਂਗਰਸੀ ਵਿਧਾਇਕਾਂ ਨੇ ਵਾਕਆਊਟ ਕਰ ਦਿੱਤਾ। ਵਿਧਾਨ ਸਭਾ ਵਿਚ ਪ੍ਰਸ਼ਨ ਕਾਲ ਵੇਲੇ ਪੈਦਾ ਹੋਈ ਤਣਾਅਪੂਰਨ ਸਥਿਤੀ ਦੁਪਹਿਰ ਤੋਂ ਬਾਅਦ ਗੰਭੀਰ ਰੂਪ ਧਾਰਨ ਕਰ ਗਈ। ਸਪੀਕਰ ਨੇ ਇਸ ਮਾਮਲੇ ‘ਤੇ ਸਦਨ ਦੇ ਨੇਤਾ ਪ੍ਰਕਾਸ਼ ਸਿੰਘ ਬਾਦਲ ਤੇ ਹੋਰਾਂ ਆਗੂਆਂ ਨਾਲ ਲੰਮੀਆਂ ਮੀਟਿੰਗਾਂ ਕੀਤੀਆਂ ਪਰ ਕੋਈ ਹੱਲ ਨਾ ਨਿਕਲਿਆ। ਸਦਨ ਦੀ ਕਾਰਵਾਈ ਤਿੰਨ ਵਾਰੀ ਮੁਲਤਵੀ ਕਰਨੀ ਪਈ।
_________________________
ਸਪੀਕਰ ਵੱਲੋਂ ਨੌਂ ਕਾਂਗਰਸੀ ਵਿਧਾਇਕ ਮੁਅੱਤਲ
ਚੰਡੀਗੜ੍ਹ: ਪੰਜਾਬ ਦੇ ਨੌਂ ਕਾਂਗਰਸੀ ਵਿਧਾਇਕਾਂ ਨੂੰ ਵਿਧਾਨ ਸਭਾ ਵਿਚ ਚੱਲ ਰਹੇ ਬਜਟ ਸੈਸ਼ਨ ਦੇ ਰਹਿੰਦੇ ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਸਦਨ ਵੱਲੋਂ ਇਹ ਕਾਰਵਾਈ ਵਿਧਾਨ ਸਭਾ ਵਿਚ ਮਚਾਏ ਗਏ ਸ਼ੋਰ-ਸ਼ਰਾਬੇ ਦੇ ਆਧਾਰ ‘ਤੇ ਕੀਤੀ ਗਈ ਹੈ। ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਵਿਰੋਧੀ ਧਿਰ ਦੇ ਵਿਧਾਇਕਾਂ ਦੀ ਇਕ ਦਿਨ ਲਈ ਮੁਅੱਤਲੀ ਦਾ ਐਲਾਨ ਕੀਤਾ ਪਰ ਬਾਅਦ ਦੁਪਹਿਰ ਹਾਕਮ ਪਾਰਟੀ ਦੇ ਮੈਂਬਰਾਂ ਦੀ ਮੰਗ ‘ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਮਦਨ ਮੋਹਨ ਮਿੱਤਲ ਵੱਲੋਂ ਪੇਸ਼ ਕੀਤੇ ਮਤੇ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਨੌਂ ਵਿਧਾਇਕਾਂ ਨੂੰ ਬਜਟ ਸੈਸ਼ਨ ਦੇ ਰਹਿੰਦੇ ਦਿਨਾਂ ਲਈ ਮੁਅੱਤਲ ਕਰ ਦਿੱਤਾ। ਸਪੀਕਰ ਵੱਲੋਂ ਮੁਅੱਤਲ ਕੀਤੇ ਗਏ ਵਿਧਾਇਕਾਂ ਵਿਚ ਖਰੜ ਤੋਂ ਜਗਮੋਹਨ ਸਿੰਘ ਕੰਗ, ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ, ਗੁਰਦਾਸਪੁਰ ਜ਼ਿਲ੍ਹੇ ਤੋਂ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਰੰਧਾਵਾ, ਮੁਹਾਲੀ ਤੋਂ ਬਲਬੀਰ ਸਿੰਘ ਸਿੱਧੂ, ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਜਪੁਰਾ ਤੋਂ  ਹਰਦਿਆਲ ਸਿੰਘ ਕੰਬੋਜ, ਫਤਿਹਗੜ੍ਹ ਸਾਹਿਬ ਤੋਂ ਕੁਲਜੀਤ ਸਿੰਘ ਨਾਗਰਾ, ਫਿਰੋਜ਼ਪੁਰ ਤੋਂ ਪਰਮਿੰਦਰ ਸਿੰਘ ਪਿੰਕੀ ਤੇ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਸ਼ਾਮਲ ਹਨ। ਇਸ ਤੋਂ ਬਾਅਦ ਕਾਂਗਰਸੀਆਂ ਨੇ ਸਦਨ ਦੀ ਕਾਰਵਾਈ ਦਾ ਬਾਈਕਾਟ ਕਰ ਦਿੱਤਾ।
___________________________________
ਘਟਨਾ ਦੀ ਹਕੀਕਤ: ਕੀ ਹੋਣਾ ਸੀ, ਕੀ ਹੋਇਆæææ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਤਰਨ ਤਾਰਨ ਜ਼ਿਲ੍ਹੇ ਦੀ ਪੀੜਤ ਲੜਕੀ ਦੇ ਪਹੁੰਚਣ ਨਾਲ ਤਣਾਅਪੂਰਨ ਹੋਏ ਹਾਲਾਤ ਤੋਂ ਇਕ ਵਾਰੀ ਤਾਂ ਸਰਕਾਰ ਨੂੰ ਭਾਜੜਾਂ ਪੈ ਗਈਆਂ। ਪ੍ਰਸ਼ਨ ਕਾਲ ਦੌਰਾਨ ਜਦੋਂ ਸੁਨੀਲ ਜਾਖੜ ਨੇ ਕਾਂਗਰਸ ਦਫ਼ਤਰ ਵਿਚ ਪੁਲਿਸ ਦੇ ਦਾਖਲੇ ਦਾ ਮੁੱਦਾ ਚੁੱਕਿਆ ਤਾਂ ਸਪੀਕਰ ਚਰਨਜੀਤ ਸਿੰਘ ਅਟਵਾਲ ਤੇ ਉਪ ਮੁੱਖ ਮੰਤਰੀ ਨੇ ਇਸ ਤੋਂ ਅਗਿਆਨਤਾ ਪ੍ਰਗਟ ਕੀਤੀ।
ਅਫਸਰਾਂ ਦੀ ਗੈਲਰੀ ਵਿਚ ਬੈਠੇ ਏæਡੀæਜੀæਪੀæ (ਇੰਟੈਲੀਜੈਂਸ) ਹਰਦੀਪ ਸਿੰਘ ਢਿੱਲੋਂ ਇਕਦਮ ਹਰਕਤ ਵਿਚ ਆ ਗਏ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਤਾਂ ਕਾਂਗਰਸ ਦਫਤਰ ਵਿਚ ਪੁਲਿਸ ਦੇ ਦਾਖਲੇ ਨੂੰ ਦਰੁਸਤ ਆਖਦੇ ਰਹੇ ਜਦੋਂਕਿ ਸਪੀਕਰ ਨੇ ਪੁਲਿਸ ਦਾਖਲੇ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਉਹ ਇਹ ਮਾਮਲਾ ਦੇਖਣਗੇ। ਕਾਂਗਰਸ ਦੇ ਸਾਰੇ ਵਿਧਾਇਕ ਵਿਧਾਨਕਾਰ ਪਾਰਟੀ ਦੇ ਦਫ਼ਤਰ ਵਿਚ ਪਹੁੰਚ ਗਏ ਜਿੱਥੇ ਉਨ੍ਹਾਂ ਨੇ ਕਈ ਪੁਲਿਸ ਕਰਮਚਾਰੀਆਂ ਨੂੰ ਘੇਰਿਆ ਹੋਇਆ ਸੀ। ਗੁਰਦਾਸਪੁਰ ਜ਼ਿਲ੍ਹੇ ਵਿਚ ਤਾਇਨਾਤ ਇਕ ਹੌਲਦਾਰ ਦੀ ਕਾਫ਼ੀ ਖਿੱਚਧੂਹ ਵੀ ਕੀਤੀ। ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਦੋਸ਼ ਲਾਇਆ ਕਿ ਕਮਾਂਡੈਂਟ ਸੁਖਵੰਤ ਸਿੰਘ ਗਿੱਲ ਦੀ ਅਗਵਾਈ ਹੇਠ ਪੁਲਿਸ ਨੇ ਕਾਂਗਰਸ ਦੇ ਦਫ਼ਤਰ ‘ਤੇ ਛਾਪਾ ਮਾਰਿਆ। ਕਾਂਗਰਸੀਆਂ ਮੁਤਾਬਕ ਕਮਾਂਡੈਂਟ ਗਿੱਲ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਚ ਛੁਪ ਗਏ। ਵਿਧਾਨ ਸਭਾ ਵਿਚ ਮੌਜੂਦ ਮਹਿਲਾ ਪੁਲੀਸ ਕਰਮਚਾਰੀਆਂ ਨੂੰ ਵੀ ਕਾਂਗਰਸੀਆਂ ਨੇ ਘੇਰਿਆ ਹੋਇਆ ਸੀ। ਪੀੜਤ ਲੜਕੀ ਤੇ ਉਸ ਦੇ ਪਿਤਾ ਕਸ਼ਮੀਰ ਸਿੰਘ ਨੂੰ ਕਾਂਗਰਸੀ ਆਗੂ ਹਰਮਿੰਦਰ ਸਿੰਘ ਗਿੱਲ ਲੈ ਕੇ ਆਏ ਸਨ।
ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਵਿਧਾਨ ਸਭਾ ਕੰਪਲੈਕਸ ਵਿਚ ਉਹ ਆਪਣੇ ਨਾਲ ਇਸ ਪੀੜਤ ਪਰਿਵਾਰ ਨੂੰ ਲੈ ਕੇ ਆਏ ਤਾਂ ਜੋ ਮੀਡੀਆ ਦੇ ਸਾਹਮਣੇ ਆਪਣੀ ਵਿਥਿਆ ਸੁਣਾ ਸਕਣ। ਪੀੜਤ ਲੜਕੀ ਤੇ ਉਸ ਦੇ ਮਾਤਾ ਪਿਤਾ ਨੇ ਕਿਹਾ ਕਿ ਪੁਲਿਸ ਵੱਲੋਂ ਦੋਸ਼ੀਆਂ ਵਿਰੋਧ ਕਾਰਵਾਈ ਕਰਨ ਦੀ ਥਾਂ ਉਨ੍ਹਾਂ ‘ਤੇ ਸਮਝੌਤੇ ਲਈ ਦਬਾਅ ਪਾਇਆ ਜਾ ਰਿਹਾ ਹੈ। ਵਿਧਾਇਕਾਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਿਸ ਕਰਮਚਾਰੀ ਤਰਨਤਾਰਨ ਤੋਂ ਆਈ ਲੜਕੀ ਦੀ ਕਾਂਗਰਸ ਦੇ ਦਫ਼ਤਰ ਵਿਚ ਤਲਾਸ਼ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਦਫ਼ਤਰ ਵਿਚ ਦਾਖਲ ਹੋਣ ਦਾ ਕਾਰਨ ਪੁੱਛਿਆ ਤਾਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਇਨ੍ਹਾਂ ਵਿਧਾਇਕਾਂ ਨੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੂੰ ਜਾਣਕਾਰੀ ਦਿੱਤੀ।
ਵਿਧਾਨ ਸਭਾ ਕੰਪਲੈਕਸ ਵਿਚ ਕਈ ਘੰਟੇ ਅਫ਼ਰਾ ਤਫਰੀ ਦਾ ਮਾਹੌਲ ਬਣਿਆ ਰਿਹਾ। ਕਾਂਗਰਸੀਆਂ ਦੇ ਰੌਂਅ ਦੇਖ ਕੇ ਪੁਲਿਸ ਮੁਲਾਜ਼ਮ ਤੇ ਵਿਧਾਨ ਸਭਾ ਦੇ ਮੁਲਾਜ਼ਮ ਘਬਰਾ ਗਏ, ਜਦੋਂਕਿ ਹਾਕਮ ਪਾਰਟੀ ਦੇ ਵਿਧਾਇਕਾਂ ਦੀ ਹਾਜ਼ਰੀ ਵਿਚ ਸਦਨ ਦੀ ਕਾਰਵਾਈ ਉਸੇ ਤਰ੍ਹਾਂ ਹੀ ਚਲਦੀ ਰਹੀ। ਕਾਂਗਰਸੀ ਵਿਧਾਇਕਾਂ ਨੇ ਪੁਲਿਸ ਕਰਮਚਾਰੀਆਂ ਦੇ ਪਛਾਣ-ਪੱਤਰ ਖੋਹ ਲਏ ਜਿਨ੍ਹਾਂ ਨੂੰ ਹਾਊਸ ਵਿਚ ਜਾ ਕੇ ਸਪੀਕਰ ਦੇ ਸਾਹਮਣੇ ਪੇਸ਼ ਵੀ ਕੀਤੇ। ਸਪੀਕਰ ਨੇ ਇਨ੍ਹਾਂ ਨੂੰ ਅਣਗੌਲਿਆ ਕਰ ਦਿੱਤਾ।

Be the first to comment

Leave a Reply

Your email address will not be published.