ਲੋਕ ਰੋਹ ਨੇ ਬਾਦਲਾਂ ਦੇ ਹੱਥ ਖੜ੍ਹੇ ਕਰਵਾਏ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਬੇਅਦਬੀ ਕਾਂਡ ਬਾਰੇ ਰਿਪੋਰਟ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਅਕਾਲੀ ਆਗੂਆਂ ਦੇ ਨਾਂ ਆਉਣ ਦੇ ਬਾਵਜੂਦ ਇਨ੍ਹਾਂ ਖਿਲਾਫ ਕਾਰਵਾਈ ਤੋਂ ਟਾਲਾ ਵੱਟ ਗਏ, ਪਰ ਸਿੱਖ ਜਥੇਬੰਦੀਆਂ ਨੇ ਬਾਦਲ ਪਰਿਵਾਰ ਖਿਲਾਫ ਝੰਡਾ ਚੁੱਕ ਲਿਆ ਹੈ। ਇਥੋਂ ਤੱਕ ਕਿ ਸੂਬੇ ਦੇ ਜ਼ਿਆਦਾਤਰ ਪਿੰਡਾਂ ਵਿਚ ਬਾਦਲ ਪਰਿਵਾਰ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਹੈ। ਕਈ ਪਿੰਡਾਂ ਵਿਚ ਗੁਰਦੁਆਰਿਆਂ ਤੋਂ ਇਸ ਬਾਰੇ ਅਨਾਊਂਸਮੈਂਟ ਵੀ ਕੀਤੀ ਗਈ ਹੈ।

ਪਿੰਡ ਮੂਸੇ ਕਲਾਂ (ਜ਼ਿਲ੍ਹਾ ਤਰਨਤਾਰਨ) ਵਿਚ ਸਾਲਾਨਾ ਧਾਰਮਿਕ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਰਾਹ ਵਿਚੋਂ ਹੀ ਵਾਪਸ ਮੁੜਨਾ ਪਿਆ। ਲੋਕ ਇਨ੍ਹਾਂ ਆਗੂਆਂ ਦੇ ‘ਸਵਾਗਤ’ ਲਈ ਹੱਥਾਂ ਵਿਚ ਗੋਹਾ, ਪਲਾਸਟਿਕ ਦੇ ਲਿਫਾਫਿਆਂ ਵਿਚ ਭਰ ਕੇ ਖੜ੍ਹੇ ਸਨ ਪਰ ਜਦੋਂ ਇਹ ਗੱਲ ਦੋਵਾਂ ਭੈਣ-ਭਾਈ ਨੂੰ ਪਤਾ ਲੱਗੀ ਤਾਂ ਉਹ ਝਬਾਲ ਅੱਡੇ ਤੋਂ ਹੀ ਵਾਪਸ ਅੰਮ੍ਰਿਤਸਰ ਪਰਤ ਗਏ।
ਵਿਰੋਧ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਣ ਤੱਕ ਪਿਛਾਂਹ ਸੁੱਟੇ ਹੋਏ ਟਕਸਾਲੀ ਆਗੂਆਂ ਨੂੰ ਅੱਗੇ ਕਰ ਦਿੱਤਾ ਹੈ ਪਰ ਜੱਗੋਂ ਤੇਰ੍ਹਵੀਂ ਇਹ ਹੋਈ ਕਿ ਇਨ੍ਹਾਂ ਆਗੂਆਂ ਨੇ ਵੀ ਸੁਖਬੀਰ ਬਾਦਲ ਦੀਆਂ ਨੀਤੀਆਂ ‘ਤੇ ਸਵਾਲ ਚੁੱਕ ਕੇ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ। ਪਾਰਟੀ ਦੇ ਚਾਰ ਸੀਨੀਅਰ ਆਗੂਆਂ- ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਤੋਤਾ ਸਿੰਘ ਤੇ ਸੇਵਾ ਸਿੰਘ ਸੇਖਵਾਂ ਨੂੰ ਅੱਗੇ ਕੀਤਾ ਗਿਆ ਸੀ। ਸ਼ ਢੀਂਡਸਾ ਨੇ ਪਹਿਲੇ ਦਿਨ ਇਹ ਕਹਿ ਕੇ ਨਵੀਂ ਚਰਚਾ ਛੇੜ ਦਿੱਤੀ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਕੀਤੇ ਕੁਝ ਫੈਸਲਿਆਂ ਕਾਰਨ ਸਿੱਖ ਮਰਿਆਦਾ ਨੂੰ ਢਾਹ ਲੱਗੀ ਹੈ। ਇਸ ਲਈ ਜਥੇਦਾਰ ਨੂੰ ਅਹੁਦੇ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਉਧਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਬਲਦੀ ਉਤੇ ਤੇਲ ਪਾਉਂਦਿਆਂ ਆਖ ਦਿੱਤਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਅਫਸਰਸ਼ਾਹੀ ਪਿੱਛੇ ਲੱਗ ਕੇ ਮਾਮਲੇ ਨੂੰ ਠੰਢੇ ਬਸਤੇ ਵਿਚ ਪਾਈ ਰੱਖਿਆ।
ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਅਕਾਲੀ ਦਲ ਦੇ ਇੰਨੇ ਸੀਨੀਅਰ ਲੀਡਰਾਂ ਨੇ ਪਾਰਟੀ ਪ੍ਰਧਾਨ ਦੇ ਫੈਸਲੇ ‘ਤੇ ਉਂਗਲ ਚੁੱਕੀ ਹੋਵੇ। ਬੇਅਦਬੀ ਕਾਂਡਾਂ ਉਪਰ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੇਸ਼ ਕਰਨ ਤੋਂ ਬਾਅਦ ਵਿਧਾਨ ਸਭਾ ਵਿਚ ਬਹਿਸ ਤੋਂ ਕਿਨਾਰਾ ਕਰਨ ਦੇ ਫੈਸਲੇ ਨੂੰ ਟਕਸਾਲੀ ਅਕਾਲੀ ਆਗੂਆਂ ਨੇ ਗਲਤ ਠਹਿਰਾ ਦਿੱਤਾ ਹੈ। ਪੰਜਾਬ ਵਿਚ ਇਕ ਦਹਾਕੇ ਮਗਰੋਂ ਹੋਈ ਸੱਤਾ ਤਬਦੀਲੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਈ ਹੁਣ ਮੁੜ ਪੈਰ ਜਮਾਉਣੇ ਚੁਣੌਤੀ ਬਣੇ ਹੋਏ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕੁਝ ਹੋਰ ਆਗੂਆਂ ਦੇ ਕਾਰ-ਵਿਹਾਰ ਤੇ ਰੰਗ-ਢੰਗ ਵਿਚ ਕੋਈ ਤਬਦੀਲੀ ਨਹੀਂ ਆਈ ਹੈ, ਇਸ ਕਰ ਕੇ ਸੀਨੀਅਰ ਲੀਡਰਸ਼ਿਪ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਨੂੰ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ। ਪੰਜਾਬ ਵਿਚ ਇਨ੍ਹਾਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਪੰਜਾਬ ਦੀਆਂ ਤਕਰੀਬਨ ਸਾਰੀਆਂ ਹੀ ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ‘ਤੇ ਪਿਛਲੇ ਇਕ ਦਹਾਕੇ ਤੋਂ ਅਕਾਲੀ ਦਲ ਦਾ ਹੀ ਕਬਜ਼ਾ ਚੱਲਿਆ ਆ ਰਿਹਾ ਹੈ। ਪੰਜਾਬ ਵਿਚ ਸੱਤਾ ਕਾਂਗਰਸ ਦੇ ਹੱਥ ਆਉਣ ਤੋਂ ਬਾਅਦ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ। ਇਸ ਕਰ ਕੇ ਅਕਾਲੀ ਦਲ ਨੂੰ ਕੁਝ ਦਿਹਾਤੀ ਸੰਸਥਾਵਾਂ ‘ਤੇ ਮੁੜ ਵੱਕਾਰ ਬਹਾਲੀ ਦੀ ਉਮੀਦ ਸੀ, ਪਰ ਤਾਜ਼ਾ ਸਿਆਸੀ ਹਾਲਾਤ ਨੇ ਅਕਾਲੀ ਦਲ ਦੀਆਂ ਉਮੀਦਾਂ ‘ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਮੰਨਣਾ ਹੈ ਕਿ ਸਾਲ 2015 ਦੌਰਾਨ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਬਰਗਾੜੀ ਬੇਅਦਬੀ ਕਾਂਡ ਤੇ ਉਸ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਚ ਪੁਲਿਸ ਗੋਲੀਬਾਰੀ ਦੀ ਪੜਤਾਲੀਆ ਰਿਪੋਰਟ ਉਪਰ ਹੋਈ ਬਹਿਸ ਨੇ ਅਕਾਲੀ ਦਲ ਦਾ ਨੁਕਸਾਨ ਕੀਤਾ ਹੈ। ਅਕਾਲੀ ਦਲ ਵੱਲੋਂ ਭਾਵੇਂ ਤਾਜ਼ਾ ਹਾਲਾਤ ਨਾਲ ਨਜਿੱਠਣ ਲਈ ਰੈਲੀਆਂ ਕਰਨ ਦੀ ਰਣਨੀਤੀ ਘੜੀ ਗਈ ਹੈ, ਪਰ ਪਾਰਟੀ ਨੂੰ ਇਸ ਸੰਕਟ ਵਿਚੋਂ ਉਭਰਨ ਲਈ ਅਜੇ ਸਮਾਂ ਲੱਗੇਗਾ।
ਪੰਜਾਬ ਵਿਚ ਪਿਛਲੇ ਇਕ ਸਾਲ ਦੇ ਸਮੇਂ ਦੌਰਾਨ ਹੋਈਆਂ ਦੋ ਜ਼ਿਮਨੀ ਚੋਣਾਂ ਗੁਰਦਾਸਪੁਰ ਤੇ ਸ਼ਾਹਕੋਟ ਸਮੇਤ ਨਗਰ ਨਿਗਮ ਅਤੇ ਮਿਉਂਸਪਲ ਚੋਣਾਂ ਵਿਚ ਅਕਾਲੀ ਦਲ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਕਤ ਚੋਣਾਂ ਵਿਚ ਹਾਰ ਤੋਂ ਬਾਅਦ ਅਕਾਲੀ ਦਲ ਲਈ ਪੰਚਾਇਤੀ ਚੋਣਾਂ ਦਾ ਇਮਤਿਹਾਨ ਉਸ ਸਮੇਂ ਆਇਆ ਹੈ, ਜਦੋਂ ਪਾਰਟੀ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰਦੀ ਹੋਈ ਸੰਕਟਮਈ ਦੌਰ ਵਿਚੋਂ ਲੰਘ ਰਹੀ ਹੈ।
_______________________
ਸੁਖਬੀਰ ਬਾਦਲ ਦਾ ਸਿੰਘਾਸਣ ਡੋਲਿਆ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਪਾਰਟੀ ਅੰਦਰੋਂ ਬਗਾਵਤ ਉਠਣ ਲੱਗੀ ਹੈ। ਹੁਣ ਤੱਕ ਖੁੱਡੇ ਲਾਏ ਹੋਏ ਸੀਨੀਅਰ ਆਗੂਆਂ ਤੋਂ ਇਲਾਵਾ ਦੂਜੀ ਕਤਾਰ ਦੇ ਆਗੂ ਵੀ ਅਕਾਲੀ ਦਲ ਨੂੰ ਇਹ ਦਿਨ ਦਿਖਾਉਣ ਲਈ ਸੁਖਬੀਰ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਸੀਨੀਅਰ ਲੀਡਰਾਂ ਵੱਲੋਂ ਉਪਰਲੀ ਲੀਡਰਸ਼ਿਪ ਖਿਲਾਫ ਭੜਾਸ ਕੱਢਣ ਮਗਰੋਂ ਹੁਣ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਲੁਧਿਆਣਾ ਤੋਂ ਸਾਬਕਾ ਜੇਲ੍ਹ ਮੰਤਰੀ ਮਲਕੀਤ ਸਿੰਘ ਬੀਰਮੀ ਨੇ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੇ ਹਾਲੀਆ ਸੈਸ਼ਨ ਵਿਚ ਸੁਖਬੀਰ ਵੱਲੋਂ ਅਪਣਾਈ ਰਣਨੀਤੀ ਤੋਂ ਅਕਾਲੀ ਆਗੂ ਖਫਾ ਹਨ। ਇਹੀ ਕਾਰਨ ਹੈ ਕਿ ਸਿਆਸੀ ਗਤੀਵਿਧੀਆਂ ਨੂੰ ਸੀਮਤ ਕਰਨ ਵਾਲੇ ਘਾਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਪਣੇ ਪੁੱਤਰ (ਸੁਖਬੀਰ) ਦੇ ਬਚਾਅ ਲਈ ਮੈਦਾਨ ਵਿਚ ਨਿੱਤਰਨਾ ਪੈ ਰਿਹਾ ਹੈ। ਅਕਾਲੀ ਹਲਕਿਆਂ ਦਾ ਮੰਨਣਾ ਹੈ ਕਿ ਹਾਲ ਦੀ ਘੜੀ ਸੁਖਬੀਰ ਨੂੰ ਭਾਵੇਂ ਅੰਦਰੂਨੀ ਤੌਰ ‘ਤੇ ਕੋਈ ਚੁਣੌਤੀ ਨਹੀਂ ਦਿਖਾਈ ਦਿੰਦੀ ਪਰ ਬਾਹਰੀ ਚੁਣੌਤੀਆਂ ਵਧਣ ਤੋਂ ਬਾਅਦ ਛੋਟੇ ਬਾਦਲ ਲਈ ਵੀ ਚੁਣੌਤੀਪੂਰਨ ਦਿਨ ਆ ਸਕਦੇ ਹਨ।