ਬੀਨ ਵਾਲਾ ਜੋਗੀ ਬਾਬਾ ਕਾਸ਼ੀ ਨਾਥ

ਹਰਦਿਆਲ ਸਿੰਘ ਥੂਹੀ
ਫੋਨ: 91-84271-00341
ਗੇਰੂਏ ਰੰਗੇ ਕੱਪੜੇ, ਕੰਨੀਂ ਮੁੰਦਰਾਂ, ਗਲ ਵਿਚ ਰੰਗ-ਬਿਰੰਗੇ ਮਣਕਿਆਂ ਦੀ ਮਾਲਾ, ਮੋਢੇ ‘ਤੇ ਵਹਿੰਗੀ ਨੁਮਾ ਦੋ ਝੋਲੀ ਅਤੇ ਹੱਥ ਵਿਚ ਬੀਨ, ਇਹ ਪਛਾਣ ਹੈ ਜੋਗੀ ਸਪੇਰਿਆਂ ਅਤੇ ਬੰਗਾਲਿਆਂ ਦੀ। ਅਜਿਹੇ ਹੀ ਇਕ ਨਾਥ ਜੋਗੀ ਪਰਿਵਾਰ ਵਿਚੋਂ ਸੀ- ਜੋਗੀ ਬਾਬਾ ਕਾਸ਼ੀ ਨਾਥ, ਜਿਸ ਨੇ ਸਪੇਰਾ ਬੀਨ ਨੂੰ ਲੋਕ ਸਾਜ਼ ਵਜੋਂ ਮਾਨਤਾ ਦਿਵਾਈ। ਇਸ ਦੇ ਨਾਲ ਨਾਲ ਉਸ ਨੇ ਰਾਂਝੇ ਵਾਲੀ ਵੰਝਲੀ ਵਜਾਉਣ ਵਿਚ ਵੀ ਆਪਣੇ ਹੁਨਰ ਦਾ ਲੋਹਾ ਮਨਵਾਇਆ।

ਜੋਗੀ ਕਾਸ਼ੀ ਨਾਥ ਦਾ ਜਨਮ ਪਿਤਾ ਲੌਂਗ ਨਾਥ ਅਤੇ ਮਾਤਾ ਭਰਾਵਾਂ ਬਾਈ ਦੇ ਘਰ ਮੁਲਤਾਨ (ਪਾਕਿਸਤਾਨ) ਵਿਖੇ ਹੋਇਆ। ਉਹ ਅਜੇ ਢਾਈ ਤਿੰਨ ਸਾਲ ਦਾ ਸੀ ਅਤੇ ਛੋਟੀ ਭੈਣ ਛੰਨਾ ਬਾਈ ਛੇ ਕੁ ਮਹੀਨੇ ਦੀ, ਜਦੋਂ ਪਿਤਾ ਦਾ ਸਾਇਆ ਸਿਰ ਤੋਂ ਉਠ ਗਿਆ। ਕੁਝ ਸਮੇਂ ਬਾਅਦ ਮਾਪਿਆਂ ਨੇ ਭਰਾਵਾਂ ਬਾਈ ਨੂੰ ਦੂਜੀ ਥਾਂ ਹੇਤ ਨਾਥ ਦੇ ਲੜ ਲਾ ਦਿੱਤਾ। ਇਸ ਜੋੜੇ ਦੇ ਘਰ ਦੋ ਪੁੱਤਰਾਂ ਅਤੇ ਤਿੰਨ ਧੀਆਂ ਨੇ ਜਨਮ ਲਿਆ। ਇਸ ਤਰ੍ਹਾਂ ਕਾਸ਼ੀ ਨਾਥ ਹੁਰੀਂ ਮਾਂ ਦੀਆਂ ਸੱਤ ਔਲਾਦਾਂ ਸਨ। ਸੁਰਤ ਸੰਭਲਣ ‘ਤੇ ਕਾਸ਼ੀ ਨਾਥ ਆਪਣੇ ਪਿਤਾ ਪੁਰਖੀ ਕਿੱਤੇ ਨਾਲ ਜੁੜ ਗਿਆ ਅਤੇ ਚੰਗਾ ਬੀਨ ਵਾਦਕ ਬਣ ਗਿਆ।
ਦੇਸ਼ ਵੰਡ ਵੇਲੇ ਗੋਰਖ ਨਾਥ ਸੰਪਰਦਾ ਦੇ ਹੋਰ ਨਾਥਾਂ-ਜੋਗੀਆਂ ਨਾਲ ਕਾਸ਼ੀ ਨਾਥ ਦਾ ਪਰਿਵਾਰ ਵੀ ਏਧਰ ਆ ਗਿਆ। ਕਈ ਥਾਵਾਂ ‘ਤੇ ਰਹਿਣ ਤੋਂ ਬਾਅਦ ਇਨ੍ਹਾਂ ਦਾ ਡੇਰਾ ਸਿਰਸੇ ਦੇ ਨੇੜੇ ਮੰਡੀ ਕਾਲਾਂ ਵਾਲੀ ਪਹੁੰਚ ਗਿਆ। ਹੁਣ ਤਕ ਕਾਸ਼ੀ ਨਾਥ ਆਪਣੇ ਪਰੰਪਰਕ ਸਾਜ਼ ਬੀਨ ਤੋਂ ਇਲਾਵਾ ਵੰਝਲੀ, ਅਲਗੋਜ਼ੇ ਅਤੇ ਬੁਗਚੂ ਵਜਾਉਣ ਲੱਗ ਪਿਆ ਸੀ। ਪਿੰਡ ਕਾਲਾਂ ਵਾਲੀ ਉਸ ਦਾ ਮੇਲ ਰਾਗੀ ਉਸਤਾਦ ਛੱਜੂ ਦੀਨ ਨਾਲ ਹੋਇਆ ਅਤੇ ਕਾਸ਼ੀ ਨਾਥ ਉਨ੍ਹਾਂ ਦਾ ਸ਼ਗਿਰਦ ਬਣ ਗਿਆ। ਇਥੇ ਠਹਿਰ ਦੌਰਾਨ ਕਾਸ਼ੀ ਨਾਥ ਨੇ ਉਸਤਾਦ ਦੀ ਰਹਿਨੁਮਾਈ ਅਧੀਨ ਉਕਤ ਸਾਜ਼ਾਂ ਵਿਚ ਪ੍ਰਪੱਕਤਾ ਹਾਸਲ ਕੀਤੀ। ਹੁਣ ਉਹ ਬੀਨ ਅਤੇ ਵੰਝਲੀ ‘ਤੇ ਬਹੁਤ ਸਾਰੇ ਗੀਤਾਂ ਦੀਆਂ ਧੁਨਾਂ ਵਜਾਉਣ ਲੱਗ ਪਿਆ ਸੀ।
1955-56 ਵਿਚ ਕਾਸ਼ੀ ਨਾਥ ਦਾ ਵਿਆਹ ਸਿਰਸਾ ਨਿਵਾਸੀ ਜੋਗੀ ਠਾਕਾ ਨਾਥ ਅਤੇ ਰਾਣੀ ਬਾਈ ਦੀ ਧੀ ਰੇਸ਼ਮਾ ਬਾਈ ਨਾਲ ਹੋਇਆ। ਅਗਲੇ ਸਾਲ ਇਨ੍ਹਾਂ ਦੇ ਘਰ ਪੁੱਤਰ ਮਹਿੰਦਰ ਨਾਥ ਨੇ ਜਨਮ ਲਿਆ। ਜਣੇਪੇ ਦੇ ਚੌਥੇ ਦਿਨ ਹੀ ਰੇਸ਼ਮਾ ਬਾਈ ਦੀ ਮੌਤ ਹੋ ਗਈ। ਪਤਨੀ ਦਾ ਵਿਛੋੜਾ ਕਾਸ਼ੀ ਨਾਥ ਨੂੰ ਅਸਹਿ ਪੀੜਾ ਦੇ ਗਿਆ, ਪਰ ਬੱਚੇ ਦੇ ਪਾਲਣ ਪੋਸ਼ਣ ਲਈ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ। ਤਕਰੀਬਨ ਦਾਸ ਬਾਰਾਂ ਸਾਲ ਕਾਸ਼ੀ ਨਾਥ ਨੇ ਇਕੱਲਤਾ ਦਾ ਜੀਵਨ ਭੋਗਿਆ। ਇਹ ਸਮਾਂ ਉਸ ਨੇ ਆਪਣੀ ਕਲਾ ਅਤੇ ਪਰਮਾਤਮਾ ਦੀ ਇਬਾਦਤ ਵਿਚ ਬਤੀਤ ਕੀਤਾ। ਇੰਨੇ ਸਮੇਂ ਬਾਅਦ ਪਰਿਵਾਰ ਦੇ ਜ਼ੋਰ ਦੇਣ ‘ਤੇ ਉਸ ਨੇ ਮੁੜ ਦੁਨੀਆਦਾਰੀ ਵੱਲ ਮੋੜਾ ਪਾਇਆ। ਠਾਕਾ ਨਾਥ ਦੀ ਗੋਦ ਲਈ ਧੀ ਸ਼ਾਂਤੀ ਬਾਈ ਨਾਲ ਉਸ ਦਾ ਦੂਜਾ ਵਿਆਹ ਹੋਇਆ। ਸ਼ਾਂਤੀ ਬਾਈ ਤੋਂ ਉਸ ਦੇ ਘਰ ਚਾਰ ਪੁੱਤਰਾਂ ਅਤੇ ਦੋ ਧੀਆਂ ਨੇ ਜਨਮ ਲਿਆ। ਪਹਿਲਾਂ ਬਾਬਾ ਕਾਸ਼ੀ ਨਾਥ ਦੀ ਕਲਾ ਨੂੰ ਭਾਰਤੀ ਨਿਕੇਤਨ ਸਕੂਲ ਸਿਰਸਾ ਦੇ ਸੰਗੀਤ ਮਾਸਟਰ ਸੁਰਿੰਦਰ ਕੁਮਾਰ ਨੇ ਪਛਾਣਿਆ ਅਤੇ ਸਕੂਲ ਦੇ ਪ੍ਰੋਗਰਾਮਾਂ ਵਿਚ ਬੁਲਾਉਣ ਲੱਗੇ।
ਹੁਣ ਉਹ ਛੋਟੇ ਮੋਟੇ ਇਕੱਠਾਂ ਜਾਂ ਰਾਮ ਲੀਲ੍ਹਾ ਦੀ ਸਟੇਜ ‘ਤੇ ਬੀਨ ਅਤੇ ਵੰਝਲੀ ਵਜਾਉਣ ਲੱਗ ਪਿਆ ਸੀ। ਇਕ ਵਾਰ ਪਿੰਡ ਵਿਚ ਕੋਈ ਸਮਾਗਮ ਸੀ ਜਿਥੇ ਡਿਪਟੀ ਕਮਿਸ਼ਨਰ ਕੇæਸੀæ ਸ਼ਰਮਾ ਨੇ ਆਉਣਾ ਸੀ। ਪ੍ਰਬੰਧਕਾਂ ਨੇ ਕਾਸ਼ੀ ਨਾਥ ਨੂੰ ਸਟੇਜ ‘ਤੇ ਬੁਲਾ ਕੇ ਵੰਝਲੀ ਵਜਾਉਣ ਲਾ ਦਿੱਤਾ। ਹਵਾ ਵਿਚ ਰਸ ਘੋਲਦੀ ਵੰਝਲੀ ਦੀ ਆਵਾਜ਼ ਹਾਰਨਾਂ ਰਾਹੀਂ ਆ ਰਹੇ ਡੀæਸੀæ ਦੇ ਕੰਨੀਂ ਜਾ ਪਈ। ਜਦੋਂ ਉਨ੍ਹਾਂ ਦੀ ਕਾਰ ਪੰਡਾਲ ਨੇੜੇ ਪਹੁੰਚੀ ਤਾਂ ਪ੍ਰਬੰਧਕ ਫਟਾ-ਫਟ ਉਨ੍ਹਾਂ ਦੇ ਸਵਾਗਤ ਲਈ ਪਹੁੰਚ ਗਏ। ਕਾਸ਼ੀ ਨਾਥ ਇਕਦਮ ਸਟੇਜ ਤੋਂ ਉਤਰ ਕੇ ਸਰੋਤਿਆਂ ਵਿਚ ਲੁਕ ਕੇ ਬੈਠ ਗਿਆ। ਜਦੋਂ ਡੀæਸੀæ ਸਟੇਜ ‘ਤੇ ਆਏ ਤਾਂ ਉਨ੍ਹਾਂ ਪੁੱਛਿਆ ਕਿ ਵੰਝਲੀ ਕੌਣ ਵਜਾ ਰਿਹਾ ਸੀ। ਕਾਸ਼ੀ ਨਾਥ ਘਬਰਾ ਗਿਆ। ਡਰਦਾ ਡਰਦਾ ਹੱਥ ਬੰਨ੍ਹ ਕੇ ਖੜ੍ਹਾ ਹੋ ਗਿਆ। ਡੀæਸੀæ ਨੇ ਸਟੇਜ ‘ਤੇ ਬੁਲਾ ਕੇ ਕਿਹਾ, ‘ਘਬਰਾਉਣ ਵਾਲੀ ਗੱਲ ਨਹੀਂ, ਬਾਬਾ ਤੂੰ ਤਾਂ ਬਹੁਤ ਵਧੀਆ ਵੰਝਲੀ ਵਜਾਉਂਦਾ ਹੈ।” ਉਨ੍ਹਾਂ ਦੁਬਾਰਾ ਵੰਝਲੀ ਸੁਣਾਉਣ ਲਈ ਕਿਹਾ। ਹੁਣ ਕਾਸ਼ੀ ਨਾਥ ਨੇ ਪੂਰੀ ਰੂਹ ਨਾਲ ਵੰਝਲੀ ਵਜਾਈ। ਇਸ ਤੋਂ ਬਾਅਦ ਡੀæਸੀæ ਉਸ ਨੂੰ ਸੰਗੀਤ ਪ੍ਰੋਗਰਾਮਾਂ ਵਿਚ ਬੁਲਾ ਲੈਂਦੇ ਅਤੇ ਕਈ ਵਾਰ ਆਪਣੇ ਘਰ ਬੁਲਾ ਕੇ ਵੀ ਸੁਣਦੇ। ਇਸ ਤਰ੍ਹਾਂ ਹੌਲੀ ਹੌਲੀ ਕਾਸ਼ੀ ਨਾਥ ਦਾ ਨਾਂ ਚਰਚਾ ਵਿਚ ਆ ਗਿਆ।
ਇਸੇ ਤਰ੍ਹਾਂ ਦੇ ਕਿਸੇ ਪ੍ਰੋਗਰਾਮ ਵਿਚ ਉਹ ਸਿਰਸਾ ਕਾਲਜ ਵਿਚ ਪੜ੍ਹਾਉਂਦੇ ਡਾæ ਸੁਖਦੇਵ ਸਿੰਘ ਦੇ ਨਜ਼ਰੀਂ ਚੜ੍ਹ ਗਿਆ। ਉਨ੍ਹਾਂ ਨੇ ਆਪਣੇ ਕਾਲਜ ਵਿਚ ਬੁਲਾਇਆ, ਕੁਝ ਸਮੇਂ ਬਾਅਦ ਚੰਡੀਗੜ੍ਹ ਕਿਸੇ ਸਮਾਗਮ ਵਿਚ ਉਹ ਆਪਣੇ ਕਾਲਜ ਦੇ ਵਿਦਿਆਰਥੀਆਂ ਨਾਲ ਬਾਬੇ ਕਾਸ਼ੀ ਨਾਥ ਨੂੰ ਵੀ ਲੈ ਆਏ। 1987 ਵਿਚ ਉਹ ਬਾਬਾ ਕਾਸ਼ੀ ਨਾਥ ਅਤੇ ਰਾਜਸਥਾਨ ਦੇ ਇਕ ਲੋਕ ਕਲਾਕਾਰ ਨੂੰ ਦਿੱਲੀ ਵਿਖੇ ਹੋਏ ਵੱਡੇ ਸਭਿਆਚਾਰਕ ਉਤਸਵ ਵਿਚ ਭਾਗ ਦਿਵਾਉਣ ਲਈ ਲੈ ਕੇ ਗਏ। ਇਸ ਤਰ੍ਹਾਂ ਬਾਬਾ ਕਾਸ਼ੀ ਨਾਥ ਸਰਕਾਰੀ ਅਤੇ ਅਰਧ ਸਰਕਾਰੀ ਸੰਸਥਾਵਾਂ ਦੇ ਸੰਪਰਕ ਵਿਚ ਆ ਚੁੱਕਾ ਸੀ ਅਤੇ ਉਸ ਦੀ ਵੱਖਰੀ ਪਛਾਣ ਬਣ ਗਈ ਸੀ।
ਪਿਛਲੀ ਸਦੀ ਦੇ ਆਖਰੀ ਸਾਲਾਂ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਡਾæ ਗੁਰਨਾਮ ਸਿੰਘ ਦੀ ਅਗਵਾਈ ਵਿਚ ਲੋਕ ਸੰਗੀਤ ਮੇਲੇ ਕਰਵਾਏ ਗਏ। ਮੇਲੇ ਦੇ ਅਖੀਰਲੇ ਦਿਨ ਬਾਬੇ ਦੀ ਵੰਝਲੀ ਦੀ ਅਗਵਾਈ ਵਿਚ ਸਾਰੇ ਲੋਕ ਕਲਾਕਾਰਾਂ ਨੇ ਆਪੋ ਆਪਣੇ ਸਾਜ਼ਾਂ ਨਾਲ ਬਹੁਤ ਵਧੀਆ ਮਾਹੌਲ ਸਿਰਜਿਆ। ਇਥੋਂ ਹੀ ਫੋਕ ਆਰਕੈਸਟਰਾ ਦਾ ਆਰੰਭ ਹੋਇਆ। ਬਾਬਾ ਕਾਸ਼ੀ ਨਾਥ ਦੀ ਮਿਹਨਤ ਨੂੰ ਸਭ ਤੋਂ ਮਿੱਠਾ ਫ਼ਲ ਤਾਂ ਉਸ ਸਮੇਂ ਲੱਗਾ ਜਦੋਂ 2 ਜੁਲਾਈ, 2002 ਨੂੰ ਲੋਕ ਕਲਾਕਾਰਾਂ ਦੀ ਮੰਡਲੀ ਨਾਲ ਪ੍ਰੋæ ਰਾਜਪਾਲ ਸਿੰਘ ਦੀ ਅਗਵਾਈ ਵਿਚ ਇੰਗਲੈਂਡ ਗਿਆ। ਇਸ ਤੋਂ ਬਾਅਦ 2004, 2006 ਅਤੇ 2007 ਵਿਚ ਇੰਗਲੈਂਡ ਫੇਰੀਆਂ ਪਾਈਆਂ। 2006 ਵਾਲੀ ਫੇਰੀ ਸਮੇਂ ਸੱਠ ਦੇਸ਼ਾਂ ਦੇ ਲੋਕ ਕਲਾਕਾਰਾਂ ਦੇ ਮੁਕਾਬਲੇ ਵਿਚੋਂ ਬਾਬੇ ਨੂੰ ਪਹਿਲਾਂ ਸਥਾਨ ਪ੍ਰਾਪਤ ਹੋਇਆ। ਉਸ ਸਮੇਂ ਪ੍ਰਿੰਸ ਚਾਰਲਸ ਨੇ ਬਾਬੇ ਨੂੰ ਵਿਸ਼ੇਸ਼ ਦਾਦ ਦਿੱਤੀ। ਸਮੇਂ ਸਮੇਂ ‘ਤੇ ਬਾਬਾ ਕਾਸ਼ੀ ਨਾਥ ਨੇ ਪ੍ਰਸਿੱਧ ਗਾਇਕਾਂ ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਨੂਰਾਂ, ਪੂਰਨ ਚੰਦ ਪਿਆਰੇ ਲਾਲ, ਪੂਰਨ ਸ਼ਾਹਕੋਟੀ, ਬਰਕਤ ਸਿੱਧੂ, ਗੁਰਦਾਸ ਮਾਨ, ਸਰਦੂਲ ਸਿਕੰਦਰ, ਹੰਸ ਰਾਜ ਹੰਸ, ਪੰਨਾ ਲਾਲ ਘੋਸ਼, ਹਰੀ ਪ੍ਰਸ਼ਾਦ ਚੌਰਸੀਆ ਆਦਿ ਨਾਲ ਸਾਂਝੀਆਂ ਮੰਚ ਪੇਸ਼ਕਾਰੀਆਂ ਕੀਤੀਆਂ।
ਬਾਬਾ ਕਾਸ਼ੀ ਨਾਥ ਦੀਆਂ ਪੇਸ਼ਕਾਰੀਆਂ ਦੀ ਸੰਭਾਲ ਵੱਡੇ ਪੱਧਰ ‘ਤੇ ਨਹੀਂ ਹੋਈ, ਭਾਵੇਂ ਕੁਝ ਯਤਨ ਜ਼ਰੂਰ ਹੋਏ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਡਾæ ਗੁਰਨਾਮ ਸਿੰਘ ਨੇ ਕੁਝ ਕੰਮ ਕੀਤਾ। ਉਤਰੀ ਖੇਤਰ ਸਭਿਆਚਾਰਕ ਕੇਂਦਰ ਵਲੋਂ ਪ੍ਰੋæ ਰਾਜਪਾਲ ਸਿੰਘ ਨੇ ਆਡੀਓ ਕੈਸੇਟ ਵਿਚ ਕੁਝ ਧੁਨਾਂ ਸੰਭਾਲੀਆਂ। ਇਸੇ ਤਰ੍ਹਾਂ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਵੀਡੀਓ ਕੈਸੇਟ ਵਿਚ ਕੁਝ ਧੁਨਾਂ ਦੀ ਸੰਭਾਲ ਕੀਤੀ ਗਈ। ਬਾਬਾ ਕਾਸ਼ੀ ਨਾਥ ਦੀਆਂ ਪ੍ਰਾਪਤੀਆਂ ਕਾਰਨ ਬਹੁਤ ਸਾਰੀਆਂ ਸੰਸਥਾਵਾਂ ਨੇ ਉਨ੍ਹਾਂ ਦਾ ਸਨਮਾਨ ਵੀ ਕੀਤਾ।
ਬਾਬਾ ਕਾਸ਼ੀ ਨਾਥ ਦਰਵੇਸ਼ ਅਤੇ ਫੱਕਰ ਕਿਸਮ ਦਾ ਮਨੁੱਖ ਸੀ। ਉਸ ਨੂੰ ਅਕਤੂਬਰ 2017 ਵਿਚ ਅਧਰੰਗ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਨਿੱਕੀਆਂ ਮੋਟੀਆਂ ਬਿਮਾਰੀਆਂ ਨਾਲ ਜੂਝਦਾ ਅਖੀਰ ਉਹ 20 ਮਈ, 2018 ਨੂੰ ਅਲਵਿਦਾ ਕਹਿ ਗਿਆ। ਜਾਂਦੇ ਜਾਂਦੇ ਉਹ ਆਪਣੀ ਬੀਨ ਅਤੇ ਵੰਝਲੀ ਆਪਣੇ ਵੱਡੇ ਪੁੱਤਰ ਮਹਿੰਦਰ ਨਾਥ ਨੂੰ ਸੌਂਪ ਕੇ ਆਪਣੀ ਵਿਰਾਸਤ ਦਾ ਵਾਰਸ ਬਣਾ ਗਿਆ।