ਡਾæ ਗੁਰਨਾਮ ਕੌਰ, ਕੈਨੇਡਾ
ਪਿਛਲੇ ਐਤਵਾਰ, ਦਸ ਮਾਰਚ ਨੂੰ ਬਰੈਂਪਟਨ ਸਿਟੀ ਲਾਇਬਰੇਰੀ ਵਿਚ ਤਰਕਸ਼ੀਲ ਸੁਸਾਇਟੀ ਵੱਲੋਂ ‘ਅੰਤਰਰਾਸ਼ਟਰੀ ਇਸਤਰੀ ਦਿਵਸ’ ਦੇ ਸਬੰਧ ਵਿਚ ਇੱਕ ਸਮਾਗਮ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਮੁੱਦਾ ਦਿੱਲੀ ਬਲਾਤਕਾਰ ਦੀ ਘਟਨਾ ਅਤੇ ਸ਼ਰੂਤੀ ਅਗਵਾਕਾਂਡ ਤੋਂ ਬਾਅਦ ਪੰਜਾਬ ਵਿਚ ਜੋ ਕੁੱਝ ਹਰ ਰੋਜ਼ ਔਰਤਾਂ ਨਾਲ ਵਾਪਰ ਰਿਹਾ ਹੈ ਅਤੇ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਿਹਾ ਹੈ, ਹੋਣਾ ਚਾਹੀਦਾ ਸੀ। ਖ਼ੈਰ! ਸਮਾਗਮ ਵਿਚ ਭਾਸ਼ਣ ਵੀ ਕੀਤੇ ਗਏ ਅਤੇ ਕਵਿਤਾਵਾਂ ਵੀ ਪੜੀ੍ਹਆਂ ਗਈਆਂ ਪਰ ਅਜਿਹੀਆਂ ਘਟਨਾਵਾਂ ਨੂੰ ਠਲ੍ਹ ਪਾਉਣ ਲਈ ਸਾਂਝੇ ਤੌਰ ‘ਤੇ ਕੀ ਕੀਤਾ ਜਾ ਸਕਦਾ ਹੈ? ਇਸ ਵਿਸ਼ੇ ‘ਤੇ ਕੋਈ ਸਾਰਥਕ ਪ੍ਰੋਗਰਾਮ ਨਹੀਂ ਉਲੀਕਿਆ ਗਿਆ, ਜੋ ਕਿ ਅਜੋਕੇ ਸਮੇਂ ਦੀ ਅਹਿਮ ਲੋੜ ਹੈ।
ਇਸ ਸਮਾਗਮ ਵਿਚ ਬੋਲਣ ਵਾਲੀਆਂ ਬਹੁਤੀਆਂ ਬੀਬੀਆਂ ਦਾ ਮੁੱਖ ਵਿਸ਼ਾ ਇਹੀ ਸੀ ਕਿ ਉਨ੍ਹਾਂ ਨੇ ਇੱਕ ਨਿਕੰਮੇ, ਪਿਆਕੜ ਅਤੇ ਜ਼ਾਲਮ ਪਤੀ ਤੋਂ ਛੁਟਕਾਰਾ ਪਾ ਲਿਆ ਹੈ ਅਤੇ ਉਹ ਹੁਣ ਆਜ਼ਾਦ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ਲੰਘ ਚੁੱਕਿਆ ਹੈ ਪਰ ਮੇਰੇ ਇਸ ਲੇਖ ਲਿਖਣ ਦਾ ਕਾਰਨ ਦੋ ਗੱਲਾਂ ਹਨ: ਪਹਿਲੀ, ਇੱਕ ਬੀਬੀ ਨੇ ਸਟੇਜ ਤੋਂ ਕਿਹਾ ਕਿ (ਗੁਰੂ) ਨਾਨਕ ਅਤੇ (ਮਹਾਤਮਾ) ਬੁੱਧ ਨੇ ਰੱਬ ਨੂੰ ਲੱਭਣ ਲਈ ਘਰ-ਪਰਿਵਾਰ ਤਿਆਗ ਦਿੱਤਾ। ਦੂਸਰੀ, ਗੁਰੂ ਨਾਨਕ ਦੀ ਇੱਕੋ ਪੰਕਤੀ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ’ ਨੂੰ ਲੈ ਕੇ ਹੀ ਰੌਲਾ ਪਾਈ ਜਾਂਦੇ ਹਾਂ ਕਿ ਸਿੱਖ ਧਰਮ ਵਿਚ ਇਸਤਰੀ ਦੇ ਹੱਕ ਵਿਚ ਆਵਾਜ਼ ਉਠਾਈ ਗਈ ਹੈ ਜਾਂ ਉਸ ਨੂੰ ਬਰਾਬਰ ਦਾ ਹੱਕ ਦਿੱਤਾ ਗਿਆ ਹੈ। ਇਨ੍ਹਾਂ ਦੋ ਸਵਾਲਾਂ ਦਾ ਉਤਰ ਲੱਭਣਾ ਹੀ ਇਸ ਲੇਖ ਦਾ ਮੁੱਖ ਮੰਤਵ ਹੈ।
ਕਈ ਵਾਰ ਸਿਰਫ ਆਪਣੀ ਮਸ਼ਹੂਰੀ ਵਾਸਤੇ, ਆਪਣੇ ਆਪ ਨੁੰ ਬਹੁਤ ਅਗਾਂਹਵਧੂ ਦਿਖਾਉਣ ਲਈ ਜਾਂ ਮਹਿਜ ਮਨ ਪ੍ਰਚਾਵੇ ਲਈ ਹੀ ਧਰਮ ਪ੍ਰਤੀ ਜਾਂ ਧਾਰਮਿਕ ਹਸਤੀ ਪ੍ਰਤੀ ਅਜਿਹੀ ਟਿਪਣੀ ਕਰ ਦਿੱਤੀ ਜਾਂਦੀ ਹੈ। ਉਸ ਨੂੰ ਜਾਪਦਾ ਹੋਵੇਗਾ ਕਿ ਮਹਾਤਮਾ ਬੁੱਧ ਅਤੇ ਗੁਰੂ ਨਾਨਕ ਨੂੰ ਪਰਿਵਾਰਕ ਜੀਵਨ ਤੋਂ ਭਗੌੜੇ ਦੱਸ ਕੇ ਉਹ ਇਸਤਰੀ ਲਈ ਕੋਈ ਕਲਿਆਣਕਾਰੀ ਏਜੰਡਾ ਪੇਸ਼ ਕਰ ਰਹੀ ਹੈ ਜਾਂ ਇਸਤਰੀ ਦੀ ਲੜਾਈ ਵਿਚ ਕੋਈ ਵੱਡਾ ਯੋਗਦਾਨ ਪਾ ਰਹੀ ਹੈ। ਪਹਿਲੀ ਗੱਲ ਮਹਾਤਮਾ ਬੁੱਧ ਦੀ ਹੀ ਲੈ ਲਈਏ। ਉਸ ਬੀਬੀ ਨੂੰ ਗੱਲ ਕਹਿਣ ਤੋਂ ਪਹਿਲਾਂ ਘੱਟੋ-ਘੱਟ ਇੰਨਾ ਕੁ ਜ਼ਰੂਰ ਪਤਾ ਹੋਣਾ ਚਾਹੀਦਾ ਸੀ ਕਿ ਮਹਾਤਮਾ ਬੁੱਧ ਆਪ ਅਤੇ ਉਨ੍ਹਾਂ ਦਾ ਚਲਾਇਆ ਹੋਇਆ ਧਰਮ ਕਿਸੇ ਰੱਬੀ ਹੋਂਦ ਵਿਚ ਵਿਸ਼ਵਾਸ ਨਹੀਂ ਕਰਦਾ। ਇਹੀ ਨਹੀਂ ਕਿ ਮਹਾਤਮਾ ਬੁੱਧ ਰੱਬ ਵਿਚ ਵਿਸ਼ਵਾਸ ਨਹੀਂ ਸੀ ਕਰਦੇ ਸਗੋਂ ਗੌਤਮ ਬੁੱਧ ਜਿਨ੍ਹਾਂ ਦਾ ਮੁਢਲਾ ਨਾਮ ਸਿਧਾਰਥ ਗੌਤਮ ਸੀ, ਨੇ ਜਦੋਂ ਘਰ ਦਾ ਤਿਆਗ ਕੀਤਾ ਉਦੋਂ ਵੀ ਰੱਬ ਦੀ ਭਾਲ ਵਿਚ ਘਰ ਨਹੀਂ ਛੱਡਿਆ। ਬੁੱਧ ਧਰਮ ਅਨੁਸਾਰ ਸਿਧਾਰਥ ਨੂੰ ਰਾਜ-ਘਰਾਣੇ ਵਿਚੋਂ ਹੋਣ ਕਰਕੇ ਦੁਨੀਆਂ ਦੇ ਦੁੱਖਾਂ-ਦਰਦਾਂ ਤੋਂ ਦੂਰ ਰੱਖ ਕੇ ਹੀ ਪਾਲਿਆ ਗਿਆ ਸੀ। ਪਰ ਇੱਕ ਦਿਨ ਜਦੋਂ ਬਾਹਰਲੀ ਦੁਨੀਆਂ ਨਾਲ ਵਾਹ ਪੈਂਦਿਆਂ ਵੱਖ ਵੱਖ ਮਨੁੱਖਾਂ ਨੂੰ ਉਨ੍ਹਾਂ ਨੇ ਬੁੱਢਾਪੇ, ਦੁੱਖ ਅਤੇ ਮੌਤ ਦੇ ਦਰਦ ਵਿਚੋਂ ਗੁਜ਼ਰਦੇ ਦੇਖਿਆ ਤਾਂ ਉਨ੍ਹਾਂ ਦਾ ਮਨ ਬਹੁਤ ਦੁਖੀ ਤੇ ਉਦਾਸ ਹੋ ਗਿਆ ਅਤੇ ਮਨੁੱਖ ਲਈ ਇਨ੍ਹਾਂ ਦੁੱਖਾਂ ਤੋਂ ਛੁਟਕਾਰੇ ਦਾ ਰਸਤਾ ਲੱਭਣ ਲਈ 29 ਸਾਲ ਦੀ ਉਮਰ ਵਿਚ ਉਹ ਰਾਜ-ਭਾਗ ਦਾ ਤਿਆਗ ਕਰਕੇ ਗਿਆਨ ਦੀ ਭਾਲ ਵਿਚ ਤੁਰ ਪਏ। ਪੈਂਤੀ ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਬੋਧ ਗਇਆ ਵਿਖੇ ਪਿੱਪਲ ਦੇ ਦਰੱਖਤ ਹੇਠ ਕਰੜੀ ਤਪੱਸਿਆ ਤੋਂ ਬਾਅਦ ਜੋ ਪ੍ਰਾਪਤ ਹੋਇਆ ਉਸ ਨੂੰ ‘ਗਿਆਨ’ ਕਿਹਾ ਗਿਆ, ਰੱਬ ਨਹੀਂ ਅਤੇ ‘ਬੁੱਧ’ ਦਾ ਅਰਥ ਹੀ ‘ਗਿਆਨਵਾਨ’ ਹੋਣਾ ਹੈ। ਇਸ ਉਪਰੰਤ ਉਨ੍ਹਾਂ ਨੇ ਸੰਸਾਰ ਨੂੰ ਨਵੇਂ ਧਰਮ ਦੇ ਰੂਪ ਵਿਚ ਜੋ ‘ਮੱਧ ਮਾਰਗ’ ਦਿੱਤਾ ਉਸ ਵਿਚ ਕਿਸੇ ਰੱਬ ਨੂੰ ਧਿਆਉਣ ਜਾਂ ਪੂਜਣ ਦੀ ਕੋਈ ਗੱਲ ਨਹੀਂ ਕੀਤੀ ਗਈ ਬਲਕਿ ਇਹ ਦੱਸਿਆ ਗਿਆ ਹੈ ਕਿ ਇਸ ‘ਅਸ਼ਟਾਂਗ ਮਾਰਗ’ ‘ਤੇ ਚੱਲ ਕੇ ਮਨੁੱਖ ਦੁੱਖਾਂ ਤੋਂ ਛੁਟਕਾਰਾ ਕਿਵੇਂ ਪਾ ਸਕਦਾ ਹੈ?
ਇਸ ਲਈ ਸਟੇਜ ਤੋਂ ਇਹ ਕਹਿਣਾ ਕਿ ਮਹਾਤਮਾ ਬੁੱਧ ਨੇ ਰੱਬ ਨੂੰ ਪਾਉਣ ਲਈ ਘਰ ਤਿਆਗਿਆ, ਟਰਪੱਲ ਮਾਰਨਾ ਹੈ। ਧਰਮ ਨੂੰ ਮੰਨਣਾ ਜਾਂ ਨਾ ਮੰਨਣਾ ਕਿਸੇ ਦਾ ਵੀ ਨਿਜੀ ਮਾਮਲਾ ਹੈ, ਇਸ ‘ਤੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ? ਪਰ ਬਿਨਾ ਜਾਣਕਾਰੀ ਤੋਂ ਕਿਸੇ ਵੀ ਧਰਮ ਜਾਂ ਧਾਰਮਿਕ ਹਸਤੀ ਬਾਰੇ ਬੋਲਣਾ ਇੱਕ ਚੇਤੰਨ ਇਨਸਾਨ ਨੂੰ ਸ਼ੋਭਾ ਨਹੀਂ ਦਿੰਦਾ।
ਗੁਰੂ ਨਾਨਕ ਸਾਹਿਬ ‘ਰੱਬ’ ਦੀ ਭਾਲ ਵਿਚ ਘਰੋਂ ਨਹੀਂ ਗਏ ਅਤੇ ਨਾ ਹੀ ਉਨ੍ਹਾਂ ਕਦੀ ਗ੍ਰਹਿਸਥ ਦਾ ਤਿਆਗ ਕੀਤਾ। ਗੁਰੂ ਨਾਨਕ ਸਾਹਿਬ ਨੂੰ ਰੱਬ ਦੇ ਦਰ ਤੋਂ ਪਰਮ-ਸਤਿ ਦੇ ਗਿਆਨ ਦੀ ਪ੍ਰਾਪਤੀ ‘ਵੇਈਂ ਨਦੀ ਪ੍ਰਵੇਸ਼’ ਤੋਂ ਮੰਨੀ ਜਾਂਦੀ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਗੁਰੂ ਨਾਨਕ ਸਾਹਿਬ ਆਪਣੇ ਪਰਿਵਾਰ ਸਮੇਤ ਆਪਣੀ ਵੱਡੀ ਭੈਣ ਬੀਬੀ ਨਾਨਕੀ ਅਤੇ ਉਨ੍ਹਾਂ ਦੇ ਪਤੀ ਭਾਈ ਜੈ ਰਾਮ ਜੀ ਦੇ ਜ਼ੋਰ ਪਾਉਣ ‘ਤੇ ਉਨ੍ਹਾਂ ਕੋਲ ਸੁਲਤਾਨਪੁਰ ਲੋਧੀ ਰਹਿ ਕੇ ਨਵਾਬ ਦੌਲਤ ਖਾਨ ਦੇ ਮੋਦੀਖਾਨੇ ਵਿਚ ਨੌਕਰੀ ਕਰ ਰਹੇ ਸਨ। ਗੁਰੂ ਨਾਨਕ ਜੰਗਲ ਵਿਚ ਵੱਸ ਰਹੇ ਜਾਂ ਜੰਗਲ ਵਿਚ ਜਾ ਕੇ ਲੱਭੇ ਜਾ ਸਕਣ ਵਾਲੇ ਕਿਸੇ ‘ਰੱਬ’ ਦੀ ਗੱਲ ਨਹੀਂ ਕਰ ਰਹੇ। ਉਨ੍ਹਾਂ ਅਨੁਸਾਰ ਤਾਂ ਹਰ ਜੀਵ, ਹਰ ਮਾਨਵ ਹੀ ਰੱਬੀ ਜੋਤਿ ਨਾਲ ਰੌਸ਼ਨ ਹੈ (ਜਿਹੜੇ ਨਹੀਂ ਮੰਨਦੇ ਉਨ੍ਹਾਂ ਅੰਦਰ ਵੀ ਉਹੀ ਜੋਤਿ ਵੱਸ ਰਹੀ ਹੈ) ਅਤੇ ਮਨੁੱਖ ਨੇ ਇਸ ਰੱਬੀ ਜੋਤਿ ਨੂੰ ਆਪਣੇ ਅੰਦਰੋਂ ਹੀ ਜਗਾਉਣਾ ਹੈ। ਇਸ ਨੂੰ ਲੱਭਣ ਲਈ ਕਿਧਰੇ ਬਾਹਰ ਜਾਣ ਜਾਂ ਘਰ-ਬਾਰ ਤਿਆਗਣ ਦੀ ਜ਼ਰੂਰਤ ਨਹੀਂ ਹੈ।
ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਬਹੁਤ ਥਾਂਵਾਂ ‘ਤੇ ਇਸ ਤੱਥ ਨੁੰ ਦ੍ਰਿੜ ਕਰਾਇਆ ਹੈ ਕਿ ਪਰਮਾਤਮ-ਸੁਰਤਿ ਨਾਲ ਇੱਕ-ਸੁਰ ਹੋਣ ਲਈ ਜਾਂ ਪਰਮਾਤਮਾ ਨਾਲ ਮਿਲਾਪ ਹਾਸਲ ਕਰਨ ਲਈ ਘਰ-ਬਾਰ ਤਿਆਗ ਕੇ ਗੋਦੜੀ ਪਹਿਨ ਲੈਣ, ਹੱਥ ਵਿਚ ਡੰਡਾ ਫੜਨ, ਸਰੀਰ ‘ਤੇ ਸੁਆਹ ਮਲਣ ਜਾਂ ਕੰਨ ਪੜਵਾ ਕੇ ਮੁੰਦਰਾਂ ਪਾ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਸਭ ਬਾਹਰੀ ਭੇਖ ਪਰਮਾਤਮਾ ਨਾਲ ਮਿਲਾਪ ਦਾ ਸਾਧਨ ਨਹੀਂ ਹਨ। ਘਰੋਂ ਬਾਹਰ ਮੜ੍ਹੀਆਂ-ਮਸਾਣਾਂ ਵਿਚ ਨਿਵਾਸ ਕਰਨ, ਸਮਾਧੀਆਂ ਲਾਇਆਂ ਵੀ ਇਹ ਮੇਲ ਹਾਸਲ ਨਹੀਂ ਹੁੰਦਾ। ਦੇਸ-ਪ੍ਰਦੇਸ ਘੁੰਮਣ ਅਤੇ ਤੀਰਥਾਂ ‘ਤੇ ਇਸ਼ਨਾਨ ਕਰਨ ਨਾਲ ਵੀ ਪ੍ਰਭੂ ਨਾਲ ਮੇਲ ਨਹੀਂ ਹੁੰਦਾ। ਇਹ ਮੇਲ ਤਾਂ ਇਸ ਮਾਇਆ-ਮੋਹ ਦੀ ਕਾਲਖ ਵਿਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਰਹਿਣ ਨਾਲ, ਗੁਰੂ ਦੀ ਸਿੱਖਿਆ ਰਾਹੀ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਮੋੜ ਕੇ ਅਡੋਲ ਅਵਸਥਾ ਵਿਚ ਰੱਖ ਕੇ, ਆਪਣੇ ਅੰਦਰੋਂ ਹੀ ਪਰਮਾਤਮਾ ਨੂੰ ਲੱਭ ਕੇ ਹੋ ਸਕਦਾ ਹੈ,
ਜੋਗੁ ਨ ਖਿੰਥਾ ਜੋਗੁ ਨ ਡੰਡੈ
ਜੋਗੁ ਨ ਭਸਮੁ ਚੜਾਈਐ॥
ਜੋਗੁ ਨ ਮੁੰਦੀ ਮੂੰਡਿ ਮੁਡਾਇਐ
ਜੋਗੁ ਨ ਸਿੰਙੀ ਵਾਈਐ॥
ਅੰਜਨ ਮਾਹਿ ਨਿਰੰਜਨਿ ਰਹੀਐ
ਜੋਗ ਜੁਗਤਿ ਇਵ ਪਾਈਐ॥1॥ (ਪੰਨਾ 730)
ਗੁਰੂ ਨਾਨਕ ਸਾਹਿਬ ਨੇ ਧਰਮ ਦਾ ਜੋ ਨਾਮ ਮਾਰਗ ਸੰਸਾਰ ਸਾਹਮਣੇ ਰੱਖਿਆ ਉਹ ਕਿਰਤ ਕਰਨ, ਵੰਡ ਛਕਣ ਅਤੇ ਪਰਮਾਤਮਾ ਦਾ ਨਾਮ ਜਪਣ ਦਾ ਮਾਰਗ ਹੈ। ਇਸ ਵਿਚ ਕਿਸੇ ਕਿਸਮ ਦੇ ਕਰਮ-ਕਾਂਡ ਅਤੇ ਪਖੰਡ ਨੂੰ ਥਾਂ ਪ੍ਰਾਪਤ ਨਹੀਂ ਹੈ। ਇਹ ਮਾਰਗ ਸਤਿ, ਸੰਤੋਖ, ਦਇਆ, ਨਿਆਉਂ, ਮਨੁੱਖੀ ਬਰਾਬਰੀ ਅਤੇ ਪ੍ਰੇਮ ਦਾ ਮਾਰਗ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਇਸ ਅਧਿਆਤਮਕ ਅਨੁਭਵ ਨੂੰ ਸੰਸਾਰ ਨਾਲ ਸਾਂਝਾ ਕਰਨ ਲਈ ਚਾਰ ਦਿਸ਼ਾਵਾਂ ਵਿਚ ਚਾਰ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਸ਼ਾਇਦ ਉਸ ਬੀਬੀ ਨੇ ਇਸ ਸੰਸਾਰ ਭ੍ਰਮਣ ਨੂੰ ਹੀ ਗੁਰੂ ਨਾਨਕ ਸਾਹਿਬ ਵੱਲੋਂ ਘਰ ਦਾ ਤਿਆਗਣਾ ਸਮਝ ਲਿਆ ਹੈ ਪਰ ਇਹ ਘਰ ਦਾ ਤਿਆਗ ਨਹੀਂ ਸੀ। ਪਹਿਲੀ ਗੱਲ ਤਾਂ ਇਹ ਕਿ ਗੁਰੂ ਨਾਨਕ ਸਾਹਿਬ ਇਕਾਂਤਵਾਸ ਨਹੀਂ ਹੋਏ। ਆਪਣੀਆਂ ਉਦਾਸੀਆਂ ਦੌਰਾਨ ਉਹ ਆਮ ਲੋਕਾਂ ਨੂੰ ਵੀ ਮਿਲੇ ਅਤੇ ਧਾਰਮਿਕ ਨੁਮਾਇੰਦਿਆਂ-ਜੋਗੀਆਂ, ਪੰਡਤਾਂ, ਮੁੱਲਾਂ ਆਦਿ ਨਾਲ ਵਿਚਾਰ-ਗੋਸ਼ਟੀਆਂ ਵੀ ਕੀਤੀਆਂ। ਦੂਸਰੀ ਗੱਲ ਉਹ ਸਮੇਂ ਸਮੇਂ ਆਪਣੇ ਪਰਿਵਾਰ ਨੂੰ ਮਿਲਦੇ ਰਹੇ। ਇਨ੍ਹਾਂ ਉਦਾਸੀਆਂ ਦੌਰਾਨ ਮਰਦਾਨਾ ਉਨ੍ਹਾਂ ਦਾ ਪੱਕਾ ਸਾਥੀ ਸੀ। ਮਰਦਾਨਾ ਰਬਾਬ ਵਜਾਉਂਦਾ ਅਤੇ ਗੁਰੂ ਸਾਹਿਬ ਬਾਣੀ ਦਾ ਕੀਰਤਨ ਕਰਦੇ। ਗੁਰੂ ਨਾਨਕ ਨੇ ਭਾਈ ਲਾਲੋਆਂ ਨਾਲ ਦੋਸਤੀ ਪਾਈ, ਕਿਰਤ ਕਰਨ ਵਾਲਿਆਂ ਨਾਲ ਸਾਂਝ ਪਾਈ, ਮਲਿਕ ਭਾਗੋਆਂ ਜਾਂ ਅਮੀਰਾਂ ਨਾਲ ਨਹੀਂ। ਸਿੱਧਾਂ ਨਾਲ ਵਾਰਤਾਲਾਪ ਸਮੇਂ ਜਦੋਂ ਸਿੱਧ ਪੁੱਛਦੇ ਹਨ ਕਿ ਤੁਸੀਂ ਉਦਾਸੀ ਭੇਖ ਕਿਉਂ ਧਾਰਨ ਕੀਤਾ ਹੈ ਕਿਉਂਕਿ ਤੁਹਾਡੇ ਮੁਤਾਬਿਕ ਘਰ-ਬਾਰ ਤਿਆਗਣ ਨਾਲ ਜੋਗ-ਜੁਗਤਿ ਪ੍ਰਾਪਤ ਨਹੀਂ ਹੋ ਸਕਦੀ,
ਕਿਸੁ ਕਾਰਣਿ ਗ੍ਰਿਹ ਤਜਿਓ ਉਦਾਸੀ॥
ਕਿਸੁ ਕਾਰਣਿ ਇਹੁ ਭੇਖੁ ਨਿਵਾਸੀ॥
ਕਿਸੁ ਵਖਰ ਕੇ ਤੁਮ ਵਣਜਾਰੇ॥
ਕਿਉ ਕਰਿ ਸਾਥੁ ਲੰਘਾਵਹੁ ਪਾਰੇ॥17॥
(ਪੰਨਾ 939)
ਇਸ ਦਾ ਉਤਰ ਗੁਰੂ ਨਾਨਕ ਦਿੰਦੇ ਹਨ ਕਿ ਅਸੀਂ ਗੁਰਮੁਖਾਂ ਨੂੰ ਲੱਭਣ ਵਾਸਤੇ ਉਦਾਸੀ ਬਣੇ ਸੀ, ਗੁਰਮੁਖਾਂ ਦੇ ਦਰਸ਼ਨ ਕਰਨ ਲਈ ਉਦਾਸੀ ਭੇਖ ਧਾਰਨ ਕੀਤਾ ਸੀ। ਅਸੀਂ ਸੱਚੇ ਪ੍ਰਭੂ ਦੇ ਨਾਮ ਸੌਦੇ ਦੇ ਵਪਾਰੀ ਹਾਂ। ਗੁਰੂ ਨਾਨਕ ਸਾਹਿਬ ਅਨੁਸਾਰ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ‘ਤੇ ਤੁਰਦਾ ਹੈ ਉਹ ਸੰਸਾਰ-ਰੂਪੀ ਭਵ-ਸਾਗਰ ਤੋਂ ਪਾਰ ਲੰਘ ਜਾਂਦਾ ਹੈ (ਗੁਰਬਾਣੀ ਅਨੁਸਾਰ ਬਾਣੀ ਅਰਥਾਤ ਸ਼ਬਦ ਗੁਰੂ ਹੈ),
ਗੁਰਮੁਖਿ ਖੋਜਤ ਭਏ ਉਦਾਸੀ॥
ਦਰਸਨ ਕੈ ਤਾਈ ਭੇਖ ਨਿਵਾਸੀ॥
ਸਾਚ ਵਖਰ ਕੇ ਹਮ ਵਣਜਾਰੇ॥
ਨਾਨਕ ਗੁਰਮੁਖਿ ਉਤਰਸਿ ਪਾਰੇ॥18॥
(ਪੰਨਾ 939)
ਭਾਈ ਗੁਰਦਾਸ ਨੇ ਉਦਾਸੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਗੁਰੂ ਨਾਨਕ ਨੇ ਪਹਿਲਾਂ ਅਕਾਲ ਪੁਰਖ ਦੀ ਬਖਸ਼ਿਸ਼ ਪ੍ਰਪਾਤ ਕੀਤੀ ਅਤੇ ਫਿਰ ਸਖਤ ਘਾਲਣਾ ਘਾਲੀ। ਜਦੋਂ ਬਾਬੇ ਨੂੰ ਆਪਣੇ ਧਿਆਨ ਦੇ ਪਲਾਂ ਵਿਚ ਅਨੁਭਵ ਹੋਇਆ ਕਿ ਸੰਸਾਰ ਦੁੱਖਾਂ ਵਿਚ ਹਾਲ-ਪਾਹਰਿਆ ਪਾ ਰਿਹਾ ਹੈ ਤਾਂ ਬਾਬੇ ਨੇ ਉਦਾਸੀ ਦਾ ਭੇਖ ਧਾਰਨ ਕੀਤਾ ਅਤੇ ਸੰਸਰ ਦਾ ਸੁਧਾਰ ਕਰਨ ਲਈ ਘਰੋਂ ਚੱਲ ਪਏ,
ਪਹਿਲਾ ਬਾਬੇ ਪਾਯਾ ਬਖਸੁ ਦਰਿ
ਪਿਛੋਦੇ ਫਿਰਿ ਘਾਲਿ ਕਮਾਈ।
—
ਬਾਬੇ ਭੇਖ ਬਣਾਇਆ
ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ॥24॥
ਇਹੀ ਨਹੀਂ ਭਾਈ ਗੁਰਦਾਸ ਨੇ ਇਹ ਵੀ ਦੱਸਿਆ ਹੈ ਕਿ ਸੰਸਾਰ ਦੇ ਵੱਖ ਵੱਖ ਹਿੱਸਿਆ ਵਿਚ ਯਾਤਰਾ ਕਰਨ ਤੋਂ ਬਾਅਦ ਬਾਬੇ ਨਾਨਕ ਨੇ ਉਦਾਸੀ ਭੇਖ ਉਤਾਰ ਦਿੱਤਾ ਅਤੇ ਸੰਸਾਰੀ ਬਸਤਰ ਪਹਿਨ ਕੇ ਕਰਤਾਰਪੁਰ ਵਿਚ ਬੈਠ ਕੇ ਨਾਮ-ਬਾਣੀ ਦਾ ਪ੍ਰਵਾਹ ਚਲਾਇਆ। ਕਰਤਾਰਪੁਰ ਆਪਣੀ ਉਮਰ ਦੇ ਆਖਰੀ ਸਮੇਂ ਗੁਰੂ ਨਾਨਕ ਸਾਹਿਬ ਨੇ ਆਪ ਖੇਤੀ ਕੀਤੀ, ਲੋਕਾਂ ਨੂੰ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਵੱਲ ਅਮਲੀ ਰੂਪ ਵਿਚ ਸਿਖਾਇਆ। ਗੁਰੂ ਸਾਹਿਬ ਨੇ ਮਨੁੱਖ ਦੇ ਜੋਤਿ-ਸਰੂਪ ਹੋਣ ਦਾ ਸਿਧਾਂਤ ਦਿੱਤਾ ਕਿ ਜਗਦੀਸ਼ੈ-ਅੰਸ਼ ਹੋਣ ਕਰਕੇ ਸਾਰੇ ਮਨੁੱਖ ਬਰਾਬਰ ਹਨ। ਕੋਈ ਮਨੁੱਖ ਦੇਸ਼, ਕੌਮ, ਨਸਲ, ਜਾਤਿ ਧਰਮ, ਇਸਤਰੀ ਜਾਂ ਪੁਰਸ਼ ਹੋਣ ਦੇ ਨਾਤੇ ਛੋਟਾ ਜਾਂ ਵੱਡਾ, ਉਚਾ ਜਾਂ ਨੀਵਾਂ ਨਹੀਂ ਹੈ। ਸਾਰੇ ਮਨੁੱਖ ਬਰਾਬਰ ਹਨ, ਇਸਤਰੀ ਅਤੇ ਪੁਰਸ਼ ਸਭ ਵਿਚ ਉਸ ਇੱਕ ਦੀ ਜੋਤਿ ਵਿਆਪਕ ਹੈ,
ਆਪੇ ਪੁਰਖੁ ਆਪੇ ਹੀ ਨਾਰੀ॥
ਆਪੇ ਪਾਸਾ ਆਪੇ ਸਾਰੀ॥
ਆਪੇ ਪਿੜ ਬਾਧੀ ਜਗੁ ਖੇਲੈ
ਆਪੇ ਕੀਮਤਿ ਪਾਈ ਹੇ॥5॥(ਪੰਨਾ 1020)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਪੁਰਸ਼ ਤਾਂ ਇੱਕ ਉਹ ਅਕਾਲ ਪੁਰਖ ਹੈ ਬਾਕੀ ਸਭ ਜੀਵ ਇਸਤਰੀਆਂ ਹਨ। ਬਾਣੀ ਦੇ ਪ੍ਰਕਾਸ਼ਨ ਲਈ ਗੁਰੂ ਨਾਨਕ ਸਾਹਿਬ ਨੇ ਆਮ ਜ਼ਿੰਦਗੀ ਵਿਚੋਂ, ਗ੍ਰਹਿਸਥ ਜੀਵਨ ਵਿਚੋਂ ਬਿੰਬਾਂ ਅਤੇ ਪ੍ਰਤੀਕਾਂ ਦੀ ਵਰਤੋਂ ਕੀਤੀ ਹੈ। ਰੱਬੀ ਪ੍ਰੇਮ ਨੂੰ ਪ੍ਰਗਟ ਕਰਨ ਲਈ ਜੀਵ ਲਈ ਚਿੰਨ੍ਹ ਇਸਤਰੀ ਦਾ ਵਰਤਿਆ ਹੈ। ਇਸਤਰੀ ਰੂਪ ਵਿਚ ਇਸ ਸੰਸਾਰ ਅਤੇ ਅਗਲੇ ਜਹਾਨ ਨੂੰ, ਪਰਮਾਤਮਾ ਨਾਲ ਮਿਲਾਪ ਨੂੰ ਪੇਕਾ ਘਰ, ਸਹੁਰਾ ਘਰ, ਪ੍ਰੀਤਮ, ਵਿਆਹ, ਸਖੀ ਆਦਿ ਦੀਆਂ ਉਦਾਹਰਣਾਂ, ਪ੍ਰਤੀਕਾਂ, ਬਿੰਬਾਂ ਰਾਹੀਂ ਸਮਝਾਇਆ ਹੈ। ਇਸਤਰੀ ਨੂੰ ਗੁਰੂ ਨਾਨਕ ਸਾਹਿਬ ਨੇ ਨਾ ਸਿਰਫ ਬਰਾਬਰ ਦਾ ਹੀ ਦਰਜ਼ਾ ਦਿੱਤਾ ਬਲਕਿ ਉਸ ਨੂੰ ਸਮਾਜ ਦਾ ਇੰਨਾ ਮਹੱਤਵਪੂਰਨ ਹਿੱਸਾ ਮੰਨਿਆ ਹੈ ਕਿ ਉਸ ਤੋਂ ਬਿਨਾ ਸਮਾਜ ਦੀ ਹੋਂਦ ਸੰਭਵ ਨਹੀਂ ਹੈ। ਇਸਤਰੀ ਉਹ ਸਾਂਚਾ ਹੈ ਜਿਸ ਰਾਹੀਂ ਸਮਾਜ ਘੜਿਆ ਜਾਂਦਾ ਹੈ। ਇਸਤਰੀ ਤੋਂ ਜਨਮ ਲਈਦਾ ਹੈ ਅਤੇ ਇਸਤਰੀ ਦੇ ਅੰਦਰ ਪ੍ਰਾਣੀ ਦਾ ਸਰੀਰ ਘੜਿਆ ਜਾਂਦਾ ਹੈ। ਇਸਤਰੀ ਰਾਹੀਂ ਕੁੜਮਾਈ ਅਤੇ ਵਿਆਹ ਹੁੰਦਾ ਹੈ ਅਤੇ ਸੰਸਾਰ ਨਾਲ ਸਬੰਧ ਬਣਦਾ ਹੈ। ਸੰਸਾਰ ਦੀ ਉਤਪਤੀ ਦਾ ਰਸਤਾ ਵੀ ਇਸਤਰੀ ਤੋਂ ਚਲਦਾ ਹੈ। ਇੱਕ ਇਸਤਰੀ ਦੇ ਮਰ ਜਾਣ ‘ਤੇ ਪੁਰਸ਼ ਹੋਰ ਇਸਤਰੀ ਦੀ ਭਾਲ ਕਰਦਾ ਹੈ ਅਤੇ ਇਸਤਰੀ ਰਾਹੀਂ ਹੋਰਨਾਂ ਨਾਲ ਰਿਸ਼ਤੇਦਾਰੀ ਪੈਂਦੀ ਹੈ। ਜਿਸ ਇਸਤਰੀ ਜਾਤੀ ਤੋਂ ਰਾਜੇ ਵੀ ਜਨਮ ਲੈਂਦੇ ਹਨ (ਜਿਨ੍ਹਾਂ ਦਾ ਸਮਾਜਕ ਦਰਜ਼ਾ ਸਭ ਤੋਂ ਉਤੇ ਮੰਨਿਆ ਜਾਂਦਾ ਹੈ) ਉਸ ਇਸਤਰੀ ਨੂੰ ਮੰਦਾ ਕਿਉਂ ਕਹਿਣਾ ਹੈ? ਇਸਤਰੀ ਤੋਂ ਹੀ ਇਸਤਰੀ ਪੈਦਾ ਹੁੰਦੀ ਹੈ। ਇੱਕ ਅਕਾਲ ਪੁਰਖ ਹੀ ਹੈ ਜੋ ਇਸਤਰੀ ਰਾਹੀਂ ਪੈਦਾ ਨਹੀਂ ਹੁੰਦਾ, ਬਾਕੀ ਕੋਈ ਮਨੁੱਖ ਇਸਤਰੀ ਤੋਂ ਬਿਨਾ ਨਹੀਂ ਪੈਦਾ ਹੋ ਸਕਦਾ। ਗੁਰੂ ਨਾਨਕ ਨੇ ਇਸਤਰੀ ਨੂੰ ਬਰਾਬਰ ਦਾ ਦਰਜ਼ਾ ਅੱਜ ਤੋਂ ਪੰਜ ਸਦੀਆਂ ਪਹਿਲਾਂ ਦਿੱਤਾ।
ਇਸਤਰੀ ਨੂੰ ਉਸ ਦਾ ਬਣਦਾ ਹੱਕ ਦੇਣ ਲਈ, ਬਰਾਬਰ ਦਾ ਇਨਸਾਨ ਹੋਣ ਦਾ ਦਰਜ਼ਾ ਦੇਣ ਲਈ ਉਸ ਉਤੇ ਸੂਤਕ, ਸਤੀ, ਪਰਦਾ ਆਦਿ ਦੇ ਸਮਾਜ ਵੱਲੋਂ ਪਾਏ ਬੰਧਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਨਾ ਸਿਰਫ ਨਕਾਰਿਆ ਗਿਆ ਹੈ ਬਲਕਿ ਅਮਲੀ ਰੂਪ ਵਿਚ ਇਸਤਰੀ ਨੂੰ ਇਨ੍ਹਾਂ ਸਭ ਤੋਂ ਆਜ਼ਾਦ ਕੀਤਾ ਗਿਆ ਹੈ। ਸਿੱਖ ਇਸਤਰੀ ਨੂੰ ਸੇਵਾ ਕਰਨ, ਅੰਮ੍ਰਿਤ ਛਕਣ, ਨਾਮ ਸਿਮਰਨ ਦਾ ਬਰਾਬਰ ਦਾ ਅਧਿਆਤਮਕ ਹੱਕ ਦਿੱਤਾ ਗਿਆ ਹੈ। ਗੁਰੂ ਅਮਰਦਾਸ ਨੇ ਆਪਣੀ ਬਾਣੀ ਵਿਚ ਸਪੱਸ਼ਟ ਕੀਤਾ ਕਿ ਸਤੀਆਂ ਉਹ ਨਹੀਂ ਆਖੀਆਂ ਜਾਂਦੀਆਂ ਜਿਹੜੀਆਂ ਪਤੀ ਨਾਲ ਮੜ੍ਹੀ ‘ਤੇ ਸੜ ਕੇ ਮਰ ਜਾਂਦੀਆਂ ਹਨ। ਅਸਲੀ ਸਤੀਆਂ ਉਹ ਹੁੰਦੀਆਂ ਹਨ ਜਿਨ੍ਹਾਂ ਨੂੰ ਆਪਣੇ ਪਤੀ ਨਾਲ ਸੱਚਾ ਪਿਆਰ ਹੁੰਦਾ ਹੈ। ਗੁਰੂ ਅਮਰਦਾਸ ਨੇ ਸਤੀ ਦੀ ਰਸਮ ਨੂੰ ਰੋਕਣ ਲਈ ਅਮਲੀ ਕਦਮ ਚੁੱਕੇ। ਉਨ੍ਹਾਂ ਨੇ ਗੁਰੂ ਦਰਬਾਰ ਵਿਚ ਪਰਦਾ ਕਰਕੇ ਆਉਣ ਦੀ ਸਖਤ ਮਨਾਹੀ ਕੀਤੀ। ਭਗਤ ਕਬੀਰ ਨੇ ਇਸਤਰੀ ਦੇ ਪਰਦਾ ਕਰਨ ਦੀ ਮੁਖਾਲਫ਼ਤ ਕਰਦਿਆਂ ਆਪਣੀ ਨੂੰਹ ਨੂੰ ਸਪੱਸ਼ਟ ਕੀਤਾ ਕਿ ਪਰਦਾ ਕਰਨ ਨਾਲ ਕੀ ਹੋਵੇਗਾ? ਵੱਧ ਤੋਂ ਵੱਧ ਇਹੀ ਹੈ ਕਿ ਚਾਰ ਦਿਨ ਲੋਕ ਤੇਰੀ ਸਿਫ਼ਤ ਕਰਨਗੇ ਕਿ ਵਹੁਟੀ ਭਲੇ ਘਰ ਦੀ ਆਈ ਹੈ ਪਰ ਇਸ ਵਿਚੋਂ ਤੂੰ ਪ੍ਰਾਪਤ ਕੀ ਕਰੇਂਗੀ। ਅਸਲੀ ਜੀਵਨ ਤਾਂ ਇਹ ਹੈ ਕਿ ਪਰਮਾਤਮਾ ਦੇ ਗੁਣ ਗਾਉਂਦਿਆ ਖੁਸ਼ੀ ਨਾਲ ਨੱਚਦੀ-ਕੁੱਦਦੀ ਬਤੀਤ ਕਰੇਂ।
ਅੱਜ ਇਸਤਰੀ ਦੀ ਆਜ਼ਾਦੀ ਦੇ ਨਾਮ ‘ਤੇ ਕੀ ਕੁੱਝ ਨਹੀਂ ਹੋ ਰਿਹਾ? ਉਸ ਨੂੰ ਇੱਕ ਵਸਤੂ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ। ਜਿੰਨੀ ਹਿੰਸਾ ਇਸਤਰੀ ਦੇ ਖਿਲਾਫ ਅੱਜ ਹੋ ਰਹੀ ਹੈ, ਉਹ ਸ਼ਾਇਦ ਪਹਿਲਾਂ ਕਦੀ ਵੀ ਨਹੀਂ ਹੋਈ ਭਾਵੇਂ ਇਸਤਰੀ ਅੱਜ ਹਰ ਖੇਤਰ ਵਿਚ ਪੁਰਸ਼ ਦੇ ਬਰਾਬਰ ਖੜ੍ਹ ਸਕਣ ਦੇ ਯੋਗ ਹੋ ਗਈ ਹੈ। ਲੋੜ ਹੈ ਇਸਤਰੀ ਪ੍ਰਤੀ ਸਮਾਜ ਦਾ ਨਜ਼ਰੀਆ ਬਦਲਣ ਦੀ ਅਤੇ ਉਸ ਦੇ ਖਿਲਾਫ ਹੋ ਰਹੀ ਹਿੰਸਾ ਨੂੰ ਠੱਲ੍ਹ ਪਾਉਣ ਦੀ। ਇਸ ਨਜ਼ਰੀਏ ਨੂੰ ਬਦਲਣ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਦਿੱਤਾ। ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਾਉਣ ਵਾਲੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਬੈਠੇ ਭਾਈਚਾਰੇ ਵਿਚ ਇਸਤਰੀ ਦੇ ਖਿਲਾਫ ਹੋ ਰਹੀ ਹਿੰਸਾ ਪ੍ਰਤੀ ਕੀ ਕਰ ਰਹੇ ਹਨ?
Leave a Reply