ਕਰਤਾਰਪੁਰ ਲਾਂਘਾ: ਪੌਣੇ ਦੋ ਮੀਲ ਦੇ ਸਫਰ ਲਈ ਪੌਣੀ ਸਦੀ ਦੀ ਉਡੀਕ

ਅੰਮ੍ਰਿਤਸਰ: ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ ਦਾ ਮਾਮਲਾ ਇਸ ਵੇਲੇ ਭਖਿਆ ਹੋਇਆ ਹੈ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਦੌਰਾਨ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਮੁਲਾਕਾਤ ਦੌਰਾਨ ਉਨ੍ਹਾਂ ਨਾਲ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਅਗਲੇ ਵਰ੍ਹੇ ਮਨਾਏ ਜਾ ਰਹੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੀ ਸੰਭਾਵਨਾ ਜਤਾਈ ਸੀ।

ਪਾਕਿ ਵੱਲੋਂ ਮਿਲੇ ਇਸ ਹਾਂ-ਪੱਖੀ ਹੁੰਗਾਰੇ ਦੇ ਬਾਅਦ ਵਿਧਾਨ ਸਭਾ ‘ਚ ਇਸ ਸਬੰਧੀ ਪ੍ਰਸਤਾਵ ਵੀ ਪਾਸ ਕੀਤਾ ਗਿਆ ਹੈ, ਜਦਕਿ ਇਸ ਦਾ ਪ੍ਰੈਕਟੀਕਲ (ਵਿਹਾਰਕ) ਹੱਲ ਇਹ ਹੈ ਕਿ ਸਭ ਤੋਂ ਪਹਿਲਾਂ ਦੋਵੇਂ ਪਾਸੇ ਦੀਆਂ ਸਰਕਾਰਾਂ ਆਪਸ ਵਿਚ ‘ਮੈਮੋਰੰਡਮ ਆਫ ਅੰਡਰਸਟੈਡਿੰਗ’ ਭਾਵ ਇਸ ਸਾਂਝੇ ਲਾਂਘੇ ਨੂੰ ਲੈ ਕੇ ਆਪਸੀ ਲਿਖਤੀ ਸਮਝੌਤਾ ਕਰਨ। ਪਾਕਿ ਸਰਕਾਰ ਇਸ ਸਾਂਝੇ ਲਾਂਘੇ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੀ ਸਹਿਮਤੀ ਜ਼ਾਹਿਰ ਕਰ ਚੁੱਕੀ ਹੈ ਅਤੇ ਇਧਰ ਭਾਰਤ ਸਰਕਾਰ ਵੀ ਲੰਮੇ ਅਰਸੇ ਤੋਂ ਇਸ ਲਾਂਘੇ ਲਈ ਹਾਂ-ਪੱਖੀ ਹੁੰਗਾਰਾ ਭਰਦੀ ਆ ਰਹੀ ਹੈ। ਇਸ ਦੇ ਬਾਵਜੂਦ ਦੋਵੇਂ ਪਾਸੇ ਦੀਆਂ ਸਰਕਾਰਾਂ ਵੱਲੋਂ ਅਜੇ ਤੱਕ ਇਸ ਸਾਂਝੇ ਲਾਂਘੇ ਨੂੰ ਲੈ ਕੇ ਆਪਸੀ ਲਿਖਤੀ ਸਮਝੌਤਾ ਨਾ ਕੀਤੇ ਜਾਣ ਕਾਰਨ ਇਹ ਅਤਿ ਜ਼ਰੂਰੀ ਅਤੇ ਮਹੱਤਵਪੂਰਨ ਕਾਰਜ ਸਿਰੇ ਨਹੀਂ ਚੜ੍ਹ ਸਕਿਆ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਦੋਵੇਂ ਪਾਸੇ ਦੀਆਂ ਸਰਕਾਰਾਂ ਯਤਨਸ਼ੀਲ ਜ਼ਰੂਰ ਵਿਖਾਈ ਦੇ ਰਹੀਆਂ ਹਨ, ਪਰ ਕੀਤੇ ਨਾ ਕੀਤੇ ਦੋਵੇਂ ਪਾਸਿਉਂ ਕੂਟਨੀਤਕ ਨਜ਼ਰੀਆ ਸਪੱਸ਼ਟ ਨਾ ਹੋਣ ਕਰ ਕੇ ਇਸ ਲਾਂਘਾ ਪ੍ਰੋਜੈਕਟ ਦੀ ਯੋਜਨਾ ਕਾਮਯਾਬ ਨਹੀਂ ਹੋ ਰਹੀ ਹੈ, ਜਿਸ ਕਾਰਨ ਮਹਿਜ਼ ਪੌਣੇ ਦੋ ਮੀਲ ਦਾ ਸਫਰ ਤੈਅ ਕਰਨ ਲੱਗਿਆਂ ਲਗਭਗ ਪੌਣੀ ਸਦੀ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਇਹ ਪੈਂਡਾ ਅਜੇ ਮੁੱਕਦਾ ਨਜ਼ਰ ਨਹੀਂ ਆ ਰਿਹਾ ਹੈ।
ਸਿੱਖ ਵਿਦਵਾਨਾਂ ਅਨੁਸਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਉਹ ਮੁਕੱਦਸ ਅਸਥਾਨ ਹੈ, ਜਿਥੋਂ ਜਾਤ-ਪਾਤ ਅਤੇ ਉਚ-ਨੀਚ ਦੇ ਹਨੇਰੇ ਵਿਚ ਡੁੱਬੇ ਇਸ ਸੰਸਾਰ ਨੂੰ ਚਾਨਣ ਦੀ ਰਾਹ ਵਿਖਾ ਕੇ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਪਾਸ ਪ੍ਰਸਥਾਨ ਕੀਤਾ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੋ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਪਿੰਡ ਡੋਡਾ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਸ਼ਕਰਗੜ੍ਹ ਵਿਚ ਆਉਂਦਾ ਸੀ, ਹੁਣ ਮੌਜੂਦਾ ਸਮੇਂ ਲਾਹੌਰ-ਨਾਰੋਵਾਲ ਰੇਲਵੇ ਲਾਈਨ ਉਤੇ ਰਾਵੀ ਦਰਿਆ ਦੇ ਐਨ ਪਰਲੇ ਕਿਨਾਰੇ ‘ਤੇ ਤਹਿਸੀਲ ਨਾਰੋਵਾਲ ਵਿਚ ਸਥਿਤ ਹੈ। ਵੱਡੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਪ੍ਰਾਣੀ ਸੰਨ 1947 ਦੇ ਬਾਅਦ ਤੋਂ ਦੋਵੇਂ ਪਾਸੇ ਦੀਆਂ ਸਰਕਾਰਾਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਿਨਾਂ ਪਾਸਪੋਰਟ-ਵੀਜ਼ਾ ਦੇ ਇਕ ਸਾਂਝਾ ਲਾਂਘਾ ਬਣਾਏ ਜਾਣ ਦੀ ਮੰਗ ਕਰਦੀਆਂ ਆ ਰਹੀਆਂ ਹਨ। ਇਸ ਆਜ਼ਾਦ ਤੇ ਸਾਂਝੇ ਲਾਂਘੇ ਲਈ ਕੌਮਾਂਤਰੀ ਪੱਧਰ ‘ਤੇ ਪਹਿਲੀ ਵਾਰ ਸਾਲ 1999 ਵਿਚ ਇਹ ਮੁੱਦਾ ਉਦੋਂ ਉਭਰਿਆ ਜਦੋਂ ਦਿੱਲੀ-ਲਾਹੌਰ ਬੱਸ ਸੇਵਾ ਦੀ ਸ਼ੁਰੂਆਤ ‘ਤੇ ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਪਾਕਿਸਤਾਨ ਦੌਰੇ ਉਤੇ ਗਏ। ਨਵੰਬਰ 2000 ‘ਚ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਉਤੇ ਲਾਹੌਰ ‘ਚ ਹੋਏ ਸੈਮੀਨਾਰ ‘ਚ ਐਲਾਨ ਕੀਤਾ ਗਿਆ ਕਿ ਪਾਕਿ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਤਰਫੋਂ ਡੇਰਾ ਬਾਬਾ ਨਾਨਕ ਲਈ ਸਾਂਝਾ ਲਾਂਘਾ ਬਣਾਉਣ ਲਈ ਤਿਆਰ ਹੈ, ਪਰ ਇਹ ਕਾਰਜ ਭਾਰਤ ਸਰਕਾਰ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਣ ‘ਤੇ ਹੀ ਸੰਭਵ ਹੋ ਸਕੇਗਾ।
2001 ਵਿਚ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ‘ਕਰਤਾਰਪੁਰ ਸਾਹਿਬ-ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ’ ਕਾਇਮ ਕਰਕੇ ਇਸ ਮੁੱਦੇ ਨੂੰ ਵਿਸ਼ਾਲ ਪੱਧਰ ‘ਤੇ ਉਭਾਰਿਆ, ਜਿਸ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਅਗਾਂਹ ਹੋ ਕੇ ਭਰਵਾਂ ਹੁੰਗਾਰਾ ਦਿੱਤਾ। ਇਸ ਤੋਂ ਬਾਅਦ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਲਗਭਗ ਅੱਧੀ ਦਰਜਨ ਸੰਸਥਾਵਾਂ ਹੋਂਦ ‘ਚ ਆਈਆਂ, ਜੋ ਇਸ ਕਾਰਜ ਨੂੰ ਯਕੀਨੀ ਬਣਾਉਣ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੀਆਂ ਹਨ। ਯੂਨਾਈਟਿਡ ਸਿੱਖ ਮਿਸ਼ਨ ਨਾਮੀ ਸੰਸਥਾ ਵੱਲੋਂ ਤਾਂ ਨਾ ਸਿਰਫ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ ਦਾ ਮੁਕੰਮਲ ਨਕਸ਼ਾ ਹੀ ਤਿਆਰ ਕੀਤਾ ਗਿਆ ਹੈ, ਸਗੋਂ ਉਹ ਇਸ ‘ਤੇ ਆਉਣ ਵਾਲੇ ਖਰਚੇ ਵਿਚ ਵੀ ਪੂਰਾ-ਪੂਰਾ ਯੋਗਦਾਨ ਦੇਣ ਲਈ ਤਿਆਰ ਹੈ। ਫਿਲਹਾਲ ਜਦੋਂ ਤੱਕ ਇਹ ਸਾਂਝਾ ਲਾਂਘਾ ਨਹੀਂ ਬਣ ਜਾਂਦਾ ਤਦ ਤੱਕ ਸੰਗਤਾਂ ਨੂੰ ਪੱਬਾਂ ਭਾਰ ਖੜ੍ਹੇ ਹੋ ਕੇ ਡੇਰਾ ਬਾਬਾ ਨਾਨਕ ਸਾਹਿਬ ਸੈਕਟਰ ਦੀ ਸਰਹੱਦੀ ਚੌਂਕੀ ਉਤੇ ਬਣਾਏ ਗਏ ‘ਦਰਸ਼ਨ ਸਥਲ’ ਦੇ ਮੁਕਾਮ ਤੋਂ ਹੀ ਦੂਰਬੀਨਾਂ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਹੋਣਗੇ।