ਕਾਂਗਰਸੀ ਵਿਧਾਇਕ ਨੇ ਹੀ ਸਰਕਾਰ ਖਿਲਾਫ਼ ਚੁੱਕਿਆ ਝੰਡਾ

ਬਠਿੰਡਾ: ਹਲਕਾ ਬੱਲੂਆਣਾ (ਰਾਖਵਾਂ) ਤੋਂ ਕਾਂਗਰਸੀ ਵਿਧਾਇਕ ਨੱਥੂ ਰਾਮ ਨੇ ਆਖਰ ਅੱਕ ਚੱਬਦੇ ਹੋਏ ਆਪਣੀ ਹੀ ਸਰਕਾਰ ਖਿਲਾਫ਼ ਝੰਡਾ ਚੁੱਕ ਲਿਆ ਹੈ। ਦਲਿਤ ਵਿਧਾਇਕ ਨੇ ਖਾਸ ਕਰ ਕੇ ਜਾਖੜ ਪਰਿਵਾਰ ਨੂੰ ਸਿੱਧਾ ਨਿਸ਼ਾਨੇ ਉਤੇ ਰੱਖਿਆ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਲਿਖੇ ਪੱਤਰ ਵਿਚ ਵਿਧਾਇਕ ਨੱਥੂ ਰਾਮ ਨੇ ਆਪਣੀ ਵੁੱਕਤ ਨਾ ਪੈਣ ਦਾ ਰੋਣਾ ਰੋਇਆ ਹੈ ਅਤੇ ਦਲਿਤ ਹੋਣ ਦੇ ਨਾਤੇ ਅਪਮਾਨਿਤ ਕੀਤੇ ਜਾਣ ਦਾ ਮੁੱਦਾ ਉਠਾਇਆ ਹੈ।

ਵਿਧਾਇਕ ਨੱਥੂ ਰਾਮ ਨੇ ਸਾਫ ਲਫਜ਼ਾਂ ਵਿਚ ਆਖ ਦਿੱਤਾ ਹੈ ਕਿ ਉਹ ਏਦਾਂ ਦੇ ਹਾਲਤਾਂ ਵਿਚ ਹਲਕੇ ਵਿਚ ਨਹੀਂ ਵਿਚਰ ਸਕਦਾ, ਜਿਸ ਕਰਕੇ ਹਲਕਾ ਬੱਲੂਆਣਾ ਦੀ ਦੇਖ ਰੇਖ ਲਈ ਬਦਲਵੇਂ ਇੰਤਜ਼ਾਮ ਕਰ ਲਏ ਜਾਣ।
ਵਿਧਾਇਕ ਨੱਥੂ ਰਾਮ ਵੱਲੋਂ ਲਿਖੇ ਪੱਤਰ ਵਿਚ ਆਖਿਆ ਹੈ ਕਿ ਹਲਕਾ ਬੱਲੂਆਣਾ ਵਿਚ ਪਿਛਲੇ ਸਮੇਂ ਤੋਂ ਵਾਪਰ ਰਹੇ ਘਟਨਾਕ੍ਰਮ ਨੇ ਉਸ ਦੇ ਮਨ ਨੂੰ ਠੇਸ ਪਹੁੰਚਾਈ ਹੈ। ਪੱਤਰ ਅਨੁਸਾਰ ਅਬੋਹਰ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਭੁਪਿੰਦਰ ਸਿੰਘ ਦੀ ਬਦਲੀ ਲੋਕ ਹਿੱਤ ਵਿਚ ਕਰ ਦਿੱਤੀ ਗਈ ਸੀ ਅਤੇ ਜਲਾਲਾਬਾਦ ਦੇ ਬੀ.ਡੀ.ਪੀ.ਓ. ਨੂੰ ਵਾਧੂ ਚਾਰਜ ਦਿੱਤਾ ਗਿਆ ਸੀ।
ਵਿਧਾਇਕ ਨੇ ਆਖਿਆ ਕਿ ਜਾਖੜ ਨੇ ਇਹ ਆਰਡਰ ਮੁੜ ਵਾਪਸ ਕਰਾ ਦਿੱਤੇ। ਉਨ੍ਹਾਂ ਲਿਖਿਆ ਹੈ ਕਿ ਇਸ ਦਾ ਅਗਲੀਆਂ ਚੋਣਾਂ ‘ਤੇ ਬੁਰਾ ਪ੍ਰਭਾਵ ਪਵੇਗਾ ਅਤੇ ਇਸ ਰੱਦ ਹੋਏ ਹੁਕਮਾਂ ਨੇ ਵਰਕਰ ਕਾਫੀ ਨਿਰਾਸ਼ ਹੋਏ ਹਨ। ਉਨ੍ਹਾਂ ਲਿਖਿਆ ਹੈ ਕਿ ਉਹ ਖੁਦ ਵੀ ਅਪਮਾਨਿਤ ਮਹਿਸੂਸ ਕਰ ਰਹੇ ਹਨ ਅਤੇ ਉਸ ਨਾਲ ਦਲਿਤ ਹੋਣ ਕਰਕੇ ਵਾਰ-ਵਾਰ ਏਦਾਂ ਕੀਤਾ ਜਾ ਰਿਹਾ ਹੈ। ਵਿਧਾਇਕ ਨੇ ਜ਼ਿਕਰ ਕੀਤਾ ਹੈ ਕਿ ਉਸ ਨੂੰ (ਨੱਥੂ ਰਾਮ) ਅਤੇ ਉਸ ਦੇ ਪੀਏ ਨੂੰ ਮੌਜਗੜ੍ਹ ਫਾਰਮ ਹਾਊਸ ‘ਚ ਸੱਦ ਕੇ ਹਲਕੇ ਦੇ ਬੰਦਿਆਂ ਸਾਹਮਣੇ ਸਾਬਕਾ ਮੰਤਰੀ ਚੌਧਰੀ ਸੱਜਣ ਕੁਮਾਰ ਨੇ ਜ਼ਲੀਲ ਕੀਤਾ ਪਰ ਉਸ ਨੇ ਜਾਖੜ ਪਰਿਵਾਰ ਵੱਲੋਂ ਕੀਤੇ ਅਹਿਸਾਨ ਕਰਕੇ ਅਣਦੇਖਾ ਕਰ ਦਿੱਤਾ। ਉਨ੍ਹਾਂ ਪੁਰਾਣੇ ਘਟਨਾਕ੍ਰਮ ਦਾ ਜ਼ਿਕਰ ਵੀ ਛੇੜਿਆ ਹੈ।
ਉਨ੍ਹਾਂ ਪੱਤਰ ਵਿਚ ਲਿਖਿਆ ਹੈ ਕਿ ਐਸ਼ਡੀ.ਐਮ. ਅਬੋਹਰ ਪੂਨਮ ਸਿੰਘ, ਪਾਵਰਕੌਮ ਦੇ ਐਕਸੀਅਨ ਮਲਕੀਤ ਸਿੰਘ, ਸਿੰਚਾਈ ਮਹਿਕਮੇ ਦੇ ਐਕਸੀਅਨ ਰਮੇਸ਼ ਗੁਪਤਾ ਅਤੇ ਡੀ.ਐਸ਼ਪੀ. ਬੱਲੂਆਣਾ ਰਾਹੁਲ ਭਾਰਦਵਾਜ ਦੀ ਬਦਲੀ ਕਰਾਈ ਗਈ ਸੀ ਪਰ ਇਨ੍ਹਾਂ ਅਫਸਰਾਂ ਦੀਆਂ ਮੁੜ ਨਿਯੁਕਤੀਆਂ ਕਰਕੇ ਉਸ ਨੂੰ ਅਪਮਾਨਿਤ ਕੀਤਾ ਗਿਆ, ਜਿਸ ਕਰਕੇ ਹਲਕੇ ਵਿਚ ਕੰਮ ਕਰਾਉਣ ਵਿਚ ਦਿੱਕਤਾਂ ਆਈਆਂ ਹਨ। ਦੱਸਣਯੋਗ ਹੈ ਕਿ ਮੰਤਰੀ ਮੰਡਲ ਵਿਚ ਥਾਂ ਮਿਲਣ ਕਰ ਕੇ ਵੀ ਕਈ ਵਿਧਾਇਕ ਆਪਣਾ ਰੋਸਾ ਜ਼ਾਹਿਰ ਕਰ ਚੁੱਕੇ ਹਨ। ਨੱਥੂ ਰਾਮ ਦਾ ਇਹ ਪੱਤਰ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਇਆ ਹੈ, ਜਿਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਜਾਖੜ ਖਿਲਾਫ਼ ਬੋਲਣ ਦਾ ਹੋਰ ਮੌਕਾ ਮਿਲ ਗਿਆ ਹੈ।
_____________________
ਮਿਲ ਬੈਠ ਕੇ ਦੂਰ ਕਰਾਂਗੇ ਗਿਲੇ-ਸ਼ਿਕਵੇ: ਜਾਖੜ
ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਉਹ ਵਿਧਾਇਕ ਨਾਲ ਬੈਠ ਕੇ ਸਭ ਗਿਲੇ ਸ਼ਿਕਵੇ ਦੂਰ ਕਰ ਦੇਣਗੇ ਅਤੇ ਵਿਧਾਇਕ ਨੱਥੂ ਰਾਮ ਉਨ੍ਹਾਂ ਦੀ ਪਾਰਟੀ ਦੇ ਸਤਿਕਾਰਤ ਵਿਧਾਇਕ ਹਨ। ਉਹ ਅਕਸਰ ਫਾਰਮ ਹਾਊਸ ‘ਤੇ ਆਉਂਦੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਅਪਮਾਨ ਵਾਲੀ ਕੋਈ ਗੱਲ ਕਦੇ ਨਹੀਂ ਹੋਈ।