ਪੰਜਾਬ ‘ਚ ਨਸ਼ੇ ਦੀ ਤੋਟ ਕਾਰਨ ਮੌਤਾਂ ਦੇ ਦਿਲ ਕੰਬਾਊ ਅੰਕੜੇ

ਚੰਡੀਗੜ੍ਹ: ਪੰਜਾਬ ਵਿਚ ਨੌਜਵਾਨ ਆਏ ਦਿਨ ਨਸ਼ਿਆਂ ਦੀ ਬਲੀ ਚੜ੍ਹ ਰਹੇ ਹਨ। ਅੰਕੜਿਆਂ ਮੁਤਾਬਕ ਪੰਜਾਬ ਵਿਚ 9 ਲੱਖ ਲੋਕ ਨਸ਼ਾ ਕਰਕੇ ਹਨ। ਇਨ੍ਹਾਂ ਵਿਚੋਂ 3.5 ਲੱਖ ਲੋਕ ਅਡਿਕਟਿਡ ਹਨ। ਸੂਬੇ ਅੰਦਰ ਨਸ਼ਿਆਂ ਤੇ ਇਨ੍ਹਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਨਾਲ ਹਰ ਮਹੀਨੇ 112 ਜਣਿਆਂ ਦੀ ਮੌਤ ਹੋ ਰਹੀ ਹੈ।

‘ਦੈਨਿਕ ਭਾਸਕਰ’ ਨੇ ਦੋ ਰਿਸਰਚ ਰਿਪੋਰਟਾਂ, 1000 ਪੀੜਤਾਂ ਪਰਿਵਾਰ, ਨਸ਼ਾ ਮੁਕਤੀ ਕੇਂਦਰ, ਓਟ ਸੈਂਟਰ ਤੇ ਮਨੋਵਿਗਿਆਨੀਆਂ ਨਾਲ ਗੱਲ ਕਰਕੇ ਪਤਾ ਲਾਇਆ ਕਿ ਨਸ਼ੇ ਦੀ ਵਜ੍ਹਾ ਕਾਰਨ ਕਈ ਘਰ ਉੱਜੜ ਗਏ ਹਨ। ਇਕ ਹੀ ਸਰਿੰਜ ਨਾਲ ਨਸ਼ਾ ਲੈਣ ਕਰਕੇ ਏਡਜ਼ ਤੇ ਹੈਪੇਟਾਈਟਸ-3 ਵਰਗੀਆਂ ਬਿਮਾਰੀਆਂ ਫੈਲ ਰਹੀਆਂ ਹਨ। ਐਨ.ਸੀ.ਬੀ. ਦੀ ਰਿਪੋਰਟ ਮੁਤਾਬਕ ਪਿਛਲੇ 10 ਸਾਲਾਂ ਦੌਰਾਨ (2007-17) ਭਾਰਤ ਵਿਚ 25 ਹਜ਼ਾਰ ਲੋਕਾਂ ਨੇ ਨਸ਼ੇ ਦੀ ਥੁੜ ਕਾਰਨ ਖੁਦਕੁਸ਼ੀ ਕਰ ਲਈ ਤੇ ਇਨ੍ਹਾਂ ਵਿਚੋਂ 74 ਫੀਸਦੀ ਮਾਮਲੇ ਪੰਜਾਬ ਦੇ ਹਨ। ਕਦੀ ਭਾਰਤੀ ਫੌਜ ਨੂੰ ਸਭ ਤੋਂ ਜ਼ਿਆਦਾ ਜਵਾਨ ਦੇਣ ਵਾਲਾ ਪੰਜਾਬ ਅੱਜ 6ਵੇਂ ਸਥਾਨ ਉਤੇ ਆ ਗਿਆ ਹੈ, ਕਿਉਂਕਿ ਇਥੋਂ ਦੇ ਨੌਜਵਾਨ ਸਰੀਰਕ ਯੋਗਤਾ ਵਿਚੋਂ ਫੇਲ੍ਹ ਹੋ ਰਹੇ ਹਨ।
ਨਸ਼ੇ ਕਰਨ ਵਾਲੇ ਬੰਦੇ ਦਾ ਸਰੀਰ ਤੇ ਦਿਮਾਗ ਉਸ ਉਤੇ ਨਿਰਭਰ ਹੋ ਜਾਂਦੇ ਹਨ। ਨਸ਼ੇ ਤੋਂ ਬਿਨਾਂ ਉਸ ਨੂੰ ਕੁਝ ਚੰਗਾ ਨਹੀਂ ਲੱਗਦਾ। ਨਸ਼ਾ ਨਾ ਮਿਲਣ ਕਾਰਨ ਸਰੀਰ ਵਿਚ ਦਰਦ, ਬੇਚੈਨੀ ਤੇ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਲਿਵਰ, ਗੁਰਦਿਆਂ ਤੇ ਦਿਲ ਉਤੇ ਇਸ ਦਾ ਬੁਰਾ ਅਸਰ ਪੈਂਦਾ ਹੈ। ਇਕ ਵਾਰ ਆਦਤ ਪੈ ਜਾਏ ਤਾਂ ਬਿਨਾਂ ਨਸ਼ਾ ਰਿਹਾ ਨਹੀਂ ਜਾਂਦਾ ਤੇ ਹੌਲੀ-ਹੌਲੀ ਬੰਦਾ ਮੌਤ ਵੱਲ ਧੱਕਿਆ ਜਾਂਦਾ ਹੈ।
_____________
ਪੁਲਿਸ ਤੱਕ ਨਹੀਂ ਪੁੱਜਦੇ ਨਸ਼ੇ ਨਾਲ ਮੌਤ ਦੇ ਕੇਸ
ਨਸ਼ੇ ਨਾਲ ਖੁਦਕੁਸ਼ੀ ਦੀ ਗੱਲ ਕੀਤੀ ਜਾਵੇ ਤਾਂ 2012 ਵਿਚ 4 ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਸਨ। 2013 ਵਿਚ ਇਨ੍ਹਾਂ ਦੀ ਗਿਣਤੀ 4500 ਹੋ ਗਈ ਸੀ। ਅੰਕੜਿਆਂ ਮੁਤਾਬਕ 2007 ਤੋਂ ਲੈ ਕੇ 2017 ਤੱਕ ਨਸ਼ਿਆਂ ਨਾਲ ਸਬੰਧਤ 25 ਹਜ਼ਾਰ ਤੋਂ ਜ਼ਿਆਦਾ ਖੁਦਕੁਸ਼ੀਆਂ ਹੋਈਆਂ। ਨਸ਼ੇ ਦੀ ਆਦਤ ਜਾਂ ਸ਼ਰਾਬ ਦੀ ਵਜ੍ਹਾ ਨਾਲ ਜੋ ਖੁਦਕੁਸ਼ੀਆਂ ਥਾਣਿਆਂ ‘ਚ ਦਰਜ ਹੁੰਦੀਆਂ ਹਨ, ਐਨ.ਸੀ.ਬੀ. ਉਨ੍ਹਾਂ ਦੇ ਆਧਾਰ ਉਤੇ ਹੀ ਅੰਕੜੇ ਤਿਆਰ ਕਰਦਾ ਹੈ, ਪਰ ਭਾਸਕਰ ਆਡਿਟ ਵਿਚ ਇਹ ਪਤਾ ਲੱਗਾ ਕਿ ਪੇਂਡੂ ਖੇਤਰਾਂ ਵਿਚ ਅਜਿਹੇ ਮਾਮਲੇ ਦਰਜ ਹੀ ਨਹੀਂ ਕਰਾਏ ਜਾਂਦੇ। ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਦੇ 70 ਫੀਸਦੀ ਤੋਂ ਵੱਧ ਮਾਮਲੇ ਪੁਲਿਸ ਕੋਲ ਪੁੱਜਦੇ ਹੀ ਨਹੀਂ ਹਨ।