ਚੰਡੀਗੜ੍ਹ: ਕਾਂਗਰਸੀਆਂ ਨੇ ਵਿਧਾਨ ਸਭਾ ਵਿਚ ਆਪਣੇ ਸੈਸ਼ਨ ਚਲਾ ਕੇ ਹਾਕਮਾਂ ਨੂੰ ਹੋਰ ਵਖ਼ਤ ਪਾ ਦਿੱਤਾ। ਕਾਂਗਰਸੀ ਵਿਧਾਇਕਾਂ ਨੂੰ ਜਦੋਂ ਵਿਧਾਨ ਸਭਾ ਸਕੱਤਰੇਤ ਵੱਲੋਂ ਵਿਧਾਨ ਸਭਾ ਕੰਪਲੈਕਸ ਵਿਚ ਬਰਾਬਰ ਸੈਸ਼ਨ ਚਲਾਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਤਾਂ ਕਾਂਗਰਸ ਦੇ ਤਿੰਨ ਦਰਜਨ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ‘ਮੌਕ’ ਸੈਸ਼ਨ ਚਲਾ ਲਿਆ।
‘ਮੌਕ’ ਸੈਸ਼ਨ ਦੌਰਾਨ ਜਗਮੋਹਨ ਸਿੰਘ ਕੰਗ ਨੂੰ ਸਪੀਕਰ ਬਣਾਇਆ ਗਿਆ। ਸਦਨ ਵਿਚ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੂਬੇ ਵਿਚ ‘ਸਭ ਅੱਛਾ’ ਹੋਣ ਦਾ ਦਾਅਵਾ ਕਰਦੇ ਸਨ ਤਾਂ ਬਾਹਰ ਕਾਂਗਰਸ ਦੇ ਵਿਧਾਇਕਾਂ ਨੇ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਸਰਕਾਰ ਨੂੰ ਚੰਗੇ ਰਗੜੇ ਲਾਏ। ਕਾਂਗਰਸ ਨੇ ਵਿਧਾਨ ਸਭਾ ਦੇ ਅੰਦਰ ਰਾਜਪਾਲ ਦੇ ਭਾਸ਼ਨ ‘ਤੇ ਚੱਲ ਰਹੀ ਬਹਿਸ ਵਿਚ ਹਿੱਸਾ ਨਾ ਲਿਆ। ਸਿਰਫ਼ ਹਾਕਮ ਧਿਰ ਦੇ ਮੈਂਬਰਾਂ ਨੇ ਹੀ ਹਾਜ਼ਰੀ ਲਵਾਈ। ਕਾਂਗਰਸ ਨੇ ਵਿਧਾਨ ਸਭਾ ਦੇ ਬਾਹਰ ਰਾਜਪਾਲ ਦੇ ਭਾਸ਼ਨ ਨੂੰ ਆਧਾਰ ਬਣਾ ਕੇ ਬਿਆਨਬਾਜ਼ੀ ਕੀਤੀ।
ਕਾਂਗਰਸ ਦੇ ਮੈਂਬਰਾਂ ਨੇ ਰਾਜਪਾਲ ਦੇ ਭਾਸ਼ਨ ‘ਤੇ ਚਰਚਾ ਕਰਦਿਆਂ ਇਸ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ। ਇਹ ‘ਮੌਕ’ ਸੈਸ਼ਨ ਤਕਰੀਬਨ ਇਕ ਘੰਟੇ ਤੱਕ ਚੱਲਿਆ। ਜਗਮੋਹਨ ਕੰਗ ਨੇ ਕਿਹਾ ਕਿ ਸਾਨੂੰ ਬਾਹਰ ਮੌਕ ਸੈਸ਼ਨ ਲਾਉਣ ਦੀ ਖੁਸ਼ੀ ਨਹੀਂ ਹੈ ਪਰ ਜਿਸ ਤਰ੍ਹਾਂ ਸਪੀਕਰ ਨੇ ਪੱਖਪਾਤੀ ਰਵੱਈਆ ਅਖ਼ਤਿਆਰ ਕੀਤਾ ਹੈ, ਉਨ੍ਹਾਂ ਨੂੰ ਅਜਿਹਾ ਕਰਨਾ ਪਿਆ। ਉਨ੍ਹਾਂ ਨੂੰ ਇਸ ਦੀ ਉਮੀਦ ਨਹੀਂ ਸੀ ਕਿਉਂਕਿ ਸਪੀਕਰ ਸਭ ਦਾ ਸਾਂਝਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵਾਪਰੀ ਘਟਨਾ ਨੂੰ ਮੰਦਭਾਗਾ ਵੀ ਕਿਹਾ ਸੀ, ਪਰ ਸਪੀਕਰ ਨੇ ਸਾਡੀ ਹਰ ਗੱਲ ਨੂੰ ਗੈਰ-ਜਮਹੂਰੀ ਢੰਗ ਨਾਲ ਠੁਕਰਾ ਦਿੱਤਾ।
_________________________
ਕਾਂਗਰਸੀਆਂ ਨੇ ਪੁਲਿਸ ਨੂੰ ਕਸੂਤ ਫਸਾਇਆ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਹੋਈਆਂ ਝੜਪਾਂ ਦੇ ਮਾਮਲੇ ਵਿਚ ਵਿਰੋਧੀ ਧਿਰ ਕਾਂਗਰਸ ਨੇ ਪੁਲਿਸ ਨੂੰ ਕਸੂਤਾ ਫਸਾ ਦਿੱਤਾ ਹੈ। ਚੰਡੀਗੜ੍ਹ ਪੁਲਿਸ ਵੱਲੋਂ ਇਸ ਮਾਮਲੇ ਵਿਚ ਕਾਂਗਰਸੀ ਵਿਧਾਇਕਾਂ ਵਿਰੁੱਧ ਦਰਜ ਕੀਤੀ ਐਫ਼ਆਈæਆਰæ ਨੂੰ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਵੱਲੋਂ ਪੁਲਿਸ ਅਧਿਕਾਰੀਆਂ ਵਿਰੁੱਧ ਕੀਤੀ ਸ਼ਿਕਾਇਤ ਨਾਲ ਜੋੜਨ ਕਾਰਨ ਇਹ ਮਾਮਲਾ ਠੰਢੇ ਬਸਤੇ ਵਿਚ ਪੈਂਦਾ ਜਾਪਦਾ ਹੈ। ਚੰਡੀਗੜ੍ਹ ਪੁਲਿਸ ਅਨੁਸਾਰ ਜਿੱਥੇ ਤੀਜੀ ਕਮਾਂਡੋ ਬਟਾਲੀਅਨ ਪੀæਏæਪੀæ ਮੁਹਾਲੀ ਦੇ ਕਮਾਂਡੈਂਟ ਸੁਖਵੰਤ ਸਿੰਘ ਗਿੱਲ ਵੱਲੋਂ ਕਾਂਗਰਸੀ ਵਿਧਾਇਕਾਂ ਉੱਪਰ ਹੌਲਦਾਰ ਜੈਪਾਲ ਸਿੰਘ ਤੇ ਹੋਰ ਪੁਲਿਸ ਮੁਲਾਜ਼ਮਾਂ ਉੱਪਰ ਹਮਲਾ ਕਰਨ ਦੇ ਦੋਸ਼ ਲਾਏ ਗਏ ਹਨ, ਉਥੇ ਵਿਰੋਧੀ ਧਿਰ ਦੇ ਆਗੂ ਸ੍ਰੀ ਜਾਖੜ ਵੱਲੋਂ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਪੁਲਿਸ ਅਧਿਕਾਰੀ ਅਣਅਧਿਕਾਰਤ ਢੰਗ ਨਾਲ ਵਿਧਾਨ ਸਭਾ ਵਿਚ ਕਾਂਗਰਸ ਵਿਧਾਇਕ ਦਲ ਦੇ ਦਫ਼ਤਰ ਵਿਚ ਦਖਲ ਹੋਏ।
________________
æææਸਤਾਈ ਸਾਲ ਬਾਅਦ
ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ 27 ਸਾਲਾਂ ਬਾਅਦ ਮੈਂਬਰਾਂ ਨੇ ਸਪੀਕਰ ਦੇ ਆਸਣ ਤੱਕ ਪਹੁੰਚ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਇਕ ਸੀਨੀਅਰ ਆਗੂ ਨੇ ਤਤਕਾਲੀਨ ਸਪੀਕਰ ਸੁਰਜੀਤ ਸਿੰਘ ਮਿਨਹਾਸ ਨਾਲ ਬਦਸਲੂਕੀ ਕੀਤੀ ਸੀ। ਵਿਧਾਨ ਸਭਾ ਵਿਚ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ‘ਤੇ ਬੈਠੇ ਚੇਅਰਮੈਨ ਨਾਲ ਬਦਸਲੂਕੀ ਕੀਤੀ। ਮੇਜ਼ ‘ਤੇ ਪਏ ਸਾਮਾਨ ਦੀ ਭੰਨ-ਤੋੜ ਕੀਤੀ ਤੇ ਉਸ ਨੂੰ ਕੁਰਸੀ ਛੱਡ ਕੇ ਭੱਜਣ ਲਈ ਮਜਬੂਰ ਕਰ ਦਿੱਤਾ।
__________________________
ਬਾਦਲ ਦੀ ਗ਼ੈਰ-ਹਾਜ਼ਰੀ ਦਾ ਰਾਜ਼
ਚੰਡੀਗੜ੍ਹ: ਮੁੱਖ ਮੰਤਰੀ ਤੇ ਸਦਨ ਦੇ ਨੇਤਾ ਪ੍ਰਕਾਸ਼ ਸਿੰਘ ਬਾਦਲ ਦੀ ਗੈਰ-ਮੌਜੂਦਗੀ ਵਿਚ ਅਕਸਰ ਦੋਹਾਂ ਧਿਰਾਂ ਦਰਮਿਆਨ ਟਕਰਾਅ ਵਧਦਾ ਹੈ। ਉਹ ਅਕਸਰ ਹੀ ਅਜਿਹੇ ਮੌਕਿਆਂ ‘ਤੇ ਗੈਰ-ਹਾਜ਼ਰ ਰਹਿੰਦੇ ਹਨ। ਬਿਕਰਮ ਸਿੰਘ ਮਜੀਠੀਆ ਤੇ ਰਾਣਾ ਗੁਰਜੀਤ ਸਿੰਘ ਦਰਮਿਆਨ ਤਕਰਾਰ ਹੋਣ ਤੋਂ ਅਗਲੇ ਦਿਨ ਵੀ ਸ਼ ਬਾਦਲ ਗੈਰ-ਹਾਜ਼ਰ ਸਨ। ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਮੈਂਬਰਾਂ ਦੀਆਂ ਸੀਟਾਂ ‘ਤੇ ਆ-ਆ ਕੇ ਕੁਝ ਦਿਸ਼ਾ ਨਿਰਦੇਸ਼ ਦਿੰਦੇ ਰਹੇ। ਤਾਜ਼ਾ ਟਕਰਾਅ ਵਾਲੇ ਦਿਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਸਦਨ ਵਿਚੋਂ ਕਈ ਵਾਰੀ ਬਾਹਰ ਗਏ। ਮਜੀਠੀਆ ਨੇ ਸੁਖਬੀਰ ਬਾਦਲ ਨਾਲ ਵੀ ਕਈ ਵਾਰੀ ਸਦਨ ਵਿਚ ਗੱਲ ਕੀਤੀ।
_______________________
ਹਾਕਮ ਵਿਰੋਧੀ ਧਿਰ ਦਾ ਸਤਿਕਾਰ ਭੁੱਲੇ: ਜਾਖੜ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਸ਼ੋਰ-ਸ਼ਰਾਬੇ ਦੀਆਂ ਘਟਨਾਵਾਂ ਬਾਰੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਇਹ ਮੰਦਭਾਗੀਆਂ ਸਨ ਤੇ ਇਨ੍ਹਾਂ ਨੂੰ ਟਾਲਿਆ ਜਾ ਸਕਦਾ ਸੀ। ਇਨ੍ਹਾਂ ਘਟਨਾਵਾਂ ਦਾ ਕਾਰਨ ਹਾਕਮ ਧਿਰ ਦਾ ਰਵੱਈਆ ਹੈ। ਉਨ੍ਹਾਂ ਕਿਹਾ ਕਿ ਉਹ ਹਾਕਮ ਧਿਰ ਦੇ ਝਾਂਸੇ ਵਿਚ ਆ ਗਏ। ਸਰਕਾਰੀ ਧਿਰ ਵੱਲੋਂ ਮਾਮਲੇ ਨੂੰ ਸ਼ਾਂਤ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ। ਸਰਕਾਰ ਨੇ ਸਾਰਾ ਮਾਹੌਲ ਖ਼ੁਦ ਬਣਾਇਆ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਹਾਕਮਾਂ ਨੂੰ ਵਿਰੋਧੀ ਧਿਰ ਦਾ ਸਤਿਕਾਰ ਭੁੱਲ ਗਿਆ ਹੈ ਜਿਸ ਕਾਰਨ ਟਕਰਾਅ ਵਾਲਾ ਮਾਹੌਲ ਬਣਿਆ ਹੈ।
15 ਕਾਂਗਰਸੀ ਵਿਧਾਇਕਾਂ ਖ਼ਿਲਾਫ਼ ਕੇਸ ਦਰਜ
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ ਵਿਧਾਨ ਸਭਾ ਵਿਚ ਹੋਏ ਹੰਗਾਮੇ ਦੌਰਾਨ ਪੰਜਾਬ ਪੁਲਿਸ ਦੇ ਹੌਲਦਾਰ ਤੇ ਬਜਟ ਸੈਸ਼ਨ ‘ਚ ਵਿਧਾਨ ਸਭਾ ਵਿਖੇ ਵਾਚ ਐਂਡ ਵਾਰਡ ਡਿਊਟੀ ਨਿਭਾਅ ਰਹੇ ਜੈਪਾਲ ਦੀ ਕੁੱਟ-ਮਾਰ ਕਰਨ ਦੇ ਦੋਸ਼ ਤਹਿਤ ਪੰਜਾਬ ਕਾਂਗਰਸ ਦੇ ਕੁਲਜੀਤ ਸਿੰਘ ਨਾਗਰਾ, ਗੁਰਕੀਰਤ ਸਿੰਘ ਕੋਟਲੀ, ਜਗਮੋਹਨ ਸਿੰਘ ਕੰਗ, ਰਾਣਾ ਗੁਰਜੀਤ ਸਿੰਘ, ਸੁਖਜਿੰਦਰ ਸਿੰਘ ਰੰਧਾਵਾ ਤੇ ਬਲਬੀਰ ਸਿੰਘ ਸਿੱਧੂ ਸਮੇਤ 15-20 ਵਿਧਾਇਕਾਂ ਵਿਰੁੱਧ ਕੇਸ ਦਰਜ ਕੀਤਾ ਹੈ।
Leave a Reply