ਭੀਮਾ ਕੋਰੇਗਾਓਂ ਵਿਚ ਹਿੰਦੂਤਵੀ ਹੱਲਾ

ਭੀਮਾ ਕੋਰੇਗਾਓਂ ਵਾਲੀ ਘਟਨਾ ਤੋਂ ਬਾਅਦ ਹਿੰਦੂਤਵੀ ਤਾਕਤਾਂ ਨੇ ਜਿਸ ਢੰਗ ਨਾਲ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਤੋਂ ਜਾਹਰ ਹੋ ਜਾਂਦਾ ਹੈ ਕਿ ਇਹ ਤਾਕਤਾਂ ਕਿੰਨੀ ਤਿਆਰੀ ਅਤੇ ਯੋਜਨਾਬੱਧ ਢੰਗ ਨਾਲ ਚੱਲ ਰਹੀਆਂ ਹਨ। ਸੋਨੀਪਤ (ਹਰਿਆਣਾ) ਦੀ ਓ. ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਪ੍ਰੋਫੈਸਰ ਸ਼ਿਵ ਵਿਸ਼ਵਨਾਥਨ ਨੇ ਆਪਣੇ ਇਸ ਲੇਖ ਵਿਚ ਇਸ ਬਾਰੇ ਚਰਚਾ ਕੀਤੀ ਹੈ।

-ਸੰਪਾਦਕ

ਸ਼ਿਵ ਵਿਸ਼ਵਨਾਥਨ
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 10 ਸਾਲਾਂ ਦੇ ਕਾਰਜਕਾਲ ਦੀ ਪੁਣ-ਛਾਣ ਕਰਨ ਵਾਲੇ ਮਨੋਰੋਗ-ਵਿਗਿਆਨੀ ਨੂੰ ਸਿਆਸਤ ਦੀ ਉਨਮਾਦੀ ਸ਼ੈਲੀ ‘ਤੇ ਵੀ ਨਜ਼ਰ ਰੱਖਣੀ ਪਵੇਗੀ, ਜਿਥੇ ਦੂਜਿਆਂ ‘ਤੇ ਕੰਟਰੋਲ ਕਰਨ ਦੀ ਇੱਛਾ ਨੂੰ ਕਾਨੂੰਨ ਤੇ ਵਿਵਸਥਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਅਜਿਹੀ ਸ਼ੈਲੀ ਨਾਲ ਅਨੇਕਤਾ ‘ਚ ਏਕਤਾ ਕਾਇਮ ਨਹੀਂ ਰਹਿ ਸਕਦੀ, ਇਸ ਰਾਹੀਂ ਸਿਰਫ ਦੂਜਿਆਂ ‘ਤੇ ਕਾਬੂ ਪਾਉਣ ਦੀ ਇੱਛਾ ਰੱਖੀ ਜਾਂਦੀ ਹੈ। ਇਉਂ ਕਰਨ ਲਈ ਫਿਰ ਤੁਸੀਂ ਜਾਂ ਤਾਂ ਹੋਰਨਾਂ ਨੂੰ ਘਰੋਂ ਕੱਢ ਦੇਵੋ, ਤੇ ਜਾਂ ਫਿਰ ਉਨ੍ਹਾਂ ਦੇ ਵਿਚਾਰਾਂ ਨੂੰ ਬਦਲ ਕੇ ਉਨ੍ਹਾਂ ਨੂੰ ਘਰ ‘ਚ ਰੱਖ ਲਵੋ। ਭਾਜਪਾ ਦੀ ਇਹ ਸਿਆਸਤ ਭੀਮਾ ਕੋਰੇਗਾਓਂ ‘ਚ ਫੜੀ ਗਈ ਹੈ।
ਭੀਮਾ ਕੋਰੇਗਾਓਂ ਦੀ ਘਟਨਾ ‘ਚੋਂ ਭਾਜਪਾ ਦੀ ਸਿਆਸਤ ਦੇ ਨੁਕਸ ਸਹਿਜੇ ਹੀ ਲੱਭੇ ਜਾ ਸਕਦੇ ਹਨ। ਅਧਿਕਾਰ ਦੀ ਸਿਆਸਤ ਵਾਂਗ ਦਲਿਤ ਸਿਆਸਤ ਸਦਾ ਯਾਦ ਰੱਖਣ ਦੇ ਅਧਿਕਾਰ ਨੂੰ ਪੁਨਰ-ਸੁਰਜੀਤ ਕਰਨ ਦਾ ਯਤਨ ਰਹੀ ਹੈ। ਦਲਿਤਾਂ ਨੂੰ ਬਸਤੀਵਾਦੀ ਫੌਜ ਨਾਲ ਲੜਨ ਵਾਲੇ ਮਹਾਰ ਫੌਜੀਆਂ ਦੀ ਜਿੱਤ ਅਤੇ ਪੇਸ਼ਵਾ ਨੂੰ ਹਰਾਉਣ ਤੱਕ ਮਹਿਦੂਦ ਕਰ ਦਿੱਤਾ ਗਿਆ ਸੀ। ਮਹਾਰਾਂ ਲਈ ਇਹ ਦਲਿਤ ਸੂਰਬੀਰਤਾ ਦਾ ਸਬੂਤ ਸੀ। ਬਹੁ-ਗਿਣਤੀ ਅਤੇ ਕਹਿੰਦੇ-ਕਹਾਉਂਦੇ ਮਰਾਠਿਆਂ ਲਈ ਇਹ ਰਾਸ਼ਟਰਵਾਦ ਨੂੰ ਲੱਗੀ ਢਾਹ ਸੀ। ਮਰਾਠਿਆਂ ਅਤੇ ਦਲਿਤਾਂ ਵਿਚਲੀ ਜੰਗ ਯਾਦ ਰੱਖਣ ਦੇ ਅਧਿਕਾਰ ਅਤੇ ਯਾਦ ‘ਤੇ ਕਾਬੂ ਪਾਉਣ ਦੇ ਅਧਿਕਾਰ ਵਿਚਲੀ ਜੰਗ ਬਣ ਕੇ ਰਹਿ ਗਈ ਸੀ। ਭੀਮਾ ਕੋਰੇਗਾਓਂ ਦਲਿਤ ਸ਼ਨਾਖਤ ਦੇ ਪੁਨਰ-ਸਮਰਥਨ ਵਾਲਾ ਸਥਾਨ ਬਣ ਗਿਆ। ਹਿੰਦੂਤਵੀ ਜਥੇਬੰਦੀਆਂ ਨੂੰ ਦਲਿਤਾਂ ਦਾ ਸਮਰਥਨ ਮੁੱਖਧਾਰਾ ਦੇ ਰਾਸ਼ਟਰਵਾਦ ‘ਤੇ ਦਾਗ਼ ਹੀ ਜਾਪਦਾ ਹੈ। ਇਸ ਵਰ੍ਹੇ ਸ਼ਾਂਤੀਪੂਰਨ ਮਾਰਚ ਖੂਨ-ਖਰਾਬੇ ਵਾਲੀ ਘਟਨਾ ਬਣ ਗਿਆ।
ਦਿਲਚਸਪ ਗੱਲ ਇਹ ਹੈ ਕਿ ਪੁਲਿਸ ਨੇ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਸਗੋਂ ਇਸ ਦੀ ਥਾਂ ਉਨ੍ਹਾਂ ਹਿੰਸਾ ਅਤੇ ਸਾਜ਼ਿਸ਼ ਦੀ ਅਜਿਹੀ ਕਹਾਣੀ ਘੜੀ ਜੋ ਹੁਣ ਸਭ ਦੇ ਸਾਹਮਣੇ ਰੱਖੀ ਜਾ ਰਹੀ ਹੈ। ਉਨਮਾਦੀ ਹਿੰਦੂਵਾਦੀ ਤਾਕਤਾਂ ਨੇ ਮਰਾਠਿਆਂ ਨੂੰ ਇਹ ਜਚਾਉਣ ਲਈ ਉਕਸਾਉਣਾ ਸ਼ੁਰੂ ਕਰ ਦਿੱਤਾ ਕਿ ਦਲਿਤ ਤਾਂ ਸਦਾ ਜਾਤ-ਪਾਤ ‘ਚ ਵਿਸ਼ਵਾਸ ਰੱਖਣ ਵਾਲੇ, ਫਿਰਕੂ ਅਤੇ ਰਾਸ਼ਟਰ ਵਿਰੋਧੀ ਹੁੰਦੇ ਹਨ। ਦਲਿਤਾਂ ਦੀ ਆਜ਼ਾਦੀ ਲਈ ਜੰਗ ਨੂੰ ਹੁਣ ‘ਰਾਸ਼ਟਰ ਵਿਰੋਧੀ ਕਾਰਾ’ ਬਣਾ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਮੁੱਖਧਾਰਾ ਦੇ ਇਤਿਹਾਸ ਦੇ ਬਰਾਬਰ ਇੱਕ ਹੋਰ ਵਿਆਖਿਆ ਖੜ੍ਹੀ ਕਰ ਦਿੱਤੀ ਹੈ।
ਭੀਮਾ ਕੋਰੇਗਾਓਂ ਦਾ ਸਮਾਜਿਕ ਵਿਗਾੜ ਇੱਥੇ ਹੀ ਨਹੀਂ ਰੁਕਿਆ। ਭਾਜਪਾ-ਹਿੰਦੂਤਵੀ ਜਥੇਬੰਦੀਆਂ ਨੇ ਇਸ ਸਥਾਨਕ ਘਟਨਾ ਨੂੰ ਰਾਸ਼ਟਰੀ ਘਟਨਾ ਬਣਾ ਕੇ ਪੇਸ਼ ਕੀਤਾ। ਇਸੇ ਲਈ ਉਸ ਹਿੰਸਾ ਨੂੰ ਹੁਣ ਹੋਰ ਐਨਕਾਂ ਅਤੇ ਕਿਸੇ ਵੱਖਰੀ ਕਿਸਮ ਦੇ ਕੋਣ ਤੋਂ ਵਾਚਿਆ ਜਾਣ ਲੱਗਾ ਹੈ। ਜਿਹੜਾ ਖਤਰਾ ਸਿਰਫ ਦੇਸ਼ ਭਗਤ ਇਤਿਹਾਸ ਨੂੰ ਸੀ, ਹੁਣ ਉਹ ਸੁਰੱਖਿਆ ਨੂੰ ਵੀ ਖਤਰਾ ਬਣ ਗਿਆ ਹੈ। ਪੁਲਿਸ ਅਤੇ ਹਿੰਦੂਤਵੀ ਜਥੇਬੰਦੀਆਂ ਉਸ ਹਿੰਸਾ ਨੂੰ ਆਪਣੀ ਪਸੰਦ ਮੁਤਾਬਕ ਸਾਜ਼ਿਸ਼ ਅਤੇ ਸ਼ੱਕ ਦੇ ਚੌਖਟੇ ਅੰਦਰ ਫਿੱਟ ਕਰ ਲਿਆ। ਇੰਜ ਦਲਿਤ ਪੱਖੀ ‘ਐਲਗਾਰ ਪ੍ਰੀਸ਼ਦ’ ਨਾਲ ਜੁੜੇ ਲੋਕ ਭਾਰਤ ਦੇ ਪ੍ਰਧਾਨ ਮੰਤਰੀ ਲਈ ਖਤਰਾ ਬਣ ਗਏ। ਮੋਦੀ ਨੂੰ ਹੁਣ ਬਿਲਕੁਲ ਉਸ ਤਰ੍ਹਾਂ ਦਾ ਖਤਰਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਿਹੋ ਜਿਹੇ ਖਤਰੇ ਵਿਚ ਫਸ ਕੇ ਰਾਜੀਵ ਗਾਂਧੀ ਦੀ ਜਾਨ ਗਈ ਸੀ। ਅਜਿਹੀਆਂ ਸਾਜ਼ਿਸ਼ਾਂ ਨਾਲ ਇਹੋ ਜਿਹੇ ਜੁਝਾਰੂ ਸਮੂਹਾਂ ‘ਤੇ ਸ਼ੱਕ ਦਾ ਦਾਗ਼ ਲੱਗ ਜਾਂਦਾ ਹੈ।
ਇੱਕ ਵਾਰ ਜਦੋਂ ਅਜਿਹੇ ਸਮੂਹਾਂ ਉਤੇ ‘ਸੁਰੱਖਿਆ ਨੂੰ ਖਤਰੇ’ ਦਾ ਠੱਪਾ ਲੱਗਿਆ, ਫਿਰ ਉਨ੍ਹਾਂ ‘ਤੇ ਜਦੋਂ ਮਰਜ਼ੀ ਦਹਿਸ਼ਤ ਫੈਲਾਉਣ ਅਤੇ ਕਤਲ ਦੇ ਇਲਜ਼ਾਮ ਲਾ ਦੇਵੋ। ਇਸ ਪੜਾਅ ‘ਤੇ ਹੁਣ ਠੱਪਾ ਲਾਉਣ ਦੀ ਸਿਆਸਤ ਭਾਰੂ ਹੋ ਗਈ ਹੈ। ਮੌਜੂਦਾ ਭਾਰਤ ਵਿਚ ‘ਮਾਓਵਾਦੀ’ ਸ਼ਬਦ ਨੂੰ ਦਹਿਸ਼ਤਗਰਦ, ਇਨਕਲਾਬੀ, ਕਬਾਇਲੀ ਅਤੇ ਗ਼ੈਰ-ਸੰਵਿਧਾਨਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।
ਭਾਜਪਾ ਹੁਣ ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਵਕੀਲਾਂ ਦੇ ਵਰਗਾਂ ਨੂੰ ਰਲ਼ਗੱਡ ਕਰ ਕੇ ਉਨ੍ਹਾਂ ਨੂੰ ਮਾਓਵਾਦੀ ਵਜੋਂ ਪੇਸ਼ ਕਰ ਕੇ ਭੰਬਲ਼ਭੂਸਾ ਪੈਦਾ ਕਰ ਰਹੀ ਹੈ। ਪੰਜ ਜਣਿਆਂ ਵਿਚੋਂ ਤਿੰਨ ਤਾਂ ਉਘੇ ਵਕੀਲ ਹਨ ਜੋ ਮਨੁੱਖੀ ਅਧਿਕਾਰਾਂ ਲਈ ਲੜਨ ਲਈ ਜਾਣੇ ਜਾਂਦੇ ਹਨ। ਹੁਣ ਦਲਿਤ ਜਥੇਬੰਦੀਆਂ ਨੂੰ ਮਾਓਵਾਦੀ ਮੋਰਚੇ ਕਰਾਰ ਦੇ ਕੇ ਉਨ੍ਹਾਂ ‘ਤੇ ਛਾਪੇ ਮਾਰੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਸੱਚਮੁਚ ਹੀ ਦਾਗ਼ੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਹਿੰਦੂਤਵੀ ਸੱਜ-ਪਿਛਾਖੜੀ ਸੋਚ ਨੂੰ ਸਾਜ਼ਿਸ਼ ਤੇ ਸ਼ੱਕ ਬਹੁਤ ਪਸੰਦ ਹਨ ਅਤੇ ਮਾਓਵਾਦੀਆਂ ਨੂੰ ਹਰ ਕਿਸਮ ਦੇ ਸ਼ੱਕ ਦੇ ਘੇਰੇ ‘ਚ ਰੱਖਿਆ ਜਾ ਰਿਹਾ ਹੈ। ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਕਾਰਕੁਨ ਨੂੰ ਮਾਓਵਾਦੀ ਦੱਸਣਾ ਅਜੋਕੀ ਜਮਹੂਰੀਅਤ ਲਈ ਪੁੱਠਾ ਗੇੜਾ ਹੈ।
ਭਾਜਪਾ ਵਲੋਂ ਕੁਝ ਸ਼ਬਦਾਂ ਦੀ ਵਰਤੋਂ ਕਰ ਕੇ ਕੁਝ ਵੱਖਰੀ ਕਿਸਮ ਦਾ ਮਾਹੌਲ ਪੈਦਾ ਕਰਨਾ ਸੱਚਮੁਚ ਪ੍ਰੇਸ਼ਾਨ ਕਰਦਾ ਹੈ। ਸੁਰੱਖਿਆ, ਰਾਸ਼ਟਰ ਵਿਰੋਧੀ, ਨਕਸਲਬਾੜੀ, ਮਾਓਵਾਦੀ ਵਰਗੇ ਪ੍ਰਚਾਰੇ ਜਾ ਰਹੇ ਸ਼ਬਦ ਬਿਲਕੁਲ ਖੋਖਲੇ ਹਨ। ਭਾਜਪਾ ਹੁਣ ਇਹੋ ਚਾਹੁੰਦੀ ਹੈ ਕਿ ਇਨ੍ਹਾਂ ਸ਼ਬਦਾਂ ਦਾ ਜੋ ਅਰਥ ਉਹ ਸਮਝਾਉਣਾ ਚਾਹੁੰਦੀ ਹੈ, ਸਾਰੇ ਲੋਕ ਉਹੀ ਅਰਥ ਸਮਝਣ। ਇਸ ਵੇਲੇ ਅਸੀਂ ਅਜਿਹੇ ਹਾਲਾਤ ਦਾ ਸਾਹਮਣਾ ਕਰ ਰਹੇ ਹਾਂ, ਜਿੱਥੇ ਰੋਸ ਪ੍ਰਗਟਾਉਣ ਨੂੰ ਦੇਸ਼-ਧ੍ਰੋਹ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਜਿਹੜੇ ਸ਼ਖਸਾਂ ਤੋਂ ਹੁਣ ਪੁੱਛਗਿੱਛ ਕੀਤੀ ਗਈ ਸੀ ਤੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਸੀ, ਉਨ੍ਹਾਂ ਵਿਚ ਅੰਬੇਡਕਰਵਾਦੀ ਵਿਦਵਾਨ ਆਨੰਦ ਤੇਲਤੁੰਬੜੇ, ਕਬਾਇਲੀਆਂ ਦੇ ਅਧਿਕਾਰਾਂ ਲਈ ਲੜਦੇ ਰਹੇ ਸਟੈਨ ਸਵਾਮੀ ਜਿਹੀਆਂ ਹਸਤੀਆਂ ਸ਼ਾਮਲ ਹਨ। ਇਥੋਂ ਹੀ ਹਿੰਦੂਤਵੀ ਖੇਡ ਸਮਝੀ ਜਾ ਸਕਦੀ ਹੈ।
ਭਾਰਤੀ ਜਨਤਾ ਪਾਰਟੀ ਦਰਅਸਲ ਬਹੁ-ਗਿਣਤੀਆਂ ਦੀ ਸਰਦਾਰੀ ਦੇ ਨਾਂ ਹੇਠ ਹਾਕਮਾਨਾ ਮਾਹੌਲ ਚਾਹੁੰਦੀ ਹੈ। ਬਹੁਮਤ ਹਾਸਲ ਕਰਨ ਤੋਂ ਬਾਅਦ ਇਸ ਨੇ ਸਮਾਜ ਅਤੇ ਰੋਸ ਪ੍ਰਗਟਾਵੇ ਨੂੰ ਮੁੜ ਪਰਿਭਾਸ਼ਤ ਕਰਨਾ ਸ਼ੁਰੂ ਕਰ ਦਿੱਤਾ। ਸਮਾਜ ਪ੍ਰਤੀ ਇਸ ਦਾ ਇਹ ਰਵੱਈਆ ਮਾਨਹਾਨੀ ਵਾਲਾ ਹੈ। ਭਾਜਪਾ ਹੁਣ ਸਮਾਜ ਵਿਚ ਪੂਰੀ ਤਰ੍ਹਾਂ ਆਰਐਸਐਸ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੀ ਵਿਚਾਰਧਾਰਾ ਲਾਗੂ ਕਰਨਾ ਚਾਹੁੰਦੀ ਹੈ। ਸਮਾਜ ਅਤੇ ਹਕੂਮਤ ਇੱਕੋ ਇਕਾਈ ਬਣ ਜਾਂਦੇ ਹਨ, ਜਿਥੇ ਵਿਚਾਰ ਜੜ੍ਹ ਹੋ ਜਾਂਦੇ ਹਨ। ਹੁਣ ਜਿਨ੍ਹਾਂ ਨੂੰ ਫੜਿਆ ਗਿਆ ਹੈ, ਉਸ ਦਾ ਵਿਰੋਧ ਸਿਰਫ ਇਸ ਲਈ ਹੋਣ ਲੱਗ ਪਿਆ ਹੈ ਕਿਉਂਕਿ ਉਹ ਹੁਣ ਤੱਕ ਹਾਸ਼ੀਏ ‘ਤੇ ਜਾ ਚੁੱਕੇ ਲੋਕਾਂ ਦੇ ਅਧਿਕਾਰਾਂ ਅਤੇ ਭਲਾਈ ਲਈ ਹੀ ਲੜਦੇ ਰਹੇ ਹਨ।
ਦੂਜੇ, ਹੁਣ ਸਭ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਸਮਾਜ ਨੂੰ ਨਾ ਸਿਰਫ ਗੁੰਗਾ ਅਤੇ ਕਮਜ਼ੋਰ ਬਣਾਇਆ ਜਾ ਰਿਹਾ ਹੈ, ਸਗੋਂ ਹਾਸ਼ੀਏ ‘ਤੇ ਜਾ ਚੁੱਕੇ ਲੋਕਾਂ, ਘੱਟ-ਗਿਣਤੀਆਂ, ਨਵੀਂ ਤੇ ਹਟਵੀਂ ਸੋਚ ਵਾਲਿਆਂ, ਵਿਚਾਰਧਾਰਕ ਮੱਤਭੇਦ ਰੱਖਣ ਵਾਲਿਆਂ ਅਤੇ ਮੁਤਬਾਦਲਾਂ ਨੂੰ ਬਰਬਾਦ ਕਰ ਕੇ ‘ਅਨੇਕਤਾ ਵਿਚ ਏਕਤਾ’ ਨੂੰ ਖਤਮ ਕੀਤਾ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਵਿਚਾਰਧਾਰਕ ਮੱਤਭੇਦ ਨੂੰ ਹੁਣ ਭਾਜਪਾ ਬਰਦਾਸ਼ਤ ਨਹੀਂ ਕਰ ਰਹੀ, ਉਹ ਜਾਂ ਤਾਂ ਉਸ ਨੂੰ ਖਤਮ ਕਰ ਰਹੀ ਹੈ, ਤੇ ਜਾਂ ਉਸ ਨੂੰ ਬਿਨਾ ਮਤਲਬ ਬਦਨਾਮ ਕਰ ਰਹੀ ਹੈ। ਸੁਰੱਖਿਆ ਤੇ ਰਾਸ਼ਟਰ ਦੀਆਂ ਗੱਲਾਂ ਸਿਰਫ ਦਿਖਾਵੇ ਲਈ ਹਨ। ਵਿਚਾਰਧਾਰਾ ਤੋਂ ਵੀ ਅਗਾਂਹ, ਭਾਜਪਾ ਦੇ ਨਿਸ਼ਾਨੇ ਸਦਾ ਵਿਹਾਰਕ ਰਹੇ ਹਨ। ਹੁਣ ਜਦੋਂ ਆਮ ਚੋਣਾਂ ਸਿਰ ‘ਤੇ ਆ ਗਈਆਂ ਹਨ; ਹਰ ਤਰ੍ਹਾਂ ਦੇ ਕੰਮਕਾਜ, ਖੇਤੀਬਾੜੀ, ਸਿਖਿਆ ਤੇ ਸਮਾਜ ਵਿਚ ਬੇਚੈਨੀ ਦਾ ਪੱਧਰ ਕੁਝ ਵਧ ਗਿਆ ਹੈ ਅਤੇ ਮੱਤਭੇਦਾਂ ਨੂੰ ਇਲਜ਼ਾਮਤਰਾਸ਼ੀ ਨਾਲ ਦਬਾਉਣ ਨਾਲ ਸਿਆਸਤ ਸੁਖਾਲ਼ੀ ਹੋ ਜਾਂਦੀ ਹੈ। ਕਿਸੇ ਨੂੰ ਪ੍ਰੇਸ਼ਾਨ ਕਰਨਾ ਹੁਣ ਸਹੀ ਅਤੇ ਸਰਕਾਰੀ ਬਣ ਗਿਆ ਹੈ।
ਖੁਸ਼ਕਿਸਮਤੀ ਨੂੰ ਭਾਜਪਾ ਜਿਥੇ ਹਾਕਮਾਨਾ ਬਣ ਕੇ ਦਿਖਾਉਣਾ ਚਾਹੁੰਦੀ ਹੈ, ਉਥੇ ਉਹ ਆਪਣੀਆਂ ਅਸਮਰੱਥਾਵਾਂ ਕਾਰਨ ਗ਼ਲਤੀਆਂ ਵੀ ਕਰਦੀ ਹੈ। ਕਿਸੇ ਨੂੰ ਪ੍ਰੇਸ਼ਾਨ ਕਰਨ ਦੀਆਂ ਇਸ ਦੀਆਂ ਰੀਤਾਂ ਕਾਰਨ ਵੀ ਉਸ ਦਾ ਮਜ਼ਾਕ ਉਡ ਰਿਹਾ ਹੈ। ਆਖਰ ਪੁਲਿਸ ਵਲੋਂ ਗੌਤਮ ਨਵਲਖਾ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਸੀ। ਸ਼ੋਮਾ ਸੇਨ ਨੂੰ ਗ੍ਰਿਫਤਾਰ ਕਰਦੇ ਸਮੇਂ ਪੁਲਿਸ ਅਧਿਕਾਰੀ ਉਨ੍ਹਾਂ ‘ਤੇ ਡਿੱਗ ਜਾਂਦੇ ਹਨ ਤੇ ਫਿਰ ਮੁਆਫੀ ਮੰਗਦੇ ਹਨ। ਥੋਕ ਦੇ ਭਾਅ ਅਜਿਹੀਆਂ ਗ੍ਰਿਫਤਾਰੀਆਂ ਵਾਲੇ ਕੇਸ ਅਦਾਲਤਾਂ ਵਿਚ ਕਿਤੇ ਨਹੀਂ ਟਿਕਦੇ। ਦਰਅਸਲ, ਹੁਣ ਸਭ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਭਾਜਪਾ ਨੂੰ ਹਕੀਕਤਾਂ ਦਾ ਕੋਈ ਨਹੀਂ ਇਲਮ। ਅਜਿਹੀ ਪਾਰਟੀ ਹੈ ਜੋ ਸਿਰਫ ਆਪਣੀਆਂ ਚਿੰਤਾਵਾਂ ਦਾ ਹੀ ਇਜ਼ਹਾਰ ਕਰ ਰਹੀ ਹੈ ਤੇ ਗ਼ਲਤੀਆਂ ਵੀ ਕਰ ਰਹੀ ਹੈ। ਇਹ ਪਾਰਟੀ ਜਮਹੂਰੀਅਤ ਅਤੇ ਰਾਸ਼ਟਰ ਲਈ ਖਤਰਾ ਬਣ ਰਹੀ ਹੈ, ਸਗੋਂ ਇਹ ਜਮਹੂਰੀਅਤ ਅਤੇ ਰਾਸ਼ਟਰ, ਦੋਵਾਂ ਨੂੰ ਹੀ ਘਟਾ ਕੇ ਦੇਖ ਰਹੀ ਹੈ। ਹੁਣ ਕਸੂਰਵਾਰ ਨਕਸਲੀ ਜਾਂ ਮਾਓਵਾਦੀ ਨਹੀਂ, ਸਗੋਂ ਸੱਜੇ-ਪੱਖੀ ਹਿੰਦੂ ਹਨ ਜਿਨ੍ਹਾਂ ਦੇ ਵਿਚਾਰਾਂ ਦਾ ਹੁਣ ਖਾਤਮਾ ਹੋ ਚੁੱਕਾ ਹੈ ਤੇ ਇਹ ਐਵੇਂ ਹੰਗਾਮਾ ਖੜ੍ਹਾ ਕਰ ਰਹੇ ਹਨ। ਜਮਹੂਰੀਅਤ ਨੂੰ ਖੋਰਾ ਵਧ ਰਿਹਾ ਹੈ। ਗ੍ਰਿਫਤਾਰੀਆਂ ਸਿਰਫ ਦਹਿਸ਼ਤ ਪੈਦਾ ਕਰਨ ਲਈ ਕੀਤੀਆਂ ਜਾ ਰਹੀਆਂ ਹਨ ਜੋ ਸ਼ਾਇਦ 2019 ਵਿਚ ਵੀ ਨਾ ਰੁਕਣ।