ਵਿਧਾਨ ਸਭਾ ਬਹਿਸ ਵਿਚ ਤ੍ਰਿਪਤ ਬਾਜਵਾ ਦੀ ਝੰਡੀ

ਪ੍ਰੋ. ਹਰਪਾਲ ਸਿੰਘ
ਫੋਨ: 91-94171-32373
ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਵਿਚ ਤਕਰੀਰ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਦਸਤਾਵੇਜ਼ੀ ਮੁਕਾਮ ਅਖਤਿਆਰ ਕਰ ਗਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਬਾਰੇ ਬਿਠਾਏ ਗਏੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਤੇ ਬਹਿਸ ਵਿਚ ਅਨੇਕਾਂ ਵਿਧਾਇਕਾਂ ਨੇ ਹਿੱਸਾ ਲਿਆ ਪਰ ਸ਼ ਤ੍ਰਿਪਤ ਬਾਜਵਾ ਦੀ ਤਕਰੀਰ ਐਸੀ ਹਿੱਕ ਚੀਰਵੀਂ ਸੀ ਕਿ ਅਕਾਲੀ ਦਲ ਦੀ ਦਸ ਸਾਲਾ ਬਦਇੰਤਜ਼ਾਮੀ ਦੇ ਹਰ ਪਹਿਲੂ ਨੂੰ ਤਾਰ ਤਾਰ ਕਰ ਗਈ।

ਟੀ. ਵੀ. ਉਤੇ ਨਾਲੋ-ਨਾਲ ਦਿਖਾਈ ਜਾ ਰਹੀ ਬਹਿਸ ਸੁਣ ਕੇ ਪੰਜਾਬ ਦੇ ਲੋਕਾਂ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਕੋਈ ਆਗੂ ਉਨ੍ਹਾਂ ਲਈ ਬੋਲ ਰਿਹਾ ਹੈ, ਕੋਈ ਉਨ੍ਹਾਂ ਦੀ ਸੋਚ ਤੇ ਜੋਸ਼ ਦੀ ਤਰਜਮਾਨੀ ਕਰ ਰਿਹਾ ਹੈ, ਕੋਈ ਸਿੱਖੀ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਉਨ੍ਹਾਂ ਦੀ ਅਕੀਦਤ ਤੇ ਸੰਵੇਦਨਾ ਨੂੰ ਧੁਰ ਅੰਦਰ ਤਕ ਮਹਿਸੂਸ ਕਰ ਰਿਹਾ ਹੈ ਅਤੇ ਕੋਈ ਪੰਜਾਬ ਦੇ ਲੋਕਾਂ ਦਾ ਪੱਖ ਪੂਰ ਰਿਹਾ ਹੈ।
ਆਖਰੀ ਦਿਨ ਦੀ ਇਸ ਇਤਿਹਾਸਕ ਬਹਿਸ ਵਿਚ ਸ਼ ਬਾਜਵਾ ਵਾਹਿਦ ਅਜਿਹਾ ਸ਼ਖਸ ਸੀ ਜਿਸ ਨੇ ਆਪਣਾ ਹੋਮ ਵਰਕ ਲਗਨ ਅਤੇ ਸ਼ਿੱਦਤ ਨਾਲ ਕੀਤਾ ਹੋਇਆ ਸੀ। ਉਸ ਦਾ ਅਚੁਕ ਨਿਸ਼ਾਨਾ ਸਿਰਫ ਬਾਦਲ ਪਰਿਵਾਰ ਤਕ ਸੀਮਤ ਨਹੀਂ ਸੀ, ਸਗੋਂ ਉਸ ਨੇ ਅਕਾਲੀ ਸਰਕਾਰ ਦੀ ਪਿਛਲੇ ਸਾਲਾਂ ਦੀ ਕਾਰਗੁਜ਼ਾਰੀ ਤੋਂ ਇਲਾਵਾ ਮਨੋਰਥਾਂ, ਟੀਚਿਆਂ ਅਤੇ ਸਰੋਕਾਰਾਂ ਤੋਂ ਭਟਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੀ ਕਾਟਵੀਂ ਬੋਲ-ਬਰਖਾ ਨਾਲ ਲਤਾੜ ਕੇ ਰੱਖ ਦਿੱਤਾ।
ਉਂਜ, ਜੋ ਗੱਲ ਲੋਕਾਂ ਦੇ ਧਿਆਨ ਵਿਚ ਬਹੁਤਾ ਨਹੀਂ ਆਈ ਹੋਣੀ, ਉਹ ਸੀ ਸ਼ ਬਾਜਵਾ ਵਲੋਂ ਇਸ ਪਲੈਟਫਾਰਮ ਨੂੰ ਪੰਜਾਬ ਕੈਬਨਿਟ ਵਿਚ ਆਪਣੀ ਸਿਆਸੀ ਪੁਜ਼ੀਸ਼ਨ ਦੀ ਪ੍ਰਮੁੱਖਤਾ ਨੂੰ ਕਾਇਮ ਕਰਨ ਲਈ ਵਰਤਣਾ। ਅਸੀਂ ਦੇਖਦੇ ਹਾਂ ਕਿ ਉਸ ਨੂੰ ਕਾਫੀ ਅਰਸੇ ਤੋਂ ਨਵਜੋਤ ਸਿੰਘ ਸਿੱਧੂ ਦੀ ਖੜਾਕਦਾਰ ਕਾਰਗੁਜ਼ਾਰੀ ਅਤੇ ਦਲੇਰਾਨਾ ਸ਼ਾਬਦਿਕ ਵਾਰ ਬਹੁਤ ਬੁਰੀ ਤਰ੍ਹਾਂ ਰੜਕ ਰਹੇ ਸਨ, ਕਿਉਂਕਿ ਇਸ ਤਰੀਕੇ ਨਾਲ ਸਿੱਧੂ ਨੇ ਸਿਆਸੀ ਗਲਿਆਰਿਆਂ ਅਤੇ ਲੋਕਾਂ ਦੀਆਂ ਨਜ਼ਰਾਂ ਵਿਚ ਵਿਸ਼ੇਸ਼ ਪਹਿਲ ਹਾਸਲ ਕਰ ਲਈ ਸੀ। ਸਿੱਧੂ ਦੇ ਇਸ ਟੂਣੇ ਤੋਂ ਤ੍ਰਿਪਤ ਬਾਜਵਾ ਲਗਾਤਾਰ ਅੰਦਰੋਂ-ਅੰਦਰੀ ਬੇਚੈਨ ਸੀ ਪਰ ਉਸ ਦਾ ਨਾ ਕੋਈ ਵਸ ਚਲ ਰਿਹਾ ਸੀ ਅਤੇ ਨਾ ਹੀ ਰਾਹ ਲੱਭ ਰਿਹਾ ਸੀ।
ਪਿਛੇ ਜਿਹੇ ਨਾਜਾਇਜ਼ ਕਾਲੋਨੀਆਂ ਵਾਲੇ ਮੁੱਦੇ ਉਤੇ ਤ੍ਰਿਪਤ ਬਾਜਵਾ ਨੇ ਨਵਜੋਤ ਸਿੱਧੂ ਨਾਲ ਕਚਘਰੜ ਤਰੀਕੇ ਨਾਲ ਉਲਝ ਕੇ ਬੇਲੋੜੀ ਬੇਸੁਆਦੀ ਪੈਦਾ ਕਰਨ ਤੋਂ ਇਲਾਵਾ ਨਿਜੀ ਵੱਕਾਰ ਨੂੰ ਵੀ ਠੇਸ ਲਵਾ ਲਈ ਸੀ। ਸਿੱਧੂ ਨਾਲ ਉਲਝਣ ਲਈ ਉਦੋਂ ਨਾ ਉਹ ਚੌਕਸ ਸੀ ਅਤੇ ਨਾ ਹੀ ਟਕਰਾਉਣ ਲਈ ਲੋੜੀਂਦੀ ਤਿਆਰੀ ਨਾਲ ਲੈਸ ਸੀ। ਲੰਘਿਆ ਸੈਸ਼ਨ ਉਸ ਨੂੰ ਹਾਸਲ ਹੋਇਆ ਐਸਾ ਢੋਅ ਸੀ ਜਿਥੇ ਉਸ ਲਈ ਆਪਣਾ ਅਕਸ ਨਿਖਾਰਨ ਲਈ ਹਾਲਾਤ ਆਪਣੇ ਆਪ ਸਾਜ਼ਗਾਰ ਬਣਦੇ ਗਏ।
ਉਸ ਦਿਨ ਨਵਜੋਤ ਸਿੰਘ ਸਿੱਧੂ ਦੀ ਤਕਰੀਰ ਅਲੰਕ੍ਰਿਤ ਭਾਸ਼ਾ ਵਾਲੇ ਉਸ ਦੇ ਰਵਾਇਤੀ ਅੰਦਾਜ਼ ਵਿਚ ਸੀ, ਜਿਸ ਵਿਚ ਨਾਟਕੀ ਅੰਸ਼ ਕੁਝ ਜ਼ਿਆਦਾ ਹੀ ਝਲਕਦਾ ਸੀ। ਨਤੀਜੇ ਵਜੋਂ ਉਮੀਦ ਮੁਤਾਬਕ ਇਹ ਕੋਈ ਵੱਡਾ ਪ੍ਰਭਾਵ ਨਾ ਛੱਡ ਸਕੀ। ਬਲਜਿੰਦਰ ਕੌਰ ਅਤੇ ਚਰਨਜੀਤ ਚੰਨੀ ਨੇ ਜਜ਼ਬਾਤ ਨੂੰ ਟੁੰਬਿਆ ਪਰ ਸਥਾਈ ਪ੍ਰਭਾਵ ਨਾ ਪਾ ਸਕੇ। ਅਖਬਾਰਾਂ ਅਤੇ ਟੈਲੀਵਿਜ਼ਨ ਵਿਚ ਵੱਡੀ ਪਾਰੀ ਖੇਡਣ ਵਾਲੇ ਕੰਵਰ ਸੰਧੂ ਨੇ ਆਪਣੇ ਤਜਰਬੇ ਦੀ ਪਟਾਰੀ ਵਿਚੋਂ ਹੀ ਪੁਰਅਸਰ ਤਕਰੀਰ ਘੜ ਲਈ। ਮਨਪ੍ਰੀਤ ਬਾਦਲ ਨੇ ਉਸ ਸਨਸਨੀਖੇਜ ਘਟਨਾ ਦਾ ਖੁਲਾਸਾ ਕਰਕੇ ਵਾਹ ਵਾਹ ਖੱਟੀ ਜਦੋਂ ਨਿਰੰਕਾਰੀ ਕਾਂਡ ਵੇਲੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਿਰੰਕਾਰੀ ਮੁਖੀ ਨੂੰ ਪੰਜਾਬ ਵਿਚੋਂ ਬਚ ਨਿਕਲਣ ਲਈ ਸੁਰੱਖਿਅਤ ਲਾਂਘਾ ਦਿੱਤਾ ਸੀ। ਸੁਖਪਾਲ ਖਹਿਰਾ ਦੀਆਂ ਵੀ ਇਸ ਸੈਸ਼ਨ ਨੇ ਇਸ ਗੱਲੋਂ ਅੱਖਾਂ ਖੋਲ੍ਹ ਦਿੱਤੀਆਂ ਕਿ ਕਿਸੇ ਮਿੱਲ ਦੇ ਨਿਕਾਸੀ ਪਾਣੀ ਵਿਚੋਂ ਬੋਤਲਾਂ ਭਰ ਕੇ, ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਵਾ ਕੇ ਲੀਡਰੀ ਚਮਕਾਉਣੀ ਹੋਰ ਗੱਲ ਹੈ, ਹੰਢੇ ਵਰਤੇ ਵਿਧਾਨਕਾਰਾਂ ਦੀ ਹਾਜ਼ਰੀ ਵਿਚ ਸਾਰਥਕ ਗੱਲ ਕਰ ਕੇ ਪ੍ਰਸ਼ੰਸਾ ਦਾ ਪਾਤਰ ਬਣਨਾ ਅਲੱਗ ਗੱਲ ਹੈ।
ਅਜਿਹੇ ਹਾਲਾਤ ਵਿਚ ਮੈਦਾਨ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਹੱਥ ਆਇਆ ਅਤੇ ਇਉਂ ਜਾਣੋ ਕਿ ਉਹ ਇਸ ਵਕਤ ਦਾ ਕਚੀਚੀਆਂ ਵੱਟ ਕੇ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਤਜਰਬੇ ਤੋਂ ਇਹ ਸਮਝ ਲਿਆ ਹੋਇਆ ਸੀ ਕਿ ਜੇ ਤਕਰੀਰ ਵਿਚ ਸ਼ਾਇਰੀ ਦੀ ਢੁਕਵੀਂ ਵਰਤੋਂ ਕੀਤੀ ਜਾਏ ਤਾਂ ਉਸ ਦਾ ਅਸਰ ਜ਼ਿਆਦਾ ਵਿਆਪਕ ਅਤੇ ਜ਼ੋਰਦਾਰ ਹੁੰਦਾ ਹੈ। ਪਰਤ-ਦਰ-ਪਰਤ ਖੁੱਲ੍ਹਦੀ ਆਪਣੀ ਤਕਰੀਰ ਦੇ ਹਰ ਪੜਾਅ ਉਤੇ ਉਨ੍ਹਾਂ ਸੁਰਜੀਤ ਪਾਤਰ, ਸਾਹਿਰ ਲੁਧਿਆਣਵੀ, ਮਿਰਜ਼ਾ ਗਾਲਿਬ ਅਤੇ ਇਕ-ਅੱਧ ਹੋਰ ਸ਼ਾਇਰ ਦਾ ਕਲਾਮ ਗੁੰਦਿਆ ਹੋਇਆ ਸੀ। ਇਸ ਤੋਂ ਵਧੇਰੇ ਗੁਰਬਾਣੀ ਵਿਚੋਂ ਹਵਾਲੇ ਉਸ ਦੀ ਤਕਰੀਰ ਦਾ ਵਿਸ਼ੇਸ਼ ਹਾਸਲ ਸੀ।
ਜਾਹਰ ਹੈ ਕਿ ਤਕਰੀਰ ਦੇ ਡਰਾਫਟ ਨੂੰ ਅੰਜਾਮ ਦੇਣ ਵਿਚ ਉਰਦੂ ਅਤੇ ਪੰਜਾਬੀ ਸਾਹਿਤ ਦੀ ਜਾਣਕਾਰੀ ਰੱਖਣ ਵਾਲੇ ਕਿਸੇ ਸਿਆਣੇ ਬੰਦੇ ਨੇ ਉਸ ਦੀ ਖਾਸ ਮਦਦ ਕੀਤੀ ਹੋਵੇਗੀ, ਪਰ ਇਹ ਗੱਲ ਵੀ ਹੈ ਕਿ ਅਜਿਹੀ ਮਦਦ ਦੀ ਸੁਚੱਜੀ ਵਰਤੋਂ ਕੋਈ ਸਿਆਣਾ ਲੀਡਰ ਹੀ ਕਰ ਸਕਦਾ ਹੈ। ਗਿਆਨੀ ਜ਼ੈਲ ਸਿੰਘ ਆਪਣੇ ਨਜ਼ਦੀਕੀ ਮਜ਼ਾਹੀਆ ਲੇਖਕ ਸੂਬਾ ਸਿੰਘ ਦੀਆਂ ਸੇਵਾਵਾਂ ਬਾਖੂਬੀ ਲੈਂਦੇ ਰਹੇ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸੰਘਣੇ ਵਿਖਿਆਨਾਂ ਵਿਚ ਪ੍ਰਿੰਸੀਪਲ ਸਤਿਬੀਰ ਸਿੰਘ ਅਤੇ ਜਸਬੀਰ ਸਿੰਘ ਆਹਲੂਵਾਲੀਆ ਦਾ ਗੁਣਕਾਰੀ ਹੱਥ ਰਿਹਾ ਹੈ। ਸ਼ ਬਾਜਵਾ ਦੀ ਤਕਰੀਰ ਨੇ ਇਹ ਗੱਲ ਵੀ ਦ੍ਰਿੜ ਕਰਵਾਈ ਕਿ ਸਰਕਾਰੀ ਇੰਤਜ਼ਾਮੀਆ, ਅਦਾਲਤਾਂ ਤੇ ਬੇਇਨਸਾਫੀ ਅਤੇ ਬਿਮਾਰ ਸਮਾਜਕ ਸੋਚ ਦੀ ਹਕੀਕੀ ਤਰਜ਼ਮਾਨੀ ਕਰਨ ਵਿਚ ਸਾਡੇ ਸਮਿਆਂ ਦਾ ਸ਼ਾਇਰ ਸੁਰਜੀਤ ਪਾਤਰ ਲੋਕ ਆਵਾਜ਼ ਵਜੋਂ ਸਥਾਪਤ ਹੋ ਚੁਕਾ ਹੈ।
ਸ਼ ਬਾਜਵਾ ਦੀ ਇਸ ਲਾਜਵਾਬ ਅਤੇ ਪੁਰਅਸਰ ਤਕਰੀਰ ਬਾਰੇ ਮੇਰਾ ਇਤਰਾਜ਼ ਹੈ ਕਿ ਉਨ੍ਹਾਂ ਨੇ ਮਹਾਨ ਸ਼ਾਇਰਾਂ ਦੇ ਕਲਾਮ ਦੇ ਕਈ ਹਿੱਸੇ ਸਹੀ ਤਰੀਕੇ ਨਾਲ ਪੜ੍ਹੇ ਅਤੇ ਉਚਾਰੇ ਨਹੀਂ। ਜਿਨ੍ਹਾਂ ਲੋਕਾਂ ਦੀ ਜ਼ਬਾਨ ‘ਤੇ ਪਾਤਰ ਅਤੇ ਗਾਲਿਬ ਦੀ ਸ਼ਾਇਰੀ ਚੜ੍ਹੀ ਹੋਈ ਹੈ, ਉਨ੍ਹਾਂ ਨੂੰ ਕਲਾਮ ਵਿਚ ਭੰਨ-ਤੋੜ ਰੜਕ ਰਹੀ ਸੀ। ਉਨ੍ਹਾਂ ਨੇ ਹਵਾਲੇ ਪੜ੍ਹਨ ਵਿਚ ਅਣਗਹਿਲੀ ਕੀਤੀ, ਉਨ੍ਹਾਂ ਦੇ ਮੀਡੀਆ ਸਲਾਹਕਾਰ ਨੂੰ ਇਸ ਬਾਰੇ ਸੁਚੇਤ ਰਹਿਣ ਦੀ ਲੋੜ ਹੈ।
ਸ਼ ਬਾਜਵਾ ਹੁਣ ਤਕ ਇਹ ਸਮਝ ਗਏ ਹਨ ਕਿ ਪੰਜਾਬ ਸਰਕਾਰ ਵਿਚ ਉਨ੍ਹਾਂ ਨੂੰ ਸੰਭਾਵੀ ਭਵਿੱਖ ਵਿਚ ਕੋਈ ਵੱਡਾ ਰੋਲ ਨਿਭਾਉਣ ਲਈ ਤਿਆਰ-ਬਰ-ਤਿਆਰ ਰਹਿਣ ਦੀ ਲੋੜ ਹੈ। ਨਵਜੋਤ ਸਿੰਘ ਸਿੱਧੂ ਨੂੰ ਅਗਲੀਆਂ ਸਫਾਂ ਵਿਚ ਖੜ੍ਹਾ ਕਰਕੇ ਮੋਹਰੀ ਰੋਲ ਦਿੱਤੇ ਜਾਣ ਲਈ ਉਹ ਆਪਣੇ ਮਨੋਂ, ਅੰਦਰੋਂ-ਅੰਦਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਸਮਝਦੇ ਹਨ। ਮੁੱਖ ਮੰਤਰੀ ਦਾ ਇਹ ਰਵੱਈਆ ਉਨ੍ਹਾਂ ਨੂੰ ਇਸ ਕਦਰ ਰੜਕਦਾ ਜਾਪਦਾ ਹੈ ਕਿ ਕੈਬਨਿਟ ਦੀ ਮਰਿਆਦਾ ਅਤੇ ਆਪਣੀ ਹੈਸੀਅਤ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਆਪਣੀ ਤਕਰੀਰ ਵਿਚ ਮੁੱਖ ਮੰਤਰੀ ਉਤੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਅਤੇ ਬਾਦਲਾਂ ਵਿਰੁਧ ਫੌਰੀ ਐਕਸ਼ਨ ਲੈਣ ਲਈ ਸਿੱਧਾ ਦਬਾਅ ਪਾਇਆ ਅਤੇ ਨਾਲ ਹੀ ਲਲਕਾਰ ਭਰੀ ਵੰਗਾਰ ਪਾਈ ਕਿ ਜੇ ਸਰਕਾਰ ਨੂੰ ਇਹ ਸਖਤ ਫੈਸਲਾ ਲੈਣ ਵਿਚ ਝਿਜਕ ਹੈ ਤਾਂ ਉਹ ਖੁਦ ਇਸ ਚੁਣੌਤੀ ਭਰੇ ਕੰਮ ਨੂੰ ਅੰਜਾਮ ਦੇਣ ਲਈ ਤਿਆਰ ਹਨ।
ਇਹ ਐਸੀ ਗੱਲ ਸੀ ਜਿਵੇਂ ਮੁਗਲ ਰਾਜ ਵਿਚ ਜੋਖਮ ਭਰੀ ਮੁਹਿੰਮ ਨੂੰ ਸਿਰੇ ਚੜ੍ਹਾਉਣ ਦੀ ਜ਼ਿੰਮੇਵਾਰੀ ਲੈਣ ਦੇ ਇੱਛਕ ਫੌਜੀ ਜਰਨੈਲ ਪਾਨ ਦਾ ਬੀੜਾ ਚੁਕਿਆ ਕਰਦੇ ਸਨ। ਸਪਸ਼ਟ ਹੈ ਕਿ ਪੰਜਾਬ ਦੇ ਆਵਾਮ ਨੂੰ ਸ਼ ਬਾਜਵਾ ਭਵਿਖਮੁਖੀ ਸੁਨੇਹਾ ਦੇ ਰਹੇ ਸਨ, ਉਹ ਕਦੇ ਵੀ ਅਤੇ ਕਿਸੇ ਵੀ ਵਕਤ ਪੰਜਾਬ ਨੂੰ ਪੁਖਤਾ ਅਗਵਾਈ ਦੇਣ ਦੇ ਯੋਗ ਤੇ ਸਮਰੱਥ ਹਨ।
ਸ਼ ਬਾਜਵਾ ਦੀ ਨਿਮਰਤਾ, ਮਿਠ ਬੋਲੜਾਪਣ, ਠਰੰਮਾ ਅਤੇ ਦਿਆਨਤਦਾਰੀ ਲੋਕਾਂ ਵਿਚ ਵਿਸ਼ਵਾਸ ਵਜੋਂ ਜਾਣੀ ਜਾਂਦੀ ਹੈ। ਮੈਂ ਉਨ੍ਹਾਂ ਨੂੰ ਭਰ ਜਵਾਨੀ ਵੇਲੇ ਦੇਖਿਆ ਹੈ, ਜਦੋਂ ਉਹ ਚਾਰ ਦਹਾਕੇ ਪਹਿਲਾਂ ਮੇਰੇ ਵਿਦਿਆਰਥੀ ਦਿਨਾਂ ਵਿਚ ਪੰਜਾਬ ਯੂਨੀਵਰਸਿਟੀ ਦੇ ਕਾਮਰਸ ਵਿਭਾਗ ਵਿਚ ਪ੍ਰੋਫੈਸਰ ਉਪਲ ਕੋਲ ਕਦੇ ਕਦਾਈਂ ਆਉਂਦੇ ਸਨ। ਉਨ੍ਹੀਂ ਦਿਨੀਂ ਉਹ ਸਿਆਸਤ ਦੀ ਗੁੜ੍ਹਤੀ ਲੈ ਰਹੇ ਸਨ। ਉਨ੍ਹਾਂ ਦੀ ਸਿਆਸੀ ਕਾਮਯਾਬੀ ਲਈ ਅਨੇਕਾਂ ਪੰਜਾਬੀਆਂ ਵਾਂਗ ਮੇਰੀਆਂ ਵੀ ਸ਼ੁਭਕਾਮਨਾਵਾਂ ਹਨ ਪਰ ਨਾਲੋ-ਨਾਲ ਮੈਂ ਨਵਜੋਤ ਸਿੰਘ ਸਿੱਧੂ ਦੀ ਨਿਰਮਲਤਾ, ਨਿਰਛਲਤਾ ਅਤੇ ਨਿਰਭੈਤਾ ਲਈ ਉਸ ਦਾ ਵੀ ਖੈਰਖਵਾਹ ਹਾਂ।
ਦਲੀਲ ਅਤੇ ਜਜ਼ਬਾਤ ਨਾਲ ਭਰੀ-ਭੁਕੰਨੀ ਬਹਿਸ ਨਾਲ ਭਰਪੂਰ ਇਹ ਸੈਸ਼ਨ ਇਤਿਹਾਸ ਸਿਰਜ ਗਿਆ ਹੈ। ਆਉਣ ਵਾਲੇ ਸਮੇਂ ਵਿਚ ਇਸ ਨੂੰ ਕਸੱਵਟੀ ਬਣਾ ਕੇ ਵਿਧਾਨ ਸਭਾ ਦੀਆਂ ਬਹਿਸਾਂ ਦਾ ਮਿਆਰ ਤੈਅ ਹੋਇਆ ਕਰੇਗਾ ਪਰ ਕੁਝ ਪਾਰਖੂ ਸੱਜਣ ਅਤੇ ਪੰਜਾਬ ਹਿਤੈਸ਼ੀ ਇਸ ਸੈਸ਼ਨ ਦਾ ਉਦਾਸੀਨ ਪੱਖ ਵੀ ਦੇਖਦੇ ਹਨ ਕਿਉਂਕਿ ਇਸ ਵਿਚ ਮਿਆਰੀ ਵਿਦਿਆ, ਸਿਹਤ ਸੇਵਾਵਾਂ, ਧਰਤੀ ਹੇਠਲੇ ਪਾਣੀ ਅਤੇ ਪ੍ਰਦੂਸ਼ਣ ਵਰਗੇ ਅਤਿ ਜ਼ਰੂਰੀ ਮੁੱਦਿਆਂ ਬਾਰੇ ਬਹਿਸ ਅਤੇ ਵਿਚਾਰ-ਵਟਾਂਦਰੇ ਦਾ ਜਿਵੇਂ ਭੋਗ ਪੈ ਗਿਆ।