ਬੱਦਲ-ਬੰਦਗੀ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਭੁਲੇਖਾ ਪੈਂਦਾ ਹੈ ਕਿ ਵਾਰਤਕ ਹੈ ਜਾਂ ਕਵਿਤਾ। ਡਾ. ਭੰਡਾਲ ਕੁਦਰਤ ਦੀਆਂ ਵੱਖ ਵੱਖ ਨਿਆਮਤਾਂ ਦਾ ਵਿਖਿਆਨ ਕਰ ਚੁਕੇ ਹਨ ਅਤੇ ਗਿਲਾ ਵੀ ਕਰ ਚੁਕੇ ਹਨ ਕਿ ਮਨੁੱਖ ਆਪਣੀ ਸਵਾਰਥੀ ਸੋਚ ਕਰ ਕੇ ਕੁਦਰਤ ਦੇ ਰੰਗਾਂ ਨਾਲ ਕਿੰਨਾ ਖਿਲਵਾੜ ਕਰ ਰਿਹਾ ਹੈ?

ਪਿਛਲੇ ਲੇਖ ਵਿਚ ਉਨ੍ਹਾਂ ਨਿੱਘ ਦੀ ਗੱਲ ਕਰਦਿਆਂ ਜਿੱਥੇ ਕੁਦਰਤ ਦੇ ਨਿੱਘ ਦੀ ਗੱਲ ਕੀਤੀ, ਉਥੇ ਮਾਨਵੀ ਨਿੱਘ ਦਾ ਖੁਲਾਸਾ ਵੀ ਕੀਤਾ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਬੱਦਲਾਂ ਦੀਆਂ ਖਾਸੀਅਤਾਂ ਅਤੇ ਉਨ੍ਹਾਂ ਦੇ ਰੰਗਾਂ ਦਾ ਵਿਖਿਆਨ ਕੀਤਾ ਹੈ। ਉਹ ਕਹਿੰਦੇ ਹਨ, “ਬੱਦਲ-ਉਡਾਣ, ਮਨੁੱਖੀ ਸੋਚ ਲਈ ਪੈਗਾਮ ਕਿ ਜੇ ਉਡਣਾ ਏ ਤਾਂ ਧਰਤੀ ਤੋਂ ਉਪਰ ਉਠਣਾ ਪੈਣਾ, ਹਵਾ ਨੂੰ ਜਲਵਾਹਕ ਬਣਾਉਣਾ ਪੈਣਾ, ਦਬਾਅ ਦੀ ਤਬਦੀਲੀ ਸੰਗ ਰਾਹੇ ਪੈਣਾ ਅਤੇ ਪਰਵਾਜ਼ ਦੇ ਨਾਮ ਨਵੇਂ ਦਿਸੱਹਦਿਆਂ ਦਾ ਸਿਰਨਾਵਾਂ ਖੁਣਵਾਉਣਾ ਪੈਣਾ।” ਉਹ ਕੁਦਰਤ ਦਾ ਸੱਚ ਬਿਆਨਦਿਆਂ ਕਹਿੰਦੇ ਹਨ, “ਬੱਦਲ ਹਨ ਤਾਂ ਬਾਰਸ਼ ਹੈ। ਬਾਰਸ਼ ਹੈ ਤਾਂ ਜਿੰਦਗੀ ਹੈ, ਜੀਵ-ਜੰਤੂ ਹਨ, ਬਨਸਪਤੀ ਹੈ, ਮੌਲਦੀ ਕੁਦਰਤ ਹੈ ਅਤੇ ਮੌਲਣ ਰੁੱਤ ਵਿਚ ਸਰਬ-ਸੁਖਨ ਤੇ ਸਰਬ-ਚਿਰੰਜੀਵਤਾ, ਹਰ ਪ੍ਰਾਣੀ ਦਾ ਮਸਤਕ-ਭਾਗ ਬਣਦੀ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਬੱਦਲ, ਬਦਲਦੇ ਮੌਸਮਾਂ ਦਾ ਮਿਜ਼ਾਜ਼, ਤਾਪਮਾਨੀ ਤਬਦੀਲੀ ਦਾ ਆਧਾਰ ਅਤੇ ਪੈਦਾ ਹੋ ਰਹੇ ਦਬਾਅ ਦੀਆਂ ਤਬਦੀਲੀਆਂ ਕਾਰਨ ਸਿਰਜਿਆ ਵਹਾਅ।
ਬੱਦਲ, ਵਾਸ਼ਪ ਕਣਾਂ ਦੀ ਪਨਾਹ, ਜਲ ਨੂੰ ਪਿਆਸ ਧਰਾਤਲ ਤੀਕ ਪਹੁੰਚਾਉਣ ਦਾ ਸਬੱਬ, ਮਾਰੂਥਲਾਂ ਦੀ ਬੀਹੀ ਵਿਚ ਜਲ-ਤਰੌਂਕਣੀ ਅਤੇ ਰੱਕੜਾਂ ਨੂੰ ਨਿਆਈਆਂ ਬਣਾਉਣ ਦੀ ਕਰਾਮਾਤੀ ਕ੍ਰਿਆ।
ਬੱਦਲ, ਪਾਣੀ ਦਾ ਨਿਵਾਣ ਤੋਂ ਉਚੇ ਅੰਬਰਾਂ ਨੂੰ ਛੋਹਣ ਦੀ ਅਦਾ, ਪਿਆਸਿਆਂ ਦੀ ਪਿਆਸ ਬੁਝਾਉਣ ਦੀ ਸਫਾਅ ਅਤੇ ਨਿਰਜਿੰਦ ਰੂਹਾਂ ਵਿਚ ਜੀਵਨ ਧੜਕਾਉਣ ਦੀ ਸਦਾਅ।
ਬੱਦਲ, ਅੰਬਰ ਜੂਹ ਵਿਚ ਪਾਣੀ ਦਾ ਪੀਹੜਾ, ਜਲ-ਉਡਾਣ ਦਾ ਸੁੱਚਾ ਹਰਫ ਅਤੇ ਜੀਵਨੀ ਬਰਕਤਾਂ ਦਾ ਨਿਉਂਦਾ।
ਬੱਦਲ, ਸੋਚ-ਉਡਾਣ ਜੋ ਮਨੁੱਖੀ ਚਿੰਤਨ ਵਿਚ ਖੁਦ ਨੂੰ ਉਪਰ ਉਠਾਉਣ, ਅੰਬਰ-ਜੂਹ ਵਿਚ ਘਰ ਪਾਉਣ, ਖਲਾਅ ਵਿਚ ਹੋਂਦ ਦਾ ਪਰਚਮ ਲਹਿਰਾਉਣ, ਹਵਾ ਦੀਆਂ ਪਰਤਾਂ ਨੂੰ ਲਹਿਰਾਉਣ ਅਤੇ ਮਟਕਾਉਣ ਦਾ ਵੱਲ।
ਬੱਦਲ, ਖਲਾਅ ਦੇ ਖਾਲੀਪਣ ਨੂੰ ਭਰਨ ਦਾ ਸੁੱਚਾ ਕਰਮ ਅਤੇ ਇਸ ਦੀ ਕਰਮਯੋਗਤਾ ਵਿਚ ਹੀ ਲਿਖਿਆ ਹੁੰਦਾ, ਸਾਹ-ਸਦੀਵਤਾ ਦਾ ਧਰਮ।
ਬੱਦਲ-ਜੂਹੇ ਵਿਰਲਿਆਂ ਦਾ ਘਰ, ਉਨ੍ਹਾਂ ਦੇ ਹਰ ਕਰਮ ਵਿਚ ਕੁਝ ਨਰੋਇਆ ਕਰਨ ਦਾ ਵਰ ਅਤੇ ਉਤਪੰਨ ਹੁੰਦੇ ਜੀਵਨ-ਤੱਤ ਨੂੰ ਉਸਾਰਨ, ਵਿਸਥਾਰਨ ਅਤੇ ਉਭਾਰਨ ਦਾ ਨਿਰ-ਸੁਆਰਥ ਕਾਰਜ।
ਬੱਦਲ, ਪਾਣੀ ਦਾ ਗਰਮੀ ਨੂੰ ਆਪਣੇ ‘ਚ ਸਮਾਉਣ ਦਾ ਧਰਮ, ਵਾਸ਼ਪ ਬਣ ਸੰਜੀਲਾ ਰੂਪ ਵਟਾਉਣ ਦਾ ਕਰਮ ਅਤੇ ਪਾਣੀ ਭਿੱਜੀ ਹਵਾ ਨੂੰ ਬੱਦਲਾਂ ਦਾ ਨਾਮ ਦੇ, ਹਵਾ ਦੇ ਪਿੰਡੇ ‘ਤੇ ਸੁੱਚਮ ਉਕਰਨ ਦਾ ਕਰਮ।
ਬੱਦਲ ਬਣਨਾ ਹੀ ਸਭ ਤੋਂ ਔਖਾ ਕਿਉਂਕਿ ਬੱਦਲ ਬਣਨ ਲਈ ਤੁਹਾਡੀ ਪਾਕੀਜ਼ਗੀ ਬਣਦੀ ਪਛਾਣ। ਗੰਦਲਾਪਣ, ਕੂੜ-ਕੁਸੱਤ ਅਤੇ ਕੁਹਜੇਪਣ ਨੂੰ ਤਿਆਗ ਕੇ, ਪਾਣੀ ਵਾਸ਼ਪ ਦਾ ਰੂਪ ਵਟਾਉਂਦਾ, ਬੱਦਲ ਦੀ ਜੂਨੇ ਪਾਉਂਦਾ, ਤਾਰਿਆਂ ਸੰਗ ਗੁਫਤਗੂ ਨਾਲ ਸੋਚ-ਧਰਾਤਲ ਨੂੰ ਤਾਰਿਆਂ ਦੇ ਹਾਣ ਦਾ ਬਣਾਉਣਾ ਅਤੇ ਆਪਣੀ ਕਰਮਸ਼ੀਲਤਾ ਵਿਚ ਚਾਨਣ ਦਾ ਜਾਗ ਲਾਉਂਦਾ।
ਬੱਦਲ-ਉਡਾਣ, ਮਨੁੱਖੀ ਸੋਚ ਲਈ ਪੈਗਾਮ ਕਿ ਜੇ ਉਡਣਾ ਏ ਤਾਂ ਧਰਤੀ ਤੋਂ ਉਪਰ ਉਠਣਾ ਪੈਣਾ, ਹਵਾ ਨੂੰ ਜਲਵਾਹਕ ਬਣਾਉਣਾ ਪੈਣਾ, ਦਬਾਅ ਦੀ ਤਬਦੀਲੀ ਸੰਗ ਰਾਹੇ ਪੈਣਾ ਅਤੇ ਪਰਵਾਜ਼ ਦੇ ਨਾਮ ਨਵੇਂ ਦਿਸੱਹਦਿਆਂ ਦਾ ਸਿਰਨਾਵਾਂ ਖੁਣਵਾਉਣਾ ਪੈਣਾ।
ਬੱਦਲ, ਬੱਦਲਾਂ ਨਾਲ ਟਕਰਾਉਂਦੇ ਤਾਂ ਗੜਗੜਾਹਟ ਪੈਦਾ ਹੁੰਦੀ, ਅਸਮਾਨੀ ਬਿਜਲੀ ਲਿਸ਼ਕਦੀ ਜੋ ਹਨੇਰ-ਰਾਹਾਂ ‘ਚ ਚਾਨਣ ਤਰੌਂਕਦੀ। ਪਰ ਕਈ ਵਾਰ ਹਨੇਰ ਨਗਰੀ ਨੂੰ ਆਪਣੀ ਲਪੇਟ ਵਿਚ ਲੈ, ਅਧਰਮ ਦਾ ਨਾਸ਼ ਕਰਨ ਲੱਗਿਆਂ ਪਲ ਵੀ ਨਾ ਲਾਉਂਦੀ।
ਬੱਦਲਾਂ ਦੀ ਗੜਗੜਾਹਟ ‘ਚ ਛੁਪੀ ਹੁੰਦੀ ਏ ਇਕ ਵੰਗਾਰ, ਉਦਮ-ਭਰੀ ਲਲਕਾਰ ਅਤੇ ਮਾਰੂਥਲ ਨੂੰ ਭਿਉਣ ਵਾਲਾ ਸ਼ਾਹ-ਸਵਾਰ।
ਬੱਦਲ, ਮੋਹਲੇਧਾਰ ਬਾਰਸ਼ ਬਣਦੇ ਤਾਂ ਪਿਆਸੀ ਧਰਤੀ ਜਲ ਨਾਲ ਲਬਰੇਜ਼ ਹੁੰਦੀ, ਬਿਰਖ-ਟੀਸੀਆਂ ਨੂੰ ਤਰ ਕਰਦੀ, ਉਚੇ ਟਿਬਿਆਂ ਨੂੰ ਨਮੀ ਵਰਦੀ ਅਤੇ ਬਰੇਤਿਆਂ ਨੂੰ ਨਦੀਆਂ ਅਤੇ ਨਾਲਿਆਂ ਦਾ ਨਾਮਕਰਨ ਦਿੰਦੀ।
ਬੱਦਲ ਹਨ ਤਾਂ ਬਾਰਸ਼ ਹੈ। ਬਾਰਸ਼ ਹੈ ਤਾਂ ਜਿੰਦਗੀ ਹੈ, ਜੀਵ-ਜੰਤੂ ਹਨ, ਬਨਸਪਤੀ ਹੈ, ਮੌਲਦੀ ਕੁਦਰਤ ਹੈ ਅਤੇ ਮੌਲਣ ਰੁੱਤ ਵਿਚ ਸਰਬ-ਸੁਖਨ ਤੇ ਸਰਬ-ਚਿਰੰਜੀਵਤਾ, ਹਰ ਪ੍ਰਾਣੀ ਦਾ ਮਸਤਕ-ਭਾਗ ਬਣਦੀ।
ਬੱਦਲ ਹੈ ਤਾਂ ਕਾਲੀਆਂ ਘਟਾਵਾਂ ਦਾ ਦ੍ਰਿਸ਼ ਮਨ ਨੂੰ ਮੋਂਹਦਾ, ਮੋਰ ਪੈਲ ਪਾਉਂਦਾ। ਮਨ-ਮੋਰ ਰੁਮਕਦਾ ਅਤੇ ਇਸ ਰੁਮਕਣੀ ਵਿਚ ਚਾਅ ਅਤੇ ਹੁਲਾਸ ਦਾ ਅਜਿਹਾ ਸਰੂਰ ਕਿ ਕੁਦਰਤ ਵੀ ਨਾਦ-ਨਾਚ ‘ਚ ਸ਼ਰੀਕ ਹੋ, ਖੁਸ਼ੀਆਂ ਦਾ ਸ਼ਗਨ ਹਰ ਝੋਲੀ ਪਾਉਂਦੀ।
ਬੱਦਲ-ਬਰਕਤਾਂ ਲਈ ਪੁਰੇ ਦੀ ਪੌਣ ਬੱਦਲਾਂ ਨੂੰ ਕੰਧਾੜੇ ‘ਤੇ ਚੁੱਕ, ਧਰਤ ਦੀਆਂ ਉਨ੍ਹਾਂ ਜੂਹਾਂ ਦੀ ਪਰਿਕਰਮਾ ਕਰਵਾਉਂਦੀ ਜੋ ਪਾਣੀ ਲਈ ਬੇਚੈਨ ਨੇ। ਬਾਰਸ਼ ਇਕ ਜੀਵਨ-ਦਾਨ ਜੋ ਪਰਿੰਦਿਆਂ ਲਈ ਚੋਗ ਅਤੇ ਭੁੱਖਿਆਂ ਲਈ ਦੋ ਟੁੱਕ ਦਾ ਆਹਾਰ।
ਬੱਦਲ ਕਾਰਨ ਹੀ ਸਾਵਣ ਦੀ ਰੁੱਤ ਮਨ-ਬੀਹੀ ਵਿਚ ਦਸਤਕ ਦਿੰਦੀ। ਜਵਾਨ ਦਿਲ ਅੰਗੜਾਈਆਂ ਭਰਦੇ, ਉਮੰਗਾਂ ਨੂੰ ਜਰਬ ਮਿਲਦੀ, ਤੀਆਂ ਦੇ ਮੇਲੇ ਲੱਗਦੇ, ਅੰਬਰ ਨੂੰ ਹੱਥ ਲਾਉਣ ਲਈ ਨੱਢੀਆਂ ਲੈਂਦੀਆਂ ਪੀਂਘ-ਸਹਾਰਾ। ਪੀਂਘ-ਝੂਟਾ ਬਣਦਾ ਸੁਪਨਿਆਂ ਦੀ ਸੰਦਲੀ ਰੁੱਤ ਅਤੇ ਸੰਜੀਲੇ ਪਲਾਂ ਦਾ ਸੰਧਾਰਾ। ਜਵਾਨ-ਮਨ ਨੂੰ ਉਨ੍ਹਾਂ ਕਦਰਾਂ ਕੀਮਤਾਂ ਨਾਲ ਜੋੜਦੀ ਜੋ ਜੀਵਨ ਦਾ ਮੂਲ ਆਧਾਰ ਹੋਣ ਦੇ ਨਾਲ-ਨਾਲ ਵਿਰਾਸਤ ਦੀ ਨਿਸ਼ਾਨਦੇਹੀ ਵੀ ਕਰਦੀਆਂ ਨੇ। ਹੁਣ ਤਾਂ ਤੀਆਂ ਸਿਰਫ ਕਿਤਾਬਾਂ, ਬਜੁਰਗੀ ਬੋਲਾਂ ਜਾਂ ਕੁਝ ਕੁ ਲੋਕਾਂ ਦੇ ਚੇਤੇ ‘ਚ ਸਿਮਟ ਕੇ ਰਹਿ ਗਈਆਂ ਨੇ।
ਬੱਦਲ ਨੇ ਤਾਂ ਸਮੁੰਦਰ ਨੂੰ ਆਪਣੀ ਹੋਂਦ ਦਾ ਅਹਿਸਾਸ ਹੁੰਦਾ। ਬੱਦਲਾਂ ਦੇ ਪੱਲੇ ਸਾਫ ਪਾਣੀ ਬੰਨ ਉਨ੍ਹਾਂ ਨੂੰ ਮੋਹ ਨਾਲ ਤੋਰਦਾ ਅਤੇ ਆਪਣੀ ਧੰਨਭਾਗਤਾ ਨੂੰ ਨਤਮਸਤਕ ਹੁੰਦਾ। ਪਰ ਸਮੁੰਦਰ ਦਾ ਸਿਰ ਨਮੋਸ਼ੀ ਨਾਲ ਝੁਕ ਜਾਂਦਾ ਜਦ ਮਨੁੱਖ ਗੰਦਗੀ ਨੂੰ ਨਦੀਆਂ ਅਤੇ ਦਰਿਆਵਾਂ ਵਿਚ ਘੋਲ ਸਮੁੰਦਰ ਦੀ ਝੋਲੀ ‘ਚ ਪਾਉਂਦਾ। ਕਦੇ ਮਨੁੱਖ ਨੇ ਸਮੁੰਦਰ ਵਰਗੀ ਸੋਚ ਅਪਨਾਈ ਹੁੰਦੀ ਤਾਂ ਮਨੁੱਖੀ ਕਮੀਨਗੀ, ਅਕ੍ਰਿਤਘਣਤਾ ਅਤੇ ਕੁਹਝ ਸਮਾਜ ਦੇ ਨਾਂਵੇਂ ਨਾ ਹੁੰਦਾ।
ਬੱਦਲ, ਜਲ ਦਾ ਇਕ ਥਾਂ ਤੋਂ ਦੂਜੀ ਥਾਂ ਜਾਣਾ, ਪੌਣ ਦੀ ਅਧੀਨਗੀ ਵਿਚ ਜਿਉਣਾ ਅਤੇ ਇਸ ਦੀ ਮਿਹਰਬਾਨੀ ਨਾਲ ਜਲ ਦੇ ਸਫਰ-ਸੰਪੂਰਨਤਾ ਵਿਚੋਂ ਸੰਤੁਸ਼ਟੀ ਦੇ ਮਜੀਠ ਰੰਗ ਨਾਲ ਪਿੰਡਾ ਰੰਗਾਉਣਾ।
ਬੱਦਲ, ਰੰਗ-ਬਿਰੰਗੇ। ਕੁਲ ਕਾਲੇ, ਕੁਝ ਬੱਗੇ, ਕੁਝ ਫਿੱਕੇ, ਕੁਝ ਸਲੇਟੀ, ਕੁਝ ਗੂੜ੍ਹੇ, ਕੁਝ ਪਾਣੀ ਨਾਲ ਭਰੇ ਪਰ ਕੁਝ ਪਾਣੀ ਦਾ ਤਰਸੇਵਾਂ।
ਬੱਦਲ, ਬਦਲੋਟੀਆਂ ਦਾ ਰੂਪ ਹੰਢਾਵੇ ਤਾਂ ਇਕ ਚਸਕ ਆਪਣੀ ਤਲੀ ‘ਤੇ ਖੁਣਵਾਵੇ ਕਿ ਕਿਉਂ ਨਾ ਉਹ ਪਾਣੀ ਦਾ ਰੂਪ ਵਟਾਵੇ।
ਬੱਦਲ ਜਦ ਤਿੱਤਰ-ਖੰਭੀ ਹੁੰਦਾ ਤਾਂ ਅੰਬਰ ‘ਚ ਇਸ ਦੀਆਂ ਵੱਖ ਵੱਖ ਆਕ੍ਰਿਤੀਆਂ ਤੇ ਸ਼ਕਲਾਂ ਦਾ ਰੂਪ ਧਾਰ, ਮਨੁੱਖੀ ਸੋਚ ਨੂੰ ਸੁਪਨਸ਼ੀਲ ਅਤੇ ਭਵਿੱਖਭਾਵੀ ਬਣਾਉਣ ਵਿਚ ਆਪਣਾ ਰੋਲ ਬਾਖੂਬੀ ਨਿਭਾਉਂਦੇ। ਦਰਅਸਲ ਤਿੱਤਰ-ਖੰਭੀ ਬੱਦਲਾਂ ਦਾ ਪਲੇਠਾ ਪੈਗਾਮ। ਆਮਦ ਦੀ ਕਨਸੋਅ ਅਤੇ ਕੁਦਰਤੀ ਪ੍ਰਕ੍ਰਿਆ ਵਿਚੋਂ ਕੁਝ ਨਰੋਇਆ ਉਗਮਣ ਦੀ ਨਿਸ਼ਾਨਦੇਹੀ। ਤਿੱਤਰ-ਖੰਭੀ ਹੀ ਆਖਰ ਬੱਦਲ ਦਾ ਰੂਪ ਵਟਾਵੇ ਅਤੇ ਅੰਬਰ ਦੀ ਬਗਲਗੀਰੀ ‘ਚ ਸਹਿਜ ਨਾਲ ਅਜਿਹਾ ਕਰ ਜਾਵੇ ਕਿ ਉਸ ਦੀ ਦਿਆਲਤਾ ਦਾ ਗਾਇਨ ਸਭ ਜੱਗ ਗਾਵੇ।
ਬੱਦਲ ਧੁੰਦ ਦੇ ਵੀ ਹੁੰਦੇ ਜੋ ਸੂਰਜ ਲਈ ਰੁਕਾਵਟ, ਚਾਨਣ ਲਈ ਓਹਲਾ ਅਤੇ ਯੱਖ ਪਲਾਂ ਦਾ ਨਿਉਂਦਾ ਹੁੰਦੇ। ਪਰ ਸੂਰਜੀ ਦਲੇਰੀ ਤੇ ਸਿਰੜ ਅੱਗੇ ਇਹ ਬੱਦਲਈ-ਧੁੰਦਲਕੇ ਜਲਦੀ ਹੀ ਅਲੋਪ ਹੋ, ਮਨੁੱਖੀ ਸੋਚ-ਧਰਾਤਲ ਵਿਚ ਅਚੇਤ ਸੁਨੇਹਾ ਧਰ ਜਾਂਦੇ ਕਿ ਹਿੰਮਤ ਦੇ ਅਮੋੜ ਵਹਿਣ ਅੱਗੇ ਅਜਿਹੀਆਂ ਦੁਸ਼ਵਾਰੀਆਂ ਤੇ ਦੁੱਖ ਅਸਮਰੱਥ।
ਧੂੰਏਂ ਦੇ ਬੱਦਲ ਨੈਣਾਂ ਵਿਚ ਰੜਕ, ਖਾਰਾਪਣ ਅਤੇ ਨੈਣ-ਦਿਸਹੱਦਿਆਂ ਵਿਚ ਗਹਿਰਾ ਧੁੰਦਲਕਾ ਪੈਦਾ ਕਰ, ਜੀਵਨ-ਰਾਹਾਂ ਨੂੰ ਖੋਰਦੇ। ਪਰ ਸੁਪਨੇ ਦੀ ਸਿਦਕਦਿਲੀ ਸਾਹਵੇਂ ਇਹ ਸਭ ਕੁਝ ਬੌਣਾ।
ਬੱਦਲ ਤਾਂ ਕਈ ਵਾਰ ਦੁੱਖਾਂ ਤੇ ਕਸ਼ਟਾਂ ਦੇ ਵੀ ਹੁੰਦੇ ਜੋ ਜ਼ਿੰਦਗੀ ‘ਤੇ ਮੰਡਰਾਉਂਦੇ, ਪੀੜਤ ਪਲਾਂ ਦਾ ਰਾਗ ਅਲਾਹੁੰਦੇ, ਮਨੁੱਖੀ ਦਲੇਰੀ ਤੇ ਦ੍ਰਿੜਤਾ ਨੂੰ ਪਰਖਦੇ। ਇਨ੍ਹਾਂ ਬੱਦਲਾਂ ਨੂੰ ਛੱਟਣ ਲੱਗਿਆਂ ਵੀ ਦੇਰ ਨਹੀਂ ਲੱਗਦੀ ਕਿਉਂਕਿ ਜਦ ਸੂਰਜ ਚੜ੍ਹਦਾ ਤਾਂ ਮੱਸਿਆ ਰੂਪੀ ਹਨੇਰ ਪਲਾਂ ਵਿਚ ਹੀ ਅਦ੍ਰਿਸ਼ਟ ਹੋ ਜਾਂਦਾ। ਇਕ ਜੁਗਨੂੰ ਹੀ ਕਾਫੀ ਏ ਹਨੇਰ ਨਾਲ ਆਢਾ ਲਾਉਣ ਲਈ।
ਬੱਦਲ, ਵਖਤ-ਬੀਹੀ ਵਿਚ ਬਾਰਸ਼ ਦੇ ਗੇੜੇ। ਤਰਲਤਾ ਨਾਲ ਸਿੰਜਿਆ ਵਿਹੜਾ ਅਤੇ ਇਸ ਵਿਹੜੇ ਵਿਚ ਜੀਵਨ ਦਾ ਅਨਹਦੀ ਗੇੜਾ, ਜਿਸ ਨੇ ਜ਼ਿੰਦਗੀ ਦੀਆਂ ਰੇਖਾਵਾਂ ਨੂੰ ਵਿਉਂਤਣ ਦਾ ਕੀਤਾ ਏ ਜੇਰਾ।
ਬੱਦਲ, ਕਰਮਯੋਗੀ ਜਿਸ ਦੀ ਕਰਮਯੋਗਤਾ ਵਿਚ ਮਨੁੱਖੀ ਬੰਦਿਆਈ ਤੇ ਭਲਿਆਈ ਦਾ ਪ੍ਰਗਟਾ, ਜਿਸ ਦੀ ਅਵਾਰਗੀ ਵਿਚ ਫੱਕਰਾਂ ਜਿਹੀ ਅਲਮਸਤੀ ਜੋ ਸਿਰਫ ਖੈਰਾਂ ਵੰਡਦੇ, ਅਸ਼ੀਰਵਾਦ ਦਿੰਦੇ, ਨਗਰ/ਖੇੜੇ ਨੂੰ ਰੱਸਣ-ਵੱਸਣ ਦੇ ਵਰਦਾਨ ਦੀ ਹਾਕ ਨਾਲ ਹਰ ਬੀਹੀ ਨੂੰ ਤਰੰਗਤ ਕਰਦੇ। ਫਿਜ਼ਾ ਨੂੰ ਸੁਗੰਧਤ ਅਤੇ ਸਦਾ-ਬਹਾਰੀ ਰੂਪ ‘ਚ ਸੰਬੋਧਨ ਕਰਦੇ। ਫਕੀਰਾਂ ਦੀ ਪੈੜਚਾਲ ‘ਚ ਪਗਡੰਡੀਆਂ ਨੂੰ ਪਹਿਆਂ ਅਤੇ ਰਾਹਾਂ ਨੂੰ ਨਵੀਆਂ ਮੰਜ਼ਿਲਾਂ ਬਣਨ ਦਾ ਹਰਫ ਹਾਸਲ ਹੁੰਦਾ।
ਬੱਦਲ, ਇਕ ਬਦਲਾਅ-ਸੂਚਕ। ਇਕ ਨਿਰੰਤਰ ਯਾਤਰਾ ਦਾ ਨਾਮਕਰਨ। ਇਕ ਸੁਚੱਜੀ ਕਰਮ ਦੀ ਅਰਘ-ਅਰਾਧਨਾ ਅਤੇ ਸੁੱਚੀ ਸੋਚ ਦੀ ਸਰਘੀ ਜੋ ਕੁਦਰਤ ਦੀ ਬੀਹੀ ਵਿਚ ਜੀਵਨ-ਧੜਕਣ ਦਾ ਪੈਗਾਮ ਦੇ ਜਾਂਦੀ।
ਬੱਦਲ ਲੋਚਦੇ ਨੇ ਬਿਰਖਾਂ ਨੂੰ ਬਨਸਪਤੀ, ਪਰਿੰਦਿਆਂ ਲਈ ਕੋਇਲ-ਕੂਕ ਅਤੇ ਬੋਟ-ਗੁਟਕਣੀ ਨੂੰ ਮੋਰਾਂ ਦੀ ਪੈਲ ਅਤੇ ਧਰਤ ‘ਤੇ ਵਿਛੀ ਹਰਿਆਵਲ।
ਕਈ ਵਾਰ ਬਿਰਖ-ਵਿਹੂਣੀ ਧਰਤੀ ਬੱਦਲਾਂ ਨੂੰ ਉਡੀਕਦੀ ਆਪਣੀ ਅਉਧ ਵਿਹਾ ਜਾਂਦੀ। ਨਦੀਆਂ, ਨਾਲਿਆਂ ਅਤੇ ਦਰਿਆਵਾਂ ਵਿਚ ਬਰੇਤੇ ਉਗਦੇ ਅਤੇ ਧਰਤੀ ਦੇ ਨੈਣਾਂ ਵਿਚ ਰੱਕੜ ਸਿੰਮਦਾ। ਬੱਦਲ ਅਤੇ ਬਿਰਖਾਂ ਦੀ ਸਾਂਝ ਨੂੰ ਤੋੜ। ਮਨੁੱਖ ਨੇ ਕੀ ਖੱਟਿਆ, ਮਨੁੱਖ ਨੂੰ ਹੁਣ ਤਾਂ ਸੋਚਣਾ ਹੀ ਚਾਹੀਦਾ। ਬਿਰਖ-ਵਿਹੂਣੇ ਹੋ ਕੇ ਕੁਦਰਤ, ਪਰਿੰਦਿਆਂ, ਜਾਨਵਰਾਂ ਅਤੇ ਕੁਦਰਤੀ ਸੰਤੁਲਨ ਤੋਂ ਵਿਰਵੀ ਹੋ ਕੇ ਮਨੁੱਖੀ ਸੰਤਾਪ ਦਾ ਸਬੱਬ ਬਣ ਚੱਲੀ ਏ, ਪਰ ਮਨੁੱਖ ਆਪਣੀ ਅੜੀ ‘ਤੇ ਅਟੱਲ। ਦੇਖਣਾ! ਮਨੁੱਖ ਜਿੱਤਦਾ ਜਾਂ ਕੁਦਰਤ!
ਬੱਦਲ ਨਾਲ ਨੇ ਅੰਬਰ ਵਿਚ ਲਟਕਦੀਆਂ ਬਾਰਸ਼ ਬੂੰਦਾਂ, ਇਨ੍ਹਾਂ ਵਿਚੋਂ ਆਪਣਾ ਰਾਹ ਖੋਜਦੀਆਂ ਨੇ ਤਿਰਛੀਆਂ ਸੂਰਜੀ ਕਿਰਨਾਂ। ਫਿਰ ਇਹ ਲਟਕਦੀਆਂ ਬਾਰਸ਼-ਬੂੰਦਾਂ ਪ੍ਰਿਜ਼ਮ ਬਣ ਕੇ ਅੰਬਰ-ਜੂਹ ਵਿਚ ਸਤਰੰਗੀ ਪੀਂਘ ਦੀ ਆਭਾ ਨਾਲ ਅੰਬਰ ਨੂੰ ਚਾਰ ਚੰਨ ਲਾਉਂਦੀਆਂ, ਕੁਦਰਤੀ ਨਿਖਾਰ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਂਦੀਆਂ, ਇਨ੍ਹਾਂ ਰੰਗਾਂ ਨੂੰ ਮਨੁੱਖੀ ਵਿਹਾਰ ਅਤੇ ਸੋਚ-ਕਿਰਦਾਰ ਵਿਚ ਪ੍ਰਗਟ ਕਰ, ਮਨੁੱਖ ਨੂੰ ਸਤਰੰਗੀ ਪੀਂਘ ਵਰਗਾ ਬਣਨ ਲਈ ਉਕਸਾਉਂਦੀਆਂ। ਮਨੁੱਖ ਨੂੰ ਕੁਝ ਨਰੋਇਆ, ਨਿਵੇਕਲਾ ਤੇ ਨਿਆਰਾ ਕਰਨ ਲਈ ਸੋਚ-ਪੁਲਾਂਘ ਬਣਨ ਦਾ ਦਾਈਆ ਮਨ ਵਿਚ ਟਿਕਾਉਂਦੀਆਂ।
ਬੱਦਲ ਨੇ ਤਾਂ ਬਦਲਦੀਆਂ ਰੁੱਤਾਂ ਦਾ ਕਿਆਸ ਜੀਵਨ ਵਿਚ ਪਨਪਦਾ। ਬਦਲਦੇ ਮੌਸਮ ਅਤੇ ਰੁੱਤਾਂ ਜੀਵਨ ਵਿਚ ਭਰਦੀਆਂ ਨੇ ਰੰਗ। ਇਹ ਰੰਗ ਹੀ ਜੀਵਨ ਦਾ ਸੁੱਚਮ ਜੋ ਜ਼ਿੰਦਗੀ ਨੂੰ ਜਿਉਣ-ਜੋਗਾ ਕਰਦੇ।
ਕਾਲੇ ਬੱਦਲ ਕਿਹੜੇ ਪਿੰਡ ਦੇ, ਤੇ ਕਿਹੜੀ ਜੂਹੋਂ ਆਏ? ਕਿਸ ਬੀਹੀ ਦੀ ਸੰਘਣੀ ਚੁੱਪ ਨੂੰ, ਪਿੰਡੇ ਵਿਚ ਰਮਾਏ। ਇਹ ਬੱਦਲ ਕਿਸ ਘੜੀ ਸੁਲੱਖਣੀ, ਕਿਹੜੀ ਮਾਂ ਦੇ ਜਾਏ? ਰਾਂਗਲੀ ਰੁੱਤ ‘ਚ ਸੰਦਲੀ ਰੰਗ ਦਾ, ‘ਵਾਵੀਂ ਨਗਮਾ ਗਾਏ। ਇਹ ਬੱਦਲ ਕਿਧਰ ਨੂੰ ਚੱਲੇ, ਕਿਹੜੇ ਰਾਹੀਂ ਜਾਣਾ? ਖੇਤੀਂ ਖੁਦਕੁਸ਼ੀਆਂ ਦੀ ਰੁੱਤੇ, ਮੱਲਣ ਆਣ ਟਿਕਾਣਾ। ਇਹ ਬੱਦਲ ਕਿਹੜੇ ਰੰਗ ‘ਚ ਰੰਗੇ, ਆਭਾ ਲਈ ਗਵਾ। ਵਿਚ ਖਲਾਈਂ ਫਿਰਦੇ ਭੌਂਦੇ, ਸਾਹੋਂ ਸੁਕਿਆ ਸਾਹ। ਇਹ ਬੱਦਲ ਕਿਹੜੇ ਦੇਸ਼ੋਂ ਚੱਲੇ, ਕਿੱਧਰ ਨੂੰ ਕਰੀ ਤਿਆਰੀ? ਵਿਚ ਪਰਦੇਸੀਂ ਕੂੰਜ ਇਕੱਲੀ, ਹਾਕਾਂ ਮਾਰ ਕੇ ਹਾਰੀ। ਇਨ੍ਹਾਂ ਬੱਦਲਾਂ ਦੇ ਪਰਾਂ ‘ਤੇ ਉਕਰੇ, ਕੋਈ ਸੁੱਚਾ ਸਿਰਨਾਵਾਂ। ਅੰਤਰ-ਜੂਹੇ ਧਰ ਕੇ ਇਹਨੂੰ, ਚਾਨਣ-ਗਰਭ ਹੰਢਾਵਾਂ। ਇਹ ਬੱਦਲ, ਬੱਦਲਾਂ ਦੇ ਸੰਗ, ਚਾਅ ਦੀ ਚੋਗ ਚੁਗੀਂਦੇ। ਚਾਅ-ਚੰਗੇਰ ‘ਚ ਚਾਅ-ਗੜੁੱਚ ਨੂੰ, ਪੀਂਦੇ, ਥੀਂਦੇ, ਜੀਂਦੇ। ਇਹ ਬੱਦਲ ਜਦ ਮਸਤਕ ਅੰਬਰੀਂ, ਕਾਲੀਆਂ ਬਣਨ ਘਟਾਵਾਂ। ਰਿਮ-ਝਿਮ ਬਰਸੇ ਬਰਕਤ-ਬਾਰਸ਼, ਭਿੱਜਾਂ ਤੇ ਸ਼ੁਕਰ ਮਨਾਵਾਂ। ਇਹ ਬੱਦਲ ਕਦੇ ਤਿੱਤਰ-ਖੰਭੀ, ਪਾਣੀ ਦੇ ਤ੍ਰਿਹਾਏ। ਬਗਲੀ ਪਾ ਖੈਰਾਤ ਮੰਗਣ ਲਈ, ਹਰ ਦਰ ਖੜਕਾਵੇ। ਇਹ ਬੱਦਲ ਕਦੇ ਤਪਦੇ ਪਿੰਡੇ, ਕਣੀਆਂ ਦਾ ਸੰਗੀਤ। ਔੜ-ਤਪਸ਼ ਦੇ ਮਾਰੂਥਲਾਂ ‘ਚ, ਸਰਸਰਾਉਂਦੀ ਸੀਤ। ਇਹ ਬੱਦਲ ਬਦਲੋਟੀਆਂ ਬਣ ਕੇ, ਫੱਕਰ ਜੂਨ ਹੰਢਾਉਂਦੇ। ਤਿੱਖੜ-ਦੁਪਹਿਰੀਂ ਬਚਪਨੇ ਉਪਰ, ਛਤਰੀ ਰੂਪ ਵਟਾਉਂਦੇ। ਇਹ ਬੱਦਲ ਆਪਸ ਵਿਚ ਘੁਲ ਕੇ, ਸ਼ਕਲਾਂ ਕਈ ਬਣਾਉਂਦੇ। ਤਨ ਦਾ ਕੱਜਣ, ਕਲਮ-ਦਵਾਤ ਤੇ, ਭੁੱਖ ਨੂੰ ਟੁੱਕਰ ਪਾਉਂਦੇ। ਇਹ ਬੱਦਲ ਸੂਖਮ ਪਾਣੀ, ਅੰਬਰ-ਜੂਹ ਦੇ ਹਾਣੀ। ਤ੍ਰੇਹ ਦੇ ਹੋਠੀਂ ਬੁੱਕ ਲਗਾਉਂਦਿਆਂ, ਆਪਣੀ ਹੋਂਦ ਮਿਟਾਣੀ। ਇਹ ਬੱਦਲ ਇਕ ਸੁਖਨ-ਸੁਨੇਹਾ, ਸੂਖਮ ਸੋਚ ‘ਚ ਧਰਦੇ। ਧਰਤ ਤੋਂ ਉਪਰ ਉਠਣ ਵਾਲੇ, ਖੁਦ ਹੀ ਖੁਦ ਤੋਂ ਹਰਦੇ। ਇਹ ਬੱਦਲ ਬਣ ਨੇਕ-ਨਿਆਮਤ, ਬਿਰਖ-ਬਹਾਰ ਨਿਉਂਦਾ। ਬਿਨ ਨਮੀ ਸੁੱਕ ਕਾਂਗੜ ਹੋਇਆ, ਰੂਹ-ਰੰਗ ਹੋ ਜੇ ਜਿਉਂਦਾ। ਇਹ ਬੱਦਲ ਬੱਦਲਵਾਈ ਹੋ ਕੇ, ਦਿੰਦੇ ਸੁਗਮ-ਸੁਨੇਹਾ। ਬੰਦ ਦਰੀਂ ਕਿਣਮਿਣ ਦੀ ਦਸਤਕ, ਹੁੰਦੀ ਅਲਖ-ਅਭੇਵਾ। ਇਹ ਬੱਦਲ ਬੰਜਰ ਲਈ ਬਹਿਸ਼ਤ, ਰੱਕੜ ਬਣਨ ਨਿਆਈਆਂ। ਬੰਦਗੀ ਵਾਂਗ ਜਾਪਣ ਬਰਸਾਤਾਂ, ਸੁਚੀ ਕੁੱਖ ਦੀਆਂ ਕਾਈਆਂ।
ਬੱਦਲ ਨੇ ਤਾਂ ਬਰਕਤਾਂ ਨੇ, ਆਲੇ-ਦੁਆਲੇ ‘ਚ ਨਿਆਮਤਾਂ ਹੀ ਨਿਆਮਤਾਂ ਅਤੇ ਇਸ ਨਿਆਮਤ-ਗੀਰੀ ਵਿਚੋਂ ਹੀ ਮਨੁੱਖ ਨੂੰ ਪਰਿਭਾਸ਼ਤ ਅਤੇ ਵਿਕਸਿਤ ਕਰਨਾ ਹੁੰਦਾ।
ਬੱਦਲ ਇਕ ਸੁਪਨ-ਉਡਾਣ ਦਾ ਨਾਮ, ਉਚੀ ਪਰਵਾਜ਼ ਦੀ ਪ੍ਰਦੱਖਣਾ, ਖੁਦ ਨੂੰ ਉਪਰ ਚੁੱਕਣ ਦਾ ਟੀਚਾ। ਇਸ ਲਈ ਅਲਾਮਤਾਂ ਨੂੰ ਖੁਦ ਨਾਲੋਂ ਨਿਖੇੜਨਾ, ਤਪਸ ਦੀ ਭੱਠੀ ਵਿਚ ਰਿੱਝਣ ਅਤੇ ਫਿਰ ਵਾਸ਼ਪ ਹੋ, ਭਾਫ ਬਣ ਬੱਦਲਾਂ ਦਾ ਰੂਪ ਵਟਾਉਣ ਦੀ ਅਦਾ ਅਤੇ ਅੰਦਾਜ਼ ਜੇ ਮਨੁੱਖੀ ਵਰਤਾਰੇ ਦਾ ਹਿੱਸਾ ਬਣ ਜਾਵੇ। ਮਨੁੱਖ ਬੱਦਲ ਦੇ ਅਚੇਤ, ਅਦਭੁੱਤ, ਅਲੋਕਾਰ ਅਤੇ ਅਨੁਭਵੀ ਸੂਖਮ-ਸੰਦੇਸ਼ ਨੂੰ ਅਪਨਾਉਣ ਦੀ ਜੁਰਅਤ ਕਰ ਲਵੇ ਤਾਂ ਜ਼ਿੰਦਗੀ ਦਾ ਮਾਣਮੱਤਾ ਸਰੂਪ ਸਭ ਨੂੰ ਮੁਖਾਤਬ ਹੋਵੇਗਾ।
ਬੱਦਲ, ਬੇਗਾਨਗੀ ਨੂੰ ਦੂਰ ਭਜਾਉਣ ਦੀ ਅੱਲ, ਪੌਣ-ਪਾਣੀ ਵਿਚ ਰਲਾਉਣ ਦਾ ਵੱਲ ਅਤੇ ਇਸ ਦੀ ਭਲਿਆਈ ਵਿਚ ਕਿਸੇ ਦੇ ਕੰਮ ਆਉਣ ਦਾ ਸੁਖੱਲ।
ਕਦੇ ਕਦਾਈਂ ਬੱਦਲ ਬਣ, ਕਿਸੇ ਦੇ ਅੰਬਰ ਵਿਚ ਸਦਭਾਵੀ-ਸਰੋਕਾਰਾਂ ਦਾ ਛਿੜਕਾ ਕਰਨਾ, ਤੁਹਾਡੇ ਅੰਤਰੀਵ ਵਿਚ ਬੈਠਾ ਆਦਮੀ ਆਦਮੀਅਤ ਦਾ ਦੂਤ ਬਣ ਜਾਵੇਗਾ।
ਬੱਦਲ ਕਿੰਨੇ ਵੀ ਕਾਲੇ ਜਾਂ ਸੰਘਣੇ ਹੋਣ, ਆਖਰ ਨੂੰ ਰੌਸ਼ਨੀ ਦੀ ਕਿਰਨ ਨੇ ਆਪਣਾ ਰਾਹ ਬਣਾ, ਜੀਵਨ-ਦਿਸਹੱਦਿਆਂ ਨੂੰ ਰੌਸ਼ਨ ਕਰਨਾ ਹੁੰਦਾ। ਕੋਈ ਰਾਹ ਨਿਰੋਲ ਹਨੇਰਾ ਨਹੀਂ ਹੁੰਦਾ। ਹਨੇਰੇ ਰਾਹਾਂ ਵਿਚੋਂ ਚਾਨਣ ਤਲਾਸ਼ਣ ਵਾਲੇ ਹੀ ਸੂਰਜ-ਸਿਰਨਾਵਾਂ ਹੁੰਦੇ।
ਬੱਦਲਾਂ ਵਰਗੇ ਵੀ ਕੁਝ ਲੋਕ ਹੁੰਦੇ ਜੋ ਤੁਹਾਡੇ ਹਿੱਸੇ ਦੇ ਅੰਬਰ ਨੂੰ ਹਨੇਰ ‘ਚ ਤਬਦੀਲ ਕਰਦੇ। ਪਰ ਜਦ ਉਹ ਤੁਹਾਡੀ ਜ਼ਿੰਦਗੀ ਵਿਚੋਂ ਮਨਫੀ ਹੋ ਜਾਂਦੇ ਜਾਂ ਤੁਸੀਂ ਕਰ ਦਿੰਦੇ ਤਾਂ ਸਰਘੀ ਤੁਹਾਡੇ ਦਰਾਂ ਦੀ ਤ੍ਰੇਲ ਬਣਦੀ।
ਬੱਦਲ ਸਦਾ ਸਫਰ ਵਿਚ ਰਹਿੰਦੇ। ਪਿਆਸਿਆਂ ਦੀ ਪਿਆਸ-ਤਲਾਸ਼ ਮਿਟਾਉਂਦੇ, ਸਫਰ ਹਮੇਸ਼ਾ ਜਾਰੀ ਰੱਖਦੇ। ਸਮੁੰਦਰ ਤੋਂ ਅੰਬਰ, ਅੰਬਰ ਤੋਂ ਧਰਤ ਅਤੇ ਫਿਰ ਸਮੁੰਦਰ ਵੰਨੀ ਵਹੀਰਾਂ ਘੱਤਦੇ।
ਬੱਦਲਾਂ ਜਿਹੇ ਦਿਲਾਂ ਵਾਲੇ ਲੋਕ ਕਿਸੇ ਦੀ ਚੀਸ ਨਾਲ ਜਲਦੀ ਹੀ ਫਿਸ ਜਾਂਦੇ, ਅੱਖ ਭਰਦੇ ਅਤੇ ਬੱਦਲਾਂ ਵਾਂਗ ਨੈਣ-ਨੀਰ ਨਾਲ ਭਿਉਂਦੇ, ਮਨ ਵਿਚਲੇ ਗੁਬਾਰ ਤੋਂ ਰਾਹਤ ਪਾ, ਸੁੱਖ ਦੀ ਨੀਂਦ ਸੋਂਦੇ।
ਬੱਦਲ ਬਣਨ ਦੀ ਲੋਚਾ ਮਨ ਵਿਚ ਪੈਦਾ ਕਰੋ। ਇਸ ਲੋਚਾ ਲਈ ਸਿਰੜ-ਸਾਧਨਾ, ਸਮਰਪਣ ਅਤੇ ਸੰਜ਼ੀਦਗੀ ਨੂੰ ਅੰਤਰੀਵ ਵਿਚ ਵਸਾਉ। ਖੁਦਗਰਜੀ, ਖੌਫ ਅਤੇ ਖਿਲਾਫਤ ਦੀ ਮੈਲ ਲਾਹੋ। ਬੱਦਲ ਬਣ ਕੇ ਅੰਬਰਾਂ ਦੀ ਜੂਹ ਵਿਚ ਘਰ ਪਾਓ। ਹਰ ਤਲੀ ‘ਤੇ ਸੱਚੀਆਂ-ਸੁੱਚੀਆਂ ਸੋਚਾਂ ਅਤੇ ਸੁਪਨਿਆਂ ਦਾ ਸ਼ਗਨ ਪਾਉ ਅਤੇ ਇਨ੍ਹਾਂ ਦੀ ਸੰਪੂਰਨਤਾ ਲਈ ਖੁਦ ਨੂੰ ਦਾਅ ‘ਤੇ ਲਾਓ। ਦਿਆਨਦਾਰੀ ਨਾਲ ਖੁਦ ਵਿਚੋਂ ਖੁਦੀ ਨੂੰ ਮਨਫੀ ਕਰ, ਖੁਦ ਦੇ ਬਹੁਤ ਕਰੀਬ ਹੋ ਜਾਵੋਗੇ ਜਿਸ ਤੋਂ ਤੁਸੀਂ ਅਚੇਤ ਰੂਪ ਵਿਚ ਕੋਹਾਂ ਦੂਰ ਸੀ। ਅਜਿਹੀ ਸੋਚ-ਸਰਗਮ ਦੀ ਆਸ ਤਾਂ ਰੱਖੀ ਜਾ ਸਕਦੀ ਏ।