ਰੱਖੀਂ ਸ਼ਰਮ ਹਿਆ ਤੂੰ ਜੁਮਲਿਆਂ ਦੀ

ਬਲਜੀਤ ਬਾਸੀ
ਸਮਾਜ ਵਿਚ ਕਿਸੇ ਵੀ ਤਰ੍ਹਾਂ ਨਾਲ ਪੈਦਾ ਹੋਏ ਉਨਮਾਦ ਕਾਰਨ ਢੇਰ ਸਾਰੇ ਨਵੇਂ ਸ਼ਬਦ ਹੋਂਦ ਵਿਚ ਆਉਂਦੇ ਹਨ, ਵਿਸਾਰੇ ਜਾ ਚੁਕੇ ਸ਼ਬਦ ਲਿਸ਼ਕਾ-ਪੁਸ਼ਕਾ ਕੇ ਮੁੜ ਵਰਤੋਂ ਵਿਚ ਲਿਆਏ ਜਾਂਦੇ ਹਨ ਜਾਂ ਪੁਰਾਣੇ ਸ਼ਬਦਾਂ ਦੇ ਅਰਥ ਵਿਸਥਾਰੇ ਜਾਂਦੇ ਹਨ। ਸਮਾਜ ਨਾਲ ਜੁੜੇ ਹੋਏ ਰਾਜ ਨੇਤਾ, ਲੇਖਕ ਤੇ ਹੋਰ ਬੁੱਧੀਜੀਵੀ ਬੁੱਧੀ ਅਤੇ ਭਾਵਨਾ ਨਾਲ ਗੜੁੱਚ ਹੁੰਦੇ ਹਨ, ਇਸ ਲਈ ਉਹ ਸਭ ਤੋਂ ਵਧ ਸ਼ਬਦ ਘੜਦੇ ਹਨ।

ਰਾਜਨੀਤੀ ਜੋਸ਼ ਭਰੀ ਲੌਕਿਕ ਸਰਗਰਮੀ ਹੋਣ ਕਾਰਨ ਨਵੇਂ ਸ਼ਬਦਾਂ ਦੀ ਜ਼ਬਰਦਸਤ ਟਕਸਾਲ ਹੈ। ਭਾਰਤੀ ਜਨਮਾਣਸ ਵਿਚ ਪਿਛਲੇ ਚਾਰ ਕੁ ਸਾਲਾਂ ਤੋਂ ਜੁਮਲਾ ਸ਼ਬਦ ਜ਼ੋਰ ਸ਼ੋਰ ਨਾਲ ਵੱਜ ਰਿਹਾ ਹੈ। ਇਸ ਦੌਰ ਵਿਚ ਇਸ ਸ਼ਬਦ ਨੂੰ ਬਹੁਤ ਸਾਰੀ ਹਵਾ ਦਿੱਤੀ ਗਈ। ਮੋਦੀ ਅਤੇ ਉਸ ਦੀ ਪਾਰਟੀ ਨੇ ਜੇ ਇਸ ਸ਼ਬਦ ਨੂੰ ਚੁੱਕਿਆ ਤਾਂ ਖੁਦ ਵੀ ਇਸ ਦੇ ਰੋਹ ਦਾ ਸ਼ਿਕਾਰ ਹੋਏ ਹਨ।
ਮੋਦੀ ਵਲੋਂ ਪਿਛਲੀਆਂ ਚੋਣਾਂ ਵਿਚ ਢੇਰ ਸਾਰੇ ਇਕਰਾਰ ਕੀਤੇ ਗਏ ਸਨ ਮਸਲਨ: ਵਿਦੇਸ਼ੀ ਬੈਂਕਾਂ ਵਿਚੋਂ ਕਾਲਾ ਧਨ ਕਢਵਾ ਕੇ ਹਰ ਪਰਿਵਾਰ ਦੇ ਖਾਤੇ ਵਿਚ ਪੰਦਰਾਂ ਲੱਖ ਰੁਪਏ ਜਮ੍ਹਾਂ ਕੀਤੇ ਜਾਣਗੇ; ਹਰ ਸਾਲ ਦੋ ਕਰੋੜ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ, ਵਿਕਾਸ ਦਾ ਗੁਜਰਾਤ ਮਾਡਲ ਲਾਗੂ ਕੀਤਾ ਜਾਵੇਗਾ ਅਤੇ ‘ਅੱਛੇ ਦਿਨ ਆਨੇ ਵਾਲੇ ਹੈਂ/ਆਏਂਗੇ’ ਆਦਿ। ਜਦ ਇਹ ਇਕਰਾਰ ਪੂਰੇ ਹੁੰਦੇ ਨਾ ਦਿਸੇ ਤਾਂ ਆਪਣੇ ਬਚਾਅ ਖਾਤਰ ਭਾਰਤੀ ਜਨਤਾ ਪਾਰਟੀ (ਬੀ. ਜੇ. ਪੀ.) ਦੇ ਪ੍ਰਧਾਨ ਅਮਿਤ ਸ਼ਾਹ ਨੇ ਇੱਕ ਇੰਟਰਵਿਊ ਵਿਚ ਕਹਿ ਦਿੱਤਾ ਕਿ ਇਹ ਗੱਲਾਂ ਤਾਂ ਸਭ ‘ਚੁਣਾਵੀ ਜੁਮਲਾ’ ਸਨ। ਬੱਸ ਫਿਰ ਕੀ ਸੀ, ਅਪੋਜੀਸ਼ਨ ਨੂੰ ਜੁਮਲਾ ਸ਼ਬਦ ਦੇ ਰੂਪ ਵਿਚ ਇੱਕ ਜ਼ੋਰਦਾਰ ਕਾਟਵਾਂ ਹਥਿਆਰ ਮਿਲ ਗਿਆ। ਉਸ ਦੇ ਇਕਰਾਰਾਂ ਭਰੇ ਹਰ ਨਵੇਂ ਬਿਆਨ ਨੂੰ ਜੁਮਲਾ ਕਿਹਾ ਜਾਣ ਲੱਗਾ, ਜਿਸ ਤੋਂ ‘ਝੂਠੇ ਵਾਅਦੇ’ ਦਾ ਭਾਵ ਲਿਆ ਜਾਣ ਲੱਗਾ। ਇਥੋਂ ਤੱਕ ਕਿ ਨੋਟਬੰਦੀ ਜਿਹੀ ਕਿਸੇ ਵੀ ਧੋਖੇ ਭਰੀ ਗਲਤ ਕਾਰਵਾਈ ਲਈ ਵੀ ਜੁਮਲਾ ਸ਼ਬਦ ਵਰਤਿਆ ਜਾਣ ਲੱਗਾ।
ਹਰ ਪਾਰਟੀ ਚੋਣਾਂ ਦੌਰਾਨ ਕੁਝ ਇਕਰਾਰ ਕਰਦੀ ਹੈ, ਜੋ ਪੂਰੇ ਨਹੀਂ ਹੋ ਸਕਦੇ। ਪਰ ਜੁਮਲਾ ਸ਼ਬਦ ਮੋਦੀ ਦੇ ਗਿੱਟੀਂ ਏਨਾ ਪੈ ਗਿਆ ਕਿ ਉਸ ਨੂੰ ਜੁਮਲੇਬਾਜ਼ ਅਤੇ ਉਸ ਦੀ ਪਾਰਟੀ ਨੂੰ ‘ਭਾਰਤੀ ਜੁਮਲਾ ਪਾਰਟੀ’ ਕਿਹਾ ਜਾਣ ਲੱਗਾ। ਸੀਤਾ ਰਾਮ ਯੈਚੁਰੀ ਨੇ ਬਜਟ ਬਾਰੇ ਕਿਹਾ ਕਿ ਮੋਦੀ ਇਕਨਾਮਿਕਸ ਨਹੀਂ, ਜੁਮਲਾਨਾਮਿਕਸ ਚਲਾ ਰਿਹਾ ਹੈ। ਰਾਹੁਲ ਨੇ ਤਾਂ ਸੰਸਦ ਵਿਚ ਇਥੋਂ ਤੱਕ ਫੁਰਮਾ ਦਿੱਤਾ, “ਅਸੀਂ ‘ਜੁਮਲੇ ਦੀ ਮਾਰ’ ਦੇ ਸ਼ਿਕਾਰ ਹੋ ਰਹੇ ਹਾਂ।” ਅਮਿਤ ਸ਼ਾਹ ਦੀ ਕੁਝ ਕੁਝ ਸਫਾਈ ਵਜੋਂ ਕਿਹਾ ਜਾ ਸਕਦਾ ਹੈ ਕਿ ਉਸ ਨੇ ਪਾਰਟੀ ਪ੍ਰਧਾਨ ਹੁੰਦਿਆਂ ਜੁਮਲਾ ਸ਼ਬਦ ‘ਝੂਠੇ ਵਾਅਦੇ’ ਦੇ ਅਰਥਾਂ ਵਿਚ ਨਹੀਂ ਵਰਤਿਆ ਹੋਵੇਗਾ। ਸ਼ਾਇਦ ਗੁਜਰਾਤੀ ਵਿਚ ਜੁਮਲਾ ਇਕ ਅਲੰਕਾਰਕ ਉਕਤੀ ਜਾਂ ਕਹਿ ਲਵੋ ਮੁਹਾਵਰੇਦਾਰ ਫਿਕਰਾ ਹੁੰਦਾ ਹੋਵੇਗਾ। 1971 ਦੀਆਂ ਚੋਣਾਂ ਵਿਚ ਇੰਦਰਾ ਗਾਂਧੀ ਨੇ ‘ਗਰੀਬੀ ਹਟਾਓ’ ਦਾ ਨਾਹਰਾ ਦਿੱਤਾ ਸੀ, ਉਦੋਂ ਕਿਸੇ ਨੇ ਇਸ ਨੂੰ ਜੁਮਲਾ ਨਹੀਂ ਕਿਹਾ।
ਪਰ ਜੁਮਲਾ ਸ਼ਬਦ ਵਿਚ ਏਨੇ ਝੂਠ ਦੇ ਭਾਵ ਨਹੀਂ ਹਨ ਜਿੰਨੇ ਜ਼ਮਾਨੇ ਦੀ ਹਵਾ ਨੇ ਇਸ ਵਿਚ ਭਰ ਦਿੱਤੇ ਹਨ। ਸ਼ਬਦਾਂ ਦੇ ਅਰਥਾਂ ਦਾ ਨਾਕਾਰਾਤਮਕ ਜਾਂ ਸਾਕਾਰਾਤਮਕ ਵਿਸਥਾਰ ਇਸੇ ਤਰ੍ਹਾਂ ਹੁੰਦਾ ਹੈ। ਜੁਮਲਾ ਮੁਢਲੇ ਤੌਰ ‘ਤੇ ਅਰਬੀ ਸ਼ਬਦ ਹੈ, ਜੋ ਫਾਰਸੀ ਰਾਹੀਂ ਸਾਡੀਆਂ ਭਾਸ਼ਾਵਾਂ ਵਿਚ ਦਾਖਲ ਹੋਇਆ। ਅਰਬੀ ਵਿਚ ਇਸ ਸ਼ਬਦ ਦਾ ਉਚਾਰਣ ਹੈ, ‘ਜੁਮਲਹ’ ਤੇ ਇਸ ਦਾ ਬਹੁਵਚਨ ਹੈ, ਜੁਮਲ। ਇਸ ਦੇ ਅਰਥ ਇਸ ਪ੍ਰਕਾਰ ਹਨ: ਕੁੱਲ, ਜਮਾਂ-ਜੋੜ, ਸਮੁੱਚ; ਜਥਾ, ਟੋਲਾ, ਸਮੂਹ; ਭੀੜ; ਥੋਕ ਵਿਕਰੀ।
ਅਰਬੀ ਭਾਸ਼ਾ ਵਿਚ ਜੁਮਲਾ ਇਕ ਅਜਿਹਾ ਵਿਆਕਰਣਕ ਲਕਬ ਵੀ ਹੈ ਜਿਸ ਦਾ ਅਰਥ ਫਿਕਰਾ, ਵਾਕ, ਵਾਕੰਸ਼, ਉਕਤੀ ਜਿਹਾ ਹੈ। ਇਹ ਲਕਬ ਪੰਜਾਬੀ ਸਮੇਤ ਹਰ ਭਾਸ਼ਾ ਵਿਚ ਕਈ ਤਰ੍ਹਾਂ ਦੇ ਹੁੰਦੇ ਹਨ। ਮਿਸਾਲ ਵਜੋਂ ‘ਜੁਮਲਾ ਇਸਮੀਆ’ ਨਾਂਵਾਚਕ ਵਾਕੰਸ਼ ਹੈ। ਅਸੀਂ ਪੰਜਾਬੀ ਵਿਆਕਰਣ ਅਨੁਸਾਰ ‘ਵਾਕਾਂਸ਼’ ਪਦ ਦੇ ਸਹਾਰੇ ਜੁਮਲਾ ਦੇ ਵਿਆਕਰਣਕ ਸੰਕੇਤ ਵਜੋਂ ਅਰਥ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਵਾਕਾਂਸ਼ ਦਾ ਸ਼ਾਬਦਿਕ ਅਰਥ ਹੈ, ਵਾਕ+ਅੰਸ਼ ਭਾਵ ਵਾਕਾਂਸ਼ ਵਾਕ ਦਾ ਹਿੱਸਾ ਯਾਨਿ ਵਾਕ ਵਿਚਲੇ ਸ਼ਬਦਾਂ ਦਾ ਇੱਕ ਸਾਰਥਕ ਸਮੂਹ। ਮਿਸਾਲ ਵਜੋਂ ‘ਸਾਡੀ ਗਲੀ ਦੇ ਬੱਚੇ ਮਦਾਰੀ ਦਾ ਤਮਾਸ਼ਾ ਦੇਖ ਰਹੇ ਹਨ’ ਵਾਕ ਵਿਚ ‘ਸਾਡੀ ਗਲੀ ਦੇ ਬੱਚੇ’, ‘ਮਦਾਰੀ ਦਾ ਤਮਾਸ਼ਾ’, ‘ਦੇਖ ਰਹੇ ਹਨ’ ਸਾਰਥਕ ਸ਼ਬਦ ਸਮੂਹ ਹਨ ਅਤੇ ਵਾਕ ਦਾ ਹਿੱਸਾ ਹਨ। ਇਸ ਵਾਕ ਵਿਚ ‘ਸਾਡੀ ਗਲੀ ਦੇ ਬੱਚੇ ਮਦਾਰੀ’, ‘ਦਾ ਤਮਾਸ਼ਾ ਦੇਖ ਰਹੇ’ ਸਾਰਥਕ ਸ਼ਬਦ ਸਮੂਹ ਨਹੀਂ ਹਨ ਕਿਉਂਕਿ ਇਨ੍ਹਾਂ ਦਾ ਕੋਈ ਸੁਤੰਤਰ ਅਰਥ ਨਹੀਂ ਬਣਦਾ। ਸੋ ਵਾਕਾਂਸ਼ ਇਕ ਸ਼ਬਦ ਵਰਗੀ ਬਹੁ-ਸ਼ਬਦੀ ਇਕਾਈ ਹੈ, ਜੋ ਵਾਕ ਵਿਚ ਇਕ ਸ਼ਬਦ ਵਾਂਗ ਨਿਪਟਦੀ ਹੈ।
ਵਾਕ ਵਿਚਲਾ ਉਹ ਵਾਕਾਂਸ਼ ਜੋ ਨਾਂਵ/ਪੜਨਾਂਵ ਦੀ ਸ਼ਬਦ ਸ਼੍ਰੇਣੀ ਵਜੋਂ ਵਰਤਿਆ ਜਾ ਸਕੇ, ‘ਨਾਂਵ ਵਾਕਾਂਸ਼’ ਕਹਾਉਂਦਾ ਹੈ। ਮਿਸਾਲ ਵਜੋਂ ‘ਸਾਡੀ ਗਲੀ ਦੇ ਬੱਚੇ ਖੇਡ ਰਹੇ ਹਨ’ ਵਿਚ ‘ਬੱਚੇ’ ਸ਼ਬਦ ਨਾਂਵ ਹੈ ਤੇ ਜੇ ਇਸ ਨੂੰ ‘ਬੱਚੇ ਖੇਡ ਰਹੇ ਹਨ’ ਵਜੋਂ ਪੇਸ਼ ਕੀਤਾ ਜਾਵੇ ਤਾਂ ਸ਼ਬਦ ਬਣਤਰ ਵਿਆਕਰਣਕ ਤੌਰ ‘ਤੇ ਸ਼ੁਧ ਅਤੇ ਸਾਰਥਕ ਹੈ। ਇਸ ਲਈ ‘ਸਾਡੀ ਗਲੀ ਦੇ ਬੱਚੇ’ ਨੂੰ ਨਾਂਵ ਵਾਕਾਂਸ਼ ਕਿਹਾ ਜਾਂਦਾ ਹੈ। ਨਾਂਵ ਵਾਕਾਂਸ਼ ਨੂੰ ਅਰਬੀ/ਫਾਰਸੀ ਵਿਚ ‘ਜੁਮਲਾ ਇਸਮੀਆ’ ਕਿਹਾ ਜਾਂਦਾ ਹੈ। ਇਸਮੀਆ ਸ਼ਬਦ ਇਸਮ ਤੋਂ ਬਣਿਆ ਜਿਸ ਦਾ ਅਰਥ ਨਾਂ ਹੁੰਦਾ ਹੈ। ਪੰਜਾਬੀ ਵਿਚ ‘ਅਸਾਮੀ/ਸਾਮੀ ਵਜੋਂ ਇਹ ਸ਼ਬਦ ਵਰਤਿਆ ਜਾਂਦਾ ਹੈ। ‘ਮੋਟੀ ਸਾਮੀ’ ਦਾ ਅਰਥ ਹੈ, ਵੱਡੇ ਨਾਂ ਵਾਲਾ ਬੰਦਾ। ਨਾਂਵ ਵਾਕਾਂਸ਼ ਦੀ ਤਰ੍ਹਾਂ ਹੋਰ ਭਾਸ਼ਾਵਾਂ ਅਤੇ ਅਰਬੀ ਵਿਚ ਹੋਰ ਜੁਮਲੇ ਵੀ ਵਰਤੇ ਜਾਂਦੇ ਹਨ। ਕੁਝ ਕੁ ਦੇ ਨਾਂ ਗਿਣਾ ਰਹੇ ਹਾਂ ਕਿਉਂਕਿ ਇਨ੍ਹਾਂ ਵਿਚਲੇ ਸ਼ਬਦ ਪੰਜਾਬੀ ਵਿਚ ਵੀ ਵਰਤੇ ਜਾਂਦੇ ਹਨ: ਜੁਮਲਾ ਸ਼ਰਤੀਆ, ਜੁਮਲਾ ਸਿਫਤੀਆ, ਜੁਮਲਾ ਹਾਲੀਆ, ਜੁਮਲਾ ਫੈਲਿਯਾ, ਲਕਬਾਂ ਵਿਚ ਕ੍ਰਮਵਾਰ ਸ਼ਰਤ, ਸਿਫਤ, ਹਾਲ, ਫਿਅਲ (ਕਰਮ, ਕ੍ਰਿਆ, ਜਿਵੇਂ ਬਦਫੈਲੀ ਵਿਚ) ਪੰਜਾਬੀ ਵਿਚ ਆਮ ਜਾਣੇ ਜਾਂਦੇ ਹਨ)। ਉਂਜ ਜੁਮਲਾ ਸ਼ਬਦ ਦਾ ਅਰਥ-ਵਿਸਤਾਰ ਹੋ ਕੇ ਫਿਕਰਾ, ਵਾਕ ਜਿਹਾ ਵੀ ਹੋ ਗਿਆ ਹੈ, ਜਾਂ ਕਹਿ ਲਉ ਵਾਰ ਵਾਰ ਵਰਤਿਆ ਜਾਂਦਾ ਵਾਕ, ਉਕਤੀ। ਅਮਿਤ ਸ਼ਾਹ ਵਲੋਂ ਵਰਤੇ ਗਏ ਜੁਮਲੇ ਦਾ ਭਾਵ ਸ਼ਾਇਦ ਅਜਿਹਾ ਵਾਕ ਜਾਂ ਉਕਤੀ ਸੀ, ਜਿਸ ਵਿਚ ਬੀ. ਜੇ. ਪੀ. ਦੇ ਵੱਡੇ ਇਕਰਾਰਾਂ ਨੂੰ ਸਮੇਟ ਕੇ ਅਜਿਹੇ ਸੰਖੇਪ ਵਾਕਾਂ ਵਿਚ ਵਰਤਿਆ ਗਿਆ ਹੈ ਜੋ ਲੋਕਾਂ ‘ਤੇ ਡੰਕੇ ਦੀ ਚੋਟ ਵਾਂਗ ਵੱਜਣ।
ਭਲਾ ਇਸ ਸ਼ਬਦ ਦੀ ਉਪਰੋਕਤ ਅਰਥਾਂ ਵਿਚ ਵਰਤੋਂ ਕਿਵੇਂ ਵਿਕਸਿਤ ਹੋਈ ਹੋਵੇਗੀ? ਅਸੀਂ ਦੇਖਿਆ ਹੈ ਕਿ ਜੁਮਲਾ ਵਿਚ ਮੁਢਲੇ ਤੌਰ ‘ਤੇ ਸਮੁੱਚ ਜਾਂ ਜਮ੍ਹਾਂ ਜੋੜ ਦੇ ਅਰਥ ਨਿਹਿਤ ਹਨ। ਇਸ ਤੋਂ ਹੀ ਅਜਿਹੇ ਸ਼ਬਦਾਂ ਦੇ ਸਮੂਹ ਦਾ ਭਾਵ ਉਭਰਦਾ ਹੈ ਜੋ ਅਰਥਪੂਰਨ ਹੋਵੇ। ਪਰਿਭਾਸ਼ਾ ਅਨੁਸਾਰ ਫਿਕਰਾ, ਵਾਕ ਜਾਂ ਵਾਕਾਂਸ਼ ਸ਼ਬਦਾਂ ਦਾ ਸਾਰਥਕ ਸਮੂਹ ਹੀ ਹੁੰਦਾ ਹੈ। ਅਰਬੀ ਜੁਮਲਹ ਸ਼ਬਦ ਵਿਚ ਸਾਰੰਸ਼, ਸਾਰ, ਸੰਖੇਪਤਾ ਜਾਂ ਖੁਲਾਸਾ ਦਾ ਵੀ ਭਾਵ ਹੈ। ਸਾਰ ਜਾਂ ਸਾਰਅੰਸ਼ ਅਸਲ ਵਿਚ ਥੋੜ੍ਹੇ ਸ਼ਬਦਾਂ ਵਿਚ ਸਮੁੱਚ ਦਾ ਪ੍ਰਗਟਾਵਾ ਹੁੰਦਾ ਹੈ। ਧਿਆਨ ਦਿਓ ਅੰਗਰੇਜ਼ੀ ਸਮਰੀ (ੁੰਮਮਅਰੇ) ਵਿਚ ਵੀ ੁੰਮ ਸ਼ਬਦ ਬੋਲਦਾ ਹੈ, ਜੋ ਅਸਲ ਵਿਚ ਜਮ੍ਹਾਂ ਜੋੜ ਹੀ ਹੈ।
ਜੁਮਲ ਤੋਂ ਅਰਬੀ ਦਾ ਇੱਕ ਸ਼ਬਦ ਬਣਦਾ ਹੈ, ਇਜਮਾਲ ਜਿਸ ਦਾ ਅਰਥ ਹੈ, ਸਾਰਅੰਸ਼ੀਕਰਣ ਅਰਥਾਤ ਸਾਰਅੰਸ਼ ਕਰਨ ਦੀ ਕ੍ਰਿਆ। ਇਸ ਤੋਂ ਅੱਗੇ ਇਜਮਾਲੀ ਦਾ ਅਰਥ ਹੈ-ਸਮੁੱਚਾ, ਕੁੱਲ, ਵਿਆਪਕ। ਇਸ ਦਾ ਅਰਥ ਕੁੱਲ ਰਕਮ, ਜਮ੍ਹਾਂ ਜੋੜ ਵੀ ਹੈ। ‘ਨਜ਼ਰਹ ਇਜਮਾਲਿਆ’ ਦਾ ਮਤਲਬ ਹੈ, ਸਮੁੱਚੀ ਝਾਤ। ਮੁਜਮਿਲ ਹੁੰਦਾ ਹੈ, ਥੋਕ ਵਪਾਰੀ ਜਾਂ ਦੁਕਾਨਦਾਰ ਅਤੇ ਮੁਜਮਲ ਫਿਰ ਸਾਰ, ਸਾਰਅੰਸ਼, ਸਮੁੱਚਾ ਵੇਰਵਾ ਦਾ ਭਾਵ ਹੈ। ਮੈਂ ਇਹ ਸਾਰੇ ਅਰਬੀ ਸ਼ਬਦ ਇਸ ਕਰਕੇ ਦਿੱਤੇ ਹਨ ਕਿਉਂਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਫਾਰਸੀ-ਅਰਬੀ ਭਰੇ ਪੰਜਾਬੀ ਕਾਵਿ ਵਿਚ ਵਰਤੇ ਮਿਲਦੇ ਹਨ। ਪੰਜਾਬੀ ਸੂਫੀ ਕਾਵਿ ਅਤੇ ਕਿੱਸਿਆਂ ਵਿਚ ਜੁਮਲ ਸ਼ਬਦ ਸਾਰੇ, ਸਮੁੱਚੇ, ਤਮਾਮ ਦੇ ਅਰਥਾਂ ਵਿਚ ਵਰਤਿਆ ਮਿਲਦਾ ਹੈ, ਖਾਸ ਤੌਰ ‘ਤੇ ‘ਜੁਮਲ ਜਹਾਨ’ ਸ਼ਬਦ ਜੁੱਟ ਵਜੋਂ। ਦੇਖੋ ਸੱਸੀ ਹਾਸ਼ਮ ਸ਼ਾਹ:
ਲਾਮ ਲੱਖ ਕਰੋੜ ਕੁਰਬਾਨ ਕੀਤੇ,
ਤੇਰੇ ਇਸ਼ਕ ਅਦਾਇ ਦੀ ਆਣ ‘ਤੇ ਨੀ।
ਤੇਰੀ ਨਾਜ਼ਕੀ ਦੇਖ ਹੈਰਾਨ ਹੋਏ,
ਸਾਰੇ ਸੋਹਣੇ ਜੁਮਲ ਜਹਾਨ ਦੇ ਨੀ।
ਹੇਠ ਲਿਖੇ ਬੰਦ ਵਿਚ ਵਾਰਸ ਸ਼ਾਹ ਨੇ ਜੁਮਲਿਆਂ ਸ਼ਬਦ ‘ਸਾਰਿਆਂ’ ਦੇ ਅਰਥਾਂ ਵਿਚ ਵਰਤਿਆ ਹੈ, ਨਾ ਕਿ ਵਾਕ ਦੇ ਅਰਥਾਂ ਵਿਚ ਜਿਵੇਂ ਕੁਝ ਇੱਕ ਨੇ ਦਰਸਾਇਆ ਹੈ:
ਬਖਸ਼ ਲਿਖਣੇ ਵਾਲਿਆਂ ਜੁਮਲਿਆਂ ਨੂੰ
ਪੜ੍ਹਨ ਵਾਲਿਆਂ ਕਰੀਂ ਅਤਾ ਸਾਈਂ।
ਸੁਣਨ ਵਾਲਿਆਂ ਨੂੰ ਬਖਸ਼ ਖੁਸ਼ੀ ਦੌਲਤ
ਰੱਖੀਂ ਜ਼ੌਕ ਤੇ ਸ਼ੌਕ ਦਾ ਚਾ ਸਾਈਂ।
ਰੱਖੀਂ ਸ਼ਰਮ ਹਿਆ ਤੂੰ ਜੁਮਲਿਆਂ ਦਾ
ਮੀਟੀ ਮੁਠ ਹੀ ਦੇਈਂ ਲੰਘਾ ਸਾਈਂ।
ਵਾਰਿਸ ਸ਼ਾਹ ਤਮਾਮੀਆਂ ਮੋਮਨਾਂ ਨੂੰ
ਦੇਈਂ ਦੀਨ ਈਮਾਨ ਲਕਾ ਸਾਈਂ।
ਆਬਕਾਰੀ ਵਿਭਾਗ ਵਲੋਂ ਸਾਂਝੀ ਮਾਲਕੀ ਵਾਲੀ ਜਮੀਨ ਲਈ ‘ਜੁਮਲਾ ਮੁਸ਼ਤਰਕਾ, ਮਾਲਕਾਨ’ ਲਕਬ ਵਰਤਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਕਈ ਥਾਂਈਂ ਸ਼ਬਦਾਂ ਦੀ ਗਿਣਤੀ ਕਰਕੇ ਉਨ੍ਹਾਂ ਦੇ ਜੋੜ ਵਜੋਂ ਜੁਮਲਾ ਸ਼ਬਦ ਆਇਆ ਹੈ, ਜਿਵੇਂ “ਦਇਆਲ ਪੁਰਖ ਕਿਰਪਾ ਕਰਹੁ ਨਾਨਕ ਦਾਸ ਦਸਾਨੀ॥੮॥੩॥੧੫॥੪੪॥” ਜੁਮਲਾ। ਏਥੇ ਅੰਕ ੮, ਦਸਦਾ ਹੈ ਕਿ ਅੱਠਾਂ ਪਦਿਆਂ ਵਾਲੇ ਸ਼ਬਦ (ਅਸਟਪਦੀ) ਦਾ ਇਹ ਅਖੀਰਲਾ ਪਦਾ ਹੈ। ਅੰਕ ੩ ਦਸਦਾ ਹੈ ਕਿ ਅਸਟਪਦੀਆਂ ਦੇ ਅਖੀਰਲੇ ਸੰਗ੍ਰਿਹ ਵਿਚ ਤਿੰਨ ਅਸਟਪਦੀਆਂ ਹਨ। ਅੰਕ ੧੫ ਦਸਦਾ ਹੈ ਕਿ ਅਖੀਰਲੀਆਂ ਤਿੰਨ ਅਸਟਪਦੀਆਂ ਸਮੇਤ ਮਹਲਾ ਪੰਜਵਾਂ ਦੀਆਂ ਕੁੱਲ ਅਸਟਪਦੀਆਂ ਪੰਦਰਾਂ ਹਨ। ਅੰਕ ੪੪ ਦਸਦਾ ਹੈ, ਗਉੜੀ ਰਾਗ ਦੀਆਂ ਕੁੱਲ ਅਸਟਪਦੀਆਂ ਚੁਤਾਲੀ ਹਨ। ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ: ਅਸਟਪਦੀਆਂ ਮਹਲਾ 1 – 18, ਮਹਲਾ 3 – 9, ਮਹਲਾ 4 -2, ਮਹਲਾ 5 – 15, ਜੁਮਲਾ ਯਾਨਿ ਕੁਲ ਜੋੜ=44. ਬੁਲੇ ਸ਼ਾਹ ਨੇ ਮੁਜਮਲ ਸ਼ਬਦ ਵਰਤਿਆ ਹੈ:
ਪਹਿਲੇ ਮਖਫੀ ਆਪ ਖਜਾਨਾ ਸੀ
ਓਥੇ ਹੈਰਤ ਹੈਰਤਖਾਨਾ ਸੀ,
ਫਿਰ ਵਹਦਤ ਦੇ ਵਿਚ ਆਣਾ ਸੀ
ਕੁਲ ਜੁਜ਼ ਦਾ ਮੁਜਮਲ ਪਰਦਾ ਏ।
ਗੁਰ ਜੋ ਚਾਹੇ ਸੋ ਕਰਦਾ ਏ।