ਮਨ ਹਰਾਮੀ ਹੁੱਜਤਾਂ ਢੇਰ

ਪ੍ਰਿੰਸੀਪਲ ਬ੍ਰਿਜਿੰਦਰ ਸਿੰਘ ਸਿੱਧੂ ਨੇ ‘ਮਨ ਹਰਾਮੀ ਹੁੱਜਤਾਂ ਢੇਰ’ ਨਾਮੀਂ ਲੇਖ ਵਿਚ ਮਨੁੱਖੀ ਫਿਤਰਤ ਦੇ ਕੁਝ ਪੱਖ ਇਸ ਢੰਗ ਨਾਲ ਛੋਹੇ ਹਨ ਕਿ ਗੱਲਾਂ ਵਿਚੋਂ ਨਿਕਲਦੀ ਹਰ ਗੱਲ ਸੁਘੜ ਸੁਨੇਹਾ ਹੋ ਨਿਬੜਦੀ ਹੈ। ਇਸ ਤਰ੍ਹਾਂ ਦੀ ਵਾਰਤਕ ਅੱਜ ਕੱਲ੍ਹ ਘੱਟ ਹੀ ਨਜ਼ਰੀਂ ਪੈਂਦੀ ਹੈ। ਸਾਦਗੀ ਅਤੇ ਸਰਲਤਾ ਦੀ ਚਾਸ਼ਣੀ ਵਿਚ ਲਪੇਟੀ ਇਸ ਵਾਰਤਕ ਦਾ ਅਸਰ ਦੂਣ-ਸਵਾਇਆ ਹੋ ਜਾਂਦਾ ਹੈ। ਸਭ ਤੋਂ ਵੱਡੀ ਗੱਲ, ਇਸ ਅੰਦਰ ਜ਼ਿੰਦਗੀ ਦੀਆਂ ਸੱਚਾਈਆਂ ਖੂਬ ਝਾਤੀਆਂ ਮਾਰਦੀਆਂ ਹਨ।

-ਸੰਪਾਦਕ

ਪ੍ਰਿੰ. ਬ੍ਰਿਜਿੰਦਰ ਸਿੰਘ ਸਿੱਧੂ
ਫੋਨ: 925-683-1982

ਅੱਜ ਦੇ ਯੁੱਗ ਵਿਚ ਨਵੀਂ ਪਨੀਰੀ ਬਹੁਤ ਉਚੇ ਦਿਮਾਗੀ ਪੱਧਰ ਦੀ ਮਾਲਕ ਹੈ ਪਰ ਕਈ ਵਾਰ ਦਾਨਿਸ਼ਵਰੀ ਦੇ ਖੇਤਰ ਵਿਚ ਡਿੱਕੋ-ਡੋਲੇ ਖਾਂਦੀ ਨਜ਼ਰ ਆਉਂਦੀ ਹੈ। ਮਨ ਦੀ ਸ਼ਾਂਤੀ ਬਹੁਤ ਘੱਟ ਹੈ। ਕਿਸੇ ਵੀ ਦੁਨੀਆਂਦਾਰੀ ਦੇ ਨੁਕਤੇ ‘ਤੇ ਗੱਲ ਕਰੀਏ ਤਾਂ ਬਹਿਸ ਵਿਚ ਸਿਆਣਿਆਂ ਨੂੰ ਵੀ ਪਿੱਛੇ ਛੱਡ ਜਾਂਦੀ ਹੈ। ਬਹੁਤ ਵਾਰ ਬਹਿਸ ਕੁਝ ਜਿੱਤਣ ਵਾਲੀ ਵਸਤੂ ਨਹੀਂ ਹੁੰਦੀ ਅਤੇ ਮਨ ਹਰਾਮੀ ਹੁੱਜਤਾਂ ਢੇਰ ਦੀ ਜਿਉਂਦੀ ਜਾਗਦੀ ਮਿਸਾਲ ਜ਼ਰੂਰ ਬਣ ਜਾਂਦੀ ਹੈ।
ਜੀਵਨ ਦੇ ਹਰ ਪਹਿਲੂ ਵਿਚ ਆਦਮੀ ਦੀ ਇਸ ਫਿਤਰਤ ਦੇ ਪਸਾਰੇ ਉਤੇ ਪੰਛੀ ਝਾਤ ਮਾਰਨਾ ਇਸ ਨਿਮਾਣੇ ਜਿਹੇ ਲੇਖ ਦਾ ਮਨੋਰਥ ਹੈ। ਸਕੂਲ ‘ਚ ਪੜ੍ਹਦਿਆਂ ਮੇਰੇ ਕੁਝ ਸਾਥੀਆਂ ਦਾ ਪੜ੍ਹਾਈ ਵਲ ਰੱਤੀ ਭਰ ਵੀ ਰੁਝਾਨ ਨਹੀਂ ਸੀ। ਉਨ੍ਹਾਂ ਦੇ ਬਹਾਨੇ ਜਾਂ ਕਹੋ, ਮਨ ਹਰਾਮੀ ਹੋਣ ਵਿਚ ਕਮਾਲ ਦੀਆਂ ਗੱਲਾਂ ਸਨ; ਕਿਸੇ ਨੇ ਕਹਿਣਾ ਮੈਂ ਪੈਦਲ ਨਹੀਂ ਜਾ ਸਕਦਾ; ਦੂਜੇ ਨੇ ਕਹਿਣਾ ਮੇਰੇ ਕੱਪੜੇ ਸੋਹਣੇ ਨਹੀਂ, ਮੈਂ ਨਹੀਂ ਪੜ੍ਹਨਾ। ਇਕ ਹੋਰ ਕਹਿੰਦਾ, ਮੈਨੂੰ ਸਿਰ ਦੇ ਕੇਸ ਤੰਗ ਕਰਦੇ ਹਨ। ਕਿਸੇ ਨੇ ਕਿਹਾ, ਮੈਨੂੰ ਮੁੰਡੇ ਤੰਗ ਕਰਦੇ ਹਨ। ਮਾਸਟਰ ਉਨ੍ਹਾਂ ਨੂੰ ਕੁਝ ਨਹੀਂ ਕਹਿੰਦਾ ਸੀ ਕਿਉਂਕਿ ਉਹ ਅਮੀਰਾਂ ਦੇ ਮੁੰਡੇ ਸਨ।
ਪਿੰਡਾਂ ਵਿਚ ਤਾਂ ਮਿਡਲ ਅਤੇ ਹਾਈ ਸਕੂਲ ਘੱਟ ਹੀ ਸਨ। ਕਸਬਿਆਂ ਜਾਂ ਸ਼ਹਿਰਾਂ ਦੇ ਸਕੂਲਾਂ ਵਿਚ ਪਹੁੰਚਣ ਲਈ ਖੇਤਾਂ ਵਿਚਲੇ ਰਸਤੇ ਹੀ ਹੁੰਦੇ ਸਨ। ਕਈ ਮੁੰਡੇ ਮਾਂ ਦੀ ਬਣਾਈ ਚੂਰੀ ਰਸਤੇ ਵਿਚ ਖਾ ਲੈਂਦੇ ਅਤੇ ਦੋ ਚਾਰ ਘੰਟੇ ਖੇਤਾਂ ਵਿਚ ਗੁਜ਼ਾਰ ਦੁਪਹਿਰ ਪਿਛੋਂ ਘਰ ਜਾ ਕੇ ਕਹਿ ਦਿੰਦੇ, ਅੱਜ ਤਾਂ ਸਕੂਲ ਵਿਚ ਛੁੱਟੀ ਸੀ। ਇਮਤਿਹਾਨਾਂ ਵਿਚ ਪਾਸ ਹੋਣਾ ਇਨ੍ਹਾਂ ਦੇ ਵਸ ਦਾ ਰੋਗ ਨਹੀਂ ਸੀ। ਕੋਈ 5ਵੀਂ, ਕੋਈ 7ਵੀਂ ਤੋਂ ਪਿੱਛੋਂ ਘਰ ਬੈਠ ਜਾਂਦੇ। ਇਮਤਿਹਾਨ ਵੇਲੇ ਇਕ ਨਜ਼ਦੀਕੀ ਕਾਕੇ ਦੀ ਗੱਲ ਬਹੁਤ ਦਿਲਚਸਪ ਹੈ। ਉਸ ਦੀ ਮਾਂ ਕਹਿਣ ਲੱਗੀ, ਪੁੱਤਰ ਜਲਦੀ ਨਾ ਸੌਂ, ਕੱਲ੍ਹ ਤੇਰਾ ਇਮਤਿਹਾਨ ਹੈ। ਜੇ ਨੀਂਦ ਆਉਂਦੀ ਹੈ ਤਾਂ ਮੈਂ ਚਾਹ ਬਣਾ ਦਿੰਦੀ ਹਾਂ। ਉਹ ਕਹਿਣ ਲੱਗਾ, ਨਾ ਬੇਬੇ, ਮੈਂ ਤਾਂ ਇਕ ਵਾਰ ਚਾਹ ਪੀਤੀ ਕਿ ਮੇਰੇ ਗਲ ਵਿਚ ਫਸ ਗਈ, ਬੜੀ ਮੁਸ਼ਕਿਲ ਨਾਲ ਪਾਣੀ ਦੀ ਘੁੱਟ ਨਾਲ ਲੰਘਾਈ। ਨਾਲੇ ਚਾਹ ਨਾਲ ਮੈਨੂੰ ਕਮਜ਼ੋਰੀ ਹੋ ਜਾਂਦੀ ਹੈ।
ਕਾਲਜ ਦੇ ਦਿਨਾਂ ਦੀਆਂ ਗੱਲਾਂ ਕਰੀਏ ਤਾਂ ਮਿਹਨਤ ਨਾ ਕਰਨ ਦੇ ਬਹਾਨੇ ਬਹੁਤ ਚੁਸਤੀ ਅਤੇ ਚਾਲਾਕੀ ਵਾਲੇ ਹੁੰਦੇ ਹਨ। ਦਸਵੀਂ ਦਾ ਸਿਲੇਬਸ ਬਹੁਤ ਵਿਸ਼ਾਲ ਨਹੀਂ ਹੁੰਦਾ। ਇਸ ਕਰਕੇ ਬਹੁਤ ਬੱਚੇ ਤੇਜ਼ ਬੁੱਧੀ ਅਧੀਨ ਥੋੜ੍ਹੀ ਮਿਹਨਤ ਨਾਲ ਹੀ ਬਹੁਤ ਚੰਗੇ ਨੰਬਰਾਂ ਵਿਚ ਪਾਸ ਹੋ ਜਾਂਦੇ ਹਨ। ਮਾਪਿਆਂ ਨੂੰ ਗਲਤਫਹਿਮੀ ਹੋ ਜਾਂਦੀ ਹੈ ਕਿ ਇਹ ਕਾਕੇ ਡਾਕਟਰ ਜਾਂ ਇੰਜੀਨੀਅਰ ਬਣ ਜਾਣਗੇ ਪਰ ਇਹ ਨਖੱਟੂ ਮਿਹਨਤ ਤੋਂ ਕੋਹਾਂ ਦੂਰ ਹੁੰਦੇ ਹਨ।
ਇਨ੍ਹਾਂ ਦੀਆਂ ਦਲੀਲਾਂ ਜਾਂ ਹੁੱਜਤਾਂ ਕਮਾਲ ਕਰਦੀਆਂ ਹਨ। ਇਕ ਕਹਿਣ ਲੱਗਾ, ਡਾਕਟਰ ਚਾਹੇ ਕਿਸੇ ਵੀ ਪਦਵੀ ‘ਤੇ ਪਹੁੰਚ ਜਾਵੇ, ਡਾਕਟਰ ਹੀ ਕਹਾਉਂਦਾ ਹੈ। ਜਿੰਨੇ ਵੱਡੇ ਹਸਪਤਾਲ ਹਨ, ਉਨ੍ਹਾਂ ਦੇ ਮਾਲਕ ਡਾਕਟਰ ਨਹੀਂ, ਡਾਕਟਰਾਂ ਨੂੰ ਨੌਕਰੀ ਦਿੰਦੇ ਹਨ। ਮੈਂ ਤਾਂ ਆਪਣਾ ਹਸਪਤਾਲ ਖੋਲ੍ਹਾਂਗਾ। ਇਕ ਗੱਲ ਹੋਰ, ਵਜ਼ੀਰ ਅਤੇ ਵੱਡੇ ਅਫਸਰ ਜਦੋਂ ਮਰਜ਼ੀ ਡਾਕਟਰ ਨੂੰ ਬਗੈਰ ਫੀਸ ਦਿੱਤਿਆਂ ਘਰ ਬੁਲਾ ਲੈਂਦੇ ਹਨ। ਮੈਂ ਨਹੀਂ ਬਣਨਾ ਡਾਕਟਰ। ਨਾ ਦਿਨ ਵਿਚ ਆਰਾਮ, ਨਾ ਰਾਤ ਨੂੰ ਟੇਕ। ਇਸ ਕੋਲੋਂ ਤਾਂ ਮਿਲਟਰੀ ਚੰਗੀ, ਅੱਜ ਕੈਪਟਨ, ਕੱਲ੍ਹ ਮੇਜਰ। ਕਈ ਤਾਂ ਜਰਨੈਲੀ ਤਕ ਪਹੁੰਚ ਜਾਂਦੇ ਹਨ।
ਇਕ ਲੜਕਾ ਮੇਰਾ ਬਹੁਤ ਅਜ਼ੀਜ਼ ਸੀ, ਮੈਨੂੰ ਕਹਿਣ ਲੱਗਾ, “ਸਰ! ਮੈਂ ਕਿਹੜੀ ਇੰਜੀਨੀਅਰਿੰਗ ਲਵਾਂ?” ਮੈਂ ਕਿਹਾ, “ਮਕੈਨੀਕਲ ਦਾ ਸਕੋਪ ਹੈ ਪਰ ਥੋੜ੍ਹੀ ਮਿਹਨਤ ਕਰਨੀ ਪਵੇਗੀ।” ਮਿਹਨਤ ਕਰਨਾ ਉਸ ਦਾ ਸ਼ੌਕ ਨਹੀਂ ਸੀ। ਕਹਿਣ ਲੱਗਾ, “ਮਕੈਨੀਕਲ ਕੋਰਸ ਪਿੱਛੋਂ ਮਸ਼ੀਨਾਂ ਨਾਲ ਵਾਹ ਪੈਣਾ ਹੈ। ਇਨ੍ਹਾਂ ਦੀ ਆਵਾਜ਼ਾਂ ਵਿਚ ਮੇਰਾ ਮਿਊਜ਼ਿਕ ਦਾ ਸ਼ੌਕ ਖਤਮ ਹੋ ਜਾਵੇਗਾ।” ਕੇਵਲ ਦੋ ਨਹੀਂ, ਬਹੁਤ ਸਾਰੀਆਂ ਹੋਰ ਮਿਸਾਲਾਂ ਆਲਸੀ ਮੁੰਡਿਆਂ ਦੀਆਂ ਹਰਾਮਪੁਣੇ ਦੀਆਂ ਹੁੱਜਤਾਂ ਹਨ।
ਚਲੋ, ਇਹ ਬਹਾਨੇ ਨਿਆਣੀ ਉਮਰ ਅਤੇ ਅੱਲੜ ਅਵਸਥਾ ਜਾਂ ਚੜ੍ਹਦੀ ਜੁਆਨੀ ਦੇ ਕਾਰੇ ਹਨ ਪਰ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਵੱਡੀ ਉਮਰ ਅਤੇ ਜ਼ਿੰਮੇਵਾਰੀ ਦੀ ਸਥਿਤੀ ਵਿਚ ਵੀ ਇਹ ਅਲਾਮਤਾਂ ਪਿੱਛਾ ਨਹੀਂ ਛਡਦੀਆਂ।
ਕਾਲਜਾਂ ਵਿਚ ਅਧਿਆਪਕ ਅਤੇ ਪ੍ਰਿੰਸੀਪਲ ਦੀ ਪਦਵੀ ‘ਤੇ ਕੰਮ ਕਰਦਿਆਂ ਇਕ ਗੱਲ ਪੱਥਰ ‘ਤੇ ਲਕੀਰ ਵਾਂਗ ਪੱਕੀ ਸੀ ਕਿ ਕਾਲਜ ਦਾ ਕੋਈ ਵਾਧੂ (ਪਰ ਜ਼ਰੂਰੀ) ਕੰਮ ਉਸ ਬੰਦੇ ਨੂੰ ਦਿਉ ਜੋ ਬੇਸ਼ਕ ਪਹਿਲਾਂ ਹੀ ਮਸਰੂਫ ਹੋਵੇ ਪਰ ਕੰਮਚੋਰ ਅਤੇ ਵਿਹਲੜ ਨਾ ਹੋਵੇ। ਵਿਹਲੜ ਕੋਲ ਵਿਹਲ ਵਿਚੋਂ ਹੀ ਵਿਹਲ ਨਹੀਂ ਹੁੰਦੀ।
ਉਸ ਨਖੱਟੂ ਅਤੇ ਚੁਸਤ ਆਦਮੀ ਕੋਲ ਸੌ ਬਹਾਨੇ ਹੋਣਗੇ। ਇਕ ਪ੍ਰੋਫੈਸਰ ਨੂੰ ਇਕ ਸਹਾਇਕ ਦੇ ਕੇ ਕਾਲਜ ਦੀ ਪ੍ਰਾਪਰਟੀ ਜਾਂ ਇਮਤਿਹਾਨਾਂ ਦਾ ਇੰਚਾਰਜ ਬਣਨ ਲਈ ਕਿਹਾ। ਉਸ ਨੇ ਜਵਾਬ ਦਿੱਤਾ, “ਨਾ ਜੀ, ਮੈਨੂੰ ਤਾਂ ਮੇਰੇ ਕਮੀਜ਼ਾਂ, ਪੈਂਟਾਂ ਦਾ ਵੀ ਪਤਾ ਨਹੀਂ ਰਹਿੰਦਾ। ਮੇਰੇ ਕੋਲੋਂ ਇਹ ਜ਼ਿੰਮੇਵਾਰੀ ਨਹੀਂ ਨਿਭਣੀ।” ਦੂਜਾ ਕਹਿਣ ਲੱਗਾ, “ਅਸੀਂ ਸਾਹਿਤ ਦੇ ਬੰਦੇ, ਇਹ ਤਾਂ ਕਲਰਕਾਂ ਵਾਲਾ ਕੰਮ ਹੈ।” ਜਦੋਂ ਇਨ੍ਹਾਂ ਬੰਦਿਆਂ ਨੂੰ ਨੇੜਿਉਂ ਤੱਕਿਆ ਤਾਂ ਆਪਣੇ ਘਰ ਦੇ ਕੰਮਾਂ ਵਿਚ ਪੂਰੇ ਹਿਸਾਬੀ ਕਿਤਾਬੀ ਸਨ, ਪਰ ਬਗੈਰ ਉਜ਼ਰਤ ਵਾਧੂ ਜ਼ਿੰਮੇਵਾਰੀ ਲਈ ਇਹ ਮਨ ਹਰਾਮੀ ਹੁੱਜਤਾਂ ਢੇਰ ਦੇ ਪ੍ਰਤੀਨਿਧ ਸਨ।
ਮੇਰਾ ਇਕ ਨਜ਼ਦੀਕੀ ਦੋਸਤ ਸਵੇਰ ਦੀ ਸੈਰ ਨਾਸ਼ਤਾ ਕਰਨ ਤੋਂ ਬਾਅਦ ਹੀ ਜਾਂਦਾ ਹੈ। ਬਹੁਤ ਮਿੱਤਰ ਕਹਿੰਦੇ ਹਨ ਕਿ ਸੈਰ ਜਲਦੀ ਉਠ ਕੇ ਸਵੇਰੇ ਸਵੇਰੇ ਕਰਨੀ ਚਾਹੀਦੀ ਹੈ। ਇਸ ਨਾਲ ਸਰੀਰ ਦਾ ਮੈਟਾਬੁਲਿਜ਼ਮ ਠੀਕ ਰਹਿੰਦਾ ਹੈ। ਉਸ ਦੋਸਤ ਦੇ ਬਹਾਨੇ ਸੁਣੋ! “ਸੈਰ ਕਰਨੀ ਕੋਈ ਬੰਧਨ ਨਹੀਂ, ਮਨ ਦੀ ਖੁਸ਼ੀ ਲਈ ਹੈ, ਜਿਸ ਵੇਲੇ ਠੀਕ ਲੱਗੇ ਕਰੋ। ਮੂੰਹ ਹਨੇਰੇ ਕੋਈ ਸੱਪ ਸਲੂਤੀ ਰਸਤੇ ਵਿਚ ਮਿਲ ਜਾਵੇ ਤਾਂ ਕੀ ਕਰੋਗੇ? ਅੱਜ ਕੱਲ੍ਹ ਤਾਂ ਆਵਾਰਾ ਕੁੱਤੇ ਵੀ ਬਹੁਤ ਹਨ, ਜੇ ਵੱਢ ਲਿਆ! ਖਬਰੇ ਉਹ ਹਲਕਿਆ ਹੀ ਨਿਕਲੇ, ਮੁਸੀਬਤ ਖੜ੍ਹੀ ਹੋ ਜਾਊ। ਸਵੇਰੇ ਸਵੇਰੇ ਸੜਕਾਂ ਖਾਲੀ ਹੋਣ ਕਰਕੇ ਗੱਡੀਆਂ ਬੜੀ ਤੇਜ਼ ਚਲਦੀਆਂ ਹਨ, ਜੇ ਕੋਈ ਐਕਸੀਡੈਂਟ ਹੋ ਗਿਆ ਤਾਂ ਘਰਵਾਲਿਆਂ ਲਈ ਮੁਸੀਬਤ ਖੜ੍ਹੀ ਹੋ ਜਾਊ। ਲੇਟ ਜਾਣ ਦੇ ਫਾਇਦੇ ਹੀ ਫਾਇਦੇ। ਕਿਤਨੇ ਬੰਦੇ ਅਤੇ ਔਰਤਾਂ ਤੁਹਾਨੂੰ ਮਿਲਣਗੇ ਕਿ ਸਭ ਨੂੰ ਹੈਲੋ ਹੈਲੋ ਕਰੋ। ਉਹ ਵੀ ਖੁਸ਼ ਤੇ ਤੁਸੀਂ ਵੀ ਖੁਸ਼।”
ਇਹ ਸਭ ਦਲੀਲਾਂ ਜਲਦੀ ਨਾ ਉਠ ਸਕਣ ਦੇ ਬਹਾਨੇ ਹਨ। ਮਨ ਸੁਸਤ ਹੈ, ਹਰਾਮੀ ਹੈ ਤੇ ਹੁੱਜਤਾਂ ਢੇਰ ਹਨ। ਦਰਅਸਲ ਕੁਦਰਤ ਵੱਲੋਂ ਹਰ ਕੰਮ ਜਾਂ ਘਟਨਾ ਦੇ ਕਈ ਪਹਿਲੂ ਹੁੰਦੇ ਹਨ। ਅੱਜ ਦਾ ਚੁਸਤ, ਚਲਾਕ ਅਤੇ ਖਚਰਾ ਆਦਮੀ ਚਤੁਰਾਈ ਨਾਲ ਆਪਣੇ ਮਤਲਬ ਦੇ ਪੱਖ ਵਿਚ ਚੁਣ ਚੁਣ ਕੇ ਦਲੀਲਾਂ ਪੇਸ਼ ਕਰਨ ਵਿਚ ਮਾਹਰ ਹੈ। ਕੋਰੇ ਝੂਠ ਨੂੰ ਸੱਚ ਵਾਂਗ ਪੇਸ਼ ਕਰ ਦਿੰਦਾ ਹੈ।
ਸ਼ੂਗਰ ਵਾਲੇ, ਮੋਟੇ ਅਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਨੂੰ ਡਾਕਟਰ ਭਾਰ ਘਟਾਉਣ ਲਈ ਜ਼ਰੂਰ ਕਹਿੰਦੇ ਹਨ। ਬਹੁਤ ਵਾਰ ਦੇਖਿਆ ਗਿਆ ਹੈ ਕਿ ਇਹ ਮਰੀਜ਼ ਖਾਣ ‘ਤੇ ਕੰਟਰੋਲ ਨਹੀਂ ਕਰ ਸਕਦੇ। ਜੇ ਇਨ੍ਹਾਂ ਦੇ ਬਹਾਨੇ ਸੁਣੋ ਤਾਂ ਹਾਸਾ ਆ ਜਾਂਦਾ ਹੈ। ਕੋਈ ਕਹਿੰਦਾ ਹੈ, ਬਹੁਤ ਪਾਰਟੀਆਂ ਵਿਚ ਜਾਣਾ ਪੈਂਦਾ ਹੈ। ਹੋਸਟ ਮੱਲੋ-ਮਲੀ ਪਲੇਟ ਭਰ ਦਿੰਦੇ ਹਨ, ਕੀ ਕਰੀਏ? ਅਗਲੇ ਦੀ ਗੱਲ ਸੁਣੋ! ਸਾਡੇ ਘਰ ਫਰੂਟ ਬਹੁਤ ਆਉਂਦਾ ਹੈ, ਬੱਚੇ ਖਾਂਦੇ ਨਹੀਂ ਤੇ ਮੈਥੋਂ ਖਰਾਬ ਹੁੰਦਾ ਦੇਖਿਆ ਨਹੀਂ ਜਾਂਦਾ। ਇਕ ਹੋਰ ਕਹਿਣ ਲੱਗਾ, ‘ਡਾਕਟਰ ਸਾਹਿਬ, ਜੇ ਥੋੜ੍ਹਾ ਖਾਵਾਂ ਤਾਂ ਅਗਲੇ ਦਿਨ ਤੁਰਿਆ ਨਹੀਂ ਜਾਂਦਾ।’ ਇਹ ਸਭ ਜੀਭ ਦੇ ਸੁਆਦ ਦੇ ਕਾਰੇ ਹਨ ਪਰ ਹਰਾਮੀ ਮਨ ਮੰਨਣ ਲਈ ਤਿਆਰ ਨਹੀਂ।
ਸੈਰ ਕਰਨ ਵੇਲੇ ਮੇਰੀ ਬਹੁਤ ਬੰਦਿਆਂ ਨਾਲ ਮੁਲਾਕਾਤ ਹੁੰਦੀ ਹੈ। ਕਰੀਬ ਸਾਰੇ ਹੀ ਗੱਲਾਂ ਦੇ ਗਲਾਕੜ ਹੁੰਦੇ ਹਨ। ਜੇ ਕੋਈ ਆਪਣੀ ਗੱਲ ਲੰਮੀ ਕਰ ਲਵੇ ਤਾਂ ਦੂਜਾ ਵਿਚੋਂ ਹੀ ਬੋਲ ਪੈਂਦਾ ਹੈ। ਜੇ ਉਸ ਨੂੰ ਕਹੋ, ਭਾਈ ਪਹਿਲੇ ਨੂੰ ਪੂਰੀ ਗੱਲ ਤਾਂ ਕਰਨ ਦਿਉ ਤਾਂ ਦੂਸਰਾ ਕਹਿੰਦਾ ਹੈ, ਇਸ ਦੀ ਗੱਲ ਖਤਮ ਹੋਣ ਤੱਕ ਮੈਂ ਆਪਣੀ ਗੱਲ ਭੁੱਲ ਜਾਵਾਂਗਾ। ਲੰਮੀ ਗੱਲ ਕਰਨ ਵਾਲੇ ਆਪਣੇ ਸੁਭਾਅ ਦੀਆਂ ਸਿਫਤਾਂ ਦੇ ਢੇਰ ਲਾ ਦਿੰਦੇ ਹਨ। ਉਹ ਕਹਿਣਗੇ, ਕਿਉਂਕਿ ਬਜੁਰਗਾਂ ਨੂੰ ਉਚਾ ਸੁਣਦਾ ਹੈ ਅਤੇ ਉਨ੍ਹਾਂ ਨੂੰ ਗੱਲ ਦੇਰ ਨਾਲ ਸਮਝ ਆਉਂਦੀ ਹੈ, ਕੁਝ ਲਫਜ਼ਾਂ ਵਿਚ ਗੱਲ ਮੁਕਾਉਣ ਵਾਲੇ ਸੁਣਨ ਵਾਲਿਆਂ ਨੂੰ ਕਈ ਭੁਲੇਖਿਆਂ ਵਿਚ ਪਾ ਦਿੰਦੇ ਹਨ। ਲੰਮੀ ਗੱਲ ਸਭ ਕੁਝ ਸਾਫ ਕਰ ਦਿੰਦੀ ਹੈ। ਇਹੋ ਜਿਹੀਆਂ ਦਲੀਲਾਂ ਉਨ੍ਹਾਂ ਦੀ ਆਦਤ ਦੀ ਮਜਬੂਰੀ ਹੈ। ਅਸਲ ਵਿਚ ਆਪਣੀ ਆਦਤ ਨੂੰ ਅਰਥ ਭਰਪੂਰ ਦਰਸਾਉਣ ਲਈ ਇਹ ਦਾਨਿਸ਼ਵਾਰੀ ਭਰਿਆ ਹਰਾਮੀਪੁਣਾ ਹੈ ਅਤੇ ਦਲੀਲਾਂ ਦਿਲਚਸਪ ਹੁੱਜਤਾਂ ਹਨ।
ਕਈ ਆਦਮੀ ਰੱਜੇ ਪੁੱਜੇ ਹੋਣ ਦੇ ਬਾਵਜੂਦ ਬਹੁਤ ਕੰਜੂਸ ਹੁੰਦੇ ਹਨ। ਜੇ ਉਨ੍ਹਾਂ ਤੋਂ ਕਿਸੇ ਭਲੇ ਕੰਮ ਲਈ ਕੁਝ ਮੰਗੋ, ਉਹ ਕਹਿਣਗੇ, ਮੈਂ ਬਹੁਤ ਵਾਰ ਅਜਿਹੀਆਂ ਸੰਸਥਾਵਾਂ ਨੂੰ ਮਾਇਆ ਦਿੱਤੀ ਹੈ, ਇਹ ਸਭ ਫਰਾਡ ਹੈ। ਜੇ ਕੋਈ ਅੰਗਹੀਣ ਜਾਂ ਨਿਗ੍ਹਾ ਤੋਂ ਲਾਚਾਰ ਇਨ੍ਹਾਂ ਤੋਂ ਕੁਝ ਮੰਗੇ, ਕਹਿਣਗੇ, ਤੂੰ ਖੇਖਣ ਕਰਦੈਂ, ਪੈਸੇ ਤੈਨੂੰ ਕਿਵੇਂ ਨਜ਼ਰ ਆ ਜਾਂਦੇ ਹਨ। ਅਸਲ ਵਿਚ ਪੈਸੇ ਨਾਲ ਪਿਆਰ ਇਨ੍ਹਾਂ ਦੇ ਮਨ ਵਿਚੋਂ ਦਯਾ ਜਿਹੀ ਚੀਜ਼ ਖਤਮ ਕਰ ਦਿੰਦਾ ਹੈ। ‘ਧੌਲ ਧਰਮ ਦਯਾ ਕਾ ਪੂਤ’ ਅਨੁਸਾਰ ਦਯਾ ਵਿਚੋਂ ਹੀ ਜੀਵਨ ਦੀ ਖੂਬਸੂਰਤੀ ਜਨਮ ਲੈਂਦੀ ਹੈ। ਇਸ ਦੀ ਗੈਰ ਹਾਜ਼ਰੀ ਵਿਚ ਆਦਮੀ ਹਰਾਮੀਪੁਣੇ ‘ਤੇ ਉਤਰ ਆਉਂਦਾ ਹੈ ਅਤੇ ਹੁੱਜਤਾਂ ਦਾ ਕਿਆ ਕਹਿਣਾ!
ਮਾਇਆਧਾਰੀ ਦੁਨੀਆਂ ਵਿਚ ਆਦਮੀ ਸਿੱਧਾ ਸਾਦਾ ਨਹੀਂ ਰਿਹਾ। ਫਿਰ ਵੀ ਸੰਸਕਾਰਾਂ ਜਾਂ ਆਪਣੀ ਬੁੱਧੀ ਅਨੁਸਾਰ ਕੋਈ ਆਸਤਕ ਅਤੇ ਕੋਈ ਨਾਸਤਕ ਬਣ ਜਾਂਦਾ ਹੈ। ਸ਼ਾਇਦ ਪ੍ਰੋਫੈਸਰ ਮੋਹਨ ਸਿੰਘ ਠੀਕ ਹੀ ਕਹਿੰਦੇ ਹਨ ਕਿ ‘ਲਾਈ ਲੱਗ ਮੋਮਨ ਕੋਲੋਂ ਖੋਜੀ ਕਾਫਰ ਚੰਗਾ’ ਪਰ ਦੁੱਖ ਇਸ ਗੱਲ ਦਾ ਹੁੰਦਾ ਹੈ, ਲੋਕ ਜਦੋਂ ਮਨ ਅੰਦਰ ਮਾਇਆ ਦੀ ਮੈਲੀ ਚਾਦਰ ਹੇਠ ਲੂੰਬੜ ਚਾਲਾਂ ਖੇਡਦੇ ਹਨ। ਦੇਖਣ ਵਿਚ ਇਹ ਬੜੇ ਭਲੇ ਮਾਣਸ ਹੁੰਦੇ ਹਨ। ਕਈ ਰਹੁ ਰੀਤਾਂ ਦੀ ਚੁਸਤ, ਚਲਾਕ ਅਤੇ ਖਚਰੇ ਅੰਦਾਜ਼ ਨਾਲ ਖਿੱਲੀ ਉਡਾਉਂਦੇ ਹਨ।
ਮੇਰੇ ਇਕ ਸਤਿਕਾਰਯੋਗ ਪ੍ਰੋਫੈਸਰ, ਗੁਰੂ ਅਰਜਨ ਦੇਵ ਜੀ ਦੇ ਸ਼ਬਦ ‘ਮੇਰਾ ਮਨ ਲੋਚੈ ਗੁਰ ਦਰਸਨ ਤਾਈ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ॥’ ਨੂੰ ਦੁਨੀਆਂ ਦੀਆਂ ਵੈਰਾਗ ਵਿਚ ਲਿਖੀਆਂ ਲਾਈਨਾਂ ਵਿਚੋਂ ਉਤਮ ਲਿਖਤ ਸਮਝਦੇ ਸਨ ਪਰ ਨਾਲ ਨਾਲ ਇਹ ਵੀ ਕਹਿ ਦਿੰਦੇ ਕਿ ਕੁਝ ਗੁਰੂ ਸਾਹਿਬਾਨ ਜਿਨ੍ਹਾਂ ਨੇ ਬਾਣੀ ਰਚੀ, ਉਹ ਤਾਂ ਬਹੁਤ ਸੂਝਵਾਨ ਸਨ, ਬਾਕੀ ਤਾਂ ਬਸ਼..।
ਇਕ ਹੋਰ ਅਜ਼ੀਜ਼ ਚੰਗੀ ਆਮਦਨ ਦੇ ਨਸ਼ੇ ਵਿਚ ਕਹਿਣ ਲੱਗਾ, ਗੁਰੂ ਗੋਬਿੰਦ ਸਿੰਘ ਦੇ ਕਾਰਨਾਮੇ ਤਾਂ ਦੁਨੀਆਂ ਸਦਾ ਲਈ ਯਾਦ ਰੱਖੇਗੀ, ਜੇ ਕਦੇ ਸਿਰ ਦੇ ਕੇਸਾਂ ਅਤੇ ਦਾੜ੍ਹੀ ਦੇ ਵਾਲਾਂ ਦਾ ਸਾਈਜ਼ ਵੀ ਦੱਸ ਜਾਂਦੇ ਕਿ ਕਿੰਨੇ ਇੰਚ ਰੱਖਣੇ ਹਨ ਤਾਂ ਬਹੁਤ ਚੰਗਾ ਹੁੰਦਾ। ਗ੍ਰੰਥ ਸਾਹਿਬ ਦਾ ਸਤਿਕਾਰ ਕਰਦਿਆਂ ਜੇ ਸੋਹਣੇ ਰੁਮਾਲਿਆਂ ਵਿਚ ਉਸ ਨੂੰ ਲਪੇਟਦੇ ਹਨ ਤਾਂ ਰੋਜ਼ ਇਸ਼ਨਾਨ ਵੀ ਕਰਾ ਦੇਣਾ ਚਾਹੀਦਾ ਹੈ।
ਅੱਜ ਕੱਲ੍ਹ ਗੁਰਦੁਆਰਿਆਂ ਵਿਚ ਅਨੰਦ ਕਾਰਜ ਕਰਾਉਣ ਦਾ ਰਿਵਾਜ਼ ਕਾਫੀ ਪ੍ਰਚਲਿਤ ਹੈ। ਸਾਰੇ ਤਾਂ ਨਹੀਂ, ਪਰ ਕਾਫੀ ਲੋਕਾਂ ਦਾ ਸਿੱਖ ਸਿਧਾਂਤ ਅਨੁਸਾਰ ਸ਼ਾਦੀ ਦੀ ਮਹੱਤਤਾ ਨਾਲ ਕੋਈ ਲਾਗਾ ਦੇਗਾ ਨਹੀਂ। ਕੇਵਲ ਵਿਆਹ ਦੇ ਸਰਟੀਫਿਕੇਟ ਅਤੇ ਘੱਟ ਖਰਚੇ ਨਾਲ ਮਤਲਬ ਹੈ। ਵੱਡੇ ਹਾਲਾਂ ਦੀ ਬੁਕਿੰਗ ਬਹੁਤ ਮਹਿੰਗੀ ਹੈ। ਹੈਰਾਨੀ ਇਸ ਗੱਲ ਨੂੰ ਦੇਖ ਕੇ ਹੁੰਦੀ ਹੈ, ਜਦੋਂ ਸਮਾਗਮ ਖਤਮ ਹੋਣ ਪਿਛੋਂ ਕੁਝ ਮਾਇਆ ਸੰਸਥਾ ਦੇ ਬਿਜਲੀ ਪਾਣੀ ਅਤੇ ਹੋਰ ਖਰਚਿਆਂ ਲਈ ਦੇਣ ਤੋਂ ਵੀ ਇਹ ਸੱਜਣ ਕੰਨੀ ਕਤਰਾਉਂਦੇ ਹਨ। ਕਈ ਤਾਂ ਪ੍ਰਬੰਧਕਾਂ ਨਾਲ ਬਹਿਸ ਕਰਨ ਲੱਗ ਪੈਂਦੇ ਹਨ। ਕੀ ਇਹ ਸਾਰੀਆਂ ਗੱਲਾਂ ਮਨ ਦੇ ਹਰਾਮੀਪੁਣੇ ਦੀ ਝਲਕ ਨਹੀਂ? ਝਗੜਾ ਕਰਨਾ, ਬਹਿਸ ਕਰਨਾ ਕੋਝੀ ਹੁੱਜਤ ਨਹੀਂ?
ਕਹਿਣ ਨੂੰ ਤਾਂ ਬਹੁਤ ਕੁਝ ਹੈ, ਫਿਰ ਵੀ ਲੇਖ ਦੀ ਸੰਖੇਪਤਾ ਦਾ ਧਿਆਨ ਰੱਖਦਿਆਂ ਸਿਆਸਤਦਾਨਾਂ ਬਾਬਤ ਲਿਖਣ ਲਈ ਤਾਂ ਦਿਲ ਕਰ ਹੀ ਆਇਆ ਹੈ। ਵੈਸੇ ਤਾਂ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਅਤੇ ਹੋਰ ਹਕੀਕਤ ਬਿਆਨ ਕਰਨ ਵਾਲਿਆਂ ਦੀ ਬੇਇੱਜਤੀ ਦੇਖ ਕੇ ਮਨ ਕੁਝ ਵੀ ਲਿਖਣ ਤੋਂ ਝਿਜਕ ਰਿਹਾ ਹੈ ਅਤੇ ਮੱਲੋ-ਮੱਲੀ ਬਚਪਨ ਵਿਚ ਸੁਣਿਆ ਨੰਦ ਲਾਲ ਨੂਰਪੁਰੀ ਦਾ ਗੀਤ ਚੇਤੇ ਆ ਜਾਂਦਾ ਹੈ:
ਏਥੋਂ ਉਡ ਜਾ ਭੋਲਿਆ ਪੰਛੀਆ
ਆਪਣੀ ਜਾਨ ਬਚਾ।
… … …
ਏਥੇ ਡਾਕੇ ਪੈਣ ਦੁਪਹਿਰ ਨੂੰ
ਵੈਰੀ, ਤੇਰਾ ਆਲ੍ਹਣਾ ਦੇਣਗੇ ਢਾਅ।
ਉਸ ਸੱਚੇ ਸੁੱਚੇ ਬੰਦੇ ਨੂੰ ਇਹ ਗੀਤ ਲਿਖਣ ਕਰ ਕੇ ਨੌਕਰੀ ਤੋਂ ਹੱਥ ਧੋਣਾ ਪਿਆ ਸੀ। ਫਿਰ ਵੀ ਪਾਠਕਾਂ ਦੀ ਆਗਿਆ ਲੈ ਕੇ ਕੁਝ ਸਤਰਾਂ ਲਿਖ ਰਿਹਾ ਹਾਂ।
ਬੱਚਾ ਪੈਦਾ ਹੁੰਦਾ ਹੈ। ਉਹ ਭੋਲਾ ਭੰਡਾਰਾ ਅਤੇ ਮਾਸੂਮ ਹੁੰਦਾ ਹੈ। ਜਿਉਂ ਜਿਉਂ ਸਮਾਂ ਬੀਤਦਾ ਹੈ, ਉਸ ਦੇ ਮਨ ਉਤੇ ਸੰਸਕਾਰਾਂ, ਆਪਣੇ ਆਲੇ-ਦੁਆਲੇ, ਮਾਪਿਆਂ ਦੇ ਵਰਤਾਰੇ ਅਤੇ ਅਧਿਆਪਕਾਂ ਦੀ ਪਾਣ ਚੜ੍ਹਦੀ ਰਹਿੰਦੀ ਹੈ। ਸਿਆਣੇ ਬੱਚੇ ਇਸ ਵਿਚੋਂ ਚੰਗੇ ਪ੍ਰਭਾਵ ਗ੍ਰਹਿਣ ਕਰ ਲੈਂਦੇ ਹਨ। ਚੁਸਤ, ਚਲਾਕ, ਖਚਰੇ ਪਰ ਨਖੱਟੂ ਬੱਚੇ ਬੁਰੇ ਪ੍ਰਭਾਵ ਆਪਣੇ ਪੱਲੇ ਬੰਨ੍ਹ ਲੈਂਦੇ ਹਨ। ਇਨ੍ਹਾਂ ਵਿਚੋਂ ਕਈ ਸਿੱਧੇ ਅਤੇ ਅਸਿੱਧੇ ਢੰਗ ਨਾਲ ਸਿਆਸਤ ਵਿਚ ਕੁੱਦ ਪੈਂਦੇ ਹਨ। ਕਈ ਵਿਦਿਆਰਥੀ ਲੀਡਰ ਬਣ ਕੇ, ਕਈ ਪਿੰਡ ਦੇ ਸਰਪੰਚ ਬਣ ਕੇ, ਸਿਫਾਰਸ਼ ਨਾਲ ਨੌਕਰੀ ਲੈ ਕੇ ਅਤੇ ਲੋਕਾਂ ਨਾਲ ਰਸੂਖ ਬਣਾ ਕੇ, ਜਲਦੀ ਸੇਵਾ ਮੁਕਤ ਹੋ ਕੇ ਸਿਆਸਤ ਦੀ ਪੌੜੀ ਚੜ੍ਹਦੇ ਹਨ। ਬਹੁਤ ਸਾਰੀਆਂ ਚਤੁਰਾਈਆਂ ਵਿਚੋਂ ਇਕ ਅਹਿਮ ਚਤੁਰਾਈ, ਇਕਰਾਰ ਕਰ ਕੇ ਮੁਕਰਨਾ, ਇਨ੍ਹਾਂ ਦਾ ਖੱਬੇ ਹੱਥ ਦਾ ਖੇਲ ਹੈ। ਨਾ-ਕਾਮਯਾਬੀ ਦਾ ਠੁੱਲਾ ਮੁਖਾਲਫ ਪਾਰਟੀ ਦੇ ਸਿਰ ਸੁੱਟਣਾ ਇਨ੍ਹਾਂ ਦਾ ਮਨਭਾਉਂਦਾ ਸ਼ੁਗਲ ਹੈ।
ਭਾਰਤ ਵਿਚ ਵੀ ਬੇਸ਼ਕ ਸਾਰੇ ਸੂਬਿਆਂ ਦਾ ਹਾਲ ਤਰਸਯੋਗ ਹੈ ਪਰ ਪੰਜਾਬ ਦੀ ਗੱਲ ਕਰੀਏ ਤਾਂ ਕੌਣ ਨਹੀਂ ਜਾਣਦਾ ਕਿ ਪਾਕਿਸਤਾਨ ਨਾਲ ਲਗਦੀ ਕਿੰਨੀ ਲੰਮੀ ਹੱਦ ਹੈ। ਇਸ ਉਤੇ ਰਹਿਣ ਵਾਲੇ ਲੋਕ ਸਦਾ ਲਈ ਰਫਿਊਜ਼ੀ ਹਨ। ਜਦੋਂ ਕਦੇ ਵੀ ਦੋਹਾਂ ਦੇਸ਼ਾਂ ਦੇ ਸਬੰਧਾਂ ਵਿਚ ਮਾਮੂਲੀ ਜਿਹਾ ਤਣਾਅ ਨਜ਼ਰ ਆਉਂਦਾ ਹੈ, ਲੜਾਈ ਦੇ ਬੱਦਲ ਇਨ੍ਹਾਂ ਦੇ ਉਜਾੜੇ ਦਾ ਸੱਦਾ ਦੇ ਦਿੰਦੇ ਹਨ। ਕਿਸ ਨੂੰ ਪਤਾ ਨਹੀਂ ਕਿ ਪੰਜਾਬ ਦੀ ਕਿਸਾਨੀ ਦਮ ਤੋੜ ਰਹੀ ਹੈ? ਦੂਜੇ ਦੇਸ਼ਾਂ ਵਿਚ ਪਰਵਾਸ ਕਰਨ ਦੀ ਚਾਹਤ ਅਧੀਨ ਸਮੁੰਦਰਾਂ ਵਿਚ ਡੁੱਬਣਾ, ਜੇਲ੍ਹਾਂ ਵਿਚ ਬੰਦ ਹੋਣਾ, ਜਮੀਨ ਵੇਚ ਕੇ ਜਾਣਾ ਅਤੇ ਕਈ ਵਾਰ ਖੁਦਕੁਸ਼ੀਆਂ ਕਰ ਲੈਣਾ ਕੋਈ ਮਨ ਪ੍ਰਚਾਵਾ ਤਾਂ ਨਹੀਂ। ਇਹ ਤਾਂ ਦੁਖਦਾਇਕ ਮਜਬੂਰੀ ਹੈ। ਪੰਜਾਬ ਦਾ ਦੋ ਲੱਖ ਕਰੋੜ ਤੋਂ ਵੱਧ ਕਰਜ਼ੇ ਹੇਠ ਆਉਣਾ ਕਿਸੇ ਐਸ਼ਪ੍ਰਸਤੀ ਕਾਰਨ ਤਾਂ ਨਹੀਂ ਹੈ। ਇਸ ਅਤਿ ਸੋਹਣੇ, ਰੰਗਲੇ ਅਤੇ ਮਨਮੋਹਣੇ ਪੰਜਾਬ ਦੇ ਦਰਦ ਨੂੰ ਬਿਆਨ ਕਰਨ ਲਈ ਮੇਰੀ ਮਾਮੂਲੀ ਜਿਹੀ ਕਲਮ ਵਿਚ ਤਾਕਤ ਨਹੀਂ। ਸਿਆਸਤਦਾਨਾਂ ਦੇ ਹਰਾਮਪੁਣੇ ਬਾਬਤ ਕੀ ਕਹੀਏ?
ਆਜ਼ਾਦੀ ਪਿੱਛੋਂ ਕਿੰਨੇ ਪ੍ਰਧਾਨ ਮੰਤਰੀ ਬਣੇ। ਬਹੁਤ ਵਾਰ ਦੋ ਵੱਡੀਆਂ ਪਾਰਟੀਆਂ ਦੇ ਬਣੇ ਪਰ ਥੋੜ੍ਹੇ ਥੋੜ੍ਹੇ ਸਮੇਂ ਲਈ ਤਾਂ ਆਪਣੇ ਆਪ ਨੂੰ ਮਹਾ ਇਮਾਨਦਾਰ ਸੰਸਥਾਵਾਂ ਦੇ ਮਾਲਕ ਕਹਾਉਣ ਵਾਲੇ ਵੀ ਬਣੇ। ਫਿਰ ਵੀ ਪੰਜਾਬ ਦੀ ਬਾਂਹ ਕਿਸੇ ਨੇ ਨਾ ਫੜ੍ਹੀ। ਕਰਾਰ ਕਰ ਕੇ ਵੀ ਕਿਸੇ ਨੇ ਪੰਜਾਬ ਦਾ ਕਰਜ਼ਾ ਮੁਆਫ ਨਹੀਂ ਕੀਤਾ। ਕੀ ਪੰਜਾਬ ਸਪੈਸ਼ਲ ਸਟੇਟਸ ਦਾ ਹੱਕਦਾਰ ਨਹੀਂ? ਲੜਾਈ ਵਿਚ ਢਾਲ ਦਾ ਕੰਮ ਕਰਨ ਵਾਲਾ, ਅੰਨ ਨਾਲ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਸੂਬਾ ਅਜਿਹੇ ਸਲੂਕ ਦਾ ਹੱਕਦਾਰ ਹੈ? ਪਰ ਇਸ ਨਵੀਂ ਨਰੋਈ ਕਹਾਉਣ ਵਾਲੀ ਦੁਨੀਆਂ ਵਿਚ ਹੁੱਜਤਾਂ ਭਰਿਆ ਹਰਾਮੀਪੁਣਾ ਜਾਇਜ਼ ਸਮਝਿਆ ਜਾਂਦਾ ਹੈ।
ਚੜ੍ਹਦੀ ਕਲਾ ਵਿਚ ਰਹਿਣਾ, ਜੀਵਨ ਦੇ ਉਜਲੇ ਭਵਿੱਖ ਦੀ ਆਸ ਰੱਖਣਾ ਸਿੱਖੀ ਸਿਧਾਂਤ ਹੈ। ਇਹ ਮੇਰੇ ਲਈ ਆਦੇਸ਼ ਹੈ ਅਤੇ ਮਾਨਵਤਾ ਲਈ ਸੰਦੇਸ਼ ਹੈ। ਇਸ ਖੂਬਸੂਰਤ ਧਾਰਨਾ ਦੇ ਬਾਵਜੂਦ ਬਹੁਤੇ ਬੰਦਿਆਂ ਦਾ ਹੁੱਜਤਾਂ ਭਰਿਆ ਹਰਾਮੀਪੁਣਾ ਮਨ ਨੂੰ ਬੇਚੈਨ ਕਰ ਦਿੰਦਾ ਹੈ ਅਤੇ ਮਨ ਢਹਿੰਦੀ ਕਲਾ ਵਿਚ ਚਲਿਆ ਜਾਂਦਾ ਹੈ ਅਤੇ ਆਸ ਧੁੰਦਲੀ ਹੋ ਜਾਂਦੀ ਹੈ।