ਸੂਰਜ ਮੇਰਾ ਯਾਰ

ਪ੍ਰੋ. ਲਖਬੀਰ ਸਿੰਘ
ਫੋਨ: 91-98148-66230
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਸ਼ੁਰੂ ਤੋਂ ਹੀ ਸੂਰਜ ਦਾ ਚੜ੍ਹਨਾ ਮੈਨੂੰ ਬੜਾ ਚੰਗਾ ਲੱਗਦਾ। ਪਹੁ-ਫੁਟਾਲੇ ਉਠਣਾ, ਸੈਰ ਕਰਨਾ, ਚੌਗਿਰਦੇ ਨੂੰ ਦੇਖਣਾ ਹਮੇਸ਼ਾ ਮੇਰਾ ਨਿਤਨੇਮ ਰਿਹਾ ਹੈ। ਸਵੇਰ ਵੇਲੇ ਸਿਹਤ ਦੇ ਬੁਨਿਆਦੀ ਕੰਮ ਕਰਕੇ, ਤਰੋ ਤਾਜ਼ਾ ਹੋ, ਜਦੋਂ ਦਫਤਰ ਜਾਂਦਾ ਤਾਂ ਦਰਵਾਜਾ ਖੋਲ੍ਹਦਾ ਤਾਂ ਸੁਨਹਿਰੀ ਭਾਅ ਮਾਰਦਾ ਸੂਰਜ ਬੜੇ ਸਹਿਜ ਨਾਲ ਉਪਰ ਵੱਲ ਉਠਦਾ ਨਜ਼ਰ ਆਉਂਦਾ। ਇਹ ਨਜ਼ਾਰਾ ਮੈਨੂੰ ਇਲਾਹੀ ਜਾਪਦਾ ਅਤੇ ਮੇਰਾ ਮਨ ਮੋਹ ਲੈਂਦਾ। ਮੈਂ ਮਨ ਹੀ ਮਨ ਸੂਰਜ ਨਾਲ ਗੱਲਾਂ ਕਰਦਾ, ਉਸ ਨੂੰ ਦੋਸਤ ਕਹਿੰਦਾ ਅਤੇ ਪੂਰੇ ਦਿਨ ਲਈ ਢੇਰਾਂ ਊਰਜਾ ਜਮ੍ਹਾਂ ਕਰ ਸਾਰਾ ਦਿਨ ਅਣਥੱਕ ਕੰਮ ਕਰਦਾ।

ਜਦ ਢੀਂਗਰਾ ਮੈਡੀਕਲ ਸੈਂਟਰ (ਡੀ. ਐਮ. ਸੀ.) ਵਿਖੇ ਪਹਿਲਾ ਸੂਰਜ 19 ਨਵੰਬਰ 2006 ਨੂੰ ਫਿਰ ਤੋਂ ਚੜ੍ਹਿਆ ਤਾਂ ਸਬੱਬ ਨਾਲ ਪਹਿਲੀਆਂ ਕਿਰਨਾਂ ਮੇਰੇ ਮਸਤਕ ਉਤੇ ਪਈਆਂ। ਮੈਂ ਕਿਹਾ, “ਵਾਹ ਬਈ ਵਾਹ! ਇਹਨੂੰ ਕਹਿੰਦੇ ਹਨ ਦੋਸਤੀ। ਵਾਕਿਆ ਹੀ ਸੂਰਜਾ ਤੂੰ ਪੱਕਾ ਦੋਸਤ ਨਿਕਲਿਆ, ਅਖੇ ਯਾਰੀ ਏ ਕੋਈ ਛੋਲਿਆਂ ਦਾ ਵੱਢ ਨਹੀਂ ਆ।” ਫਿਰ ਕੀ ਸੀ ਹਰ ਰੋਜ਼ ਸੂਰਜ ਦੀ ਉਡੀਕ, ਸੂਰਜ ਦਾ ਆਉਣਾ, ਊਰਜਾ ਨਾਲ ਮੈਨੂੰ ਅਤੇ ਮੇਰੇ ਕਮਰੇ ਨੂੰ ਭਰ ਆਪਣੇ ਦਿਨ ਭਰ ਦੇ ਸਫਰ ‘ਤੇ ਨਿਕਲ ਜਾਣਾ। ਇੰਜ ਹੀ ਚਲਦਾ ਰਿਹਾ 30 ਨਵੰਬਰ 2006 ਦੀ ਸਵੇਰ ਤੱਕ। ਜਦੋਂ ਪਹਿਲੀ ਦਸੰਬਰ ਨੂੰ ਮੈਨੂੰ ਪ੍ਰਾਈਵੇਟ ਕਮਰਾ ਮਿਲ ਗਿਆ ਤਾਂ ਦੋ ਦਸੰਬਰ ਸਵੇਰ ਵੇਲੇ ਮੇਰੇ ਖੱਬੇ ਪਾਸੇ ਰੋਸ਼ਨੀ ਦੀਆਂ ਕਿਰਨਾਂ ਨਜ਼ਰ ਆਈਆਂ। ਜਾਪਿਆ ਜਿਵੇਂ ਸੂਰਜੀ ਕਿਰਨਾਂ ਨੇ ਮੈਨੂੰ ਜੱਫੀ ਪਾ ਕੇ ਕਿਹਾ ਹੋਵੇ, “ਦੋਸਤਾ ਹਰ ਥਾਂ ਤੇਰਾ ਸਾਥ ਦੇਵਾਂਗੇ।” ਬਸ ਫਿਰ ਕੀ ਸੀ, ਹਰ ਰੋਜ਼ ਮੈਂ ਤੇ ਸੂਰਜ ਮਿਲਦੇ। ਹਰ ਰੋਜ਼ ਸੂਰਜ ਰੇਡੀਓਥੈਰੇਪੀ ਨਾਲ ਹੋ ਰਹੇ ਨਿਸਤੇਜ ਅੰਗਾਂ ਨੂੰ ਤੇਜ ਬਖਸ਼ ਹਿੰਮਤੀ ਅਤੇ ਤਾਕਤਵਰ ਬਣਾ ਦਿੰਦਾ। ਰਾਤੀਂ ਸੌਣ ਲਗਦੇ ਤਾਂ ਵੱਡੀਆਂ ਲਾਈਟਾਂ ਬੰਦ ਕਰ ਨਾਈਟ ਲੈਂਪ ਜਗਾਉਂਦੇ, ਉਸ ਨਾਲ ਬੈਡ ਪਾਸੇ ਆਈ. ਵੀ. ਡਰਿਪ ਲਾਉਣ ਵਾਲੇ ਐਂਗਲ ਪਿਛਿਓਂ ਜਦ ਰੋਸ਼ਨੀ ਪੈਂਦੀ ਤਾਂ ਉਸ ਦੇ ਉਪਰਲੇ ਹਿੱਸੇ ਦਾ ਪ੍ਰਛਾਵਾਂ ਟੀ.ਵੀ. ਦੀ ਛੋਟੀ ਸਕਰੀਨ ‘ਤੇ ਪੈਂਦਾ ਤਾਂ ‘ਪਹਿਲ’ ਦੇ ਲੋਗੋ ਦੀ ਅਕ੍ਰਿਤੀ ਬਣਾਉਂਦਾ। ਇੰਜ ਲਗਦਾ ਜਿਵੇਂ ਇਕ ਪਾਸੇ ਦਿਨ ਵੇਲੇ ਸੂਰਜ ਮੇਰੀ ਪ੍ਰੇਰਨਾ ਬਣਦਾ ਤੇ ਦੂਜੇ ਪਾਸੇ ‘ਪਹਿਲ ਦਾ ਲੋਗੋ ਸਮਾਜਿਕ ਪਰਿਵਰਤਨ ਦੇ ਸੁਪਨਿਆਂ ਲਈ ਪਿੱਠਭੂਮੀ ਤਿਆਰ ਕਰਦਾ। ਰਾਤ ਜਦ ਕਦੀ ਦਰਦਾਂ ਮਾਰੇ ਸਰੀਰ ਨਾਲ ਸੁੱਤੇ ਦੀ ਅੱਖ ਖੁੱਲ੍ਹਦੀ ਤਾਂ ‘ਪਹਿਲ ਦਾ ਲੋਗੋ ਉਂਜ ਹੀ ਸੂਰਜ ਵਾਂਗ ਜਾਗਦਾ ਨਜ਼ਰ ਆਉਂਦਾ ਤੇ ਕਹਿੰਦਾ ਕਿ ਤੇਰੀਆਂ ਇਹ ਦਰਦਾਂ ਸਮਾਜ ਦੀਆਂ ਦਰਦਾਂ ਦਾ ਪਾਸਕੂ ਵੀ ਨਹੀਂ, ਚੁੱਪ ਕਰਕੇ ਦੜ ਵੱਟ ਕੇ ਸਹਿ। ਇੰਜ ਇਕ ਪਾਸੇ ਕੀਮੋਥੈਰੇਪੀ, ਦੂਜੇ ਪਾਸੇ ਰੇਡੀਓਥੈਰੇਪੀ, ਤੀਜੇ ਪਾਸੇ ਸੂਰਜ ਦੀ ਦੋਸਤੀ, ਚੌਥੇ ਪਾਸੇ ਪਹਿਲ ਦਾ ਫੈਲਾਓ ਪਾਸਾਰ ਤੇ ਪ੍ਰਚਾਰ ਦੇ ਵੱਡੇ ਆਯਾਮ ਤੇ ਸਭ ਕਾਸੇ ਵਿਚ ਡਾਕਟਰਾਂ, ਨਰਸਾਂ ਦੀਆਂ ਟੀਮਾਂ, ਬਸ ਗਹਿਮਾ ਗਹਿਮੀ ਬਣੀ ਰਹਿੰਦੀ। ਇੰਜ ਸੂਰਜ ਦੀ ਦੋਸਤੀ ਅਤੇ ‘ਪਹਿਲ’ ਦਾ ਪ੍ਰਚਾਰ-ਪ੍ਰਸਾਰ ਮੇਰੇ ਲਈ ਪ੍ਰੇਰਨਾ ਸ੍ਰੋਤ ਬਣੇ ਰਹੇ।
ਟੁੱਟੀ ਗੰਢੀ ਗਈ: ਰਾਜੀਵ ਗਾਂਧੀ ਹਸਪਤਾਲ ਵਿਚ ਦਿਨ ਬੀਤਦੇ ਰਹੇ। 20 ਦਸੰਬਰ 2006 ਨੂੰ ਸਵੇਰੇ ਡਾ. ਕਟਾਰੀਆ ਆਏ ਤੇ ਬੋਲੇ, “ਉਠੋ ਸਿੰਘ ਸਾਹਿਬ ਆਪਣੀ ਸਲਤਨਤ ਸਾਂਭੋ।” ਮੈਂ ਅਤਿਅੰਤ ਹੈਰਾਨੀ ਤੇ ਖੁਸ਼ੀ ਨਾਲ ਕਿਹਾ, “ਮੈਂ ਉਠ ਸਕਦਾ ਹਾਂ ਤੇ ਨਾਲ ਹੀ ਹੰਭਲਾ ਮਾਰ ਕੇ ਉਠਣ ਦਾ ਮਨ ਬਣਾਇਆ, ਲੇਕਿਨ ਡਾਕਟਰ ਨੇ ਰੋਕ ਦਿੱਤਾ ਤੇ ਮੇਰਾ ਕੇਸ ਫਿਜਿਓਥੈਰੇਪੀ ਵੱਲ ਰੈਫਰ ਕਰ ਦਿੱਤਾ। ਫਿਜਿਓਥੈਰੇਪੀ ਵਿਭਾਗ ਦੇ ਸਬੰਧਤ ਅਧਿਕਾਰੀ ਆਏ, ਉਨ੍ਹਾਂ ਇਕ ਲੁਹਾਰ ਬੁਲਾਇਆ ਤੇ ਮੇਰੇ ਲਈ ਇਕ ਬੈਲਟ ਜੋ ਲੋਹੇ ਦੀਆਂ ਮੋਟੀਆਂ ਪੱਤੀਆਂ ਦੀ ਬਣਾਈ ਜਾਣੀ ਸੀ, ਦਾ ਨਾਪ ਦਿੱਤਾ। ਅਗਲੇ ਦਿਨ ਇਕ ਬੰਦਾ ਆਇਆ ਜੋ ਇਕ ਲੋਹੇ ਦਾ ਕਬਜ਼ਿਆਂ ਵਾਲਾ ਢਾਂਚਾ, ਮੈਨੂੰ ਦੇ ਕੇ ਤੁਰ ਗਿਆ। ਪਿਛਲਾ ਪਾਸਾ ਪੂਰੀ ਤਰ੍ਹਾਂ ਬੰਦ ਪਰ ਵੱਖੀਆਂ ‘ਤੇ ਬਾਰੀਆਂ ਖੁੱਲ੍ਹਣ ਵਾਂਗ ਕਬਜ਼ੇ ਲੱਗੇ ਹੋਏ, ਕਾਫੀ ਭਾਰੀ।
ਡਾਕਟਰਾਂ ਦੀ ਟੀਮ ਆਈ, ਮੈਨੂੰ ਥੋੜ੍ਹਾ ਪਾਸੇ ਵੱਖੀ ਪਰਨੇ ਕਰਕੇ ਮੇਰੇ ਥੱਲੇ ਉਹ ਸਿਕੰਜ਼ੇ ਵਰਗੀ ਬੈਲਟ ਦਿੱਤੀ, ਕਬਜ਼ੇ ਬੰਦ ਕੀਤੇ ਅਤੇ ਮੈਨੂੰ ਬੜੀ ਇਹਤਿਆਤ ਨਾਲ ਬਿਠਾਇਆ। ਬੜੇ ਚੱਕਰ ਆਉਣ ਲੱਗੇ। ਇਕ ਦਮ ਫਿਰ ਲਿਟਾ ਕੇ ਜਾਂਚ ਕੀਤੀ। ਫਿਰ ਉਠਾ ਕੇ ਪੈਰਾਂ ਉਤੇ ਖੜ੍ਹਾ ਕੀਤਾ ਤੇ ਫਿਰ ਲਿਟਾ ਦਿੱਤਾ। ਇੰਜ ਕਈ ਵਾਰ ਕਰਨ ਤੋਂ ਬਾਅਦ ਮੈਨੂੰ ਉਠਾ ਕੇ 10 ਕਦਮ ਚਲਾਇਆ। ਡਾਕਟਰਾਂ ਦਾ ਵਿਸ਼ਵਾਸ ਬਣ ਗਿਆ ਤੇ ਮੈਨੂੰ ਉਠਾਉਣਾ ਸ਼ੁਰੂ ਕਰ ਦਿੱਤਾ ਗਿਆ।
ਲੋਹੇ ਦੀ ਬੈਲਟ ਲਾ ਕੇ ਮੈਂ ਚੱਲਣਾ ਸ਼ੁਰੂ ਕਰ ਦਿੱਤਾ। ਚੱਲਣਾ ਕਾਫੀ ਮੁਸ਼ਕਿਲ ਸੀ। ਇੰਨੇ ਨੂੰ ਫਿਜਿਓਥੈਰੇਪੀ ਵਿਭਾਗ ਦੀ ਮੁਖੀ ਡਾ. ਵੰਦਨਾ ਛੁੱਟੀ ਤੋਂ ਮੁੜੀ ਤੇ ਮੇਰੇ ਕਮਰੇ ਵਿਚ ਪਹੁੰਚੀ। ਜਦੋਂ ਉਨ੍ਹਾਂ ਦਿੱਕਤ ਪੁੱਛੀ ਤਾਂ ਮੈਂ ਇਕ ਦਮ ਕਹਿ ਉਠਿਆ ਕਿ ਡਾਕਟਰ ਸਾਹਿਬਾ ਇੰਨੀ ਭਾਰੀ ਲੋਹੇ ਦੀ ਬੈਲਟ ਮੇਰੇ ਮਨ ‘ਚ ਵੱਡਾ ਪ੍ਰਸ਼ਨ ਬਣੀ ਖੜ੍ਹੀ ਹੈ। ਕਹਿੰਦੇ, “ਬੈਲਟ ਤਾਂ ਹੋਰ ਵੀ ਹੈ ਲੇਕਿਨ ਮਹਿੰਗੀ ਬਹੁਤ ਹੈ।” ਮੈਂ ਕਿਹਾ, “ਇਸ ਵਕਤ ਮਹਿੰਗੀ-ਸਸਤੀ ਦਾ ਸਵਾਲ ਨਹੀਂ, ਜ਼ਿੰਦਗੀ ਦਾ ਸਵਾਲ ਹੈ।” ਉਨ੍ਹਾਂ ਇਕ ਕੰਪਨੀ ਦੇ ਪ੍ਰਤੀਨਿਧ ਨੂੰ ਫੋਨ ਕਰਕੇ ਬੁਲਾ ਲਿਆ, ਉਨ੍ਹਾਂ ਮੇਰੀ ਰੀੜ੍ਹ ਦੀ ਹੱਡੀ ਦਾ ਨਾਪ ਲੈ ਕੇ ਬੜੀ ਨਜ਼ਾਕਤ ਨਾਲ ਇਕ ਡੱਬਾ ਖੋਲ੍ਹਿਆ। ਇਸ ਡੱਬੇ ਵਿਚੋਂ ਬੈਲਟ ਦੇ ਕੁਝ ਪੁਰਜ਼ੇ ਕੱਢੇ, ਕੁਝ ਕੱਟ ਵੱਢ ਕੀਤੀ ਅਤੇ ਮੈਨੂੰ ਪਹਿਨਾ ਕੇ ਦਿਖਾਈ। ਕਿਸੇ ਜਰਮਨ ਕੰਪਨੀ ਵਲੋਂ ਟਿਟੇਨੀਅਮ ਧਾਤ ਦੀ ਟੇਲਰਜ਼ ਬਰੇਸ ਬੜੀ ਹਲਕੀ ਅਤੇ ਪਹਿਨਣ ਵਿਚ ਆਸਾਨ। ਇਹ ਮੇਰੇ ਭਾਰਤ ਮਹਾਨ ਦੀ ਲੋਹੇ ਦੀ ਬਣੀ ਕਬਜ਼ੇਦਾਰ ਬੈਲਟ ਨਾਲੋਂ ਲੱਖ ਗੁਣਾਂ ਬਿਹਤਰ। ਇੰਜ ਲੱਗਾ, ਅਜਿਹੀ ਟੇਲਰਜ਼ ਬਰੇਸ ਤਾਂ ਪਹਿਰਾਵੇ ਦੇ ਅੰਦਰ ਪਹਿਨੀ ਦਾ ਵੀ ਪਤਾ ਨਹੀਂ ਲੱਗਦਾ। ਇਸ ਸਪਾਈਨਲ ਬਰੇਸ ਪਹਿਨ ਕੇ ਮੈਂ ਉਠਣਾ ਤੇ ਚੱਲਣਾ-ਫਿਰਨਾ ਸ਼ੁਰੂ ਕਰ ਦਿੱਤਾ।
ਆਪਣੀਆਂ ਸਰੀਰਕ ਕ੍ਰਿਆਵਾਂ ਲਈ ਥੋੜ੍ਹਾ ਸਵੈ-ਨਿਰਭਰ ਹੋਇਆ ਅਤੇ ਕਮਰੇ ਤੋਂ ਬਾਹਰ ਜਾ ਕੇ ਹੋਰਨਾਂ ਮਰੀਜ਼ਾਂ ਦਾ ਹਾਲ ਪੁੱਛਣਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਮਰੀਜ਼ਾਂ ਦੀਆਂ ਹਿਰਦੇਵੇਦਕ ਕਹਾਣੀਆਂ ਸੁਣੀਆਂ। ਜਿਸ ਦਾ ਦੁੱਖ ਪੁੱਛਿਆ, ਉਹ ਫਿੱਸ ਹੀ ਪਿਆ। ਮੈਂ ਸੋਚਿਆ ਕਿ ਕੈਂਸਰ ਦੇ ਜਿਸ ਸ਼ਿੰਕਜੇ ਵਿਚ ਮੈਂ ਫਸਿਆ ਹੋਇਆ ਹਾਂ ਵਾਕਿਆ ਹੀ ਭੈਅਭੀਤ ਕਰਨ ਵਾਲਾ ਹੈ। ਮੈਨੂੰ ਜਾਪਦਾ, ਕੈਂਸਰ ਤੀਜੇ ਮਿਲੇਨੀਅਮ ਦੀ ਸਭ ਤੋਂ ਵੱਡੀ ਮਹਾਂਮਾਰੀ ਸਾਬਤ ਹੋਏਗਾ। ਹਰੀ ਕ੍ਰਾਂਤੀ ਦੌਰਾਨ ਕੀਟ ਨਾਸ਼ਕਾਂ, ਨਦੀਨ ਨਾਸ਼ਕਾਂ, ਖਾਦਾਂ ਨੇ ਪੰਜਾਬ ਨੂੰ ਭਾਰਤ ਦਾ ਅੰਨਦਾਤਾ ਤਾਂ ਬਣਾ ਦਿੱਤਾ ਪਰ ਧਰਤੀ ਵਿਚ ਕੈਂਸਰ ਦੇ ਬੀਜ, ਬੀਜ ਦਿੱਤੇ। ਅੱਜ ਬਿਜਲਈ ਉਪਕਰਨਾਂ ਤੇ ਸੰਚਾਰ ਸਾਧਨਾਂ ਦੀ ਬੇਧਿਆਨੀ ਵਰਤੋਂ ਨਾਲ ਅੱਗੇ ਵਾਸਤੇ ਭਿਆਨਕ ਕੈਂਸਰ ਦੇ ਬੀਜ, ਬੀਜੇ ਜਾ ਰਹੇ ਹਨ, ਜੋ ਆਉਣ ਵਾਲੇ ਪੰਦਰਾਂ ਵੀਹ ਸਾਲਾਂ ਤੱਕ ਖੌਫਨਾਕ ਫਸਲ ਦੇਣਗੇ।
ਪਿਆਰ ਦਾ ਸਮੁੰਦਰ: ਮੇਰੇ ਦਿੱਲੀ ਜਾਣ ਪਿਛੋਂ ਮੇਰੇ ਕੁਝ ਇਕ ਸ਼ੁਭਚਿੰਤਕਾਂ ਨੇ ਮੈਨੂੰ ਦੱਸੇ ਬਗੈਰ ਹੀ ਜਲੰਧਰ ਵਿਚ ਮੇਰੇ ਨਾਂ ‘ਤੇ ਇਕ ਚੈਰਿਟੀ ਸ਼ੋਅ ਕਰਨ ਲਈ ਬੈਨਰ ਲਾ ਕੇ ਕਾਰਡ ਵੇਚਣੇ ਸ਼ੁਰੂ ਕਰ ਦਿੱਤੇ। ਇਕ ਦਿਨ ਸ਼ਾਮ ਨੂੰ ਮੇਰੀ ਇਕ ਸ਼ੁਭਚਿੰਤਕ ਦਾ ਫੋਨ ਆਇਆ ਤੇ ਪੁੱਛਿਆ ਕਿ ਕੀ ਮੈਂ ਇਹ ਸਭ ਜਾਣਦਾ ਹਾਂ? ਮੈਨੂੰ ਬਹੁਤ ਅਜੀਬ ਲੱਗਾ। ਮਨ ਨੂੰ ਕਿਹਾ ਕਿ ਅਜੇ ਤਾਂ ਮੈਂ ਆਪ ਹੀ ਇਹ ਜੰਗ ਲੜਾਂਗਾ। ਮੈਂ ਯਕਲਖਤ ਇਸ ਸਾਰੀ ਗੱਲਬਾਤ ਨੂੰ ਉਥੇ ਹੀ ਰੋਕ ਦਿੱਤਾ ਲੇਕਿਨ ਉਸ ਕਾਰਜ ਨੂੰ ਪੂਰਨ ਰੂਪ ‘ਚ ਬੰਦ ਕਰਨ ਦੀ ਥਾਂ ਮੈਂ ਦੋਸਤਾਂ ਦੇ ਕਹਿਣ ‘ਤੇ ਸਿਰਫ ਪ੍ਰਾਰਥਨਾ ਸਭਾ ਲਈ ਸਹਿਮਤੀ ਦੇ ਦਿੱਤੀ। ਉਸ ਚੈਰਿਟੀ ਸ਼ੋਅ ਦੀ ਥਾਂ 22 ਦਸੰਬਰ 2006 ਨੂੰ ਇਕ ਪ੍ਰਾਰਥਨਾ ਸਭਾ ਰੱਖੀ ਗਈ।
ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਜਦ 21 ਦਸੰਬਰ 2006 ਨੂੰ ਖਾਣ-ਪੀਣ ਤੇ ਦਵਾਈਆਂ ਦਾ ਦੌਰ ਰਾਤ 10 ਵਜੇ ਖਤਮ ਹੋਇਆ ਤਾਂ ਮੈਂ ਹਰਵਿੰਦਰ ਨੂੰ ਕਿਹਾ ਕਿ ਇਕ ਲੈਟਰ ਪੈਡ, ਪੈਨ ਘੁੰਮਦੇ ਮੇਜ਼ ‘ਤੇ ਰੱਖ ਕੇ ਮੇਰੇ ਵੱਲ ਨੂੰ ਸਰਕਾ ਦੇ ਅਤੇ ਤੂੰ ਸੌਂ ਜਾ। ਮੈਂ 10 ਵਜੇ ਰਾਤ ਨੂੰ ਇਕ ਖੁੱਲ੍ਹੀ ਚਿੱਠੀ ਪੰਜਾਬ ਦੇ ਨਾਂ ਲਿਖਣੀ ਸ਼ੁਰੂ ਕੀਤੀ ਤੇ ਕੰਬਦੇ ਹੱਥਾਂ ਨਾਲ ਤੜਕਸਾਰ ਇਕ ਵਜੇ ਤੱਕ ਲਿਖਦਾ ਰਿਹਾ। ਉਸ ਹਾਲਾਤ ਵਿਚ ਆਪਣੀ ਪ੍ਰਤੀਬੱਧਤਾ, ਲਗਾਓ, ਇੱਛਾ-ਸ਼ਕਤੀ ਦਾ ਜ਼ਿਕਰ ਕਰਦਿਆਂ 7 ਪੰਨੇ ਭਰ ਦਿੱਤੇ ਤੇ ਸਵੇਰੇ ਕਿਸੇ ਨੂੰ ਸਪੈਸ਼ਲ ਪੰਜਾਬ ਭੇਜ ਕੇ ਪ੍ਰਾਰਥਨਾ ਸਭਾ ਤੋਂ ਪਹਿਲਾਂ ਉਹ ਚਿੱਠੀ ਜਲੰਧਰ ਪਹੁੰਚਾ ਦਿੱਤੀ।
ਇਸ ਪ੍ਰਾਰਥਨਾ ਸਭਾ ਵਿਚ ਡਿਪਟੀ ਕਮਿਸ਼ਨਰ ਜਲੰਧਰ ਕੇ. ਸ਼ਿਵਾ ਪ੍ਰਸਾਦ ਆਈ. ਏ. ਐਸ਼, ਡਿਪਟੀ ਕਮਿਸ਼ਨਰ ਲੁਧਿਆਣਾ ਅਸ਼ੋਕ ਗੁਪਤਾ ਆਈ. ਏ. ਐਸ, ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਕ੍ਰਿਸ਼ਨ ਕੁਮਾਰ ਆਈ. ਏ. ਐਸ਼ ਸਮੇਤ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ, ਕਰਨਲ ਮਨਮੋਹਨ ਸਿੰਘ, ਹੰਸ ਰਾਜ ਹੰਸ ਤੇ ਹੋਰ ਕੋਈ 500 ਮੁਹਤਬਰ ਲੋਕ ਪਹੁੰਚੇ ਹੋਏ ਸਨ। ਮੇਰੇ ਦੋਸਤ ਪ੍ਰੋ. ਕਮਲਦੀਪ ਸਿੰਘ ਨੇ ਮੇਰੀ ਚਿੱਠੀ ਪੜ੍ਹ ਕੇ ਸੁਣਾਈ। ਦੱਸਿਆ ਗਿਆ ਕਿ ਹਰ ਇਕ ਦੋ ਵਾਕਾਂ ਬਾਅਦ ਪ੍ਰੋ. ਕਮਲਦੀਪ ਸਿੰਘ ਦਾ ਗੱਚ ਭਰ ਜਾਂਦਾ ਸੀ ਤੇ ਸਾਰੇ ਹਾਲ ਵਿਚ ਅੰਤਾਂ ਦੀ ਸ਼ਾਂਤੀ ਤੇ ਸਭ ਦੀਆਂ ਅੱਖਾਂ ‘ਚੋਂ ਹੰਝੂ ਟਪਕ ਪੈਂਦੇ ਸਨ। ਇਹ ਸਾਰੇ ਅਹਿਸਾਸ ਜਦ ਮੇਰੇ ਤੱਕ ਪਹੁੰਚੇ ਤਾਂ ਮੇਰੀ ਪ੍ਰੇਰਨਾ ਅਤੇ ਮੇਰੀ ਹਿੰਮਤ ਦਾ ਆਧਾਰ ਬਣੇ। ਮਨ ਨੇ ਕਿਹਾ ਕਿ ਲੋਕ ਮੈਨੂੰ ਇੰਨਾ ਪਿਆਰ ਕਰਦੇ ਹਨ, ਸੋ ਮੈਂ ਹਰ ਦੁੱਖ-ਕਸ਼ਟ ਹੱਸ ਕੇ ਝੱਲਦਾ ਲੋਕਾਂ ਲਈ ਜੀਵਾਂਗਾ।
ਰੇਡੀਓਥੈਰੇਪੀ ਦਾ ਕੋਰਸ ਪੂਰਾ ਹੋਣ ਵਾਲਾ ਸੀ ਤੇ ਕੀਮੋਥੈਰੇਪੀ ਤਾਂ ਅਜੇ ਮਾਰਚ 2007 ਦੇ ਅਖੀਰ ਤੱਕ ਚੱਲਣੀ ਸੀ। ਲੇਕਿਨ ਇਹ ਕਨਸੋਅ ਮਿਲਣੀ ਸ਼ੁਰੂ ਹੋ ਗਈ ਕਿ ਰੇਡੀਓਥੈਰੇਪੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ ਅਤੇ ਕੀਮੋਥੈਰੇਪੀ ਘਰ ਦੇ ਕਮਰੇ ਵਿਚ ਚਲਦੀ ਰਹੇਗੀ। ਇਸ ਗੱਲ ਨੇ ਵੀ ਹੌਂਸਲਾ ਵਧਾਇਆ ਕਿ ਇਕ ਹਫਤੇ ਬਾਅਦ ਆਪਣੇ ਘਰ ਪਹੁੰਚ ਜਾਣਾ ਹੈ। ਉਦੋਂ ਤੱਕ ਮਾਤਾ-ਪਿਤਾ ਤੇ ਬੱਚਿਆਂ ਨੂੰ ਦੱਸਿਆ ਤੱਕ ਨਹੀਂ ਸੀ ਕਿ ਉਨ੍ਹਾਂ ਦਾ ਆਪਣਾ ਕਿੰਨੀ ਭਿਆਨਕ ਜੰਗ ਲੜ ਰਿਹਾ ਹੈ।
ਲਾਲਾਂ ਦੀ ਜੋੜੀ ਨਾਲ ਮੇਲ: ਕੀਮੋਥੈਰੇਪੀ ਦੇ ਕਈ ਸਾਈਕਲ ਚੱਲਣੇ ਸਨ। ਰੇਡੀਓਥੈਰੇਪੀ ਖਤਮ ਹੋਣ ਵਾਲੀ ਸੀ। ਡਾਕਟਰ ਭਾਵੇਂ ਡਰਾਉਣੀਆਂ ਪੇਸ਼ੀਨਗੋਈਆਂ ਕਰਦੇ ਸਨ ਪਰ ਮੈਂ ਪੂਰਨ ਵਿਸ਼ਵਾਸੀ ਸਾਂ ਕਿ ਹਰ ਕੀਮਤ ‘ਤੇ ਉਠਣਾ ਹੈ, ਬੀਮਾਰੀ ਜੋ ਮਰਜ਼ੀ ਕਰੇ, ਮੈਂ ਬੁਲੰਦ ਜੀਣਾ ਹੈ। ਐਸੀ ਉਚੀ ਮਨੋਅਵਸਥਾ ਵਿਚ ਆਪਣੇ ਲਾਲਾਂ-ਲਿਆਕਤਬੀਰ ਅਤੇ ਬਾਗੇਸ਼ਵਰ ਨੂੰ ਮਿਲਣ ਦੀ ਖਾਹਿਸ਼ ਉਸਲਵੱਟੇ ਲੈਣ ਲੱਗੀ। ਮੈਂ ਘਰ ਸੁਨੇਹਾ ਭੇਜ ਦਿੱਤਾ ਕਿ ਮੈਨੂੰ ਮੇਰੇ ਬੱਚੇ ਮਿਲਾ ਦਿਓ। ਪੁਛਦੇ ਕਿਹਦੇ ਨਾਲ ਭੇਜਾਂਗੇ, ਮੈਂ ਕਿਹਾ ਸਟੇਸ਼ਨ ਟਰੇਨ ਦੇ ਸਮੇਂ ਮੁਤਾਬਕ ਚਲੇ ਜਾਣ, ਕਈ ਲੋਕ ਮੇਰੇ ਵਾਕਿਫ ਮਿਲ ਜਾਣਗੇ।
ਇੰਜ ਹੀ ਹੋਇਆ, ਡਾ. ਵੀ. ਕੇ. ਤਿਵਾੜੀ ਤੇ ਸ਼੍ਰੀਮਤੀ ਸਰਿਤਾ ਤਿਵਾੜੀ ਮਿਲ ਗਏ। ਉਨ੍ਹਾਂ ਨਾਲ ਲਿਆਕਤਬੀਰ ਤੇ ਬਾਗੇਸ਼ਵਰ ਨੂੰ ਦਿੱਲੀ ਪਹੁੰਚਾ ਦਿੱਤਾ। ਮੇਰੇ ਲਾਲ ਜਦੋਂ ਰੋਹਨੀ ਹਸਪਤਾਲ ਪਹੁੰਚੇ ਤਾਂ ਬਾਹਰ ਕੈਂਸਰ ਹਸਪਤਾਲ ਦਾ ਬੋਰਡ ਪੜ੍ਹ ਕੇ ਘਬਰਾ ਗਏ। ਵੱਡੀ ਰੁਕਾਵਟ ਇਹ ਸੀ ਕਿ ਛੋਟੇ ਤੇ ਤੰਦਰੁਸਤ ਬਾਲਾਂ ਨੂੰ ਰਾਜੀਵ ਗਾਂਧੀ ਕੈਂਸਰ ਹਸਪਤਾਲ ਵਿਚ ਦਾਖਿਲ ਨਹੀਂ ਹੋਣ ਦਿੱਤਾ ਜਾਂਦਾ ਸੀ। ਅਸਾਂ ਇਕ ਚੋਰ-ਮੋਰੀ ਲੱਭੀ ਅਤੇ ਇਕ ਖਿੜਕੀ ਰਾਹੀਂ ਦੋਹਾਂ ਨੂੰ ਅੰਦਰ ਵਾੜਿਆ। ਜਦ ਮਿਲੇ ਤਾਂ ਮੇਰੀਆਂ ਅੱਖਾਂ ਕੋਮਲ ਮਨ ਬਾਲਾਂ ਨੂੰ ਦੇਖ ਕੇ ਨਮ ਹੋ ਗਈਆਂ। ਬਗਲਗੀਰ ਕੀਤਾ ਤੇ ਸੁਭਾਵਕ ਮੂੰਹੋਂ ਨਿਕਲਿਆ, “ਅਜੇ ਤੁਸੀਂ ਬਾਪ ਦਾ ਭਾਰ ਚੁੱਕਣ ਜੋਗੇ ਨਹੀਂ ਹੋਏ। ਮੈਂ ਹਰ ਹਾਲਾਤ ਵਿਚ ਜੀਵਾਂਗਾ ਤੇ ਹਰ ਇਮਤਿਹਾਨ ਪਾਸ ਕਰਾਂਗਾ।”
ਉਸ ਰਾਤ ਬਾਲਾਂ ਨੂੰ ਕਮਰੇ ਵਿਚ ਆਪਣੇ ਕੋਲ ਰੱਖਿਆ, ਜਦ ਕੋਈ ਡਾਕਟਰ, ਨਰਸ ਕਮਰੇ ਵਿਚ ਆਵੇ ਤਾਂ ਇਨ੍ਹਾਂ ਨੂੰ ਬਾਥਰੂਮ ਵਿਚ ਵਾੜ ਦੇਣਾ, ਫਿਰ ਕੋਲ ਬੁਲਾ ਲੈਣਾ। ਇੰਜ 30 ਨਵੰਬਰ ਤੋਂ ਬਾਅਦ 23 ਦਸੰਬਰ ਨੂੰ, 24 ਦਿਨਾਂ ਪਿਛੋਂ ਆਪਣੇ ਬੱਚਿਆਂ ਨੂੰ ਮਿਲਣ ਦੀ ਘੜੀ ਸੀ। ਮਾਂ ਨੇ ਦੋਹਾਂ ਨੂੰ ਬੜਾ ਲਾਡ ਕੀਤਾ ਅਤੇ ਅਗਲੇ ਦਿਨ ਵਾਪਿਸ ਜਲੰਧਰ ਭੇਜ ਦਿੱਤਾ। ਇਸ ਨਾਜ਼ੁਕ ਸਮੇਂ ਵਿਚ ਵੱਡੀ ਭੈਣ ਰਣਜੀਤ, ਭਣਵੱਈਆ ਪ੍ਰਦੀਪ ਕੁਮਾਰ ਅਤੇ ਮਾਤਾ ਜੀ ਮੈਨੂੰ ਮਿਲਣ ਆਏ। ਛੋਟੀ ਭੈਣ ਪਲਵਿੰਦਰ ਕੌਰ ਅਤੇ ਭਣਵੱਈਆ ਤਰਨਜੀਤ ਸਿੰਘ ਮਿਲਣ ਆਏ। ਮੇਰੇ ਦੋਸਤ ਕੁਲੀਗ ਪ੍ਰੋ. ਅਸ਼ੋਕ ਖੁਰਾਣਾ ਵੀ ਮਿਲਣ ਹਸਪਤਾਲ ਪਹੁੰਚੇ। ਹਰ ਕੋਈ ਮੈਨੂੰ ਮਿਲ ਕੇ ਬੜਾ ਭਾਵੁਕ ਹੋਇਆ। ਫਿਰ ਮੇਰੇ ਕੋਲ ਇਕ ਹਫਤਾ ਸੀ ਵਾਪਸ ਜਲੰਧਰ ਆਉਣ ਵਿਚ। 30 ਦਸੰਬਰ ਨੂੰ ਰੇਡੀਓਥੈਰੇਪੀ ਦੀ ਆਖਰੀ ਫਰੈਕਸ਼ਨ ਦੇ ਕੇ ਹਸਪਤਾਲ ਤੋਂ ਡਿਸਚਾਰਜ ਦਾ ਕੰਮ ਅਰੰਭ ਹੋ ਗਿਆ।
ਮਨ ਸੀ ਕਿ ਨਵੇਂ ਸਾਲ 2007 ਦਾ ਸੂਰਜ ਆਪਣੇ ਘਰ ਹੀ ਦੋਸਤੀ ਦਾ ਹੱਥ ਮਿਲਾਵੇ। ਇੰਜ ਹੀ ਹੋਇਆ 31 ਦਸੰਬਰ ਨੂੰ ਸਵੇਰੇ ਬੜੀ ਇਹਤਿਆਤ ਨਾਲ ਐਂਬੂਲੈਂਸ ਵਰਗੀ ਗੱਡੀ ਕਰਕੇ ਚੱਲ ਪਏ। ਹਸਪਤਾਲ ਦਾ ਗਾਊਨ ਪਾਇਆ ਹੋਇਆ ਸੀ। ਰਸਤੇ ‘ਚ ਕਰਨਾਲ ਹਵੇਲੀ ਕੁਝ ਖਾਣ-ਪੀਣ ਲਈ ਰੁਕੇ। ਗੱਡੀ ‘ਚੋਂ ਬਾਹਰ ਨਿਕਲੇ ਰੰਗ-ਬਿਰੰਗੇ ਦਿਲਕਸ਼ ਸੂਟਾਂ ਵਿਚ ਨਾਰੀਆਂ ਤੇ ਭਾਂਤ ਭਾਂਤ ਦੀਆਂ ਸੋਹਣੀਆਂ ਰੰਗਦਾਰ ਪੱਗਾਂ ਵਿਚ ਮਰਦਾਂ ਨੂੰ ਸੋਹਣੇ ਰੂਪ ਵਿਚ ਦੇਖ ਭਰਪੂਰ ਜ਼ਿੰਦਗੀ ਦੀ ਲਲਕ ਜਾਗੀ। ਫਿਰ ਤੋਂ ਨੋਕ ਵਾਲੀਆਂ ਰੰਗੀਨ ਪਟਿਆਲਾ ਸ਼ਾਹੀ ਦਸਤਾਰਾਂ ਸੱਜਣਗੀਆਂ, ਮੈਚਿੰਗ ਕੱਪੜੇ ਪਹਿਨਾਗੇ, ਠਹਾਕੇ ਲਾਵਾਂਗੇ, ਮੇਲਿਆਂ-ਮੁਸਾਹਬਿਆਂ ਅਤੇ ਵਿਆਹ-ਸ਼ਾਦੀਆਂ ‘ਤੇ ਜਾਵਾਂਗੇ। ਅਜਿਹੇ ਰੰਗੀਨ ਸੁਪਨੇ ਲੈਂਦਿਆਂ ਜਲੰਧਰ ਘਰ ਆ ਪਹੁੰਚੇ। ਮਾਂ ਨੇ ਜੰਗ ਜਿੱਤ ਕੇ ਆਏ ਫੌਜੀ ਦਾ ਸੁਆਗਤ ਕਰਨ ਵਾਂਗ ਦਹਿਲੀਜ਼ਾਂ ‘ਤੇ ਤੇਲ ਚੋਅ ਕੇ ਅੰਦਰ ਵਾੜਿਆ ਤੇ ਮੱਥਾ ਚੁੰਮਿਆ। ਬੜਾ ਚਾਅ ਹੋਇਆ ਮੇਰੇ ਆਉਣ ‘ਤੇ, ਸਭ ਦੇ ਚਿਹਰਿਆਂ ਤੇ ਰੌਣਕ ਆਈ ਤੇ ਉਸ ਵਕਤ ਹੀ ਮਾਪਿਆਂ ਨੂੰ ਸਭ ਕੁਝ ਦੱਸਿਆ।
ਅੱਜ ਦਾ ਰੋਜ਼ ਮੁਬਾਰਕ ਚੜ੍ਹਿਆ: ਜਿਸ ਬਿਸਤਰ ਤੋਂ 18 ਨਵੰਬਰ 2006 ਨੂੰ ਸਵੇਰੇ 5 ਵਜੇ ਉਠ ਕੇ ਨਿਕਲਿਆਂ ਅਤੇ ਜੌਗਿੰਗ ਕਰਨ ਬਾਹਰ ਗਿਆ ਸੀ, ਉਹੀ ਬਿਸਤਰ ਮੁੜ 31 ਦਸੰਬਰ 2006 ਨੂੰ ਨਸੀਬ ਹੋਇਆ ਅਤੇ ਪਹਿਲੀ ਜਨਵਰੀ 2007 ਦੀ ਸਵੇਰ ਫਿਰ ਉਸੇ ਬਿਸਤਰ ਤੋਂ ਉਠ ਕੇ ਨਿੰਮੀ ਨਿੰਮੀ ਸੈਰ ਘਰ ਦੇ ਅੰਦਰ ਹੀ ਕੀਤੀ। ਆਸ-ਪਾਸ ਸਭ ਨੂੰ ਖਬਰ ਹੋ ਗਈ ਕਿ ਮੈਂ ਮੁੜ ਘਰ ਆ ਗਿਆ ਹਾਂ। ਬਹੁਤ ਸਾਰੇ ਮਿੱਤਰ ਤੇ ਸਬੰਧੀ ਫੁੱਲ, ਗੁਲਦਸਤੇ ਲੈ ਕੇ ਮਿਲਣ ਆਏ। ਲੇਕਿਨ ਸਿਹਤ ਦੀ ਨਜ਼ਾਕਤ, ਲਾਗ ਦਾ ਡਰ ਦੇਖਦਿਆਂ ਖਿੜਕੀ ਤੋਂ ਹੀ ਸਭ ਦੀਆਂ ਨਵੇਂ ਸਾਲ ਲਈ ਸ਼ੁਭਕਾਮਨਾਵਾਂ ਸਵੀਕਾਰਦਿਆਂ ਫਤਿਹ ਬੁਲਾਈ।
ਦੋ ਕਾਰਨ ਸਨ, ਪਹਿਲਾ ਕਿ ਮੇਰੀ ਸਿਹਤ ਦੇਖ ਕੇ ਦੁੱਖ ਦੀ ਆਹ ਨੇ ਲੋਕਾਂ ਦਾ ਤਰਾਹ ਕੱਢ ਦੇਣਾ ਸੀ, ਦੂਜਾ ਸਰੀਰ ਦਾ ਆਪਣਾ ਸੁਰੱਖਿਆ ਪ੍ਰਬੰਧ ਬਹੁਤ ਨਾਜ਼ੁਕ ਹੋ ਜਾਣ ਕਾਰਨ ਬਾਹਰੋਂ ਆਇਆਂ ਵੱਲੋਂ ਲਾਗ ਦਾ ਖਤਰਾ ਸੀ। ਮੇਰਾ ਕਮਰਾ ਪੂਰਨ ਲਾਗਮੁਕਤ ਕੀਤਾ ਗਿਆ ਸੀ। ਬੜੀ ਭਾਰੀ ਕੀਮੋਥੈਰੇਪੀ ਚਲਦੀ ਰਹੀ ਤੇ ਮੈਂ ਸਾਰੀਆਂ ਚੁਣੌਤੀਆਂ ਨੂੰ ਖਿੜੇ ਮੱਥੇ ਸਵੀਕਾਰ ਕਰਦਾ ਰਿਹਾ। ਹਰ ਹਫਤੇ ਅੱਗ ਬੁਝਾਊ ਗੱਡੀਆਂ ਵਾਂਗ ਭਾਰੀ ਸਟੀਰਾਇਡ ਦੀ ਡੋਜ਼ ਹੀ ਖੂਨ ਦੀਆਂ ਨਾੜੀਆਂ ਵਿਚ ਪਿਘਲੇ ਲੋਹੇ ਵਾਂਗ ਚਲਦੀ ਕੀਮੋਥੈਰੇਪੀ ਦਵਾਈ ਨੂੰ ਠੰਡਿਆਂ ਕਰਦੀ ਸੀ, ਲੇਕਿਨ ਇਸ ਦੇ ਖੁਦ ਦੇ ਕਾਫੀ ਸਾਈਡਇਫੈਕਟ ਹੁੰਦੇ ਸਨ।
ਪਹਿਲੇ ਦਿਨ ਬੇਹੱਦ ਊਰਜਾ ਦਾ ਅਹਿਸਾਸ, ਗੁੱਸਾ ਰੱਜ ਕੇ ਆਉਣਾ, ਨੀਂਦ ਨਾ ਆਉਣਾ, ਭੁੱਖ ਜ਼ਿਆਦਾ ਲੱਗਣਾ, ਬੇਚੈਨ ਰਹਿਣਾ ਇਸ ਦੇ ਮਾੜੇ ਅਸਰ ਸਨ। ਉਸ ਵਕਤ ਇਸ ਕਿਸਮ ਦੇ ਕੈਂਸਰ ਦੀ ਪੂਰੇ ਵਿਸ਼ਵ ਵਿਚ ਇਕ ਹੀ ਕੀਮੋ ਦਵਾਈ ਸੀ, ਜੋ ਭਾਰਤ ਵਿਚ ਡਾਬਰ ਕੰਪਨੀ ਤਿਆਰ ਕਰਦੀ ਸੀ। ਇਸ ਦੀ ਖੋਜ 1904 ਵਿਚ ਹੋਈ ਸੀ। ਇਸ ਦਵਾਈ ਦੇ ਮਾੜੇ ਅਸਰਾਂ ਨਾਲ ਲੱਖਾਂ ਬੱਚਿਆਂ ਦੇ ਜਮਾਂਦਰੂ ਦਿਵਿਆਂਗ ਹੋ ਜਾਣ ਕਾਰਨ ਇਸ ਥੈਲੀਡੋਮਾਇਡ ਸਾਲਟ ‘ਤੇ ਵਿਸ਼ਵ ਭਰ ਵਿਚ 1954 ਵਿਚ ਪੂਰਨ ਰੋਕ ਲਾ ਦਿੱਤੀ ਸੀ, ਲੇਕਿਨ ਕੈਂਸਰ ਅਤੇ ਕੁਝ ਹੋਰ ਬੀਮਾਰੀਆਂ ਵਿਚ ਬੇਹੱਦ ਅੱਛੇ ਨਤੀਜੇ ਦੇਣ ਕਾਰਨ, ਬੜੀਆਂ ਅਹਿਮ ਸੋਧਾਂ ਨਾਲ 2004 ਵਿਚ ਫਿਰ ਤੋਂ ਖਾਸ ਸ਼ਰਤਾਂ ਸਮੇਤ ਫਿਰ ਵਿਕਣ ਲੱਗੀ। ਮੈਂ ਉਨ੍ਹਾਂ ਸ਼ਰਤਾਂ ‘ਤੇ ਪੂਰਾ ਉਤਰਦਾ ਹੋਣ ਕਾਰਨ ਇਸ ਦਵਾਈ ਦੇ ਕਾਬਲ ਸਾਂ।
ਅਜਿਹੀ ਹਾਲਾਤ ਵਿਚ ਇਲਾਜ ਦੌਰਾਨ ਮੈਂ ਖੁਦ ਹੀ ਫੈਸਲੇ ਲੈਂਦਾ, ਸਲਾਹ ਦਿੰਦਾ ਤੇ ਇਲਾਜ ਦੀ ਅਗਵਾਈ ਕਰਦਾ। ਕਦੀ ਕਿਸੇ ਨੂੰ ਤੰਗ ਹੋ ਕੇ ਪਤਾ ਲੈਣ ਵੀ ਨਹੀਂ ਆਉਣ ਦਿੰਦਾ ਤੇ ਨਾ ਹੀ ਸੇਵਾ ਲਈ ਤਕੱਲੁਫ ਦਿੰਦਾ। ਹਰਵਿੰਦਰ ਬਿਸਤਰ ਅਤੇ ਕਮਰੇ ਦੀ ਸੇਵਾ ਸਾਂਭਦੀ ਅਤੇ ਇਕ ਮਦਦਗਾਰ ਬਾਹਰ ਰਹਿੰਦਾ। ਰਾਜੀਵ ਗਾਂਧੀ ਹਸਪਤਾਲ ਦੇ 31 ਦਿਨ ਦੇ ਸਮੇਂ ਵਿਚ ਡਾ. ਅਸ਼ਵਨੀ ਸ਼ਰਮਾ, ਪ੍ਰੋ. ਤੀਰਥ ਸਿੰਘ, ਪ੍ਰੋ. ਕਮਲਦੀਪ ਸਿੰਘ, ਪ੍ਰੋ. ਸਰਬਜੀਤ ਸਿੰਘ ਧੀਰ ਹੁਰਾਂ ਇੱਕ-ਇੱਕ ਹਫਤੇ ਦੀ ਹਾਜ਼ਰੀ ਦਿੱਤੀ। ਇਸ ਤੋਂ ਇਲਾਵਾ ਇੱਕ ਮਹੀਨੇ ਦੇ ਸਮੇਂ ਵਿਚ ਸ਼ਾਇਦ ਦੋ ਜਾਂ ਤਿੰਨ ਸ਼ੁਭਚਿੰਤਕਾਂ ਨੂੰ ਹੀ ਮੈਂ ਦਿਲੀ ਪਹੁੰਚਣ ਦਿੱਤਾ ਹੋਵੇਗਾ। ਇਕ ਸਮਾਂ ਐਸਾ ਆਇਆ ਕਿ ਮਾਰਚ 2007 ਦੇ ਤੀਜੇ ਹਫਤੇ ਵਿਚ ਕਰੀਬ 4 ਦਿਨ ਮੈਂ ਸੁੱਧ-ਬੁੱਧ ਖੋ ਬੈਠਾ। ਸਮਾਂ, ਸਥਾਨ, ਵਿਅਕਤੀ ਦੀ ਪਛਾਣ ਭੁੱਲ ਗਈ। ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਹੁਣ ਕੀ ਕਰੀਏ?
ਡਾਕਟਰ ਨਾਲ ਗੱਲ ਹੋਈ ਤਾਂ ਉਸ ਨੇ ਇਕ ਦਵਾਈ ਬੰਦ ਕਰ ਦਿੱਤੀ, ਜਿਸ ਨਾਲ ਮੇਰੀ ਸੁਰਤ ਵਾਪਿਸ ਆ ਗਈ। ਵੱਡਾ ਵੀਰ ਸੁਖਦੇਵ ਸਿੰਘ ਇੰਗਲੈਂਡ ਤੋਂ ਮਿਲਣ ਆਇਆ ਤੇ ਕਹਿੰਦਾ ਕਿ ਅਖੰਡ ਪਾਠ ਕਰਵਾਉਣਾ ਹੈ। ਮੈਂ ਕਿਹਾ, “ਮੈਨੂੰ ਠੀਕ ਹੋਣ ਦਿਓ, ਹੋਸ਼ੋ ਹਵਾਸ਼ ਨਾਲ ਕਰਾਵਾਂਗਾ।” ਲੇਕਿਨ ਪਰਿਵਾਰ ਦੀ ਜ਼ਿੱਦ ਅੱਗੇ ਮੇਰੀ ਕੋਈ ਨਹੀਂ ਚੱਲੀ। ਮਾਰਚ 2007 ਦੇ ਆਖਰੀ ਹਫਤੇ ਮੇਰੀ ਕੀਮੋਥੈਰੇਪੀ ਦੇ ਚਾਰ ਸਾਈਕਲ ਪੂਰੇ ਹੋਏ ਤੇ 27 ਮਾਰਚ ਨੂੰ ਅਖੰਡ ਪਾਠ ਦਾ ਭੋਗ ਪੈਣਾ ਸੀ। ਅੰਤਾਂ ਦੀ ਕਮਜ਼ੋਰੀ, ਪੂਰੇ ਸਰੀਰ ਤੇ ਸੋਜਿਸ਼ ਨੇ ਮੈਨੂੰ ਬੇਪਛਾਣ ਕੀਤਾ ਹੋਇਆ ਸੀ। ਬਿਸਤਰ ‘ਤੇ ਲੇਟੇ ਨੇ ਹੀ ਪਾਠ ਸੁਣਿਆ ਤੇ ਭੋਗ ਦੇ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬਾਹਰ ਵੱਡੇ ਪੰਡਾਲ ਵਿਚ ਕੀਤਾ ਗਿਆ। ਵਿਸ਼ੇਸ਼ ਸੱਦਾ ਪੱਤਰ ਕਿਸੇ ਨੂੰ ਨਾ ਦਿੱਤਾ, ਫਿਰ ਵੀ 500 ਤੋਂ ਵੱਧ ਸ਼ੁਭਚਿੰਤਕਾਂ ਨਾਲ ਪੰਡਾਲ ਭਰਿਆ ਹੋਇਆ ਸੀ।
ਅਰਦਾਸ ਤੋਂ ਕੁਝ ਮਿੰਟ ਪਹਿਲਾਂ ਮੈਂ ਭਾਰੀ ਭਰਕਮ ਲੱਗਦਾ ਸਰੀਰ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਪਹੁੰਚਿਆ ਤਾਂ ਸੰਗਤ ਨੇ ਐਸਾ ਹਾਅ ਦਾ ਨਾਹਰਾ ਮਾਰਿਆ ਕਿ ਹਾਅ ਮੈਂ ਸਿਰਫ ਸੁਣੀ ਹੀ ਨਹੀਂ, ਮਹਿਸੂਸ ਵੀ ਕੀਤੀ। ਮੇਰੇ ਅੰਦਰ ਇਕ ਦਮ ਤਾਕਤ ਦੀ ਇਕ ਲਹਿਰ ਝਰਨਾਹਟ ਛੇੜ ਗਈ। ਮੈਂ ਸਭ ਜ਼ਾਹਰਾ ਮਹਿਸੂਸ ਕੀਤਾ ਕਿ ਸਭ ਮੈਨੂੰ ਜ਼ਿੰਦਾ ਦੇਖਣਾ ਚਾਹੁੰਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਮਨੋਮਨ ਪ੍ਰਣ ਕੀਤਾ ਕਿ ਨਹੀਂ ਮਰਾਂਗਾ, ਜਲਦੀ ਨਹੀਂ ਮਰਾਂਗਾ, ਲੋਕਾਂ ਖਾਤਿਰ ਜੀਵਾਂਗਾ। ਹਰ ਕਸ਼ਟ ਝੱਲ ਕੇ ਇਕ ਇਕ ਸਾਹ ਜੀਵਾਂਗਾ ਹੀ ਨਹੀਂ, ਸਾਹਾਂ ਨੂੰ ਸਕਾਰਥਾ ਕਰਾਂਗਾ ਤੇ ਪ੍ਰਸੁਆਰਥੀ ਬਣਨ ਦੀ ਕੋਸ਼ਿਸ਼ ‘ਚ ਅੱਗੇ ਆਪਣੇ ਵਿੱਢੇ ਕੰਮਾਂ ਨੂੰ ਸਰਅੰਜ਼ਾਮ ਦੇਣ ਲਈ ਤੇ ਵੱਖ ਵੱਖ ਮੌਕਿਆਂ ‘ਤੇ ਕੀਤੇ ਅਹਿਦ ਪੂਰੇ ਕਰਨ ਲਈ ਜੀਵਾਂਗਾ ਤੇ ਜੀਵਾਂਗਾ, ਕੁਝ ਵੀ ਹੋਵੇ ਜ਼ਿੰਦਗੀ ਦਾ ਪੱਲਾ ਘੁੱਟ ਕੇ ਫੜ੍ਹੀ ਰੱਖਾਂਗਾ। ਅਰਦਾਸ ਉਪਰੰਤ ਹੱਥ ਜੋੜ ਸਭ ਦੀ ਹਾਜ਼ਰੀ ਤਸਦੀਕ ਕਰਦਾ ਕੋਟਾਨਿ ਕੋਟਿ ਧੰਨਵਾਦ ਕਰਦਾ ਵਾਪਿਸ ਅੰਦਰ ਆਇਆ। ਜੰਗ ਜਾਰੀ ਰਹੀ।
(ਚਲਦਾ)