ਹੀਰ ਸਿਆਲ ਦੀ ਹਕੀਕਤ

ਸਿਰਫ ਰੁਮਾਨੀ ਪਾਤਰ ਨਹੀਂ ਹੀਰ
ਹੀਰ ਅਤੇ ਰਾਂਝੇ ਦੀ ਪਿਆਰ ਕਹਾਣੀ ਪੰਜਾਬੀਆਂ ਦੇ ਇਤਿਹਾਸ ਦਾ ਇਕ ਅਹਿਮ ਪੰਨਾ ਬਣ ਚੁੱਕੀ ਹੈ। ਪੰਜਾਬੀ ਸ਼ਾਇਰ ਵਾਰਿਸ ਸ਼ਾਹ ਨੇ ਇਸ ਪਿਆਰ ਕਹਾਣੀ ਨੂੰ ਆਪਣੇ ਸ਼ਬਦਾਂ ਵਿਚ ਬੰਨ੍ਹ ਕੇ ਇਕ ਖਾਸ ਮੁਕਾਮ ‘ਤੇ ਪਹੁੰਚਾਇਆ, ਪਰ ਨੂਰ ਮੁਹੰਮਦ ਨੂਰ ਨੇ ਹੀਰ ਦਾ ਜੋ ਇਤਿਹਾਸ ਆਪਣੇ ਇਸ ਲੇਖ ਵਿਚ ਦਰਜ ਕੀਤਾ ਹੈ, ਉਹ ਬੜਾ ਦਿਲਚਸਪ ਹੈ। ਕੀ ਕੋਈ ਕਲਪਨਾ ਕਰ ਸਕਦਾ ਹੈ ਕਿ ਹੀਰ ਦੇ ਪੁਰਖੇ ਕਦੀ ਅਲਾਹਾਬਾਦ ਦੇ ਨੇੜੇ ਵੱਸਦੇ ਸਨ।

ਲਿਖਾਰੀ ਨੇ ਹੀਰ ਬਾਰੇ ਇਸ ਤਰ੍ਹਾਂ ਦੇ ਕਈ ਤੱਥ ਆਪਣੇ ਇਸ ਲੇਖ ਵਿਚ ਪਰੋਏ ਹਨ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੇ ਕਰਨ ਦੀ ਖੁਸ਼ੀ ਲੈ ਰਹੇ ਹਾਂ। -ਸੰਪਾਦਕ

ਨੂਰ ਮੁਹੰਮਦ ਨੂਰ
ਫੋਨ: 91-98555-51359

ਹੀਰ ਦੇ ਜੀਵਨ ਬਾਰੇ ਅਨੇਕਾਂ ਕਹਾਣੀਆਂ ਪ੍ਰਚੱਲਿਤ ਹਨ। ਉਸ ਦੀ ਮੌਤ ਤੋਂ ਬਾਅਦ ਉਸ ਦੀ ਜੀਵਨ ਕਹਾਣੀ ਨੂੰ ਕਿੱਸਾਕਾਰਾਂ ਨੇ ਇਸ ਤਰ੍ਹਾਂ ਲਿਖ ਕੇ ਪੇਸ਼ ਕੀਤਾ ਕਿ ਉਹ ਰੁਮਾਂਸ ਤੋਂ ਬਿਨਾਂ ਕੁਝ ਵੀ ਨਾ ਰਹੀ। ਹੀਰ ਵਾਰਿਸ ਸ਼ਾਹ ਵਿਚ ਮਿਲਾਵਟ ਕਰਨ ਵਾਲਿਆਂ ਨੇ ਉਸ ਵਿਚ ਅਜਿਹੇ ਗੰਦੇ ਬੈਤਾਂ ਦੀ ਭਰਮਾਰ ਕਰ ਦਿੱਤੀ ਕਿ ਪੁਸਤਕ ਘਰ ਵਿਚ ਬਹਿ ਕੇ ਪੜ੍ਹਨ ਦੇ ਕਾਬਲ ਵੀ ਨਾ ਰਹੀ। ਫਿਲਮਾਂ ਅਤੇ ਡਰਾਮਿਆਂ ਵਾਲਿਆਂ ਨੇ ਤਾਂ ਉਸ ਨੂੰ ਹੱਦੋਂ ਵੱਧ ਬਦਨਾਮ ਕਰਕੇ ਰੱਖ ਦਿੱਤਾ। ਹੀਰ ਸਿਆਲ ਵਿਚ ਬਨਾਵਟੀ ਸ਼ਿਅਰਾਂ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਜਿਹੜੀ ਪੁਸਤਕ ਬਣਾਵਟੀ ਸ਼ਿਅਰਾਂ ਤੋਂ ਵੱਖ ਕਰਕੇ ਭਾਸ਼ਾ ਵਿਭਾਗ, ਪੰਜਾਬ ਨੇ ਸ਼ਮਸ਼ੇਰ ਸਿੰਘ ਅਸ਼ੋਕ ਤੋਂ ਤਿਆਰ ਕਰਵਾਈ ਸੀ, ਉਹ ਆਮ ਆਕਾਰ ਦੇ 284 ਸਫਿਆਂ ਦੀ ਹੈ ਅਤੇ ਜਿਹੜੀ ਨਿਰੋਲ ਬਣਾਵਟੀ ਸ਼ਿਅਰਾਂ ਦੀ ਕਿਤਾਬ ਜ਼ਾਹਿਦ ਇਕਬਾਲ ਨੇ ਤਿਆਰ ਕੀਤੀ ਹੈ, ਉਸ ਦੇ ਵੱਡੇ ਆਕਾਰ ਦੇ ਸਫਿਆਂ ਦੀ ਗਿਣਤੀ 850 ਹੈ। ਜੇ ਇਸ ਕਿਤਾਬ ਨੂੰ ਛੋਟੇ ਆਕਾਰ ਵਿਚ ਛਾਪਿਆ ਜਾਂਦਾ ਤਾਂ ਇਸ ਦੇ ਸਫਿਆਂ ਦੀ ਗਿਣਤੀ 1,700 ਤੋਂ ਵੀ ਵੱਧ ਹੋਣੀ ਸੀ। ਸਾਹਿਤਕਾਰਾਂ ਨੇ ਹੀਰ ਅਤੇ ਉਸ ਨਾਲ ਸਬੰਧਿਤ ਪਾਤਰਾਂ ਅਤੇ ਪਾਤਰਾਂ ਦੇ ਪਿਛੋਕੜ ਬਾਰੇ ਦਲੀਲਾਂ ਭਰਪੂਰ ਖੋਜ ਕੀਤੀ ਹੈ ਜੋ ਇਉਂ ਹੈ:
ਵੰਸ਼ ਦਾ ਪਿਛੋਕੜ: ਸਾਹਿਤਕ ਖੋਜ ਵਿਚ ਰੁਚੀ ਰੱਖਣ ਵਾਲੇ ਸਾਹਿਤਕਾਰ ਸਿਆਲ ਵੰਸ਼ ਦਾ ਪਿਛੋਕੜ ਰਾਏ ਸਿਆਲ ਤੋਂ ਸ਼ੁਰੂ ਹੋਇਆ ਲਿਖਦੇ ਹਨ ਜਿਹੜਾ ਜੌਨਪੁਰ ਤੋਂ ਆ ਕੇ ਝੰਗ ਦੇ ਨੇੜੇ ਵਸਿਆ ਸੀ। ਕਈ ਪੁਸਤਕਾਂ ਵਿਚ ਜੌਨਪੁਰ ਆਉਣ ਤੋਂ ਪਹਿਲਾਂ ਵੀ ਇਸ ਵੰਸ਼ ਬਾਰੇ ਜਾਣਕਾਰੀ ਮਿਲਦੀ ਹੈ। ਹੀਰ ਸਿਆਲ ਦੇ ਪਾਤਰਾਂ ਬਾਰੇ ‘ਸੱਯਦ ਵਾਰਿਸ ਸ਼ਾਹ’ ਵਿਚ ਹਮੀਦੁੱਲਾ ਸ਼ਾਹ ਹਾਸ਼ਮੀ ਲਿਖਦੇ ਹਨ: “ਰਾਏ ਸਿਆਲ ਉਰਫ ਸੀਨੂ ਸਿਆਲ ਦਾ ਪਿਤਾ ਰਾਏ ਸ਼ੰਕਰ ਧਾਰਾ ਨਗਰੀ ਵਿਚ ਰਹਿੰਦਾ ਸੀ ਜਿਹੜਾ ਖੁਰਦਪੁਰ ਅਤੇ ਅਲਾਹਾਬਾਦ ਦੇ ਵਿਚਕਾਰ ਹੈ। 1230 ਵਿਚ ਰਾਏ ਸ਼ੰਕਰ ਧਾਰਾ ਨਗਰੀ ਛੱਡ ਕੇ ਜੌਨਪੁਰ ਆ ਗਿਆ। ਉਸ ਦੀ ਮੌਤ ਤੋਂ ਬਾਅਦ ਉਸ ਦੀਆਂ ਦੋਵੇਂ ਪਤਨੀਆਂ ਤੋਂ ਜਨਮੇ ਪੁੱਤਰਾਂ ਵਿਚਕਾਰ ਖਾਨਾਜੰਗੀ ਸ਼ੁਰੂ ਹੋ ਗਈ। ਪਰਿਵਾਰ ਦੀ ਇਹ ਲੜਾਈ ਇੰਨੀ ਵਧੀ ਕਿ ਉਸ ਦਾ ਵੱਡਾ ਪੁੱਤਰ ਰਾਏ ਸਿਆਲ ਆਪਣੇ ਦੋ ਛੋਟੇ ਭਰਾਵਾਂ ਨੂੰ ਨਾਲ ਲੈ ਕੇ 1243 ਵਿਚ ਪੰਜਾਬ ਵੱਲ ਆ ਗਿਆ ਅਤੇ ਖਾਨਾਬਦੋਸ਼ਾਂ ਵਾਲੀ ਜ਼ਿੰਦਗੀ ਬਤੀਤ ਕਰਨ ਲੱਗਿਆ। ਜਦੋਂ ਇਹ ਫਿਰਦਾ ਫਿਰਾਉਂਦਾ ਪਾਕਪਟਨ ਪਹੁੰਚਿਆ ਤਾਂ ਬਾਬਾ ਫਰੀਦ ਦੀ ਸੰਗਤ ਵਿਚ ਆ ਕੇ ਮੁਸਲਮਾਨ ਬਣ ਗਿਆ। ਪਹਿਲਾਂ ਉਹ ਸਿਆਲਕੋਟ ਵਿਚ ਰਹਿਣ ਲੱਗਿਆ ਅਤੇ ਫਿਰ ਬਾਬਾ ਫਰੀਦ ਦੇ ਕਹਿਣ ‘ਤੇ ਜ਼ਿਲ੍ਹਾ ਸਰਗੋਧਾ ਦੀ ਤਹਿਸੀਲ ਸਾਹੀਵਾਲ ਆ ਵਸਿਆ। ਉਸ ਸਮੇਂ ਸਿਆਲਕੋਟ ਰਾਜਪੂਤਾਂ ਦੀ ਪੁਰਾਣੀ ਬਸਤੀ ਸੀ। ਇਥੇ ਵਸੇਬੇ ਦੌਰਾਨ ਉਸ ਦੇ ਛੋਟੇ ਭਰਾ ਟਿਓ ਅਤੇ ਘਿਓ ਵੀ ਮੁਸਲਮਾਨ ਹੋ ਗਏ। ਬਾਬਾ ਫਰੀਦ ਨੇ ਸਾਹੀਵਾਲ ਦੇ ਹਾਕਮ ਬਹਾਊਦੀਨ ਦੀ ਧੀ ਸੁਹਾਗ ਨਾਲ ਰਾਏ ਸ਼ੰਕਰ ਦਾ ਵਿਆਹ ਕਰਵਾ ਦਿੱਤਾ।”
ਇਕ ਹੋਰ ਸਾਹਿਤਕਾਰ ਸੱਯਦ ਤਾਲਿਬ ਬੁਖਾਰੀ ਆਪਣੇ ਲੇਖ ‘ਹੀਰ ਦੀ ਹਕੀਕਤ’ ਵਿਚ ਲਿਖਦਾ ਹੈ: “ਸੁਲਤਾਨ ਗ਼ਿਆਸੂਦੀਨ ਬਲਬਨ ਦੇ ਸਮੇਂ ਹਿੰਦੂ ਰਾਜਪੂਤ ਰਾਜਾ ਰਾਏ ਸਿਆਲ ਜੌਨਪੁਰ ਦਾ ਹੁਕਮਰਾਨ ਸੀ। ਉਸ ਨੇ ਸੁਲਤਾਨ ਬਲਬਨ ਦੀ ਅਧੀਨਗੀ ਕਬੂਲ ਨਾ ਕਰਦਿਆਂ ਉਸ ਨਾਲ ਜੰਗ ਕੀਤੀ। ਜੰਗ ਵਿਚ ਹਾਰਨ ਤੋਂ ਬਾਅਦ ਸ਼ਾਹੀ ਅੱਤਾਬ ਤੋਂ ਡਰਦਾ ਬਾਬਾ ਫਰੀਦ ਦੇ ਚਰਨੀਂ ਜਾ ਲੱਗਿਆ ਅਤੇ ਮੁਸਲਮਾਨ ਹੋ ਗਿਆ। ਬਾਬਾ ਫਰੀਦ ਨੇ ਉਸ ਦਾ ਨਾਂ ਰਾਏ ਸਿਆਲ ਹੀ ਰਹਿਣ ਦਿੱਤਾ ਜਿਹੜਾ ਬਾਅਦ ਵਿਚ ਉਸ ਦੇ ਵੰਸ਼ ਦੀ ਪਛਾਣ ਬਣਿਆ। ਬਾਬਾ ਫਰੀਦ ਨੇ ਸੁਲਤਾਨ ਬਲਬਨ ਨੂੰ ਕਹਿ ਕੇ ਉਸ ਦੀ ਜਾਨ ਬਖਸ਼ੀ ਕਰਵਾ ਦਿੱਤੀ ਅਤੇ ਉਸ ਦਾ ਵਿਆਹ ਰਿਆਸਤ ਅੰਬਾਨੀ ਦੇ ਨਵੇਂ ਨਵੇਂ ਬਣੇ ਮੁਸਲਮਾਨ ਹੁਕਮਰਾਨ ਰਾਓ ਬਹਾਉ ਖਾਂ ਨੂੰ ਕਹਿ ਕੇ ਉਸ ਦੀ ਧੀ ਨਾਲ ਕਰਵਾ ਦਿੱਤਾ। ਨਿਕਾਹ ਤੋਂ ਬਾਅਦ ਰਾਓ ਬਹਾਉ ਖਾਂ ਨੇ ਉਸ ਦੇ ਗੁਜ਼ਾਰੇ ਲਈ ਜਿਹਲਮ ਦੇ ਪੱਛਮੀ ਕਿਨਾਰੇ ਉਤੇ ਜਾਗੀਰ ਦੇ ਦਿੱਤੀ, ਜਿਥੇ ਰਾਏ ਸਿਆਲ ਦੀ ਔਲਾਦ ਵਧਦੀ-ਫੁਲਦੀ ਰਹੀ। ਚੂਚਕ ਖਾਂ ਦੇ ਸਮੇਂ ਤਕ ਵਧਦਾ ਵਧਦਾ ਸਿਆਲ ਖਾਨਦਾਨ 66 ਕਬੀਲਿਆਂ ਵਿਚ ਫੈਲ ਗਿਆ। ਸਮੇਂ ਦੀ ਲੋੜ ਅਨੁਸਾਰ ਇਨ੍ਹਾਂ ਸਾਰੇ ਕਬੀਲਿਆਂ ਨੇ ਭਰਵਾਂ ਇਕੱਠ ਕਰਕੇ ਚੂਚਕ ਖਾਂ ਨੂੰ ਆਪਣਾ ਸਰਦਾਰ ਚੁਣ ਲਿਆ। ਉਸ ਸਮੇਂ ਚੂਚਕ ਖਾਂ ਕੋਟਲੀ ਬਾਕਰ ਵਿਖੇ ਰਹਿੰਦਾ ਸੀ ਅਤੇ ਇਥੇ ਰਹਿਣ ਸਮੇਂ ਹੀ ਉਸ ਦੇ ਘਰ ਮਲਾਇਕਾ ਬੇਗ਼ਮ ਜਿਸ ਨੂੰ ਆਮ ਤੌਰ ‘ਤੇ ਮਲਕੀ ਹੀ ਕਿਹਾ ਜਾਂਦਾ ਸੀ, ਦੀ ਕੁੱਖੋਂ ਹੀਰ ਦਾ ਜਨਮ ਹੋਇਆ। ਕਿਉਂ ਜੋ ਚੂਚਕ ਖਾਂ ਦੇ ਘਰ ਕੋਈ ਪੁੱਤਰ ਨਹੀਂ ਸੀ, ਇਸ ਲਈ ਉਸ ਨੇ ਆਪਣੇ ਭਤੀਜੇ ਮੱਲ ਖਾਂ ਪੁੱਤਰ ਪੱਥਰ ਖਾਂ ਨੂੰ ਸਾਰੇ ਕਬੀਲਿਆਂ ਦੀ ਸਰਦਾਰੀ ਦੀ ਪੱਗ ਸੌਂਪ ਦਿੱਤੀ।”
ਇਤਿਹਾਸ ਵਿਚ ਰਾਏ ਸਿਆਲ ਤੋਂ ਹੀਰ ਸਿਆਲ ਤਕ ਸਿਆਲ ਵੰਸ਼ ਦਾ ਸ਼ਜਰਾ ਇਸ ਤਰ੍ਹਾਂ ਬਿਆਨ ਕੀਤਾ ਜਾਂਦਾ ਹੈ:
(1) ਰਾਏ ਸ਼ੰਕਰ (ਜੌਨਪੁਰ ਦਾ ਹਾਕਮ), (2) ਰਾਏ ਸਿਆਲ (ਵੰਸ਼ ਦਾ ਪਹਿਲਾ ਮੁਸਲਮਾਨ), (3) ਕੋਹਲੀ ਖਾਂ, (4) ਭੁਪਤੀ ਖਾਂ, (5) ਉਪਲ ਖਾਂ, (6) ਉਚਲ ਖਾਂ, (7) ਮਹਿਪਾਲ ਖਾਂ, (8) ਚੋਟ ਖਾਂ, (9) ਚੂਚਕ ਖਾਂ ਤੇ (10) ਹੀਰ ਸਿਆਲ।
ਚੂਚਕ ਖਾਂ ਦੇ ਦੋ ਸਕੇ ਭਰਾ ਹੋਰ ਵੀ ਸਨ ਜਿਨ੍ਹਾਂ ਦੇ ਨਾਂ ਅੱਲਾ ਦਿੱਤਾ ਅਤੇ ਪੱਥਰ ਖਾਂ ਸਨ। ਅੱਲਾ ਦਿੱਤਾ ਦੀ ਔਲਾਦ ਵਿਚ ਸਰਿਆਣੇ, ਸਰਬਾਣੇ, ਜੰਜਿਆਣੇ ਤੇ ਰਜਿਆਣੇ ਸਿਆਲ ਹੋਏ ਅਤੇ ਪੱਥਰ ਖਾਂ ਦੀ ਔਲਾਦ ਵਿਚ ਨਠਰਾਣੇ, ਮਘਿਆਣੇ, ਘੱਘਿਆਣੇ, ਪਾਤੂਆਣੇ, ਝੱਲਾਣੇ ਅਤੇ ਮਲਵਆਣੇ ਹੋਏ। ਪੱਥਰ ਖਾਂ ਦਾ ਸੱਤਵਾਂ ਪੁੱਤਰ ਮੱਲ ਖਾਂ ਸੀ ਜਿਹੜਾ 1462 ਵਿਚ ਝੰਗ ਰਿਆਸਤ ਦਾ ਪਹਿਲਾ ਹਾਕਮ ਬਣਿਆ। ਉਸ ਦੇ ਵੀ ਸੱਤ ਪੁੱਤਰ ਸਨ ਜਿਨ੍ਹਾਂ ਵਿਚ ਜਲਾਲ ਖਾਂ ਸਿਆਲ ਸਭ ਤੋਂ ਵੱਧ ਮਸ਼ਹੂਰ ਹੋਇਆ। ਜਲਾਲ ਖਾਂ ਦੀ ਔਲਾਦ ਵਿਚ ਸੁਲਤਾਨ ਹਾਮਦ ਖਾਂ ਪ੍ਰਸਿਧ ਹੋਇਆ। ਮੱਲ ਖਾਂ ਦੇ ਵੰਸ਼ ਨੇ 360 ਸਾਲ ਤੋਂ ਵੀ ਵੱਧ ਸਮੇਂ ਤਕ ਝੰਗ ਉਤੇ ਰਾਜ ਕੀਤਾ। ਝੰਗ ਦਾ ਆਖਰੀ ਸਿਆਲ ਹਾਕਮ ਅਹਿਮਦ ਖਾਂ ਸਿਆਲ ਸੀ ਜਿਸ ਨੂੰ ਹਰਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਨੇ 1822 ਵਿਚ ਝੰਗ ਉਤੇ ਕਬਜ਼ਾ ਕਰ ਲਿਆ।
ਝੰਗ ਦਾ ਇਤਿਹਾਸ: ਝੰਗ ਦੇ ਇਤਿਹਾਸ ਬਾਰੇ ਆਪਣੇ ਖੋਜ ਨਿਬੰਧ ਵਿਚ ਸੱਯਦ ਤਾਲਿਬ ਬੁਖਾਰੀ ਲਿਖਦਾ ਹੈ: ਝੰਗ ਹਜ਼ਾਰਾਂ ਸਾਲ ਪੁਰਾਣਾ ਸ਼ਹਿਰ ਹੈ। ਇਥੇ ਹੀ ਹੀਰ ਅਤੇ ਰਾਂਝੇ ਦੀ ਬਣਾਵਟੀ ਕਬਰ ਬਣੀ ਹੋਈ ਹੈ। ਇਸ ਦਾ ਪੁਰਾਣਾ ਨਾਂ ਬ੍ਰਾਹਮਣਗੜ੍ਹ ਸੀ ਅਤੇ ਹੁਣ ਦਾ ਝੰਗ ਇਸ ਦੇ ਪੱਛਮ ਵਾਲੇ ਪਾਸੇ ਵਸਿਆ ਹੋਇਆ ਹੈ। ਉਸ ਸਮੇਂ ਦੇ ਪੰਜ ਦਰਿਆਵਾਂ ਦੇ ਨਾਂ ਵੀ ਹੋਰ ਹਨ, ਜਿਵੇਂ ਚਨਾਬ ਦਾ ਚੰਬਲ, ਰਾਵੀ ਦਾ ਅਰਾਵਤੀ, ਜਿਹਲਮ ਦਾ ਬੇਹਤ, ਸਤਲੁਜ ਦਾ ਘਾਰਾ ਅਤੇ ਬਿਆਸ ਦਾ ਬਾਸਾ। ਅਜੋਕੇ ਸਮੇਂ ਝੰਗ ਸ਼ਹਿਰ ਚਨਾਬ ਦਰਿਆ ਤੋਂ ਪੱਛਮ ਵਾਲੇ ਪਾਸੇ ਤਕਰੀਬਨ ਅੱਠ ਮੀਲ ਦੀ ਦੂਰੀ ‘ਤੇ ਵਸਦਾ ਹੈ। ਝੰਗ ਬਾਰੇ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਇਸ ਨੂੰ ਸੱਯਦ ਜਲਾਲ ਨੇ ਵਸਾਇਆ ਸੀ।
ਪ੍ਰਸਿਧ ਸਾਹਿਤਕਾਰ ਹਮੀਦੁੱਲਾ ਸ਼ਾਹ ਹਾਸ਼ਮੀ ‘ਸੱਯਦ ਵਾਰਿਸ ਸ਼ਾਹ’ ਵਿਚ ਝੰਗ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਮੁਹੰਮਦ ਅਫਜ਼ਲ ਖਾਂ ਦੇ ਹਵਾਲੇ ਨਾਲ ਲਿਖਦਾ ਹੈ: “ਝੰਗ ਜਿਥੇ ਹੀਰ ਅਤੇ ਰਾਂਝੇ ਵੱਲੋਂ ਇਸ਼ਕ ਦਾ ਖੇਡ ਖੇਡਿਆ ਗਿਆ, ਇਸ ਦੀ ਨੀਂਹ ਅੱਜ ਤੋਂ ਹਜ਼ਾਰ ਸਾਲ ਪਹਿਲਾਂ 983 ਈਸਵੀ ਵਿਚ ਰਾਏ ਸਰਜਾ ਸਿਆਲ ਨੇ ਕੁਝ ਝੁੱਗੀਆਂ ਦੀ ਸ਼ਕਲ ਵਿਚ ਰੱਖੀ ਜਿਸ ਕਰਕੇ ਇਸ ਦਾ ਨਾਂ ਝੁੱਗੀ ਸਿਆਲ ਪੈ ਗਿਆ। ਜਦੋਂ ਝੁੱਗੀ ਸਿਆਲ ਨੇ ਵਧ ਕੇ ਕਸਬੇ ਦਾ ਰੂਪ ਧਾਰ ਲਿਆ ਤਾਂ ਇਸ ਦਾ ਨਾਂ ਝੁੱਗੀ ਸਿਆਲ ਤੋਂ ਝੰਗ ਸਿਆਲ ਹੋ ਗਿਆ।” ਪਰ ਇਸ ਦਲੀਲ ਦਾ ਵਿਰੋਧ ਕਰਦਿਆਂ ‘ਤਜ਼ਕਰਾ-ਏ-ਔਲੀਆ-ਏ-ਝੰਗ’ ਦਾ ਲੇਖਕ ਬਲਾਲ ਜ਼ੁਬੈਰੀ ਲਿਖਦਾ ਹੈ: “ਇਹ ਖਿਆਲ ਕਰ ਲੈਣਾ ਕਿ ਝੰਗ ਝੁੱਗੀ ਤੋਂ ਬਣਿਆ ਹੈ, ਖਿਆਲੀ ਪੁਲਾਉ ਤੋਂ ਵੱਧ ਕੁਝ ਨਹੀਂ। ਮਸ਼ਹੂਰ ਚੀਨੀ ਸੈਲਾਨੀ ਹਿਊਨਸਾਂਗ ਸੰਨ 641 ਈਸਵੀ ਦੀਆਂ ਗਰਮੀਆਂ ਵਿਚ ਹਿੰਦੁਸਤਾਨ ਦੇ ਸ਼ਹਿਰਾਂ ਦੀ ਸੈਰ ਕਰਦਾ ਹੋਇਆ ਝੰਗ ਆਇਆ। ਉਹ ਇਥੋਂ ਭੱਕਰ ਜਾਣਾ ਚਾਹੁੰਦਾ ਸੀ, ਪਰ ਚਨਾਬ ਅਤੇ ਜਿਹਲਮ ਦਰਿਆ ਵਿਚ ਹੜ੍ਹ ਆਇਆ ਹੋਣ ਕਰਕੇ ਉਹ ਝੰਗ ਵਿਚ ਰੁਕ ਗਿਆ। ਉਹ ਆਪਣੇ ਸਫਰਨਾਮੇ ਵਿਚ ਇਸ ਦਾ ਨਾਂ ਝਾਂਗ ਲਿਖਦਾ ਹੈ। ਇਸ ਤੋਂ ਬਹੁਤ ਪਹਿਲਾਂ ਸਿਕੰਦਰ ਦੇ ਹਮਲੇ ਸਮੇਂ ਸ਼ੋਰ ਕੋਟ ਅਤੇ ਝੰਗ ਦਾ ਜ਼ਿਕਰ ਮਿਲਦਾ ਹੈ। ਯੂਨਾਨੀ ਲਿਖਾਰੀ ਲਿਖਦੇ ਹਨ ਕਿ ਸਿਕੰਦਰ ਦਾ ਮੁਕਾਬਲਾ ਕਰਨ ਲਈ ਝਾਂਗ ਦਾ ਜੰਗਜੂ ‘ਮੱਲ’ ਕਬੀਲਾ ਲੜਨ ਲਈ ਆਇਆ। ਇਹ ਲੋਕ ਬਹੁਤ ਬਹਾਦਰ ਸਨ। ਬਹੁਤ ਦਿਨਾਂ ਤਕ ਇਨ੍ਹਾਂ ਨੇ ਸਿਕੰਦਰ ਦੇ ਪੈਰ ਟਿਕਣ ਨਾ ਦਿੱਤੇ। ਉਪਰੋਕਤ ਦਲੀਲਾਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਝੰਗ 983 ਤੋਂ ਪਹਿਲਾਂ ਆਬਾਦ ਸੀ।
ਮੱਲ ਕਬੀਲੇ ਦੇ ਪਿਛੋਕੜ ਬਾਰੇ ਵੀ ਇਤਿਹਾਸਕਾਰਾਂ ਵੱਲੋਂ ਦੋ ਦਲੀਲਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਪਹਿਲੀ ਦਲੀਲ ਇਹ ਹੈ ਕਿ ਮੱਲ ਰਾਜਪੂਤਾਂ ਦਾ ਗੋਤ ਹੈ ਜਿਨ੍ਹਾਂ ਨੇ ਮੁਲਤਾਨ ਆਬਾਦ ਕੀਤਾ। ਪਹਿਲਾਂ ਮੁਲਤਾਨ ਦਾ ਨਾਂ ਮੱਲ ਅਸਥਾਨ ਸੀ ਜਿਹੜਾ ਸਮੇਂ ਦੇ ਬਦਲਣ ਨਾਲ ਮੁਲਤਾਨ ਬਣ ਗਿਆ। ਦੂਜੀ ਦਲੀਲ ਇਹ ਹੈ ਕਿ ਇਹ ਮੋਹਲ ਕੌਮ ਸੀ ਜਿਹੜੀ ਤਰੀਮੋਂ ਪੱਤਣ ਦੇ ਆਲੇ ਦੁਆਲੇ ਆਬਾਦ ਸੀ। ਇਤਿਹਾਸਕਾਰ ਅਤੇ ਸੈਲਾਨੀ ਅਲਬਰੂਨੀ ਨੇ ਵੀ ਇਸ ਰਾਇ ਨੂੰ ਮੰਨਿਆ ਹੈ, ਪਰ ਸਰ ਲੇਪਨ ਗਰੇਪਨ ਲਿਖਦਾ ਹੈ ਕਿ ਝੰਗ ਦੇ ਸਿਆਲ ਰਾਜਪੂਤ ਹਨ। ਇਨ੍ਹਾਂ ਦਾ ਵੱਡ-ਵਡੇਰਾ ਰਾਏ ਸ਼ੰਕਰ ਧਾਰਾ ਨਗਰੀ (ਅਲਾਹਾਬਾਦ) ਦੇ ਨੇੜੇ-ਤੇੜੇ ਵਸਦਾ ਸੀ, ਜਿਥੋਂ ਉਹ ਪੰਜਾਬ ਆਇਆ।
ਝੰਗ ਹਜ਼ਾਰਾਂ ਵਾਰ ਉਜੜਿਆ ਅਤੇ ਨਵੇਂ ਸਿਰੇ ਤੋਂ ਆਬਾਦ ਹੋਇਆ। ਇਤਿਹਾਸਕਾਰ ਲਿਖਦੇ ਹਨ ਕਿ ਹਜ਼ਰਤ ਈਸਾ ਤੋਂ ਦਸ ਹਜ਼ਾਰ ਸਾਲ ਪਹਿਲਾਂ ਝੰਗ ਆਬਾਦ ਸੀ। ਝੰਗ ਨੂੰ ਪਹਿਲਾਂ ਬਾਹਰੋਂ ਆਉਣ ਵਾਲੇ ਸਮੇਰਿਆਂ, ਬਾਬਲਾਂ ਅਤੇ ਦਰਾਵੜਾਂ ਨੇ ਲਤਾੜਿਆ ਅਤੇ ਫਿਰ ਅਰਬਾਂ, ਤੁਰਕਾਂ, ਪਠਾਣਾਂ, ਮੁਗ਼ਲਾਂ ਅਤੇ ਸਿੱਖਾਂ ਨੇ ਬੁਰੀ ਤਰ੍ਹਾਂ ਤਬਾਹ ਕੀਤਾ। ਤਰਮੋਂ ਪੱਤਣ ਇਨ੍ਹਾਂ ਸਾਰੇ ਹਮਲਾਵਰਾਂ ਦਾ ਗੜ੍ਹ ਹੁੰਦਾ ਸੀ। ਝੰਗ ਦਾ ਪਹਿਲਾ ਸਿਆਲ ਹਾਕਮ ਮੱਲ ਖਾਂ ਪੁੱਤਰ ਪੱਥਰ ਖਾਂ ਸੀ ਜਿਹੜਾ ਹੀਰ ਦੇ ਪਿਉ ਚੂਚਕ ਖਾਂ ਦਾ ਭਤੀਜਾ ਸੀ। ਝੰਗ ਦਾ ਆਖਰੀ ਅਠਾਰ੍ਹਵਾਂ ਸਿਆਲ ਹਾਕਮ ਅਹਿਮਦ ਖਾਂ ਪੁੱਤਰ ਕਬੀਰ ਖਾਂ ਸੀ। ਝੰਗ ਉਤੇ ਸਿਆਲਾਂ ਨੇ 1462 ਤੋਂ 1822 ਈਸਵੀ ਤਕ 360 ਸਾਲ ਰਾਜ ਕੀਤਾ। 1822 ਵਿਚ ਝੰਗ ਉਤੇ ਸਿੱਖਾਂ ਨੇ ਕਬਜ਼ਾ ਕਰ ਲਿਆ।
ਹੀਰ ਸਿਆਲ: ਹੀਰ ਨੂੰ ਆਮ ਤੌਰ ‘ਤੇ ਰੁਮਾਨੀ ਕਿੱਸੇ ਦੇ ਕਿਰਦਾਰ ਵਜੋਂ ਹੀ ਦੇਖਿਆ ਸਮਝਿਆ ਜਾਂਦਾ ਹੈ ਜਿਸ ਨੂੰ ਫਿਲਮਾਂ ਅਤੇ ਡਰਾਮਿਆਂ ਨੇ ਹੋਰ ਵੀ ਰੁਮਾਨੀ ਬਣਾ ਦਿੱਤਾ ਹੈ। ਇਸ ਤੋਂ ਇਲਾਵਾ ਜਦੋਂ ਵੀ ਹੀਰ ਦੀ ਗੱਲ ਤੁਰਦੀ ਹੈ ਤਾਂ ਹੀਰ ਦੀ ਬਜਾਏ ਵਾਰਿਸ ਸ਼ਾਹ ਦੀ ਸ਼ਾਇਰੀ ਦੀ ਗੱਲ ਛੇੜ ਦਿੱਤੀ ਜਾਂਦੀ ਹੈ। ਵਾਰਿਸ ਸ਼ਾਹ ਨੇ ਭਾਵੇਂ ਵਧੀਆ ਰਚਨਾ ਰਚੀ ਹੈ, ਪਰ ਕਿਸੇ ਨੇ ਵੀ ਕਦੇ ਇਹ ਨਹੀਂ ਸੋਚਿਆ ਕਿ ਉਸ ਦੀ ਰਚਨਾ ਤੋਂ ਵੱਖ ਹੀਰ ਜਿਊਂਦੀ ਜਾਗਦੀ, ਤੁਰਦੀ ਫਿਰਦੀ, ਸਾਹ ਲੈਂਦੀ, ਸੋਚਦੀ ਸਮਝਦੀ ਅਤੇ ਦੁਖ-ਸੁਖ ਮਹਿਸੂਸ ਕਰਦੀ ਔਰਤ ਵੀ ਹੈ।
ਹੀਰ ਨੂੰ ਕਦੇ ਵਾਰਿਸ ਸ਼ਾਹ ਅਤੇ ਕਦੇ ਰਾਂਝੇ ਦੇ ਹਵਾਲੇ ਨਾਲ ਤਾਂ ਦੇਖਿਆ ਜਾਂਦਾ ਹੈ, ਪਰ ਉਸ ਦੀ ਆਪਣੀ ਹਸਤੀ ਨੂੰ ਮੁੱਢੋਂ ਹੀ ਵਿਸਾਰ ਦਿੱਤਾ ਗਿਆ ਹੈ। ਸੱਚ ਤਾਂ ਇਹ ਹੈ ਕਿ ਵਾਰਿਸ ਸ਼ਾਹ ਹੀਰ ਸਿਆਲ ਕਰਕੇ ਮਸ਼ਹੂਰ ਹੋਇਆ, ਨਾ ਕਿ ਹੀਰ ਵਾਰਿਸ ਸ਼ਾਹ ਕਰਕੇ।
ਹੀਰ ਸਿਆਲ ਦਾ ਅਸਲ ਨਾਂ ਇਜ਼ਤ ਬੀਬੀ ਸੀ। ਉਸ ਦਾ ਜਨਮ 10 ਸ਼ਾਬਾਨ ਸੰਨ 864 ਹਿਜਰੀ ਨੂੰ ਚੂਚਕ ਖਾਂ ਸਿਆਲ ਦੇ ਘਰ ਕੋਟਲੀ ਬਾਕਰ ਵਿਖੇ ਰਿਆਸਤ ਅੰਬਾਨੀ ਵਿਚ ਹੋਇਆ। ਉਹ ਮਾਪਿਆਂ ਦੀ ਇਕੋ-ਇਕ ਧੀ ਸੀ ਜਿਹੜੀ ਅਰਬੀ ਅਤੇ ਫਾਰਸੀ ਦੀ ਚੰਗੀ ਵਿਦਵਾਨ ਸੀ। ਸ਼ਰੀਅਤ ਦੀ ਪਾਬੰਦ ਸੀ ਅਤੇ ਉਸ ਨੂੰ ਪੂਰਾ ਕੁਰਆਨ ਸ਼ਰੀਫ ਜ਼ੁਬਾਨੀ ਯਾਦ ਸੀ। ਉਸ ਨੇ ਅਰਬੀ ਦੀ ਵਿੱਦਿਆ ਕਾਜ਼ੀ ਸ਼ਮਸ਼ੁੱਦੀਨ ਕੋਲੋਂ ਪ੍ਰਾਪਤ ਕੀਤੀ ਸੀ ਅਤੇ ਫਾਰਸੀ ਮੁਰਾਦ ਬਲੋਚ ਦੇ ਪਿਓ ਸੁਲੇਮਾਨ ਬਲੋਚ ਕੋਲੋਂ ਪੜ੍ਹੀ ਸੀ।
ਉਹ ਮੁਰਾਦ ਬਲੋਚ ਦੇ ਪਿਤਾ ਸੁਲੇਮਾਨ ਬਲੋਚ ਦੀ ਸ਼ਾਗਿਰਦ ਅਤੇ ਮੁਰਾਦ ਬਲੋਚ ਦੀ ਮੂੰਹ ਬੋਲੀ ਭੈਣ ਸੀ। ਬੇਹੱਦ ਸੋਹਣੀ ਅਤੇ ਪਰਦੇਦਾਰ ਔਰਤ ਸੀ। ਸ਼ਾਇਸਤਾ ਖਾਤੂਨ (ਸਹਿਤੀ) ਜਿਹੜੀ ਮੁਰਾਦ ਬਲੋਚ ਨੂੰ ਨਿਕਾਹੀ ਹੋਈ ਸੀ, ਹੀਰ ਦੇ ਮਾਮੇ ਆਜ਼ਮ ਖਾਂ ਖੇੜੇ ਦੀ ਧੀ ਅਤੇ ਸੈਦੇ ਖੇੜੇ ਦੀ ਭੈਣ ਸੀ। ਉਹ ਕਦੇ ਕਦੇ ਹੀਰ ਅਤੇ ਆਪਣੀ ਭੂਆ ਮਲਾਇਕਾ ਖਾਤੂਨ ਨੂੰ ਮਿਲਣ ਲਈ ਝੰਗ ਆਉਂਦੀ ਰਹਿੰਦੀ ਸੀ। ਹੀਰ ਦੀ ਮਾਂ ਮਲਾਇਕਾ ਖਾਤੂਨ, ਚੂਚਕ ਖਾਂ ਸਿਆਲ ਦੀ ਦੂਜੀ ਪਤਨੀ ਸੀ ਜਿਹੜੀ ਉਸ ਨੇ ਪਹਿਲੀ ਪਤਨੀ ਦੇ ਮਰ ਜਾਣ ਪਿੱਛੋਂ ਵਿਆਹ ਕੇ ਲਿਆਂਦੀ ਸੀ।
ਹੀਰ ਦਾ ਨਿਕਾਹ ਛੇ ਸਾਲ ਦੀ ਉਮਰ ਵਿਚ 20 ਰਜਬ 860 ਹਿਜਰੀ ਨੂੰ ਰਾਂਝੇ ਨਾਲ ਹੋਇਆ ਸੀ ਜਿਹੜਾ ਚਨਿਓਟ ਦੇ ਕਾਜ਼ੀ ਸ਼ਮਸ਼ੁੱਦੀਨ ਨੇ ਕੋਟਲੀ ਬਾਕਰ ਵਿਖੇ ਪੜ੍ਹਾਇਆ ਸੀ। ਬਦਕਿਸਮਤੀ ਨਾਲ ਹੀਰ ਦਾ ਪਿਉ ਚੂਚਕ ਖਾਂ ਸਿਆਲ ਕੋਟਲੀ ਬਾਕਰ ਵਿਖੇ 5 ਰਮਜ਼ਾਨ 881 ਹਿਜਰੀ ਨੂੰ ਫੌਤ ਹੋ ਗਿਆ ਅਤੇ ਹੀਰ ਦੀ ਮਾਂ ਨੇ ਆਪਣੇ ਭਰਾ ਕਾਦਰ ਖਾਂ ਖੇੜੇ (ਕੈਦੋਂ) ਨੂੰ ਹੀਰ ਦੀ ਉਸ ਸਾਰੀ ਜ਼ਮੀਨ ਦਾ ਇੰਚਾਰਜ ਬਣਾ ਦਿੱਤਾ ਜਿਹੜੀ ਬਹਿਲੋਲ ਲੋਧੀ ਵੱਲੋਂ ਹੀਰ ਦੇ ਨਾਂ ਲਾਈ ਹੋਈ ਸੀ।
1462 ਈਸਵੀ ਵਿਚ ਜਦੋਂ ਹੀਰ ਦੇ ਸਕੇ ਚਾਚੇ ਦਾ ਪੁੱਤਰ ਮੱਲ ਖਾਂ ਸਿਆਲ ਝੰਗ ਦਾ ਪਹਿਲਾ ਸਿਆਲ ਹਾਕਮ ਬਣਿਆ ਤਾਂ ਸਾਰਾ ਸਿਆਲ ਖਾਨਦਾਨ ਕੋਟਲੀ ਬਾਕਰ ਤੋਂ ਆ ਕੇ ਝੰਗ ਦੇ ਸ਼ਾਹੀ ਮਹਿਲਾਂ ਵਿਚ ਰਹਿਣ ਲੱਗਿਆ। ਆਪਣੀ ਭੈਣ ਦੀ ਸਹਾਇਤਾ ਨਾਲ ਕਾਦਰ ਖਾਂ ਖੇੜਾ, ਮੱਲ ਖਾਂ ਦਾ ਸਲਾਹਕਾਰ ਬਣ ਗਿਆ। ਕਾਦਰ ਖਾਂ ਪੜ੍ਹਿਆ ਲਿਖਿਆ ਚੰਗਾ ਵਿਦਵਾਨ ਆਦਮੀ ਸੀ, ਪਰ ਉਹ ਹੱਦ ਤੋਂ ਵੱਧ ਮਤਲਬਪ੍ਰਸਤ ਸੀ। ਉਸ ਦਾ ਦਿਮਾਗ਼ ਬਹੁਤਾ ਜੋੜ-ਤੋੜ ਅਤੇ ਤਖਰੀਬਕਾਰੀ ਦੇ ਕੰਮਾਂ ਵਿਚ ਲੱਗਿਆ ਰਹਿੰਦਾ ਸੀ।
ਹੀਰ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ। ਇਹੋ ਹਾਲ ਸ਼ਾਇਸਤਾ ਖਾਤੂਨ ਦਾ ਸੀ। ਉਹ ਜਦੋਂ ਵੀ ਰੰਗਪੁਰ ਤੋਂ ਆਪਣੀ ਭੂਆ ਨੂੰ ਮਿਲਣ ਝੰਗ ਆਉਂਦੀ ਤਾਂ ਦੋਵੇਂ ਭੈਣਾਂ ਬੇਲੇ ਦੇ ਨੇੜੇ ਬਣੇ ਹੀਰ ਦੇ ਕਾਲਾ ਬਾਗ਼ ਵਿਚ ਨੌਕਰਾਣੀਆਂ ਅਤੇ ਸਹੇਲੀਆਂ ਨਾਲ ਠਹਿਰਦੀਆਂ। ਮੁਰਾਦ ਬਲੋਚ ਲਿਖਦਾ ਹੈ ਕਿ ਮੈਂ ਅਤੇ ਰਾਂਝਾ ਜਦੋਂ ਵੀ ਆਪਣੀ ਵੱਡੀ ਭੂਆ (ਸਹੁਰਿਆਂ ਵਾਲੇ ਪਾਸਿਉਂ ਕਿਉਂ ਜੋ ਉਹ ਮਲਕੀ ਦੀ ਭਤੀਜੀ ਸਹਿਤੀ ਨੂੰ ਨਿਕਾਹਿਆ ਹੋਇਆ ਸੀ) ਮਲਕੀ ਨੂੰ ਮਿਲਣ ਆਉਂਦੇ ਤਾਂ ਹੀਰ ਦੇ ਕਾਲਾ ਬਾਗ਼ ਵਿਚ ਠਹਿਰਦੇ ਹੁੰਦੇ ਸਾਂ। ਹੀਰ ਆਪਣੇ ਹੱਥਾਂ ਨਾਲ ਸ਼ਹਿਦ ਵਾਲੀ ਚੂਰੀ ਅਤੇ ਭੁੰਨਿਆ ਹੋਇਆ ਸ਼ਿਕਾਰ ਸਾਡੇ ਵਾਸਤੇ ਭੇਜਿਆ ਕਰਦੀ ਸੀ। ਉਹ ਲਿਖਦਾ ਹੈ ਕਿ ਰਾਂਝੇ ਨੇ ਕਦੇ ਵੀ ਹੀਰ ਨੂੰ ਅਤੇ ਹੀਰ ਨੇ ਰਾਂਝੇ ਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ।
ਮੁਰਾਦ ਬਲੋਚ ਲਿਖਦਾ ਹੈ ਕਿ ਜਦੋਂ ਚੂਚਕ ਦੀ ਮੌਤ ਹੋਈ ਤਾਂ ਹੀਰ ਦੀ ਜਾਗੀਰ ਬਾਰੇ ਕਾਦਰ ਖਾਂ ਦੀ ਨੀਅਤ ਵਿਚ ਫਰਕ ਆ ਗਿਆ ਕਿਉਂ ਜੋ ਉਸ ਸਮੇਂ ਤਕ ਸੈਦਾ ਖੇੜਾ ਜਿਹੜਾ ਛੇ ਬੱਚਿਆਂ ਦਾ ਪਿਉ ਸੀ, ਰੰਡਾ ਹੋ ਗਿਆ ਸੀ। ਉਸ ਨੇ ਆਪਣੀ ਭੈਣ ਮਲਾਇਕਾ ਖਾਤੂਨ ਨੂੰ ਆਪਣੇ ਨਾਲ ਰਲਾ ਕੇ ਹੀਰ ਨੂੰ ਤਖਤ ਹਜ਼ਾਰੇ ਭੇਜਣ ਦੀ ਥਾਂ ਸੈਦੇ ਖੇੜੇ ਨਾਲ ਵਿਆਹੁਣ ਦਾ ਪ੍ਰੋਗਰਾਮ ਬਣਾ ਲਿਆ। ਉਸ ਨੇ ਚਨਿਓਟ ਦੇ ਕਾਜ਼ੀ ਨੂਰ-ਉਦ-ਦੀਨ ਕੋਲੋਂ ਹੀਰ ਦੇ ਬਚਪਨ ਵਿਚ ਹੋਏ ਨਿਕਾਹ ਨੂੰ ਤੋੜਨ ਦਾ ਫਤਵਾ ਲੈ ਕੇ ਮੌਜਦਾਰ ਖਾਂ ਰਾਂਝੇ (ਮੌਜੂ ਚੌਧਰੀ) ਨੂੰ ਤਖਤ ਹਜ਼ਾਰੇ ਜਵਾਬ ਭੇਜ ਦਿੱਤਾ ਅਤੇ ਹੀਰ ਦਾ ਵਿਆਹ ਸੈਦੇ ਖੇੜੇ ਨਾਲ ਕਰਨ ਲਈ 21 ਜ਼ਿੱਲ-ਹਿੱਜਾ ਸੰਨ 883 ਹਿਜਰੀ ਦਾ ਦਿਨ ਮਿੱਥ ਦਿੱਤਾ।
ਮੁਰਾਦ ਬਲੋਚ ਦੀ ਫਾਰਸੀ ਵਿਚ ਲਿਖੀ ਹੀਰ, ਜਿਹੜੀ ਉਸ ਦੇ ਲਿਖਣ ਅਨੁਸਾਰ ਉਸ ਨੇ ਹੀਰ ਦੇ ਕਹਿਣ ਉਤੇ ਲਿਖੀ, ਵਿਚ ਲਿਖਿਆ ਮਿਲਦਾ ਹੈ ਕਿ “ਹੀਰ ਦਾ ਜਨਮ ਬਹਿਲੋਲ ਲੋਧੀ ਦੇ ਸਮੇਂ 865 ਹਿਜਰੀ ਨੂੰ ਮਹਿਰ ਚੂਚਕ ਦੇ ਘਰ ਹੋਇਆ। ਮਹਿਰ ਚੂਚਕ ਉਸ ਸਮੇਂ 66 ਕਬੀਲਿਆਂ ਦਾ ਸਰਦਾਰ ਸੀ। ਵੱਡੀ ਉਮਰ ਵਿਚ ਪੈਦਾ ਹੋਈ ਹੀਰ ਉਸ ਦੀ ਇਕੋ-ਇਕ ਧੀ ਸੀ ਜਿਸ ਦੇ ਜਨਮ ਉਤੇ ਜਸ਼ਨ ਮਨਾਇਆ ਗਿਆ। ਇਸ ਵਿਚ ਬਹਿਲੋਲ ਲੋਧੀ ਵੀ ਸ਼ਾਮਿਲ ਹੋਇਆ ਅਤੇ ਉਸ ਨੇ ਹੀਰ ਨੂੰ ਤੋਹਫੇ ਵਿਚ ਵੱਡੀ ਜਾਗੀਰ ਵੀ ਦਿੱਤੀ।”
ਹੀਰ ਦੀ ਖੂਬਸੂਰਤੀ ਦਾ ਜ਼ਿਕਰ ਕਰਦਿਆਂ ਮੁਰਾਦ ਬਲੋਚ ਦੇ ਹਵਾਲੇ ਨਾਲ ਅਬਦੁਲ ਕਯੂਮ ਕੁਰੈਸ਼ੀ ਲਿਖਦਾ ਹੈ: “ਹੀਰ ਬੇਹੱਦ ਖੂਬਸੂਰਤ ਸੀ। ਉਸ ਦੇ ਨੈਣ-ਨਕਸ਼ ਤਿੱਖੇ, ਕੱਦ ਲੰਬਾ ਅਤੇ ਰੰਗ ਸੁਰਖ ਸੀ। ਉਹ ਸ਼ਰ੍ਹਾ ਦੀ ਪਾਬੰਦ ਪਰਦੇਦਾਰ ਖਾਤੂਨ ਸੀ। ਰੇਸ਼ਮੀ ਸੂਟ ਉਤੇ ਤਿੱਲਾ ਜ਼ੇਬਰ ਦੀ ਕਢਾਈ ਕਰਕੇ ਪਹਿਨਣ ਦੀ ਬੜੀ ਸ਼ੌਕੀਨ ਸੀ। ਸਿਰ ਦੇ ਵਾਲ ਲੰਬੇ ਅਤੇ ਸਿਆਹ ਸਨ। ਉਹ ਪੜ੍ਹੀ ਲਿਖੀ ਖਾਤੂਨ ਸੀ। ਉਸ ਨੇ ਫਾਰਸੀ ਜ਼ੁਬਾਨ ਮੁਰਾਦ ਬਲੋਚ ਦੇ ਬਾਪ ਸੁਲੇਮਾਨ ਖਾਂ ਬਲੋਚ ਤੋਂ ਪੜ੍ਹੀ ਸੀ। ਅਰਬੀ ਵਿਚ ਉਸ ਦਾ ਉਸਤਾਦ ਕੋਟਲੀ ਬਾਕਰ ਦਾ ਰਹਿਣ ਵਾਲਾ ਮੌਲਵੀ ਸ਼ਮਸ਼ੁੱਦੀਨ ਸੀ। ਛੇ ਸਾਲ ਦੀ ਉਮਰ ਵਿਚ ਉਸ ਦਾ ਨਿਕਾਹ ਧੀਦੋ ਖਾਂ ਰਾਂਝੇ ਨਾਲ 20 ਰਜਬ ਸੰਨ 870 ਹਿਜਰੀ ਨੂੰ ਕਾਜ਼ੀ ਸ਼ਮਸ਼ੁੱਦੀਨ ਕੋਟਲੀ ਬਾਕਰ ਸ਼ਾਹ ਨੇ ਪੜ੍ਹਾਇਆ ਸੀ।”
‘ਹੀਰ ਦੀ ਹਕੀਕਤ’ ਵਿਚ ਸੱਯਦ ਤਾਲਿਬ ਬੁਖਾਰੀ ਲਿਖਦਾ ਹੈ ਕਿ ਸੈਦੇ ਖਾਂ ਦੀ ਦੂਜੀ ਸ਼ਾਦੀ ਹੀਰ ਨਾਲ ਗੱਜ-ਵੱਜ ਕੇ ਹੋਈ। 20 ਜ਼ਿੱਲ-ਹਿੱਜਾ 883 ਹਿਜਰੀ ਨੂੰ ਸੈਦੇ ਦੀ ਜੰਝ ਝੰਗ ਅੱਪੜੀ। ਚਾਰ ਦਿਨਾਂ ਤਕ ਹੀਰ ਨੇ ਨਿਕਾਹ ਨਾ ਪੜ੍ਹਿਆ ਅਤੇ ਇਹੋ ਰੱਟਾ ਪਾਈ ਰੱਖਿਆ ਕਿ ਉਸ ਦਾ ਧੀਦੋ ਰਾਂਝੇ ਨਾਲ ਨਿਕਾਹ ਹੋ ਚੁੱਕਿਆ ਹੈ ਅਤੇ ਉਹ ਸੈਦੇ ਨਾਲ ਕਿਸੇ ਵੀ ਕੀਮਤ ‘ਤੇ ਨਿਕਾਹ ਨਹੀਂ ਕਰੇਗੀ, ਪਰ ਉਸ ਦੀ ਆਵਾਜ਼ ਕਿਸੇ ਨੇ ਨਾ ਸੁਣੀ। 25 ਜ਼ਿੱਲ-ਹਿੱਜਾ ਨੂੰ ਹੀਰ ਦਾ ਨਿਕਾਹ ਚਨਿਓਟ ਦੇ ਕਾਜ਼ੀ ਨੂਰ-ਉਦ-ਦੀਨ ਨੇ ਸੈਦੇ ਖੇੜੇ ਨਾਲ ਪੜ੍ਹਾਇਆ। ਇਸ ਨਿਕਾਹ ਵਿਚ ਕਾਜ਼ੀ ਸ਼ਮਸ਼ੁੱਦੀਨ ਜਿਸ ਨੇ ਹੀਰ ਦਾ ਨਿਕਾਹ ਰਾਂਝੇ ਨਾਲ ਪੜ੍ਹਾਇਆ ਸੀ ਅਤੇ ਝੰਗ ਦਾ ਹਾਕਮ ਮੱਲ ਖਾਂ ਸ਼ਾਮਲ ਨਾ ਹੋਏ। ਰੰਗਪੁਰ ਪਹੁੰਚਣ ਤੋਂ ਬਾਅਦ ਗਿਣੀ-ਮਿੱਥੀ ਸਾਜ਼ਿਸ਼ ਅਨੁਸਾਰ ਰਾਤ ਦੇ ਸਮੇਂ ਸਹਿਤੀ ਹੀਰ ਨੂੰ ਮੱਥਾ ਟੇਕਣ ਲਈ ਲੈ ਕੇ ਜੋਗੀ ਕੋਲ ਕਾਲਾ ਬਾਗ਼ ਵਿਖੇ ਗਈ ਜਿਥੋਂ ਦੋਵੇਂ ਨਨਾਣ ਭਰਜਾਈ ਮਿੱਥੇ ਪ੍ਰੋਗਰਾਮ ਅਨੁਸਾਰ ਮੁਰਾਦ ਬਲੋਚ ਨਾਲ ਤੇਜ਼ ਰਫਤਾਰ ਘੋੜਿਆਂ ਉਤੇ ਸਵਾਰ ਹੋ ਕੇ ਕਾਲਾ ਅਫਗ਼ਾਨਾ ਨੂੰ ਤੁਰ ਗਈਆਂ। ਕਾਲਾ ਅਫਗ਼ਾਨਾ ਵਿਖੇ ਰਾਂਝੇ ਦੀ ਭਰਜਾਈ ਨੀਗਾ ਦੇ ਪੇਕੇ ਸਨ ਅਤੇ ਲਾਲ ਖਾਂ ਢੁੱਡੀ ਇਸ ਦਾ ਜਾਗੀਰਦਾਰ ਸੀ। ਜਦੋਂ ਮੁਰਾਦ ਬਲੋਚ, ਸਹਿਤੀ ਅਤੇ ਹੀਰ ਸਵੇਰ ਸਮੇਂ ਅਲੀ ਦੀ ਜੂਹ ਵਿਚ ਪਹੁੰਚੇ ਤਾਂ ਉਨ੍ਹਾਂ ਨੂੰ ਖੇੜਿਆਂ ਦੀ ਵਾਹਰ ਨੇ ਘੇਰਾ ਪਾ ਲਿਆ। ਦੋਵਾਂ ਪਾਸਿਆਂ ਨੇ ਇਕ ਦੂਜੇ ਦਾ ਡਟ ਕੇ ਮੁਕਾਬਲਾ ਕੀਤਾ। ਕਈ ਬੰਦੇ ਜ਼ਖਮੀ ਵੀ ਹੋਏ, ਪਰ ਸਮੇਂ ਸਿਰ ਕੋਟ ਕਬੂਲੇ ਦੇ ਹਾਕਮ ਨੂੰ ਪਤਾ ਲੱਗ ਜਾਣ ਕਰਕੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਕੋਟ ਕਬੂਲੇ ਦੀ ਸਥਿਤੀ ਬਿਆਨ ਕਰਦਿਆਂ ਸੱਯਦ ਤਾਲਿਬ ਬੁਖਾਰੀ ਲਿਖਦਾ ਹੈ: “ਇਹ ਆਰਿਫ ਵਾਲਾ ਤੋਂ ਅੱਠ ਕਿਲੋਮੀਟਰ ਦੱਖਣ ਵੱਲ ਸੂਬਾ ਦੀਪਾਲਪੁਰ ਵਿਖੇ ਸਥਿਤ ਸੀ। ਪਹਿਲਾਂ ਇਸ ਦਾ ਨਾਂ ਗੜ੍ਹ ਕਿਕਰੀ ਸੀ। ਜਦੋਂ ਕਬੂਲ ਖਾਂ ਦੀਪਾਲਪੁਰ ਦਾ ਸੂਬੇਦਾਰ ਬਣਿਆ, ਉਸ ਸਮੇਂ ਪੰਜਾਬ ਦੇ ਤਿੰਨ ਸੂਬੇ ਲਾਹੌਰ, ਮੁਲਤਾਨ ਅਤੇ ਦੀਪਾਲਪੁਰ ਸਨ।”
ਕੋਟ ਕਬੂਲਾ ਉਹ ਸ਼ਹਿਰ ਹੈ ਜਿਥੇ ਅਦਲੀ ਰਾਜੇ ਅਬੁਲ ਫਤਹਿ ਨੇ ਹੀਰ ਨੂੰ ਰਾਂਝੇ ਦੇ ਲੜ ਲਾਇਆ ਸੀ। ਸੱਯਦ ਵਾਰਿਸ ਸ਼ਾਹ ਦੀ ਲਿਖੀ ਹੀਰ ਦਾ ਲੇਖਾ-ਜੋਖਾ ਕਰਦਿਆਂ ਹਮੀਦੁੱਲਾ ਸ਼ਾਹ ਹਾਸ਼ਮੀ ਲਿਖਦਾ ਹੈ: “ਸ਼ੇਰ ਸ਼ਾਹ ਸੂਰੀ ਦੇ ਸਮੇਂ ਦੇ ਨੇੜੇ ਤੇੜੇ ਪੰਜਾਬ ਦੀ ਇਕ ਰਿਆਸਤ ਦਾ ਨਾਂ ਕੋਟ ਕਬੂਲਾ ਸੀ ਜਿਹੜੀ ਸਾਹੀਵਾਲ ਦੇ ਕਸਬਾ ਆਰਿਫ ਵਾਲਾ ਤੋਂ ਦੱਖਣ ਵੱਲ ਨੌਂ ਮੀਲ ਦੇ ਫਾਸਲੇ ਉਤੇ ਸੀ। ਇਹ ਤਕੜੀ ਰਿਆਸਤ ਸੀ ਜਿਹੜੀ ਹੁਣ ਥੇਹ ਹੋ ਚੁੱਕੀ ਹੈ। ਇਸ ਰਿਆਸਤ ਦਾ ਰਾਜਾ ਅਬੁਲ ਫਤਹਿ ਆਪਣੀ ਨੇਕਨੀਤੀ ਅਤੇ ਇਨਸਾਫਪਸੰਦ ਹੋਣ ਕਰਕੇ ਅਦਲੀ ਰਾਜਾ ਅਖਵਾਉਂਦਾ ਸੀ। ਕੋਟ ਕਬੂਲਾ ਤਖਤ ਹਜ਼ਾਰੇ ਤੋਂ 110 ਮੀਲ ਦੀ ਦੂਰੀ ਉਤੇ ਆਬਾਦ ਸੀ।
ਹਾਮਦ ਸ਼ਾਹ ਅੱਬਾਸੀ ਨੇ 1220 ਹਿਜਰੀ ਵਿਚ ਹੀਰ ਰਾਂਝੇ ਦਾ ਕਿੱਸਾ ਲਿਖਿਆ। ਉਹ ਆਖਦਾ ਹੈ ਕਿ ਉਸ ਸਮੇਂ ਝੰਗ ਅਤੇ ਤਖਤ ਹਜ਼ਾਰਾ ਮੁਲਤਾਨ ਸੂਬੇ ਦੇ ਅਧੀਨ ਸਨ ਅਤੇ ਮੁਲਤਾਨ ਵੱਲੋਂ ਕੋਟ ਕਬੂਲੇ ਵਿਚ ਅਬੁਲ ਫਤਹਿ ਨੂੰ ਨਾਇਬ ਸੂਬੇਦਾਰ ਨਿਯੁਕਤ ਕੀਤਾ ਹੋਇਆ ਸੀ।
ਕੋਟ ਕਬੂਲਾ ਬਾਰੇ ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਸੁਲਤਾਨ ਮਹਿਮੂਦ ਗ਼ਜ਼ਨਵੀ ਨੇ ਮੁਲਤਾਨ ਉਤੇ ਹਮਲਾ ਕਰਕੇ ਉਸ ਨੂੰ ਫਤਹਿ ਕੀਤਾ, ਉਸ ਸਮੇਂ ਕੋਟ ਕਬੂਲੇ ਦਾ ਇਲਾਕਾ ਨਿਰਾ ਜੰਗਲ ਸੀ। ਉਸ ਨੇ ਇਸ ਜੰਗਲ ਵਿਚ ਛੋਟਾ ਜਿਹਾ ਕਿਲ੍ਹਾ ਬਣਵਾਇਆ। ਗ਼ਿਆਸੂਦੀਨ ਤੁਗ਼ਲਕ ਨੇ ਆਪਣੇ ਰਾਜ ਸਮੇਂ ਕਬੂਲ ਖਾਂ ਨੂੰ ਇਥੇ ਸ਼ਹਿਰ ਵਸਾਉਣ ਦਾ ਹੁਕਮ ਦਿੱਤਾ। ਕਬੂਲ ਖਾਂ ਨੇ ਆਪਣੇ ਹੱਥੀਂ ਇਸ ਬਸਤੀ ਦੀ ਨੀਂਹ ਰੱਖੀ ਅਤੇ ਸ਼ਹਿਰ ਵਸਾਇਆ। ਸ਼ੁਰੂ ਵਿਚ ਇਥੇ ਢੱਡੀ ਰਾਜਪੂਤਾਂ ਦੀ ਵਸੋਂ ਸੀ। ਅਕਬਰ ਸਮੇਂ ਇਹ ਸ਼ਹਿਰ ਕਾਜ਼ੀ ਖੈਰੁੱਦੀਨ ਨੂੰ ਜਗੀਰ ਵਜੋਂ ਦੇ ਦਿੱਤਾ ਗਿਆ ਸੀ।
ਮੁਰਾਦ ਬਲੋਚ ਅਤੇ ਖੇੜੇ ਗ੍ਰਿਫਤਾਰ ਕਰਕੇ ਅਦਲੀ ਰਾਜੇ ਦੇ ਸਾਹਮਣੇ ਪੇਸ਼ ਕੀਤੇ ਗਏ। ਰਾਜੇ ਨੇ ਆਪਣੀ ਬੁੱਢੀ ਉਮਰ ਕਾਰਨ 27 ਜ਼ਿੱਲ-ਹਿੱਜਾ ਸੰਨ 883 ਹਿਜਰੀ ਨੂੰ ਇਸ ਮਹੱਤਵਪੂਰਨ ਝਗੜੇ ਦਾ ਫੈਸਲਾ ਕਰਨ ਲਈ ਕਾਜ਼ੀ ਖੈਰੁੱਦੀਨ ਦੇ ਹਵਾਲੇ ਕਰ ਦਿੱਤਾ। ਚਨਿਓਟ ਦੇ ਕਾਜ਼ੀ ਨੂਰ-ਉਦ-ਦੀਨ ਨੇ ਫੈਸਲਾ ਖੇੜਿਆਂ ਦੇ ਹੱਕ ਵਿਚ ਕਰਨ ਲਈ ਆਪਣੇ ਭਣਵੱਈਏ ਕਾਜ਼ੀ ਖੈਰੁੱਦੀਨ ਨੂੰ ਚਿੱਠੀ ਭੇਜੀ। ਉਸ ਦੀ ਫਰਮਾਇਸ਼ ਦਾ ਧਿਆਨ ਕਰਦਿਆਂ ਕਾਜ਼ੀ ਖੈਰੁੱਦੀਨ ਨੇ ਹੀਰ ਦਾ ਕੋਈ ਬਿਆਨ ਨਾ ਲਿਆ ਅਤੇ ਕਾਜ਼ੀ ਨੂਰ-ਉਦ-ਦੀਨ ਦੇ ਫਤਵੇ ਨੂੰ ਠੀਕ ਆਖਦਿਆਂ ਹੀਰ ਖੇੜਿਆਂ ਦੇ ਹਵਾਲੇ ਕਰ ਦਿੱਤੀ।
ਮੁਰਾਦ ਬਲੋਚ ਦੀ ਖੇੜਿਆਂ ਨਾਲ ਹੋਈ ਲੜਾਈ ਦੀ ਖਬਰ ਜਦੋਂ ਰਾਂਝਿਆਂ, ਢੱਡੀਆਂ ਅਤੇ ਬਲੋਚਾਂ ਤਕ ਪਹੁੰਚੀ ਤਾਂ ਉਨ੍ਹਾਂ ਨੇ ਤੁਰੰਤ ਘੋੜਿਆਂ ਉਤੇ ਕਾਠੀਆਂ ਪਾ ਲਈਆਂ। ਰਾਂਝਿਆਂ ਦੀ ਕਮਾਨ ਰਾਂਝੇ ਦੀ ਭਰਜਾਈ ਨੀਗਾ ਖਾਤੂਨ ਕਰ ਰਹੀ ਸੀ ਜਿਹੜੀ ਢੱਡੀਆਂ ਕਬੀਲੇ ਦੀ ਧੀ ਸੀ। ਜਦੋਂ ਖੇੜੇ ਹੀਰ ਨੂੰ ਲੈ ਕੇ ਰੰਗਪੁਰ ਵੱਲ ਜਾ ਰਹੇ ਸਨ ਤਾਂ ਰਾਹ ਵਿਚ ਉਨ੍ਹਾਂ ਨੂੰ ਇਨ੍ਹਾਂ ਕਬੀਲਿਆਂ ਦੇ ਜਵਾਨਾਂ ਨੇ ਘੇਰ ਲਿਆ ਅਤੇ ਘਮਸਾਣ ਦੀ ਲੜਾਈ ਪਿੱਛੋਂ ਹੀਰ ਨੂੰ ਖੇੜਿਆਂ ਕੋਲੋਂ ਖੋਹ ਲਿਆ।
ਲੜਾਈ ਦੀ ਖਬਰ ਫਿਰ ਕੋਟ ਕਬੂਲੇ ਦੇ ਹਾਕਮ ਅਬੁਲ ਫਤਹਿ ਕੋਲ ਪਹੁੰਚ ਗਈ ਅਤੇ ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਕੋਟ ਕਬੂਲੇ ਦੇ ਹਾਕਮ ਸਾਹਮਣੇ ਪੇਸ਼ ਕੀਤਾ ਗਿਆ। ਮੁਰਾਦ ਬਲੋਚ ਨੇ ਕਾਜ਼ੀ ਨੂਰ-ਉਦ-ਦੀਨ ਦੇ ਪੱਖਪਾਤੀ ਫੈਸਲੇ ਖਿਲਾਫ ਰਾਜੇ ਕੋਲ ਅਪੀਲ ਦਾਇਰ ਕਰ ਦਿੱਤੀ। ਫਿਰ ਰਾਜੇ ਨੇ ਕੋਟ ਕਬੂਲੇ ਦੇ ਮੁੱਖ ਕਾਜ਼ੀ ਸ਼ਫੀਉਦੀਨ ਨੂੰ ਅਪੀਲ ਦਾ ਫੈਸਲਾ ਕਰਨ ਵਾਸਤੇ ਨਿਯੁਕਤ ਕਰ ਦਿੱਤਾ। ਕਾਜ਼ੀ ਨੇ ਹੀਰ ਤੇ ਰਾਂਝੇ ਦੇ ਬਿਆਨਾਂ, ਮੁਰਾਦ ਬਲੋਚ ਤੇ ਸਹਿਤੀ ਦੀਆਂ ਗਵਾਹੀਆਂ ਸੁਣਨ ਤੋਂ ਬਾਅਦ ਉਨ੍ਹਾਂ ਵੱਲੋਂ ਦਿੱਤੇ ਬਿਆਨਾਂ ਨੂੰ ਸਹੀ ਮੰਨਦਿਆਂ ਕਾਜ਼ੀ ਨੂਰ-ਉਦ-ਦੀਨ ਦੇ ਦਿੱਤੇ ਫੈਸਲੇ ਨੂੰ ਖਾਰਜ ਕਰਕੇ ਹੀਰ ਨੂੰ ਰਾਂਝੇ ਦੇ ਹਵਾਲੇ ਕਰ ਦਿੱਤਾ। ਇਹ ਫੈਸਲਾ 7 ਮੁਹੱਰਮ 884 ਹਿਜਰੀ ਨੂੰ ਹੋਇਆ।
ਅਦਾਲਤ ਦਾ ਫੈਸਲਾ
ਕੋਟ ਕਬੂਲੇ ਦੇ ਮੁੱਖ ਕਾਜ਼ੀ ਸ਼ਫੀਉਦੀਨ ਨੇ ਦੋਵਾਂ ਧਿਰਾਂ ਦੇ ਬਿਆਨ ਲੈਣ ਤੋਂ ਬਾਅਦ ਫੈਸਲਾ ਕੀਤਾ। ਫੈਸਲੇ ਵਿਚ ਲਿਖਿਆ ਗਿਆ ਹੈ ਕਿ “ਸਾਡੇ ਸਾਹਮਣੇ ਅਜੀਬ ਮੁਕੱਦਮਾ ਆਇਆ ਹੈ ਜਿਹੜਾ ਅੱਜ ਤੋਂ ਪਹਿਲਾਂ ਦੇਖਣ ਵਿਚ ਨਹੀਂ ਆਇਆ। ਫਰੀਕੀਨ (ਦੋਵੇਂ ਧਿਰਾਂ) ਬਾਇਜ਼ਤ ਖਾਨਦਾਨਾਂ ਦੇ ਅਫਰਾਦ ਨੇ। ਇਕ ਲੜਕੀ ਜਿਸ ਦਾ ਨਾਂ ਹੀਰ ਸਿਆਲ ਹੈ, ਉਸ ਦੇ ਦੋ ਖਾਵੰਦ ਦਾਅਵੇਦਾਰ ਨੇ। ਮਾਤਹਿਤ (ਛੋਟੀ) ਅਦਾਲਤ ਦੇ ਕਾਜ਼ੀ ਖੈਰੁੱਦੀਨ ਨੇ ਇਸ ਮੁਕੱਦਮੇ ਦਾ ਫੈਸਲਾ ਮੱਦਿਆਨ ਸੈਦੇ ਖਾਂ ਖੇੜਾ ਦੇ ਹੱਕ ਵਿਚ ਅਤੇ ਮਸਮੀ ਧੀਦੋ ਖਾਂ ਜੋਗੀ ਦੇ ਖਿਲਾਫ ਕਰ ਦਿੱਤਾ ਸੀ। ਇਸ ਫੈਸਲੇ ਦੇ ਖਿਲਾਫ ਧੀਦੋ ਖਾਂ ਜੋਗੀ ਦੀ ਤਰਫੋਂ ਮੁਰਾਦ ਬਲੋਚ ਨੇ ਅਦਾਲਤੇ ਆਲੀਆ ਕੋਟ ਕਬੂਲਾ ਵਿਚ ਕਾਜ਼ੀ ਨੂਰ-ਉਦ-ਦੀਨ ਦੇ ਫੈਸਲੇ ਖਿਲਾਫ ਅਪੀਲ ਦਾਇਰ ਕਰ ਦਿੱਤੀ ਏ।
ਮੁੱਦਈ ਸੈਦੇ ਖਾਂ ਨੇ ਆਪਣੇ ਦੀਵਾਨ ਮੂਲ ਰਾਜ ਨੂੰ ਆਪਣੇ ਮੁਕੱਦਮੇ ਦੀ ਪੈਰਵੀ ਵਾਸਤੇ ਨਿਯੁਕਤ ਕੀਤਾ ਏ ਜਿਹੜਾ ਕਬੂਲ ਕਰ ਲਿਆ ਗਿਆ ਏ, ਕਿਉਂ ਜੋ ਸੈਦੇ ਖਾਂ ਫੱਟੜ ਏ, ਉਹ ਅਦਾਲਤ ਵਿਚ ਹਾਜ਼ਰ ਤਾਂ ਏ, ਪਰ ਪੈਰਵੀ ਦੇ ਕਾਬਲ ਨਹੀਂ।
ਕਾਜ਼ੀ ਖੈਰੁੱਦੀਨ ਨੇ ਇਸ ਮੁਕੱਮੇ ਦਾ ਫੈਸਲਾ ਬਾਹੱਕ ਮੁੱਦਈ ਇਸ ਬਿਨਾਹ ‘ਤੇ ਕਰ ਦਿੱਤਾ ਏ ਕਿ ਹੀਰ ਦਾ ਬਚਪਨ ਵਿਚ ਧੀਦੋ ਖਾਂ ਰਾਂਝੇ ਪੁੱਤਰ ਮੌਜਦਾਰ ਖਾਂ ਰਾਂਝਾ ਸਕਨਾ ਤਖਤ ਹਜ਼ਾਰਾ ਨਾਲ ਜਿਹੜਾ ਨਿਕਾਹ ਹੋਇਆ ਸੀ, ਉਹ ਚਨਿਓਟ ਦੇ ਕਾਜ਼ੀ ਨੂਰ-ਉਦ-ਦੀਨ ਦੇ ਫਤਵੇ ਅਨੁਸਾਰ ਗ਼ੈਰ ਮੁਅੱਸਰ ਸਾਬਤ ਹੋਇਆ ਏ। ਹੀਰ ਦਾ ਨਿਕਾਹ ਸਾਨੀ ਸੈਦੇ ਖੇੜੇ ਨਾਲ ਜਾਇਜ਼ ਏ ਤੇ ਉਹੋ ਹੀ ਹੀਰ ਦਾ ਅਸਲ ਖਾਵੰਦ ਏ। ਕਾਜ਼ੀ ਨੂਰ-ਉਦ-ਦੀਨ ਨੇ ਨਾ ਤੇ ਮਦਆਲੀਆ ਦਾ ਬਿਆਨ ਲਿਆ ਏ ਅਤੇ ਨਾ ਹੀ ਹੀਰ ਦਾ। ਉਸ ਨੇ ਸਿਰਫ ਕਾਜ਼ੀ ਨੂਰ-ਉਦ-ਦੀਨ ਦੇ ਫਤਵੇ ਨੂੰ ਸ਼ਰਫੇ ਕਬੂਲੀਅਤ ਬਖਸ਼ਿਆ ਏ। ਅਦਾਲਤ ਦੇ ਖਿਆਲ ਮੁਤਾਬਿਕ ਇਹ ਇਕਤਰਫਾ ਫੈਸਲਾ ਏ। ਇਹ ਫੈਸਲਾ ਕਾਜ਼ੀ ਅਨੁਸਾਰ ਸ਼ਰੀਅਤ-ਏ-ਇਸਲਾਮੀ ਦੇ ਅਨੁਸਾਰ ਕੀਤਾ ਗਿਆ ਏ ਜਿਹੜਾ ਉਕਾ ਹੀ ਗ਼ਲਤ ਏ।
ਮਨਕੂਹਾ ਨੇ ਬਿਆਨ ਦਿੱਤਾ ਏ ਕਿ ਉਹਦਾ ਬਚਪਨ ਵਿਚ ਧੀਦੋ ਖਾਂ ਰਾਂਝੇ ਨਾਲ ਕੋਟਲੀ ਬਾਕਰ ਵਿਚ ਉਹਦੇ ਮਰਹੂਮ ਬਾਪ ਦੇ ਹੁੰਦਿਆਂ ਝੰਗ ਦੇ ਕਾਜ਼ੀ ਸ਼ਮਸ਼ੁੱਦੀਨ ਨੇ ਨਿਕਾਹ ਪੜ੍ਹਿਆ ਸੀ ਜਿਹੜਾ ਗਵਾਹਾਂ ਅਤੇ ਜਨਮ ਪੱਤਰੀਆਂ ਮੁਤਾਬਿਕ ਦਰੁਸਤ ਏੇ। ਹੀਰ ਦਾ ਬਿਆਨ ਏ ਕਿ ਉਸ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ ਕਿ ਨਿਕਾਹ ਸਾਨੀ ਨਾ ਕਰਿਆ ਜਾਵੇ ਕਿਉਂ ਜੋ ਉਹ ਧੀਦੋ ਖਾਂ ਨੂੰ ਆਪਣਾ ਜਾਇਜ਼ ਖਾਵੰਦ ਸਮਝਦੀ ਏ। ਹੀਰ ਦਾ ਮਾਮਾ ਕਾਦਰ ਖਾਂ ਖੇੜਾ ਚਾਹੁੰਦਾ ਸੀ ਕਿ ਹੀਰ ਦਾ ਨਿਕਾਹ ਕਿਸੇ ਤੌਰ ਗ਼ੈਰ ਮੁਅੱਸਰ ਕਰਵਾ ਕੇ ਸੈਦੇ ਖਾਂ ਖੇੜੇ ਨਾਲ ਦੁਬਾਰਾ ਕਰਵਾ ਦਿੱਤਾ ਜਾਵੇ। ਉਸ ਦੀ ਸਾਜ਼ਿਸ਼ ਵਿਚ ਚਨਿਓਟ ਦੇ ਕਾਜ਼ੀ ਨੂਰ-ਉਦ-ਦੀਨ ਨੇ ਸ਼ਿਰਕਤ ਕਰਕੇ ਫਤਵਾ ਜਾਰੀ ਕਰਵਾ ਲਿਆ। ਸੈਦੇ ਖਾਂ ਖੇੜੇ ਦੀ ਸਕੀ ਭੈਣ ਸ਼ਾਇਸਤਾ ਬਾਨੋ ਬਿਨਤ ਅਜਾਇਬ ਖਾਂ ਖੇੜਾ ਜੋਜ਼ਾ ਮੁਰਾਦ ਬਲੋਚ ਸਕਨਾ ਡੇਰਾ ਹੈਬਤ ਖਾਂ ਦਾ ਬਿਆਨ ਏ ਕਿ ਹੀਰ ਨੇ ਧੀਦੋ ਖਾਂ ਨੂੰ ਹੀ ਆਪਣਾ ਖਾਵੰਦ ਤਸਲੀਮ ਕਰੀ ਰੱਖਿਆ ਏ ਅਤੇ ਉਹ ਧੀਦੋ ਖਾਂ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਏ। ਮੁਰਾਦ ਬਲੋਚ ਦਾ ਬਿਆਨ ਸ਼ਾਇਸਤਾ ਦੇ ਬਿਆਨ ਦੀ ਤਾਈਦ ਕਰਦਾ ਏ। ਹੁਣ ਅਸੀਂ ਜੇ ਇਹ ਗਵਾਹੀਆਂ ਗ਼ਲਤ ਵੀ ਮੰਨ ਲਈਏ, ਤਦ ਵੀ ਹੀਰ ਨੂੰ ਇਸਲਾਮੀ ਸ਼ਰ੍ਹਾ ਅਨੁਸਾਰ ਇਹ ਹੱਕ ਹਾਸਿਲ ਏ ਕਿ ਉਹ ਜੀਹਨੂੰ ਵੀ ਪਸੰਦ ਕਰੇ, ਉਹੋ ਉਹਦਾ ਖਾਵੰਦ ਏ। ਇਸਲਾਮ ਜਬਰ ਦੇ ਹੱਕ ਵਿਚ ਨਹੀਂ। ਪਹਿਲਾ ਨਿਕਾਹ ਇਸ ਲਈ ਗ਼ੈਰ ਮੁਅੱਸਰ ਸੀ ਜੇ ਹੀਰ ਕਹਿੰਦੀ ਕਿ ਉਹ ਬਚਪਨ ਦੇ ਵਿਆਹ ਨੂੰ ਪਸੰਦ ਨਹੀਂ ਕਰਦੀ। ਹੀਰ ਸ਼ਰੱਈ ਤੌਰ ‘ਤੇ ਧੀਦੋ ਖਾਂ ਦੀ ਮਨਕੂਹਾ ਏ। ਫਤਵਾ ਮਜ਼ਕੂਰਾ ਗ਼ੈਰ ਮੁਅੱਸਰ ਏ ਅਤੇ ਪਿਛਲਾ ਫੈਸਲਾ ਖਾਰਜ ਕੀਤਾ ਜਾਂਦਾ ਏ।
ਖੇੜਿਆਂ ਨੂੰ ਹਦਾਇਤ ਕੀਤੀ ਜਾਂਦੀ ਏ ਕਿ ਉਹ ਦੁਪਹਿਰ ਤੋਂ ਪਹਿਲਾਂ ਪਹਿਲਾਂ ਕੋਟ ਕਬੂਲੇ ਦੀ ਹੱਦ ਤੋਂ ਬਾਹਰ ਚਲੇ ਜਾਣ, ਵਰਨਾ ਇਨ੍ਹਾਂ ਨੂੰ ਹੁਕਮ ਅਦੂਲੀ ਦੀ ਬਿਨਾਹ ‘ਤੇ ਸਜ਼ਾ ਦਿੱਤੀ ਜਾਵੇਗੀ। ਹੀਰ ਆਪਣੀ ਹਿਫਾਜ਼ਤ ਵਾਸਤੇ ਜਿੰਨੀ ਫੌਜ ਚਾਹੇ ਲੈ ਸਕਦੀ ਏ। ਉਹ ਜਿਥੇ ਜਾਣਾ ਚਾਹਵੇ, ਹਕੂਮਤ ਉਹਨੂੰ ਬਾਇਜ਼ਤ ਪਹੁੰਚਾਉਣ ਦੀ ਜ਼ਿੰਮੇਵਾਰ ਹੋਵੇਗੀ। ਫੈਸਲਾ ਦੋਵੇਂ ਫਰੀਕਾਂ (ਧਿਰਾਂ) ਨੂੰ ਸੁਣਾ ਕੇ ਫੈਸਲੇ ਦੀਆਂ ਕਾਪੀਆਂ ਦੇ ਦਿੱਤੀਆਂ ਗਈਆਂ ਨੇ ਅਤੇ ਉਨ੍ਹਾਂ ਦੇ ਦਸਤਖਤ ਲੈ ਲਏ ਗਏ ਨੇ।
ਦਸਤਖਤ ਮੁੱਖ ਕਾਜ਼ੀ ਸ਼ਫੀਉਦੀਨ (ਦੀਪਾਲਪੁਰ)
ਬਾਮਕਾਮ ਕੋਟਕਬੂਲਾ
7 ਮੁਹੱਰਮ ਅਲਹਰਾਮ 884
(ਅਦਾਲਤ ਦੀ ਮੋਹਰ)

ਹੀਰ ਦੀ ਮੌਤ
ਅਦਲੀ ਰਾਜੇ ਵੱਲੋਂ ਰਾਂਝੇ ਦੇ ਹੱਕ ਵਿਚ ਫੈਸਲਾ ਦਿੱਤੇ ਜਾਣ ਤੋਂ ਬਾਅਦ ਰਾਂਝੇ ਦੀ ਭਰਜਾਈ ਨੀਗਾ ਦੇ ਛੋਟੇ ਭਰਾ ਰਾਓ ਖਾਂ ਢੱਡੀ ਨੇ ਰਾਂਝਾ, ਹੀਰ, ਮੁਰਾਦ ਬਲੋਚ ਅਤੇ ਹੋਰ ਸਾਰੇ ਸਾਥੀਆਂ ਨੂੰ ਕੁਝ ਦਿਨ ਲਈ ਆਪਣੇ ਕੋਲ ਆਰਾਮ ਕਰਨ ਦੀ ਦਾਅਵਤ ਦਿੱਤੀ। ਹੀਰ, ਸ਼ਾਇਸਤਾ ਤੇ ਨੀਗਾ ਨੂੰ ਜਨਾਨਖਾਨੇ ਵਿਚ ਠਹਿਰਾਇਆ ਗਿਆ ਅਤੇ ਮੁਰਾਦ ਬਲੋਚ ਨੂੰ ਦੀਵਾਨ ਖਾਨੇ ਵਿਚ ਰਹਿਣ ਲਈ ਥਾਂ ਦਿੱਤੀ ਗਈ। ਰਾਂਝਾ ਆਪਣੇ ਪੀਰ ਭਾਈ ਵਿਸ਼ਵਾਸ ਨਾਥ ਦੇ ਡੇਰੇ ‘ਤੇ ਚਲਿਆ ਗਿਆ।
ਜਦੋਂ ਚਾਰ ਦਿਨ ਆਰਾਮ ਕਰਨ ਤੋਂ ਬਾਅਦ ਮੁਰਾਦ ਬਲੋਚ ਨੇ ਰਾਂਝੇ ਨੂੰ ਤਖਤ ਹਜ਼ਾਰੇ ਜਾਣ ਲਈ ਸੁਨੇਹਾ ਘੱਲਿਆ ਤਾਂ ਉਸ ਨੇ ਹੈਰਾਨੀ ਭਰਿਆ ਜਵਾਬ ਦਿੰਦਿਆਂ ਕਿਹਾ, “ਇਸ ਵਿਚ ਕੋਈ ਸ਼ੱਕ ਨਹੀਂ ਕਿ ਮੈਂ ਹੀਰ ਦੀ ਖਾਤਰ ਝੂਠ-ਮੂਠ ਦਾ ਜੋਗੀ ਬਣਿਆ ਸਾਂ, ਪਰ ਮੈਨੂੰ ਹੁਣ ਹੱਕ-ਸੱਚ ਦੀ ਪਛਾਣ ਹੋ ਗਈ ਹੈ ਅਤੇ ਬਾਕੀ ਰਹਿੰਦੀ ਜ਼ਿੰਦਗੀ ਜੋਗੀ ਦੀ ਹੈਸੀਅਤ ਵਿਚ ਹੀ ਗੁਜ਼ਾਰਨਾ ਚਾਹੁੰਦਾ ਹਾਂ। ਜੇ ਹੀਰ ਮੇਰੇ ਨਾਲ ਜੋਗਣ ਬਣ ਕੇ ਰਹਿਣਾ ਚਾਹੁੰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਉਹ ਜਿਥੇ ਜਾਣਾ ਚਾਹੇ, ਜਾ ਸਕਦੀ ਏ।”
ਮੁਰਾਦ ਬਲੋਚ ਲਿਖਦਾ ਹੈ ਕਿ ਰਾਂਝੇ ਵੱਲੋਂ ਟਕੇ ਵਰਗਾ ਜਵਾਬ ਸੁਣ ਕੇ ਮੇਰੀ ਤਾਂ ਜਾਨ ਹੀ ਨਿਕਲ ਗਈ। ਮੈਂ ਧੀਦੋ ਖਾਂ ਰਾਂਝੇ ਲਈ ਆਪਣੇ ਜਿਗਰੀ ਯਾਰਾਂ ਦੀ ਕੁਰਬਾਨੀ ਦੇ ਕੇ ਉਸ ਲਈ ਹੀਰ ਪ੍ਰਾਪਤ ਕੀਤੀ ਸੀ। ਜਦੋਂ ਇਹ ਗੱਲ ਹੀਰ ਤਕ ਅੱਪੜੀ ਤਾਂ ਉਹ ਵੁਜ਼ੂ ਕਰਕੇ ਨਮਾਜ਼ ਪੜ੍ਹਨ ਲੱਗ ਗਈ ਅਤੇ ਸਿਜਦੇ ਦੀ ਹਾਲਤ ਵਿਚ ਉਸ ਦਾ ਦਮ ਮੁਸਾਫਰ ਹੋ ਗਿਆ। ਹੀਰ ਦੀ ਮੌਤ ਦੀ ਖਬਰ ਸੁਣਦਿਆਂ ਹੀ ਧੀਦੋਂ ਖਾਂ ਰਾਂਝਾ ਵੀ ਜੋਗੀਆਂ ਦੇ ਡੇਰੇ ਵਿਖੇ ਪ੍ਰਾਣ ਤਿਆਗ ਗਿਆ।
ਇਹ ਅਜੀਬ ਮੌਤ ਸੀ। ਸਾਰੇ ਇਲਾਕੇ ਵਿਚ ਕੋਹਰਾਮ ਮੱਚ ਗਿਆ। ਕੋਟ ਕਬੂਲੇ ਦੇ ਦਰਬਾਰ ਤਕ ਵੀ ਇਹ ਖਬਰ ਪਹੁੰਚ ਗਈ। ਕੋਟ ਕਬੂਲੇ ਦੇ ਹਾਕਮ ਅਤੇ ਕਾਜ਼ੀਆਂ ਨੇ ਮਿਲ ਕੇ ਇਹ ਫੈਸਲਾ ਦਿੱਤਾ ਕਿ ਇਹ ਦੋਵੇਂ ਮੁਹੱਬਤ ਵਿਚ ਸ਼ਹੀਦ ਹੋਈਆਂ ਜਿੰਦਾਂ ਹਨ। ਇਨ੍ਹਾਂ ਨੂੰ ਕਫਨਾਉਣ ਦੀ ਜ਼ਰੂਰਤ ਨਹੀਂ। ਇਹ ਜਿਸ ਹਾਲਤ ਵਿਚ ਹਨ, ਉਸੇ ਹਾਲ ਵਿਚ ਇਨ੍ਹਾਂ ਨੂੰ ਇਕੋ ਤਾਬੂਤ ਵਿਚ ਪਾ ਕੇ ਜਿਥੇ ਵਾਰਸ ਠੀਕ ਸਮਝਣ, ਦਫਨਾ ਦਿੱਤਾ ਜਾਵੇ।
14 ਮੁਹੱਰਮ 884 ਹਿਜਰੀ ਨੂੰ ਸਾਰਿਆਂ ਦੀ ਸਲਾਹ ਨਾਲ ਦੋਵਾਂ ਨੂੰ ਇਕੋ ਤਾਬੂਤ ਵਿਚ ਪਾ ਕੇ ਤਖਤ ਹਜ਼ਾਰੇ ਦੇ ਕਬਰਸਤਾਨ ਵਿਚ ਦਫਨਾ ਦਿੱਤਾ ਗਿਆ। ਬਾਅਦ ਵਿਚ ਇਨ੍ਹਾਂ ਦੀ ਕਬਰ ਉਤੇ ਰਾਂਝੇ ਦੀ ਭਰਜਾਈ ਨੀਗਾ ਪਤਨੀ ਜ਼ਾਹਰ ਖਾਂ ਰਾਂਝਾ ਨੇ ਤਿੰਨ ਮੰਜ਼ਿਲਾ ਗੋਲ ਗੁੰਬਦ ਬਣਵਾਇਆ ਜਿਸ ਦੇ ਤਹਿਖਾਨੇ ਵਿਚ ਕਬਰ ਸੀ। ਵਿਚਕਾਰਲੀ ਮੰਜ਼ਿਲ ਵਿਚ ਮਸਜਿਦ ਅਤੇ ਉਪਰਲੀ ਮੰਜ਼ਿਲ ਵਿਚ ਕਿਤਾਬ ਘਰ ਸੀ। ਇਸ ਗੁੰਬਦ ਤੋਂ 50 ਗਜ਼ ਦੀ ਦੂਰੀ ‘ਤੇ ਰਾਂਝੇ ਦੀਆਂ ਦੋ ਮਤਰੇਈਆਂ ਭੈਣਾਂ ਆਕਿਲਾ ਅਤੇ ਬਖਤਾਵਰੀ ਨੇ ਇਨ੍ਹਾਂ ਦੀ ਯਾਦ ਵਿਚ ‘ਹੀਰ ਦਾ ਹਮਾਮ’ ਬਣਵਾਇਆ। ਸੱਯਦ ਤਾਲਿਬ ਬੁਖਾਰੀ ਆਪਣੇ ਲੇਖ ਵਿਚ ਲਿਖਦਾ ਹੈ ਕਿ ਇਹ ਦੋਵੇਂ ਇਮਾਰਤਾਂ ਮੈਂ 1929 ਵਿਚ ਢੱਠੀਆਂ ਹੋਈਆਂ ਅੱਖੀਂ ਦੇਖੀਆਂ ਸਨ ਅਤੇ ਇਨ੍ਹਾਂ ਇਮਾਰਤਾਂ ਦੀਆਂ ਤਸਵੀਰਾਂ ਹੀਰ ਦੀ ਹਕੀਕਤ ਵਿਚ ਸ਼ਾਮਲ ਕੀਤੀਆਂ ਗਈਆਂ ਹਨ। ਮੁਰਾਦ ਬਲੋਚ ਲਿਖਦਾ ਹੈ ਕਿ ਜਦੋਂ ਕਾਲਾ ਪਠਾਣਾਂ ਵਿਖੇ ਹੀਰ ਦੀ ਦੇਹ ਨੂੰ ਚੁੱਕਿਆ ਗਿਆ ਤਾਂ ਉਸ ਦੇ ਹੱਥ ਵਿਚ ਕਾਗ਼ਜ਼ ਦਾ ਟੁਕੜਾ ਸੀ ਜਿਸ ਉਤੇ ਲਿਖਿਆ ਹੋਇਆ ਸੀ, “ਮੁਰਾਦ ਭਰਾ, ਮੇਰੀ ਤਾਰੀਖ ਲਿਖੀਂ।” ਉਹ ਲਿਖਦਾ ਹੈ ਕਿ ਹੀਰ ਦੀ ਵਸੀਅਤ ਅਨੁਸਾਰ ਮੈਂ 15 ਸ਼ਵਾਲ 885 ਹਿਜਰੀ ਨੂੰ ‘ਤਾਰੀਖ-ਏ-ਹੀਰ’ ਲਿਖਣੀ ਸ਼ੁਰੂ ਕੀਤੀ ਅਤੇ 12 ਰਜਬ 886 ਨੂੰ ਤਖਤ ਹਜ਼ਾਰੇ ਜਾ ਕੇ ਰਾਂਝਿਆਂ ਨੂੰ ਸੁਣਾਈ।