ਭਾਰਤ ਨੂੰ ਕੁਪੱਤੇ ਗਵਾਂਢ ਨਾਲ ਕੁਪੱਤੇ ਹੋਣ ਦੀ ਲੋੜ ਨਹੀਂ

ਜਤਿੰਦਰ ਪਨੂੰ
ਭਾਰਤ ਦਾ ਬੱਚਾ-ਬੱਚਾ ਇਸ ਵਕਤ ਗੁੱਸੇ ਵਿਚ ਹੈ ਤੇ ਪਾਕਿਸਤਾਨ ਦੇ ਖਿਲਾਫ ਉਬਲ ਰਿਹਾ ਹੈ। ਯਾਸੀਨ ਮਲਿਕ ਵਰਗੇ ਜਿਹੜੇ ਕੁਝ ਲੋਕ ਭਾਰਤ ਦੀ ਮਿੱਟੀ ਵਿਚ ਜੰਮ ਕੇ ਵੀ ਆਪਣੇ ਦੇਸ਼ ਨਾਲ ਧਰੋਹ ਕਰ ਕੇ ਪਾਕਿਸਤਾਨ ਦੇ ਬਗਲ-ਬੱਚੇ ਬਣੇ ਹੋਏ ਹਨ, ਉਨ੍ਹਾਂ ਚੰਦ ਕੁ ਲੋਕਾਂ ਨੂੰ ਇਸ ਵਿਚੋਂ ਮਨਫੀ ਕੀਤਾ ਜਾ ਸਕਦਾ ਹੈ। ਭਾਰਤੀ ਪਾਰਲੀਮੈਂਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਪਾਕਿਸਤਾਨ ਖਿਲਾਫ ਇੱਕ ਸੁਰ ਕੱਢੀ ਹੈ, ਜਿਸ ਦੇ ਖਾਸ ਅਰਥ ਹਨ। ਇਹ ਸਥਿਤੀ ਇਸ ਲਈ ਪੈਦਾ ਹੋਈ ਕਿ ਇਸ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਨੇ ਭਾਰਤ ਵਿਚ ਅਫਜ਼ਲ ਗੁਰੂ ਨੂੰ ਫਾਂਸੀ ਲਾਏ ਜਾਣ ਤੇ ਕਸ਼ਮੀਰ ਦੇ ਹਾਲਾਤ ਬਾਰੇ ਪੁੱਠੇ-ਸਿੱਧੇ ਲਫਜ਼ਾਂ ਵਾਲਾ ਮਤਾ ਪਾਸ ਕਰ ਕੇ ਇੱਕ ਤਰ੍ਹਾਂ ਭਾਰਤ ਦੀ ਖੁਦ-ਮੁਖਤਿਆਰੀ ਵਿਚ ਦਖਲ ਦੇਣ ਦਾ ਕੋਝਾ ਯਤਨ ਕੀਤਾ ਸੀ। ਉਸ ਤੋਂ ਇੱਕ ਦਿਨ ਹੋਰ ਪਹਿਲਾਂ ਕਸ਼ਮੀਰ ਘਾਟੀ ਦੀ ਇੱਕ ਕ੍ਰਿਕਟ ਗਰਾਊਂਡ ਵਿਚ ਕ੍ਰਿਕਟ ਖਿਡਾਰੀਆਂ ਦੇ ਭੇਸ ਵਿਚ ਆਏ ਦਹਿਸ਼ਤਗਰਦਾਂ ਨੇ ਪੰਜ ਸੀ ਆਰ ਪੀ ਜਵਾਨ ਮਾਰ ਦਿੱਤੇ ਸਨ ਤੇ ਜਦੋਂ ਉਹ ਦੋਵੇਂ ਆਪ ਮਾਰੇ ਗਏ ਤਾਂ ਉਨ੍ਹਾਂ ਦੇ ਬੈਗਾਂ ਵਿਚਲੇ ਸਾਮਾਨ ਤੋਂ ਉਨ੍ਹਾਂ ਦੇ ਪਾਕਿਸਤਾਨੀ ਹੋਣ ਦਾ ਪਤਾ ਲੱਗਾ ਸੀ। ਦਹਿਸ਼ਤਗਰਦੀ ਦਾ ਏਦਾਂ ਦਾ ਹੱਲਾ ਕਸ਼ਮੀਰ ਘਾਟੀ ਵਿਚ ਕੋਈ ਤਿੰਨ ਸਾਲ ਬਾਅਦ ਹੋਇਆ ਸੀ ਤੇ ਜਦੋਂ ਭਾਰਤ ਦੇ ਲੋਕ ਇਸ ਤੋਂ ਗੁੱਸੇ ਵਿਚ ਸਨ, ਐਨ ਉਦੋਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਵਿਚ ਮਤਾ ਪਾਸ ਕਰ ਕੇ ਭਾਰਤ ਨੂੰ ਚਿੜਾਉਣ ਦਾ ਅਗਲਾ ਘਟੀਆਪਣ ਕੀਤਾ ਗਿਆ ਸੀ।
ਆਖਰ ਇਹ ਕਿਉਂ ਹੋਇਆ? ਭਾਰਤ ਨੇ ਤਾਂ ਇਹੋ ਜਿਹੀ ਕੋਈ ਚਿੜਾਉਣ ਵਾਲੀ ਗੱਲ ਕੀਤੀ ਨਹੀਂ ਸੀ, ਸਗੋਂ ਉਲਟਾ ਭਾਰਤ ਨੇ ਆਪਣੇ ਕਈ ਲੋਕਾਂ ਦੀ ਨਾਰਾਜ਼ਗੀ ਦੇ ਬਾਵਜੂਦ ਅਜੇ ਪਿਛਲੇ ਸਨਿਚਰਵਾਰ ਅਜਮੇਰ ਸ਼ਰੀਫ ਵੱਲ ਜ਼ਿਆਰਤ ਕਰਨ ਜਾ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਜੈਪੁਰ ਵਿਚ ਲੌਢਾ ਵੇਲਾ ਛਕਾਉਣ ਨੂੰ ਆਪਣਾ ਵਿਦੇਸ਼ ਮੰਤਰੀ ਉਚੇਚਾ ਦਿੱਲੀ ਤੋਂ ਭੇਜਿਆ ਸੀ। ਇਹ ਵੀ ਇੱਕਤਰਫਾ ਸੁਹਿਰਦਤਾ ਸੀ। ਪਾਕਿਸਤਾਨ ਦਾ ਪ੍ਰਧਾਨ ਮੰਤਰੀ ਤਾਂ ਪਹਿਲਾਂ ਹੀ ਕਹਿ ਚੁੱਕਾ ਸੀ ਕਿ ਨਾ ਮੈਂ ਦਿੱਲੀ ਜਾਣਾ ਹੈ ਤੇ ਨਾ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮਿਲਣਾ ਹੈ, ਭਾਰਤ ਵੱਲੋਂ ਫਿਰ ਵੀ ਡਿਪਲੋਮੈਟਕ ਲੋਕ-ਲਾਜ ਦਾ ਖਿਆਲ ਰੱਖਿਆ ਗਿਆ। ਪਾਕਿਸਤਾਨ ਜਾ ਕੇ ਉਸ ਆਗੂ ਨੂੰ ਇਹ ਗੱਲ ਯਾਦ ਹੀ ਨਾ ਰਹੀ ਤੇ ਇਸ ਦੀ ਥਾਂ ਇਹ ਸੋਚ ਭਾਰੂ ਹੋ ਗਈ ਕਿ ਜੇ ਆਪਣੇ ਲੋਕਾਂ ਦੀਆਂ ਵੋਟਾਂ ਲੈਣੀਆਂ ਹਨ ਤਾਂ ਭਾਰਤ ਦੇ ਵਿਰੁਧ ਕੋਈ ਨਾ ਕੋਈ ਉਕਸਾਊ ਗੱਲ ਕਰ ਦਿੱਤੀ ਜਾਵੇ, ਵੱਧ ਮਿਲ ਸਕਦੀਆਂ ਹਨ। ਜਿਸ ਦਿਨ ਕੌਮੀ ਅਸੈਂਬਲੀ ਦਾ ਆਖਰੀ ਦਿਨ ਸੀ, ਉਸ ਦਾ ਭੋਗ ਪੈਣ ਤੋਂ ਪਹਿਲਾਂ ਭਾਰਤ ਵਿਰੁਧ ਮਤਾ ਪਾਸ ਕਰਵਾ ਕੇ ਉਸ ਨੇ ਪਾਕਿਸਤਾਨ ਦੇ ਲੋਕਾਂ ਨੂੰ ਭਾਰਤ ਵਿਰੁਧ ਉਕਸਾਉਣ ਦਾ ਉਹ ਕੰਮ ਕੀਤਾ, ਜਿਹੜਾ ਕਈ ਵਾਰੀ ਜ਼ੁਲਫਕਾਰ ਅਲੀ ਭੁੱਟੋ ਨੇ ਕੀਤਾ ਤੇ ਕਈ ਵਾਰੀ ਉਸ ਦੀ ਧੀ ਬੇਨਜ਼ੀਰ ਭੁੱਟੋ ਕਰ ਚੁੱਕੀ ਸੀ, ਪਰ ਕਿਸੇ ਨੂੰ ਵੀ ਰਾਸ ਨਹੀਂ ਸੀ ਆਇਆ। ਥੋੜ੍ਹ-ਚਿਰੇ ਲਾਭ ਦੇ ਚੱਕਰ ਵਿਚ ਦੋਵੇਂ ਹੀ ਕੱਟੜਪੰਥੀਆਂ ਨੂੰ ਭੜਕਾ ਕੇ ਆਪਣੀਆਂ ਜਾਨਾਂ ਗੰਵਾ ਬੈਠੇ ਸਨ। ਹੁਣ ਇਹੋ ਖੇਡ ਜੇ ਪ੍ਰਧਾਨ ਮੰਤਰੀ ਰਾਜਾ ਪਰਵੇਜ਼ ਅਸ਼ਰਫ ਨੂੰ ਅੱਗੇ ਲਾ ਕੇ ਜ਼ੁਲਫਕਾਰ ਅਲੀ ਭੁੱਟੋ ਦਾ ਜਵਾਈ ਅਤੇ ਬੇਨਜ਼ੀਰ ਬੀਬੀ ਦਾ ਪਤੀ ਆਸਿਫ ਅਲੀ ਜ਼ਰਦਾਰੀ ਖੇਡ ਰਿਹਾ ਹੈ ਤਾਂ ਕੰਡੇ ਬੀਜ ਕੇ ਉਹ ਵੀ ਆਪਣੇ ਲਈ ਖਤਰੇ ਖੜੇ ਕਰੇਗਾ।
ਜਿੱਥੋਂ ਤੱਕ ਭਾਰਤ ਦਾ ਸਵਾਲ ਹੈ, ਉਸ ਲਈ ਇਸ ਵੇਲੇ ਖਤਰਾ ਸਿਰਫ ਪਾਕਿਸਤਾਨ ਵੱਲੋਂ ਨਹੀਂ, ਗਵਾਂਢ ਦਾ ਲਗਭਗ ਹਰ ਦੇਸ਼ ਇਸ ਵਕਤ ਭਾਰਤ ਨਾਲ ਸਬੰਧਾਂ ਦੇ ਮਾਮਲੇ ਵਿਚ ਕੁੜੱਤਣ ਦਾ ਸ਼ਿਕਾਰ ਹੈ। ਇਸ ਤਰ੍ਹਾਂ ਪਿਛਲੇ ਕਾਫੀ ਚਿਰ ਤੋਂ ਨਹੀਂ ਸੀ ਹੋਇਆ ਕਿ ਇੱਕੋ ਵਕਤ ਏਨੇ ਪਾਸੇ ਹਾਲਾਤ ਵਿਚ ਕੁੜੱਤਣ ਮਹਿਸੂਸ ਕੀਤੀ ਗਈ ਹੋਵੇ ਤੇ ਇਸੇ ਲਈ ਇਸ ਦੌਰ ਨੂੰ ਕਿਸੇ ਸੰਸਾਰ ਪੱਧਰ ਦੀ ਸਾਜ਼ਿਸ਼ ਦੇ ਪ੍ਰਸੰਗ ਵਿਚ ਰੱਖ ਕੇ ਠਰ੍ਹੰਮੇ ਨਾਲ ਚੱਲਣ ਦੀ ਲੋੜ ਹੈ।
ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਸਾਡੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਬੰਗਲਾ ਦੇਸ਼ ਦਾ ਦੌਰਾ ਕੀਤਾ ਹੈ। ਬੰਗਲਾ ਦੇਸ਼ ਪਹਿਲਾਂ ਪਾਕਿਸਤਾਨ ਦਾ ਹਿੱਸਾ ਹੁੰਦਾ ਸੀ, ਜਿਸ ਨੂੰ ਪੂਰਬੀ ਪਾਕਿਸਤਾਨ ਕਿਹਾ ਜਾਂਦਾ ਸੀ। ਪਾਕਿਸਤਾਨ ਦੇ ਹਾਕਮਾਂ ਨੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਕਿ ਪੂਰਬੀ ਪਾਕਿਸਤਾਨ ਦੇ ਲੋਕਾਂ ਨੇ ਵੱਖਰਾ ਦੇਸ਼, ਬੰਗਲਾ ਭਾਸ਼ਾ ਬੋਲਦੇ ਲੋਕਾਂ ਦਾ ਦੇਸ਼, ਬਣਾਉਣ ਦਾ ਸੰਘਰਸ਼ ਛੋਹ ਲਿਆ। ਇਸ ਵਿਚ ਲੱਖਾਂ ਲੋਕ ਪਾਕਿਸਤਾਨੀ ਫੌਜ ਦੇ ਨਾਲ ਉਸ ਦੀਆਂ ਹਮਾਇਤੀ ਕੱਟੜਪੰਥੀ ਇਸਲਾਮੀ ਧਿਰਾਂ ਦੇ ਜ਼ੁਲਮ ਦੇ ਸ਼ਿਕਾਰ ਬਣੇ। ਬੰਗਲਾ ਦੇਸ਼ ਬਣਦੇ ਸਾਰ ਇਹ ਸਾਰੇ ਪਾਕਿਸਤਾਨ-ਪੱਖੀ ਜਨੂੰਨੀ ਦੌੜ ਜਾਂ ਲੁਕ ਗਏ ਸਨ। ਪਿਛਲੇ ਦਿਨੀਂ ਉਨ੍ਹਾਂ ਵਿਚੋਂ ਕੁਝ ਕਾਬੂ ਆ ਗਏ ਤੇ ਉਨ੍ਹਾਂ ਨੂੰ ਟ੍ਰਿਬਿਊਨਲ ਨੇ ਮੌਤ ਤੱਕ ਦੀਆਂ ਸਜ਼ਾਵਾਂ ਦੇ ਦਿੱਤੀਆਂ। ਬੰਗਲਾ ਦੇਸ਼ ਦੀ ਵਿਰੋਧੀ ਧਿਰ ਦੇ ਇੱਕ ਵੱਡੇ ਹਿੱਸੇ ਨੇ ਉਨ੍ਹਾਂ ਦੇ ਪੱਖ ਵਿਚ ਲੋਕਾਂ ਨੂੰ ਉਕਸਾਇਆ ਤੇ ਉਥੇ ਸਰਕਾਰ ਵਿਰੁਧ ਮੁਜ਼ਾਹਰਿਆਂ ਵਿਚ ਫੌਜ ਨਾਲ ਝੜਪਾਂ ਵਿਚ ਕਈ ਦਰਜਨਾਂ ਮੌਤਾਂ ਹੋਣ ਦੀ ਨੌਬਤ ਆ ਗਈ। ਇਨ੍ਹਾਂ ਦਿਨਾਂ ਵਿਚ ਭਾਰਤ ਦੇ ਰਾਸ਼ਟਰਪਤੀ ਦਾ ਜਿਹੜਾ ਦੌਰਾ ਰੱਖਿਆ ਹੋਇਆ ਸੀ, ਉਹ ਵਿਸ਼ੇਸ਼ ਹਾਲਾਤ ਕਾਰਨ ਅੱਗੇ ਪਾ ਦੇਣਾ ਬਣਦਾ ਸੀ, ਪਰ ਰਾਸ਼ਟਰਪਤੀ ਖੁਦ ਬੰਗਲਾ ਦੇਸ਼ ਵਿਚ ਆਪਣੇ ਸਹੁਰੇ ਘਰ ਜਾਣ ਨੂੰ ਕਾਹਲੇ ਸਨ ਜਾਂ ਭਾਰਤ ਸਰਕਾਰ ਨੇ ਅਕਲ ਨਹੀਂ ਕੀਤੀ, ਉਹ ਦੌਰਾ ਰੱਦ ਨਹੀਂ ਕੀਤਾ ਗਿਆ। ਇਸ ਦਾ ਨੁਕਸਾਨ ਹੋਇਆ। ਉਥੋਂ ਦੀ ਵਿਰੋਧੀ ਧਿਰ ਦੀ ਆਗੂ ਨੇ ਸਾਡੇ ਰਾਸ਼ਟਰਪਤੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਤੇ ਅੱਜ ਬੰਗਲਾ ਦੇਸ਼ ਵਿਚ ਭਾਰਤ-ਵਿਰੋਧ ਦੀ ਇੱਕ ਬਾਕਾਇਦਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਨਾਲ ਭਾਰਤ ਨੂੰ ਆਪਣੇ ਇੱਕ ਮਿੱਤਰ ਦੇਸ਼ ਦੀ ਮਿੱਤਰਤਾ ਹੋਰ ਨਿਭਣ ਦੀ ਝਾਕ ਘਟਦੀ ਜਾ ਰਹੀ ਹੈ।
ਦੂਸਰਾ ਗਵਾਂਢੀ ਦੇਸ਼ ਸ੍ਰੀਲੰਕਾ ਹੈ, ਜਿੱਥੇ ਕਿਸੇ ਸਮੇਂ ਤਾਮਿਲ ਵਸੋਂ ਵਾਲੇ ਲੋਕਾਂ ਨੇ ਆਪਣੇ ਇੱਕ ਸੂਬੇ ਵਾਸਤੇ ਕੁਝ ਖਾਸ ਹੱਕਾਂ ਦੀ ਮੰਗ ਦਾ ਮੋਰਚਾ ਲਾਇਆ ਤਾਂ ਉਹ ਵੱਖਰੇ ਦੇਸ਼ ਦੀ ਮੰਗ ਤੱਕ ਚਲਾ ਗਿਆ। ਸਮਾਂ ਪਾ ਕੇ ਇੱਕ ਵਾਰ ਉਥੋਂ ਦੀ ਹਕੂਮਤ ਨੇ ਭਾਰਤ ਸਰਕਾਰ ਨਾਲ ਗੱਲ ਕਰ ਕੇ ਉਥੇ ਭਾਰਤੀ ਫੌਜ ਨੂੰ ਸ਼ਾਂਤੀ ਸੈਨਾ ਵਜੋਂ ਭੇਜਣ ਦੀ ਮੰਗ ਰੱਖ ਦਿੱਤੀ ਤੇ ਭਾਰਤ ਸਰਕਾਰ ਇਸ ਵਿਚੋਂ ਭੱਲ ਖੱਟ ਸਕਣ ਗਈ ਕਸੂਤੀ ਫਸ ਗਈ ਸੀ। ਫੌਜ ਤਾਂ ਮੁੜ ਆਈ, ਪਰ ਜਿਹੜੀ ਕੁੜੱਤਣ ਇਸ ਨਾਲ ਇੱਕ ਪਾਸੇ ਸਰਕਾਰ ਦੀ ਮਦਦ ਕਰਨ ਕਰ ਕੇ ਤਾਮਿਲਾਂ ਦੇ ਮਨ ਵਿਚ ਅਤੇ ਦੂਸਰੇ ਪਾਸੇ ਤਾਮਿਲਾਂ ਵੱਲ ਨਰਮੀ ਰੱਖਣ ਦੇ ਦੋਸ਼ ਲੱਗਣ ਕਰ ਕੇ ਉਥੋਂ ਦੇ ਸਿਨਹਾਲੀ ਬਹੁ-ਗਿਣਤੀ ਵਾਲੇ ਹਾਕਮਾਂ ਦੇ ਮਨ ਵਿਚ ਭਰ ਗਈ, ਉਹ ਫਿਰ ਕਦੇ ਗਈ ਨਹੀਂ। ਰਾਜੀਵ ਗਾਂਧੀ ਦਾ ਕਤਲ ਵੀ ਇਸੇ ਕੁੜੱਤਣ ਦਾ ਨਤੀਜਾ ਕਿਹਾ ਜਾਂਦਾ ਸੀ। ਹੁਣ ਨਵੀਂ ਕੁੜੱਤਣ ਉਭਰ ਪਈ ਹੈ। ਲਿੱਟੇ ਨਾਂ ਦੀ ਜਿਹੜੀ ਜਥੇਬੰਦੀ ਉਦੋਂ ਤਾਮਿਲ ਸੰਘਰਸ਼ ਦੀ ਅਗਵਾਨੂੰ ਹੁੰਦੀ ਸੀ, ਪਿੱਛੇ ਜਿਹੇ ਉਸ ਬਾਰੇ ਇੱਕ ਡਾਕੂਮੈਂਟਰੀ ਰਿਲੀਜ਼ ਹੋਈ ਤਾਂ ਉਸ ਵਿਚ ਲਿੱਟੇ ਦੇ ਮਾਰੇ ਜਾ ਚੁੱਕੇ ਮੁਖੀ ਪ੍ਰਭਾਕਰਨ ਦੇ ਪੁੱਤਰ ਨੂੰ ਸ੍ਰੀਲੰਕਾ ਦੇ ਫੌਜੀਆਂ ਵੱਲੋਂ ਮਾਰਿਆ ਜਾਂਦਾ ਵਿਖਾਇਆ ਗਿਆ। ਇਸ ਕਾਰਨ ਤਾਮਿਲ ਲੋਕ ਏਧਰ ਉਬਲ ਰਹੇ ਹਨ ਤੇ ਸ੍ਰੀਲੰਕਾ ਦੀ ਸਰਕਾਰ ਵੀ ਦੂਜੇ ਪਾਸੇ ਤੀਹ ਸਾਲ ਪੁਰਾਣੀ ਕੌੜ ਨੂੰ ਫਿਰ ਚੁੱਕਣ ਦੀ ਆਹਰ ਵਿਚ ਲੱਗ ਜਾਣ ਕਰ ਕੇ ਭਾਰਤ ਦੇ ਸਬੰਧ ਸ੍ਰੀਲੰਕਾ ਨਾਲ ਸੁਖਾਵੇਂ ਨਹੀਂ ਨਜ਼ਰ ਆ ਰਹੇ।
ਤੀਸਰਾ ਗਵਾਂਢੀ ਚੀਨ ਹੈ, ਜਿਸ ਦੇ ਨਵੇਂ ਮੁਖੀ ਨੇ ਅਹੁਦਾ ਸੰਭਾਲਦੇ ਸਾਰ ਭਾਵੇਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਫੋਨ ਘੁਮਾ ਕੇ ਆਪਣੀ ਸੁਹਿਰਦਤਾ ਜ਼ਾਹਰ ਕਰ ਦਿੱਤੀ ਹੈ, ਪਰ ਚੀਨ ਦੀ ਨੀਤੀ ਭਾਰਤ ਨੂੰ ਘੇਰਾ ਪਾਉਣ ਦੀ ਸਾਫ ਹੀ ਦਿਖਾਈ ਦੇ ਰਹੀ ਹੈ। ਪਹਿਲਾਂ ਉਸ ਨੇ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਕਸ਼ਮੀਰ ਘਾਟੀ ਦੇ ਇਲਾਕੇ ਵਿਚ ਜਾ ਕੇ ਕੁਝ ਪ੍ਰਾਜੈਕਟ ਸ਼ੁਰੂ ਕਰਨ ਲਈ ਆਪਣੀਆਂ ਫੌਜੀ ਟੁਕੜੀਆਂ ਭੇਜੀਆਂ ਸਨ। ਫਿਰ ਪਾਕਿਸਤਾਨ ਦੇ ਸਿੰਧ ਖੇਤਰ ਵਿਚ ਖੋਖਰਾਪਾਰ ਰੇਲਵੇ ਸਟੇਸ਼ਨ ਨੂੰ ਮਾਡਰਨਾਈਜ਼ ਕਰਨ ਦੇ ਨਾਂ ਉਤੇ ਉਸ ਦੇ ਇੰਜੀਨੀਅਰ ਉਥੇ ਪਹੁੰਚ ਗਏ। ਜਿਵੇਂ ਸਾਡੇ ਅਟਾਰੀ ਦੇ ਬਾਅਦ ਪਾਕਿਸਤਾਨ ਦਾ ਵਾਹਗਾ ਰੇਲਵੇ ਸਟੇਸ਼ਨ ਦੋਵਾਂ ਦੀ ਹੱਦ ਤੋਂ ਸਿਰਫ ਪੰਜ ਸੌ ਗਜ਼ ਦੂਰ ਬਣਿਆ ਹੈ, ਉਵੇਂ ਹੀ ਸਾਡੇ ਰਾਜਸਥਾਨ ਦੇ ਮੁੰਨਾਬਾਓ ਤੋਂ ਪਾਕਿਸਤਾਨ ਵਾਲੇ ਪਾਸੇ ਸਰਹੱਦ ਟੱਪਣ ਦੇ ਸਿਰਫ ਪੰਜ ਸੌ ਗਜ਼ ਦੇ ਅੰਦਰ ਖੋਖਰਾਪਾਰ ਰੇਲਵੇ ਸਟੇਸ਼ਨ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਉਹ ਇੱਕ ਐਟਮੀ ਤਾਕਤ ਹੈ, ਉਹ ਮਿਜ਼ਾਈਲਾਂ ਬਣਾਉਣ ਦੇ ਦਾਅਵੇ ਵੀ ਕਰਦਾ ਹੈ, ਪਰ ਆਪਣਾ ਇੱਕ ਰੇਲਵੇ ਸਟੇਸ਼ਨ ਆਧੁਨਿਕ ਬਣਾਉਣ ਲਈ ਉਹ ਚੀਨ ਦੀ ਫੌਜੀ ਯੂਨਿਟ ਸੱਦਦਾ ਹੈ ਤਾਂ ਇਹ ਗੱਲ ਸ਼ੱਕ ਪੈਦਾ ਕਰਨ ਵਾਲੀ ਹੈ। ਸਾਫ ਹੈ ਕਿ ਇਸ ਤਰੀਕੇ ਨਾਲ ਚੀਨ ਪਾਕਿਸਤਾਨ ਦੀ ਸਰਕਾਰ ਦੀ ਸਹਿਮਤੀ ਪ੍ਰਾਪਤ ਕਰ ਕੇ ਰਾਜਸਥਾਨ ਵਿਚ ਸਾਡੇ ਮੋਢਿਆਂ ਕੋਲ ਆ ਬੈਠਾ ਹੈ। ਅਗਲੀ ਗੱਲ ਇਹ ਕਿ ਪਾਕਿਸਤਾਨ ਨੇ ਆਪਣੀ ਗਵਾਦਰ ਬੰਦਰਗਾਹ ਵੀ ਚੀਨ ਨੂੰ ਸੌਂਪ ਦਿੱਤੀ ਹੈ। ਇਹ ਫੈਸਲਾ ਹੇਠਲੇ ਪੱਧਰ ਉਤੇ ਨਾ ਹੋ ਕੇ ਪਾਕਿਸਤਾਨ ਦੀ ਕੇਂਦਰੀ ਸਰਕਾਰ ਦੇ ਪੱਧਰ ਉਤੇ ਹੋਇਆ ਹੈ ਤੇ ਜਿਹੜੀ ਬੰਦਰਗਾਹ ਚੀਨ ਨੂੰ ਸੌਂਪੀ ਗਈ ਹੈ, ਉਸ ਨਾਲ ਚੀਨ ਸਾਡੇ ਗੁਜਰਾਤ ਦੇ ਸਿਰਹਾਣੇ ਜਾ ਬੈਠਾ ਤੇ ਮੁੰਬਈ ਦੇ ਨੇੜੇ ਵੀ। ਇਸ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਜਿਵੇਂ ਪਿਛਲੇਰੇ ਸਾਲ ਓਸਾਮਾ ਬਿਨ ਲਾਦੇਨ ਦੇ ਮਰਨ ਮਗਰੋਂ ਅਮਰੀਕਾ ਨਾਲ ਸਬੰਧਾਂ ਦੇ ਖਿਚਾਅ ਮੌਕੇ ਚੀਨ ਦੀ ਪਾਕਿਸਤਾਨ ਨਾਲ ਖਾਸ ਨੇੜਤਾ ਬਣੀ ਸੀ, ਉਹ ਭਾਰਤ ਦੇ ਸਾਂਝੇ ਵਿਰੋਧ ਲਈ ਵੀ ਵਰਤੀ ਜਾ ਸਕਦੀ ਹੈ।
ਚੌਥੇ ਪਾਸੇ ਸਮੁੰਦਰ ਵਿਚ ਇੱਕ ਛੋਟਾ ਜਿਹਾ ਦੇਸ਼ ਮਾਲਦੀਵ ਹੈ। ਉਥੇ ਸਰਕਾਰ ਲਈ ਟਕਰਾਅ ਚੱਲਦਾ ਪਿਆ ਹੈ। ਪਹਿਲਾਂ ਇੱਕ ਸਰਕਾਰ ਪਲਟ ਕੇ ਦੂਸਰਾ ਆਗੂ ਆਇਆ ਤੇ ਉਸ ਨੇ ਫੌਜ ਤੇ ਨਿਆਂ ਪਾਲਿਕਾ ਨਾਲ ਵੀ ਆਢਾ ਲਾ ਲਿਆ। ਫਿਰ ਉਸ ਦਾ ਤਖਤਾ ਪਲਟ ਦਿੱਤਾ ਗਿਆ। ਇਸ ਦੇ ਬਾਅਦ ਉਸ ਨੂੰ ਗ੍ਰਿਫਤਾਰੀ ਦਾ ਡਰ ਸਤਾਉਣ ਲੱਗਾ ਤਾਂ ਉਹ ਇੱਕ ਦਿਨ ਪੁਲਿਸ ਨੂੰ ਝਕਾਨੀ ਦੇ ਕੇ ਭਾਰਤ ਦੇ ਦੂਤਘਰ ਵਿਚ ਆਣ ਵੜਿਆ। ਨਵੇਂ ਹਾਕਮਾਂ ਨੂੰ ਇਹ ਵਹਿਮ ਪੈ ਗਿਆ ਕਿ ਇਹ ਸਾਰਾ ਕੁਝ ਭਾਰਤ ਨੇ ਕਰਵਾਇਆ ਹੈ, ਪਰ ਭਾਰਤ ਨੇ ਗੱਲਬਾਤ ਨਾਲ ਏਦਾਂ ਦਾ ਰਾਹ ਕੱਢਿਆ ਕਿ ਗੱਦੀਓਂ ਲਾਹਿਆ ਰਾਸ਼ਟਰਪਤੀ ਆਪਣੇ ਆਪ ਬਾਹਰ ਚਲਾ ਜਾਵੇ। ਜਦੋਂ ਬਾਰਾਂ ਦਿਨ ਪਿੱਛੋਂ ਉਹ ਬਾਹਰ ਨੂੰ ਗਿਆ, ਦੋ ਦਿਨ ਬਾਅਦ ਫੜ ਕੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਹੁਣ ਉਥੋਂ ਦੀ ਹਾਕਮ ਧਿਰ ਭਾਰਤ ਨਾਲ ਨਾਰਾਜ਼ ਹੈ ਕਿ ਉਸ ਨੇ ਸਾਬਕਾ ਰਾਸ਼ਟਰਪਤੀ ਨੂੰ ਆਪਣੇ ਦੂਤਘਰ ਵਿਚ ਪਨਾਹ ਕਿਉਂ ਦਿੱਤੀ ਸੀ ਤੇ ਵਿਰੋਧੀ ਧਿਰ ਇਸ ਲਈ ਨਾਰਾਜ਼ ਹੈ ਕਿ ਉਸ ਨੇ ਲੋੜ ਪਈ ਤੋਂ ਸਾਡੀ ਬਾਂਹ ਨਹੀਂ ਫੜੀ। ਸਮੁੰਦਰ ਵਿਚ ਇੱਕ ਗਵਾਂਢੀ ਸ੍ਰੀਲੰਕਾ ਦੇ ਨਾਲ ਇਸ ਦੂਸਰੇ ਗਵਾਂਢੀ ਨਾਲ ਵੀ ਸਬੰਧਾਂ ਵਿਚ ਕੁੜੱਤਣ ਭਾਰਤ ਲਈ ਮੌਜੂਦਾ ਹਾਲਾਤ ਵਿਚ ਚੰਗੀ ਨਹੀਂ ਸਾਬਤ ਹੋਣੀ।
ਇਹੋ ਜਿਹੇ ਹਾਲਾਤ ਵਿਚ ਭਾਰਤ ਦੀ ਸਿਰਫ ਇੱਕ ਗੱਲ ਵਿਚ ਮਜ਼ਬੂਤੀ ਝਲਕਦੀ ਹੈ ਤੇ ਉਹ ਇਸ ਦੇ ਲੋਕਾਂ ਦੀ ਏਕਤਾ ਦੀ ਰਵਾਇਤ ਹੈ। ਮਹਾਂਭਾਰਤ ਦੇ ਦਿਨ ਤੋਂ ਸਾਡੀ ਇਹ ਰਵਾਇਤ ਰਹੀ ਹੈ ਕਿ ਆਪੋ ਵਿਚ ਲੜਨ ਲਈ ਤਾਂ ਇੱਕ ਪਾਸੇ ਸੌ ਕੌਰਵ ਤੇ ਦੂਸਰੇ ਪਾਸੇ ਪੰਜ ਪਾਂਡਵ ਹੋ ਸਕਦੇ ਹਨ, ਪਰ ਜੇ ਦੇਸ਼ ਉਤੇ ਕੋਈ ਵਿਦੇਸ਼ੀ ਤਾਕਤ ਹਮਲਾ ਕਰਨ ਦੀ ਕੋਸ਼ਿਸ਼ ਕਰੇ, ਉਹ ਸੌ ਕੌਰਵ ਤੇ ਪੰਜ ਪਾਂਡਵ ਨਾ ਹੋ ਕੇ ਇਕੱਠੇ ਇੱਕ ਸੌ ਪੰਜ ਬਣ ਜਾਇਆ ਕਰਦੇ ਹਨ। ਉਹ ਰਵਾਇਤ ਸਾਡੀ ਅੱਜ ਵੀ ਮਜ਼ਬੂਤੀ ਦੀ ਪ੍ਰਤੀਕ ਹੈ। ਪਾਕਿਸਤਾਨ ਦੀ ਹਕੂਮਤ ਦੀ ਇਹ ਲੋੜ ਹੋ ਸਕਦੀ ਹੈ ਕਿ ਉਹ ਆਪਣੇ ਲੋਕਾਂ ਨੂੰ ਭਾਰਤ ਵਿਰੁਧ ਵਰਤਣ ਲਈ ਕਿਸੇ ਵੀ ਹੱਦ ਤੱਕ ਚਲੀ ਜਾਵੇ, ਲੋੜ ਜਾਪੇ ਤਾਂ ਸਿੱਧੀ ਜੰਗ ਦੀ ਬਦਤਮੀਜ਼ੀ ਤੱਕ ਵੀ ਪਹੁੰਚ ਜਾਵੇ, ਪਰ ਭਾਰਤ ਵਿਚ ਨਾ ਕਿਸੇ ਧਿਰ ਦੀ ਇਹੋ ਜਿਹੀ ਲੋੜ ਹੈ ਤੇ ਨਾ ਭਾਰਤ ਦੀ ਇਹ ਰਾਜਨੀਤੀ ਹੈ। ਕਿਉਂਕਿ ਭਾਰਤ ਦੀ ਇਹ ਲੋੜ ਵੀ ਨਹੀਂ ਤੇ ਨੀਤੀ ਵੀ ਨਹੀਂ, ਇਸ ਲਈ ਆਪਣੇ ਚੁਫੇਰੇ ਦੇ ਹਾਲਾਤ ਤੇ ਆਪਣੀ ਅਮਨ ਵਿਚੋਂ ਵਿਕਾਸ ਦੀ ਲੀਹ ਉਤੇ ਚੱਲਣ ਦੀ ਨੀਤੀ ਉਤੇ ਚੱਲਦੇ ਹੋਏ ਇਸ ਨੂੰ ਚੌਕਸੀ ਪੱਖੋਂ ਕੋਈ ਢਿੱਲ ਨਹੀਂ ਦੇਣੀ ਚਾਹੀਦੀ, ਪਰ ਕਿਸੇ ਵੀ ਹਾਲਤ ਵਿਚ ਉਕਸਾਹਟ ਤੋਂ ਬਚਣਾ ਚਾਹੀਦਾ ਹੈ। ਪਾਰਲੀਮੈਂਟ ਵਿਚ ਇੱਕ ਸੁਰ ਵਿਚ ਮਤਾ ਪਾਸ ਕਰ ਕੇ ਮਹਾਂਭਾਰਤ ਦੇ ਵਕਤ ਵਾਂਗ ‘ਇੱਕ ਸੌ ਅਤੇ ਪੰਜ ਨਹੀਂ, ਇੱਕ ਸੌ ਪੰਜ’ ਦਾ ਸੰਦੇਸ਼ ਦੇ ਦੇਣਾ ਕਾਫੀ ਹੈ, ਇਸ ਤੋਂ ਅੱਗੇ ਵਧ ਕੇ ਬਿਆਨਬਾਜ਼ੀ ਦੀ ਜੰਗ ਵਿਚ ਪਾਕਿਸਤਾਨ ਨਾਲ ਉਲਝਣਾ ਇਸ ਲਈ ਕਿਸੇ ਤਰ੍ਹਾਂ ਵੀ ਬੇਲੋੜਾ ਹੋਵੇਗਾ। ਇਸ ਤੋਂ ਬਚਿਆ ਜਾਣਾ ਚਾਹੀਦਾ ਹੈ। ਸੋਚਣ ਦੀ ਗੱਲ ਇਹ ਹੈ ਕਿ ਜੇ ਗਵਾਂਢ ਕੁਪੱਤਾ ਹੋਵੇ ਤਾਂ ਉਸ ਵਰਗੇ ਕੁਪੱਤੇ ਹੋ ਜਾਣਾ ਵੀ ਬਾਹਲੀ ਸਮਝਦਾਰੀ ਨਹੀਂ ਗਿਣੀ ਜਾਂਦੀ।

Be the first to comment

Leave a Reply

Your email address will not be published.