ਧਰਤੀ ਉਤੇ ਵਧਦੇ ਤਾਪਮਾਨ ਨਾਲ ਕਿਵੇਂ ਨਜਿੱਠਿਆ ਜਾਵੇ?

ਡਾ. ਗੁਰਿੰਦਰ ਕੌਰ*
ਫੋਨ: 424-362-8759
ਧਰਤੀ ਉਤੇ ਪਿਛਲੇ ਚਾਰ ਸਾਲ (2014 ਤੋਂ 2017 ਤੱਕ) ਤਾਪਮਾਨ ਦੇ ਰਿਕਾਰਡ ਅਨੁਸਾਰ ਹੁਣ ਤੱਕ ਦੇ ਸਭ ਤੋਂ ਗਰਮ ਸਾਲ ਰਹੇ ਹਨ ਅਤੇ ਹਾਲ ਹੀ ਵਿਚ ਵਿਗਿਆਨੀ ਫਲੋਰਿਨ ਸੀਵੈਲੱਕ ਅਤੇ ਸਾਬਰੋਨ ਡਰੀਜ਼ਫਾਉਨ ਨੇ ‘ਨੇਚਰ ਕਮਿਉਨੀਕੇਸ਼ਨ’ ਨਾਮੀ ਖੋਜ ਰਸਾਲੇ ਦੇ 15 ਅਗਸਤ 2018 ਦੇ ਅੰਕ ਵਿਚ ਛਪੀ ਆਪਣੀ ਇੱਕ ਖੋਜ ਵਿਚ ਖੁਲਾਸਾ ਕੀਤਾ ਹੈ ਕਿ ਆਉਣ ਵਾਲੇ ਪੰਜ ਸਾਲਾਂ ਵਿਚ ਧਰਤੀ ਦਾ ਤਾਪਮਾਨ ਬਹੁਤ ਵਧ ਸਕਦਾ ਹੈ। ਇਸ ਖੋਜ ਵਿਚ ਇਹ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ ਸਾਲਾਂ ਵਿਚ ਤਾਪਮਾਨ ਵਿਚ ਇੰਨਾ ਵਾਧਾ ਵੀ ਹੋ ਸਕਦਾ ਹੈ ਕਿ

ਸਾਲ 2016, ਜੋ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਰਿਹਾ ਹੈ, ਦਾ ਰਿਕਾਰਡ ਵੀ ਟੁੱਟ ਜਾਵੇ, ਜੋ ਚਿੰਤਾ ਦਾ ਵਿਸ਼ਾ ਹੈ।
ਇਨ੍ਹਾਂ ਵਿਗਿਆਨੀਆਂ ਦੀ ਇਸ ਖੋਜ ਦੇ ਤੱਥਾਂ ਤੋਂ ਇਨਕਾਰੀ ਵੀ ਨਹੀਂ ਹੋਇਆ ਜਾ ਸਕਦਾ ਕਿਉਂਕਿ ਇਸ ਸਦੀ ਦੇ ਹੁਣ ਤੱਕ ਦੇ 18 ਸਾਲਾਂ ਵਿਚੋਂ 17 ਸਾਲਾਂ ਵਿਚ ਧਰਤੀ ਦਾ ਤਾਪਮਾਨ ਔਸਤ ਤਾਪਮਾਨ ਤੋਂ ਵੱਧ ਹੀ ਰਿਹਾ ਹੈ। ਇਸ ਤੋਂ ਇਲਾਵਾ ਜੇ ਅਸੀਂ ਧਰਤੀ ਦੇ ਤਾਪਮਾਨ ਦੇ ਇਤਿਹਾਸਕ ਪਿਛੋਕੜ ਉਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਨਅਤੀ ਇਨਕਲਾਬ ਤੋਂ ਬਾਅਦ ਤਾਪਮਾਨ ਹੌਲੀ ਹੌਲੀ ਵਧ ਰਿਹਾ ਹੈ। ਵਿਗਿਆਨੀਆਂ ਅਨੁਸਾਰ 20ਵੀਂ ਸਦੀ ਦੇ ਸ਼ੁਰੂ ਵਿਚ ਧਰਤੀ ਦਾ ਔਸਤ ਤਾਪਮਾਨ 13.9 ਡਿਗਰੀ ਸੈਲਸੀਅਸ ਸੀ। ਸਾਲ 2016 ਵਿਚ ਧਰਤੀ ਦਾ ਔਸਤ ਤਾਪਮਾਨ 14.84 ਡਿਗਰੀ ਆਂਕਿਆ ਗਿਆ ਜੋ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ ਅਤੇ ਔਸਤ ਤਾਪਮਾਨ ਤੋਂ 0.94 ਡਿਗਰੀ ਸੈਲਸੀਅਸ ਵਧ ਸੀ ਜਦਕਿ ਸਾਲ 2015 ਤੇ 2017 ਵਿਚ ਇਹ ਵਾਧਾ ਕ੍ਰਮਵਾਰ 0.90 ਡਿਗਰੀ ਸੈਲਸੀਅਸ ਅਤੇ 0.84 ਡਿਗਰੀ ਸੈਲਸੀਅਸ ਸੀ।
ਨਾਸਾ ਅਤੇ ਨੋਆ ਏਜੰਸੀਆਂ ਅਨੁਸਾਰ ਸਾਲ 2018 ਦੇ ਵੀ ਪਹਿਲੇ ਚਾਰ ਸਾਲਾਂ ਵਾਂਗ ਗਰਮ ਰਹਿਣ ਦੇ ਆਸਾਰ ਹਨ। ਨਾਸਾ ਏਜੰਸੀ ਦੇ ਰਿਕਾਰਡ ਅਨੁਸਾਰ ਇਸ ਸਾਲ ਮਾਰਚ ਤੋਂ ਮਈ ਤੱਕ ਦੇ ਅਰਸੇ ਦੌਰਾਨ 1951-1980 ਤੱਕ ਦੇ ਇਸੇ ਅਰਸੇ ਦੇ ਔਸਤ ਤਾਪਮਾਨ ਤੋਂ 0.87 ਡਿਗਰੀ ਸੈਲਸੀਅਸ ਵਧ ਤਾਪਮਾਨ ਆਂਕਿਆ ਗਿਆ ਹੈ। ਨੋਆ ਏਜੰਸੀ ਦੇ ਅੰਕੜਿਆਂ ਅਨੁਸਾਰ 2018 ਦੇ ਜਨਵਰੀ ਤੋਂ ਜੁਲਾਈ ਤੱਕ ਦੇ ਸੱਤ ਮਹੀਨਿਆਂ ਵਿਚੋਂ ਫਰਵਰੀ ਮਹੀਨੇ ਨੂੰ ਛੱਡ ਕੇ ਬਾਕੀ ਮਹੀਨਿਆਂ ਵਿਚ ਧਰਤੀ ਦਾ ਔਸਤ ਤਾਪਮਾਨ 0.71 ਡਿਗਰੀ ਸੈਲਸੀਅਸ (ਜਨਵਰੀ) ਤੋਂ ਲੈ ਕੇ 0.83 ਡਿਗਰੀ ਸੈਲਸੀਅਸ (ਮਾਰਚ ਅਤੇ ਅਪਰੈਲ) ਤੱਕ ਵੱਧ ਰਿਕਾਰਡ ਕੀਤਾ ਗਿਆ ਹੈ।
ਇਸ ਸਾਲ ਜੇ ਵੱਖ-ਵੱਖ ਮਹਾਂਦੀਪਾਂ ਦੇ ਤਾਪਮਾਨ ਦੇ ਅੰਕੜਿਆਂ ਉਤੇ ਇੱਕ ਸਰਸਰੀ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਤਾਪਮਾਨ ਵਿਚ ਵਾਧਾ ਸਾਰੇ ਥਾਂਈਂ ਨਜ਼ਰ ਆਇਆ ਹੈ। ਅਮਰੀਕਾ ਵਿਚ ਜੁਲਾਈ ਦੇ ਮਹੀਨੇ ਦੌਰਾਨ ਤਾਪਮਾਨ ਨੇ ਪਿਛਲੇ 124 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਤਾਪਮਾਨ ਵਿਚ ਜ਼ਿਆਦਾ ਵਾਧੇ ਕਾਰਨ ਜੁਲਾਈ ਦੇ ਮਹੀਨੇ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਹੀਟ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਸੀ। ਲਾਸ ਏਂਜਲਸ ਸ਼ਹਿਰ ਵਿਚ 6 ਜੁਲਾਈ ਨੂੰ 111 ਡਿਗਰੀ ਫਾਰਨਹਾਈਟ ਤਾਪਮਾਨ ਰਿਕਾਰਡ ਕੀਤਾ ਗਿਆ ਜੋ ਲਾਸ ਏਂਜਲਸ ਦੇ ਔਸਤ ਤਾਪਮਾਨ ਤੋਂ 25 ਡਿਗਰੀ ਫਾਰਨਹਾਈਟ ਵੱਧ ਸੀ ਅਤੇ ਡੈਥ ਵੈਲੀ ਵਿਚ ਤਾਂ 31 ਜੁਲਾਈ ਨੂੰ 127 ਡਿਗਰੀ ਫਾਰਨਹਾਈਟ ਤਾਪਮਾਨ ਰਿਕਾਰਡ ਕੀਤਾ ਗਿਆ। ਨੋਆ ਏਜੰਸੀ ਅਨੁਸਾਰ ਕੈਲੀਫੋਰਨੀਆ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗਣ ਦਾ ਮੁੱਖ ਕਾਰਨ ਅਮਰੀਕਾ ਦੇ ਤਾਪਮਾਨ ਵਿਚ ਬੇਸ਼ੁਮਾਰ ਵਾਧਾ ਹੀ ਹੈ। ਕੈਨੇਡਾ ਦੇ ਕਿਊਬਿਕ ਰਾਜ ਦੇ ਮਾਂਟਰੀਅਲ ਵਿਚ ਜੁਲਾਈ ਦੇ ਪਹਿਲੇ ਹਫਤੇ ਵਿਚ ਹੁਣ ਤੱਕ ਦਾ ਸਭ ਤੋਂ ਤਾਪਮਾਨ ਰਿਕਾਰਡ ਕੀਤਾ ਗਿਆ। ਜ਼ਿਆਦਾ ਗਰਮੀ ਕਾਰਨ ਇਸ ਰਾਜ ਵਿਚ ਤਾਂ 70 ਲੋਕਾਂ ਦੀ ਮੌਤ ਹੋ ਗਈ।
ਯੂਰਪ ਮਹਾਂਦੀਪ ਦੇ ਵੀ ਇੰਗਲੈਂਡ, ਫਰਾਂਸ, ਜਰਮਨੀ, ਬੈਲਜ਼ੀਅਮ, ਸਵੀਡਨ, ਫਿਨਲੈਂਡ, ਨਾਰਵੇ, ਆਇਰਲੈਂਡ, ਸਕਾਟਲੈਂਡ, ਇਟਲੀ, ਸਪੇਨ, ਪੁਰਤਗਾਲ ਆਦਿ ਦੇਸ਼ ਇਸ ਸਾਲ ਜੂਨ ਅਤੇ ਜੁਲਾਈ ਵਿਚ ਤਾਪਮਾਨ ਦੀ ਲਪੇਟ ਵਿਚ ਆਏ ਹੋਏ ਸਨ। ਇਨ੍ਹਾਂ ਦੇਸ਼ਾਂ ਦੇ ਕਈ ਸ਼ਹਿਰਾਂ ਵਿਚ ਤਾਪਮਾਨ ਔਸਤ ਤਾਪਮਾਨ ਤੋਂ 3 ਡਿਗਰੀ ਤੋਂ 6 ਡਿਗਰੀ ਸੈਲਸੀਅਸ ਵੱਧ ਰਿਕਾਰਡ ਕੀਤਾ ਗਿਆ। ਤਾਪਮਾਨ ਦੇ ਇਸ ਵਾਧੇ ਕਾਰਨ ਯੂਰਪ ਮਹਾਂਦੀਪ ਵਿਚ ਵੀ ਕਈ ਥਾਂਵਾਂ ਉਤੇ ਜੰਗਲਾਂ ਨੂੰ ਅੱਗ ਲੱਗੀ ਹੋਈ ਹੈ। ਗਰੀਸ ਵਿਚ ਜੰਗਲਾਂ ਵਿਚ ਇੰਨੀ ਜ਼ਿਆਦਾ ਅੱਗ ਲੱਗੀ ਹੋਈ ਹੈ ਕਿ ਉਸ ਦੀ ਲਪੇਟ ਵਿਚ ਆਉਣ ਕਾਰਨ 90 ਵਿਅਕਤੀਆਂ ਦੀ ਮੌਤ ਹੋ ਗਈ। ਇੱਥੇ ਇਹ ਦੱਸਣਾ ਵੀ ਬਣਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਗਰਮੀ ਕਾਰਨ ਮੌਤਾਂ ਦੀ ਗਿਣਤੀ ਵਧ ਸਕਦੀ ਹੈ।
ਮੋਰਾ ਨਾਂ ਦੇ ਵਿਗਿਆਨੀ ਦੀ ਅਗਵਾਈ ਹੇਠ ਕੰਮ ਕਰ ਰਹੀ ਅੰਤਰਰਾਸ਼ਟਰੀ ਖੋਜਾਰਥੀਆਂ ਦੀ ਇੱਕ ਟੀਮ ਅਨੁਸਾਰ ਜੇ ਤਾਪਮਾਨ ਆਉਣ ਵਾਲੇ ਸਮੇਂ ਵਿਚ ਹੁਣ ਵਾਲੀ ਦਰ ਨਾਲ ਵਧਦਾ ਰਿਹਾ ਤਾਂ ਸਦੀ ਦੇ ਅਖੀਰ ਤੱਕ ਦੁਨੀਆਂ ਦੀ 74 ਫੀਸਦੀ ਆਬਾਦੀ ਹਰ ਸਾਲ ਘੱਟੋ-ਘੱਟ 20 ਦਿਨ ਭਿਆਨਕ ਗਰਮੀ ਦੀ ਮਾਰ ਝੱਲੇਗੀ ਜੋ ਹੁਣ ਸਿਰਫ 30 ਫੀਸਦ ਆਬਾਦੀ ਹੀ ਝੱਲਦੀ ਹੈ। 31 ਜੁਲਾਈ 2018 ਨੂੰ ਰਿਲੀਜ਼ ਹੋਈ ਇੱਕ ਹੋਰ ਖੋਜ ਨੇ ਖੁਲਾਸਾ ਕੀਤਾ ਹੈ ਕਿ ਤਾਪਮਾਨ ਦੇ ਵਾਧੇ ਨਾਲ ਠੰਡੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਵਿਚ ਗਰਮੀ ਨਾਲ ਹੋਣ ਵਾਲੀਆਂ ਮੌਤਾਂ ਵਿਚ ਸਾਲ 2080 ਤੱਕ 2000 ਫੀਸਦੀ ਤੱਕ ਵਾਧਾ ਹੋ ਸਕਦਾ ਹੈ।
ਏਸ਼ੀਆ ਮਹਾਂਦੀਪ ਦੇ ਵੀ ਕਈ ਦੇਸ਼ ਤਾਪਮਾਨ ਦੇ ਵਾਧੇ ਦਾ ਸੰਕਟ ਝੱਲ ਰਹੇ ਹਨ। ਏਸ਼ੀਆ ਦੇ ਇੱਕ ਵਿਕਸਿਤ ਦੇਸ਼ ਜਾਪਾਨ ਨੂੰ ਤਾਂ ਤਾਪਮਾਨ ਦੇ ਵਾਧੇ ਨੇ ਇਸ ਕਦਰ ਝੁਲਸ ਦਿੱਤਾ ਹੈ ਕਿ ਲਗਭਗ 80 ਵਿਅਕਤੀਆਂ ਦੀ ਤਾਂ ਮੌਤ ਹੀ ਹੋ ਗਈ, ਜਦਕਿ ਹਜ਼ਾਰਾਂ ਵਿਅਕਤੀਆਂ ਨੂੰ ਬਚਾਅ ਲਈ ਹਸਪਤਾਲ ਲਿਜਾਣਾ ਪਿਆ। ਚੀਨ ਦੇ ਮੀਡੀਆ ਅਨੁਸਾਰ ਜੁਲਾਈ ਮਹੀਨੇ ਵਿਚ ਚੀਨ ਦੇ 22 ਰਾਜਾਂ ਵਿਚ ਔਸਤ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਤਾਂ ਮਈ ਮਹੀਨੇ ਦੌਰਾਨ ਹੀ ਗਰਮੀ ਕਾਰਨ 65 ਲੋਕਾਂ ਦੀ ਮੌਤ ਹੋ ਗਈ ਸੀ। ਭਾਰਤ ਦੇ ਵੀ ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ ਦੇ ਸਾਰੇ ਉਤਰ ਪੱਛਮੀ ਅਤੇ ਪੱਛਮੀ ਰਾਜ ਤਾਪਮਾਨ ਦੇ ਵਾਧੇ ਦੀ ਲਪੇਟ ਵਿਚ ਆਏ ਰਹੇ ਹਨ। ਇਨ੍ਹਾਂ ਰਾਜਾਂ ਵਿਚ ਮਈ ਮਹੀਨੇ ਕਈ ਥਾਂਈਂ ਤਾਪਮਾਨ 1.6 ਡਿਗਰੀ ਤੋਂ ਲੈ ਕੇ 3 ਡਿਗਰੀ ਸੈਲਸੀਅਸ ਤੱਕ ਔਸਤ ਤੋਂ ਵੱਧ ਰਿਕਾਰਡ ਕੀਤਾ ਗਿਆ।
ਮੱਧ-ਪੂਰਬੀ ਏਸ਼ੀਆ ਦੇ ਕੋਰੀਆ ਅਤੇ ਓਮਾਨ ਦੇਸ਼ਾਂ ਵਿਚ ਤਾਂ 28 ਜੂਨ ਰਾਤ ਦਾ ਤਾਪਮਾਨ ਵੀ 109 ਡਿਗਰੀ ਫਾਰਨਹਾਈਟ ਰਿਕਾਰਡ ਕੀਤਾ ਗਿਆ। ਅਫਰੀਕਾ ਮਹਾਂਦੀਪ ਦੇ ਅਲਜੀਰੀਆ ਵਿਚ 5 ਜੁਲਾਈ ਨੂੰ ਇਸ ਸਾਲ ਦਾ ਸਭ ਤੋਂ ਵੱਧ ਤਾਪਮਾਨ 51.3 ਡਿਗਰੀ ਰਿਕਾਰਡ ਕੀਤਾ ਗਿਆ।
ਇਸ ਤਰ੍ਹਾਂ ਉਪਰਲੇ ਵੇਰਵਿਆਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਦੁਨੀਆਂ ਦੇ ਸਾਰੇ ਦੇਸ਼ ਇਸ ਸਾਲ ਵਧ ਰਹੇ ਤਾਪਮਾਨ ਦੀ ਮਾਰ ਝੱਲ ਰਹੇ ਹਨ। ਸਾਲ 2014 ਵਿਚ ਸਯੁੰਕਤ ਰਾਸ਼ਟਰ ਸੰਘ ਦੀ ਮੌਸਮੀ ਤਬਦੀਲੀਆਂ ਬਾਰੇ ਰਿਪੋਰਟ ਨੇ ਪਹਿਲੀ ਵਾਰ ਖੁਲਾਸਾ ਕੀਤਾ ਸੀ ਕਿ ਤਾਪਮਾਨ ਦੇ ਵਾਧੇ ਕਾਰਨ ਧਰਤੀ ਉਤੇ ਕੁਦਰਤੀ ਆਫਤਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਨੁਕਸਾਨ ਕਰਨ ਦੀ ਤੀਬਰਤਾ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਸੀ ਕਿ ਹੁਣ ਦੁਨੀਆਂ ਦਾ ਕੋਈ ਵੀ ਦੇਸ਼ ਕੁਦਰਤੀ ਆਫਤਾਂ ਦੀ ਮਾਰ ਤੋਂ ਬਚ ਨਹੀਂ ਸਕੇਗਾ। ਮੌਸਮੀ ਤਬਦੀਲੀਆਂ ਹੌਲੀ ਹੌਲੀ ਦੁਨੀਆਂ ਦੇ ਸਾਰੇ ਖਿੱਤਿਆਂ ਨੂੰ ਆਪਣੀ ਲਪੇਟ ਵਿਚ ਲੈ ਰਹੀਆਂ ਹਨ। ਹੁਣ ਛੋਟੇ-ਛੋਟੇ ਟਾਪੂਆਂ ਤੋਂ ਲੈ ਕੇ ਵੱਡੇ ਮਹਾਦੀਪਾਂ ਤੱਕ ਅਤੇ ਅਮੀਰ ਤੇ ਗਰੀਬ ਦੇਸ਼ਾਂ ਉਤੇ ਇਨ੍ਹਾਂ ਦੀ ਮਾਰ ਪੈ ਰਹੀ ਹੈ। ਮੌਸਮੀ ਤਬਦੀਲੀਆਂ ਦੀ ਇਸ ਰਿਪੋਰਟ ਨੂੰ ਸਾਰੇ ਦੇਸ਼ਾਂ ਨੇ ਬਹੁਤ ਗੰਭੀਰਤਾ ਨਾਲ ਲਿਆ ਅਤੇ ਦੁਨੀਆਂ ਉਤੇ ਤਾਪਮਾਨ ਦੇ ਵਾਧੇ ਦੇ ਬੁਰੇ ਪ੍ਰਭਾਵਾਂ ਨੂੰ ਧਿਆਨ ਵਿਚ ਰੱਖਦਿਆਂ ਸਾਲ 2015 ਵਿਚ ਪੈਰਿਸ ਮੌਸਮ ਸਮਝੌਤੇ ਉਤੇ 196 ਦੇਸ਼ਾਂ ਨੇ ਦਸਤਖਤ ਕੀਤੇ ਸਨ ਜਿਸ ਵਿਚ ਧਰਤੀ ਦੇ ਔਸਤ ਤਾਪਮਾਨ ਵਿਚ ਵਾਧਾ ਸਨਅਤੀ ਇਨਕਲਾਬ ਦੇ ਔਸਤ ਤਾਪਮਾਨ ਤੋਂ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਲਈ ਗਰੀਨ ਹਾਊਸ ਗੈਸਾਂ ਦਾ ਨਿਕਾਸ ਘੱਟ ਕਰਨ ਦੀ ਰੂਪ-ਰੇਖਾ ਉਲੀਕੀ ਗਈ ਸੀ। ਵਿਗਿਆਨੀਆਂ ਦੇ ਅਨੁਮਾਨ ਅਨੁਸਾਰ ਜੇ ਸਾਰੇ ਦੇਸ਼ ਰਲਮਿਲ ਕੇ ਪੂਰੀ ਸੰਜੀਦਗੀ ਨਾਲ ਪੈਰਿਸ ਮੌਸਮ ਸਮਝੌਤੇ ਉਤੇ ਅਮਲ ਕਰ ਵੀ ਲੈਂਦੇ ਹਨ ਤਾਂ ਵੀ ਇਸ ਸਦੀ ਦੇ ਅੰਤ ਤੱਕ ਧਰਤੀ ਦਾ ਔਸਤ ਤਾਪਮਾਨ 3.5 ਡਿਗਰੀ ਸੈਲਸੀਅਸ ਵਧ ਜਾਵੇਗਾ।
ਇਸ ਤੋਂ ਇਲਾਵਾ ਇੱਥੇ ਇਹ ਵੀ ਸੋਚਣਾ ਬਣਦਾ ਹੈ ਕਿ ਧਰਤੀ ਦੇ ਔਸਤ ਤਾਪਮਾਨ ਵਿਚ ਸਿਰਫ ਇੱਕ ਡਿਗਰੀ ਵਾਧੇ ਨਾਲ ਹੀ ਕੁਦਰਤੀ ਆਫਤਾਂ ਵਿਚ ਇੰਨਾ ਜ਼ਿਆਦਾ ਵਾਧਾ ਹੋ ਗਿਆ ਕਿ ਹੁਣ ਉਨ੍ਹਾਂ ਸਾਹਮਣੇ ਅਮਰੀਕਾ ਅਤੇ ਜਾਪਾਨ ਵਰਗੇ ਵਿਕਸਿਤ ਦੇਸ਼ ਵੀ ਬੇਵੱਸ ਹੋ ਗਏ ਹਨ, ਪਰ ਜੇ ਇਹ ਵਾਧਾ 2 ਡਿਗਰੀ ਸੈਲਸੀਅਸ ਹੋ ਗਿਆ ਤਾਂ ਕੀ ਹੋਵੇਗਾ, ਉਸ ਦਾ ਅਨੁਮਾਨ ਲਾਉਣਾ ਹੀ ਔਖਾ ਹੈ ਕਿਉਂਕਿ ਪਹਿਲਾਂ ਵਿਕਸਿਤ ਦੇਸ਼ਾਂ ਦੇ ਹੁਕਮਰਾਨ ਸੋਚਦੇ ਸਨ ਕਿ ਮੌਸਮੀ ਤਬਦੀਲੀਆਂ ਕਾਰਨ ਆਉਣ ਵਾਲੀਆਂ ਕੁਦਰਤੀ ਆਫਤਾਂ ਦੀ ਮਾਰ ਵਿਕਸਿਤ ਹੋ ਰਹੇ ਅਤੇ ਘੱਟ ਵਿਕਸਿਤ ਦੇਸਾਂ ਉਤੇ ਹੀ ਪਵੇਗੀ ਅਤੇ ਵਿਕਸਿਤ ਦੇਸ਼ ਬਚ ਜਾਣਗੇ ਕਿਉਂਕਿ ਉਹ ਕੁਦਰਤੀ ਆਫਤਾਂ ਨਾਲ ਸਿੱਝਣ ਦੇ ਸਮਰੱਥ ਹਨ, ਪਰ ਅਮਰੀਕਾ ਵਿਚ ਸਾਲ 2017 ਵਿਚ ਉਪਰੋਥਲੀ ਆਏ ਹਾਰਵੇ, ਮਾਰੀਆ ਅਤੇ ਇਰਮਾ ਵਰਗੇ ਭਿਆਨਕ ਚੱਕਰਵਾਤੀ ਤੁਫਾਨਾਂ; ਕੈਨੇਡਾ ਤੇ ਜਾਪਾਨ ਵਿਚ ਇਸ ਸਾਲ ਜ਼ਿਆਦਾ ਤਾਪਮਾਨ ਨਾਲ ਹੋਈਆਂ ਮੌਤਾਂ ਅਤੇ ਸਾਲ 2011 ਵਿਚ ਜਾਪਾਨ ਵਿਚ ਆਈ ਸੁਨਾਮੀ ਨੇ ਵਿਕਸਿਤ ਦੇਸ਼ਾਂ ਦਾ ਇਹ ਭੁਲੇਖਾ ਵੀ ਕੱਢ ਦਿੱਤਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਹੁਣ ਸਾਡੇ ਸੋਚਣ ਦਾ ਸਮਾਂ ਨਹੀਂ ਬਚਿਆ ਸਗੋਂ ਸਾਨੂੰ ਸਮਾਂ ਜਾਇਆ ਨਾ ਕਰਦਿਆਂ ਗਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਰੋਕਣਾ ਚਾਹੀਦਾ ਹੈ।
ਤਾਪਮਾਨ ਵਧਣ ਨਾਲ ਆਉਣ ਵਾਲੀਆਂ ਮੌਸਮੀ ਤਬਦੀਲੀਆਂ ਹੁਣ ਮਨੁੱਖਤਾ ਦੀ ਹੋਂਦ ਲਈ ਇੱਕ ਵੱਡੇ ਖਤਰੇ ਦਾ ਰੂਪ ਧਾਰਨ ਕਰ ਚੁਕੀਆਂ ਹਨ, ਜਿਨ੍ਹਾਂ ਨੂੰ ਰੋਕਣ ਲਈ ਦੁਨੀਆਂ ਦੇ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਰਲਮਿਲ ਕੇ ਕੰਮ ਕਰਨ ਦੀ ਲੋੜ ਹੈ। ਜੇ ਹੁਣ ਤੋਂ ਤਾਪਮਾਨ ਦੇ ਵਾਧੇ ਨੂੰ ਰੋਕਣ ਲਈ ਉਪਰਾਲੇ ਨਾ ਕੀਤੇ ਗਏ ਤਾਂ ਸਾਨੂੰ ਸਾਡੀ ਇਸ ਅਣਗਹਿਲੀ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਕੁਦਰਤ ਨਾਲ ਜਿੰਨੀ ਵੱਧ ਛੇੜਛਾੜ ਹੋਵੇਗੀ, ਓਨਾ ਹੀ ਮਨੁੱਖ ਵੱਧ ਖਤਰਿਆਂ ਦੇ ਸਨਮੁੱਖ ਹੋਵੇਗਾ। ਵਾਤਾਵਰਣ ਨੂੰ ਸਾਂਭਣ ਲਈ ਸਾਰੇ ਦੇਸ਼ਾਂ ਨੂੰ ਸੁਚੇਤ ਹੋਣਾ ਪਵੇਗਾ ਤਾਂ ਕਿ ਆਉਣ ਵਾਲੇ ਸਮੇਂ ਦੌਰਾਨ ਮੌਸਮੀ ਆਫਤਾਂ ਨੂੰ ਘੱਟ ਕੀਤਾ ਜਾ ਸਕੇ।
*ਪ੍ਰੋਫੈਸਰ, ਜਿਓਗ੍ਰਾਫੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।