ਸਰਬੱਤ ਦਾ ਭਲਾ

ਬਬੀਤਾ ਨਾਭਾ
ਫੋਨ: 91-94632-23164
ਮੇਰੇ ਸਾਹਮਣੇ ਤਿੰਨ ਅਖਬਾਰਾਂ ਪਈਆਂ ਸਨ। ਤਿੰਨਾਂ ਵਿਚ ਇੱਕ ਖਬਰ ਪ੍ਰਮੁੱਖਤਾ ਨਾਲ ਛਾਪੀ ਗਈ ਸੀ। ਇਹ ਸੀ, ਕੇਰਲ ਵਿਚ ‘ਖਾਲਸਾ ਏਡ ਇੰਟਰਨੈਸ਼ਨਲ’ ਨਾਂ ਦੀ ਜਥੇਬੰਦੀ ਨੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਸਭ ਤੋਂ ਪਹਿਲਾਂ ਪਹੁੰਚ ਕੇ ਲੰਗਰ ਲਾਇਆ, ਜਦੋਂਕਿ ਦੇਸ਼ ਦੇ ਕੁਝ ਦਾਨਿਸ਼ਮੰਦ ਅਜੇ ਫੋਕੀ ਬਿਆਨਬਾਜੀ ਹੀ ਕਰ ਰਹੇ ਸਨ।
ਬਰਤਾਨੀਆ ਤੋਂ ਸ਼ੁਰੂ ਹੋਈ ਇਹ ਸਿੱਖ ਸਮਾਜ ਸੇਵੀ ਸੰਸਥਾ ਅੱਜ ਦੁਨੀਆਂ ਭਰ ਵਿਚ ਜਾਣੀ ਜਾਂਦੀ ਹੈ।

ਗੱਲ ਡੇਢ ਕੁ ਸਾਲ ਪਹਿਲਾਂ ਦੀ ਹੈ ਜਦੋਂ ਮੈ ਐਨ. ਡੀ. ਟੀ. ਵੀ. ਦੇ ਪ੍ਰਾਈਮ ਟਾਈਮ ਪ੍ਰੋਗਰਾਮ ਵਿਚ ਦੋ ਸਿੱਖ ਨੌਜੁਆਨਾਂ ਨੂੰ ਗੱਲਾਂ ਕਰਦਿਆਂ ਸੁਣਿਆ, “ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਹਿੰਦੂ ਧਰਮ ਲਈ ਸੀਸ ਵਾਰਿਆ। ਭਾਈ ਘਨ੍ਹਈਆ ਜੀ ਨੇ ਯੁੱਧ ਵਿਚ ਦੁਸ਼ਮਣਾਂ ਨੂੰ ਵੀ ਪਾਣੀ ਪਿਆਇਆ। ਹੁਣ ਅਸੀਂ ਕਿਵੇਂ ਬੈਠੇ ਰਹਿ ਸਕਦੇ ਸੀ। ਜੇ ਅਸੀਂ ਲੋੜਵੰਦਾਂ ਦੀ ਮਦਦ ਨਾ ਕਰਦੇ ਤਾਂ ਸਾਡੇ ਗੁਰੂ ਸਾਹਿਬ ਸਾਨੂੰ ਕਿਵੇਂ ਮੁਆਫ ਕਰਦੇ।”
ਇਹ ਗੱਲਾਂ ਕਰ ਹੀ ਰਹੇ ਸਨ ਕਿ ਖਾਲਸਾ ਏਡ ਇੰਟਰਨੈਸ਼ਨਲ ਦੇ ਵਾਲੰਟੀਅਰਾਂ ਬਾਰੇ ਗੱਲ ਚੱਲ ਪਈ ਕਿ ਰੋਹਿੰਗੀਆ ਮੁਸਲਮਾਨਾਂ ਦੀ ਮਦਦ ਲਈ ਇਸ ਜਥੇਬੰਦੀ ਨੇ ਬੰਗਲਾਦੇਸ਼ ਵਿਚ ਜਾ ਕੇ ਲੰਗਰ ਲਾਇਆ। ਜਿੱਥੇ ਕਈ ਦਿਨਾਂ ਤੋਂ ਭੁੱਖੇ ਲੋਕ ਆ ਕੇ ਉਤਰ ਰਹੇ ਸਨ, ਉਥੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਨ੍ਹਾਂ ਦੇ ਦੱਸਣ ਮੁਤਾਬਕ ਸ਼ਰਨਾਰਥੀਆਂ ਦੀ ਹਾਲਤ ਬਹੁਤ ਹੀ ਤਰਸਯੋਗ ਸੀ। ਕੁਝ ਲੋਕ ਕੈਂਪਾਂ ਵਿਚ ਰੁਕੇ ਹੋਏ ਸਨ। ਉਨ੍ਹਾਂ ਨੂੰ ਸਥਾਨਕ ਲੋਕ ਥੋੜ੍ਹਾ ਬਹੁਤ ਸੁੱਕਾ ਰਾਸ਼ਨ ਦੇ ਰਹੇ ਸਨ ਪ੍ਰੰਤੂ ਜਦੋਂ ਲੋਕਾਂ ਇਸ ਜਥੇਬੰਦੀ ਦੇ ਕਾਰਕੁਨਾਂ ਨੂੰ ਭੋਜਨ ਬਣਾ ਕੇ ਛਕਾਉਂਦਿਆਂ ਵੇਖਿਆ ਤਾਂ ਆਸਪਾਸ ਦੇ ਲੋਕ ਵੀ ਮਦਦ ਲਈ ਆ ਗਏ। ਕੁਝ ਲੋਕਾਂ ਨੇ ਤਾਂ ਕਈ ਕੁਇੰਟਲ ਚਾਵਲ, ਦਾਲਾਂ ਆਦਿ ਵੀ ਦਿੱਤੀਆਂ। ਸਥਾਨਕ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਨਾਲ ਇਨ੍ਹਾਂ ਦਾ ਹੌਸਲਾ ਹੋਰ ਵੀ ਵਧ ਗਿਆ ਪ੍ਰੰਤੂ ਉਨ੍ਹਾਂ ਨੂੰ ਕੁਝ ਲੋਕਾਂ ਦੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਲੋਕ ਅਤਿਵਾਦੀ ਹਨ, ਇਨ੍ਹਾਂ ਦੀ ਮਦਦ ਕਰਨ ਦੀ ਕੋਈ ਤੁਕ ਨਹੀਂ ਬਣਦੀ। ਅਸੀਂ ਉਨ੍ਹਾਂ ਨੂੰ ਸਮਝਾਇਆ ਕਿ ਭੁੱਖੇ ਲੋਕਾਂ ਨੂੰ ਲੰਗਰ ਛਕਾਉਣਾ ਸਾਡਾ ਧਰਮ ਵੀ ਹੈ ਤੇ ਫਰਜ਼ ਵੀ। ਬਾਕੀ ਤਾਂ ਸਰਕਾਰਾਂ ਨੇ ਵੇਖਣਾ, ਅਸੀਂ ਰਾਜਨੀਤਕ ਤੌਰ ‘ਤੇ ਕੁਝ ਨਹੀਂ ਬੋਲਾਂਗੇ।
ਜਦੋਂ ਉਨ੍ਹਾਂ ਤੋਂ ਸੁਆਲ ਪੁੱਛੇ ਜਾ ਰਹੇ ਸਨ, ਮੇਰੀ ਜਿਗਿਆਸਾ ਉਨ੍ਹਾਂ ਪ੍ਰਤੀ ਹੋਰ ਵੀ ਵਧਦੀ ਗਈ। ਉਨ੍ਹਾਂ ਇੱਕ ਮਿਸਾਲ ਹੋਰ ਦਿੱਤੀ ਕਿ ਸਹਾਰਨਪੁਰ ਦੰਗਿਆਂ ਦੌਰਾਨ ਸੜੀਆਂ ਦੁਕਾਨਾਂ ਜਿਨ੍ਹਾਂ ਵਿਚੋਂ ਕਰੀਬ 70% ਹਿੰਦੂਆਂ ਦੀਆਂ ਸਨ। ਜਦੋਂ ਉਨ੍ਹਾਂ ਉਥੇ ਜਾ ਕੇ ਵੇਖਿਆ ਲੋਕਾਂ ਦੇ ਕਰੋੜਾਂ ਦੇ ਬਿਜਨਸ ਰਾਤੋ ਰਾਤ ਸੜ੍ਹ ਕੇ ਸੁਆਹ ਹੋ ਗਏ। ਰੁਪਏ-ਪੈਸੇ ਦੀ ਮਦਦ ਤਾਂ ਇਸ ਜਥੇਬੰਦੀ ਵੱਲੋਂ ਜ਼ਿਆਦਾ ਨਹੀਂ ਹੋ ਸਕਦੀ ਸੀ। ਸਭ ਤੋਂ ਪਹਿਲਾਂ ਇਨ੍ਹਾਂ ਨੇ ਹੱਥਾਂ ਵਿਚ ਝਾੜੂ ਫੜ੍ਹ ਕੇ ਉਨ੍ਹਾਂ ਦੀਆਂ ਦੁਕਾਨਾਂ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਫਿਰ ਦੁਕਾਨਾਂ ਦੀਆਂ ਕੰਧਾਂ ਉਤੇ ਪੇਂਟ ਕੀਤਾ। ਇਸ ਦੇ ਨਾਲ ਦੁਕਾਨਦਾਰਾਂ ਵਿਚ ਵੀ ਖੜ੍ਹੇ ਹੋਣ ਦੀ ਹਿੰਮਤ ਆ ਗਈ। ਕੁਝ ਬੰਦਿਆਂ ਨੇ ਮਾਲੀ ਮਦਦ ਵੀ ਕੀਤੀ। ਦੁਕਾਨਦਾਰਾਂ ਨੇ ਇਨ੍ਹਾਂ ਨੂੰ ਕਿਹਾ, ਤੁਸੀਂ ਸਾਡੀਆਂ ਕੰਧਾਂ ਨਹੀਂ, ਸਾਡੇ ਦਿਲ ਪੇਂਟ ਕੀਤੇ ਹਨ।
ਮੈਨੂੰ ਵਾਲੰਟੀਅਰਾਂ ਦੀਆਂ ਗੱਲਾਂ ਸੁਣ ਕੇ 9ਵੀਂ ਕਲਾਸ ਵਿਚ ਪੜ੍ਹਾਈ ਗਈ ਕਵਿਤਾ ‘ਹਮਦਰਦੀ’ ਯਾਦ ਆ ਗਈ ਕਿ ਜੇ ਤੁਹਾਡੇ ਕੋਲ ਕੁਝ ਵੀ ਨਹੀਂ ਤਾਂ ਵੀ ਤੁਸੀ ਆਪਣੀ ਹਮਦਰਦੀ ਅਤੇ ਆਪਣੇ ਹੱਥਾਂ ਨਾਲ ਕੰਮ ਕਰ ਕੇ ਦੂਜਿਆਂ ਦੀ ਤਕਲੀਫ ਦੂਰ ਕਰ ਸਕਦੇ ਹੋ।
ਕੁਝ ਗੱਲਾਂ ਇਨ੍ਹਾਂ ਨੌਜੁਆਨਾਂ ਨੇ ਆਪਣੀ ਜਥੇਬੰਦੀ ਬਾਰੇ ਵੀ ਸਾਂਝੀਆਂ ਕੀਤੀਆਂ। ਇਨ੍ਹਾਂ ਮੁਤਾਬਕ ਜੋ ਵਾਲੰਟੀਅਰ ਇਨ੍ਹਾਂ ਦੀ ਜਥੇਬੰਦੀ ਨਾਲ ਜੁੜੇ ਹੋਏ ਹਨ, ਉਨ੍ਹਾਂ ਦੇ ਜਾਂ ਤਾਂ ਬਿਜਨਸ ਹਨ ਜਾਂ ਨੌਕਰੀਆਂ ਵਾਲੇ ਹਨ। ਜਦ ਕਿਤੇ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਇਹ ਛੁੱਟੀ ਲੈ ਕੇ ਉਥੇ ਲੰਗਰ ਲਾਉਣ ਲਈ ਪਹੁੰਚ ਜਾਂਦੇ ਹਨ। ਦੇਸ਼-ਵਿਦੇਸ਼ ਦੇ ਦੂਰ ਦੁਰਾਡੇ ਹਿੱਸਿਆਂ ਵਿਚ ਇਹ ਲੰਗਰ ਲਾਉਣ ਜਾਂਦੇ ਹਨ।
ਇਸ ਜਥੇਬੰਦੀ ਦੇ ਹੈਡ ਰਵੀ ਸਿੰਘ ਨੇ ਆਪਣੇ ਫੇਸ ਬੁੱਕ ਪੇਜ਼ ‘ਤੇ ਪਾਇਆ ਹੈ ਕਿ ਜੇ ਇਸ ਤਰ੍ਹਾਂ ਦੇ ਕਿਸੇ ਮਿਸ਼ਨ ਵਿਚ ਮੇਰੀ ਜਾਨ ਵੀ ਚਲੀ ਜਾਵੇ ਤਾਂ ਕਿਸੇ ਧਰਮ ਵਿਸ਼ੇਸ਼ ਨੂੰ ਦੋਸ਼ ਨਾ ਦੇਣਾ। ‘ਮਜਹਬ ਨਹੀਂ ਸਿਖਾਤਾ ਆਪਸ ਮੇ ਵੈਰ ਰਖਨਾ’ ਸਤਰਾਂ ਮੇਰੇ ਕੰਨਾਂ ਵਿਚ ਗੂੰਜਣ ਲੱਗੀਆਂ।
ਅੰਤ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਕੋਲ ਮੀਡੀਆ ਵਿਚ ਜਾ ਕੇ ਬਹਿਸ ਮੁਬਾਹਿਸਿਆਂ ਵਿਚ ਹਿੱਸਾ ਲੈਣ ਦਾ ਸਮਾਂ ਨਹੀਂ। ਅਸੀਂ ਸਾਰੇ ਕੰਮਾਂ ਵਿਚ ਯਕੀਨ ਰੱਖਦੇ ਹਾਂ। ਉਨ੍ਹਾਂ ਦੇ ਚਿਹਰਿਆਂ ‘ਤੇ ਝਲਕ ਰਹੀ ਸੰਤੁਸ਼ਟੀ ਉਨ੍ਹਾਂ ਦੀ ਕੰਮ ਪ੍ਰਤੀ ਗੰਭੀਰਤਾ ਦਰਸਾ ਰਹੀ ਸੀ। ਮੈਂ ਸਦਕੇ ਜਾਂਦੀ ਹਾਂ ਇਨ੍ਹਾਂ ਵੀਰਾਂ ਦੇ ਅਤੇ ਇਨ੍ਹਾਂ ਦੀ ਜਥੇਬੰਦੀ ‘ਖਾਲਸਾ ਏਡ ਇੰਟਰਨੈਸ਼ਨਲ’ ਦੇ। ਅਜਿਹੀਆਂ ਸੰਸਥਾਵਾਂ ਅਤੇ ਇਨਸਾਨੀ ਰੂਹਾਂ ਕਰ ਕੇ ਹੀ ਅਜੇ ਵੀ ਦੁਨੀਆਂ ‘ਤੇ ਇਨਸਾਨੀਅਤ ਕਾਇਮ ਹੈ।