ਦੇਸ਼ ਵਾਪਸੀ

ਪਰਵਾਸ ਆਪਣੇ ਨਾਲ ਕਈ ਕਿਸਮ ਦੀਆਂ ਮੁਸ਼ਕਿਲਾਂ ਵੀ ਲੈ ਕੇ ਆਉਂਦਾ ਹੈ। ਇਸ ਦੀਆਂ ਪਰਤਾਂ ਖੁੱਲ੍ਹਦੀਆਂ ਹਨ ਤਾਂ ਐਨ ਵੱਖਰੇ ਸੰਸਾਰ ਦੇ ਦਰਸ਼ਨ ਹੁੰਦੇ ਹਨ। ਲੇਖਕ ਨਰਿੰਦਰ ਸਿੰਘ ਢਿੱਲੋਂ ਨੇ ਆਪਣੀ ਕਹਾਣੀ ‘ਦੇਸ਼ ਵਾਪਸੀ’ ਵਿਚ ਵੱਖਰੇ ਵੱਖਰੇ ਮਾਹੌਲ ਅੰਦਰ ਰਿਸ਼ਤਿਆਂ ਦੀ ਟੁੱਟ-ਭੱਜ ਦੀ ਬਾਤ ਪਾਈ ਹੈ। ਇਸ ਵਿਚ ਹੋਰ ਨੁਕਤਿਆਂ ਦੇ ਨਾਲ ਨਾਲ ਪੀੜ੍ਹੀ-ਪਾੜਾ ਹੁੱਜਾਂ ਮਾਰ ਕੇ ਅਗਾਂਹ ਆਣ ਖਲੋਂਦਾ ਹੈ।

-ਸੰਪਾਦਕ

ਨਰਿੰਦਰ ਸਿੰਘ ਢਿੱਲੋਂ
ਫੋਨ: 403-616-4032

ਕਈ ਸਾਲਾਂ ਦੀ ਉਡੀਕ ਤੋਂ ਬਾਅਦ ਆਖਰ ਗੁਰਮੁਖ ਸਿੰਘ ਅਤੇ ਜਸਵੰਤ ਕੌਰ ਦਾ ਅਮਰੀਕਾ ਲਈ ਵੀਜ਼ਾ ਲੱਗ ਗਿਆ। ਉਨ੍ਹਾਂ ਦਾ ਇਕਲੌਤਾ ਲੜਕਾ ਸਰਵਣ ਜਿਉਂ ਵਿਆਹਿਆ, ਉਦੋਂ ਦਾ ਹੀ ਅਮਰੀਕਾ ਗਿਆ ਹੋਇਆ ਸੀ। ਅਮਰੀਕਾ ਜਾਣ ਦਾ ਚਾਅ ਦੋਹਾਂ ਕੋਲੋਂ ਚੁੱਕਿਆ ਨਹੀਂ ਸੀ ਜਾਂਦਾ। ਗਲੀ ਦੀ ਕੋਈ ਵੀ ਔਰਤ ਜਦ ਜਸਵੰਤ ਕੌਰ ਨੂੰ ਪੁੱਛਦੀ, “ਹਾਂ, ਜਸਵੰਤ ਕੌਰੇ ਜਾ ਰਹੀ ਏਂ ਨੂੰਹ-ਪੁੱਤ ਕੋਲ?” ਤਾਂ ਜਸਵੰਤ ਕੌਰ ਝੂਮਦੀ ਹੋਈ ਖੁਸ਼ੀ ਵਿਚ ਆਖਦੀ, “ਆਹੋ ਭੈਣ, ਮੇਰੀ ਤਾਂ ਧੀਆਂ ਵਰਗੀ ਨੂੰਹ ਏਂ, ਨਾਲੇ ਸਰਵਣ ਨੂੰ ਵੇਖਿਆਂ ਕਿੰਨੇ ਸਾਲ ਹੋ ਗਏ ਨੇ। ਐਥੇ ਤਾਂ ਮੈਂ ਠੀਕ ਨਹੀਂ ਰਹਿੰਦੀ, ਉਥੇ ਜਾ ਕੇ ਖਵਰੇ ਠੀਕ ਹੋ ਜਾਵਾਂ। ਨਾਲੇ ਪੱਕੀ ਪਕਾਈ ਤਾਂ ਖਾਵਾਂਗੀ, ਬੰਦੇ ਨੂੰ ਪਿਛਲੀ ਉਮਰੇ ਬੱਚਿਆਂ ਦਾ ਹੀ ਤਾਂ ਸਹਾਰਾ ਹੁੰਦੈ।”
ਜਸਵੰਤ ਕੌਰ ਨੇ ਆਪਣੀ ਨੂੰਹ ਰੋਜ਼ੀ ਦੀ ਪਸੰਦ ਪੁੱਛ ਕੇ 7-8 ਸੂਟ ਬਣਾ ਲਏ ਅਤੇ ਕੁਝ ਕੱਪੜੇ ਸਰਵਣ ਲਈ ਵੀ ਖਰੀਦ ਲਏ। ਜਦ ਦਿੱਲੀ ਹਵਾਈ ਅੱਡੇ ‘ਤੇ ਜਾਣ ਲਈ ਕਿਰਾਏ ‘ਤੇ ਕੀਤੀ ਨਵੀਂ ਗੱਡੀ ਆਈ ਤਾਂ ਗਲੀ ਦੇ ਕਈ ਲੋਕ ਲਲਚਾਈਆਂ ਨਜ਼ਰਾਂ ਨਾਲ ਵੇਖ ਕੇ ਸੋਚਦੇ ਸਨ ਕਿ ਕਾਸ਼! ਕਿਤੇ ਉਨ੍ਹਾਂ ਨੂੰ ਵੀ ਅਮਰੀਕਾ ਜਾਣ ਦਾ ਮੌਕਾ ਮਿਲੇ। ਗੁਰਮੁਖ ਸਿੰਘ ਅਤੇ ਜਸਵੰਤ ਕੌਰ ਹਵਾਈ ਅੱਡੇ ‘ਤੇ ਪਹੁੰਚ ਕੇ ਅਮਰੀਕਾ ਲਈ ਜਹਾਜ ‘ਤੇ ਚੜ੍ਹ ਗਏ।
ਅਮਰੀਕਾ ਹਵਾਈ ਅੱਡੇ ‘ਤੇ ਕਾਗਜ਼ੀ ਕਾਰਵਾਈ ਤੋਂ ਬਾਅਦ ਉਨ੍ਹਾਂ ਆਪਣੇ ਅਟੈਚੀ ਟਰਾਲੀ ‘ਤੇ ਰੱਖੇ ਅਤੇ ਦੋਵੇਂ ਹੌਲੀ ਹੌਲੀ ਦੂਜੀਆਂ ਸਵਾਰੀਆਂ ਦੇ ਮਗਰ ਮਗਰ ਬਾਹਰ ਨੂੰ ਆ ਗਏ। ਬਾਹਰ ਸਰਵਣ ਅਤੇ ਰੋਜ਼ੀ ਤੋਂ ਇਲਾਵਾ ਉਨ੍ਹਾਂ ਦੇ ਕੁੜਮ ਬਲਹਾਰ ਸਿੰਘ ਸਮੇਤ ਬਹੁਤ ਸਾਰੇ ਰਿਸ਼ਤੇਦਾਰ ਪਹੁੰਚੇ ਹੋਏ ਸਨ। ਸਾਰੇ ਰਿਸ਼ਤੇਦਾਰ ਉਨ੍ਹਾਂ ਨੂੰ ਚਾਈਂ ਚਾਈਂ ਮਿਲੇ ਤੇ ਜੀ ਆਇਆਂ ਕਿਹਾ। ਉਨ੍ਹਾਂ ਦਾ ਲੜਕਾ ਸਰਵਣ ਜਦ ਮਾਂ ਦੇ ਪੈਰੀਂ ਹੱਥ ਲਾ ਕੇ ਗਲੇ ਲੱਗ ਕੇ ਮਿਲਿਆ ਤਾਂ ਜਸਵੰਤ ਕੌਰ ਦੀਆਂ ਅੱਖਾਂ ਵਿਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ। “ਪੁੱਤ ਕਿੰਨੇ ਸਾਲਾਂ ਬਾਅਦ ਤੇਰਾ ਮੂੰਹ ਵੇਖਿਆ ਹੈ”, ਕਹਿੰਦਿਆਂ ਉਹਨੇ ਸਰਵਣ ਦਾ ਮੱਥਾ ਚੁੰਮਿਆ।
“ਚਲ ਹੁਣ ਤੂੰ ਮੌਜ ਲੈ ਇਨ੍ਹਾਂ ਕੋਲ, ਕਾਹਨੂੰ ਅੱਥਰੂ ਸੁੱਟੀ ਜਾਂਦੀ ਏਂ।” ਗੁਰਮੁਖ ਸਿੰਘ ਨੇ ਕਿਹਾ। ਜਸਵੰਤ ਕੌਰ ਨੇ ਆਪਣੀ ਨੂੰਹ ਰੋਜ਼ੀ ਨੂੰ ਘੁੱਟ ਕੇ ਗਲਵੱਕੜੀ ਵਿਚ ਲਿਆ ਤੇ ਗੁਰਮੁਖ ਸਿੰਘ ਨੇ ਰੋਜ਼ੀ ਦੇ ਸਿਰ ‘ਤੇ ਪਿਆਰ ਦਿਤਾ ਪਰ ਦੋਹਾਂ ਨੂੰ ਰੋਜ਼ੀ ਨਾਲ ਮਿਲਣੀ ਵਿਚੋਂ ਨਿੱਘ ਮਹਿਸੂਸ ਨਾ ਹੋਇਆ। ਸਾਰੇ ਘਰ ਪਹੁੰਚ ਗਏ। ਰੋਟੀ ਪਾਣੀ ਖਾ ਕੇ ਰਸਮੀ ਗੱਲਾਂ ਬਾਤਾਂ ਤੋਂ ਬਾਅਦ ਸੌਂ ਗਏ।
ਅਗਲੇ ਦਿਨ ਚਾਹ-ਪਾਣੀ ਪੀਣ ਤੋਂ ਬਾਅਦ ਜਸਵੰਤ ਕੌਰ ਨੇ ਰੋਜ਼ੀ ਨੂੰ ਕਿਹਾ, “ਪੁੱਤਰ ਅਟੈਚੀ ਖੋਲ੍ਹ ਤੇ ਵੇਖ ਮੈਂ ਤੇਰੇ ਲਈ ਕਿੰਨੇ ਸੋਹਣੇ ਸੋਹਣੇ ਸੂਟ ਲਿਆਂਦੇ ਨੇ।”
ਰੋਜ਼ੀ ਨੇ ਕੋਈ ਉਤਸ਼ਾਹ ਨਾ ਵਿਖਾਇਆ। ਦੋ-ਤਿੰਨ ਦਿਨਾਂ ਬਾਅਦ ਰੋਜ਼ੀ ਨੇ ਚੁੱਪ ਚਪੀਤੇ ਆਪਣੇ ਸੂਟ ਤੇ ਹੋਰ ਸਮਾਨ ਸੰਭਾਲ ਲਿਆ। ਜਸਵੰਤ ਕੌਰ ਨੂੰ ਉਮੀਦ ਸੀ ਕਿ ਮਹਿੰਗੇ ਤੇ ਸੋਹਣੇ ਸੂਟ ਵੇਖ ਕੇ ਰੋਜ਼ੀ ਫੁੱਲੀ ਨਹੀਂ ਸਮਾਵੇਗੀ ਪਰ ਇੰਜ ਨਾ ਹੋਇਆ।
15-20 ਦਿਨ ਬੀਤ ਗਏ। ਮਿਲਣ ਵਾਲੇ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਘਟ ਗਿਆ। ਰੋਜ਼ੀ ਦਾ ਵਿਹਾਰ ਗੁਰਮੁਖ ਸਿੰਘ ਤੇ ਜਸਵੰਤ ਕੌਰ ਪ੍ਰਤੀ ਦਿਨ ਪ੍ਰਤੀ ਦਿਨ ਰੁੱਖਾ ਹੁੰਦਾ ਜਾ ਰਿਹਾ ਸੀ। ਉਹ ਇਨ੍ਹਾਂ ਦੋਹਾਂ ਨੂੰ ਬਹੁਤ ਘੱਟ ਬੁਲਾਉਂਦੀ ਤੇ ਨਾ ਹੀ ਉਨ੍ਹਾਂ ਕੋਲ ਬੈਠਦੀ। ਕਦੇ ਚਾਈਂ ਚਾਈਂ ਜਸਵੰਤ ਕੌਰ ਉਸ ਦੇ ਕੋਲ ਜਾ ਬੈਠਦੀ ਅਤੇ ਆਨੇ-ਬਹਾਨੇ ਗੱਲਾਂ ਬਾਤਾਂ ਕਰਨ ਲਗਦੀ ਤਾਂ ਰੋਜ਼ੀ ਕੰਮ ਦੇ ਬਹਾਨੇ ਉਠ ਕੇ ਇਧਰ ਉਧਰ ਚਲੀ ਜਾਂਦੀ। ਇਨ੍ਹਾਂ ਦੋਹਾਂ ਨੂੰ ਹੁਣ ਘਰ ਵਿਚ ਕੈਦ ਅਤੇ ਇਕੱਲਾਪਣ ਮਹਿਸੂਸ ਹੋਣ ਲੱਗ ਪਿਆ।
ਇਕ ਦਿਨ ਅਚਾਨਕ ਹੀ ਰੋਜ਼ੀ ਦੀ ਮੰਮੀ ਆ ਗਈ। ਉਸ ਨੇ ਦੋਹਾਂ ਨੂੰ ਮੁਰਝਾਏ ਚਿਹਰੇ ਲੈ ਕੇ ਕੁਰਸੀਆਂ ‘ਤੇ ਬੈਠੇ ਵੇਖਿਆ। ਰੋਜ਼ੀ ਪਰਦੇ ਦੇ ਦੂਜੇ ਪਾਸੇ ਟੀ. ਵੀ. ਲਾ ਕੇ ਬੈਠੀ ਹੋਈ ਸੀ। ਰੋਜ਼ੀ ਦੀ ਮੰਮੀ ਜਸਵੰਤ ਕੌਰ ਕੋਲ ਬੈਠ ਕੇ ਗੱਲਾਂ ਕਰਨ ਲੱਗ ਪਈ। ਉਸ ਨੇ ਦੋ ਤਿੰਨ ਵਾਰ ਰੋਜ਼ੀ ਨੂੰ ਆਵਾਜ਼ ਮਾਰੀ ਪਰ ਉਹ ਨਾ ਆਈ। ਕੱਚਾ ਜਿਹਾ ਮੂੰਹ ਬਣਾ ਕੇ ਉਸ ਨੇ ਜਸਵੰਤ ਕੌਰ ਨੂੰ ਪੁੱਛਿਆ, “ਭੈਣ ਜੀ, ਕਿਹੋ ਜਿਹਾ ਲੱਗਾ ਅਮਰੀਕਾ?”
“ਬਹੁਤ ਸੋਹਣਾ ਹੈ ਭੈਣ ਜੀ”, ਜਸਵੰਤ ਕੌਰ ਨੇ ਸੰਖੇਪ ਜਿਹਾ ਉਤਰ ਦਿੱਤਾ।
ਰੋਜ਼ੀ ਦੀ ਮੰਮੀ ਉਠ ਕੇ ਰੋਜ਼ੀ ਕੋਲ ਗਈ ਅਤੇ ਸਹਿਜੇ ਸਹਿਜੇ ਪੁੱਛਿਆ, “ਕੀ ਗੱਲ ਹੈ ਬੇਟਾ, ਮੈਂ ਤੈਨੂੰ ਦੋ-ਤਿੰਨ ਵਾਰ ਆਵਾਜ਼ ਮਾਰੀ, ਤੂੰ ਆਈ ਨਹੀਂ ਤੇ ਨਾ ਹੀ ਤੂੰ ਮੈਨੂੰ ਚਾਹ-ਪਾਣੀ ਪੁੱਛਿਆ? ਉਧਰ ਮੰਮੀ-ਪਾਪਾ ਬੈਠੇ ਹਨ, ਤੂੰ ਉਨ੍ਹਾਂ ਦੇ ਲਾਗੇ ਨਹੀਂ ਬੈਠ ਸਕਦੀ।” ਉਸ ਨੇ ਰੋਜ਼ੀ ਦੀ ਕਾਫੀ ਝਾੜ-ਝੰਬ ਕੀਤੀ ਜਿਸ ਦਾ ਕੁਝ ਹਿੱਸਾ ਗੁਰਮੁਖ ਸਿੰਘ ਅਤੇ ਜਸਵੰਤ ਕੌਰ ਦੇ ਕੰਨੀਂ ਵੀ ਪੈ ਗਿਆ ਪਰ ਰੋਜ਼ੀ ਮੱਥੇ ‘ਤੇ ਤਿਓੜੀਆਂ ਪਾਈ ਬੈਠੀ ਰਹੀ ਤੇ ਟੱਸ ਤੋਂ ਮੱਸ ਨਾ ਹੋਈ।
ਦਿਨ ਬੀਤਦੇ ਗਏ। ਗੁਰਮੁਖ ਸਿੰਘ ਅਤੇ ਜਸਵੰਤ ਕੌਰ ਪ੍ਰੇਸ਼ਾਨ ਹੋ ਗਏ। ਅਮਰੀਕਾ ਆਉਣ ਵਾਲੇ ਉਨ੍ਹਾਂ ਦੇ ਖੁਸ਼ੀਆਂ ਦੇ ਮਹੱਲ ਢਹਿ ਢੇਰੀ ਹੋ ਗਏ। ਸਰਵਣ ਜਦ ਸ਼ਾਮ ਨੂੰ ਕੰਮ ਤੋਂ ਆਉਂਦਾ ਤਾਂ ਉਹ ਆਪਣੇ ਮਾਤਾ ਪਿਤਾ ਨਾਲ ਬੈਠ ਕੇ ਕੁਝ ਸਮਾਂ ਬਿਤਾਉਂਦਾ ਤੇ ਸਵੇਰੇ ਤੜਕੇ ਫਿਰ ਕੰਮ ‘ਤੇ ਚਲਾ ਜਾਂਦਾ। ਰੋਜ਼ੀ ਸਵੇਰੇ 11 ਵਜੇ ਤਕ ਸੁੱਤੀ ਰਹਿੰਦੀ। ਜਸਵੰਤ ਕੌਰ ਚਾਹ ਬਣਾਉਂਦੀ ਤੇ ਹੌਲੀ ਹੌਲੀ ਆਵਾਜ਼ ਮਾਰ ਕੇ ਉਸ ਦੇ ਲਾਗੇ ਕੱਪ ਰੱਖ ਆਉਂਦੀ। ਬਹੁਤ ਵਾਰ ਘਰ ਵਿਚ ਕੋਈ ਦਾਲ-ਸਬਜ਼ੀ ਨਾ ਹੋਣ ਕਰਕੇ ਉਹ ਰੋਟੀ ‘ਤੇ ਆਚਾਰ ਰੱਖ ਕੇ ਚਾਹ ਨਾਲ ਖਾ ਲੈਂਦੇ। ਉਹ ਸਰਵਣ ਨੂੰ ਕਦੇ ਇਹ ਮਹਿਸੂਸ ਨਾ ਹੋਣ ਦਿੰਦੇ ਕਿ ਰੋਜ਼ੀ ਉਨ੍ਹਾਂ ਦੀ ਦੇਖਭਾਲ ਨਹੀਂ ਕਰਦੀ। ਉਹ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਕਰਕੇ ਸਰਵਣ ਅਤੇ ਰੋਜ਼ੀ ਵਿਚ ਕੋਈ ਝਗੜਾ ਹੋਵੇ। ਇਸ ਕਰਕੇ ਉਹ ਦਿਲ ਦੀ ਪੀੜ ਦਿਲ ਵਿਚ ਘੁੱਟੀ ਬੈਠੇ ਸਨ।
ਕਈ ਵਾਰ ਰੋਜ਼ੀ ਬਿਨਾ ਦਸਿਆਂ ਹੀ ਕਿਸੇ ਪਾਸੇ ਚਲੀ ਜਾਂਦੀ ਤੇ ਸ਼ਾਮ ਨੂੰ ਘਰ ਆਉਂਦੀ। ਗੁਰਮੁਖ ਸਿੰਘ ਅਤੇ ਜਸਵੰਤ ਕੌਰ ਉਡੀਕ ਉਡੀਕ ਕੇ ਅੰਤ ਰੁੱਖੀ ਮਿਸੀ ਖਾ ਲੈਂਦੇ ਤੇ ਆਪਣੇ ਬੈਡਰੂਮ ਵਿਚ ਚਲੇ ਜਾਂਦੇ। ਜੇ ਸ਼ਾਮ ਨੂੰ ਸਰਵਣ ਪੁੱਛਦਾ, “ਮੰਮੀ ਜੀ, ਰੋਟੀ ਖਾ ਲਈ ਹੈ?” ਤਾਂ ਉਹ ਆਖ ਦਿੰਦੀ, “ਹਾਂ ਪੁੱਤਰ, ਅਸੀਂ ਤਾਂ ਖਾ ਬੈਠੇ ਹਾਂ।”
ਇਕ ਦਿਨ ਗੁਰਮੁਖ ਸਿੰਘ ਨੇ ਸਰਵਣ ਅਤੇ ਰੋਜ਼ੀ ਨੂੰ ਆਪਣੇ ਬੈਡਰੂਮ ਵਿਚ ਝਗੜਦੇ ਸੁਣ ਲਿਆ। ਬੈਡਰੂਮ ਦਾ ਦਰਵਾਜਾ ਭਾਵੇਂ ਬੰਦ ਸੀ, ਫਿਰ ਵੀ ਕੁਝ ਆਵਾਜ਼ ਬਾਹਰ ਆ ਰਹੀ ਸੀ। ਰੋਜ਼ੀ ਕਹਿ ਰਹੀ ਸੀ, “ਮੇਰੇ ਕੋਲੋਂ ਨਹੀਂ ਪਕਦੀਆਂ ਰੋਟੀਆਂ, ਪਕਾ ਸਕਦੇ ਨੇ ਤਾਂ ਠੀਕ ਹੈ, ਨਹੀਂ ਤਾਂ ਜਿਥੋਂ ਆਏ ਨੇ, ਉਥੇ ਹੀ ਚਲੇ ਜਾਣ।…ਹੁਣ ਲਾਸ਼ਾਂ ਦੀ ਸੰਭਾਲ ਮੈਂ ਕਰਾਂ!”
ਇਹ ਸੁਣਦਿਆਂ ਗੁਰਮੁਖ ਸਿੰਘ ਦਾ ਦਿਲ ਫਟਣ ਨੂੰ ਆ ਗਿਆ। ਉਸ ਨੇ ਸਾਰੀ ਗੱਲ ਜਸਵੰਤ ਕੌਰ ਨੂੰ ਦੱਸੀ। ਕੁਝ ਦਿਨਾਂ ਬਾਅਦ ਫਿਰ ਰੋਜ਼ੀ ਸਰਵਣ ਨੂੰ ਕਹਿੰਦੀ ਸੁਣੀ ਕਿ ਤੇਰੇ ਕੁਝ ਲਗਦੇ ਹੋਣਗੇ, ਮੇਰੇ ਕੁਝ ਨਹੀਂ ਲਗਦੇ। ਸਰਵਣ ਵੀ ਰੋਜ਼ੀ ਦੇ ਵਤੀਰੇ ਤੋਂ ਹੈਰਾਨ ਸੀ ਤੇ ਉਹ ਹੌਲੀ ਹੌਲੀ ਰੋਜ਼ੀ ਨੂੰ ਸਮਝਾਉਣ ਦਾ ਯਤਨ ਕਰ ਰਿਹਾ ਸੀ। ਜਿਉਂ ਜਿਉਂ ਉਹ ਸਮਝਾਉਂਦਾ, ਰੋਜ਼ੀ ਹੋਰ ਉਚੀ ਉਚੀ ਬੋਲਦੀ।
ਰੋਜ਼ੀ ਦੀ ਮੰਮੀ ਨੇ ਘਰ ਜਾ ਕੇ ਉਸ ਦੇ ਡੈਡੀ ਬਲਹਾਰ ਸਿੰਘ ਨੂੰ ਸਾਰੀ ਗੱਲ ਦੱਸੀ। ਰੋਜ਼ੀ ਦੇ ਮਾੜੇ ਵਤੀਰੇ ‘ਤੇ ਦੋਵੇਂ ਬਹੁਤ ਦੁਖੀ ਹੋਏ। ਉਨ੍ਹਾਂ ਅਗਲੇ ਦਿਨ ਰੋਜ਼ੀ ਨੂੰ ਘਰ ਬੁਲਾ ਕੇ ਸਮਝਾਇਆ, “ਦੇਖ ਬੇਟਾ, ਹੁਣ ਤੂੰ ਸਾਡੇ ਬੇਸ਼ਕ ਨਾ ਆ, ਤੈਨੂੰ ਆਪਣੇ ਸੱਸ-ਸਹੁਰੇ ਦੀ ਸੇਵਾ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਤੈਨੂੰ ਕਦੇ ਨੂੰਹ ਸਮਝਿਆ ਹੀ ਨਹੀਂ, ਧੀ ਸਮਝਦੇ ਨੇ ਤੇ ਤੇਰਾ ਪੂਰਾ ਮਾਣ ਸਤਿਕਾਰ ਕਰਦੇ ਨੇ। ਤੂੰ ਵੀ ਤਾਂ ਧੀ ਬਣ ਕੇ ਦੱਸ। ਉਨ੍ਹਾਂ ਦੇ ਖਾਣ-ਪੀਣ ਅਤੇ ਰਹਿਣ-ਸਹਿਣ ਦਾ ਤੂੰ ਖਿਆਲ ਨਹੀਂ ਰਖੇਂਗੀ ਤਾਂ ਕੌਣ ਰੱਖੂ?”
ਰੋਜ਼ੀ ਸਾਰਾ ਕੁਝ ਸਿਰ ਹੇਠਾਂ ਕਰ ਕੇ ਸੁਣਦੀ ਰਹੀ। ਬਲਹਾਰ ਸਿੰਘ ਨੇ ਫਿਰ ਕਿਹਾ, “ਤੂੰ ਵੇਖਦੀ ਨਹੀਂ, ਕਿਵੇਂ ਤੇਰੀ ਭਰਜਾਈ ਦਿਨ ਰਾਤ ਸਾਡੀ ਸੇਵਾ ਕਰਦੀ ਹੈ ਤੇ ਹਰ ਇਕ ਦਾ ਖਿਆਲ ਰਖਦੀ ਹੈ। ਸਾਨੂੰ ਨਿੱਛ ਵੀ ਆਵੇ ਤਾਂ ਭੱਜੀ ਆਉਂਦੀ ਹੈ। ਤੈਨੂੰ ਕੀ ਗੱਲ ਹੈ? ਜੇ ਤੇਰੀ ਕੋਈ ਸਮੱਸਿਆ ਹੈ ਤਾਂ ਦੱਸ। ਮੈਂ ਇਕ-ਦੋ ਦਿਨਾਂ ਤਕ ਤੇਰੇ ਘਰ ਆਵਾਂਗਾ।” ਰੋਜ਼ੀ ਕੁਝ ਨਹੀਂ ਬੋਲੀ ਤੇ ਉਠ ਕੇ ਆ ਗਈ।
ਰੋਜ਼ੀ ਦੇ ਵਤੀਰੇ ਵਿਚ ਕੋਈ ਫਰਕ ਨਾ ਪਿਆ। ਗੁਰਮੁਖ ਸਿੰਘ ਅਤੇ ਜਸਵੰਤ ਕੌਰ ਨੇ ਵੀ ਮਨ ਬਣਾ ਲਿਆ ਕਿ ਏਨੀ ਬੇਕਦਰੀ ਨਾਲੋਂ ਉਹ ਵਾਪਸ ਇੰਡੀਆ ਚਲੇ ਜਾਣਗੇ। ਗੁਰਮੁਖ ਸਿੰਘ ਕੋਲ ਕੁਝ ਡਾਲਰ ਸਨ ਜੋ ਕਦੇ ਕਦੇ ਸਰਵਣ ਉਸ ਨੂੰ ਦਿੰਦਾ ਰਹਿੰਦਾ ਸੀ। ਟਿਕਟਾਂ ਲੈਣ ਲਈ ਹੋਰ ਪੈਸਿਆਂ ਦੀ ਲੋੜ ਸੀ। ਉਨ੍ਹਾਂ ਦੋਹਾਂ ਨੇ ਸੈਰ ਕਰਨ ਅਤੇ ਸਮਾਂ ਬਿਤਾਉਣ ਲਈ ਪਾਰਕ ਵਿਚ ਜਾਣਾ ਸ਼ੁਰੂ ਕਰ ਦਿਤਾ। ਉਥੇ ਕਿਸੇ ਬਜੁਰਗ ਨਾਲ ਮੇਲ ਹੋਇਆ ਜਿਸ ਦੇ ਲੜਕੇ ਦੀ ਕਲੀਨਿੰਗ ਕੰਪਨੀ ਸੀ। ਸਰਵਣ ਨੂੰ ਭਰੋਸੇ ਵਿਚ ਲੈ ਕੇ ਗੁਰਮੁਖ ਸਿੰਘ ਨੇ ਕਲੀਨ ਅਪ ‘ਤੇ ਜਾਣਾ ਸ਼ੁਰੂ ਕਰ ਦਿੱਤਾ। ਕਲੀਨ ਅਪ ਕਰਦਿਆਂ ਉਹ ਮਨ ਹੀ ਮਨ ਸੋਚਦਾ, “ਆਹ ਦਿਨ ਵੀ ਵੇਖਣੇ ਸਨ ਔਲਾਦ ਦੇ ਮੋਹ ਵਿਚ। ਇੰਡੀਆ ਸਾਡੇ ਕੋਲ ਕੀ ਨਹੀਂ ਸੀ। ਅਸੀਂ ਬਾਦਸ਼ਾਹ ਸੀ ਉਥੇ।” ਉਸ ਦਾ ਦਿਲ ਕਰਦਾ ਕਿ ਕਿਸੇ ਤਰ੍ਹਾਂ ਹੁਣੇ ਉਡਾਰੀ ਮਾਰ ਕੇ ਇੰਡੀਆ ਪਹੁੰਚ ਜਾਵੇ। ਜਦ ਟਿਕਟਾਂ ਲੈਣ ਲਈ ਪੈਸੇ ਪੂਰੇ ਹੋ ਗਏ ਤਾਂ ਉਸੇ ਬਜੁਰਗ ਨਾਲ ਜਾ ਕੇ ਗੁਰਮੁਖ ਸਿੰਘ ਇੰਡੀਆ ਦੀਆਂ ਟਿਕਟਾਂ ਲੈ ਆਇਆ।
ਇਕ ਦਿਨ ਦੋਹਾਂ ਨੇ ਸਰਵਣ ਨੂੰ ਕੋਲ ਬਿਠਾ ਕੇ ਬੜਾ ਲਾਡ ਪਿਆਰ ਕੀਤਾ ਤੇ ਸਹਿਜੇ ਸਹਿਜੇ ਦੱਸ ਦਿੱਤਾ ਕਿ ਉਹ ਇੰਡੀਆ ਜਾ ਰਹੇ ਹਨ ਕਿਉਂਕਿ ਉਨ੍ਹਾਂ ਦਾ ਇਥੇ ਦਿਲ ਨਹੀਂ ਲੱਗ ਰਿਹਾ। ਇਹ ਫੈਸਲਾ ਸੁਣਦਿਆਂ ਹੀ ਸਰਵਣ ਸਿਸਕੀਆਂ ਭਰਨ ਲੱਗ ਪਿਆ। ਉਹ ਹੁਣ ਕੁਝ ਵੀ ਨਹੀਂ ਸੀ ਕਰ ਸਕਦਾ ਕਿਉਂਕਿ ਰੋਜ਼ੀ ਉਸ ਦੀ ਇਕ ਵੀ ਮੰਨਣ ਨੂੰ ਤਿਆਰ ਨਹੀਂ ਸੀ।
“ਦੇਖ ਪੁੱਤ, ਅੱਜ ਕੱਲ੍ਹ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਕੁੜੀਆਂ ਇਹੀ ਸਮਝਦੀਆਂ ਹਨ ਕਿ ਉਨ੍ਹਾਂ ਦੇ ਮਾਂ-ਪਿਉ ਤਾਂ ਮਾਂ-ਪਿਉ ਹਨ, ਮੁੰਡੇ ਦੇ ਮਾਂ-ਪਿਉ ਕੁਝ ਨਹੀਂ ਲਗਦੇ। ਮੁੰਡੇ ਜਾਂ ਤਾਂ ਚੁੱਪ ਕਰ ਕੇ ਦਿਨ ਕਟੀ ਕਰਦੇ ਹਨ ਤੇ ਜੇ ਗੱਲ ਕਰਦੇ ਹਨ ਤਾਂ ਘਰ ਵਿਚ ਕਲੇਸ਼ ਖੜ੍ਹਾ ਹੋ ਜਾਂਦਾ ਹੈ। ਪੁੱਤ ਘਰ ਵਿਚ ਸ਼ਾਂਤੀ ਰੱਖੀਂ, ਅਸੀਂ ਇੰਡੀਆ ਹੀ ਠੀਕ ਹਾਂ।” ਗੁਰਮੁਖ ਸਿੰਘ ਨੇ ਕਿਹਾ।
ਹੌਲੀ ਹੌਲੀ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਕਿ ਸਰਵਣ ਦੇ ਮਾਪੇ ਵਾਪਸ ਇੰਡੀਆ ਜਾ ਰਹੇ ਹਨ। ਪਤਾ ਲੱਗਣ ‘ਤੇ ਬਲਹਾਰ ਸਿੰਘ ਘਰ ਆਇਆ। ਰੋਜ਼ੀ ਘਰ ਨਹੀਂ ਸੀ। ਗੁਰਮੁਖ ਸਿੰਘ ਅਤੇ ਜਸਵੰਤ ਕੌਰ ਉਦਾਸ ਚਿੱਤ ਬੈਠੇ ਸਨ। ਉਹ ਬਲਹਾਰ ਸਿੰਘ ਨੂੰ ਖੁਸ਼ ਹੋ ਕੇ ਮਿਲੇ। ਬਲਹਾਰ ਸਿੰਘ ਨੇ ਗੁਰਮੁਖ ਸਿੰਘ ਨੂੰ ਬੜੀ ਨਿਮਰਤਾ ਨਾਲ ਪੁੱਛ ਹੀ ਲਿਆ, “ਭਾਅ ਜੀ, ਮੈਂ ਤੁਹਾਡੇ ਨਾਲ ਕੁੜਮਾਂ ਵਾਲਾ ਨਹੀਂ, ਭਰਾਵਾਂ ਵਾਲਾ ਰਿਸ਼ਤਾ ਰੱਖਿਆ ਹੈ। ਜੇ ਤੁਸੀਂ ਮੈਨੂੰ ਆਪਣਾ ਭਰਾ ਸਮਝਦੇ ਹੋ ਤਾਂ ਦੱਸੋ, ਤੁਸੀਂ ਏਨੀ ਜਲਦੀ ਇੰਡੀਆ ਕਿਉਂ ਜਾ ਰਹੇ ਹੋ ਤੇ ਉਦਾਸ ਚਿਤ ਕਿਉਂ ਹੋ?”
ਗੁਰਮੁਖ ਸਿੰਘ ਦਾ ਦਿਲ ਅੰਦਰੋਂ-ਅੰਦਰੀਂ ਭੁਬਾਂ ਮਾਰ ਰਿਹਾ ਸੀ ਪਰ ਉਹ ਜਾਹਰ ਨਹੀਂ ਸੀ ਕਰਨਾ ਚਾਹੁੰਦਾ ਅਤੇ ਜੋ ਪ੍ਰਸ਼ਨ ਬਲਹਾਰ ਸਿੰਘ ਨੇ ਕੀਤਾ, ਉਸ ਤੋਂ ਮੂੰਹ ਵੀ ਨਹੀਂ ਸੀ ਮੋੜਿਆ ਜਾ ਸਕਦਾ। ਉਸ ਨੇ ਬਲਹਾਰ ਸਿੰਘ ਤੋਂ ਵਾਅਦਾ ਲਿਆ ਕਿ ਉਹ ਕੋਈ ਵੀ ਗੱਲ ਸਰਵਣ ਨਾਲ ਨਹੀਂ ਕਰੇਗਾ ਤਾਂ ਜੋ ਉਨ੍ਹਾਂ ਕਰਕੇ ਸਰਵਣ ਅਤੇ ਰੋਜ਼ੀ ਵਿਚ ਤਕਰਾਰ ਨਾ ਹੋਵੇ। ਬਸ ਫੇਰ ਕੀ ਸੀ, ਹਕੀਕਤਾਂ ਦੀ ਸਾਰੀ ਪਟਾਰੀ ਦੋਹਾਂ ਨੇ ਬਲਹਾਰ ਸਿੰਘ ਅੱਗੇ ਖੋਲ੍ਹ ਦਿੱਤੀ। ਗੱਲਾਂ ਸੁਣਦਿਆਂ ਸਾਰ ਬਲਹਾਰ ਸਿੰਘ ਨੂੰ ਗੁੱਸਾ ਵੀ ਆਉਂਦਾ ਰਿਹਾ ਤੇ ਉਹ ਬੁਸਕ ਰਹੇ ਦੋਹਾਂ ਨੂੰ ਦਿਲਾਸਾ ਵੀ ਦਿੰਦਾ ਰਿਹਾ।
ਫਲਾਈਟ ਦਾ ਦਿਨ ਆ ਗਿਆ। ਸਰਵਣ ਨੇ ਭਰੇ ਮਨ ਨਾਲ ਮੰਮੀ-ਡੈਡੀ ਨੂੰ ਕਾਰ ਵਿਚ ਬਿਠਾ ਕੇ ਸਮਾਨ ਡਿੱਗੀ ਵਿਚ ਰੱਖ ਲਿਆ। ਉਸ ਨੇ ਰੋਜ਼ੀ ਨੂੰ ਵੀ ਏਅਰਪੋਰਟ ‘ਤੇ ਨਾਲ ਚੱਲਣ ਲਈ ਕਿਹਾ ਪਰ ਉਹ ਨਾ ਮੰਨੀ। ਤਿੰਨੇ ਏਅਰਪੋਰਟ ‘ਤੇ ਪੁੱਜ ਗਏ। ਬਲਹਾਰ ਸਿੰਘ ਅਤੇ ਹੋਰ ਰਿਸ਼ਤੇਦਾਰ ਵੀ ਵਿਦਾ ਕਰਨ ਆਏ ਹੋਏ ਸਨ। ਸਾਰੇ ਰਿਸ਼ਤੇਦਾਰ ਕੰਨੋ-ਕੰਨੀਂ ਪੁੱਛ ਰਹੇ ਸਨ, ਰੋਜ਼ੀ ਕਿਉਂ ਨਹੀਂ ਆਈ?…ਏਨੀ ਛੇਤੀ ਵਾਪਸ ਕਿਉਂ ਚੱਲੇ ਹਨ, ਆਦਿ ਆਦਿ। ਗੁਰਮੁਖ ਸਿੰਘ ਅਤੇ ਜਸਵੰਤ ਕੌਰ ਨੇ ਸਭ ਦੀਆਂ ਸ਼ੁਭ ਇਛਾਵਾਂ ਕਬੂਲੀਆਂ, ਵਾਰ ਵਾਰ ਸਰਵਣ ਨੂੰ ਚੁੰਮਿਆ ਅਤੇ ਗਲੇਡੂ ਭਰੀਆਂ ਅੱਖਾਂ ਨਾਲ ਅੰਦਰ ਚਲੇ ਗਏ।
ਬਲਹਾਰ ਸਿੰਘ ਅਤੇ ਸਰਵਣ ਸਿੱਧੇ ਰੋਜ਼ੀ ਕੋਲ ਆਏ। ਬਲਹਾਰ ਡਾਢਾ ਗੁੱਸੇ ਵਿਚ ਸੀ। ਉਹ ਬੈਠਾ ਨਹੀਂ ਤੇ ਰੋਜ਼ੀ ਨੂੰ ਕਹਿ ਦਿੱਤਾ, “ਅੱਜ ਤੂੰ ਆਪਣੇ ਮਾਂ-ਪਿਉ ਘਰੋਂ ਕੱਢੇ ਨੇ, ਇਸ ਲਈ ਮੇਰੇ ਘਰ ਦੇ ਦਰਵਾਜੇ ਵੀ ਅੱਜ ਤੋਂ ਤੇਰੇ ਲਈ ਬੰਦ। ਖਬਰਦਾਰ ਜੇ ਮੇਰੇ ਘਰ ਪੈਰ ਪਾਉਣ ਦੀ ਕੋਸ਼ਿਸ਼ ਵੀ ਕੀਤੀ। ਹੂੰ…।”
ਰੋਜ਼ੀ ਦੀਆਂ ਚੀਕਾਂ ਨਿਕਲ ਗਈਆਂ, “ਡੈਡੀ…ਡੈਡੀ…ਡੈਡੀ।” ਪਰ ਬਲਹਾਰ ਸਿੰਘ ਨੇ ਕੜੱਕ ਕਰਦਾ ਦਰਵਾਜਾ ਬੰਦ ਕੀਤਾ ਤੇ ਚਲਾ ਗਿਆ।