ਨਵਾਂ ਸਨਿਆਸ, ਦੁਨੀਆਂ ਕਿਸ ਦੀ ਉਡੀਕ ‘ਚ ਹੈ

ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਗਦਰ ਲਹਿਰ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦਾ ਅਹਿਮ ਪੰਨਾ ਹੈ। ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚ ਕਿਸ ਤਰ੍ਹਾਂ ਦੀ ਸਰਗਰਮੀ ਅੰਗਰੇਜ਼ ਹਕੂਮਤ ਖਿਲਾਫ ਹੋ ਰਹੀ ਸੀ,

ਉਸ ਦਾ ਜ਼ਿਕਰ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨੇ ਉਸ ਵਕਤ ਛਪਦੇ ਰਹੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਵਿਚ ਛਪੀਆਂ ਲਿਖਤਾਂ ਰਾਹੀਂ ਪੜ੍ਹਿਆ ਹੈ। ਗਦਰ ਲਹਿਰ ਦੇ ਸਰਕਰਦਾ ਆਗੂ ਲਾਲਾ ਹਰਦਿਆਲ ਦੀਆਂ ਰਚਨਾਵਾਂ ਦੀ ਲੜੀ ਤਹਿਤ ਇਸ ਵਾਰ ਅਸੀਂ ਉਸ ਵਕਤ ਉਠ ਰਹੀ ਨਵੀਂ ਸਿਆਸਤ ਬਾਰੇ ਉਨ੍ਹਾਂ ਦੀ ਲਿਖਤ ਛਾਪ ਰਹੇ ਹਾਂ। ਇਹ ਲੇਖ 2 ਅਗਸਤ 1916 ਦਾ ਲਿਖਿਆ ਹੋਇਆ ਹੈ। ਆਉਂਦੇ ਅੰਕਾਂ ਵਿਚ ਵੀ ਅਸੀਂ ਗਦਰ ਨਾਲ ਜੁੜੀਆਂ ਅਜਿਹੀਆਂ ਅਹਿਮ ਲਿਖਤਾਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰਦੇ ਰਹਾਂਗੇ। -ਸੰਪਾਦਕ

ਲਾਲਾ ਹਰਦਿਆਲ
ਇਹ ਸਮਾਂ ਬੇਚੈਨੀ ਅਤੇ ਤਬਦੀਲੀ ਦਾ ਹੈ, ਦੁਨੀਆਂ ਦੇ ਸਭ ਮੁਲਕਾਂ ਅਤੇ ਕੌਮਾਂ ਵਿਚ ਪੁਰਾਣਾ ਇੰਤਜ਼ਾਮ ਪਲਟ ਰਿਹਾ ਹੈ, ਪਰ ਨਵਾਂ ਹਾਲੇ ਪੈਦਾ ਨਹੀਂ ਹੋਇਆ ਹੈ। ਮਾਤਾ ਦੇ ਪੇਟ ਰੂਪੀ ਮਕਾਨ ਵਿਚ ਆਦਰਸ਼ ਰੂਪੀ ਬੱਚਾ ਪੈਦਾ ਹੋਣ ਵਾਲਾ ਹੈ। ਪਰ ਉਨਤੀ ਦੇ ਬੱਚੇ ਜੋ ਮਨੁਸ਼ ਜਾਤੀ ਦੇ ਵਾਸਤੇ ਸੁਧਾਰਕ ਬਣ ਕੇ ਆਵੇਗਾ, (ਨੇ) ਹਾਲੇ ਦੁਨੀਆਂ ਦੀ ਰੋਸ਼ਨੀ ਨਹੀਂ ਦੇਖੀ ਹੈ। ਅਸੀਂ ਸਾਰੇ ਕਿਸੀ ਬੜੀ ਇਖਲਾਕੀ ਸ਼ਕਤੀ ਦੀ ਉਡੀਕ ਵਿਚ ਬੈਠੇ ਹਾਂ ਕਿ ਜੋ ਸਭਿਅਤਾ ਨੂੰ ਨਾ ਉਮੀਦੀ ਅਤੇ ਸੋਗ ਦੇ ਖੌਫ ਵਿਚੋਂ ਕੱਢੇ ਜਿਸ ਵਿਚ ਉਹ ਫਸ ਕੇ ਤਬਾਹ ਹੁੰਦੀ ਨਜ਼ਰ ਆਉਂਦੀ ਹੈ ਤੇ ਸਭਿਅਤਾ ਆਪਣੇ ਖਤਰੇ ਤੋਂ ਅੱਛੀ ਤਰ੍ਹਾਂ ਖਬਰਦਾਰ ਹੈ, ਚਿੜੀਆਂ ਦੀ ਤਰ੍ਹਾਂ ਜੋ ਸੱਪ ਦੇ ਮੂੰਹ ਵਿਚ ਬੇਬਸ ਖਿੱਚ ਕੇ ਚਲੀ ਆਉਂਦੀ ਹੈ। ਦੁਨੀਆਂ ਦੀਆਂ ਸਭਿਅਕ ਕੌਮਾਂ ਨੂੰ ਅੱਛੀ ਤਰ੍ਹਾਂ ਪਤਾ ਹੈ ਕਿ ਖੁਦਗਰਜ਼ੀ, ਧਨ ਦਾ ਲਾਲਚ ਅਤੇ ਭੋਗ ਵਿਲਾਸ ਦੀ ਅਜੀਬ ਸ਼ਕਤੀ ਜੋ ਰੋਕੇ ਨਹੀਂ ਰੁਕੀ, ਉਨ੍ਹਾਂ ਨੂੰ ਮੌਤ ਤੇ ਬਰਬਾਦੀ ਦੀ ਤਰਫ ਹੱਕੀ ਲਈ ਜਾਂਦੀ ਹੈ। ਪਰ ਬੁਰਾਈ ਦਾ ਇੰਤਜ਼ਾਮ ਉਹ ਕੁਝ ਨਹੀਂ ਕਰ ਸਕਦੀਆਂ।
ਇਸ ਸਮੇਂ ਦੇ ਸਭ ਤੋਂ ਦਾਨੀ ਲੋਕ ਉਹ ਇਖਲਾਕੀ ਅਤੇ ਸਮਾਜਕ ਬੇਤਰਤੀਬੀ ਪਰ (ਉਪਰ) ਸਖਤ ਰੰਜ ਜਾਹਰ ਕਰਦੇ ਹਨ ਜੋ ਚੌਹੀਂ ਪਾਸੀਂ ਨਜ਼ਰ ਆਉਂਦੀ ਹੈ। ਉਨ੍ਹਾਂ ਦਾ ਮਖੌਲ ਉਡਾਉਂਦੇ ਹਨ, ਕਦੀ ਉਨ੍ਹਾਂ ਦੀ ਗੁਲਾਮੀ ‘ਤੇ ਗੁੱਸਾ ਜਾਹਰ ਕਰਦੇ ਹਨ। ਪਰ ਕੇਵਲ ਅੱਖਾਂ ਦਿਖਾਉਣ ਅਤੇ ਮੂੰਹ ਚਿੜਾਉਣ ਤੇ ਭੋਗ ਵਿਲਾਸ, ਮਜ਼ਹਬੀ ਤੇ ਕੌਮੀ ਖੁਸ਼ੀਆਂ, ਤਾਲੀਮ ਤੇ ਇੱਜਤ ਅਤੇ ਆਜ਼ਾਦੀ ਦਾ ਇਸ਼ਕ ਤੇ ਹੋਰਨਾਂ ਜ਼ਾਲਮ ਤਾਕਤਾਂ ਦੀ ਲਹਿਰ, ਜਿਸ ਨੇ ਸਾਨੂੰ ਤਬਾਹੀ ਵਿਚ ਸੁੱਟ ਦਿੱਤਾ ਹੈ, ਕਿਸ ਤਰ੍ਹਾਂ ਥਮ ਸਕਦੀਆਂ ਹਨ? ਆਖਰ ਅਸੀਂ ਕਿੱਧਰ ਜਾ ਰਹੇ ਹਾਂ! ਕੀ ਇਹ ਸਭਿਅਤਾ ਦਾ ਸੁੰਦਰ ਮੰਦਿਰ ਫੇਰ ਗਿਰ ਕੇ ਮਿੱਟੀ ਵਿਚ ਜਾ ਮਿਲ ਜਾਵੇਗਾ। ਕਿਆ ਤਵਾਰੀਖ ਮੌਤ ਦਾ ਸ਼ਬਦ ਫੇਰ ਸਮੇਂ ਦਾ ਜ਼ਾਲਮ ਹੱਥ ਆਜ਼ਾਦੀ, ਇਨਸਾਫ, ਸਾਇੰਸ, ਮਿੱਤਰਤਾ ਫਿਰ ਸਾਥੋਂ ਖੋ ਲਵੇਗਾ? ਕੀ ਉਹ ਸਮਾਜਕ ਸਭਾ ਜਿਨ੍ਹਾਂ ਨੂੰ ਮਨੁੱਖ ਜਾਤੀ ਨੇ ਬੜੇ ਦੁੱਖ ਉਠਾ ਕੇ ਹੌਲੀ ਹੌਲੀ ਬਣਾਇਆ ਹੈ, ਸੁੱਕੇ ਦਰੱਖਤ ਅਤੇ ਲਾਸ਼ ਵਾਂਗ ਸੜ ਕੇ ਮਿੱਟੀ ਵਿਚ ਮਿਲ ਜਾਵੇਗੀ? ਉਨਤੀ ਮਨੁੱਖ ਜਾਤੀ ਦੇ ਸਭ ਪ੍ਰੇਮੀ ਲੋਕ ਇਹੀ ਪੁਛਦੇ ਨਜ਼ਰ ਆਉਂਦੇ ਹਨ ਕਿ ਸਾਨੂੰ ਕੌਣ ਮੁਕਤੀ ਦਿਲਾਵੇਗਾ?
ਇਹ ਤਾਂ ਠੀਕ ਹੈ ਕਿ ਉਨਤੀ ਦੇ ਲੀਡਰ ਸਦਾ ਆਪਣੇ ਜ਼ਮਾਨੇ ਤੋਂ ਖੁਸ਼ ਨਹੀਂ ਹੁੰਦੇ ਪਰ ਇਸ ਜ਼ਮਾਨੇ ਦੀਆਂ ਕੌੜੀਆਂ ਜਿਹੀਆਂ ਖਰਾਬੀਆਂ ਨਹੀਂ ਹਨ। ਸਮਾਂ ਖਰਾਬ ਹੈ, ਸਾਨੂੰ ਚਾਹੀਦਾ ਹੈ ਕਿ ਉਨ੍ਹਾਂ ਦਾ ਸਾਹਮਣਾ ਕਰੀਏ। ਕਰਮ ਅਤੇ ਬਚਨ ਵਿਚ ਸਬੰਧ ਨਾ ਰੱਖਣਾ ਤਾਂ ਅੱਛਾ ਹੈ। ਪਰ ਉਸ ਤੋਂ ਵੀ ਜ਼ਿਆਦਾ ਵੱਡੀ ਗੱਲ ਇਹ ਹੈ ਕਿ ਬਚਨ ਨੂੰ ਨੀਚੇ ਗਿਰਾ ਦਿੱਤਾ ਜਾਵੇ। ਮਸ਼ਹੂਰ ਅਮਰੀਕਨ ਫਿਲਾਸਫਰ ਪ੍ਰੋਫੈਸਰ ਜੇਮਜ਼ ਲਿਖਦੇ ਹਨ, “ਇਸ ਬਾਤ ਦੀ ਲੋੜ ਹੈ ਕਿ ਐਸੇ ਲੋਗ (ਅਮਰੀਕਨ) ਗਰੀਬਾਂ ਦੀ ਸਹਾਇਤਾ ਲਈ ਆਉਣੇ ਫੇਰ ਸ਼ੁਰੂ ਕਰੀਏ।”
ਇਹ ਬਿਆਨ ਪ੍ਰੋਫੈਸਰ ਦਾ ਠੀਕ ਹੈ ਤਾਂ ਫਿਰ ਦਾਅਵਾ ਕੀਤਾ ਹੈ?
ਗਿਆਨ ਅਤੇ ਸਾਇੰਸ: ਅਸੀਂ ਸੋਚਦੇ ਹਾਂ ਕਿ ਕਾਲ ਅਤੇ ਬਿਮਾਰੀ ਜਹਾਨ ਤੇ ਜ਼ੁਲਮ ਬੇਇਨਸਾਫੀ ਅਤੇ ਗਰੀਬੀ ਦੇ ਹੋਰ ਭਿਆਨਕ ਕਾਲ ਨਾਲ ਜਗਤ ਦਾ ਛੁਟਕਾਰਾ ਹੋਵੇ ਤਾਂ ਸਾਨੂੰ ਚਾਹੀਦਾ ਹੈ ਕਿ ਆਪ ਕਬੂਲ ਕੀਤੀ ਹੋਈ ਗਰੀਬੀ ਗੰਦੇ, ਫਟੇ ਕੱਪੜੇ ਅਤੇ ਮਸਤਾਨਾ ਜਿਸਮ ਦੀ ਲਾਪਰਵਾਹੀ ਦੀ ਨਵੇਂ ਸਿਰੇ ਤੋਂ ਪੂਜਾ ਕਰੀਏ। ਗੱਲ ਕੀ, ਤਿਆਗ ਨੂੰ ਇਸ ਜ਼ਮਾਨੇ ਦੀ ਸਾਇੰਸ ਅਤੇ ਰਾਜਨੀਤੀ ਦੇ ਸੇਵਾ ਵਾਸਤੇ ਵਰਤਣਾ ਚਾਹੀਦਾ ਹੈ। ਇਹ ਕੰਮ ਉਨ੍ਹਾਂ ਨਵੇਂ ਜ਼ਮਾਨੇ ਦੇ ਸਨਿਆਸੀਆਂ ਦਾ ਹੈ, ਜਿਨ੍ਹਾਂ ਨੂੰ ਮੇਰੇ ਖਿਆਲ ਦੀ ਨਜ਼ਰ ਹੁਣੇ ਤੋਂ ਹੀ ਦੇਖਦੀ ਹੈ ਕਿ ਇਹ ਲੋਕ ਆਪਣੀ ਇਖਲਾਕੀ ਸ਼ਕਤੀ ਅਤੇ ਵਿਦਿਆ ਦੇ ਜ਼ੋਰ ਨਾਲ ਸਾਡੀ ਸਭਿਅਤਾ ਨੂੰ ਸ਼ਾਨਦਾਰ ਸੁੰਦਰ ਅਤੇ ਸੋਹਣੀ ਬਣਾਉਣ।
ਪੁਰਾਣਾ ਤਿਆਗ: ਪੁਰਾਣੇ ਜ਼ਮਾਨੇ ਦਾ ਤਿਆਗ ਅੰਦਰ ਤੇ ਪੋਲਾ ਸੀ। ਜਾਂ ਜੇ ਜਗਤ ਦੇ ਫਾਇਦੇ ਦੇ ਵਾਸਤੇ ਕੁਝ ਗੱਲਾਂ ਵਿਚ ਸ਼ਾਮਿਲ ਸੀ ਤਾਂ ਉਹ ਬਹੁਤ ਥੋੜ੍ਹੀਆਂ ਹਨ। ਪਰ ਪੁਰਾਣੇ ਸਮੇਂ ਦੀ ਜ਼ਹਾਲਤ ਮਜ਼ਹਬੀ ਹਨ, ਆਦਿ ਤਾਂ ਹੁਣ ਮਰ ਚੁਕੇ ਅਤੇ ਮਰ ਕੇ ਦਫਨ ਵੀ ਹੋ ਚੁਕੇ (ਯੂਰਪ ਅਤੇ ਅਮਰੀਕਾ ਵਿਚ)। ਇਸ ਵਾਸਤੇ ਹੁਣ ਡਰ ਨਹੀਂ ਹੈ ਕਿ ਤਿਆਗ ਦਾ ਜੋਸ਼ ਪੁਰਾਣੀ ਜ਼ਹਾਲਤ ਅਤੇ ਮਜ਼ਹਬੀ ਪਖਸ਼ਪਾਤ ਨਾਲ ਮਿਲ ਜਾਵੇ। ਉਨ੍ਹਾਂ ਤੋਂ ਤਾਂ ਹੁਣ ਉਹ ਬਰੀ ਹੋਵੇਗਾ। ਇਸ ਵਾਸਤੇ ਹੁਣ ਸਾਨੂੰ ਫਿਰ ਉਹ ਤਿਆਗ ਦਾ ਜੋਸ਼ ਅਤੇ ਜ਼ਿੰਦਾ ਸ਼ਹੀਦੀ, ਜੋ ਪੁਰਾਣੇ ਜ਼ਮਾਨੇ ਵਿਚ ਮਜ਼ਹਬਾਂ ਦੇ ਨਾਲ ਮਿਲੀ ਹੋਈ ਸੀ, ਹੁਣ ਰਾਜਨੀਤੀ ਅਤੇ ਸਾਇੰਸ ਦੇ ਨਾਲ, ਅਰਥਾਤ ਇਖਲਾਕੀ ਵਿਦਿਆ ਦੇ ਨਾਲ ਮਿਲਾ ਦੇਣੀ ਚਾਹੀਦੀ ਹੈ। ਮੇਰੇ ਖਿਆਲ ਦੀ ਅੱਖ ਹੁਣ ਤੋਂ ਦੇਖਦੀ ਹੈ ਕਿ ਸਾਰੇ ਮੁਲਕ ਵਿਚ ਆਸ਼ਰਮ ਕਾਇਮ ਹੋਣ ਕਿ ਜਿਥੇ ਮਰਦ ਤੇ ਔਰਤਾਂ ਇਕੱਠੇ ਰਹਿ ਕੇ ਸਾਇੰਸ (ਨਵੀਂ ਵਿਦਿਆ) ਦੀ ਭਾਲ ਅਤੇ ਰਾਜਨੀਤੀ ਤੇ ਸਮਾਜਕ ਸ਼ਾਸਤਰ ਪੜ੍ਹਿਆ ਕਰਨ ਅਤੇ ਆਜ਼ਾਦੀ ਬਰਾਬਰੀ ਸਰੀਰ ਦੀ ਅਰੋਗਤਾ ਦੀ ਰਖਵਾਲੀ ਕੌਮਾਂ ਦੀ ਆਪਸ ਵਿਚ ਬਰਾਦਰੀ ਸਾਇੰਸ ਵਿਦਿਆ ਨਿਰਪੇਖਸ਼ਾਂ ਜ਼ੁਲਮ ਤੇ ਦੁਖੀ ਕੌਮਾਂ ਦੇ ਹੱਕਾਂ ਦੇ ਮੰਗਣੇ ਦਾ ਕੰਮ ਅਤੇ ਪ੍ਰਚਾਰ ਕਰਨ ਦੇ ਵਾਸਤੇ ਸਨਿਆਸੀ ਅਤੇ ਸੁਧਾਰਕ ਦੀ ਤਰ੍ਹਾਂ ਤਿਆਰ ਹੋਣ।
ਪੁਰਾਣੇ ਜ਼ਮਾਨੇ ਦੇ ਸਨਿਆਸੀ ਅਤੇ ਗਿਆਨੀ ਏਸ਼ੀਆ ਅਤੇ ਯੂਰਪ ਵਿਚ ਸਾਇੰਸ ਅਤੇ ਰਾਜਨੀਤੀ ਵਿਚ ਬੇ-ਤਾਲੁਕ ਰਹਿੰਦੇ ਹਨ। ਇਸ ਵਾਸਤੇ ਉਨ੍ਹਾਂ ਨੂੰ ਦੁਨੀਆਂ ਦੀ ਅਸਲੀ ਹਾਲਤ ਦਾ ਪਤਾ ਨਹੀਂ ਸੀ। ਉਹ ਖਿਆਲ ਕਰਦੇ ਸਨ ਕਿ ਕੇਵਲ ਪ੍ਰੇਮ ਅਤੇ ਪ੍ਰਾਰਥਨਾ ਨਾਲ ਸੰਸਾਰ ਦਾ ਦੁੱਖ ਦੂਰ ਹੋ ਜਾਵੇਗਾ। ਪਰ ਅਸੀਂ ਨਵੇਂ ਜ਼ਮਾਨੇ ਦੇ ਲੋਕ ਜਿਨ੍ਹਾਂ ਨੂੰ ਪ੍ਰਾਰਥਨਾ ਦੀ ਸ਼ਕਤੀ ਵਿਚ ਯਕੀਨ ਨਹੀਂ ਰਿਹਾ ਅਤੇ ਪੁਰਾਣੇ ਆਤਮਕ ਸੁਫਨਿਆਂ ਵਿਚ ਮਸਤ ਨਹੀਂ ਰਹਿਣਾ ਚਾਹੁੰਦੇ, ਉਨ੍ਹਾਂ ਦੀ ਜਗ੍ਹਾ ਇਕ ਦਲੀਲਾਂ ਨਾਲ ਭਰਿਆ ਅਤੇ ਇਸ ਜ਼ਮਾਨੇ ਦੀ ਵਿਦਿਆ ਦੇ ਅਨੁਸਾਰ ਪੱਕਾ ਆਦਰਸ਼ ਕਾਇਮ ਕਰਦੇ ਹਨ ਕਿ ਜੋ ਮਨੁੱਖ ਜਾਤੀ ਅਰਥਾਤ ਦੁਨੀਆਂਦਾਰੀਆਂ ਦੀਆਂ ਲੋੜਾਂ ‘ਤੇ ਕਾਇਮ ਹੋਵੇ ਤੇ ਅਮਲੀ ਹੋਵੇ ਅਤੇ ਜਿਸ ਦੇ ਪੂਰਾ ਕਰਨ ਦੀ ਕੋਸ਼ਿਸ਼ ਨਾਲ ਇਹੀ ਦੁਨੀਆਂ ਸਵਰਗ ਬਣ ਜਾਵੇ।
ਅੱਜ ਇਹ ਸਾਡੀ ਦੁਨੀਆਂ ਕੀ ਹੈ? ਬੁਚੜਖਾਨਾ ਹੈ, ਹਸਪਤਾਲ ਹੈ, ਉਹ ਬਾਜ਼ਾਰ ਹੈ, ਜਿਸ ਵਿਚ ਗੁਲਾਮ ਵਿਕਦੇ ਹਨ। ਜਾਹਰਾ ਤਮਾਸ਼ਾ ਹੈ। ਅਫਸੋਸ! ਇਸ ਸਾਰੀਆਂ ਭਿਆਨਕ ਬਾਤਾਂ ਅਤੇ ਉਨ੍ਹਾਂ ਤੋਂ ਜ਼ਿਆਦਾ ਬੁਰੀ ਦੁਨੀਆਂ ਦੀ ਇਸ ਸਮੇਂ ਦੀ ਹਾਲਤ ਤੇ ਜਾਹਰ ਹੁੰਦੀਆਂ ਹਨ। ਇਸ ਅੰਧੇਰ ਨੂੰ ਦੂਰ ਕਰਨਾ ਨਵੇਂ ਸਨਿਆਸੀਆਂ ਦਾ ਕੰਮ ਹੈ। ਇਹ ਨਵੇਂ ਸਨਿਆਸੀ ਮਰਦ ਅਤੇ ਔਰਤਾਂ ਪੁਰਾਣੇ ਜ਼ਮਾਨੇ ਦੇ ਸੰਤਾਂ ਸਨਿਆਸੀਆਂ ਦੀਆਂ ਬੇਵਕੂਫੀਆਂ ਪੱਖਪਾਤ ਅਤੇ ਜੁਗਤ ਦੇ ਵਿਰੁਧ ਅਮਲਾਂ ਦੇ ਦੂਰ ਰਹਿ ਕੇ ਨਵੀਂ ਇਖਲਾਕ ਦੀ ਵਿਦਿਆ ਕਾਇਮ ਕਰਨਗੇ ਕਿ ਜਿਸ ਵਿਚ ਫਰਾਂਸਿਸ ਦਾ ਸੇਵਾ ਭਾਵ ਤੇ ਜਾਤੀ ਕੁਰਬਾਨੀ ਅਤੇ ਰੂਸੋ ਵਲੰਟੀਅਰ (ਜਿਨ੍ਹਾਂ ਨੇ ਫਰਾਂਸ ਦਾ ਗਦਰ ਚਲਾਇਆ ਸੀ), ਜੋਜ਼ਫ ਮੇਜ਼ਨੀ (ਜਿਸ ਨੇ ਇਟਲੀ ਆਜ਼ਾਦ ਕਰਾਈ ਸੀ) ਅਤੇ ਅਰਨਸਟ ਹੈਕਲ (ਜਰਮਨੀ ਦਾ ਸਭ ਤੋਂ ਵੱਡਾ ਜੜ੍ਹ-ਉਖੇੜੀ ਹੈ) ਦੀ ਸਿੱਖਿਆ ਮਿਲੀ ਹੋਵੇ, ਨਵੇਂ ਜ਼ਮਾਨੇ ਦਾ ਦੇਵਤਾ ਕੋਈ ਇਕ ਆਦਮੀ ਨਹੀਂ ਹੋਵੇਗਾ। ਹਾਂ, ਇਕ ਉਚਾ ਆਦਰਸ਼ ਹੋਵੇਗਾ ਜਿਸ ਨੂੰ ਪੂਰਾ ਕਰਨ ਦੀ ਜੁਦਾ ਜੁਦਾ ਪਾਸਿਆਂ ਤੋਂ ਕੋਸ਼ਿਸ਼ ਹੋਵੇਗੀ।
ਭਾਈਓ ਅਤੇ ਭੈਣੋ, ਆਓ ਅਸੀਂ ਨਵੇਂ ਜ਼ਮਾਨੇ ਦੀ ਸਾਇੰਸ ਅਤੇ ਰਾਜਨੀਤੀ ਵਿਚ ਤਿਆਗ ਤੇ ਜੋਸ਼ ਦੀ ਰੂਹ ਭਰ ਦੇਈਏ ਜਿਸ ਨਾਲ ਦੁਨੀਆਂ ਦਾ ਅੰਧੇਰਾ, ਗੁਲਾਮੀ, ਗਰੀਬੀ, ਬੇਇਨਸਾਫੀ ਦੂਰ ਹੋਵੇ।