ਪੰਜਾਬ ਦੀ ਵੰਗਾਰ!

ਲੜਿਆ ਪੋਰਸ ਸੀ ਵਿਚ ਮੈਦਾਨ ਆ ਕੇ, ਜੇਤੂ ਦੁਨੀਆਂ ਦੇ ਤਾਈਂ ਲਲਕਾਰਿਆ ਸੀ।
‘ਤੈਂ ਕੀ ਦਰਦ ਨਾ ਆਇਆ’ ਫੁਰਮਾਇ ਕੇ ਜੀ, ਬਾਬੇ ਬਾਬਰ ਤਾਈਂ ਫਿਟਕਾਰਿਆ ਸੀ।
ਤਾਣ ਛਾਤੀਆਂ ਭਿੜਿਆ ਸੀ ਖਾਲਸਾ ਜੀ, ਨਾਦਰ ਸ਼ਾਹਾਂ ਨੂੰ ਏਥੋਂ ਨਕਾਰਿਆ ਸੀ।
ਮੁਦਕੀ ਅਤੇ ਸਭਰਾਵਾਂ ਪਏ ਦੱਸਦੇ ਨੇ, ਸ਼ਾਮ ਸਿੰਘ ਜਿਹਾ ਸ਼ੇਰ ਭਬਕਾਰਿਆ ਸੀ।
ਅਮਲਾਂ ਵਾਸਤੇ ਸ਼ਬਦ ਹੁਣ ਲੱਭਦੇ ਨਾ, ਅਣਖਾਂ ਭਰੀ ਵਿਰਾਸਤ ਦੇ ਮੈਨ੍ਹਿਆਂ ‘ਚੋਂ।
ਅੱਕ-ਥੱਕ ਪੰਜਾਬ ਇਉਂ ਸੋਚਦਾ ਏ, ਕਦੋਂ ਉਠੂ ਕੋਈ ਸੂਰਮਾ ਐਨਿਆਂ ‘ਚੋਂ!