ਬਠਿੰਡਾ: ਆਮ ਆਦਮੀ ਪਾਰਟੀ (ਆਪ) ਹੁਣ ਨਵੇਂ ਸਿਰਿਉਂ ਪੰਜਾਬ ਵਿਚ ਆਪਣਾ ਸਿਆਸੀ ਕੱਦ ਨਾਪੇਗੀ। Ḕਆਪ’ ਨੇ ਨਵੀਂ ਰਣਨੀਤੀ ਘੜੀ ਹੈ ਕਿ ਖਹਿਰਾ ਧੜੇ ਦੀ ਬਠਿੰਡਾ ਕਨਵੈੱਨਸ਼ਨ ਦਾ ਨਾ ਸਿਰਫ ਵੱਡਾ ਇਕੱਠ ਕਰਕੇ ਜਵਾਬ ਦਿੱਤਾ ਜਾਵੇ, ਸਗੋਂ ਪੰਜਾਬ ਦੇ ਮੈਦਾਨ ਵਿਚ ਸਤੰਬਰ ਮਹੀਨੇ ਵੱਡੇ ਇਕੱਠ ਕੀਤੇ ਜਾਣ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਇਸ ਦੀ ਕਮਾਨ ਸੌਂਪੀ ਗਈ ਹੈ, ਜਿਸ ਤਹਿਤ Ḕਆਪ’ ਪੰਜਾਬ ਵਿਚ 2 ਸਤੰਬਰ ਤੋਂ ਵੱਡੀਆਂ ਰੈਲੀਆਂ ਦੀ ਸ਼ੁਰੂਆਤ ਕਰੇਗੀ।
ਹਲਕਾ ਮੌੜ ਵਿਚ ਪਹਿਲੀ ਰੈਲੀ ਹੋਵੇਗੀ। ਸਤੰਬਰ ਮਹੀਨੇ ‘ਚ ਕਿਸਾਨਾਂ ਦੇ ਰੁਝੇਵੇਂ ਵੀ ਘੱਟ ਹਨ, ਜਿਸ ਕਰਕੇ Ḕਆਪ’ ਨੇ ਇਸ ਮੌਕੇ ਨੂੰ ਚੁਣਿਆ ਹੈ। ਸਿਆਸੀ ਪਾਟੋਧਾੜ ਮਗਰੋਂ ਬਣੇ ਭੰਬਲਭੂਸੇ ਦੇ ਬੱਦਲਾਂ ਤੋਂ Ḕਆਪ’ ਆਗੂ ਫਿਕਰਮੰਦ ਹਨ। ਭਗਵੰਤ ਮਾਨ ਬਾਗੀ ਵਿਧਾਇਕਾਂ ਦੇ ਹਲਕਿਆਂ ਵਿਚ ਵੱਡੀਆਂ ਰੈਲੀਆਂ ਕਰਨਗੇ, ਜਿਸ ਸਬੰਧੀ Ḕਆਪ’ ਵਿਧਾਇਕਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਬਾਗੀ ਧੜੇ ਦੇ ਟਾਕਰੇ ਵਿਚ ਭਗਵੰਤ ਮਾਨ ਨੂੰ ਉਤਾਰਿਆ ਗਿਆ ਹੈ। ਵੱਡੀਆਂ ਰੈਲੀਆਂ ਦਾ ਮੁੱਖ ਮਕਸਦ ਹੋਵੇਗਾ ਕਿ ਅਸਲੀ Ḕਆਪ’ ਕਿਹੜੀ ਹੈ ਤੇ ਨਕਲੀ ਕਿਹੜੀ। ਹਰ ਰੈਲੀ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੀ ਜਾਣਗੇ ਅਤੇ ਹਰ ਸਿਆਸੀ ਸਟੇਜ ਤੋਂ ਵੱਧ ਤੋਂ ਵੱਧ Ḕਆਪ’ ਵਿਧਾਇਕ ਪੁੱਜਣਗੇ।
ਅਹਿਮ ਸੂਤਰਾਂ ਨੇ ਦੱਸਿਆ ਕਿ ਅਕਤੂਬਰ ਮਹੀਨੇ ਦੇ ਅਖੀਰ ਜਾਂ ਫਿਰ ਨਵੰਬਰ ਦੇ ਪਹਿਲੇ ਹਫਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਸੱਦਿਆ ਜਾਣਾ ਹੈ। ਉਸ ਤੋਂ ਪਹਿਲਾਂ Ḕਆਪ’ ਰੈਲੀਆਂ ਨਾਲ ਮਾਹੌਲ ਸਿਰਜੇਗੀ। ਬਾਗੀ ਧੜੇ ਵੱਲੋਂ ਕੀਤੀ ਬਠਿੰਡਾ ਕਨਵੈਨਸ਼ਨ ਦਾ ਇਕੱਠ ਅੱਖੋਂ ਉਹਲੇ ਕਰਨ ਵਾਲਾ ਨਹੀਂ ਹੈ ਅਤੇ ਖਹਿਰਾ ਧੜੇ ਦੇ Ḕਪੰਜਾਬੀ ਪੱਤੇ’ ਨੇ ਵੀ ਰੰਗ ਦਿਖਾਇਆ ਹੈ। ਖਹਿਰਾ ਧੜਾ ਹਰ ਹਫਤੇ ਪ੍ਰੋਗਰਾਮ ਕਰਨ ਵਿਚ ਜੁੱਟ ਗਿਆ ਹੈ। Ḕਆਪ’ ਦੇ ਵਿਧਾਇਕ ਹੁਣ ਪਿੰਡਾਂ ਵਿਚ ਨਿਕਲਣੇ ਸ਼ੁਰੂ ਹੋ ਗਏ ਹਨ। ਵੇਰਵਿਆਂ ਅਨੁਸਾਰ Ḕਆਪ’ ਵੱਲੋਂ ਹਲਕਾ ਜੈਤੋ ਦੇ ਪਿੰਡ ਢਿੱਲਵਾਂ ਵਿਚ 5 ਸਤੰਬਰ ਨੂੰ, ਖਰੜ ਹਲਕੇ ਦੇ ਕੁਰਾਲੀ ਵਿਚ 8 ਨੂੰ, ਦਿੜ੍ਹਬਾ ਵਿਚ 9 ਨੂੰ, ਜਗਰਾਉਂ ਹਲਕੇ ਵਿਚ 12 ਨੂੰ, ਭੁੱਚੋ ਹਲਕੇ ਵਿਚ 15 ਨੂੰ, ਫਿਰੋਜ਼ਪੁਰ ਹਲਕੇ ਵਿਚ 19 ਨੂੰ, ਹੁਸ਼ਿਆਰਪੁਰ ਹਲਕੇ ਵਿਚ 23 ਅਤੇ ਭਦੌੜ ਹਲਕੇ ਵਿਚ 29 ਸਤੰਬਰ ਨੂੰ ਵੱਡੀ ਰੈਲੀ ਕਰਨ ਦਾ ਪ੍ਰੋਗਰਾਮ ਹੈ। Ḕਆਪ’ ਵੱਲੋਂ ਸਤੰਬਰ ਦਾ ਆਖਰੀ ਵੱਡਾ ਇਕੱਠ ਖਡੂਰ ਸਾਹਿਬ ਵਿਚ 30 ਸਤੰਬਰ ਨੂੰ ਕਰਨ ਦਾ ਪ੍ਰੋਗਰਾਮ ਹੈ।
Ḕਆਪ’ ਦੇ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਮੌੜ ਹਲਕੇ ਵਿਚ 2 ਸਤੰਬਰ ਨੂੰ ਵੱਡੀ ਰੈਲੀ ਹੋਵੇਗੀ ਅਤੇ ਇਕ ਦੋ ਦਿਨਾਂ ਵਿਚ ਸਥਾਨ ਤੇ ਸਮਾਂ ਫਾਈਨਲ ਹੋ ਜਾਵੇਗਾ। ਇਸ ਸਬੰਧੀ ਜਲਦੀ ਮੀਟਿੰਗ ਵੀ ਕੀਤੀ ਜਾਵੇਗੀ। ਪਤਾ ਲੱਗਾ ਹੈ ਕਿ ਦਿੱਲੀ ਦੀ Ḕਆਪ’ ਸਰਕਾਰ ਵੱਲੋਂ ਰਾਜਧਾਨੀ ਵਿਚ ਕੀਤੇ ਸਿਹਤ ਤੇ ਸਿੱਖਿਆ ਦੇ ਖੇਤਰ ਵਾਲੇ ਕੰਮਾਂ ਦੀ ਤਸਵੀਰ ਇਨ੍ਹਾਂ ਰੈਲੀਆਂ ਵਿਚ ਦਿਖਾਈ ਜਾਵੇਗੀ ਅਤੇ ਨਾਲ ਹੀ ਪੰਜਾਬ ਵਿਚ ਸਿਹਤ ਤੇ ਸਿੱਖਿਆ ਸਹੂਲਤਾਂ ਤੋਂ ਵੀ ਜਾਣੂ ਕਰਾਇਆ ਜਾਵੇਗਾ। ਵਾਲੰਟੀਅਰਾਂ ਦਾ ਹੌਸਲਾ ਵਧਾਉਣਾ ਵੀ ਇਨ੍ਹਾਂ ਰੈਲੀਆਂ ਦਾ ਏਜੰਡਾ ਹੋਵੇਗਾ। Ḕਆਪ’ ਲਈ ਇਹ ਰੈਲੀਆਂ ਸਿਆਸੀ ਪ੍ਰੀਖਿਆ ਵਾਂਗ ਹਨ ਕਿਉਂਕਿ ਇਨ੍ਹਾਂ ਰੈਲੀਆਂ ਦੇ ਇਕੱਠ ਨੇ ਹੀ Ḕਆਪ’ ਅਤੇ ਖਹਿਰਾ ਧੜੇ ਦੇ ਭਵਿੱਖ ਨੂੰ ਤੈਅ ਕਰਨਾ ਹੈ। ਨੇੜ ਭਵਿੱਖ ਵਿਚ Ḕਆਪ’ ਵਿਚ ਕੋਈ ਏਕਤਾ ਬਣਦੀ ਨਜ਼ਰ ਨਹੀਂ ਆ ਰਹੀ ਹੈ।
ਖਹਿਰਾ ਧੜੇ ਨੇ ਬਠਿੰਡਾ ਕਨਵੈੱਨਸ਼ਨ ਦੇ ਮਤਿਆਂ ਤੋਂ ਹੇਠਾਂ ਕੋਈ ਵੀ ਗੱਲ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਇਧਰ Ḕਆਪ’ ਵੀ ਇਨ੍ਹਾਂ ਸ਼ਰਤਾਂ ਉਤੇ ਸੁਰ ਮਿਲਾਉਣ ਨੂੰ ਤਿਆਰ ਨਹੀਂ ਹੈ। ਇਸੇ ਦੌਰਾਨ Ḕਆਪ’ ਦੇ ਪਰਵਾਸੀ ਵਿੰਗ ਕੈਨੇਡਾ ਦੀ ਕਨਵੀਨਰ ਜਸਕੀਰਤ ਮਾਨ ਬੁਲਾਰੇ ਹਰਪ੍ਰੀਤ ਖੋਸਾ ਅਤੇ ਕੰਵਲਜੀਤ ਸਿੱਧੂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਤੰਬਰ ਰੈਲੀਆਂ ‘ਚ ਪੁੱਜ ਕੇ ਫੁੱਟ ਪਾਊ ਤਾਕਤਾਂ ਨੂੰ ਮਾਤ ਦੇਣ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇਹ ਰੈਲੀਆਂ ਪੰਜਾਬੀਆਂ ਦੀ ਤਾਕਤ ਦਾ ਪ੍ਰਤੀਕ ਹੋਣਗੀਆਂ।
_____________________
ਭਗਵੰਤ ਮਾਨ ਕਰਨਗੇ ਵਾਲੰਟੀਅਰਾਂ ਦੇ ਹੌਸਲੇ ਬੁਲੰਦ
ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਸਤੰਬਰ ਮਹੀਨੇ 10 ਵੱਡੀਆਂ ਰੈਲੀਆਂ ਕਰਨਗੇ, ਜਿਨ੍ਹਾਂ ਵਿਚ ਵੱਡੇ ਇਕੱਠ ਕੀਤੇ ਜਾਣੇ ਹਨ ਤਾਂ ਜੋ ਵਾਲੰਟੀਅਰਾਂ ਦੇ ਹੌਸਲੇ ਬੁਲੰਦ ਕੀਤੇ ਜਾ ਸਕਣ। ਕੈਪਟਨ ਸਰਕਾਰ ਦੀਆਂ ਨਕਾਮੀਆਂ ਤੋਂ ਰੈਲੀਆਂ ‘ਚ ਲੋਕਾਂ ਨੂੰ ਜਾਣੂ ਕਰਾਇਆ ਜਾਵੇਗਾ ਅਤੇ ਕੇਜਰੀਵਾਲ ਸਰਕਾਰ ਦੇ ਦਿੱਲੀ ਦੇ ਕੰਮਾਂ ਦੀ ਤਸਵੀਰ ਵਿਖਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਤਾਂ ਸਤੰਬਰ ਰੈਲੀਆਂ ਵਿਚ ਸ਼ਾਮਲ ਹੋਣ ਲਈ ਸੁਖਪਾਲ ਖਹਿਰਾ ਤੇ ਸਾਥੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਸਾਰੇ ਰਸਤੇ ਖੁੱਲ੍ਹੇ ਰੱਖੇ ਹਨ।
______________________
ਖਹਿਰਾ ਨੂੰ ਪਾਰਟੀ ‘ਚੋਂ ਕੱਢਣ ਦਾ ਫੈਸਲਾ ਛੇਤੀ: ਭਗਵੰਤ ਮਾਨ
ਜਲੰਧਰ: ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਕਿਹਾ ਹੈ ਕਿ ਪਾਰਟੀ ਵਿਰੋਧੀ ਕਾਰਵਾਈਆਂ ਕਰਨ ‘ਤੇ ਖਹਿਰਾ ਧੜੇ ਨੂੰ ਪਾਰਟੀ ਵਿਚੋਂ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ‘ਚ ਮੀਟਿੰਗ ਕਰ ਕੇ ਇਸ ਬਾਰੇ ਫੈਸਲਾ ਕੀਤਾ ਜਾਵੇਗਾ। ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਧੜੇ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ‘ਤੇ ਆਮ ਆਦਮੀ ਪਾਰਟੀ ਵੱਲੋਂ ਅਜੇ ਤੱਕ ਕੋਈ ਵੀ ਅਨੁਸ਼ਾਸਨੀ ਕਾਰਵਾਈ ਨਾ ਕਰਨ ਬਾਰੇ ਪੁੱਛੇ ਗਏ ਸਵਾਲਾਂ ‘ਚ ਘਿਰੇ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨਾਲ ਗੱਲਬਾਤ ਕਰਨ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਅਮਨ ਅਰੋੜਾ ਤੇ ਸਰਬਜੀਤ ਕੌਰ ਸਮੇਤ ਹੋਰ ਵਿਧਾਇਕਾਂ ਨੇ ਵੀ ਸ੍ਰੀ ਖਹਿਰਾ ਨਾਲ ਗੱਲਬਾਤ ਕਰਨ ਦਾ ਸਮਾਂ ਮੰਗਿਆ ਸੀ ਪਰ ਉਹ ਸਮਾਂ ਦੇ ਕੇ ਵੀ ਨਹੀਂ ਆਏ। ਉਹ ਗੱਲਬਾਤ ਕਰਨ ਦੀ ਥਾਂ ਵਿਧਾਨ ਸਭਾ ਦੇ ਬਾਹਰ ਧਰਨੇ ‘ਤੇ ਬੈਠ ਗਏ।