ਚੰਡੀਗੜ੍ਹ: ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤਕਰੀਬਨ ਡੇਢ ਹਫਤਾ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਗਈ ਸੀ ਤੇ ਇਸ ਨੂੰ ਕਾਫੀ ਭਰੋਸੇਯੋਗ ਮੰਨਿਆ ਜਾ ਰਿਹਾ ਸੀ, ਪਰ ਇਹ ਰਿਪੋਰਟ ਅਗਲੇ ਹੀ ਦਿਨ ਲੀਕ ਹੋ ਗਈ। ਜਸਟਿਸ ਰਣਜੀਤ ਸਿੰਘ ਦਾ ਦਾਅਵਾ ਸੀ ਕਿ ਰਿਪੋਰਟ ਬਾਰੇ ਸਿਰਫ ਉਨ੍ਹਾਂ ਕੈਪਟਨ ਨਾਲ ਹੀ ਜਾਣਕਾਰੀ ਸਾਂਝੀ ਕੀਤੀ ਸੀ।
ਰਿਪੋਰਟ ਲੀਕ ਹੋਣ ਪਿੱਛੋਂ ਜਦੋਂ ਬੇਅਦਬੀ ਕਾਂਡ ਵਿਚ ਬਾਦਲਾਂ ਦੀ ਭੂਮਿਕਾ ਸਾਹਮਣੇ ਆਈ ਤਾਂ ਮੁੱਖ ਗਵਾਹ ਹਿੰਮਤ ਸਿੰਘ ਮੁੱਕਰ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਪੋਰਟ ਜਾਣਬੁਝ ਕੇ ਲੀਕ ਕੀਤੀ ਗਈ ਸੀ ਜਿਸ ਨਾਲ ਗਵਾਹਾਂ ਨੂੰ ਲਾਲਚ ਤੇ ਧਮਕਾਉਣ ਦਾ ਮੌਕਾ ਮਿਲ ਗਿਆ। ਇੰਨਾ ਹੀ ਨਹੀਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਵਿਚ ਪੇਸ਼ ਕਰਨ ਤੋਂ ਪਹਿਲਾਂ ਹੀ ਇਸ ਰਿਪੋਰਟ ਦੀ ਸੇਲ ਲਾ ਦਿੱਤੀ ਤੇ ਦਾਅਵਾ ਕੀਤਾ ਕਿ ਉਹ ਰਿਪੋਰਟ ਦੀਆਂ ਕਾਪੀਆਂ ਕਬਾੜੀਏ ਕੋਲੋਂ ਲੈ ਕੇ ਆਏ ਹਨ। ਉਨ੍ਹਾਂ ਨੇ 20-20 ਰੁਪਏ ਵਿਚ ਇਹ ਕਾਪੀਆਂ ਵੇਚੀਆਂ। ਵਿਧਾਨ ਸਭਾ ਦੇ ਬਾਹਰ ਸਟਾਲ ਲਗਾਏ ਗਏ। ਮਜੀਠੀਆ ਨੇ ਇਹ ਕਾਪੀਆਂ ਵੇਚ ਕੇ 1000 ਰੁਪਏ ਕਮਾਉਣ ਦਾ ਦਾਅਵਾ ਵੀ ਕੀਤਾ। ਹੱਦ ਤਾਂ ਸ਼੍ਰੋਮਣੀ ਕਮੇਟੀ ਨੇ ਕਰ ਦਿੱਤੀ ਜਿਸ ਨੇ ਮੀਟਿੰਗ ਬੁਲਾ ਕੇ ਵਿਧਾਨ ਸਭਾ ਵਿਚ ਪੇਸ਼ ਕਰਨ ਤੋਂ ਪਹਿਲਾਂ ਹੀ ਰਿਪੋਰਟ ਰੱਦ ਕਰ ਦਿੱਤੀ। ਚਰਚਾ ਹੈ ਕਿ ਇਹ ਮੀਟਿੰਗ ਬਾਦਲਾਂ ਦੇ ਕਹਿ ਉਤੇ ਹੀ ਬੁਲਾਈ ਗਈ ਸੀ। ਹਾਲਾਂਕਿ ਇਸ ਪਿੱਛੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਮਜ਼ਾਕ ਉਡਿਆ ਅਤੇ ਉਨ੍ਹਾਂ ਖਿਲਾਫ ਵਿਧਾਨ ਸਭਾ ਵਿਚ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਮਤਾ ਪਾਸ ਕੀਤਾ ਗਿਆ।