ਚੰਡੀਗੜ੍ਹ: ਬੇਅਦਬੀ ਮਾਮਲੇ ਵਿਚ ਬਣੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਾਰੀਆਂ ਸਿਆਸੀ ਪਾਰਟੀਆਂ, ਸਿੱਖ ਜਥੇਬੰਦੀਆਂ, ਪੰਥ ਹਿਤੈਸ਼ੀਆਂ ਸਮੇਤ ਆਮ ਲੋਕਾਂ ‘ਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਬੰਧੀ ਬਣਾਈ ਐਸ਼ਆਈ.ਟੀ. ਦੇ ਮੁਖੀ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਵੱਲੋਂ ਕੀਤੇ ਅਹਿਮ ਖੁਲਾਸਿਆਂ ਅਤੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਵੱਲੋਂ ਦਿੱਤੇ ਤਾਜ਼ਾ ਬਿਆਨ ਨੇ ਚਰਚਾ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ।
ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਨੇ ਇਕ ਨਿੱਜੀ ਟੀ.ਵੀ. ਚੈਨਲ ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ‘ਚ ਖੁਲਾਸਾ ਕਰਦਿਆਂ ਕਿਹਾ ਕਿ ਬੇਅਦਬੀ ਮਾਮਲਿਆਂ ਦੇ ਕੇਸ ਸਬੰਧੀ ਪਿਛਲੀ ਅਕਾਲੀ-ਭਾਜਪਾ ਸਰਕਾਰ ਦਾ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਸੀ ਸਗੋਂ ਸਰਕਾਰ ਨੇ ਖੁੱਲ੍ਹੇ ਸ਼ਬਦਾਂ ‘ਚ ਕਿਹਾ ਸੀ ਕਿ Ḕਬੇਅਦਬੀ ਦੇ ਦੋਸ਼ੀਆਂ ਨੂੰ ਫੜੋ ਫਿਰ ਦੋਸ਼ੀ ਚਾਹੇ ਕੋਈ ਵੀ ਹੋਵੇ’। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਾ ਕਿਸੇ ਨਾਲ ਨਰਮੀ ਵਰਤਣ ਨੂੰ ਕਿਹਾ ਨਾ ਕਿਸੇ ਦਾ ਪੱਖ ਪੂਰਨ ਨੂੰ ਕਿਹਾ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਵੰਬਰ 2015 ਨੂੰ ਐਸ਼ਆਈ.ਟੀ. ਬਣੀ ਅਤੇ ਮਾਰਚ 2017 ਤੱਕ ਉਨ੍ਹਾਂ ਦੀ ਟੀਮ ਨੇ ਪੂਰੀ ਆਸਥਾ ਅਤੇ ਸ਼ਿੱਦਤ ਨਾਲ ਇਸ ਕੇਸ ਨੂੰ ਹੱਲ ਕਰਨ ਲਈ ਮਿਹਨਤ ਕੀਤੀ। ਉਨ੍ਹਾਂ ਇਕ ਹੋਰ ਅਹਿਮ ਖੁਲਾਸਾ ਕਰਦੇ ਹੋਏ ਕਿਹਾ ਕਿ ਇਹ ਗੱਲ ਜ਼ਿਆਦਾ ਸੁਣਨ ਨੂੰ ਮਿਲੀ ਸੀ ਕਿ ਬਹਿਬਲ ਕਲਾਂ ਵਿਚ ਸ਼ਾਂਤੀਪੂਰਨ ਪਾਠ ਕਰ ਰਹੇ ਲੋਕਾਂ ‘ਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਪਰ ਅਸਲ ਵਿਚ ਜਦੋਂ ਉਹ ਸ਼ਾਂਤੀਪੂਰਨ ਬੈਠ ਕੇ ਪਾਠ ਕਰ ਰਹੇ ਸਨ ਅਤੇ ਜਦੋਂ ਪਾਠ ਦੀਆਂ ਆਖਰੀ ਤੁਕਾਂ ਦੀ ਸਮਾਪਤੀ ਹੋ ਗਈ ਤਾਂ ਮੈਂ ਕੋਲ ਜਾ ਕੇ ਨਿਮਰਤਾ ਸਹਿਤ ਹੱਥ ਜੋੜ ਕੇ ਕਿਹਾ ਕਿ ਧਰਨਾ ਗੈਰ-ਕਾਨੂੰਨੀ ਐਲਾਨਿਆ ਗਿਆ ਹੈ, ਇਸ ਲਈ ਜਗ੍ਹਾ ਖਾਲੀ ਕਰ ਦਿੱਤੀ ਜਾਵੇ ਪਰ ਇਸ ਦੌਰਾਨ ਬਹਿਸ ਵੱਧ ਗਈ ਅਤੇ ਅਚਾਨਕ ਮਾਹੌਲ ਅਜਿਹਾ ਬਣ ਗਿਆ ਪੁਲਿਸ ਕਰਮੀਆਂ ਨੂੰ ਵੀ ਸੱਟਾਂ ਲੱਗੀਆਂ ਅਤੇ ਧਰਨਾਕਾਰੀਆਂ ਨੂੰ ਵੀ।
ਦੂਜੇ ਪਾਸੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਇਕ ਇੰਟਰਵਿਊ ‘ਚ ਇਸ ਸਬੰਧੀ ਚੁੱਪੀ ਤੋੜ ਦੇ ਹੋਏ ਕਿਹਾ ਕਿ Ḕਮੇਰੀ ਰਾਮ ਰਹੀਮ ਨਾਲ ਕਦੇ ਮੁਲਾਕਾਤ ਨਹੀਂ ਹੋਈ ਅਤੇ ਨਾ ਕਿਸੇ ਵਲੋਂ ਕੋਈ ਮੀਟਿੰਗ ਕਰਵਾਈ ਗਈ।’ ਉਨ੍ਹਾਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਕਾਰ ਡੀਲ ਕਰਵਾਉਣ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਸਿਰਫ ਅਫਵਾਹ ਹੈ। ਅਕਸ਼ੇ ਕੁਮਾਰ ਨੇ ਡੀਲ ਕਰਵਾਉਣ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਇਹ ਕਿਸੇ ਦੀ ਕੋਰੀ ਕਲਪਨਾ ਹੈ। ਅਕਸ਼ੇ ਕੁਮਾਰ ਨੇ ਹਰਬੰਸ ਜਲਾਲ ਵੱਲੋਂ ਇਸ ਸਬੰਧੀ ਕਹੇ ਸ਼ਬਦਾਂ ਦਾ ਖੰਡਨ ਕਰਦਿਆਂ ਕਿਹਾ ਕਿ ਮੇਰੀ ਗੁਰਮੀਤ ਰਾਮ ਰਹੀਮ ਨਾਲ ਕਦੇ ਕੋਈ ਮੁਲਾਕਾਤ ਨਹੀਂ ਹੋਈ ਅਤੇ ਨਾ ਹੀ ਕਦੇ ਮਿਲਿਆ ਹਾਂ।