ਜੇਲ੍ਹ ‘ਚ ਬੰਦ ਡੇਰਾ ਸਿਰਸਾ ਮੁਖੀ ਸਾਲ ਪਿੱਛੋਂ ਵੀ ਕਿਸੇ ਹੋਰ ਨੂੰ ਗੱਦੀ ਸੌਂਪਣ ਲਈ ਨਾ ਮੰਨਿਆ

ਚੰਡੀਗੜ੍ਹ: ਡੇਰਾ ਮੁਖੀ ਰਾਮ ਰਹੀਮ ਪਿਛਲੇ ਇਕ ਸਾਲ ਤੋਂ ਜੇਲ੍ਹ ਵਿਚ ਬੰਦ ਹੋਣ ਦੇ ਬਾਵਜੂਦ ਅਜੇ ਤੱਕ ਆਪਣੀ ਜਗ੍ਹਾ ਦੀ ਥਾਂ ਡੇਰੇ ਦੀ ਗੱਦੀ ਕਿਸੇ ਹੋਰ ਨੂੰ ਸੌਂਪਣ ਲਈ ਤਿਆਰ ਨਹੀਂ ਹੈ। ਡੇਰਾ ਮੁਖੀ ਨੂੰ ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ ‘ਚ 20 ਸਾਲ ਦੀ ਸਜ਼ਾ ਸੁਣਾਈ ਗਈ ਹੈ, ਅਤੇ ਇਸ ਸਮੇਂ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਹੈ।

ਗੁਰਮੀਤ ਰਾਮ ਰਹੀਮ ਖਿਲਾਫ਼ ਪੱਤਰਕਾਰ ਰਾਮਚੰਦਰ ਛਤਰਪਤੀ ਅਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਤੋਂ ਇਲਾਵਾ ਡੇਰੇ ਦੇ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਮਾਮਲਾ ਚੱਲ ਰਿਹਾ ਹੈ। ਇਨ੍ਹਾਂ ਮਾਮਲਿਆਂ ‘ਚ ਡੇਰਾ ਮੁਖੀ ਮੁੱਖ ਮੁਲਜ਼ਮ ਹੈ। ਡੇਰਾ ਮੁਖੀ ਦੇ ਜੇਲ੍ਹ ਜਾਂਦੇ ਹੀ ਗੁਰਮੀਤ ਰਾਮ ਰਹੀਮ ਦੇ ਪਰਿਵਾਰਕ ਅਤੇ ਨਜ਼ਦੀਕੀ ਲੋਕ ਚਾਹੁੰਦੇ ਸਨ ਕਿ ਡੇਰਾ ਮੁਖੀ ਆਪਣੀ ਜਗ੍ਹਾ ‘ਤੇ ਡੇਰੇ ਦੀ ਗੱਦੀ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਸੌਂਪ ਦੇਣ ਤਾਂ ਜੋ ਡੇਰੇ ਦੀਆਂ ਗਤੀਵਿਧੀਆਂ ਚਲਦੀਆਂ ਰਹਿਣ ਅਤੇ ਲੋਕਾਂ ਦਾ ਡੇਰੇ ‘ਚ ਆਣਾ-ਜਾਣਾ ਬਣਿਆ ਰਹੇ। ਸ਼ੁਰੂ ‘ਚ ਡੇਰਾ ਮੁਖੀ ਦੇ ਇਕਲੌਤੇ ਪੁੱਤਰ ਜਸਮੀਤ ਇੰਸਾਂ ਦਾ ਨਾਂ ਵੀ ਸਾਹਮਣੇ ਆਇਆ ਸੀ ਅਤੇ ਸੋਚਿਆ ਜਾ ਰਿਹਾ ਸੀ ਕਿ ਗੁਰਮੀਤ ਰਾਮ ਰਹੀਮ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਆਪਣੇ ਇਕਲੌਤੇ ਪੁੱਤਰ ਨੂੰ ਡੇਰੇ ਦੀ ਗੱਦੀ ਦਾ ਵਾਰਸ ਬਣਾ ਦੇਵੇਗਾ, ਪਰ ਡੇਰਾ ਪ੍ਰਬੰਧਕਾਂ ਨੇ ਇਨ੍ਹਾਂ ਕਿਆਸਰਾਈਆਂ ‘ਤੇ ਪੂਰੀ ਤਰ੍ਹਾਂ ਨਾਲ ਰੋਕ ਲਾ ਦਿੱਤੀ ਹੈ।
ਰੋਹਤਕ ਜੇਲ੍ਹ ‘ਚ ਬੰਦ ਗੁਰਮੀਤ ਰਾਮ ਰਹੀਮ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਦੇ ਸਮੇਂ ਸਭ ਤੋਂ ਜ਼ਿਆਦਾ ਗੱਲਬਾਤ ਆਪਣੀ ਵੱਡੀ ਧੀ ਚਰਨਪ੍ਰੀਤ ਨਾਲ ਕਰਦਾ ਹੈ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਡੇਰਾ ਮੁਖੀ ਦਾ ਸਭ ਤੋਂ ਜ਼ਿਆਦਾ ਭਰੋਸਾ ਆਪਣੀ ਇਸੇ ਧੀ ਉਤੇ ਕਰਦਾ ਹੈ ਤੇ ਉਸ ਨੂੰ ਹੀ ਡੇਰੇ ਦੀ ਗੱਦੀ ਸੌਂਪੀ ਜਾ ਸਕਦੀ ਹੈ, ਪਰ ਡੇਰਾ ਮੁਖੀ ਉਸ ਨੂੰ ਵੀ ਗੱਦੀ ਸੌਂਪਣ ਨੂੰ ਤਿਆਰ ਨਹੀਂ ਹੈ। ਬਾਅਦ ‘ਚ ਡੇਰਾ ਮੁਖੀ ਦੇ ਕੋਲ ਇਹ ਸੁਝਾਅ ਵੀ ਆਇਆ ਕਿ ਉਹ ਆਪਣੀ ਮਾਂ ਨਸੀਬ ਕੌਰ ਨੂੰ ਡੇਰੇ ਦੀ ਗੱਦੀ ਦਾ ਕਾਰਜ ਦੇ ਕੇ ਮੁਖੀ ਬਣਾ ਦੇਣ ਤਾਂ ਜੋ ਡੇਰੇ ਦੀਆਂ ਗਤੀਵਿਧੀਆਂ ਫਿਰ ਤੋਂ ਸ਼ੁਰੂ ਹੋ ਸਕੇ। ਡੇਰਾ ਮੁਖੀ ਇਸ ਗੱਲ ‘ਤੇ ਵੀ ਰਾਜ਼ੀ ਨਹੀਂ ਹੋਇਆ ਅਤੇ ਪਿਛਲੇ ਇਕ ਸਾਲ ਤੋਂ ਇਹ ਗੱਲ ਸਾਫ ਹੋ ਗਈ ਹੈ ਕਿ 20 ਸਾਲ ਦੀ ਸਜ਼ਾ ਕੱਟ ਰਿਹਾ ਗੁਰਮੀਤ ਰਾਮ ਰਹੀਮ ਫਿਲਹਾਲ ਕਿਸੇ ਨੂੰ ਵੀ ਆਪਣੀ ਜਗ੍ਹਾ ‘ਤੇ ਡੇਰੇ ਦੀ ਗੱਦੀ ਸੌਂਪਣ ਦੇ ਮੂੜ ‘ਚ ਨਹੀਂ ਹੈ।
ਗੁਰਮੀਤ ਰਾਮ ਰਹੀਮ ਨਾਲ ਜੇਲ੍ਹ ‘ਚ ਮੁਲਾਕਾਤ ਕਰਨ ਲਈ ਉਸ ਦਾ ਪੁੱਤਰ ਜਸਮੀਤ ਇੰਸਾਂ ਅਤੇ ਧੀ ਚਰਨਪ੍ਰੀਤ ਇੰਸਾਂ ਮਹੀਨੇ ‘ਚ ਲਗਭਗ 3-3 ਵਾਰ ਆਉਂਦੇ ਹਨ। ਡੇਰਾ ਮੁਖੀ ਦੀ ਮਾਂ ਨਸੀਬ ਕੌਰ ਅਤੇ ਪਤਨੀ ਹਰਜੀਤ ਕੌਰ, ਜਵਾਈ ਰੂਹੇਮੀਤ ਅਤੇ ਸ਼ਾਨੋਮੀਤ ਮਹੀਨੇ ‘ਚ ਲਗਭਗ 1-1 ਵਾਰ ਅਤੇ ਧੀ ਅਮਰਪ੍ਰੀਤ ਇੰਸਾਂ ਅਤੇ ਨੂੰਹ ਹੁਸਨਮੀਤ ਇੰਸਾਂ ਕਈ ਦਫਾ ਮਹੀਨੇ ਵਿਚ 2 ਵਾਰ ਉਸ ਨਾਲ ਮੁਲਾਕਾਤ ਕਰਨ ਲਈ ਆਉਂਦੇ ਹਨ। ਡੇਰਾ ਮੁਖੀ ਨੇ ਮੁਲਾਕਾਤ ਲਈ ਜਿਨ੍ਹਾਂ 10 ਲੋਕਾਂ ਦੀ ਸੂਚੀ ਦਿੱਤੀ ਸੀ, ਉਨ੍ਹਾਂ ‘ਚੋਂ ਉਸ ਦੀ ਮੂੰਹ ਬੋਲੀ ਪੁੱਤਰੀ ਹਨੀਪ੍ਰੀਤ ਦਾ ਨਾਂ ਵੀ ਸ਼ਾਮਲ ਸੀ, ਪਰ ਜੇਲ੍ਹ ‘ਚ ਬੰਦ ਹੋਣ ਕਾਰਨ ਉਹ ਡੇਰਾ ਮੁਖੀ ਨਾਲ ਕਦੇ ਵੀ ਮੁਲਾਕਾਤ ਕਰਨ ਨਹੀਂ ਜਾ ਸਕੀ। ਸੂਤਰਾਂ ਮੁਤਾਬਕ ਡੇਰਾ ਮੁਖੀ ਨਾਲ ਮਿਲਣ ਆਉਣ ਵਾਲੇ ਪਰਿਵਾਰਕ ਮੈਂਬਰ ਚੁੱਪ-ਚੁਪੀਤੇ ਖੜ੍ਹੇ ਗੁਰਮੀਤ ਰਾਮ ਰਹੀਮ ਦੀ ਗੱਲ ਅਤੇ ਹਿਦਾਇਤਾਂ ਸੁਣਦੇ ਰਹਿੰਦੇ ਹਨ ਅਤੇ ਸਿਰਫ ਹਾਂ-ਨਾ ‘ਚ ਜਵਾਬ ਦਿੰਦੇ ਹਨ ਜਾਂ ਕਿਸੇ ਗੱਲ ਦਾ ਬੇਹੱਦ ਸੰਖੇਪ ‘ਚ ਜਵਾਬ ਦਿੱਤਾ ਜਾਂਦਾ ਹੈ। ਜ਼ਿਆਦਾਤਰ ਗੱਲ ਡੇਰਾ ਮੁਖੀ ਹੀ ਕਰਦਾ ਹੈ।
______________________
ਡੇਰਾ ਮੁਖੀ ਦੀ ਜ਼ਮਾਨਤ ਅਰਜ਼ੀ ਰੱਦ
ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਸਥਿਤ ਸੀæਬੀæਆਈæ ਦੀ ਵਿਸ਼ੇਸ਼ ਅਦਾਲਤ ਨੇ 400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਡੇਰਾ ਮੁਖੀ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਪਹਿਲਾਂ ਹੀ ਜੇਲ੍ਹ ਵਿਚ ਵੀਹ ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ। ਅਦਾਲਤ ਨੇ ਡੇਰਾ ਮੁਖੀ ਵੱਲੋਂ ਜ਼ਮਾਨਤ ਲਈ ਦਾਇਰ ਕੀਤੀ ਅਰਜ਼ੀ ਤਿੰਨ ਦਿਨਾਂ ਬਾਅਦ ਰੱਦ ਕਰ ਦਿੱਤੀ ਹੈ। ਆਪਣੇ ਸ਼ਰਧਾਲੂਆਂ ਨੂੰ ਨਿਪੁੰਸਕ ਬਣਾਉਣ ਦੇ ਕੇਸ ਵਿਚ ਅਦਾਲਤ ਨੇ ਡੇਰਾ ਮੁਖੀ ਵਿਰੁੱਧ ਧੋਖਾਧੜੀ, ਫੌਜਦਾਰੀ ਸਾਜ਼ਿਸ਼ ਅਤੇ ਖਤਰਨਾਕ ਹਥਿਆਰਾਂ ਨਾਲ ਨੁਕਸਾਨ ਪਹੁੰਚਾਉਣ ਦੇ ਦੋਸ਼ ਨਿਰਧਾਰਤ ਕੀਤੇ ਹਨ।