ਡੇਰਾ ਬਾਬਾ ਨਾਨਕ: ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਸਥਿਤ ਭਾਰਤ-ਪਾਕਿ ਸਰਹੱਦ ਨੇੜੇ ਪੈਂਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਕਰਨ ਲਈ ਲਾਂਘਾ ਖੋਲ੍ਹਣ ਦੀ ਛਿੜੀ ਚਰਚਾ ਨਾਲ ਸ਼ਰਧਾਲੂਆਂ ਵਿਚ ਨਵੀਂ ਆਸ ਜਾਗੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਸਰਕਾਰਾਂ ਇਸ ਨੂੰ ਪੱਕੇ ਤੌਰ ਉਤੇ ਨਹੀਂ ਵੀ ਖੋਲ੍ਹਣਾ ਚਾਹੁੰਦੀਆਂ ਤਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਉਤੇ ਦਰਸ਼ਨਾਂ ਲਈ ਲਾਂਘਾ ਬਣਾ ਸਕਦੀਆਂ ਹਨ।
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਪ੍ਰਗਟਾਈ ਆਸ ਕਾਰਨ ਲੋਕਾਂ ਵਿਚ ਉਮੀਦ ਦੀ ਕਿਰਨ ਜਾਗੀ ਹੈ। ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ 5 ਕਿਲੋਮੀਟਰ ਦੀ ਦੂਰੀ ਉਤੇ ਹੈ ਅਤੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ‘ਤੇ ਹੈ। ਜਦੋਂ ਕਿ ਸ਼ਰਧਾਲੂ ਵੀਜ਼ਾ ਲੈ ਕੇ ਲਾਹੌਰ ਰਾਹੀਂ ਇਸ ਦੇ ਦਰਸ਼ਨ ਕਰਨ ਜਾਂਦੇ ਹਨ ਅਤੇ ਲਾਹੌਰ ਤੋਂ ਉਹ 4 ਘੰਟੇ ਦਾ ਸਫਰ ਵੀ ਤੈਅ ਕਰਦੇ ਹਨ। ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਇਹ ਮਾਮਲਾ ਕਈ ਚਿਰਾਂ ਤੋਂ ਲਟਕਿਆ ਹੋਇਆ ਹੈ।
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਵੀ ਇਸ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਕਈ ਵਾਰ ਗੱਲ ਕੀਤੀ ਗਈ ਹੈ ਅਤੇ ਹੁਣ ਆਸ ਦੀ ਕਿਰਨ ਜਾਗੀ ਹੈ ਕਿ ਇਹ ਮਾਮਲਾ ਆਉਣ ਵਾਲੇ ਸਮੇਂ ‘ਚ ਹੱਲ ਹੋ ਸਕਦਾ ਹੈ। ਕਰਤਾਰਪੁਰ ਸਾਹਿਬ ਸੰਸਾਰ ‘ਚ ਉਹ ਮੁਕੱਦਸ ਅਸਥਾਨ ਹੈ, ਜਿਥੇ ਜਾਤ-ਪਾਤ ਅਤੇ ਊਚ-ਨੀਚ ਦੇ ਹਨੇਰੇ ‘ਚ ਡੁੱਬੇ ਸੰਸਾਰ ਨੂੰ ਚਾਨਣ ਦਾ ਰਾਹ ਵਿਖਾ ਕੇ ਸਤਿਨਾਮ ਦੀ ਪ੍ਰਚਾਰ ਫੇਰੀ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ 18 ਸਾਲ ਬਿਤਾਏ। ਇਹ ਅਸਥਾਨ ਇਸ ਵੇਲੇ ਪਾਕਿਸਤਾਨ ‘ਚ ਹੋਣ ਕਾਰਨ ਭਾਵੇਂ ਵੀਜ਼ਾ ਅਤੇ ਪਾਸਪੋਰਟ ਦੀ ਕਾਰਵਾਈ ਕਰ ਕੇ ਸੰਗਤਾਂ ਦਰਸ਼ਨ ਕਰ ਸਕਦੀਆਂ ਹਨ, ਜਦਕਿ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ‘ਚ ਸਥਿਤ ਕੌਮਾਂਤਰੀ ਸਰਹੱਦ ਤੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਇਮਾਰਤ ਦੇ ਸਿਰਫ ਦੂਰਬੀਨ ਰਾਹੀਂ ਹੀ ਦਰਸ਼ਨ-ਦੀਦਾਰੇ ਕਰ ਸਕਦੀ ਹਨ। ਲਾਂਘਾ ਖੁੱਲ੍ਹਣ ਨਾਲ ਗੁਰਦੁਆਰਾ ਸਾਹਿਬ ਤੱਕ ਸ਼ਰਧਾਲੂ ਸਿਰਫ 20 ਮਿੰਟ ‘ਚ ਪਹੁੰਚ ਸਕਦੇ ਹਨ।
ਭਾਰਤ ਅਤੇ ਹੋਰਨਾਂ ਦੇਸ਼ਾਂ ‘ਚ ਜਗਤ ਜਲੰਧੇ ਨੂੰ ਤਾਰਨ ਅਤੇ ਰੂਹਾਨੀਅਤ ਦਾ ਪ੍ਰਚਾਰ ਕਰਦੇ ਹੋਏ ਲੰਮੀਆਂ ਉਦਾਸੀਆਂ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਤਹਿਸੀ ਲਸ਼ਕਰਗੜ੍ਹ ‘ਚ ਵਸਾਇਆ ਗਿਆ ਸ਼ਹਿਰ ਸ੍ਰੀ ਕਰਤਾਰਪੁਰ ਸਾਹਿਬ, ਜਿਸ ਨੂੰ ਕਰਤਾਰਪੁਰ ਰਾਵੀ ਵੀ ਕਿਹਾ ਜਾਂਦਾ ਹੈ, (ਕਿਉਂਕਿ ਭਾਰਤ ‘ਚ ਜ਼ਿਲ੍ਹਾ ਜਲੰਧਰ ਦੇ ਨੇੜੇ ਵੀ ਕਰਤਾਰਪੁਰ ਸ਼ਹਿਰ ਹੈ) ‘ਚ ਪਹਿਲੀ ਪਾਤਸ਼ਾਹੀ ਨੇ ਆਪਣੀ ਸੰਘਰਸ਼ਮਈ ਜ਼ਿੰਦਗੀ ਦੇ ਅਖੀਰਲੇ 18 ਸਾਲ ਆਪਣੀ ਪਤਨੀ ਅਤੇ ਬੱਚਿਆਂ ਨਾਲ ਬਿਤਾਏ। ਕਰੀਬ ਦੋ ਦਹਾਕੇ ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਜ਼ਿੰਦਗੀ ਦਾ ਸਮਾਂ ਬਿਤਾਉਣ ਕਾਰਨ ਇਹ ਅਸਥਾਨ ਸਿੱਖ ਧਰਮ ਦਾ ਪ੍ਰਚਾਰ ਕੇਂਦਰ ਬਣ ਗਿਆ ਸੀ। ਇਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਨ, ਨਾਮ ਜੱਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਸੀ ਅਤੇ ਲੰਗਰ ਪ੍ਰਥਾ ਚਲਾਈ ਸੀ। ਇਥੇ ਹੀ ਗੁਰੂ ਅੰਗਦ ਦੇਵ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ 1539 ਨੂੰ ਜੋਤੀ ਜੋਤ ਸਮਾ ਗਏ ਸਨ।
ਦਰਸ਼ਨ ਸਥੱਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦਾ ਨਿਰਮਾਣ ਬਾਬਾ ਗੁਰਚਰਨ ਸਿੰਘ ਬੇਦੀ, ਬਾਬਾ ਜਗਦੀਪ ਸਿੰਘ ਬੇਦੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 17ਵੀਂ ਅੰਸ਼-ਵੰਸ਼ ਬਾਬਾ ਸੁਖਦੀਪ ਸਿੰਘ ਬੇਦੀ ਦੇ ਯਤਨਾਂ ਸਦਕਾ ਸਾਲ 2008 ‘ਚ ਤਿਆਰ ਕਰ ਕੇ ਸੰਗਤਾਂ ਲਈ ਖੋਲ੍ਹਿਆ ਗਿਆ। ਪਾਕਿ ‘ਚ ਸਥਿਤ ਲਾਹੌਰ ਤੋਂ ਇਹ ਅਸਥਾਨ ਤਕਰੀਬਨ 120 ਕਿਲੋਮੀਟਰ ਦੀ ਦੂਰੀ ਉਤੇ ਸਥਿਤ ਹੈ, ਜਦਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਭਾਰਤ-ਪਾਕਿ ਸਰਹੱਦ ਤੋਂ ਭਾਰਤ ਵਾਲੇ ਪਾਸਿਉਂ ਡੇਰਾ ਬਾਬਾ ਨਾਨਕ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ ‘ਤੇ ਹੀ ਸਥਿਤ ਹੈ, ਜਿਸ ਦੇ ਸੰਗਤਾਂ ਦੂਰਬੀਨ ਰਾਹੀਂ ਦਰਸ਼ਨ ਕਰ ਕੇ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ। ਸੰਗਤਾਂ ਦੀ ਲੰਬੇ ਸਮੇਂ ਤੋਂ ਮੰਗ ਹੈ ਕਿ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਗਲਿਆਰਾ ਬਣਾਇਆ ਜਾਵੇ, ਤਾਂ ਜੋ ਸੰਗਤਾਂ ਇਸ ਅਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਣ।
_____________________
ਕੈਪਟਨ ਵੱਲੋਂ ਸੁਸ਼ਮਾ ਨੂੰ ਪੱਤਰ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਨੂੰ ਸਮਰੱਥ ਬਣਾਉਣ ਵਾਸਤੇ ਪਾਕਿਸਤਾਨ ਸਰਕਾਰ ਕੋਲੋਂ ਲਾਂਘੇ ਦੀ ਮੰਗ ਕਰਨ ਵਾਸਤੇ ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਦੇ ਨਿੱਜੀ ਦਖਲ ਦੀ ਮੰਗ ਕੀਤੀ ਹੈ। ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ‘ਚ ਮੁੱਖ ਮੰਤਰੀ ਨੇ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਮਾਮਲਾ ਆਪਣੇ ਪਾਕਿਸਤਾਨ ਦੇ ਹਮਰੁਤਬਾ ਕੋਲ ਉਠਾਉਣ ਅਤੇ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਅੰਤਰਰਾਸ਼ਟਰੀ ਸਰਹੱਦ ਤੋਂ ਕਰਤਾਰਪੁਰ ਤੱਕ ਲਾਂਘੇ ਨੂੰ ਖੁਲ੍ਹਵਾਉਣ, ਤਾਂ ਜੋ ਸ਼ਰਧਾਲੂ ਕਰਤਾਰਪੁਰ ਵਿਖੇ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋ ਸਕਣ।
_______________________
ਸਿੱਧੂ ਵੱਲੋਂ ਕੌਮਾਂਤਰੀ ਸਰਹੱਦ ‘ਤੇ ਅਰਦਾਸ
ਡੇਰਾ ਬਾਬਾ ਨਾਨਕ: ਕਰਤਾਰਪੁਰ ਸਾਹਿਬ ਦਾ ਖੁੱਲ੍ਹਾ ਲਾਂਘਾ ਮਿਲ ਜਾਣ ਦੀ ਆਸ ਨੂੰ ਲੈ ਕੇ ਪੰਜਾਬ ਕੈਬਨਿਟ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਡੇਰਾ ਬਾਬਾ ਨਾਨਕ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਉਤੇ ਪਹੁੰਚੇ, ਜਿਥੇ ਉਨ੍ਹਾਂ ਸਰਹੱਦ ਤੋਂ ਸਪਸ਼ਟ ਰੂਪ ‘ਚ ਵਿਖਾਈ ਦਿੰਦੇ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਸਨਮੁੱਖ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਉਹ ਇਥੇ ਕੋਈ ਸਿਆਸਤਦਾਨ ਨਹੀਂ, ਬਲਕਿ ਇਕ ਨਿਮਾਣੇ ਸ਼ਰਧਾਲੂ ਦੇ ਰੂਪ ‘ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਹਨ।
