ਪਾਰਲੀਮੈਂਟ ਚੋਣਾਂ: ਦੋ ਧਿਰਾਂ ਵਲੋਂ ਅਗੇਤੀ ਸਰਗਰਮੀ ਸ਼ੁਰੂ

ਜਤਿੰਦਰ ਪਨੂੰ
ਭਾਰਤ ਇਸ ਵਕਤ ਪਾਰਲੀਮੈਂਟ ਚੋਣਾਂ ਦੀ ਦਹਿਲੀਜ਼ ‘ਤੇ ਖੜ੍ਹਾ ਹੈ। ਬਣਦੀ ਮਿਆਦ ਮੁਤਾਬਕ ਆਮ ਚੋਣਾਂ ਲਈ ਸਮੁੱਚੀ ਵੋਟਿੰਗ ਪ੍ਰਕ੍ਰਿਆ ਅਪਰੈਲ ਤੋਂ ਸ਼ੁਰੂ ਹੋਣੀ ਬਣਦੀ ਹੈ, ਜਿਸ ਲਈ ਕਾਗਜ਼ ਦਾਖਲ ਕੀਤੇ ਜਾਣ ਤੇ ਇਸ ਤਰ੍ਹਾਂ ਦੀਆਂ ਹੋਰ ਸੰਵਿਧਾਨਕ ਰਸਮਾਂ ਦਾ ਕੰਮ ਫਰਵਰੀ ਤੋਂ ਸ਼ੁਰੂ ਹੋ ਜਾਵੇਗਾ ਅਤੇ ਚੋਣ ਜ਼ਾਬਤਾ ਕਈ ਰਾਜਾਂ ਅੰਦਰ ਜਨਵਰੀ ਤੋਂ ਲਾਗੂ ਕੀਤਾ ਜਾਣ ਲੱਗ ਪਵੇਗਾ। ਇਸ ਹਿਸਾਬ ਨਾਲ ਇਸ ਕੰਮ ਵਿਚ ਚਾਰ ਕੁ ਮਹੀਨੇ ਰਹਿੰਦੇ ਹਨ। ਪੰਜਾਬ ਦੀ ਵਾਰੀ ਜੇ ਅੱਗੇ ਵਾਂਗ ਪਹਿਲਿਆਂ ਵਿਚ ਆ ਗਈ ਤਾਂ ਇਸ ਦੀ ਸਰਕਾਰ ਕੋਲ ਵੀ ਥੋੜ੍ਹਾ ਸਮਾਂ ਬਚਿਆ ਹੈ ਤੇ ਵਿਰੋਧੀ ਧਿਰ ਵਾਲਿਆਂ ਕੋਲ ਵੀ ਸਮਾਂ ਸਰਫੇ ਜੋਗਾ ਹੈ।

ਜਿੱਦਾਂ ਦੀ ਸਥਿਤੀ ਇਸ ਮੌਕੇ ਚਾਹੀਦੀ ਹੈ, ਲੱਭਦੀ ਨਹੀਂ।
ਬਚਪਨੇ ਦੀ ਦਹਿਲੀਜ਼ ਪਾਰ ਕਰ ਕੇ ਬਾਲਗ ਨਾਗਰਿਕ ਵਾਲੀ ਹੱਦ ਨੂੰ ਪਹੁੰਚਣ ਤੋਂ ਪਹਿਲਾਂ ਹੀ ਰਾਜਨੀਤੀ ਵਾਲੇ ਪਾਸੇ ਨੀਝ ਲਾ ਲਈ ਹੋਣ ਕਾਰਨ ਅਸੀਂ ਪਿਛਲੇ ਪੰਜਾਹ ਸਾਲਾਂ ਤੋਂ ਇਹ ਵੇਖਦੇ ਆਏ ਹਾਂ ਕਿ ਚੋਣਾਂ ਤੋਂ ਅੱਧਾ ਸਾਲ ਅਗੇਤਾ ਹੀ ਮੈਦਾਨ ਭਖਣ ਲੱਗ ਪਿਆ ਕਰਦਾ ਹੈ। ਇਸ ਵਾਰੀ ਵੀ ਏਦਾਂ ਹੋ ਰਿਹਾ ਹੈ, ਪਰ ਸਰਗਰਮੀ ਢਕੀ-ਛੁਪੀ ਹੈ। ਜਿਨ੍ਹਾਂ ਦੋ ਵੱਡੀਆਂ ਧਿਰਾਂ ਨੇ ਦੇਸ਼ ਦੇ ਤਖਤ ‘ਤੇ ਕਬਜ਼ਾ ਕਰਨ ਜਾਂ ਕਬਜ਼ਾ ਰੱਖਣ ਦਾ ਸਿੱਧਾ ਭੇੜ ਭਿੜਨਾ ਹੈ, ਉਨ੍ਹਾਂ ਦੇ ਆਗੂਆਂ ਨੇ ਆਪੋ-ਆਪਣੇ ਪੱਧਰ ‘ਤੇ ਹਲਕਿਆਂ ਵਿਚ ਮੁਢਲੀ ਪਹੁੰਚ ਦਾ ਚੱਕਾ ਬੰਨ੍ਹ ਰੱਖਿਆ ਹੈ। ਬੀਬੀ ਰਾਜਿੰਦਰ ਕੌਰ ਭੱਠਲ ਨੂੰ ਹਾਲੇ ਚੰਦ ਕੁ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਅਹੁਦਾ ਦਿੱਤਾ ਸੀ, ਜਿਸ ਦਾ ਮੰਤਰੀ ਦਾ ਦਰਜਾ ਪ੍ਰਵਾਨ ਕਰਕੇ ਉਸ ਦੀ ਸਰਕਾਰੀ ਕੋਠੀ ਕਾਇਮ ਰੱਖੀ ਗਈ ਸੀ ਅਤੇ ਜੇ ਉਸ ਨੇ ਕੋਈ ਚੋਣ ਲੜਨੀ ਹੋਈ ਤਾਂ ਉਸ ਅਹੁਦੇ ਤੋਂ ਤਿਆਗ ਪੱਤਰ ਦੇਣਾ ਪੈਣਾ ਹੈ। ਉਹ ਪਿਛਲੇ ਇੱਕ ਹਫਤੇ ਤੋਂ ਹਲਕੇ ਵਿਚ ਸਰਗਰਮ ਹੈ ਤੇ ਇਹ ਬਿਆਨ ਦੇਈ ਜਾਂਦੀ ਹੈ ਕਿ ਉਸ ਦੀ ਪਾਰਟੀ ਨੇ ਹੁਕਮ ਕੀਤਾ ਤਾਂ ਸੰਗਰੂਰ ਹਲਕੇ ਤੋਂ ਪਾਰਲੀਮੈਂਟ ਚੋਣ ਲੜਨ ਲਈ ਤਿਆਰ ਹੈ। ਏਦਾਂ ਦਾ ਰਿਸਕ ਲੈਣ ਦਾ ਬਿਆਨ ਉਹ ਆਪਣੇ ਆਪ ਬਿਨਾ ਗਿਣਤੀ-ਮਿਣਤੀ ਤੋਂ ਨਹੀਂ ਦੇ ਸਕਦੀ। ਦਿੱਲੀ ਤੋਂ ਕੁਝ ਸੰਕੇਤ ਮਿਲਦੇ ਹਨ।
ਅਕਾਲੀ-ਭਾਜਪਾ ਗੱਠਜੋੜ ਨੇ ਏਸੇ ਗਿਣਤੀ-ਮਿਣਤੀ ਹੇਠ ਅੰਮ੍ਰਿਤਸਰ ਤੇ ਲੁਧਿਆਣਾ ਦੀਆਂ ਸੀਟਾਂ ਦੀ ਅਦਲਾ-ਬਦਲੀ ਦਾ ਫੈਸਲਾ ਲਗਭਗ ਕਰ ਲਿਆ ਹੈ ਅਤੇ ਅਗਲੇ ਸਾਲ ਅੰਮ੍ਰਿਤਸਰ ਤੋਂ ਅਕਾਲੀ ਦਲ ਤੇ ਲੁਧਿਆਣੇ ਤੋਂ ਭਾਜਪਾ ਦਾ ਕੋਈ ਤਕੜਾ ਆਗੂ ਉਮੀਦਵਾਰ ਬਣਾਉਣਾ ਤੈਅ ਹੋਇਆ ਪਿਆ ਹੈ। ਭਾਜਪਾ ਦਾ ਕੋਈ ਵੱਡਾ ਆਗੂ ਇਸ ਵਾਰ ਚੋਣ ਲੜਨ ਲਈ ਓਨਾ ਕਾਹਲਾ ਦਿਖਾਈ ਨਹੀਂ ਦੇ ਰਿਹਾ, ਜਿੰਨਾ ਪਹਿਲਾਂ ਹੁੰਦਾ ਸੀ, ਪਰ ਅਕਾਲੀਆਂ ਦੇ ਉਹ ਲਗਭਗ ਸਭ ਆਗੂ ਤਿਆਰ ਹੋਏ ਸੁਣੇ ਜਾਂਦੇ ਹਨ, ਜੋ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਵਿਚ ਹਾਰ ਗਏ ਸਨ ਤੇ ਰਾਜ-ਭਾਗ ਦੇ ਗਲਿਆਰਿਆਂ ਤੋਂ ਪਰੇ ਰਹਿਣ ਦੀ ਆਦਤ ਛੱਡ ਚੁਕੇ ਹੋਣ ਕਰਕੇ ਅਵਾਜ਼ਾਰੀ ਮਹਿਸੂਸ ਕਰਦੇ ਸੁਣੇ ਜਾ ਰਹੇ ਸਨ।
ਵਿਰੋਧੀ ਪਾਰਟੀਆਂ ਵਿਚੋਂ ਗਵਾਂਢ ਦੇ ਰਾਜ ਵਿਚ ਬਹੁਜਨ ਸਮਾਜ ਪਾਰਟੀ ਨੇ ਜਿਸ ਤਰ੍ਹਾਂ ਚੌਟਾਲਿਆਂ ਦੀ ਇਨੈਲੋ ਪਾਰਟੀ ਨਾਲ ਅਗੇਤਾ ਸੌਦਾ ਮਾਰਿਆ ਹੈ, ਚੌਧਰੀ ਦੇਵੀ ਲਾਲ ਦੇ ਪੋਤੇ ਨੂੰ ਬੀਬੀ ਮਾਇਆਵਤੀ ਨੇ ਰੱਖੜੀ ਵੀ ਬੰਨ੍ਹ ਦਿੱਤੀ ਹੈ, ਉਸ ਦਾ ਅਸਰ ਪੰਜਾਬ ਵਿਚ ਪੈਣ ਦੀ ਚਰਚਾ ਸੁਣੀ ਜਾਂਦੀ ਹੈ। ਰਾਜਨੀਤੀ ਦੇ ਜਾਣਕਾਰ ਆਖਦੇ ਹਨ ਕਿ ਇਸ ਵਾਰੀ ਵੀ ਬਹੁਜਨ ਸਮਾਜ ਪਾਰਟੀ ਚੌਟਾਲਿਆਂ ਰਾਹੀਂ ਅਕਾਲੀ ਦਲ ਨਾਲ ਸਿਆਸੀ ਸੌਦਾ ਮਾਰ ਕੇ ਪੰਜਾਬ ਵਿਚ ਆਪਣੇ ਸਿਰ ਜਿੱਤਣ ਲਈ ਜ਼ੋਰ ਲਾਉਣ ਦੀ ਥਾਂ ਕਿਸੇ ਹੋਰ ਨੂੰ ਹਰਾਉਣ ਲਈ ਬੰਦੇ ਖੜ੍ਹੇ ਕਰ ਸਕਦੀ ਹੈ।
ਦੂਜੇ ਪਾਸੇ ਹਰਿਆਣਾ ਵਿਚ ਚੌਟਾਲਿਆਂ ਦੀ ਮਦਦ ਲਈ ਅਸਿੱਧੇ ਪੈਂਤੜੇ ਵਜੋਂ ਉਥੋਂ ਦੀਆਂ ਸਿੱਖ ਵੋਟਾਂ ਭਾਜਪਾ ਵੱਲ ਜਾਣ ਤੋਂ ਰੋਕਣ ਲਈ ਅਕਾਲੀਆਂ ਨੇ ਉਸ ਰਾਜ ਵਿਚ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਤੋਂ ਬੰਦੇ ਖੜ੍ਹੇ ਕਰਨ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਥੇ ਜਾ ਕੇ ਇਸ ਹਫਤੇ ਇੱਕ ਛੋਟੀ ਜਿਹੀ ਰੈਲੀ ਕਰਕੇ ਇਸ ਦੀ ਮੋਹੜੀ ਗੱਡ ਆਇਆ ਹੈ ਤੇ ਭਾਜਪਾ ਦੀ ਹਰਿਆਣੇ ਦੀ ਲੀਡਰਸ਼ਿਪ ਨੇ ਕੇਂਦਰ ਵਿਚ ਨਰੇਂਦਰ ਮੋਦੀ ਤੇ ਅਮਿਤ ਸ਼ਾਹ ਕੋਲ ਇਸ ਬਾਰੇ ਰੋਸ ਕਰਨ ਦੀ ਰਸਮ ਨਿਭਾ ਦਿੱਤੀ ਹੈ। ਉਹ ਪਿਛਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਵਲੋਂ ਚੌਟਾਲਿਆਂ ਦੀ ਮਦਦ ਕਰਨ ਤੇ ਫਿਰ ਵਿਖਾਵੇ ਲਈ ਆਪਸ ਵਿਚ ਵਿਰੋਧੀ ਮੋਰਚੇ ਲਾਈ ਫਿਰਨ ਦੀ ਸਿਆਸੀ ਖੇਡ ਤੋਂ ਏਨੇ ਭਰੇ ਪੀਤੇ ਹਨ ਕਿ ਕੇਂਦਰੀ ਲੀਡਰਸ਼ਿਪ ਨੂੰ ਪੰਜਾਬ ਵਿਚ ਵੱਖਰੀ ਚੋਣ ਲੜਨ ਦਾ ਰਿਸਕ ਲੈਣ ਦੀ ਸਲਾਹ ਵੀ ਦੇਣ ਤੱਕ ਚਲੇ ਗਏ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਜੋ ਧਿਰ ਪੰਜ ਸਾਲ ਪਿੱਛੇ ਵੇਖਿਆਂ ਪੁਰਾਣੀਆਂ ਧੜਵੈਲ ਧਿਰਾਂ ਨੂੰ ਸਿੱਧੇ ਦਬਕੇ ਮਾਰਦੀ ਦਿੱਸ ਰਹੀ ਸੀ, ਉਹ ਇਸ ਵਕਤ ਆਪਣੇ ਕੋੜਮਾ ਕਲੇਸ਼ ਵਿਚ ਉਲਝੀ ਪਈ ਹੈ। ਉਨ੍ਹਾਂ ਲਈ ਵੱਡੀ ਗੱਲ ਭਾਜਪਾ ਤੇ ਅਕਾਲੀ ਦਲ ਦੇ ਗੱਠਜੋੜ ਜਾਂ ਕਾਂਗਰਸ ਨਾਲ ਦਸਤਪੰਜਾ ਲੈਣਾ ਨਹੀਂ, ਸਗੋਂ ਇਸੇ ਪਾਰਟੀ ਵਿਚਲੇ ਵਿਰੋਧੀ ਗਰੁਪ ਨਾਲ ਇਹ ਮੁਕਾਬਲਾ ਕਰਨਾ ਹੈ ਕਿ ਦੋਵਾਂ ਵਿਚੋਂ ਵੱਡੀ ਧਿਰ ਕਿਹੜੀ ਹੈ? ਪੰਜਾਹ ਕੁ ਸਾਲ ਪਹਿਲਾਂ ਕਮਿਊਨਿਸਟਾਂ ਦੀ ਏਦਾਂ ਦੀ ਖਹਿਬਾਜ਼ੀ ਸ਼ੁਰੂ ਹੋਈ ਸੀ ਅਤੇ ਉਸ ਦਾ ਹਸ਼ਰ ਸਭ ਨੂੰ ਪਤਾ ਹੈ। ਅੱਜ ਜਦੋਂ ਕਮਿਊਨਿਸਟ ਤਜਰਬੇ ਤੋਂ ਸਿੱਖ ਕੇ ਅਤੇ ਪੱਛਮੀ ਬੰਗਾਲ ਤੇ ਕੇਰਲਾ ਦਾ ਹਸ਼ਰ ਵੇਖਣ ਪਿਛੋਂ ਇਕੱਠੇ ਹੋ ਰਹੇ ਹਨ, ਇਸ ਨਵੀਂ ਪਾਰਟੀ ਨੂੰ ਕੋਈ ਉਨ੍ਹਾਂ ਦੇ ਨਾਲ ਮਿਲ ਕੇ ਚੱਲਣ ਦੀ ਸਲਾਹ ਵੀ ਦਿੰਦਾ ਹੈ ਤਾਂ ਉਨ੍ਹਾਂ ਕੋਲ ਸੁਣਨ ਦਾ ਵਿਹਲ ਨਹੀਂ। ਨਤੀਜਾ ਇਹ ਹੈ ਕਿ ਬਰਗਾੜੀ ਕਾਂਡ ਅਤੇ ਹੋਰ ਅਜਿਹੇ ਮੁੱਦੇ ਚੁੱਕ ਕੇ ਫਿਰ ਪੰਜਾਬ ਵਿਚ ਕਾਂਗਰਸੀ-ਅਕਾਲੀ ਭੇੜ ਵਾਸਤੇ ਮੈਦਾਨ ਬਣਨ ਵਰਗੀ ਹਾਲਤ ਹੋ ਸਕਦੀ ਹੈ, ਜੋ ਉਨ੍ਹਾਂ ਦੋਹਾਂ ਧਿਰਾਂ ਲਈ ਹਮੇਸ਼ਾ ਤੋਂ ਸੁਖਾਵੀਂ ਰਹੀ ਹੈ। ਪੰਜਾਬ ਦੀਆਂ ਅਗਾਂਹਵਧੂ ਧਿਰਾਂ ਇਸ ਹਾਲਤ ਤੋਂ ਖੁਸ਼ ਨਹੀਂ ਹੋ ਸਕਦੀਆਂ, ਪਰ ਉਹ ਕਰਨ ਵੀ ਕੀ, ਇਹ ਫੈਸਲਾ ਕਰਨਾ ਸੌ ਸਵਾਲਾਂ ਦਾ ਸਵਾਲ ਹੈ।