ਤੁਰਕੀ ਦਾ ਅਰਬ ਪਿਛੋਕੜ ਅਤੇ ਯੂਰਪ ਨਾਲ ਵਰ ਮੇਚਣਾ

ਅੱਤਾਤੁਰਕ ਦਾ ਸੈਕੂਲਰ ਤੁਰਕੀ-2
ਲੰਡਨ ਵੱਸਦਾ ਰਣਜੀਤ ਧੀਰ 1966 ਵਿਚ ਇੰਗਲੈਂਡ ਪੁੱਜਣ ਤੋਂ ਪਹਿਲਾਂ ਮੁਕਤਸਰ ਦੇ ਸਰਕਾਰੀ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਂਦਾ ਹੁੰਦਾ ਸੀ। ਪਿਛਲੇ 35 ਵਰ੍ਹਿਆਂ ਦੌਰਾਨ ਉਹ ਲੰਡਨ ਦੀ ਈਲਿੰਗ ਕੌਂਸਲ ਦੀ ਸਿਆਸਤ ‘ਚ ਖੂਬ ਸਰਗਰਮ ਰਿਹਾ ਅਤੇ ਉਹ ਕੈਬਨਿਟ ਮੈਂਬਰ ਤੇ ਮੇਅਰ ਦੇ ਅਹੁਦੇ ਸੰਭਾਲ ਚੁੱਕਾ ਹੈ। ਘੁੰਮਣ-ਫਿਰਨ ਦਾ ਸ਼ੌਕੀਨ ਰਣਜੀਤ ਧੀਰ ‘ਵਤਨੋਂ ਦੂਰ’, ‘ਪਰਦੇਸਨਾਮਾ’ ਅਤੇ ‘ਸਾਊਥਾਲ ਦਾ ਸੂਰਜ’ ਕਿਤਾਬਾਂ ਛਪਵਾ ਚੁਕਾ ਹੈ।

ਹੁਣੇ-ਹੁਣੇ ਉਨ੍ਹਾਂ ਦੀ ਚੌਥੀ ਕਿਤਾਬ ‘ਜੇਰੂਸੱਲਮ ਅਜੇ ਦੂਰ ਹੈ’ ਛਪੀ ਹੈ। ਇਸ ਸਫਰਨਾਮੇ ਵਿਚ ਤੁਰਕੀ ਅਤੇ ਇਸ ਦੇ ਅਹਿਮ ਆਗੂ ਅੱਤਾਤੁਰਕ ਬਾਰੇ ਲੇਖ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਇਸ ਦਾ ਪਹਿਲਾ ਹਿੱਸਾ ਪਾਠਕ ਪਿਛਲੇ ਅੰਕ ਵਿਚ ਪੜ੍ਹ ਚੁਕੇ ਹਨ ਜਿਸ ਵਿਚ ਲੇਖਕ ਨੇ ਤੁਰਕੀ ਦੀਆਂ ਦੇਖਣਯੋਗ ਥਾਂਵਾਂ ਦੇ ਨਾਲ-ਨਾਲ ਸਿਆਸਤ ਅਤੇ ਇਤਿਹਾਸ ਬਾਰੇ ਚਰਚਾ ਕੀਤੀ ਹੈ। ਐਤਕੀਂ ਲੇਖਕ ਨੇ ਅੱਤਾਤੁਰਕ ਦੀ ਕਿਤਾਬ ਦੇ ਆਧਾਰ ਉਤੇ ਉਸ ਦੇ ਵਿਚਾਰਾਂ ਨਾਲ ਸਾਂਝ ਪੁਆਈ ਹੈ। -ਸੰਪਾਦਕ

ਰਣਜੀਤ ਧੀਰ

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਅੱਤਾਤੁਰਕ ਦੀਆਂ ਤਕਰੀਰਾਂ ਦੀ ਕਿਤਾਬ ‘ਨੁਤੂਤ’ ਲੱਖਾਂ ਦੀ ਗਿਣਤੀ ਵਿਚ ਛਾਪ ਕੇ ਵੰਡੀ ਗਈ। ਇਸ ਦਾ ਮਤਲਬ ਹੈ, ‘ਤਕਰੀਰ’। ਇਹਦਾ ਕਈ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਪੁਸਤਕ ‘ਚ ਉਹਨੇ ਤੁਰਕੀ ਦੇ ਪੁਰਾਤਨ ਇਤਿਹਾਸ ਤੋਂ ਲੈ ਕੇ ਆਧੁਨਿਕ ਸਮਿਆਂ ਦੀ ਗੱਲ ਕੀਤੀ ਹੈ। ਆਪਣੇ ਸੁਧਾਰਾਂ ਬਾਰੇ ਸਿਫਾਰਸ਼ਾਂ ਵੀ ਲੋਕਾਂ ਅੱਗੇ ਰੱਖੀਆਂ ਤਾਂ ਕਿ ਉਨ੍ਹਾਂ ਨੂੰ ਦੇਸ਼ ਦੇ ਨਵ ਨਿਰਮਾਣ ਲਈ ਉਤਸ਼ਾਹਿਤ ਕਰ ਕੇ ਨਾਲ ਤੋਰ ਸਕੇ। ਜਿੰਨਾ ਮੈਂ ਉਹਦੀ ਕਿਤਾਬ ਤੇ ਤਕਰੀਰਾਂ ਪੜ੍ਹਦਾ, ਮਹਿਸੂਸ ਹੁੰਦਾ ਕਿ ਇਹ ਸਿਰਫ ਤੁਰਕੀ ਦੇ ਲੋਕਾਂ ਲਈ ਹੀ ਨਹੀਂ, ਇਸ ਦੀ ਮਹੱਤਤਾ ਹਰ ਪੱਛੜੇ ਦੇਸ਼ ਲਈ ਓਨੀ ਹੀ ਹੈ, ਜਿਨ੍ਹਾਂ ਉਤੇ ਯੂਰਪੀਨਾਂ ਨੇ ਰਾਜ ਕਰਕੇ ਲੁੱਟਿਆ। ਅਜਿਹੇ ਲੁੱਟੇ ਹੰਭੇ ਦੇਸ਼ਾਂ ਵਿਚ ਆਜ਼ਾਦੀ ਸਿਰਫ ਯੂਰਪੀਨ ਤਾਕਤਾਂ ਨੂੰ ਬਾਹਰ ਕੱਢਣ ਨਾਲ ਨਹੀਂ ਆਉਣੀ। ਇਨ੍ਹਾਂ ਦੇਸ਼ਾਂ ਦੇ ਨਵ ਨਿਰਮਾਣ ਲਈ ਜ਼ਰੂਰੀ ਹੈ ਕਿ ਸਦੀਆਂ ਪੁਰਾਣੇ ਬੋਦੇ ਹੋਏ ਸਿਆਸੀ, ਆਰਥਕ ਅਤੇ ਸਭਿਆਚਾਰਕ ਢਾਂਚੇ ਬਦਲੇ ਜਾਣ। ਰੂਸ ਦੇ ਜ਼ਾਰ ਬਾਦਸ਼ਾਹਾਂ ਦਾ ਵੀ ਇਹੀ ਫੈਸਲਾ ਸੀ। ਗਾਜ਼ੀ ਵੀ ਇਸ ਫੈਸਲੇ ‘ਤੇ ਪਹੁੰਚਿਆ।
ਮੈਂ ਇਸ ਕਿਤਾਬ ਵਿਚੋਂ ਗਾਜ਼ੀ ਦੇ ਵਿਚਾਰਾਂ ਨੂੰ ਉਹਦੇ ਸ਼ਬਦਾਂ ਵਿਚ ਹੀ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਗਾਜ਼ੀ ਦੇ ਵਿਚਾਰ, ਉਹਦੇ ਸੁਧਾਰ ਹੇਠ ਲਿਖੇ ਅਨੁਸਾਰ ਹਨ:
1. ਗਾਜ਼ੀ ਮਜ਼ਹਬੀ ਸੋਚ ਦਾ ਧਾਰਨੀ ਨਹੀਂ ਸੀ। ਉਹਨੇ ਕਿਹਾ ਕਿ ਮਜ਼ਹਬ ਵਿਚ ਕੋਈ ਰੂਹਾਨੀਅਤ ਨਹੀਂ। ਇਹ ਸਾਰੇ ਸਿਆਸੀ ਸੰਗਠਨ ਹਨ। ਮਜ਼ਹਬ ਨੂੰ ਵਿਅਕਤੀ ਦੀ ਆਤਮਾ ਵਿਚ ਹੀ ਰਹਿਣਾ ਚਾਹੀਦਾ ਹੈ।
2. ਸਭ ਤੋਂ ਪਹਿਲਾਂ ਹਕੂਮਤ ਦੇ ਮਜ਼ਹਬੀ ਆਧਾਰ ਨੂੰ ਬਦਲਣਾ ਪਵੇਗਾ। ਸਦੀਆਂ ਤੋਂ ਕਾਨੂੰਨ, ਪ੍ਰਸ਼ਾਸਨ, ਅਦਾਲਤਾਂ, ਵਿਦਿਆ ਦੇ ਢਾਂਚੇ ਤੁਰਕੀ ਦੇ ਮਜ਼ਹਬ ਹੇਠਾਂ ਲੱਗੇ ਰਹੇ ਹਨ। ਸੁਲਤਾਨ ਆਪਣੇ ਤਖਤ ਦੀ ਸੁਰੱਖਿਆ ਲਈ ਇਸ ਮਜ਼ਹਬੀ ਢਾਂਚੇ ਦੇ ਹੇਠਾਂ ਲੱਗ ਕੇ ਰਾਜ ਕਰਦਾ ਸੀ।
3. ਸਾਲ 1924 ਦੀ 3 ਮਾਰਚ ਨੂੰ ਰਾਸ਼ਟਰੀ ਅਸੈਂਬਲੀ ਵਿਚ ਕਾਨੂੰਨ ਪਾਸ ਕਰ ਦਿੱਤਾ ਕਿ ਸੁਲਤਾਨ ਦੇ ਖਾਨਦਾਨ ਦੇ ਬੰਦਿਆਂ ਨੂੰ ਤੁਰਕੀ ਤੋਂ ਬਾਹਰ ਕੱਢਿਆ ਜਾਵੇ। ਧਾਰਮਿਕ ਵਿਭਾਗ ਦੀ ਮਨਿਸਟਰੀ ਤੋੜ ਦਿੱਤੀ। ਮਜ਼ਹਬੀ ਸਥਾਨਾਂ ਦੀ ਦੇਖਭਾਲ ਵਾਲਾ ਵਕਫ ਬੋਰਡ ਵੀ ਭੰਗ ਕਰ ਦਿੱਤਾ। ਮਜ਼ਹਬੀ ਮਦਰੱਸੇ ਸਕੂਲ ਬੰਦ ਕਰ ਦਿੱਤੇ। ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ। ਗਾਜ਼ੀ ਨੇ ਕਿਹਾ: “ਅੱਜ ਦੇ ਵਿਗਿਆਨਕ ਯੁਗ ਵਿਚ ਸਾਨੂੰ ਇਹ ਕਬੂਲ ਨਹੀਂ ਕਿ ਡੇਰਿਆਂ ਦੇ ਬਾਬੇ ਮੁਰਦਾ ਸਾਧਾਂ-ਸੰਤਾਂ ਤੋਂ ਰਹਿਮਤ ਮੰਗ ਕੇ ਲੋਕਾਂ ਨੂੰ ਚਮਤਕਾਰਾਂ ਵਿਚ ਉਲਝਾਈ ਰੱਖਣ।”
4. ਔਰਤਾਂ ਦੀ ਬਰਾਬਰੀ ਵਾਸਤੇ ਸਵਿਟਰਜ਼ਰਲੈਂਡ ਦਾ ਸਿਵਲ ਕੋਡ ਲਾਗੂ ਕਰ ਦਿੱਤਾ। ਕੁੜੀਆਂ ਨੂੰ ਸਕੂਲ ਭੇਜਣ ਲਈ ਕਾਨੂੰਨ ਬਣਾ ਦਿੱਤਾ। ਕੁੜੀਆਂ ਨੂੰ ਸਕੂਲ ਨਾ ਭੇਜਣਾ ਗੈਰ-ਕਾਨੂੰਨੀ ਹੋ ਗਿਆ। ਗਾਜ਼ੀ ਨੇ ਕਿਹਾ: “ਔਰਤ ਦਾ ਪਹਿਲਾ ਫਰਜ਼ ਮਾਂ ਦਾ ਹੈ। ਬੱਚਿਆਂ ਨੂੰ ਵਿਦਿਆ ਦੇਣਾ। ਮਾਂਵਾਂ ਨੇ ਹੀ ਤੁਰਕਿਸ਼ ਲੋਕਾਂ ਦੀ ਸ਼ਖਸੀਅਤ ਬਣਾਉਣੀ ਹੈ। ਇਸ ਸਮੇਂ ਸਾਡੀਆਂ ਔਰਤਾਂ ਨੂੰ ਹਰ ਤਰ੍ਹਾਂ ਦੇ ਵਿਗਿਆਨ ਦੀ ਪੜ੍ਹਾਈ ਕਰਨੀ ਪਵੇਗੀ। ਔਰਤਾਂ ਦੀ ਅਗਿਆਨਤਾ ਅਤੇ ਪੱਛੜੇਪਣ ਦਾ ਅਸਰ ਮਰਦਾਂ ਉਤੇ ਵੀ ਪੈਂਦਾ ਹੈ।”
5. ਗਾਜ਼ੀ ਨੇ ਕਿਹਾ ਕਿ ਅਸਲ ਤੁਰਕਿਸ਼ ਵਿਰਾਸਤ ਇਸਲਾਮ ਦੇ ਆਉਣ ਤੋਂ ਪਹਿਲਾਂ ਦੀ ਹੈ ਜਦ ਔਰਤ ਨੂੰ ਮਰਦਾਂ ਦੇ ਬਰਾਬਰ ਦੇ ਹੱਕ ਦਿੱਤੇ ਜਾਂਦੇ ਹਨ। ਉਹਨੇ ਮੋਰਾਕੋ ਦੇ ਸਫਰੀ ਇਬਨ ਬਤੂਤਾ ਦੀਆਂ ਲਿਖਤਾਂ ਦਾ ਹਵਾਲਾ ਦਿਤਾ ਜਿਨ੍ਹਾਂ ਵਿਚ ਇਬਨ ਬਤੂਤਾ ਨੇ ਲਿਖਿਆ ਹੈ ਕਿ ਤੁਰਕਿਸ਼ ਲੋਕ ਆਪਣੀਆਂ ਔਰਤਾਂ ਨੂੰ ਪੂਰੇ ਹੱਕ ਦਿੰਦੇ ਸਨ। ਗਾਜ਼ੀ ਨੇ ਇਹ ਵੀ ਕਿਹਾ ਕਿ ਮੂਲ ਤੁਰਕਿਸ਼ ਸਭਿਆਚਾਰ ਵਿਚ ਇਕ ਮਰਦ ਦੀ ਇਕ ਔਰਤ ਨਾਲ ਹੀ ਸ਼ਾਦੀ ਹੁੰਦੀ ਸੀ। ਇਕ ਤੋਂ ਵੱਧ ਔਰਤਾਂ ਨਾਲ ਵਿਆਹ ਇਸਲਾਮ ਦੇ ਆਉਣ ਨਾਲ ਸ਼ੁਰੂ ਹੋਇਆ। ਗਾਜ਼ੀ ਨੇ ਪੋਲੀਗਾਮੀ ਭਾਵ ਇਕ ਮਰਦ ਦੇ ਚਾਰ ਵਿਆਹਾਂ ਦਾ ਕਾਨੂੰਨ ਖਤਮ ਕਰ ਦਿੱਤਾ।
6. ਸਭਿਆਚਾਰਕ ਖੇਤਰ ਵਿਚ ਉਹਨੇ ਕਾਨੂੰਨ ਪਾਸ ਕਰਕੇ ਮਰਦਾਂ ਵਾਸਤੇ ਇਸਲਾਮੀ ਟੋਪੀ ਦੀ ਮਨਾਹੀ ਕਰ ਦਿੱਤੀ। ਮਰਦਾਂ ਨੂੰ ਕਾਨੂੰਨੀ ਤੌਰ ‘ਤੇ ਹੁਕਮ ਹੋ ਗਿਆ ਕਿ ਉਹ ਯੂਰਪੀ ਹੈਟ (ਟੋਪ) ਪਹਿਨਣ। ਔਰਤਾਂ ਵਾਸਤੇ ਬੁਰਕੇ ਦੀ ਮਨਾਹੀ ਕਰ ਦਿੱਤੀ ਗਈ। ਕਾਨੂੰਨੀ ਤੌਰ ‘ਤੇ ਇਹ ਲਾਜ਼ਮੀ ਕਰ ਦਿੱਤਾ ਗਿਆ ਕਿ ਔਰਤਾਂ ਪਬਲਿਕ ਥਾਂਵਾਂ ‘ਤੇ ਆਪਣਾ ਮੂੰਹ-ਸਿਰ ਨਾ ਢੱਕ ਸਕਣ। ਗਾਜ਼ੀ ਨੇ ਕਿਹਾ: “ਦੋਸਤੋ, ਕੌਮਾਂਤਰੀ ਢੰਗ ਦੀ ਸਭਿਅਕ ਪੁਸ਼ਾਕ ਸਾਡੀ ਕੌਮ ਲਈ ਵੀ ਸਹੀ ਹੈ। ਇਹਨੂੰ ਅਸੀਂ ਅਪਨਾਵਾਂਗੇ। ਕਈ ਬੰਦੇ ਯੂਰਪੀ ‘ਹੈਟ’ ਦਾ ਵਿਰੋਧ ਕਰਦੇ ਹਨ। ਮੈਂ ਉਨ੍ਹਾਂ ਨੂੰ ਬੇਵਕੂਫ ਸਮਝਦਾ ਹਾਂ। ਜਿਹੜੇ ਲੋਕ ਮੱਧਯੁਗੀ ਸੋਚ ਅਤੇ ਪੁਰਾਤਨ ਵਹਿਮਾਂ-ਭਰਮਾਂ ਵਿਚ ਕੈਦ ਰਹਿਣਾ ਚਾਹੁੰਦੇ ਹਨ, ਉਹ ਜਾਂ ਖਤਮ ਹੋ ਜਾਣਗੇ ਜਾਂ ਕਿਸੇ ਦੇ ਗੁਲਾਮ ਹੋ ਜਾਣਗੇ।”
7. ਔਰਤਾਂ ਦੀ ਪੁਸ਼ਾਕ ਬਾਰੇ ਗਾਜ਼ੀ ਨੇ ਕਿਹਾ: “ਔਰਤਾਂ ਨੂੰ ਖੁੱਲ੍ਹ ਹੋਵੇ ਕਿ ਉਹ ਆਪਣਾ ਚਿਹਰਾ ਦੁਨੀਆਂ ਨੂੰ ਦਿਖਾ ਸਕਣ। ਉਨ੍ਹਾਂ ਦੀਆਂ ਅੱਖਾਂ ਦੁਨੀਆਂ ਦੀ ਹਰ ਚੀਜ਼ ਨੂੰ ਦੇਖ-ਪਰਖ ਸਕਣ।” 1930 ਵਿਚ ਔਰਤਾਂ ਨੂੰ ਸਥਾਨਕ ਚੋਣਾਂ ਅਤੇ 1935 ਵਿਚ ਕੇਂਦਰੀ ਪਾਰਲੀਮੈਂਟ ਚੋਣਾਂ ਵਿਚ ਵੋਟਾਂ ਪਾਉਣ ਅਤੇ ਚੋਣਾਂ ਲੜਨ ਦਾ ਹੱਕ ਦੇ ਦਿੱਤਾ ਗਿਆ। ਇਸੇ ਸਾਲ 20 ਔਰਤਾਂ ਪਾਰਲੀਮੈਂਟ ਲਈ ਮੈਂਬਰ ਚੁਣੀਆਂ ਗਈਆਂ। ਇਹ ਤੁਰਕੀ ਵਾਸਤੇ ਬਹੁਤ ਵੱਡਾ ਇਨਕਲਾਬ ਸੀ।
8. ਗਾਜ਼ੀ ਨੇ ਤੁਰਕ ਭਾਸ਼ਾ ਦੀ ਲਿਪੀ ਅਰਬੀ ਤੋਂ ਬਦਲ ਕੇ ਰੋਮਨ ਕਰ ਦਿੱਤੀ। ਭਾਸ਼ਾ ਵਿਗਿਆਨੀਆਂ ਅਤੇ ਯੂਨੀਵਰਸਿਟੀਆਂ ਵਿਚ ਖੁਦ ਬਹਿ ਕੇ ਨਵੇਂ ਸ਼ਬਦ ਤਿਆਰ ਕਰਵਾਏ। ਨਵੀਂ ਲਿਪੀ ਦੀ ਨਵੀਂ ਵਿਆਕਰਣ ਤਿਆਰ ਕਰਵਾਈ। ਗਾਜ਼ੀ ਨੇ ਕਿਹਾ: “ਅਰਬੀ ਭਾਸ਼ਾ ਦੀ ਲਿਪੀ ਬਹੁਤ ਪੇਚੀਦਾ ਹੈ। ਇਹਦੇ ਵਿਚ ਕੁਲ 612 ਅੱਖਰ ਹਨ। ਇਨ੍ਹਾਂ ਨੂੰ ਸਿੱਖਣ ਲਈ ਕਈ ਸਾਲ ਲਗਦੇ ਹਨ। ਗਰੀਬ ਲੋਕਾਂ ਵਿਚ ਇੰਨੀ ਸਮਰੱਥਾ ਨਹੀਂ ਹੁੰਦੀ ਅਤੇ ਉਹ ਅਨਪੜ੍ਹ ਰਹਿ ਜਾਂਦੇ ਹਨ। ਨਵੀਂ ਰੋਮਨ ਲਿਪੀ ਵਿਚ 70 ਅੱਖਰ ਹਨ। ਇਸ ਗਿਣਤੀ ਵਿਚ ਹਿੰਦਸੇ ਵੀ ਸ਼ਾਮਲ ਹਨ। ਰੋਮਨ ਲਿਪੀ ਹਰ ਬੰਦਾ ਕੁਝ ਦਿਨਾਂ ਵਿਚ ਸਿੱਖ ਸਕਦਾ ਹੈ।” ਜੋ ਲੋਕ ਨਵੀਂ ਲਿਪੀ ਦਾ ਵਿਰੋਧ ਕਰਦੇ, ਉਹ ਉਥੇ ਆਪਣੀ ਕਾਰ ਵਿਚ ਬਲੈਕਬੋਰਡ ਅਤੇ ਚਾਕ ਲੈ ਕੇ ਪਹੁੰਚ ਜਾਂਦਾ। ਮੁਲਕ ਦੇ ਪ੍ਰਧਾਨ ਦੀ ਸ਼ਾਨ ‘ਚ ਨਹੀਂ, ਸਗੋਂ ਅਧਿਆਪਕਾਂ ਵਾਂਗ ਨਿਮਰ। ਲੋਕਾਂ ਨੂੰ ਸਮਝਾਉਂਦਾ।
9. ਗਾਜ਼ੀ ਨੇ ਸੁਲਤਾਨਾਂ ਦੇ ਜ਼ਮਾਨੇ ਦੇ ਸਾਰੇ ਰੁਤਬੇ, ਮੈਡਲ, ਟਾਈਟਲ ਖਤਮ ਕਰ ਦਿੱਤੇ ਜਿਨ੍ਹਾਂ ਵਿਚ ਹਜ਼ਰਤ, ਬੇਅ ਅਤੇ ਇਫੈਂਡੀ ਵਰਗੇ ਉਚੇ ਰੁਤਬੇ ਵੀ ਸ਼ਾਮਲ ਸਨ।
10. ਗਾਜ਼ੀ ਨੇ ਜੇਲ੍ਹਾਂ ਦੇ ਸੁਧਾਰ ਕੀਤੇ। ਕੈਦੀਆਂ ਨੂੰ ਵਿਦਿਆ ਅਤੇ ਕਿੱਤਾ-ਮੁਖੀ ਟਰੇਨਿੰਗ ਦੇਣੀ ਸ਼ੁਰੂ ਕੀਤੀ ਤਾਂਕਿ ਜੇਲ੍ਹ ਕੱਟਣ ਬਾਅਦ ਰੁਜ਼ਗਾਰ ਲੱਭ ਸਕਣ।
11. ਗਾਜ਼ੀ ਨੇ ਖੇਤੀਬਾੜੀ ਦਾ ਆਧੁਨਿਕੀਕਰਨ ਕੀਤਾ। ਕਿਸਾਨਾਂ ਦੇ ਕਰਜ਼ੇ ਮਾਫ ਕਰ ਦਿੱਤੇ। ਸਹਿਕਾਰੀ ਸਭਾਵਾਂ ਬਣਾ ਕੇ ਕਿਸਾਨਾਂ ਨੂੰ ਖੇਤੀਬਾੜੀ ਦੀ ਵਿਦਿਆ ਅਤੇ ਨਵੇਂ ਬੀਅ ਦੇਣੇ ਸ਼ੁਰੂ ਕੀਤੇ। ਖੇਤੀ ਦਾ ਮਸ਼ੀਨੀਕਰਨ ਕੀਤਾ।
12. ਪੰਜ-ਸਾਲਾ ਸਨਅਤੀ ਪਲੈਨਾਂ ਸ਼ੁਰੂ ਕਰ ਦਿੱਤੀਆਂ। ਲੋਕਾਂ ਅਤੇ ਪਸੂਆਂ ਲਈ ਸਿਹਤ ਸੇਵਾਵਾਂ ਸ਼ੁਰੂ ਕੀਤੀਆਂ। ਥਾਂ-ਥਾਂ ਹਸਪਤਾਲ ਅਤੇ ਕੁੜੀਆਂ ਲਈ ਸਕੂਲ। ਸਮਝੋ, ਤੁਰਕੀ ਦੀ ਕਾਇਆ ਹੀ ਬਦਲ ਦਿੱਤੀ। ਸਦੀਆਂ ਤੋਂ ‘ਬਿਮਾਰ ਦੇਸ਼ ਵਾਲਾ’ ਬਿੱਲਾ ਲਾਹ ਦਿੱਤਾ। ਵਿਦਿਆਰਥੀ ਯੂਰਪੀ ਯੂਨੀਵਰਸਿਟੀਆਂ ਵਿਚ ਭੇਜਣੇ ਸ਼ੁਰੂ ਕੀਤੇ। ਤੁਰਕੀ ਦੀ ਖੜੋਤ ਖਤਮ ਹੋ ਗਈ। ਦੇਸ਼ ਤਰੱਕੀ ਦੇ ਰਾਹ ਪੈ ਗਿਆ। ਗਾਜ਼ੀ ਦੀ ਧਾਰਨਾ ਸੀ ਕਿ ਅਰਬਾਂ ਦੇ ਅਸਰ ਕਰਕੇ ਤੁਰਕੀ ਪੱਛੜ ਗਿਆ ਸੀ। ਉਹ ਤੁਰਕੀ ਨੂੰ ਅਰਬ ਵਿਰਾਸਤ ਨਾਲੋਂ ਵੱਖ ਕਰਕੇ ਤੁਰਕੀ ਦੀ ਮੂਲ ਵਿਰਾਸਤ ਨਾਲ ਜੋੜਨਾ ਚਾਹੁੰਦਾ ਸੀ। ਅਰਬੀ ਲਿਪੀ ਨੂੰ ਬਦਲਣ ਦਾ ਕਾਰਨ ਵੀ ਇਹੋ ਸੀ। ਇਸੇ ਮੰਤਵ ਨਾਲ ਉਹਨੇ ਚੰਦਰਮਾ ਦੀ ਗਤੀ ਉਤੇ ਆਧਾਰਤ ਇਸਲਾਮੀ ਕੈਲੰਡਰ ਬਦਲ ਕੇ ਜੌਰਜੀਅਨ ਕੈਲੰਡਰ ਸ਼ੁਰੂ ਕਰਵਾ ਦਿੱਤਾ। ਸੁਲਤਾਨਾਂ ਦੇ ਸ਼ਰਾਬ ਪੀਣ ਦੀ ਪਾਬੰਦੀ ਖਤਮ ਕਰ ਦਿੱਤੀ। ਗਾਜ਼ੀ ਨੇ ਕਿਹਾ ਕਿ ਇਹ ਬੰਦੇ ਦਾ ਆਪਣਾ ਫੈਸਲਾ ਹੈ।
ਗਾਜ਼ੀ ਦੇ ਇਨ੍ਹਾਂ ਸੁਧਾਰਾਂ ਖਿਲਾਫ ਮਜ਼ਹਬੀ ਪਾਰਟੀਆਂ ਉਠ ਖੜ੍ਹੀਆਂ। ਮੁੱਲਾਂ-ਮੁਲਾਣਿਆਂ ਨੇ ਲੋਕਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਪਰ ਗਾਜ਼ੀ ਨੇ ਭੜਕਾਹਟ ਪੈਦਾ ਕਰਨ ਵਾਲਿਆਂ ਨੂੰ ਮਸਜਿਦਾਂ ਦੇ ਬਾਹਰ ਫਾਂਸੀ ‘ਤੇ ਟੰਗ ਦਿੱਤਾ। ਇਸ ਮਜ਼ਹਬੀ ਐਜੀਟੇਸ਼ਨ ਨੂੰ ਸਖਤੀ ਨਾਲ ਖਤਮ ਕਰ ਦਿੱਤਾ।
ਅੱਤਾਤੁਰਕ ਬਾਰੇ ਇਹ ਸਾਰਾ ਕੁਝ ਜਾਣ ਕੇ ਸਾਡੇ ਮਨਾਂ ‘ਚ ਵੱਡੀ ਖਲਬਲੀ ਮੱਚ ਗਈ।

ਸਾਡਾ ਅਗਲਾ ਪੜਾਅ ਬੌਸਫੋਰਸ ਦੀ ਖਾੜੀ ਕੰਢੇ ਵੱਸੇ ਇਸਤੂੰਬਲ ਸ਼ਹਿਰ ਦਾ ਸੀ। ਇਹ ਸ਼ਹਿਰ ਜਿੰਨਾ ਸੋਹਣਾ ਹੈ, ਓਨਾ ਹੀ ਇਤਿਹਾਸਕ ਵੀ ਹੈ। ਖਾੜੀ ਦੇ ਦੋਨੋਂ ਪਾਸੇ ਵਸੇ ਹੋਣ ਦਾ ਮਤਲਬ ਹੈ ਕਿ ਬਹੁਤਾ ਹਿੱਸਾ ਖਾੜੀ ਦੇ ਪੂਰਬ ਵਿਚ ਪੈਂਦੇ ਏਸ਼ੀਅਨ ਮਹਾਂਦੀਪ ਵਿਚ ਹੈ ਤੇ ਕੁਝ ਹਿੱਸਾ ਖਾੜੀ ਦੇ ਪੱਛਮ ਵਿਚ ਪੈਂਦੇ ਯੂਰਪੀ ਮਹਾਂਦੀਪ ਵਿਚ।
ਇਸਤੂੰਬਲ ਦਾ ਨਾਂ ਕਈ ਵਾਰ ਬਦਲਿਆ ਗਿਆ। ਜਿਵੇਂ-ਜਿਵੇਂ ਨਵੇਂ ਜੇਤੂ ਹਾਕਮ ਆਉਂਦੇ ਰਹੇ, ਆਪਣੇ ਅਨੁਸਾਰ ਨਾਂ ਬਦਲ ਦਿੰਦੇ ਰਹੇ। ਇਸ ਪੱਖੋਂ ਸ਼ਹਿਰ ਦੀ ਕਿਸਮਤ ਇਨ੍ਹਾਂ ਸਭਿਅਤਾਵਾਂ ਦੇ ਉਤਰਾ-ਚੜ੍ਹਾਅ ਦਾ ਹਿੱਸਾ ਹੀ ਹੈ।
ਯੂਨਾਨੀ ਸਮਿਆਂ ਵਿਚ ਇਸ ਨੂੰ ‘ਈਸ ਤਿਨ ਬੋਲੀਨ’ ਕਹਿੰਦੇ ਸਨ। ਯੂਨਾਨੀ ਵਿਚ ਇਹਦਾ ਅਰਥ ਸੀ, ‘ਸ਼ਹਿਰ ਵੱਲ ਜਾਣਾ’। ਇਸਾਈ ਰਾਜੇ ਆਏ ਤਾਂ ਉਨ੍ਹਾਂ ਨਾਂ ‘ਬਾਈਜ਼ੈਂਟੀਆ’ ਰੱਖ ਦਿੱਤਾ। ਮਗਰੋਂ ‘ਕੌਨਸਟੈਂਟੀਨੋਪਲ’ ਇਸਾਈ ਰਾਜੇ ਦੇ ਨਾਂ ਉਤੇ ਰਖਿਆ ਗਿਆ। ਸਾਲ 1453 ਵਿਚ ਇਸਲਾਮੀ ਰਾਜੇ ਪਹੁੰਚ ਗਏ ਤਾਂ ਉਨ੍ਹਾਂ ਇਸ ਦਾ ਨਾਂ ‘ਇਸਤੂੰਬਲ’ ਰੱਖ ਦਿੱਤਾ।
ਸਭ ਤੋਂ ਪਹਿਲਾਂ ਸਾਨੂੰ ਸੁਲਤਾਨਾਂ ਦਾ ‘ਤੋਪਾਕਾਪੀ’ ਮਹਿਲ ਦਿਖਾਇਆ। ਇਹ ਮਹਿਲ ਉਚੀ ਪਹਾੜੀ ਉਤੇ ਕਈ ਏਕੜਾਂ ਵਿਚ ਫੈਲਿਆ ਹੋਇਆ ਹੈ। ਪਿਛਲੇ ਪਾਸਿਉਂ ਇਹ ਬੌਸਫੋਰਸ ਦੀ ਖਾੜੀ ਨਾਲ ਜਾ ਲਗਦਾ ਹੈ। ਮਹਿਲ ਸੁਲਤਾਨਾਂ ਦਾ ਦਫਤਰ ਅਤੇ ਰਿਹਾਇਸ਼ ਹੁੰਦਾ ਸੀ। ਇਸੇ ਤਰ੍ਹਾਂ ਮੁਲਕ ਦਾ ਖਜ਼ਾਨਾ ਅਤੇ ਪੈਸੇ ਤੇ ਨੋਟ ਛਾਪਣ ਦਾ ਕੰਮ ਵੀ ਇਥੇ ਹੁੰਦਾ ਸੀ। ਮਹਿਲ ਨੂੰ ‘ਤੋਪਾਕਾਪੀ ਸਰਾਇ’ ਕਰਕੇ ਜਾਣਿਆ ਜਾਂਦਾ ਸੀ।
ਇਕ ਪਾਸੇ ਸੁਲਤਾਨ ਦਾ ਜ਼ਨਾਨਖਾਨਾ (ਹਰਮ) ਦੇਖਿਆ। ਇਹਦੇ ਵਿਚ ਉਹਦੀਆਂ ਚਾਰ ਸੌ ਰਖੇਲਾਂ ਛੋਟੇ-ਛੋਟੇ ਕਮਰਿਆਂ ਵਿਚ ਰਹਿੰਦੀਆਂ ਸਨ। ਕਮਰਿਆਂ ਦੇ ਬਾਹਰ ਕੈਦੀਆਂ ਦੇ ਕਮਰਿਆਂ ਵਰਗੀਆਂ ਲੋਹੇ ਦੀਆਂ ਸਲਾਖਾਂ ਹੁੰਦੀਆਂ ਸਨ। ਜ਼ਨਾਨਖਾਨੇ ‘ਚ ਰਖੇਲਾਂ ਦੇ ਕਮਰਿਆਂ ਤੇ ਸੁਲਤਾਨ ਦੇ ਸੌਣ ਵਾਲੇ ਕਮਰੇ ਵਿਚਾਲੇ ਵੱਡਾ ਹਾਲ ਹੁੰਦਾ ਸੀ। ਇਥੇ ਹਰ ਸ਼ਾਮ ਰਖੇਲਾਂ ਮੁਜਰਾ ਕਰਦੀਆਂ। ਸੁਲਤਾਨ ਤੋਂ ਬਿਨਾ ਕੋਈ ਹੋਰ ਮਰਦ ਉਥੇ ਨਹੀਂ ਸੀ ਜਾ ਸਕਦਾ। ਸੁਲਤਾਨ ਦੀ ਮਾਂ ਹਰ ਰੋਜ਼ ਫੈਸਲਾ ਕਰਦੀ ਕਿ ਕਿਹੜੀਆਂ ਰਖੇਲਾਂ ਮੁਜਰਾ ਕਰਕੇ ਸੁਲਤਾਨ ਦਾ ਮਨ ਪਰਚਾਉਣਗੀਆਂ ਅਤੇ ਕਿਹੜੀ ਰਖੇਲ ਰਾਤ ਨੂੰ ਸੁਲਤਾਨ ਦੇ ਕਮਰੇ ‘ਚ ਸੌਣ ਜਾਵੇਗੀ। ਜ਼ਨਾਨਖਾਨੇ ਦੇ ਚਾਰੇ ਪਾਸੇ ਅਫਰੀਕੀ ਹਿਜੜਿਆਂ ਦੀ ਗਾਰਦ ਦਾ ਪਹਿਰਾ ਹੁੰਦਾ ਸੀ। ਜ਼ਨਾਨਖਾਨੇ ਦੇ ਨੇੜੇ-ਤੇੜੇ ਸੁਲਤਾਨ ਤੋਂ ਬਿਨਾ ਕਿਸੇ ਹੋਰ ਮਰਦ ਨੂੰ ਫਟਕਣ ਤੀਕ ਨਹੀਂ ਸੀ ਦਿੱਤਾ ਜਾਂਦਾ।
ਮਹਿਲ ਦੇ ਬਾਹਰ ਸੋਹਣੀ ਵਰਦੀ ਵਾਲਾ ਸ਼ਾਹੀ ਹਥਿਆਰਬੰਦ ਦਰਬਾਨ ਡਿਊਟੀ ਉਤੇ ਸੀ। ਸਾਨੂੰ ਪਤਾ ਲੱਗਾ ਕਿ ਸੁਲਤਾਨ ਦੇ ਸਾਰੇ ਮਹਿਲਾਂ ਦੀ ਰਾਖੀ ਵਾਸਤੇ ਉਹਨੇ ਵੱਖਰੀ ਸੈਨਾ ਬਣਾਈ ਹੋਈ ਸੀ। ਇਸ ਨੂੰ ‘ਜਾਨਿਸਾਰੀ’ ਫੌਜ ਕਹਿੰਦੇ ਸਨ। ਭਾਰਤੀ ਉਰਦੂ ਭਾਸ਼ਾ ਵਿਚ ‘ਜਾਨ ਨਿਛਾਵਰ’ ਕਰਨ ਵਾਲੇ ਸ਼ਬਦ ਦਾ ਅਰਥ ਵੀ ਇਹੋ ਹੈ।
ਇਸ ਫੌਜ ਵਿਚ ਕੋਈ ਆਮ ਤੁਰਕਿਸ਼ ਸ਼ਹਿਰੀ ਭਰਤੀ ਨਹੀਂ ਸੀ ਹੋ ਸਕਦਾ। ਇਸ ਵਿਚ ਭਰਤੀ ਹੋਣ ਵਾਲੇ ਨੌਜਵਾਨ ਅਸਲ ਵਿਚ ਇਸਾਈ ਪਰਿਵਾਰਾਂ ਦੇ ਮੁੰਡੇ ਹੁੰਦੇ ਸਨ। ਤੁਰਕਿਸ਼ ਸਾਮਰਾਜ ਵਿਚ ਘੱਟ-ਗਿਣਤੀਆਂ ਨੂੰ ‘ਜਜ਼ੀਆ ਟੈਕਸ’ ਤਾਂ ਦੇਣਾ ਹੀ ਪੈਂਦਾ ਸੀ, ਇਸ ਤੋਂ ਬਿਨਾ ਇਸਾਈ ਪਰਿਵਾਰਾਂ ਨੂੰ ਆਪਣਾ ਇਕ ਮੁੰਡਾ ਵੀ ਸੁਲਤਾਨ ਦੀ ਫੌਜ ਲਈ ਦੇਣਾ ਪੈਂਦਾ ਸੀ। ਸੁਲਤਾਨ ਦੇ ਫੌਜੀ ਜਬਰਨ ਬੱਚਿਆਂ ਨੂੰ ਲੈ ਜਾਂਦੇ। ਉਨ੍ਹਾਂ ਦਾ ਧਰਮ ਬਦਲ ਕੇ ਮੁਸਲਮਾਨ ਬਣਾ ਕੇ ਉਨ੍ਹਾਂ ਨੂੰ ਫੌਜੀ ਟਰੇਨਿੰਗ ਦਿੱਤੀ ਜਾਂਦੀ। ਬੱਚਿਆਂ ਨੂੰ ਪਰਿਵਾਰਾਂ ਤੋਂ ਵਿਛੋੜ ਕੇ ਜ਼ਿੰਦਗੀ ਭਰ ਆਪਣੇ ਮਾਂ-ਬਾਪ ਨੂੰ ਮਿਲਣ ਦੀ ਆਗਿਆ ਨਹੀਂ ਸੀ। ਟਰੇਨਿੰਗ ਬਾਅਦ ਇਨ੍ਹਾਂ ਨੂੰ ਸੁਲਤਾਨ ਦੀ ਜ਼ਾਤੀ ਫੌਜ ਵਿਚ ਲਿਆ ਜਾਂਦਾ। ਵੱਡੇ-ਵੱਡੇ ਅਹੁਦਿਆਂ ‘ਤੇ ਲਾਉਂਦੇ। ਕਈ ਵਾਰੀ ‘ਜਾਨਿਸਾਰੀ ਫੌਜੀ’ ਸੂਬਿਆਂ ਦੇ ਵੱਡੇ ਗਵਰਨਰ ਅਤੇ ਫੌਜੀ ਕਮਾਂਡਰ ਵੀ ਬਣਦੇ।
ਮੈਨੂੰ ਖਿਆਲ ਆਇਆ ਕਿ ਕੁਝ ਸਾਲ ਪਹਿਲਾਂ ਬਾਲਕਿਨ ਦੇਸ਼ਾਂ ਦੀ ਯਾਤਰਾ ਸਮੇਂ ਸਾਡੀ ਗਾਈਡ ਡੂਬੀ ਨੇ ‘ਜਾਂਨਿਸਾਰੀਆਂ’ ਦੀ ਪੂਰੀ ਕਹਾਣੀ ਸੁਣਾਈ ਸੀ। ਉਹਨੇ ਸਰਬੀਅਨ ਲੇਖਕ ਆਈਵੋ ਐਂਦਰਿਕ ਦੇ ਨਾਵਲ ‘ਦਿ ਬ੍ਰਿੱਜ ਆਨ ਰਿਵਰ ਦਰੀਨਾ’ ਦਾ ਜ਼ਿਕਰ ਵੀ ਕੀਤਾ ਸੀ। ਇਸ ਦੀ ਕਹਾਣੀ ਵਿਰਲਾਪ ਕਰਦੀ ਉਸ ਮਾਂ ਦੀ ਕਹਾਣੀ ਹੈ, ਜੋ ਆਪਣੇ ਪੁੱਤ ਦੀ ਜਾਨ ਦੀ ਭੀਖ ਮੰਗਦੀ ਤੁਰਕਿਸ਼ ਫੌਜੀਆਂ ਮਗਰ ਦਰੀਨਾ ਦਰਿਆ ਦੇ ਪੁਲ ਤਕ ਜਾਂਦੀ ਹੈ ਪਰ ਰੋਂਦੀ ਵਿਰਲਾਪ ਕਰਦੀ ਮੁੜ ਆਉਂਦੀ ਹੈ ਤੇ ਉਹਦਾ ਪੁੱਤ ਉਹਦੇ ਕੋਲੋਂ ਹਮੇਸ਼ਾ ਲਈ ਖੁੱਸ ਜਾਂਦਾ ਹੈ। ਇਹ ਦਰਿਆ ਬਾਲਕਿਨ ਦੇਸ਼ ਕਰੋਸ਼ੀਆ ਵਿਚ ਪੈਂਦਾ ਹੈ। ਸਾਡੀ ਯਾਤਰਾ ਸਮੇਂ ਸਾਡੀ ਕੋਚ ਇਥੇ ਖੜ੍ਹਾਈ ਗਈ ਸੀ ਅਤੇ ਅਸੀਂ ਉਹ ਪੁਲ ਦੇਖਿਆ ਸੀ।
ਇਸਤੂੰਬਲ ਵਿਚ ਸੈਂਕੜੇ ਇਤਿਹਾਸਕ ਇਮਾਰਤਾਂ ਹਨ। ਸਭ ਤੋਂ ਅਹਿਮ 537 ਵਿਚ ਬਣਾਇਆ ਵੱਡਾ ਗਿਰਜਾ ‘ਹੈਗੀਆ ਸੋਫੀਆ’ ਹੈ। ਇਹ ਇਸਾਈ ਰਾਜੇ ਨੇ ਆਪਣੀ ਮਾਤਾ ਸੋਫੀਆ ਦੀ ਸ਼ਾਨ ਵਿਚ ਬਣਵਾਇਆ ਸੀ ਅਤੇ ਇਹਦਾ ਨਾਂ ਰੱਖਿਆ, ‘ਮਾਤਾ ਸੋਫੀਆ ਦਾ ਵਿਵੇਕ’। ਸੁਲਤਾਨਾਂ ਨੇ 1453 ਵਿਚ ਇਸ ਨੂੰ ਮਸਜਿਦ ਬਣਾ ਦਿੱਤਾ ਸੀ ਪਰ ਅੱਤਾਤੁਰਕ ਨੇ 1936 ਵਿਚ ਯੂਰਪੀ ਦੇਸ਼ਾਂ ਨਾਲ ਚੰਗੇ ਸਬੰਧ ਬਣਾਉਣ ਖਾਤਰ ਇਸ ਨੂੰ ਅਜਾਇਬਘਰ ਬਣਾ ਦਿੱਤਾ। ਉਂਜ, ਅੱਜ ਵੀ ਗਿਰਜੇ ਦੀਆਂ ਕੰਧਾਂ ਅਤੇ ਛੱਤ ਤੋਂ ਪਤਾ ਲਗਦਾ ਹੈ ਕਿ ਰੋਗਨ ਕਰਕੇ ਇਸਾਈ ਮੱਤ ਦੇ ਚਿੱਤਰ ਢਕ ਦਿੱਤੇ ਗਏ ਹਨ।
ਨੀਲੀ ਮਸਜਿਦ ਬਹੁਤ ਵੱਡੀ ਖੂਬਸੂਰਤ ਮਸਜਿਦ ਹੈ ਜਿਸ ਦੇ ਆਸੇ-ਪਾਸੇ ਬਹੁਤ ਵੱਡਾ ਪਾਰਕ ਹੈ। ਹਿਪੋਡਰੋਮ ਦੀ ਇਮਾਰਤ ਇਕ ਸਟੇਡੀਅਮ ਹੈ ਜਿਥੇ ਇਕ ਲੱਖ ਦਰਸ਼ਕ ਬੈਠ ਸਕਦੇ ਹਨ। ਪੰਦਰ੍ਹਵੀਂ ਸਦੀ ਵਿਚ ਤੁਰਕੀ ਦੇ ਨਵੇਂ ਹਾਕਮਾਂ ਨੇ ‘ਗਰੈਂਡ ਬਾਜ਼ਾਰ’ ਬਣਾਇਆ। ਇਹ ਇਮਾਰਤ ਵਾਕਿਆ ਹੀ ਸ਼ਾਹੀ ਗਰੈਂਡ ਹੈ। ਕਰੀਬ ਚਾਰ ਹਜ਼ਾਰ ਦੁਕਾਨਾਂ ਅਤੇ 65 ਗਲੀਆਂ ਵਿਚ ਫੈਲਿਆ ਹੋਇਆ ਹੈ। ਦੁਕਾਨਾਂ ਹਰ ਤਰ੍ਹਾਂ ਦੀਆਂ। ਨਾਂ ਲਵੋ, ਹਰ ਤਰ੍ਹਾਂ ਦੇ ਰੈਸਟੋਰੈਂਟ ਮਿਲਦੇ ਹਨ। ਬਾਜ਼ਾਰ ਦੀਆਂ ਭੀੜੀਆਂ ਗਲੀਆਂ ਅੰਦਰ ਤੁਰ ਪਉ ਤਾਂ ਹੌਲੀ-ਹੌਲੀ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ; ਪਤਾ ਨਹੀਂ ਲਗਦਾ ਕਿ ਕਿਹੜਾ ਪਾਸਾ ਉਤਰ ਜਾਂ ਦੱਖਣ ਹੈ, ਬਾਹਰ ਕਿਧਰ ਦੀ ਨਿਕਲਣਾ ਹੈ। ਕਈ ਦੁਕਾਨਾਂ ਦਿੱਲੀ ਦੇ ਪਾਲਿਕਾ ਬਾਜ਼ਾਰ ਵਾਂਗ ਉਘੜ-ਦੁਘੜੀਆਂ ਹਨ। ਸ਼ਹਿਰ ਵਿਚ ਟਰੈਮਾਂ ਵੀ ਚੱਲਦੀਆਂ ਹਨ। ਤਕਸੀਮ ਸਕੁਏਅਰ ਬਹੁਤ ਵੱਡਾ ਚੌਰਾਹਾ ਹੈ ਜਿਥੇ ਕਈ ਵਾਰੀ ਵੱਡੇ ਸਿਆਸੀ ਮਾਰਚ ਹੁੰਦੇ ਹਨ। ਸੜਕਾਂ ਬਾਜ਼ਾਰਾਂ ਦਾ ਢੰਗ ਯੂਰਪ ਨਾਲ ਮਿਲਦਾ-ਜੁਲਦਾ ਹੈ, ਬੇਸ਼ੱਕ ਪੂਰਾ ਨੇਮਬੰਦ ਨਹੀਂ।
ਬੌਸਫੋਰਸ ਦੀ ਖਾੜੀ ਦੇ ਪੱਛਮੀ ਕੰਢੇ ‘ਤੇ ਬਹੁਤ ਆਲੀਸ਼ਾਨ ਹਵੇਲੀਆਂ ਹਨ। ਸੁਲਤਾਨਾਂ ਨੇ ਵੀ ਆਪਣਾ ਨਵਾਂ ‘ਡੋਲਮਾਬਾਸ਼ ਸਰਾਇ’ ਮਤਲਬ ਮਹਿਲ ਬਣਾਇਆ। ਕਰੋੜਾਂ, ਅਰਬਾਂ ਦੇ ਸਰਮਾਏ ਨਾਲ ਬਣਾਇਆ ਇਹ ਮਹਿਲ ਸੋਨੇ, ਚਾਂਦੀ, ਹੀਰਿਆਂ ਨਾਲ ਲੱਦਿਆ ਹੋਇਆ ਸੀ। ਅੱਤਾਤੁਰਕ ਸੁਲਤਾਨਾਂ ਦੇ ਵੱਡੇ ਤੋਪਾਕਾਪੀ ਮਹਿਲ ਵਿਚ ਰਹਿਣ ਲਈ ਤਿਆਰ ਨਹੀਂ ਸੀ। ਉਹ ਇਸ ‘ਡੋਲਮਾਬਾਸ਼’ ਮਹਿਲ ਵਿਚ ਰਿਹਾ ਜਿਥੇ ਉਹ 10 ਨਵੰਬਰ 1938 ਨੂੰ 57 ਸਾਲ ਦੀ ਉਮਰ ਵਿਚ ਪੂਰਾ ਹੋ ਗਿਆ।
ਏਸ਼ੀਆ ਅਤੇ ਯੂਰਪੀ ਮਹਾਂਦੀਪਾਂ ਵਿਚਾਲੇ ਸਥਿਤ ਖਾੜੀ ਬਹੁਤ ਸੁੰਦਰ ਨਜ਼ਾਰਾ ਹੈ। ਦੋਹੀਂ ਪਾਸੀਂ ਉਚੇ ਹਰੇ ਪਹਾੜ। ਖਾੜੀ ਦਾ ਪਾਣੀ ਨੀਲਾ ਅਤੇ ਉਤੇ ਤਾਰਾਂ ਵਾਲਾ ਪੁਲ ਦਿਸਦਾ ਹੈ। ਇਸ ਖਾੜੀ ਨੂੰ ਕੰਟਰੋਲ ਕਰਨ ਲਈ ਕੌਮਾਂਤਰੀ ਤਾਕਤਾਂ ਕਈ ਸਦੀਆਂ ਤੋਂ ਦਾਅ-ਪੇਚ ਲੜਾਉਂਦੀਆਂ ਰਹੀਆਂ ਹਨ। ਰੂਸ, ਬਰਤਾਨੀਆ ਅਤੇ ਫਰਾਂਸ ਇਸ ਖੇਡ ਵਿਚ ਸਭ ਤੋਂ ਮੂਹਰੇ ਰਹੇ ਹਨ।
ਅਸਲ ਵਿਚ ਕਾਲੇ ਸਾਗਰ ਦੇ ਆਸੇ-ਪਾਸੇ ਸਾਰੇ ਦੇਸ਼ ਭਾਵ ਰੂਸ, ਯੂਕਰੇਨ, ਬੁਲਗਾਰੀਆ, ਰੁਮਾਨੀਆ ਆਦਿ ਇਸ ਖਾੜੀ ‘ਤੇ ਬਹੁਤ ਨਿਰਭਰ ਕਰਦੇ ਹਨ ਕਿਉਂਕਿ ਸਮੁੰਦਰ ਰਾਹੀਂ ਇਹੋ ਖਾੜੀ ਇਕੋ-ਇਕ ਰਾਹ ਹੈ ਜਿਸ ਰਾਹੀਂ ਉਹ ਦੂਰ ਦੇਸ਼ਾਂ ਵਿਚ ਕਿਤੇ ਵੀ ਆ-ਜਾ ਅਤੇ ਤਿਜਾਰਤ ਕਰ ਸਕਦੇ ਹਨ। ਤੁਰਕੀ ਦੇ ਸੁਲਤਾਨ ਇਹਨੂੰ ਕੰਟਰੋਲ ਕਰਕੇ ਇਨ੍ਹਾਂ ਦੇਸ਼ਾਂ ਤੋਂ ਲਾਭ ਉਠਾਉਣਾ ਚਾਹੁੰਦੇ ਸਨ ਪਰ ਤੁਰਕੀ ਦੀ ਕਮਜ਼ੋਰ ਹਾਲਤ ਕਰਕੇ ਇੰਜ ਨਾ ਹੋ ਸਕਿਆ। ਪਹਿਲੀ ਵੱਡੀ ਜੰਗ ਦੇ ਖਾਤਮੇ ਬਾਅਦ ਕੌਮਾਂਤਰੀ ਤਾਕਤਾਂ ਨੇ ਇਹ ਸੰਧੀ ਕਰ ਦਿੱਤੀ ਕਿ ਇਹ ਖਾੜੀ ਕੌਮਾਂਤਰੀ ਕੰਟਰੋਲ ਹੇਠ ਰਹੇਗੀ। ਤੁਰਕੀ ਸਿਵਾਇ ਆਪਣੇ ਦੇਸ਼ ਦੇ ਜਹਾਜਾਂ ਦੇ ਹੋਰ ਕਿਸੇ ਦੇਸ਼ ਦੇ ਜਹਾਜਾਂ ਨੂੰ ਰੋਕ ਨਹੀਂ ਸਕਦਾ।
ਅਸੀਂ ਜਹਾਜ ਵਿਚ ਬੈਠ ਕੇ ਖਾੜੀ ਦੀ ਸੈਰ ਕੀਤੀ। ਤੁਰਕੀ ਦੀ ਕੌਮੀ ਮਠਿਆਈ ਦਾ ਨਾਂ ‘ਤੁਰਕਿਸ਼ ਲਕੂਮ’ ਹੈ। ਇਹੋ ਮਠਿਆਈ ਯੂਨਾਨ ਅਤੇ ਸਾਈਪ੍ਰਸ ਦੇਸ਼ਾਂ ਵਿਚ ਵੀ ਇਸੇ ਤਰ੍ਹਾਂ ਬਣਦੀ-ਵਿਕਦੀ ਹੈ। ਖੰਡ ਅਤੇ ਜੈਲੀ ਦੀ ਬਣੀ ਇਸ ਮਠਿਆਈ ਨੂੰ ਹਰ ਸੈਲਾਨੀ ਖਰੀਦ ਕੇ ਨਿਸ਼ਾਨੀ ਦੇ ਤੌਰ ‘ਤੇ ਲਿਆਉਂਦਾ ਹੈ।
ਐਨਾ ਖੂਬਸੂਰਤ, ਐਨਾ ਪੁਰਾਤਨ ਦੇਸ਼! ਉਚੇ ਪਹਾੜਾਂ ਵਿਚਾਲੇ ਖੂਬਸੂਰਤ ਨਜ਼ਾਰਿਆਂ ਅਤੇ ਮਹਿਲਾਂ, ਮਸਜਿਦਾਂ ਦਾ ਦੇਸ਼। ਦਰਵੇਸ਼ਾਂ ਦੇ ਡੇਰੇ, ਬੈਲੀ ਡਾਂਸਿੰਗ, ਕੀ ਕੀ ਦੇਖ ਸਕਦਾ ਸੈਲਾਨੀ ਬੰਦਾ ਬਾਰ੍ਹਾਂ ਦਿਨਾਂ ਵਿਚ? ਸਾਰਾ ਦੇਸ਼ ਦੇਖਣ-ਸਮਝਣ ਲਈ ਤਾਂ ਕਈ ਸਾਲਾਂ ਦੀ ਲੋੜ ਹੈ ਪਰ ਅਸੀਂ ਬਾਰ੍ਹਾਂ ਦਿਨਾਂ ਵਿਚ ਜਿੰਨਾ ਕੁਝ ਦੇਖ ਸਕਦੇ, ਉਹਦੇ ਨਾਲ ਦਿਲ ਬਾਗੋ-ਬਾਗ ਸੀ।
(ਸਮਾਪਤ)