ਗੁਰਨਾਮ ਕੌਰ ਕੈਨੇਡਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦੁਨੀਆਂ ਦੇ ਧਰਮ ਗ੍ਰੰਥਾਂ ਵਿਚ ਇੱਕ ਅਦੁੱਤੀ ਸਥਾਨ ਹੈ। ਇਹ ਨਾ ਹੀ ਇਤਿਹਾਸ ਹੈ, ਨਾ ਹੀ ਮਿਥਿਹਾਸ; ਨਾ ਹੀ ਮੰਤਰਾਂ ਦਾ ਸੰਗ੍ਰਿਹ। ਇਸ ਦਾ ਵਿਸ਼ਾ ਅਧਿਆਤਮਕ ਅਨੁਭਵ ਹੈ ਜਿਸ ਨੂੰ ਕਾਵਿ-ਮਾਧਿਅਮ ਰਾਹੀਂ ਪ੍ਰਗਟ ਕੀਤਾ ਗਿਆ ਹੈ। ਇਹ ਬ੍ਰਹਿਮੰਡੀ ਪ੍ਰਬੰਧ ਦਾ ਦਰਸ਼ਨ ਅਤੇ ਉਚੇ ਜੀਵਨ ਦਾ ਪ੍ਰਬੋਧਨ ਹੈ। ਇਹ ਵਿਲੱਖਣ ਹੈ ਕਿਉਂਕਿ ਇਸ ਵਿਚ ਰੱਬ ਦੇ ਭਗਤਾਂ ਦੀ ਭਗਤੀ ਸ਼ਾਮਲ ਹੈ, ਜਿਨ੍ਹਾਂ ਨੇ ਦੈਵੀ ਸ਼ਬਦ ਨੂੰ ਅਤਿ ਦੀ ਹਲੀਮੀ ਅਤੇ ਮਾਨਵਤਾ ਪ੍ਰਤੀ ਦਇਆ ਵਿਚ ਸੰਚਾਰ ਕੀਤਾ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਮਹਿਜ਼ ਧਰਮ ਗ੍ਰੰਥ ਨਹੀਂ ਹੈ ਬਲਕਿ ਬਹੁਤ ਹੀ ਸਤਿਕਾਰਤ ਦਸਾਂ ਗੁਰੂਆਂ ਦਾ ਪ੍ਰਗਟ ਸਰੂਪ ਹੈ, ‘ਪਰਗਟ ਗੁਰਾਂ ਕੀ ਦੇਹਿ।Ḕ ਨਾਮ ਦਾ, ਸ਼ਬਦ ਦਾ ਭੰਡਾਰ ਹੋਣ ਦੇ ਨਾਤੇ ਇਹ ਸਿਰਫ ਆਮ ਸਤਿਕਾਰਯੋਗ ਹੀ ਨਹੀਂ ਬਲਕਿ ਇਸ ਦੀ ਉਪਾਸਨਾ ਕੀਤੀ ਜਾਂਦੀ ਹੈ।
ਸਿੱਖ ਸੰਗਤਾਂ ਦੇ ਧਾਰਮਿਕ ਇਕੱਠ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਸ਼੍ਰੋਮਣੀ ਹੁੰਦੀ ਹੈ, ਜਿਸ ਕਰਕੇ ਅੰਦਰ ਆਉਣ ਵਾਲਾ ਹਰ ਵਿਅਕਤੀ ਗੁਰੂ ਅੱਗੇ ਸਿਰ ਝੁਕਾਉਂਦਾ ਹੈ ਅਤੇ ਆਪਣੀ ਸਮਰੱਥਾ ਅਨੁਸਾਰ ਭੇਟਾ ਚੜ੍ਹਾਉਂਦਾ ਹੈ, ਜੋ ਸ਼ਰਧਾ ਅਨੁਸਾਰ ਇੱਕ ਪੈਸੇ ਦੀ ਨਿਮਾਣੀ ਜਿਹੀ ਭੇਟ ਤੋਂ ਲੈ ਕੇ, ਕੋਈ ਵਸਤੂ ਜਾਂ ਬਹੁਤ ਵੱਡੀ ਰਕਮ ਵੀ ਹੋ ਸਕਦੀ ਹੈ ਅਤੇ ਜਿਸ ਦਾ ਮਕਸਦ ਧਾਰਮਿਕ ਕੰਮਾਂ ਤੇ ਪਰਉਪਕਾਰੀ ਕਾਰਜਾਂ ਲਈ ਖਰਚਿਆ ਜਾਣਾ ਹੁੰਦਾ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਭੇਟਾ ਗੁਰੂ ਲਈ ਹੈ।
ਜਿੱਥੇ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੁੰਦਾ ਹੈ, ਗੁਰੂ ਨੂੰ ਚੌਰ ਕੀਤਾ ਜਾਂਦਾ ਹੈ, ਕੀਰਤਨ ਕੀਤਾ ਜਾਂਦਾ ਹੈ ਅਤੇ ਗੁਰ-ਮਰਿਆਦਾ ਅਨੁਸਾਰ ਬਾਕੀ ਧਾਰਮਿਕ ਰਸਮਾਂ ਨਿਭਾਈਆਂ ਜਾਂਦੀਆਂ ਹਨ, ਉਸ ਖਾਸ ਸਮੇਂ ਲਈ ਉਹ ਸਥਾਨ ਗੁਰਦੁਆਰਾ ਹੁੰਦਾ ਹੈ, ਗੁਰੂ ਦਾ ਸਥਾਨ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਹਾਜ਼ਰ ਸੰਗਤਾਂ ਨੇ ਹੱਥ ਜੋੜ ਕੇ ਇਕਾਗਰ-ਚਿੱਤ ਹੋ ਕੇ ਬੈਠਣਾ ਹੁੰਦਾ ਹੈ ਤਾਂਕਿ ਸ਼ਬਦ ‘ਤੇ ਧਿਆਨ ਧਰਿਆ ਜਾਵੇ, ਗੁਰੂ ਦੇ ਸ਼ਬਦ ਨੂੰ ਸਤਿਕਾਰ ਸਹਿਤ ਸੁਣਿਆ ਤੇ ਮਨ ਵਿਚ ਵਸਾਇਆ ਜਾ ਸਕੇ। ਕਿਉਂਕਿ ਇਹ ਮਹਿਜ਼ ਧਾਰਮਿਕ ਗ੍ਰੰਥ ਨਹੀਂ ਹੈ, Ḕਜਾਗਤ ਜੋਤਿḔ ਹੈ, ਇਸ ਲਈ ਗੁਰੂ ਦੀ ਹਾਜ਼ਰੀ ਵਿਚ ਪੂਰਾ ਸਤਿਕਾਰ ਕਾਇਮ ਰੱਖਣਾ ਹੁੰਦਾ ਹੈ। ਗੁਰੂ ਅੱਗੇ ਦੋਵੇਂ ਹੱਥ ਜੋੜ ਕੇ ਖੜੇ ਹੋ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਜਾਂਦੀ ਹੈ, ਭਾਵੇਂ ਖੁਸ਼ੀ ਦਾ ਮੌਕਾ ਹੋਵੇ ਤੇ ਭਾਵੇਂ ਕਿਸੇ ਵਿਛੜ ਗਈ ਰੂਹ ਦੀ ਆਤਮਾ ਦੀ ਸ਼ਾਂਤੀ ਮੰਗਣੀ ਹੋਵੇ। ਸਿੱਖ ਵਿਆਹ ਦੀ ਰਸਮ ਨੂੰ ਸੰਪੂਰਨ ਨਹੀਂ ਮੰਨਿਆ ਜਾਂਦਾ ਜੇ ਉਹ ਗੁਰੂ ਦੀ ਹਾਜ਼ਰੀ ਵਿਚ ਨਹੀਂ ਹੁੰਦੀ। ਲਾਵਾਂ ਦੇ ਪਾਠ ਵਿਚੋਂ ਗ੍ਰਹਿਸਥੀ ਜੀਵਨ ਵਿਚ ਆਉਣ ਵਾਲੇ ਹਰ ਤਰ੍ਹਾਂ ਦੇ ਹਾਲਾਤ ਨਾਲ ਸਿੱਝਣ ਲਈ Ḕਏਕ ਜੋਤਿ ਦੋਇ ਮੂਰਤੀḔ ਦੀ ਇੱਕਸੁਰਤਾ ਨਾਲ ਮਿਲ ਬੈਠ ਕੇ ਜੀਵਨ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਦਾ ਉਪਦੇਸ਼ ਮਿਲਦਾ ਹੈ। ਜਿੱਥੇ ਵੀ ਸਿੱਖ ਭਾਈਚਾਰਾ ਸਾਂਝੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਜਾਂ ਭਾਈਚਾਰੇ ਦੇ ਸਾਂਝੇ ਭਲਾਈ ਦੇ ਕਾਰਜਾਂ ਲਈ ਇਕੱਠਾ ਹੁੰਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਜਿਸ ਦਾ ਅਰਥ ਹੈ, ਗੁਰੂ ਦੀ ਬਾਣੀ ਦਾ ਓਟ-ਆਸਰਾ ਲੈਣਾ ਤੇ ਗੁਰੂ ਸ਼ਬਦ ਦੀ ਅਗਵਾਈ ਅਨੁਸਾਰ ਫੈਸਲਾ ਕਰਨਾ।
ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਬਾਣੀ ਨੂੰ ਰੱਬੀ ਬਾਣੀ ਜਾਂ Ḕਧੁਰਿ ਕੀ ਬਾਣੀḔ ਮੰਨਿਆ ਗਿਆ ਹੈ। ਇਹ ਸ਼ੁਰੂ ਤੋਂ ਅਖੀਰ ਤੱਕ ਤੁਕਾਂਤ ਜਾਂ ਛੰਦਾਂ ਦੇ ਰੂਪ ਵਿਚ ਹੈ, ਜਿਸ ਨੂੰ ਉਤਰੀ ਭਾਰਤ ਵਿਚ ਪ੍ਰਚਲਿਤ ਭਾਰਤੀ ਰਾਗਾਂ ਦੇ ਸਿਧਾਂਤਾਂ ਅਨੁਸਾਰ ਆਧੁਨਿਕ ਸ਼ਾਸਤਰੀ ਰਾਗਾਂ ਵਿਚ ਨਿਰਧਾਰਤ ਕੀਤਾ ਹੋਇਆ ਹੈ। ਇਸ ਦੀ ਬੋਲੀ ਮੱਧਯੁਗੀ ਸੰਧੂਕੜੀ ਭਾਸ਼ਾ ਹੈ ਜਿਸ ਵਿਚ ਪੰਜਾਬੀ ਦੇ ਬੋਲੇ ਜਾਣ ਵਾਲੇ ਵੱਖਰੇ ਵੱਖਰੇ ਰੂਪ ਹਨ। ਇਸ ਵਿਚ ਵਰਤੀ ਗਈ ਸ਼ਬਦਾਵਲੀ ਵਿਚ ਭਾਰਤ ਦੀਆਂ ਭਾਸ਼ਾਈ-ਰਵਾਇਤਾਂ ਸ਼ਾਮਲ ਹਨ ਜਿਸ ਵਿਚ ਭਾਰਤ ਦੇ ਵੱਖ ਵੱਖ ਇਲਾਕਿਆਂ ਦੀਆਂ ਬੋਲੀਆਂ ਵਿਚੋਂ ਆਏ ਸ਼ਬਦਾਂ ਦੇ ਨਾਲ ਨਾਲ ਕਈ ਫਾਰਸੀ ਅਤੇ ਅਰਬੀ ਦੇ ਸ਼ਬਦ ਵੀ ਹਨ ਜੋ 15ਵੀ, 16ਵੀਂ ਅਤੇ 17ਵੀਂ ਸਦੀ ਵਿਚ ਗੁਰੂ ਸਾਹਿਬਾਨ ਦੇ ਸਮੇਂ ਆਮ ਬੋਲੀ ਦਾ ਹਿੱਸਾ ਬਣ ਚੁਕੇ ਸਨ। ਅਰਬੀ ਤੇ ਫਾਰਸੀ ਦੋਵੇਂ ਬੋਲੀਆਂ ਬਾਹਰੋਂ ਆਏ ਮੁਸਲਿਮ ਹਮਲਾਵਰਾਂ ਤੇ ਬਾਦਸ਼ਾਹਾਂ ਨਾਲ ਆਈਆਂ ਜੋ ਆਮ ਭਾਰਤੀ ਮੁਹਾਵਰੇ ਵਿਚ ਸਥਾਪਤ ਹੋ ਗਈਆਂ ਅਤੇ ਜਿਨ੍ਹਾਂ ਦੇ ਸ਼ਬਦਾਂ ਦੀ ਵਰਤੋਂ ਗੁਰੂ ਸਾਹਿਬਾਨ ਨੇ ਆਪਣੇ ਰੱਬੀ ਸੁਨੇਹੇ ਦੇ ਸਰਬਵਿਆਪਕ ਚਰਿਤਰ ਨੂੰ ਦਰਸਾਉਣ ਲਈ ਕੀਤੀ, ਜੋ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇੱਕੋ ਜਿਹਾ ਸੰਬੋਧਿਤ ਸੀ।
ਗੁਰੂ ਨਾਨਕ ਸਾਹਿਬ (1469-1539) ਨੂੰ ਸਮੇਂ ਸਮੇਂ ਰੱਬੀ ਇੱਕਸੁਰਤਾ ਵਿਚ ਸੱਚ ਦਾ ਜੋ ਅਨੁਭਵ ਹੋਇਆ, ਉਸ ਨੂੰ ਉਨ੍ਹਾਂ ਨੇ ਬਾਣੀ ਦੇ ਰੂਪ ਵਿਚ ਪ੍ਰਗਟ ਕੀਤਾ ਅਤੇ ਲਿਖਤੀ ਰੂਪ ਵਿਚ ਸਾਂਭਿਆ। ਮੰਨਿਆ ਜਾਂਦਾ ਹੈ ਕਿ ਆਪਣੀਆਂ ਚਾਰ ਉਦਾਸੀਆਂ ਦੌਰਾਨ ਉਨ੍ਹਾਂ ਨੇ ਕੁਝ ਭਗਤ ਬਾਣੀ ਵੀ ਇਕੱਠੀ ਕੀਤੀ। ਜਦੋਂ 1539 ਵਿਚ ਉਨ੍ਹਾਂ ਨੇ ਇਸ ਸੰਸਾਰ ਨੂੰ ਛੱਡਣ ਤੋਂ ਪਹਿਲਾਂ ਭਾਈ ਲਹਿਣਾ ਜੀ ਨੂੰ ਆਪਣਾ ਉਤਰਾਧਿਕਾਰੀ ਥਾਪ ਕੇ ਭਾਈ ਲਹਿਣਾ ਤੋਂ ਗੁਰੂ ਅੰਗਦ ਬਣਾਇਆ ਤਾਂ ਗੁਰਗੱਦੀ ਸੌਂਪਣ ਦੇ ਨਾਲ ਹੀ ਬਾਣੀ ਦੀ ਵੀ ਪੋਥੀ ਦੇ ਰੂਪ ਵਿਚ ਉਨ੍ਹਾਂ ਨੂੰ ਸੌਂਪਣਾ ਕੀਤੀ ਤਾਂ ਕਿ ਉਹ ਇਸ ਨੂੰ ਵਿਰਾਸਤ ਰੂਪ ਵਿਚ ਸਾਂਭਣ ਅਤੇ ਇਸ ਵਿਚ ਪ੍ਰਾਪਤ ਉਪਦੇਸ਼ਾਂ ਨੂੰ ਸਮੁੱਚੀ ਮਾਨਵਤਾ ਵਿਚ ਪ੍ਰਚਾਰਨ।
ਇਸ ਤਰ੍ਹਾਂ ਇਸ ਪਰੰਪਰਾ ਜ਼ਰੀਏ ਬਾਣੀ ਗੁਰੂ ਅੰਗਦ ਦੇਵ (1503 ਤੋਂ 1552 ਈ.), ਗੁਰੂ ਅਮਰਦਾਸ (1476-1574), ਗੁਰੂ ਰਾਮਦਾਸ (1534-1581) ਅਤੇ ਗੁਰੂ ਅਰਜਨ ਦੇਵ (1563-1606) ਤੱਕ ਪਹੁੰਚੀ। ਗੁਰੂ ਅਮਰਦਾਸ ਗੁਰਗੱਦੀ ‘ਤੇ 1552 ਈਸਵੀ ਤੋਂ 1574 ਈ. ਤੱਕ ਬਿਰਾਜਮਾਨ ਰਹੇ ਅਤੇ ਉਨ੍ਹਾਂ ਨੇ ਆਪਣੇ ਅਧਿਆਤਮਕ ਅਨੁਭਵ ਵਿਚ ਬਾਣੀ ਦੀ ਕਾਫੀ ਰਚਨਾ ਕੀਤੀ ਤੇ ਭਗਤ ਬਾਣੀ ਵੀ ਇਕੱਠੀ ਕੀਤੀ। ਇਸ ਤਰ੍ਹਾਂ ਗੁਰੂ ਅਮਰਦਾਸ ਤੋਂ ਚੌਥੇ ਗੁਰੂ ਰਾਮਦਾਸ ਤੱਕ ਅਤੇ ਗੁਰੂ ਰਾਮ ਦਾਸ ਤੋਂ ਪੰਜਵੇਂ ਗੁਰੂ ਅਰਜਨ ਦੇਵ ਤੱਕ ਸਮੇਤ ਉਨ੍ਹਾਂ ਦੀ ਆਪਣੀ ਬਾਣੀ ਦੇ ਗੁਰਗੱਦੀ ਦੇ ਨਾਲ ਹੀ ਪੋਥੀਆਂ ਦੇ ਰੂਪ ਵਿਚ ਬਾਣੀ ਸੌਂਪੀ ਜਾਂਦੀ ਰਹੀ।
ਗੁਰੂ ਅਰਜਨ ਦੇਵ ਨੇ ਆਪ ਬਾਣੀ ਰਚੀ, ਆਪਣੇ ਪੂਰਵਜ ਗੁਰੂਆਂ ਅਤੇ ਉਨ੍ਹਾਂ ਰਾਹੀਂ ਇਕੱਤਰ ਕੀਤੀ ਭਗਤ ਬਾਣੀ ਦੇ ਨਾਲ ਨਾਲ ਭੱਟਾਂ ਦੇ ਸਵਈਏ ਸ਼ਾਮਲ ਕਰਕੇ ਭਾਈ ਗੁਰਦਾਸ ਦੇ ਹੱਥੀਂ ਲਿਖਵਾ ਕੇ ‘ਗ੍ਰੰਥ ਸਾਹਿਬ’ ਦੀ ਪਹਿਲੀ ਬੀੜ ਤਿਆਰ ਕੀਤੀ ਜਿਸ ਨੂੰ ਪਹਿਲਾਂ ਪਹਿਲ ‘ਪੋਥੀ ਸਾਹਿਬ’ ਵੀ ਕਿਹਾ ਜਾਂਦਾ ਸੀ। ਇਸ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਚ 1604 ਈਸਵੀ ਵਿਚ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਸੇਵਾ-ਸੰਭਾਲ ਦਾ ਕਾਰਜ ਸੌਂਪ ਕੇ ਪਹਿਲਾ ਗ੍ਰੰਥੀ ਥਾਪਿਆ। ਗੁਰੂ ਗ੍ਰੰਥ ਸਾਹਿਬ ਦੀ ਸੰਸਾਰ ਧਰਮ ਗ੍ਰੰਥਾਂ ਵਿਚ ਇਹ ਇੱਕ ਵਿਲੱਖਣਤਾ ਹੈ ਕਿ ਸਾਰੀ ਬਾਣੀ ਨੂੰ ਉਤਰੀ ਭਾਰਤ ਵਿਚ ਪ੍ਰਚਲਿਤ ਇਕੱਤੀ ਰਾਗਾਂ ਵਿਚ ਤਰਤੀਬ ਦਿੱਤੀ ਗਈ ਹੈ। ਗੁਰੂ ਅਰਜਨ ਦੇਵ ਨੇ ਆਪ ‘ਗ੍ਰੰਥ ਸਾਹਿਬ’ ਤੋਂ ਹਮੇਸ਼ਾ ਨੀਵਾਂ ਆਸਣ ਗ੍ਰਹਿਣ ਕੀਤਾ ਜਿਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੇ ਗੁਰੂ-ਸਰੀਰ ਨਾਲੋਂ ਗੁਰੂ-ਸ਼ਬਦ ਨੂੰ ਵੱਧ ਮਹੱਤਤਾ ਦਿੱਤੀ। ਗੁਰੂ ਗੋਬਿੰਦ ਸਿੰਘ ਨੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ (1622-1675) ਦੀ ਬਾਣੀ ਸ਼ਾਮਲ ਕਰਕੇ ‘ਗ੍ਰੰਥ ਸਾਹਿਬ’ ਨੂੰ ਸੰਪੂਰਨ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕਾਂ ਵਿਚ ਸ਼ਾਮਲ ਇੱਕ ਸਲੋਕ ਬਾਰੇ ਕਿਹਾ ਜਾਂਦਾ ਹੈ ਕਿ ਇਹ ਦਸਵੇਂ ਗੁਰੂ ਦਾ ਹੈ।
ਦਸਵੇਂ ਅਤੇ ਆਖਰੀ ਸਰੀਰਕ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਨਾਂਦੇੜ ਵਿਖੇ 1708 ਈਸਵੀ ਨੂੰ ਆਉਣ ਵਾਲੇ ਸਦੀਵ ਸਮਿਆਂ ਵਾਸਤੇ ਬਾਕਾਇਦਾ ਪਰੰਪਰਾ ਅਨੁਸਾਰ ਗੁਰਗੱਦੀ Ḕਗ੍ਰੰਥ ਸਾਹਿਬ’ ਨੂੰ ਸੌਂਪ ਕੇ ਸਿੱਖ ਪੰਥ ਦਾ ਗੁਰੂ ਥਾਪ ਦਿੱਤਾ। ਇਸ ਤਰ੍ਹਾਂ ‘ਗ੍ਰੰਥ ਸਾਹਿਬ’ ਨੂੰ ‘ਗੁਰੂ ਗ੍ਰੰਥ ਸਾਹਿਬ’ ਦਾ ਦਰਜਾ ਗੁਰਗੱਦੀ ਦੇ ਕੇ ਪ੍ਰਦਾਨ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ ਹੈ ਕਿ ਇਸ ਦਾ ਸੰਕਲਨ ਗੁਰੂ ਸਾਹਿਬਾਨ ਨੇ ਆਪਣੇ ਜੀਵਨ-ਕਾਲ ਵਿਚ ਕੀਤਾ ਅਤੇ ਆਪਣੇ ਹੱਥੀਂ ਦਸਵੇਂ ਅਤੇ ਆਖਰੀ ਸਰੀਰਕ ਗੁਰੂ ਨੇ ਗੁਰਗੱਦੀ ਸੌਂਪੀ। ਇਸ ਤਰ੍ਹਾਂ ਸਿੱਖ ਪੰਥ ਨੂੰ ਇਹ ਵੀ ਹੁਕਮ ਕੀਤਾ ਕਿ ਭਵਿੱਖ ਵਿਚ ਅਗਵਾਈ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਲੈਣੀ ਹੈ।
ਗੁਰੂ ਗ੍ਰੰਥ ਸਾਹਿਬ ਹੀ ਇੱਕੋ ਇੱਕ ਅਜਿਹਾ ਧਰਮ ਗ੍ਰੰਥ ਹੈ ਜਿਸ ਵਿਚ ਇਸ ਦੇ ਬਾਨੀ ਗੁਰੂਆਂ ਤੋਂ ਇਲਾਵਾ ਭਗਤ ਕਬੀਰ, ਨਾਮਦੇਵ, ਤ੍ਰਿਲੋਚਨ, ਰਵਿਦਾਸ, ਸਧਨਾ, ਸੈਣ, ਬਾਬਾ ਸੁੰਦਰ, ਸੂਰਦਾਸ, ਜੈਦੇਵ, ਧੰਨਾ, ਪਰਮਾਨੰਦ, ਪੀਪਾ, ਸ਼ੇਖ ਫਰੀਦ, ਸੱਤਾ ਤੇ ਬਲਵੰਡ, ਭਿੱਖਾ, ਮਰਦਾਨਾ, ਰਾਮਾ ਨੰਦ ਅਤੇ ਭੱਟਾਂ ਦੀ ਬਾਣੀ ਸ਼ਾਮਲ ਕੀਤੀ ਗਈ ਹੈ, ਜਿਨ੍ਹਾਂ ਦੀ ਵਿਚਾਰਧਾਰਾ ਗੁਰੂਆਂ ਦੀ ਆਪਣੀ ਵਿਚਾਰਧਾਰਾ ਨਾਲ ਮੇਲ ਖਾਂਦੀ ਸੀ ਅਤੇ ਉਨ੍ਹਾਂ ਸੰਤਾਂ-ਭਗਤਾਂ ਦੀ ਬਾਣੀ ਨੂੰ ਵੀ ਸ਼ਬਦ ਗੁਰੂ ਦਾ ਹਿੱਸਾ ਹੋਣ ਕਰਕੇ ਉਨਾ ਹੀ ਸਤਿਕਾਰ ਪ੍ਰਾਪਤ ਹੈ। ਇਹ ਸੰਤ ਅਤੇ ਭਗਤ ਭਾਈਚਾਰਕ ਤੌਰ ‘ਤੇ ਹਿੰਦੂ ਅਤੇ ਮੁਸਲਮਾਨ-ਦੋਵਾਂ ਧਰਮਾਂ, ਵੈਸ਼ਨਵ ਭਗਤੀ ਪਰੰਪਰਾ ਅਤੇ ਇਸਲਾਮ ਦੀ ਸੂਫੀ ਪਰੰਪਰਾ ਨਾਲ ਸਬੰਧਤ ਹਨ। ਇਹ ਬਹੁਤ ਵਿਲੱਖਣ ਤੱਥ ਹੈ, ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਬਾਣੀ ਦਾ। ਇਨ੍ਹਾਂ ਸੰਤਾਂ ਅਤੇ ਭਗਤਾਂ ਵਿਚੋਂ ਕਈਆਂ ਦਾ ਸਮਾਂ ਸਿੱਖ ਗੁਰੂ ਸਹਿਬਾਨ ਤੋਂ ਬਹੁਤ ਪਹਿਲਾਂ ਦਾ ਹੈ। ਇਸ ਤਰ੍ਹਾਂ ਇਨ੍ਹਾਂ ਭਗਤਾਂ ਅਤੇ ਸੰਤਾਂ ਦਾ ਸਮਾਂ ਇਤਿਹਾਸਕ ਤੌਰ ‘ਤੇ ਕਾਫੀ ਲੰਬਾ ਹੈ; ਭਗਤ ਜੈਦੇਵ (1170) ਤੋਂ ਸ਼ੁਰੂ ਹੋ ਕੇ ਕਬੀਰ ਤੱਕ (1440-1518) ਅਤੇ ਬਾਬਾ ਸ਼ੇਖ ਫਰੀਦ (1173-1266) ਅਤੇ ਇਸ ਤੋਂ ਬਿਨਾ ਹੋਰ ਸੰਤ-ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ, ਦੇ ਸਹੀ ਸਮੇਂ ਦੀ ਸਾਡੇ ਕੋਲ ਜਾਣਕਾਰੀ ਨਹੀਂ ਹੈ।
ਸਿਰਫ ਤੇ ਸਿਰਫ ਵਿਚਾਰਧਾਰਕ ਸਾਂਝ ਦੇ ਆਧਾਰ ‘ਤੇ ਬਾਣੀ ਸ਼ਾਮਲ ਕੀਤੀ ਗਈ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਵੇਲੇ ਦੇ ਹੋਰ ਵੀ ਬਹੁਤ ਸਾਰੇ ਸੰਤ ਜਾਂ ਭਗਤ ਹਨ ਜਿਨ੍ਹਾਂ ਦੀ ਬਾਣੀ ਸ਼ਾਮਲ ਨਹੀਂ ਕੀਤੀ ਗਈ, ਜਿਸ ਦਾ ਅਰਥ ਇਹੀ ਹੈ ਕਿ ਉਨ੍ਹਾਂ ਦੀ ਵਿਚਾਰਧਾਰਾ ਗੁਰਮਤਿ ਫਲਸਫੇ ਨਾਲ ਮੇਲ ਨਹੀਂ ਸੀ ਖਾਂਦੀ।
ਭਗਤੀ ਕਾਲ ਇੱਕ ਤਰ੍ਹਾਂ ਨਾਲ ਉਹ ਸਮਾਂ ਹੈ ਜਦੋਂ ਪੁਰਾਣੀਆਂ ਰੂੜ੍ਹੀਵਾਦੀ ਅਤੇ ਕਰਮਕਾਂਡੀ ਪਰੰਪਰਾਵਾਂ ਖੇਰੂੰ ਖੇਰੂੰ ਹੋ ਰਹੀਆਂ ਸਨ ਅਤੇ ਨਵੇਂ ਉਠ ਰਹੇ ਮਾਨਵਤਾਵਾਦ ਦਾ ਧਾਰਮਿਕ ਪੁਨਰਜਾਗਰਣ ਕਾਇਮ ਹੋ ਰਿਹਾ ਸੀ। ਇਸ ਦੀ ਵਜ੍ਹਾ ਇਹ ਜਾਪਦੀ ਹੈ ਕਿ ਪੁਰਾਣੀ ਪਰੰਪਰਾ ਵਿਚੋਂ ਜਿਸ ਖੋਖਲੀ ਅਤੇ ਜੜ੍ਹ ਹੋ ਚੁਕੀ ਪਰੰਪਰਾ ਦਾ ਉਹ ਆਦੀ ਹੋ ਗਿਆ ਸੀ, ਮਨੁੱਖ ਦੀ ਅਗਵਾਈ ਕਰਨ ਅਤੇ ਸਾਂਤਵਨਾ ਦੇਣ ਦੀ ਉਪਯੋਗਤਾ ਅਤੇ ਪ੍ਰਭਾਵਿਕਤਾ ਦੀ ਉਮੀਦ ਖਤਮ ਹੋ ਗਈ ਸੀ। ਨਵੀਂ ਭਗਤੀ ਪਰੰਪਰਾ ਵਿਚ ਭਾਵੇਂ ਧੁੰਦਲਾ ਜਿਹਾ ਹੀ ਸੀ, ਪਰ ਅਚੁੱਕ ਅਤੇ ਨਵਾਂ ਅਤੇ ਵੱਧ ਪੁਨਰਸਥਾਪਤੀ ਵਾਲਾ ਮਾਨਵਤਾਵਾਦੀ ਜਾਗ੍ਰਿਤੀ ਦੀ ਆਸ਼ਾ ਦਾ ਨਾਦ ਸੁਣਾਈ ਦੇ ਰਿਹਾ ਸੀ। ਇਹ ਰੂੜੀਵਾਦੀ ਪਰੰਪਰਾਵਾਂ, ਕਰਮਕਾਂਡੀ ਧਾਰਮਿਕ ਜੰਜ਼ੀਰਾਂ ਤੋਂ ਮਨੁੱਖ ਦੀ ਆਜ਼ਾਦੀ ਦਾ ਅਰੰਭ ਸੀ। ਇਸੇ ਲਈ ਇਸ ਸਮੇਂ ਦੀ ਵਿਚਾਰਧਾਰਕ ਸਾਂਝ ਵਾਲੀ ਭਗਤ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤਾ ਗਿਆ। ਪੰਜਵੇਂ ਗੁਰੂ ਅਰਜਨ ਦੇਵ ਨੇ ‘ਪੋਥੀ’ ਅਰਥਾਤ ‘ਬਾਣੀ’ ਅਰਥਾਤ ਗ੍ਰੰਥ ਸਾਹਿਬ ਨੂੰ ਪਰਮਾਤਮਾ ਦਾ ਸਥਾਨ ਕਿਹਾ ਹੈ, ਜਿੱਥੇ ਮਨੁੱਖ ਦਾ ਵਾਹਿਗੁਰੂ ਨਾਲ ਮੇਲ ਹੋ ਸਕਦਾ ਹੈ, ਇਹ ਉਸ ਦੇ ਮਿਲਾਪ ਦੀ ਥਾਂ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਹਨ, ਉਸ ਦੀ ਸਿਫਤਿ-ਸਾਲਾਹ ਕਰਦੇ ਹਨ, ਉਹ ਮਨੁੱਖ ਉਸ ਨਾਲ ਆਪਣੀ ਸਾਂਝ ਬਣਾ ਲੈਂਦੇ ਹਨ; ਉਨ੍ਹਾਂ ਨੂੰ ਰੱਬੀ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ:
ਪੋਥੀ ਪਰਮੇਸਰ ਕਾ ਥਾਨੁ॥
ਸਾਧਸੰਗਿ ਗਾਵਹਿ ਗੁਣ ਗੋਬਿੰਦ
ਪੂਰਨ ਬ੍ਰਹਮ ਗਿਆਨੁ॥ (ਪੰਨਾ 1226)
ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਪਹਿਲਾਂ ‘ਮੂਲ ਮੰਤ੍ਰ’ ਹੈ ਜੋ ‘ੴ ‘ ਤੋਂ ਸ਼ੁਰੂ ਹੋ ਕੇ ‘ਗੁਰ ਪ੍ਰਸਾਦਿ’ ‘ਤੇ ਮੁੱਕ ਜਾਂਦਾ ਹੈ। ਮੂਲ ਮੰਤ੍ਰ ਰਾਹੀਂ ਮਨੁੱਖ ਨੂੰ ਇੱਕੋ ਇੱਕ ਪਰਮ ਹਸਤੀ ਨਾਲ ਜੋੜਿਆ ਹੈ। ਉਹ ਅਕਾਲ ਪੁਰਖ ਕੇਵਲ ਇੱਕੋ ਇੱਕ ਪਰਮ ਸ਼ਕਤੀ ਹੈ ਜਿਸ ਦੀ ਹੋਂਦ ਸਦੀਵੀ ਹੈ, ਉਹ ਇਕ-ਰਸ ਵਿਆਪਕ ਹੈ। ਉਹ ਇਸ ਸੰਸਾਰ ਦਾ ਕਰਤਾ ਪੁਰਖ ਵੀ ਹੈ ਅਰਥਾਤ ਇਸ ਦਾ ਸਿਰਜਣਹਾਰ ਹੈ। ਉਹ ਸਮੇਂ ਅਤੇ ਸਥਾਨ ਤੋਂ ਉਪਰ ਹੈ ਅਤੇ ਇਹ ਸੰਸਾਰ ਉਸ ਦਾ ਪ੍ਰਗਟ ਰੂਪ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਧਰਮ ਨੂੰ ਇਕਾਂਤ ਜੰਗਲਾਂ, ਗੁਫਾਵਾਂ ਵਿਚੋਂ ਕੱਢ ਕੇ ਸਮਾਜ ਨਾਲ ਜੋੜਿਆ ਕਿਉਂਕਿ ਉਸ ਅਕਾਲ ਪੁਰਖ ਨੂੰ ਪਾਉਣ ਲਈ ਘਰ-ਸੰਸਾਰ ਛੱਡ ਕੇ ਕਿਸੇ ਇਕਾਂਤ ਸਥਾਨ ‘ਤੇ ਜਾ ਕੇ ਤਪੱਸਿਆ ਕਰਨ ਦੀ ਲੋੜ ਨਹੀਂ ਹੈ, ਉਹ ਹਰ ਥਾਂ ਵਿਆਪਕ ਹੈ। ਮਨੁੱਖ ਨੇ ਉਸ ਨੂੰ ਆਪਣੇ ਅੰਦਰ ਲੱਭਣਾ ਹੈ। ਇਹ ਸਾਰਾ ਸੰਸਾਰ ਉਸ ਦਾ ਪ੍ਰਗਟ ਰੂਪ ਹੈ। ਬਾਣੀ ਨੇ ਧਰਮ ਨੂੰ ਕਰਮਕਾਂਡੀ ਰੂੜ੍ਹੀਵਾਦ ਵਿਚੋਂ ਕੱਢ ਕੇ ਉਸ ਨੂੰ ਪਾਉਣ ਦਾ ਰਸਤਾ ਉਸ ਅਕਾਲ ਪੁਰਖ ਦੇ ਮੂਲ ਮੰਤ੍ਰ ਵਿਚ ਦੱਸੇ ਗਏ ਗੁਣਾਂ ਦੀ ਵਿਚਾਰ ਕਰਕੇ, ਉਸ ਦੇ ਗੁਣਾਂ ਨੂੰ ਸਿਮਰਨ ਰਾਹੀਂ ਆਪਣੇ ਅੰਦਰ ਵਸਾਉਣ ਰਾਹੀਂ ਦੱਸਿਆ ਹੈ। ਇਸ ਤਰ੍ਹਾਂ ਉਸ ਦੇ ਗੁਣਾਂ ਦਾ ਗਾਇਨ ਕਰਦਿਆਂ ਆਪਣੀ ਸ਼ਖਸੀਅਤ ਅੰਦਰ ਨੈਤਿਕ ਗੁਣ ਜਿਵੇਂ ਸਤਿ, ਸੰਤੋਖ, ਪਰਉਪਕਾਰ, ਦਇਆ ਅਤੇ ਹਲੀਮੀ ਆਦਿ ਪੈਦਾ ਕਰਕੇ ਉਸ ਨੂੰ ਗੁਰੂ ਦੀ ਕਿਰਪਾ ਰਾਹੀਂ ਪਾ ਸਕੀਦਾ ਹੈ। ਗੁਰੂ ਦੀ ਮਿਹਰ ਪ੍ਰਾਪਤ ਕਰਨ ਲਈ, ਉਸ ਨੂੰ ਪਾਉਣ ਲਈ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਦੀ ਲੋੜ ਹੈ। ਬਾਣੀ ਅਨੁਸਾਰ ਉਸ ਨੂੰ ਪਾਉਣ ਦੇ ਰਸਤੇ ਵਿਚ ਸਭ ਤੋਂ ਵੱਡੀ ਰੁਕਾਵਟ ਹਉਮੈ ਹੈ, ਜਿਸ ਦਾ ਜ਼ਿਕਰ ਜਪੁਜੀ ਦੇ ਅਰੰਭ ਵਿਚ ਹੀ ਕੀਤਾ ਹੋਇਆ ਹੈ। ਬਾਣੀ ਵਿਚ ਵਾਰ ਵਾਰ ਇਸ ਦਾ ਜ਼ਿਕਰ ਹੈ ਕਿ ਹਉਮੈ ਦੀ ਝੂਠੀ ਕੰਧ ਨੂੰ ਤੋੜ ਕੇ ਹੀ ਉਸ ਵੱਲ ਜਾਂਦੇ ਰਸਤੇ ‘ਤੇ ਤੁਰਿਆ ਜਾ ਸਕਦਾ ਹੈ:
ਭੋਲਿਆ ਹਉਮੈ ਸੁਰਤਿ ਵਿਸਾਰਿ॥
ਹਉਮੈ ਮਾਰਿ ਬੀਚਾਰਿ ਮਨ
ਗੁਣ ਵਿਚਿ ਗੁਣ ਲੈ ਸਾਰਿ॥1॥ ਰਹਾਉ॥
ਅਖੀ ਕੁਦਰਤਿ ਕੰਨੀ ਬਾਣੀ
ਮੁਖਿ ਆਖਣੁਸਚੁ ਨਾਮੁ॥
ਪਤਿ ਕਾ ਧਨੁ ਪੂਰਾ ਹੋਆ
ਲਾਗਾ ਸਹਜਿ ਧਿਆਨਿ॥3॥ (ਪੰਨਾ 1168)
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪਹਿਲੀ ਵਾਰ ਧਰਮ ਨੂੰ ਕਿਰਤ ਨਾਲ ਜੋੜਦਿਆਂ ਉਚ-ਵਰਗ ਦੀ ਇਜ਼ਾਰੇਦਾਰੀ ਵਿਚੋਂ ਕੱਢ ਕੇ ਆਮ ਲੋਕਾਂ ਦਾ ਧਰਮ ਬਣਾਇਆ। ਉਸ ਨੂੰ ਪਾਉਣ ਦੇ ਰਸਤੇ ਦੀ ਪਛਾਣ ਦਸਾਂ ਨਹੁੰਆਂ ਦੀ ਸੁੱਚੀ ਕਿਰਤ-ਕਮਾਈ ਕਰਨ ਅਤੇ ਉਸ ਨੂੰ ਲੋੜਵੰਦਾਂ ਨਾਲ ਵੰਡ ਕੇ ਖਾਣ ਨਾਲ ਹੋਣੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਇਸ ਸੰਸਾਰ ਦੀ ਉਤਪਤੀ ਦਾ ਸੋਮਾ ਇੱਕੋ-ਇੱਕ ਅਕਾਲ ਪੁਰਖ ਹੈ ਜਿਸ ਨੇ ਸੰਸਾਰ ਦੀ ਰਚਨਾ ਆਪਣੇ ਆਪ ਤੋਂ ਕੀਤੀ ਹੈ। ਇਹ ਸੰਸਾਰ ਵੰਨ-ਸੁਵੰਨਾ ਹੋਣ ‘ਤੇ ਵੀ ਇਸ ਦਾ ਸੋਮਾ ਇੱਕ ਹੈ। ਸੋਮਾ ਇੱਕ ਹੋਣ ਦੇ ਨਾਤੇ ਸੰਸਾਰ ਦੀ ਵੰਨ-ਸੁਵੰਨਤਾ ਅਤੇ ਮਨੁੱਖੀ ਭਾਈਚਾਰਕ ਸਾਂਝ ਨੂੰ ਸਵੀਕਾਰ ਕੀਤਾ ਹੈ। ਇਸ ਤਰ੍ਹਾਂ ਮਨੁੱਖ ਨੂੰ ਨਸਲ, ਜਨਮ-ਜ਼ਾਤਿ ਅਤੇ ਇਸਤਰੀ-ਪੁਰਸ਼ ਹੋਣ ਦੇ ਨਾਤੇ ਉਚਾ ਜਾਂ ਨੀਵਾਂ ਤਸੱਵਰ ਕਰਨਾ ਨੈਤਿਕ ਅਤੇ ਕੁਦਰਤੀ-ਦੋਵਾਂ ਤਰ੍ਹਾਂ ਨਾਲ ਹੀ ਗਲਤ ਹੈ। ਬਾਣੀ ਅਨੇਕਤਾ ਵਿਚ ਏਕਤਾ, ਵੰਨ-ਸੁਵੰਨਤਾ ਵਿਚ ਇਕਆਤਮਕਤਾ ਨੂੰ ਪ੍ਰਵਾਨ ਕਰਦੀ ਹੈ। ਇਹੋ ਜਿਹੇ ਕਿਸੇ ਵੀ ਆਧਾਰ ‘ਤੇ ਮਨੁੱਖਤਾ ਨੂੰ ਵੰਡਣਾ ਗੈਰ-ਕੁਦਰਤੀ ਅਤੇ ਗੈਰ-ਇਖਲਾਕੀ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਇੱਕ ਅਜਿਹਾ ਧਰਮ ਗ੍ਰੰਥ ਹੈ ਜੋ ਸਹਿਜ ਅਤੇ ਸੁਹਜਮਈ ਸਾਂਝੀਵਾਲਤਾ ਦਾ ਸੁਨੇਹਾ ਦ੍ਰਿੜ ਕਰਵਾਉਂਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਸਰਵ-ਵਿਆਪੀ ਹੈ ਜੋ ਸੰਸਾਰ ਭਰ ਦੇ ਲੋਕਾਂ ਅਤੇ ਧਰਮਾਂ ਲਈ ਸਾਂਝਾ ਹੈ। ਗੁਰੂ ਗ੍ਰੰਥ ਸਾਹਿਬ ਨੇ ਸਮੱਸਿਆਵਾਂ ਦੇ ਸਾਂਝੇ ਹੱਲ ਲਈ ਮਨੁੱਖ ਨੂੰ ਪੰਚ-ਪ੍ਰਧਾਨੀ ਪ੍ਰਬੰਧ ਦਿੱਤਾ ਹੈ ਜਿਸ ਅਨੁਸਾਰ:
ਹੋਇ ਇਕਤ੍ਰ ਮਿਲਹੁ ਮੇਰੇ ਭਾਈ
ਦੁਬਿਧਾ ਦੂਰਿ ਕਰਹੁ ਲਿਵ ਲਾਇ॥ (ਪੰਨਾ 1185)
ਇਸ ਅਨੁਸਾਰ ਹਰ ਤਰ੍ਹਾਂ ਦੀਆਂ ਮਨੁੱਖੀ ਵੰਡੀਆਂ ਜਿਵੇਂ ਜਨਮ-ਜ਼ਾਤਿ, ਮਜ਼ਹਬ, ਰੰਗ, ਨਸਲ ਆਦਿ ਦੇ ਭੇਦ-ਭਾਵ ਅਤੇ ਇਲਾਕਾਈ ਹੱਦਬੰਦੀਆਂ ਤੋਂ ਉਤੇ ਉਠ ਇੱਕ ਨਵੇਂ ਅਤੇ ਸਰਬਸਾਂਝੇ ਸਮਾਜ ਦੀ ਸਿਰਜਣਾ ਵਾਸਤੇ ਉਪਰਾਲੇ ਕਰਨੇ ਚਾਹੀਦੇ ਹਨ। ਇਹੀ ਗੁਰੂ ਦਾ ਮਾਰਗ ਹੈ, ਜਿਸ ਅਨੁਸਾਰ:
ਨਾ ਕੋ ਬੈਰੀ ਨਹੀ ਬਿਗਾਨਾ
ਸਗਲ ਸੰਗਿ ਹਮ ਕਉ ਬਨਿ ਆਈ॥