ਪ੍ਰਿੰ. ਸਰਵਣ ਸਿੰਘ
ਸਰਬਤ ਦੇ ਭਲੇ ਦਾ ਪੈਗਾਮ ਲੈ ਕੇ ਪਾਕਿਸਤਾਨ ਗਏ ਨਵਜੋਤ ਸਿੰਘ ਸਿੱਧੂ ਨੇ ਜੋ ਕੁਝ ਕਿਹਾ, ਉਹ ਸਰਹੱਦ ਦੇ ਦੋਹੀਂ ਪਾਸੀਂ ਵਸਦੇ ਪੰਜਾਬੀਆਂ ਦੇ ਦਿਲਾਂ ਦੀ ਆਵਾਜ਼ ਸੀ। ਵਾਹਗਾ ਬਾਰਡਰ ਲੰਘਦਿਆਂ ਇਸ ਆਵਾਜ਼ ਦੇ ਪਹਿਲੇ ਬੋਲ ਸਨ, “ਹਿੰਦੋਸਤਾਨ ਜੀਵੇ, ਪਾਕਿਸਤਾਨ ਜੀਵੇ, ਅਮਨ ਅਮਾਨ ਨਾਲ ਸਾਰਾ ਜਹਾਨ ਜੀਵੇ।” ਕਥਿਤ ‘ਰਾਸ਼ਟਰਵਾਦੀ’ ਦੱਸਣ, ਕੀ ਗਲਤ ਕਿਹਾ ਸਿੱਧੂ ਨੇ? ਕਿਹੜਾ ਦੇਸ਼ ਧ੍ਰੋਹ ਹੈ, ਇਹਦੇ ਵਿਚ? ਦੋਹਾਂ ਦੇਸ਼ਾਂ ਦੇ ਆਮ ਤੇ ਖਾਸ ਕਰ ਪੰਜਾਬੀ ਲੋਕ ਹਿੰਦ/ਪਾਕਿ ਵਿਚਾਲੇ ਦੋਸਤੀ ਤੇ ਸਦੀਵੀ ਅਮਨ ਚਾਹੁੰਦੇ ਹਨ।
ਦੇਸ਼ ਦੀ ਵੰਡ ਵੇਲੇ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਦਾ ਹੋਇਆ। ‘ਆਜ਼ਾਦੀ’ ਦੋਹਾਂ ਪਾਸਿਆਂ ਦੇ ਪੰਜਾਬੀਆਂ ਦੀਆਂ ਲੱਖਾਂ ਜਾਨਾਂ ਲੈ ਗਈ, ਉਨ੍ਹਾਂ ਦੇ ਘਰ-ਬਾਰ ਉਜੜ ਗਏ, ਅਜ਼ਮਤਾਂ ਲੁੱਟੀਆਂ ਗਈਆਂ ਤੇ ਹਜ਼ਾਰਾਂ ਪਰਿਵਾਰ ਆਰ-ਪਾਰ ਵਿਛੜ ਗਏ। ਬਾਜਵੇ, ਸਿੱਧੂ ਅਤੇ ਹੋਰ ਬਰਾਦਰੀਆਂ ਦੇ ਪਰਿਵਾਰ ਓਧਰ ਵੀ ਹਨ ਤੇ ਏਧਰ ਵੀ। ਵਰ੍ਹਿਆਂ ਤੋਂ ਵਿਛੜੇ ਲਹੂ ਦੇ ਰਿਸ਼ਤੇ ਮੁੜ ਮਿਲਣ ਲਈ ਤਰਸ ਰਹੇ ਹਨ।
ਬਰਲਿਨ ਦੀ ਦੀਵਾਰ ਢੱਠ ਗਈ। ਦੋਵੇਂ ਕੋਰੀਆ ਇਕ ਹੋ ਰਹੇ ਹਨ। ਦਿੱਲੀ ਵਾਲੇ ਕਦੇ ਤਾਂ ਪੰਜਾਬੀਆਂ ਦਾ ਦੁੱਖ ਸਮਝਣ, ਕਦੇ ਤਾਂ ਦੁਖੀਆਂ ਦੀ ਸਾਰ ਲੈਣ। ਹਿੰਦ-ਪਾਕਿ ਦੁਸ਼ਮਣੀ ਦੀ ਅੱਗ ਬਾਲੀ ਰੱਖਣ ਨਾਲ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਦਾ ਹੋ ਰਿਹੈ। ਕਦੇ ਸਰਹੱਦੀ ਝੜਪ, ਕਦੇ ਜੰਗ। ਹਿੰਦ-ਪਾਕਿ ਦੁਸ਼ਮਣੀ ਪੰਜਾਬੀਆਂ ਨੂੰ ਲੈ ਬੈਠੀ ਹੈ। ਸਿੱਧੂ ਸ਼ਾਂਤੀ ਦਾ ਦੂਤ ਬਣ ਕੇ ਪਾਕਿਸਤਾਨ ਗਿਆ ਸੀ ਤਾਂ ਕਿ ਦੋਹਾਂ ਦੇਸ਼ਾਂ ਵਿਚ ਦੁਸ਼ਮਣੀ ਤੇ ਵੈਰ ਵਿਰੋਧ ਦੀ ਅੱਗ ਠੰਢੀ ਪਵੇ।
ਅਜੇ ਕੱਲ੍ਹ ਦੀ ਗੱਲ ਹੈ। ਕਥਿਤ ‘ਸਰਜੀਕਲ ਸਟਰਾਈਕ’ ਦੇ ਨਾਂ ‘ਤੇ ਪੰਜਾਬੀਆਂ ਦਾ ਬੇਲੋੜਾ ਨੁਕਸਾਨ ਹੋਇਆ। ਦਿੱਲੀ ਤੋਂ ਫੌਰੀ ਹੁਕਮ ਆਇਆ ਕਿ ਪਾਕਿਸਤਾਨ ਦੀ ਸਰਹੱਦ ਨਾਲ ਦਸ ਕਿਲੋਮੀਟਰ ਤਕ ਵਸਦੇ ਪੰਜਾਬ ਦੇ 987 ਪਿੰਡ ਚਾਰ ਘੰਟਿਆਂ ਵਿਚ ਖਾਲੀ ਕਰਾ ਦਿੱਤੇ ਜਾਣ। ਕਿਸੇ ਨਾ ਪੁੱਛਿਆ ਪਈ ਕਿਉਂ? ਗੁਰਦੁਆਰਿਆਂ ਦੇ ਲਾਊਡ ਸਪੀਕਰਾਂ ਤੋਂ ਬੁਲਾ ਦਿੱਤਾ ਗਿਆ ਕਿ ਤੁਰਤ ਖਾਲੀ ਕਰ ਦਿਓ ਬਾਰਡਰ ਨਾਲ ਦਾ ਇਲਾਕਾ। ਹਜ਼ਾਰ ਪਿੰਡਾਂ ‘ਚ ਵਸਦੇ ਲੱਖਾਂ ਇਨਸਾਨਾਂ, ਪਸੂਆਂ, ਲੱਖਾਂ ਏਕੜ ਪੱਕੀਆਂ ਫਸਲਾਂ, ਖੇਤੀ, ਸਹਾਇਕ ਧੰਦਿਆਂ ਤੇ ਅਰਬਾਂ ਖਰਬਾਂ ਦੀ ਜਾਇਦਾਦ ਨੂੰ ਚਾਰ ਘੰਟਿਆਂ ‘ਚ ਖਾਲੀ ਕਰ ਦੇਣਾ ਤੇ ਉਹ ਵੀ ਬਿਨਾ ਕਿਸੇ ਅਗਾਊਂ ਸੂਚਨਾ ਅਤੇ ਰਿਹਾਇਸ਼ੀ ਪ੍ਰਬੰਧ ਦੇ, ਏਦੂੰ ਵੱਡਾ ਉਜਾੜਾ ਹੋਰ ਕੀ ਹੋ ਸਕਦੈ? ਜਿਨ੍ਹਾਂ ‘ਤੇ ਬੀਤੀ ਉਹਦਾ ਦੁੱਖ ਉਹੀ ਜਾਣਦੇ ਹਨ।
ਖੜ੍ਹੇ ਪੈਰ ਪੱਕੀਆਂ ਫਸਲਾਂ, ਖੇਤੀਬਾੜੀ ਦੇ ਸੰਦ, ਬੰਬੀਆਂ, ਲਵੇਰੇ ਤੇ ਭਰੇ ਭਰਾਏ ਘਰ ਬਾਰ ਸੁੰਨੇ ਛੱਡ, ਜਿਨ੍ਹਾਂ ਨੂੰ ਭੱਜਣਾ ਪੈਣਾ ਸੀ, ਉਨ੍ਹਾਂ ਦਾ ਜੰਗ ਨਾਲ ਕੋਈ ਲਾਗਾ-ਦੇਗਾ ਨਹੀਂ ਸੀ। ਕੋਈ ਕਸੂਰ ਨਹੀਂ ਸੀ ਉਨ੍ਹਾਂ ਦਾ। ਦੋਨਾਂ ਪਾਸਿਆਂ ਦੇ ਵੀਹ-ਤੀਹ ਬੰਦੇ ਮਰਨ/ਮਾਰਨ ਦੀ ਸਜ਼ਾ ਪੰਜਾਬ ਦੇ ਲੱਖਾਂ ਲੋਕਾਂ ਨੂੰ ਦੇ ਦਿੱਤੀ ਗਈ। ਦਿੱਲੀ ਵਾਲੇ ਬਾਘੀਆਂ ਪਾਉਂਦੇ ਰਹੇ। ਕੀ ਇਹ ਸੱਚਮੁੱਚ ਭਾਰਤ ਦੀ ‘ਜਿੱਤ’ ਸੀ? ਜੇ ‘ਜਿੱਤ’ ਸੀ ਤਾਂ ਹਜ਼ਾਰ ਪਿੰਡ ਕਾਹਦੇ ਲਈ ਖਾਲੀ ਕਰਾਉਣੇ ਸਨ?
ਸੋਚੋ, ਜੇ ਦਿੱਲੀ ਵਾਲਿਆਂ ਨੂੰ ਬਿਨਾ ਅਗਾਊਂ ਸੂਚਨਾ ਦੇ ਅਚਾਨਕ ਹੁਕਮ ਚਾੜ੍ਹ ਦਿੱਤਾ ਜਾਵੇ ਕਿ ਚਹੁੰ ਘੰਟਿਆਂ ਵਿਚ ਦਿੱਲੀ ਖਾਲੀ ਕਰ ਦਿਓ ਤਾਂ ਕੀ ਉਹ ਦਿੱਲੀ ਖਾਲੀ ਕਰ ਦੇਣਗੇ? ਹਾਲਾਂ ਕਿ ਦਿੱਲੀ ਵਾਲਿਆਂ ਕੋਲ ਨਾ ਪਸੂਆਂ, ਨਾ ਫਸਲਾਂ ਤੇ ਨਾ ਹੀ ਖੇਤੀ ਦੇ ਸੰਦਾਂ ਦਾ ਖਿਲਾਰਾ ਹੈ। ਉਨ੍ਹਾਂ ਕੋਲ ਘਰਾਂ ‘ਚੋਂ ਚੁੱਕਿਆ ਜਾਣ ਵਾਲਾ ਛੋਟਾ ਮੋਟਾ ਸਮਾਨ ਹੀ ਹੈ ਤੇ ਸਮਾਨ ਲੈ ਜਾਣ ਲਈ ਬਹੁਤਿਆਂ ਕੋਲ ਆਪਣੀਆਂ ਗੱਡੀਆਂ ਹਨ। ਫਿਰ ਵੀ ਦਿੱਲੀ ਵਾਲੇ ਦੱਸਣ, ਕੀ ਉਹ ਚਾਰ ਘੰਟਿਆਂ ਵਿਚ ਦਿੱਲੀ ਖਾਲੀ ਕਰ ਦੇਣਗੇ? ਅਜਿਹੇ ਚੰਭਲੇਵੇਂ ਦਾ ਜਵਾਬ ਅੱਗ ਲਾਊ ਮੀਡੀਆ ਵੀ ਦੇਵੇ।
ਜੰਗ ਦੀ ਬਲਾ ਹਿੰਦ-ਪਾਕਿ ਦੇ ਲੋਕਾਂ, ਖਾਸ ਕਰ ਦੋਹਾਂ ਦੇਸ਼ਾਂ ਦੇ ਪੰਜਾਬੀਆਂ ਦੇ ਗਲ ਵਾਰ ਵਾਰ ਕਿਉਂ ਪਾਈ ਜਾ ਰਹੀ ਹੈ? ਦਿੱਲੀ ਵੱਲੋਂ ਪੰਜਾਬ ਨਾਲ ਵਾਰ ਵਾਰ ਅਨਿਆਂ ਕਰਨ ਦੇ ਫੈਸਲੇ ਮੰਨਦੇ ਆ ਰਹੇ ਪੰਜਾਬ ਦੇ ਸਿਆਸੀ ਆਗੂ ਪੰਜਾਬ ਨੂੰ ਪਹਿਲਾਂ ਹੀ ਕੰਗਾਲ ਤੇ ਕਰਜਈ ਕਰ ਚੁਕੇ ਹਨ। ਜੇ ਪੰਜਾਬੀ ਹੁਣ ਵੀ ਨਾ ਜਾਗੇ ਤਾਂ ਪੰਜਾਬ ਦਾ ਜੋ ਕੁਝ ਵੀ ਬਚਿਆ ਹੈ, ਉਹ ਵੀ ਬੰਨੇ ਲੱਗਾ ਸਮਝੋ। ਪੰਜਾਬ ਨੂੰ ਰੇਗਿਸਤਾਨ ਬਣਾਉਣਾ ਤਾਂ ਤੈਅ ਹੋ ਹੀ ਗਿਐ!
ਕਿਸੇ ਨਹੀਂ ਸੋਚਿਆ ਕਿ ਹਜ਼ਾਰ ਪਿੰਡ ਤੁਰੰਤ ਖਾਲੀ ਕਰਾਉਣੇ ਕਾਹਦੇ ਲਈ ਜ਼ਰੂਰੀ ਹੋ ਗਏ? ਉਜੜਨ ਵਾਲੇ ਲੋਕ ਸੁਆਲ ਕਰਦੇ ਰਹੇ, ਜੇ ਖੜ੍ਹੇ ਪੈਰ ਸੈਂਕੜੇ ਪਿੰਡ ਖਾਲੀ ਕਰਾਉਣੇ ਸਨ ਤਾਂ ਫੌਜਾਂ ਕਾਹਦੇ ਲਈ ਹਨ? ਮੋਰਚੇ ਤੇ ਛਾਉਣੀਆਂ ਕਾਹਦੇ ਲਈ? ਬੀ. ਐਸ਼ ਐਫ਼ ਤੇ ਹੋਰ ਨੀਮ ਫੌਜੀ ਦਲ ਕਾਹਦੇ ਲਈ? ਕਿਸੇ ਥਾਂ ਦੂਜਿਆਂ ਦੇ ਦਸ ਵੀਹ ਬੰਦੇ ਮਾਰ ਕੇ ਆਪਣੇ ਲੱਖਾਂ ਲੋਕਾਂ ਨੂੰ ਭਾਜੜਾਂ ਪਾ ਦੇਣੀਆਂ, ਕਿਧਰਲੀ ਸਿਆਣਪ ਸੀ ਤੇ ਕਿਧਰਲੀ ਬਹਾਦਰੀ? ਬਹਾਦਰੀ ਤਦ ਸੀ ਜੇ ਸਿਆਸੀ ਨੇਤਾ ਸਰਹੱਦਾਂ ‘ਤੇ ਆਪ ਕੰਧ ਬਣ ਕੇ ਖੜ੍ਹਦੇ।
ਪੁੱਛੋ ਵਿਚਾਰੇ ਬਿਪਤਾ ਦੇ ਮਾਰੇ ਸਰਹੱਦੀ ਲੋਕਾਂ ਨੂੰ, ਜਿਨ੍ਹਾਂ ‘ਤੇ ਅਚਾਨਕ ਮੁਸੀਬਤਾਂ ਦੇ ਪਹਾੜ ਢਾਹ ਦਿੱਤੇ ਗਏ। 1400 ਸਕੂਲ ਬੰਦ ਕਰ ਦਿੱਤੇ ਗਏ, ਹਨੇਰੇ ‘ਚ ਕੋਈ ਚਾਨਣ ਨਹੀਂ ਸੀ ਕਰ ਸਕਦਾ ਤੇ ਉਚੀ ਸਾਹ ਵੀ ਨਹੀਂ ਸੀ ਲੈ ਸਕਦਾ। ਅਜਿਹੇ ਮਾਹੌਲ ਵਿਚ ਕੌਣ ਸਾਂਭਦਾ ਪੱਕੀਆਂ ਫਸਲਾਂ? ਕੀ ਬਣਿਆ ਉਨ੍ਹਾਂ ਬੀਮਾਰਾਂ ਦਾ ਜੋ ਮੰਜਿਆਂ ਤੋਂ ਉਠ ਵੀ ਨਹੀਂ ਸੀ ਸਕਦੇ। ਨਿੱਕੇ ਨਿਆਣਿਆਂ ਦਾ, ਅਪਾਹਜਾਂ ਦਾ, ਉਨ੍ਹਾਂ ਦੀ ਖਾਧ ਖੁਰਾਕ ਦਾ, ਸਾਂਭ ਸੰਭਾਲ ਦਾ, ਵਿਆਹ ਸਾਹਿਆਂ ਦਾ, ਜਣੇਪਿਆਂ ਦਾ, ਸੂਣ ਵਾਲੇ ਤੇ ਸੂਏ ਲਵੇਰਿਆਂ ਦਾ, ਪੋਲਟਰੀ ਫਾਰਮਾਂ ਦਾ ਤੇ ਪਾਲੀਆਂ ਫਸਲਾਂ ਦਾ? ਬਿਪਤਾ ਇਕ ਨਹੀਂ ਹਜ਼ਾਰਾਂ ਸਨ। ਕੀ ਕਦੇ ਪੁਣ ਛਾਣ ਕੀਤੀ ਹੈ ਕਿ ਕੀਹਨੇ ਅਮਨ ਅਮਾਨ ਚਾਹੁੰਦੇ ਲੋਕਾਂ ਨੂੰ ਬਲਦੀ ਦੇ ਬੂਥੇ ਦਿੱਤਾ?
ਪੰਜਾਬ ਪਹਿਲਾਂ ਹੀ ਕੇਂਦਰ ਦਾ ਦੋ ਲੱਖ ਕਰੋੜ ਰੁਪਏ ਦਾ ਕਰਜਈ ਹੈ। ਪੰਜਾਬ ਨੂੰ ਨਾ ਕਦੇ ਤਬਾਹ ਹੋਈਆਂ ਫਸਲਾਂ ਦਾ ਯੋਗ ਮੁਆਵਜ਼ਾ ਮਿਲਿਆ, ਨਾ ਖੇਤੀ ਜਿਣਸਾਂ ਦਾ ਬਣਦਾ ਭਾਅ ਤੇ ਨਾ ਦਰਿਆਈ ਪਾਣੀਆਂ ਦੀ ਰਾਇਲਟੀ। ਨਾ ਚੰਡੀਗੜ੍ਹ, ਨਾ ਦਰਿਆਈ ਹੈਡ ਵਰਕਸ, ਨਾ ਪੰਜਾਬੀ ਬੋਲਦੇ ਇਲਾਕੇ ਤੇ ਨਾ ਸੂਬਾਈ ਖੁਦਮੁਖਤਾਰੀ। ਨਾ ਭਾਰਤ-ਪਾਕਿ ਜੰਗਾਂ ਦੇ ਉਜਾੜੇ ਦੀ ਅਤੇ ਨਾ ਦਰਿਆਈ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਕਦੇ ਪੂਰਤੀ ਕੀਤੀ। ਦਰਿਆਈ ਪਾਣੀਆਂ ਦਾ ਫਾਇਦਾ ਲਈ ਜਾਣਾ ਪਰ ਦਰਿਆਈ ਹੜ੍ਹਾਂ ਨਾਲ ਹੁੰਦੇ ਪੰਜਾਬੀਆਂ ਦੇ ਨੁਕਸਾਨ ਤੋਂ ਪਾਸਾ ਵੱਟੀ ਜਾਣਾ! ਦਰਿਆਵਾਂ ਪੇਟੇ ਪਈ ਕੀਮਤੀ ਜਮੀਨ ਬਦਲੇ ਕੀ ਦਿੱਤਾ ਹੁਣ ਤਕ ਪੰਜਾਬ ਨੂੰ?
ਜਿਹੜੇ ‘ਦੇਸ਼ ਭਗਤ’, ਸਿੱਧੂ ਦੇ ਹਿੰਦ-ਪਾਕਿ ਵਿਚਾਲੇ ਗਲਵੱਕੜੀ ਪੁਆਉਂਦੇ ਅਤੇ ਪਿਆਰ ਮੁਹੱਬਤ ਜਤਾਉਂਦੇ ਬੋਲਾਂ ‘ਤੇ ਔਖੇ ਹੋ ਰਹੇ ਹਨ, ਉਹ ਦੱਸਣ ਕੀ ਸਿੱਧੂ ਪਾਕਿਸਤਾਨ ਪਹੁੰਚ ਕੇ ਪ੍ਰਾਹੁਣਚਾਰੀ ਕਰਦੇ ਮੇਜ਼ਬਾਨਾਂ ਨੂੰ ਮਿਹਣੇ ਮਾਰਦਾ? ਉਨ੍ਹਾਂ ਨੂੰ ਹਮਲਾਵਰ ਗਰਦਾਨਦਾ? ਗੁਰੂ ਨਾਨਕ ਦੇਵ ਦੇ ਵਰੋਸਾਏ ਨਗਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਦੋਂ ਜਰਨੈਲ ਬਾਜਵਾ ਬਾਬੇ ਨਾਨਕ ਦੇ ਪੈਰੋਕਾਰਾਂ ਨੂੰ ਲਾਂਘਾ ਦੇਣ ਦੀ ਗੱਲ ਕਰਦਾ ਤਾਂ ਕੀ ਉਸ ਨਾਲ ਗਲੇ ਲੱਗਣ ਦੀ ਥਾਂ ਉਹਦੇ ਗਲ ਪੈਂਦਾ? ਕਹਿ ਦਿੰਦਾ, ਕੋਈ ਲੋੜ ਨਹੀਂ ਲਾਂਘੇ ਦੀ! ਕੈਸੇ ‘ਰਾਸ਼ਟਰਵਾਦੀ’ ਹਨ ਸਿੱਧੂ ਨੂੰ ਦੇਸ਼ ਧ੍ਰੋਹੀ ਕਹਿਣ ਵਾਲੇ?
ਐਸੇ ‘ਰਾਸ਼ਟਰਵਾਦੀਆਂ’ ਨੂੰ ਯਾਦ ਕਰਾਉਣਾ ਬਣਦੈ ਕਿ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਅਜੋਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖੁਦ ਪਾਕਿਸਤਾਨ ਗਏ ਸਨ। ਕੀ ਉਨ੍ਹਾਂ ਉਥੇ ਪਾਕਿਸਤਾਨੀਆਂ ਨਾਲ ਦੁਆ ਸਲਾਮ ਨਹੀਂ ਕੀਤੀ, ਹੱਥ ਨਹੀਂ ਮਿਲਾਏ, ਗਲੇ ਨਹੀਂ ਲੱਗੇ? ਜੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਉਤੇ ਜਨਮ ਸਥਾਨ ਨਨਕਾਣਾ ਸਾਹਿਬ ਵਿਖੇ ਪਧਾਰਨ ਦਾ ਸੱਦਾ ਆਵੇ ਤਾਂ ਕੀ ਉਹ ਨਾ ਜਾਣ? ਜੇ ਉਨ੍ਹਾਂ ਦੇ ਜਨਮ ਪਿੰਡ ਗਾਹ ਦੇ ਲੋਕ ਆਪਣੇ ਗਰਾਈਂ ਨੂੰ ਮਿਲਣਾ ਚਾਹੁਣ ਤਾਂ ਕੀ ਉਹ ਇਨਕਾਰ ਕਰ ਦੇਣ? ਕੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਲਾਹੌਰ ਜਾਣਾ ਅਤੇ ਪਿਆਰ ਮੁਹੱਬਤ ਦੇ ਤੋਹਫੇ ਲੈਣੇ ਦੇਣੇ ਦੇਸ਼ ਧ੍ਰੋਹ ਸੀ? ਪਟਿਆਲੇ ਦੇ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਪਟਿਆਲੇ ਦੇ ਹੀ ਨਵਜੋਤ ਸਿੰਘ ਸਿੱਧੂ ਦਾ ਜਰਨੈਲ ਬਾਜਵੇ ਦੇ ਗਲੇ ਮਿਲਣਾ ਚੰਗਾ ਨਹੀਂ ਲੱਗਾ। ਉਹ ਆਪਣੇ ਦਿਲ ‘ਤੇ ਹੱਥ ਰੱਖ ਕੇ ਦੱਸਣ ਕਿ ਕਰਤਾਰਪੁਰ ਲਾਂਘੇ ਦੀ ਪੇਸ਼ਕਸ਼ ਸਮੇਂ ਸਿੱਧੂ ਤੇ ਬਾਜਵਾ ਹੋਰ ਕਿਵੇਂ ਮਿਲਦੇ?
ਪਹਿਲੀਆਂ ਭਾਰਤ-ਪਾਕਿ ਪੰਜਾਬ ਖੇਡਾਂ ਦਸੰਬਰ 2004 ਵਿਚ ਪਟਿਆਲੇ ਹੋਈਆਂ ਸਨ। ਪੱਛਮੀ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਨੇ ਪਟਿਆਲੇ ਪਹੁੰਚ ਕੇ ਖੇਡਾਂ ਦੀ ਮਸ਼ਾਲ ਜਗਾਈ ਸੀ। ਉਦੋਂ ਪੂਰਬੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਉਸ ਨੇ ਚੌਧਰੀ ਸਾਹਿਬ ਨੂੰ ਜੀ ਆਇਆਂ ਆਖਦਿਆਂ ਜਜ਼ਬਾਤੀ ਰੌਂਅ ‘ਚ ਕਿਹਾ ਸੀ, “ਇਕ ਦਿਨ ਇਹ ਬਾਡਰ ਸ਼ਾਡਰ ਖਤਮ ਹੋ ਜਾਣਗੇ ਤੇ ਸਭ ਗੇਟ ਸ਼ੇਟ ਖੁੱਲ੍ਹ ਜਾਣਗੇ। ਜੇ ਸਾਡੇ ਸਬੰਧ ਇਸੇ ਤਰ੍ਹਾਂ ਮਿੱਠੇ ਹੁੰਦੇ ਰਹੇ ਤਾਂ ਦੁਨੀਆਂ ਦੀ ਕੋਈ ਵੀ ਤਾਕਤ 57 ਸਾਲ ਪਹਿਲਾਂ ਵਿਛੜੇ ਭਰਾਵਾਂ ਦੇ ਮਿਲਾਪ ‘ਚ ਅੜਿੱਕਾ ਨਹੀਂ ਬਣ ਸਕੇਗੀ।”
ਕੈਪਟਨ ਦੇ ਬੋਲਣ ਪਿੱਛੋਂ ਪੱਛਮੀ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਨੇ ਬੜੇ ਵਿਸ਼ਵਾਸ ਨਾਲ ਕਿਹਾ ਸੀ, “ਆਪਾਂ ਸਦੀਵੀ ਅਮਨ ਤੇ ਮਿਲਾਪ ਦੀ ਮੰਜ਼ਿਲ ਦਾ ਰਾਹ ਲੱਭ ਲਿਆ ਏ। ਲੋੜ ਸਿਰਫ ਇਸ ਉਤੇ ਇਕਜੁੱਟ ਹੋ ਕੇ ਤੁਰਨ ਦੀ ਏ, ਜਿਸ ਦੀ ਬਦੌਲਤ ਆਪਾਂ ਆਪਣੀ ਮੰਜ਼ਿਲ ਸਰ ਕਰ ਸਕਾਂਗੇ।”
ਚੌਧਰੀ ਸਾਹਿਬ ਨੇ ਪੰਜਾਬੀ ‘ਚ ਬੋਲਦਿਆਂ ਪੰਜਾਬੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਇਕਮੁੱਠ ਹੋ ਕੇ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਦੋਸਤੀ ਕਰਨ ਲਈ ਮਜਬੂਰ ਕਰ ਦੇਣ। ਉਨ੍ਹਾਂ ਚੜ੍ਹਦੇ ਪੰਜਾਬ ਦੇ ਵਾਸੀਆਂ ਨੂੰ ਨਿੱਘਾ ਸੱਦਾ ਦਿੱਤਾ ਸੀ ਕਿ ਅਗਲੇ ਸਾਲ ਲਾਹੌਰ ਦੀਆਂ ਹਿੰਦ-ਪਾਕਿ ਪੰਜਾਬ ਖੇਡਾਂ ‘ਤੇ ਹੁਮ ਹੁਮਾ ਕੇ ਆਉਣਾ। ਅਗਲੇ ਸਾਲ ਲਾਹੌਰ ਵਿਚ ਦੂਜੀਆਂ ਭਾਰਤ-ਪਾਕਿ ਖੇਡਾਂ ਰੱਖ ਵੀ ਲਈਆਂ ਸਨ ਪਰ ਕਸ਼ਮੀਰ ‘ਚ ਭੁਚਾਲ ਆਉਣ ਕਾਰਨ ਮੁਲਤਵੀ ਕਰਨੀਆਂ ਪਈਆਂ। ਮੀਡੀਏ ਦਾ ਫਰਜ਼ ਹੈ, ਸਿਆਸਤਦਾਨਾਂ ਨੂੰ ਉਨ੍ਹਾਂ ਦੇ ਕਥਨ ਚੇਤੇ ਕਰਵਾਉਂਦਾ ਰਹੇ।
ਭਾਰਤ ਤੇ ਪਾਕਿਸਤਾਨ ਦੇ ਲੋਕ ਜੰਗ ਬਿਲਕੁਲ ਨਹੀਂ ਚਾਹੁੰਦੇ। ਜੰਗ ਕਿਸੇ ਮਸਲੇ ਦਾ ਹੱਲ ਵੀ ਨਹੀਂ। ਵੱਡੀਆਂ ਤੋਂ ਵੱਡੀਆਂ ਜੰਗਾਂ ਪਿੱਛੋਂ ਵੀ ਮਸਲੇ ਮੇਜ਼ ‘ਤੇ ਹੀ ਹੱਲ ਹੋਏ ਹਨ। ਜੰਗ, ਹਥਿਆਰ ਵੇਚਣ ਵਾਲੇ ਤੇ ਧੌਂਸ ਜਮਾਉਣ ਵਾਲੇ ਜ਼ੋਰਾਵਰ ਮੁਲਕ ਲੁਆਉਂਦੇ ਹਨ। ਜਾਂ ਉਹ ਹਾਕਮ ਜੋ ਲੋਕਾਂ ਦਾ ਧਿਆਨ ਲੋਕ ਹਿਤੈਸ਼ੀ ਮੁੱਦਿਆਂ ਵੱਲੋਂ ਹਟਾਉਣ ਲਈ ਅਜਿਹੇ ਕਮੀਨੇ ਕਾਰੇ ਕਰਦੇ ਹਨ। ਇਹ ਭਾਰਤ ਤੇ ਪਾਕਿਸਤਾਨ ਦੇ ਹਾਕਮਾਂ ਲਈ ਵੰਗਾਰ ਹੈ ਕਿ ਆਪਸੀ ਮਸਲੇ ਲੜਨ ਭਿੜਨ ਤੋਂ ਬਿਨਾ ਹੱਲ ਕਰਨ, ਨਾ ਕਿ ਜੰਗ ਵਿਚ ਲੜ ਮਰ ਕੇ। ਜੰਗ ਦੀ ਅੱਗ ਅੰਨੀ, ਪਾਗਲ ਤੇ ਮੂੰਹ ਜ਼ੋਰ ਹੁੰਦੀ ਹੈ। ਇਸ ਲਈ ਜੰਗਬਾਜ਼ੋ, ਅਜੇ ਵੀ ਸੰਭਲੋ, ਮਰਨ ਮਾਰਨ ਦੀਆਂ ਗੱਲਾਂ ਨਾ ਕਰੋ। ਭੜਕਾਈ ਜਾ ਰਹੀ ਅੱਗ ਦਾ ਪਤਾ ਨਹੀਂ ਕਦੋਂ ਹਾਕਮਾਂ ਵੱਲ ਹੀ ਮੂੰਹ ਕਰ ਲਵੇ! ਇਮਰਾਨ ਖਾਨ ਤੇ ਨਵਜੋਤ ਸਿੱਧੂ ਦੀ ਦੋਸਤੀ ਦੋਹਾਂ ਦੇਸ਼ਾਂ ਵਿਚਾਲੇ ਦੋਸਤੀ ਦਾ ਪੁਲ ਉਸਾਰ ਸਕਦੀ ਹੈ। ਜੀਵੇ ਹਿੰਦੋਸਤਾਨ, ਜੀਵੇ ਪਾਕਿਸਤਾਨ। ਸਾਡਾ ਖਾਬ, ਵਸੇ ਪੰਜਾਬ, ਵਧੇ ਪੰਜਾਬ!