ਦੋ ਚੀਜ਼ਾਂ ਦੀ ਲੋੜ

ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਗਦਰ ਲਹਿਰ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦਾ ਅਹਿਮ ਪੰਨਾ ਹੈ। ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚ ਕਿਸ ਤਰ੍ਹਾਂ ਦੀ ਸਰਗਰਮੀ ਅੰਗਰੇਜ਼ ਹਕੂਮਤ ਖਿਲਾਫ ਹੋ ਰਹੀ ਸੀ, ਉਸ ਦਾ ਜ਼ਿਕਰ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨੇ ਉਸ ਵਕਤ ਛਪਦੇ ਰਹੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਵਿਚ ਛਪੀਆਂ ਲਿਖਤਾਂ ਰਾਹੀਂ ਪੜ੍ਹਿਆ ਹੈ।

ਇਸ ਵਾਰ ਅਸੀਂ ਗਦਰ ਲਹਿਰ ਦੇ ਸਰਕਰਦਾ ਆਗੂ ਲਾਲਾ ਹਰਦਿਆਲ ਦੀਆਂ ਦੋ ਰਚਨਾਵਾਂ ਛਾਪ ਰਹੇ ਹਾਂ। ਇਨ੍ਹਾਂ ਲਿਖਤਾਂ ਵਿਚ ਉਨ੍ਹਾਂ ਭਾਰਤ ਦੇ ਲੋਕਾਂ ਨੂੰ ਅੰਗਰੇਜ਼ਾਂ ਖਿਲਾਫ ਉਠਣ ਦਾ ਸੱਦਾ ਦਿੱਤਾ ਹੈ। ਇਹ ਲੇਖ 11 ਅਗਸਤ 1914 ਦੇ ਲਿਖੇ ਹੋਏ ਹਨ। ਆਉਂਦੇ ਅੰਕਾਂ ਵਿਚ ਵੀ ਅਸੀਂ ਗਦਰ ਨਾਲ ਜੁੜੀਆਂ ਅਜਿਹੀਆਂ ਅਹਿਮ ਲਿਖਤਾਂ ਪਾਠਕਾਂ ਨਾਲ ਸਾਂਝੀਆਂ ਕਰਦੇ ਰਹਾਂਗੇ। -ਸੰਪਾਦਕ

ਲਾਲਾ ਹਰਦਿਆਲ
ਹਿੰਦੁਸਤਾਨ ਵਿਚ ਅੱਜ ਕੱਲ੍ਹ ਤਰ੍ਹਾਂ ਤਰ੍ਹਾਂ ਦੇ ਨੀਮ ਹਕੀਮ ਪਏ ਫਿਰਦੇ ਹਨ। ਹਰ ਇਕ ਵਾਹਿਯਾਤ, ਬੁਜ਼ਦਿਲ, ਬੇਵਕੂਫ ਮੁਲਕ ਦੇ ਫਾਇਦੇ ਵਾਸਤੇ ਨਵੀਆਂ ਨਵੀਆਂ ਤਜਵੀਜ਼ਾਂ ਅਤੇ ਸਮਾਜ ਬਣਾਉਂਦੇ ਹਨ, ਖੂਬ ਧੜੇਬੰਦੀ ਹੁੰਦੀ ਹੈ, ਲੈਕਚਰ ਦਿੱਤੇ ਜਾਂਦੇ ਹਨ, ਕਿਤਾਬਾਂ ਛਾਪੀਆਂ ਜਾਂਦੀਆਂ ਹਨ, ਲੋਕ ਆਖਦੇ ਹਨ, ਤਰੱਕੀ ਹੋ ਰਹੀ ਹੈ। ਇੰਜ ਆਪਣੇ ਮਨ ਨਾਲ ਸਮਝੌਤਾ ਕਰ ਲੈਂਦੇ ਹਨ।
ਅਸੀਂ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਤਰੱਕੀ ਵਾਸਤੇ ਇਸ ਵੇਲੇ ਸਿਰਫ ਦੋ ਚੀਜ਼ਾਂ ਦੀ ਲੋੜ ਹੈ, ਉਹ ਕੀ ਹਨ? ਅਖਬਾਰ ਅਤੇ ਹਥਿਆਰ, ਅਖਬਾਰ ਗਦਰ ਅਤੇ ਬੰਦੂਕ, ਜਿਸ ਤਰ੍ਹਾਂ ਅਸਮਾਨ ਵਿਚ ਸੂਰਜ ਹੈ, ਇਸ ਤਰ੍ਹਾਂ ਹਿੰਦੁਸਤਾਨ ਵਿਚ ਅਖਬਾਰ ਗਦਰ ਹੈ। ਇਸ ਵੇਲੇ ਮੁਲਕ ਵਿਚ ਹਰ ਪਾਸੇ ਡਰ ਤੇ ਝੂਠ ਦਾ ਅੰਧੇਰਾ ਖਿਲਰਿਆ ਹੋਇਆ ਹੈ। ਜ਼ੁਲਮ ਵਿਰੁਧ ਕੋਈ ਆਵਾਜ਼ ਨਹੀਂ ਉਠਾਉਂਦਾ। ਲੋਕ ਗਿਦੜਾਂ ਵਾਂਗ ਮੁੱਠੀ ਭਰ ਗੋਰਿਆਂ ਦੇ ਅੱਗੇ ਭੱਜੇ ਫਿਰਦੇ ਹਨ। ਇਸ ਬਿਪਤਾ ਦੇ ਸਮੇਂ ਅਖਬਾਰ ਗਦਰ ਹੀ ਇਕੱਲਾ ਸ਼ੇਰ ਵਾਂਗ ਗੱਜਦਾ ਦਿਲ ਨੂੰ ਸਹਾਰਾ ਦਿੰਦਾ ਹੈ ਅਤੇ ਜ਼ਾਲਮ ਨੂੰ ਆਜ਼ਾਦੀ ਵੱਲੋਂ ਦੀ ਮੌਤ ਦਾ ਸੁਨੇਹਾ ਸੁਣਾਉਂਦਾ ਹੈ। ਅਖਬਾਰ ਗਦਰ ਹਰ ਹਫਤੇ ਅਤੇ ਜ਼ਾਲਮ ਨੂੰ ਆਜ਼ਾਦੀ ਵੱਲੋਂ ਮੌਤ ਦਾ ਸੁਨੇਹਾ, ਲੋਕਾਂ ਨੂੰ ਆਜ਼ਾਦੀ ਦਾ ਉਪਦੇਸ਼, ਦਮ ਦਮ ਮਗਰੋਂ ਦੇਣਾ ਚਾਹੀਦਾ ਹੈ। ਚੋਟ ਉਤੇ ਚੋਟ ਵਜਣੀ ਚਾਹੀਦੀ ਹੈ ਜਦ ਤਕ ਕਿ ਆਜ਼ਾਦੀ ਦਾ ਪ੍ਰੇਮ ਉਨ੍ਹਾਂ ਦੇ ਦਿਲਾਂ ਵਿਚ ਡੂੰਘੀ ਜੜ੍ਹ ਨਾ ਪਕੜ ਲਵੇ। ਹਰ ਅਸੂਲ ਦੀ ਤਰੱਕੀ ਵਾਸਤੇ ਬਾਰ ਬਾਰ ਇਸ ਤਰ੍ਹਾਂ ਤਬੀਅਤ ‘ਤੇ ਅਸਰ ਆ ਪਾਉਣਾ ਜ਼ਰੂਰੀ ਹੈ। ਅਖਬਾਰ ਗਦਰ ਅੰਮ੍ਰਿਤ ਦਾ ਪਿਆਲਾ ਹੈ ਜੋ ਗੁਲਾਮੀ ਦੀ ਮੌਤ ਪਾਸੋਂ ਬਚਾਉਣਾ ਹੈ। ਇਸ ਵੇਲੇ ਅੰਗਰੇਜ਼ੀ ਸਰਕਾਰ ਕਿਸੇ ਰਾਜੇ ਪਾਸੋਂ ਇਤਨਾ ਨਹੀਂ ਡਰਦੀ, ਜਿਤਨਾ ਅਖਬਾਰ ਗਦਰ ਤੋਂ, ਇਸ ਦੇ ਇਕ ਇਕ ਅੱਖਰ ਨਾਲ ਦੁਸ਼ਮਣ ਦੇ ਹਵਾਸ ਗੁੰਮ ਹੁੰਦੇ ਹਨ। ਅਖਬਾਰ ਗਦਰ ਆਜ਼ਾਦੀ ਦਾ ਮੁੱਢ ਹੈ, ਅਖਬਾਰ ਕਿਤਾਬ ਨਾਲੋਂ ਭੀ ਬਹੁਤ ਲਾਭਦਾਇਕ ਹੈ ਕਿਉਂਕਿ ਚੰਗੀ ਤੋਂ ਚੰਗੀ ਕਿਤਾਬ ਇਕ ਵਾਰੀ ਅਕਲ ਸਿਖਾ ਸਕਦੀ ਹੈ ਅਤੇ ਅਸੂਲ ਕਾਇਮ ਕਰਨ ਵਿਚ ਮਦਦ ਦੇ ਸਕਦੀ ਹੈ, ਮਗਰ ਪੜ੍ਹ ਕੇ ਬਾਰ ਬਾਰ ਤਬੀਅਤ ਨੂੰ ਨਹੀਂ ਉਕਸਾ ਸਕਦੀ। ਕਿਤਾਬ ਕਿਸੇ ਸਮਾਜ ਨੂੰ ਮਦਦ ਦੇ ਸਕਦੀ ਹੈ, ਸਿਰਫ ਖਿਆਲਾਂ ਦਾ ਸੋਮਾ ਹੋ ਸਕਦੀ ਹੈ। ਮਗਰ ਅਖਬਾਰ ਹਰ ਹਫਤੇ ਨਵੀਆਂ ਖਬਰਾਂ ਲਿਆਉਂਦਾ ਹੈ, ਪੁਰਾਣੇ ਪਿਆਰੇ ਸ਼ਬਦਾਂ ਨੂੰ ਦੁਹਰਾਉਂਦਾ ਹੈ, ਜਿਸ ਤਰ੍ਹਾਂ ਰਾਤ ਨੂੰ ਚੌਕੀਦਾਰ ਕਹਿੰਦਾ ਹੈ, ਜਾਗਦੇ ਰਹਿਣਾ; ਤਹਿਰੀਕ ਦੀ ਤਰੱਕੀ ਦਾ ਹਾਲ ਦੱਸਦਾ ਹੈ। ਅਖਬਾਰ ਵਗਦੇ ਦਰਿਆ ਵਾਂਗ ਹੈ ਜੋ ਹਮੇਸ਼ਾ ਚਲਦਾ ਰਹਿੰਦਾ ਹੈ। ਬਸ; ਅਖਬਾਰ ਗਦਰ ਨੂੰ ਜਾਨ ਤੋਂ ਵੀ ਪਿਆਰਾ ਰੱਖੋ।
ਮਗਰ ਅਖਬਾਰ ਨਾਲ ਹੀ ਆਜ਼ਾਦੀ ਨਹੀਂ ਮਿਲੇਗੀ। ਅਖਬਾਰ ਨਾਲ ਜ਼ੁਲਮ ਦੇ ਵਿਰੁਧ ਛੋਟਾ ਜਿਹਾ ਜੰਗ ਭੀ ਸ਼ੁਰੂ ਨਹੀਂ ਹੋ ਸਕਦਾ। ਅਖਬਾਰ ਕਾਗਜ਼ ਅਤੇ ਸਿਆਹੀ ਦੀ ਚੀਜ਼ ਨਾਲ ਜ਼ਾਲਮ ਹਾਕਮਾਂ ਨੂੰ ਗਰੀਬ ਪਰਜਾ ਦੀ ਤਾਕਤ ਦਾ ਪਤਾ ਨਹੀਂ ਲੱਗੇਗਾ। ਅਖਬਾਰ ਨਾਲ ਜ਼ਿਲ੍ਹੇ ਜ਼ਿਲ੍ਹੇ ਵਿਚ ਲਗਾਨ ਘੱਟ ਨਹੀਂ ਹੋਣਗੇ, ਤਹਿਸੀਲਦਾਰਾਂ ਦਾ ਵੱਢੀ ਲੈਣਾ ਨਹੀਂ ਬੰਦ ਹੋਵੇਗਾ, ਜਗੀਰਦਾਰਾਂ ਦੇ ਜ਼ੁਲਮ ਨਹੀਂ ਹਟਣਗੇ, ਕਿਸਾਨਾਂ ਦੇ ਲੜਕੇ ਤੇ ਲੜਕੀਆਂ ਵਾਸਤੇ ਸਕੂਲ ਨੀਅਤ ਨਹੀਂ ਹੋਣਗੇ। ਪਿੰਡਾਂ ਵਿਚ ਪੱਕੇ ਮਕਾਨ ਨਹੀਂ ਬਣ ਸਕਣਗੇ। ਇਨ੍ਹਾਂ ਸਭ ਬਰਕਤਾਂ ਅਤੇ ਨਿਆਮਤਾਂ ਨੂੰ ਪ੍ਰਾਪਤ ਕਰਨ ਵਾਸਤੇ ਇਕੋ ਹੀ ਢੰਗ ਹੈ। ਉਹ ਕੀ ਹੈ? ਉਹ ਹੈ, ਬੰਦੂਕਾਂ ਸੰਭਾਲੋ। ਯਾਦ ਰੱਖੋ, ਮਿਲ ਕੇ ਜ਼ਿਲ੍ਹੇ ਜ਼ਿਲ੍ਹੇ ਵਿਚ ਜਥੇ ਬਣਾ ਕੇ ਦੁਸ਼ਮਣ ਨਾਲ ਚਲਦੀ ਲੜਾਈ ਸ਼ੁਰੂ ਕਰਨ ਵਾਸਤੇ ਬੰਦੂਕਾਂ ਦੀ ਲੋੜ ਹੈ, ਹੋਰ ਕਿਸੇ ਚੀਜ਼ ਦੀ ਨਹੀਂ। ਦੁਨੀਆਂ ਵਿਚ ਹਥਿਆਰ ਬਹੁਤ ਹਨ: ਚਾਕੂ, ਕੈਂਚੀ, ਲਾਠੀ, ਭਾਲਾ, ਤਲਵਾਰ, ਤੋਪ ਅਤੇ ਬੰਦੂਕ ਆਦਿ। ਮਗਰ ਕਿਸਾਨ ਦਾ ਦੁੱਖ ਦੂਰ ਕਰਨ ਵਾਸਤੇ ਬੰਦੂਕਾਂ ਹੀ ਸਭ ਨਾਲੋਂ ਲਾਭਦਾਇਕ ਹਥਿਆਰ ਹਨ। ਤਲਵਾਰ ਦਾ ਜ਼ਮਾਨਾ ਗਿਆ, ਵਧੀਆ ਬੰਦੂਕਾਂ ਨਾਲ ਹੀ ਕਿਸਾਨ ਬਗਾਵਤ ਸ਼ੁਰੂ ਕਰ ਸਕਦੇ ਹਨ।
ਲੋਕ ਆਖਦੇ ਹਨ ਕਿ ਕਿਸਾਨਾਂ ਵਿਚ ਹਿੰਮਤ ਨਹੀਂ ਹੈ। ਬੰਦੋਬਸਤ ਵਿਚ ਚੂੰ ਨਹੀਂ ਕਰਦੇ। ਹਰ ਇਕ ਚਪੜਾਸੀ ਅੱਗੇ ਡਰ ਜਾਂਦੇ ਹਨ। ਵਗਾਰਾਂ ਸਹਿੰਦੇ ਹਨ। ਜ਼ਮੀਨੋਂ ਬੇਦਖਲ ਕੀਤੇ ਜਾਂਦੇ ਹਨ। ਮਗਰ ਫਸਾਦ ਨਹੀਂ ਕਰਦੇ। ਅਸੀਂ ਇਸ ਸਵਾਲ ਉਤੇ ਬਹੁਤ ਵਿਚਾਰ ਕੀਤਾ ਅਤੇ ਇਹ ਡੂੰਘਾ ਅਸੂਲ ਦਰਆਫਤ ਕੀਤਾ ਹੈ ਕਿ ਹਿੰਮਤ ਪੈਦਾ ਕਰਨ ਵਾਸਤੇ ਨਜ਼ਮਾਂ ਤੇ ਲੈਕਚਰ ਹੀ ਕਾਫੀ ਨਹੀਂ ਹਨ, ਸਗੋਂ ਘਰ ਵਿਚ ਬੰਦੂਕਾਂ ਭੀ ਹੋਣੀਆਂ ਚਾਹੀਦੀਆਂ ਹਨ। ਹਥਿਆਰ ਰੱਖਣਾ ਹੀ ਹਿੰਮਤ ਹੈ। ਜਿਸ ਕੋਲ ਦੋ ਬੰਦੂਕਾਂ ਹੋਣ, ਉਹ ਕਦੀ ਨਾ ਕਦੀ ਜ਼ਰੂਰ ਗੁੱਸੇ ਵਿਚ ਆ ਜਾਵੇਗਾ, ਮਗਰ ਜਦ ਉਹ ਵਿਚਾਰੇ ਸਭ ਬੇ-ਹਥਿਆਰੇ ਹਨ ਅਤੇ ਜਾਣਦੇ ਹਨ ਕਿ ਅਸੀਂ ਬੇਵਸ ਹਾਂ ਤੇ ਹਿੰਮਤ ਭੀ ਇਥੇ ਕੀ ਕਰ ਸਕਦੀ ਹੈ। ਅੰਗਰੇਜ਼ਾਂ ਨੇ ਸੰਨ 1857 ਦੇ ਗਦਰ ਪਿੱਛੋਂ ਹਥਿਆਰ ਕੋਲ ਨਾ ਰੱਖਣ ਦਾ ਕਾਨੂੰਨ ਪਾਸ ਕੀਤਾ, ਕੌਮ ਦੀ ਸਮਝੋ ਜਾਨ ਕੱਢ ਲਈ। ਅਗਰ ਅਫਗਾਨਿਸਤਾਨ ਵਿਚ ਬੰਦੂਕਾਂ ਨਾ ਆਉਂਦੀਆਂ ਰਹੀਆਂ ਤਾਂ ਦੱਸੋ ਕਿ ਪਠਾਣਾਂ ਦੀ ਬਹਾਦਰੀ ਕਦ ਤਕ ਕਾਇਮ ਰਹੇਗੀ, ਹਿੰਮਤ ਨੂੰ ਹਥਿਆਰ ਦਾ ਆਸਰਾ ਜ਼ਰੂਰੀ ਹੈ। ਬੰਦੂਕ ਬਹਾਦਰੀ ਸਿਖਾਉਣ ਦੀ ਕਲਾ ਹੈ। ਇਤਨਾ ਹੀ ਨਹੀਂ ਕਿ ਬਹਾਦਰ ਆਦਮੀ ਬੰਦੂਕ ਚਲਾਉਂਦੇ ਹਨ, ਸਗੋਂ ਇਹ ਭੀ ਸੱਚ ਹੈ ਕਿ ਬੰਦੂਕ ਹੱਥ ਵਿਚ ਲੈਣ ਨਾਲ ਹੀ ਡਰਪੋਕ ਆਦਮੀ ਬਹਾਦਰ ਬਣ ਜਾਂਦੇ ਹਨ। ਇਹ ਸਭ ਹਥਿਆਰ ਦੀ ਕਰਾਮਾਤ ਹੈ।
ਹਿੰਦੁਸਤਾਨ ਦੇ ਹਰ ਜ਼ਿਲ੍ਹੇ ਵਿਚ ਕਿਸਾਨਾਂ ਨੂੰ ਆਪਣੀਆਂ ਛੋਟੀਆਂ ਛੋਟੀਆਂ ਸਭਾਵਾਂ ਬਣਾਉਣੀਆਂ ਚਾਹੀਦੀਆਂ ਹਨ, ਜੋ ਹਰ ਤਰ੍ਹਾਂ ਦੇ ਜ਼ੁਲਮ ਦੇ ਵਿਰੁਧ ਲੜਾਈ ਕਰੇ। ਜਦ ਕਿਸੇ ਜ਼ਿਲ੍ਹੇ ਵਿਚ ਬੰਦੋਬਸਤ ਹੋਵੇ ਜਾਂ ਕੋਈ ਮੁਕੱਦਮਾ ਹੋਵੇ ਤਾਂ ਝਟਪਟ ਇਹ ਸਭਾ ਬਲਵਾ ਫਸਾਦ ਕਰਾ ਦੇਵੇ ਤਾਂ ਕਿ ਹਾਕਮਾਂ ਨੂੰ ਪਤਾ ਹੋ ਜਾਵੇ ਕਿ ਇਨ੍ਹਾਂ ਕਿਸਾਨਾਂ ਵਿਚ ਭੀ ਏਕਾ ਅਤੇ ਹਿੰਮਤ ਹੈ, ਮਗਰ ਇਸ ਤਰ੍ਹਾਂ ਸਭਾ ਦਾ ਸਭ ਤੋਂ ਵੱਡਾ ਕੰਮ ਇਹ ਹੋਣਾ ਚਾਹੀਦਾ ਹੈ ਕਿ ਜ਼ਿਲ੍ਹੇ ਜ਼ਿਲ੍ਹੇ ਵਿਚ ਬੰਦੂਕਾਂ ਦੀ ਵਰਖਾ ਕਰ ਦੇਵੇ। ਬੰਦੂਕਾਂ ਖਰੀਦ ਕੇ ਘਰ ਘਰ ਵੰਡ ਦੇਵੇ, ਜਿਸ (ਤਰ੍ਹਾਂ) ਖੁਸ਼ੀ ਦੇ ਵੇਲੇ ਲੱਡੂ ਵੰਡੇ ਜਾਂਦੇ ਹਨ। ਇਸ ਕੰਮ ਤੋਂ ਵਧ ਕੇ ਅੱਜ ਭਾਰਤ ਵਰਸ਼ ਵਿਚ ਹੋਰ ਕੋਈ ਕੰਮ ਨਹੀਂ ਹੈ।
ਮਗਰ ਸਵਾਲ ਇਹ ਹੈ ਕਿ ਗਰੀਬ, ਅਨਪੜ੍ਹ ਕਿਸਾਨ ਕਿਥੋਂ ਬੰਦੂਕਾਂ ਲਿਆਉਣ? ਹਿੰਦੁਸਤਾਨ ਵਿਚ ਤਾਂ ਅੰਗਰੇਜ਼ ਜਾਂ ਥੋੜ੍ਹੇ ਖੁਸ਼ਾਮਦੀ ਰਈਸ ਹੀ ਬੰਦੂਕਾਂ ਮੁੱਲ ਲੈ ਸਕਦੇ ਹਨ। ਦੁਕਾਨਾਂ ਭੀ ਸਾਰੀਆਂ ਅੰਗਰੇਜ਼ਾਂ ਦੀਆਂ ਹੀ ਹਨ। ਇਹ ਫਰਜ਼ ਲਿਖੇ ਪੜ੍ਹੇ ਆਦਮੀਆਂ ਦਾ ਹੈ ਕਿ ਕਿਸਾਨਾਂ ਨੂੰ ਬੰਦੂਕਾਂ ਪਹੁੰਚਾਈਆਂ ਜਾਣ। ਜਿਸ ਤਰ੍ਹਾਂ ਪੜ੍ਹੇ ਲਿਖੇ ਪੁਰਸ਼ ਅਖਬਾਰ ਛਾਪਦੇ ਹਨ, ਇਸੇ ਤਰ੍ਹਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਹਿੰਦੁਸਤਾਨ ਵਿਚ ਬੇਇੰਤਹਾ ਬੰਦੂਕਾਂ ਵੰਡਣ ਦਾ ਪ੍ਰਬੰਧ ਕਰਨ।
ਅਗਰ ਸਿਰਫ ਅਖਬਾਰ ਤੇ ਕਿਤਾਬਾਂ ਪੜ੍ਹ ਕੇ ਬੈਠੇ ਰਹੇ ਤਾਂ ਉਹ ਗੱਲ ਹੋਈ ਕਿ ਡਾਕਟਰ ਦਵਾਈ ਤਾਂ ਦੱਸ ਦੇਵੇ, ਮਗਰ ਦੁਕਾਨ ਦਾ ਪਤਾ ਨਾ ਦੱਸੇ ਜਿਥੋਂ ਕਿ ਉਹ ਦਵਾ ਬਣ ਸਕਦੀ ਹੋਵੇ। ਬੰਦੂਕਾਂ ਅਖਬਾਰ ਨਾਲੋਂ ਵੀ ਭੀ ਜ਼ਿਆਦਾ ਜ਼ਰੂਰੀ ਹਨ, ਕਿਉਂਕਿ ਜਿਸ ਕਿਸਾਨ ਕੋਲ ਬੰਦੂਕ ਹੈ, ਉਹ ਅਖਬਾਰ ਪੜ੍ਹੇ ਬਿਨਾ ਹੀ ਲੜ ਲਵੇਗਾ, ਮਗਰ ਜਿਸ ਕਿਸਾਨ ਕੋਲ ਬੰਦੂਕ ਨਹੀਂ ਹੈ, ਉਹ ਅਖਬਾਰ ਪੜ੍ਹ ਕੇ ਵੀ ਫਸਾਦ ਕਰਨ ਨੂੰ ਤਿਆਰ ਨਾ ਹੋਵੇਗਾ ਸਗੋਂ ਨਿਰਾ ਦਿਲ ਹੀ ਦਿਲ ਵਿਚ ਕੁੜ੍ਹਦਾ ਰਹੇਗਾ।
ਇਸ ਵਾਸਤੇ ਮੈਂ ਤਮਾਮ ਭਾਰਤ ਵਰਸ਼ ਦੇ ਨੌਜਵਾਨਾਂ ਨੂੰ ਆਖਦਾ ਹਾਂ ਕਿ ਸਾਰੇ ਫਜ਼ੂਲ ਅਤੇ ਨਿਕੰਮੇ ਖਿਆਲ ਛੱਡ ਕੇ ਆਜ਼ਾਦੀ ਦੀ ਤਹਿਰੀਕ ਦੀ ਸੇਵਾ ਕਰੋ। ਸਿਰਫ ਦੋ ਹੀ ਢੰਗ ਹਨ, ਇਸ ਸੇਵਾ ਕਰਨ ਦੇ; ਕਾਗਜ਼ ਦੁਆਰਾ ਉਪਦੇਸ਼ ਅਤੇ ਜੰਗੀ ਅਮਲ। ਇਨ੍ਹਾਂ ਦੇ ਦੋ ਤਰੀਕੇ ਹਨ, ਅਖਬਾਰ ਅਤੇ ਬੰਦੂਕ। ਇਸ ਸੇਵਾ ਵਿਚ ਤਕਲੀਫ ਬਹੁਤ ਹੈ, ਮਗਰ ਜੋ ਆਦਮੀ ਆਪਣੀ ਜਾਨ ਨੂੰ ਖਤਰੇ ਵਿਚ ਪਾਉਣ ਨੂੰ ਤਿਆਰ ਨਹੀਂ ਹੈ, ਉਹ ਗਦਰ ਦੇ ਸਿਪਾਹੀ ਨਹੀਂ ਬਣ ਸਕਦੇ। ਆਜ਼ਾਦੀ ਦੇ ਸੇਵਕ ਨੂੰ ਹਰ ਵੇਲੇ ਝਗੜੇ ਬਖੇੜੇ ਵਾਸਤੇ ਦਿਲ ਮਜ਼ਬੂਤ ਰੱਖਣਾ ਚਾਹੀਦਾ ਹੈ। ਕੀ ਪਤਾ, ਕਦੋਂ ਕੋਈ ਮੁਸ਼ਕਲ ਆ ਬਣੇ। ਮੁਕੱਦਮਾ ਬਣ ਜਾਵੇ, ਕੈਦ ਹੋ ਜਾਵੇ, ਫਾਂਸੀ ਚੜ੍ਹ ਜਾਵੇ। ਇਸੇ ਤਰ੍ਹਾਂ ਜਾਨ ਨੂੰ ਹਥੇਲੀ ‘ਤੇ ਰੱਖ ਕੇ ਗਦਰ ਦਾ ਖੇਲ ਖੇਲਿਆ ਜਾਂਦਾ ਹੈ। ਫਰੰਗੀਆਂ ਦੇ ਸ਼ਿਕਾਰ ਵਿਚ ਖਤਰਾ ਜ਼ਰੂਰ ਹੈ, ਕਿਉਂਕਿ ਫਰੰਗੀ ਸ਼ੇਰ ਅਤੇ ਚੀਤੇ ਤੋਂ ਘੱਟ ਤਾਂ ਨਹੀਂ। ਬਸ ਇਸ ਦਿਲ ਖਿਚਵੇਂ ਅਤੇ ਖੁਸ਼ੀ ਦੇਣ ਵਾਲੇ ਖੇਲ ਵਿਚ ਦਲੇਰ ਅਤੇ ਨਿਡਰ ਨੌਜਵਾਨਾਂ ਨੂੰ ਮੈਦਾਨ ਵਿਚ ਆਉਣਾ ਚਾਹੀਦਾ ਹੈ। ਜੋ ਆਦਮੀ ਕਿਸੇ ਗੁਲਾਮ ਨੂੰ ਹਥਿਆਰ ਦਿੰਦਾ ਹੈ, ਉਹ ਸਭ ਤੋਂ ਵੱਡਾ ਪੁੰਨ ਦਾ ਕੰਮ ਕਰਦਾ ਹੈ। ਇਹ ਦਾਨ ਸਭ ਤੋਂ ਅੱਛਾ ਦਾਨ ਹੈ। ਅੰਨ ਦਾਨ, ਵਿਦਿਆ ਦਾਨ, ਹੋਰ ਸਭ ਤਰ੍ਹਾਂ ਦੇ ਦਾਨ ਜਗਤ ਨੂੰ ਇਤਨਾ ਸੁੱਖ ਨਹੀਂ ਦਿੰਦੇ, ਇਤਨਾ ਸੁੱਖ ਗੁਲਾਮ ਨੂੰ ਅਸਤਰ ਸ਼ਾਸਤਰ ਦਾ ਦਾਨ। ਇਸ ਦਾਨ ਪਿੱਛੇ ਜਾਨ ਭੀ ਚਲੀ ਜਾਵੇ ਤਾਂ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਸ ਨੇ ਗੁਲਾਮ ਦੇ ਹੱਥ ਵਿਚ ਹਥਿਆਰ ਦੇ ਦਿੱਤਾ, ਸਮਝੋ ਉਹ ਜ਼ੁਲਮ ਦੇ ਵਿਰੁਧ ਇਕ ਚੋਟ ਤਾਂ ਮਾਰ ਗਿਆ। ਫਿਰ ਮਰ ਭੀ ਗਿਆ ਤਾਂ ਕੀ ਹੋਇਆ, ਮਰਦੇ ਤਾਂ ਲੋਕ ਰੋਜ਼ ਹਨ।
ਪਹਿਲਾਂ ਮਰਨਾ, ਪਿੱਛੋਂ ਮਰਨਾ, ਫਿਰ ਮਰਨੇ ਤੋਂ ਕੀ ਡਰਨਾ, ਅਸੀਂ ਤਾਰੀਖ ਅਤੇ ਰਾਜਨੀਤੀ ਹੋਰ ਬਹੁਤ ਸ਼ਾਸਤਰ ਪੜ੍ਹ ਕੇ ਇਹੋ ਨਤੀਜਾ ਕਢਿਆ ਹੈ ਕਿ ਗੁਲਾਮ ਨੂੰ ਹਥਿਆਰ ਦੇਣਾ ਜੀਵਨ ਨੂੰ ਪਵਿੱਤਰ ਕਰਨ ਦਾ ਸਭ ਤੋਂ ਵੱਡਾ ਸਾਧਨ ਹੈ। ਪਠਾਣ, ਅੰਗਰੇਜ਼, ਫਰਾਂਸੀਸੀ, ਜਰਮਨ ਆਦਿਕ ਆਜ਼ਾਦ ਲੋਕ ਇਸ ਸੱਚਾਈ ਨੂੰ ਖੂਬ ਸਮਝਦੇ ਹਨ। ਹੁਣ ਹਿੰਦੁਸਤਾਨ ਦੇ ਲੋਕ ਆਪਣੇ ਵਿਦਵਾਨ ਲੀਡਰਾਂ ਕੋਲੋਂ ਇਹ ਨਿਆਮਤ ਮੰਗਣ, ਲਿਆਉ ਬੰਦੂਕ-ਲਿਆਉ ਬੰਦੂਕ।
ਗੁਲਾਮ ਦੀ ਆਤਮਾ
ਜਗਤ ਵਿਚ ਗੁਲਾਮੀ ਦਾ ਰਾਜ ਹੈ। ਮਨੁੱਖ ਦੀ ਆਤਮਾ ਗੁਲਾਮੀ ਨਾਲ ਨਾਸ਼ ਹੋ ਰਹੀ ਹੈ। ਆਤਮਾ ਗੁੰਗੀ, ਬੋਲੀ, ਕਮਜ਼ੋਰ ਤੇ ਬੇਬਸ ਹੈ। ਜਦ ਆਤਮਾ ਮਰ ਗਈ ਤਾਂ ਬਾਕੀ ਕੀ ਰਿਹਾ? ਸਰੀਰ ਬੁੱਧੀ, ਰੂਪ ਸਭ ਉਪਰ ਦੀਆਂ ਚੀਜ਼ਾਂ ਹਨ ਜੋ ਆਤਮਾ ਦੀ ਮਦਦ ਨਾਲ ਹੀ ਸੁੱਖ ਦੇ ਸਕਦੀਆਂ ਹਨ। ਆਤਮਾ ਦੇ ਬਿਨਾ ਇਹ ਸਭ ਅਜਿਹੀਆਂ ਹਨ ਜਿਵੇਂ ਗ੍ਰਹਿਣ ਵਿਚ ਸੂਰਜ।
ਪਰ ਫੇਰ ਜਦ ਮੈਂ ਪੁੱਛਿਆ ਕਿ ਆਤਮਾ ਤੂੰ ਕਿੱਥੇ ਹੈਂ ਤਾਂ ਜੁਆਬ ਨਾ ਆਇਆ- ਹਾਂ, ਇਕ ਬਹੁਤ ਹੀ ਹੌਲੀ ਆਵਾਜ਼ ਸੁਣੀ, ਜਿਵੇਂ ਮਰਦੇ ਹੋਏ ਬੋਲੀ। ਇਕ ਪਲ ਸੁਣਾਈ ਦਿੱਤੀ ਅਤੇ ਫੇਰ ਗਾਇਬ। ਤਦ ਕੁਝ ਮਤਲਬ ਸਮਝ ਵਿਚ ਨਾ ਆਇਆ। ਆਤਮਾ ਤੇ ਮੁਰਾਦ ਕੋਈ ਗੈਰ ਸਾਦੀ ਚੀਜ਼ ਜਾਂ ਅਸੂਲ ਨਹੀਂ ਹੈ ਜੋ ਸਰੀਰ ਤੋਂ ਜੁਦਾ ਹੈ ਅਤੇ ਆਵਾਗਵਣ ਵਿਚ ਬੰਨੀ ਹੋਈ ਹੈ। ਆਤਮਾ ‘ਚ ਇਸ ਮੌਕੇ ਕੇਵਲ ਧਰਮ ਅਤੇ ਅਧਰਮ ਵਿਚ ਫਰਕ ਜਾਣਨ ਵਾਲੀ ਸ਼ਕਤੀ ਨੂੰ ਕਹਿੰਦਾ ਹਾਂ। ਜ਼ਮੀਰ ਫਾਰਸੀ ਲਫਜ਼ ਹੈ, ਕਾਨਸ਼ੀਅਸ ਅੰਗਰੇਜ਼ੀ। ਪੁਰਾਣੇ ਫਲਸਫੇ ਦੀ ਆਤਮਾ ਨਾਲ ਮੇਰਾ ਲਗਾਅ ਨਹੀਂ ਹੈ। ਮੇਰੀ ਉਸ ਆਤਮਾ ਅਤੇ ਮੁਕਤੀ ਤੋਂ ਇਥੇ ਮੁਰਾਦ ਨਹੀਂ ਹੈ। ਨਵੇਂ ਵਿਚਾਰ ਵਿਚ ਆਤਮਾ ਦੇ ਹੋਰ ਮਹਿਣੇ ਹਨ, ਯਾਨਿ ਪਾਪ, ਪੁੰਨ, ਸੱਚ, ਝੂਠ ਨੂੰ ਪਰਖਣ ਵਾਲੀ ਸ਼ਕਤੀ ਅਤੇ ਧਰਮ ਦੇ ਰਸਤੇ ਵਿਚ ਸਾਨੂੰ ਲਿਜਾਣ ਵਾਲੀ ਅੰਦਰ ਦੀ ਤਾਕਤ, ਭਾਰਤ ਵਰਸ਼ ਵਿਚ ਆਤਮਾ ਨੂੰ ਢੂੰਡਿਆਂ, ਪਰ ਕਿਤੇ ਨਾ ਪਾਇਆ। ਰਾਜਿਆਂ ਦੇ ਦਰਬਾਰਾਂ ਵਿਚ, ਪੰਡਿਤਾਂ ਦੀਆਂ ਸਭਾਵਾਂ ਵਿਚ, ਸਮਾਜਾਂ, ਪਾਠਸ਼ਾਲਾਵਾਂ ਵਿਚ, ਕਾਂਗਰਸ ਦੇ ਪੰਡਾਲਾਂ ਵਿਚ, ਲੀਡਰਾਂ ਦੇ ਦਿਲਾਂ ਵਿਚ, ਪਰਜਾ ਦੀ ਆਵਾਜ਼ ਵਿਚ ਕਿਤੇ ਆਤਮਾ ਦੀ ਝਲਕ ਨਹੀਂ ਮਿਲੀ। ਤਦ ਮੈਂ ਰੰਜ ਨਾਲ ਚਿਲਾਇਆ, ‘ਆਤਮਾ! ਤੂੰ ਕਿਥੇ ਹੈਂ?’ ਬਹੁਤ ਹੌਲੀ ਜੁਆਬ ਆਇਆ, ‘ਮੈਂ ਇਥੇ ਹਾਂ, ਮੈਂ ਇਥੇ ਹਾਂ।’ ਜਿਸ ਪਾਸੇ ਤੋਂ ਆਈ ਸੀ, ਉਸ ਪਾਸੇ ਮੁੜ ਕੇ ਵੇਖਿਆ ਤਾਂ ਹਨੇਰਾ ਪਾਇਆ, ਤੇ ਲੋਹੇ ਦੇ ਦਰਵਾਜਿਆਂ ਦੀ ਖੜ ਖੜ ਸੁਣਾਈ ਦਿੱਤੀ ਅਤੇ ਖਾਲੀ ਸਮੁੰਦਰ ਦੀਆਂ ਲਹਿਰਾਂ ਦਾ ਸ਼ੋਰ ਆਤਮਾ ਦੇ ਸ਼ਬਦ ਦੇ ਨਾਲ ਆਇਆ ਤੇ ਮੈਂ ਸਮਝਿਆ, ਭਾਰਤ ਦੀ ਆਤਮਾ ਜੇਲ੍ਹਖਾਨਿਆਂ ‘ਚ ਹੈ ਅਤੇ ਸਮੁੰਦਰ ਪਾਰ ਹੈ ਤੇ ਇਕ ਛੋਟੇ ਜਿਹੇ ਟਾਪੂ ਵਿਚ ਬੰਦ ਹੈ ਤਾਂ ਭੀ ਉਥੇ ਬੋਲ ਤਾਂ ਸਕੀ।
ਗੁਲਾਮ ਦੀ ਆਤਮਾ ਦਾ ਕੀ ਢੂੰਡਣਾ। ਮੂਰਖ ਹੈ ਉਹ ਜੋ ਇਸ ਦੀ ਖੋਜ ਵਿਚ ਚੱਲੇ। ਪੱਥਰ ਵਿਚੋਂ ਤੇਲ ਨਿਕਲ ਆਵੇਗਾ, ਪਰ ਗੁਲਾਮ ਦੀ ਆਤਮਾ ਨਹੀਂ ਮਿਲੇਗੀ। ਉਹ ਆਤਮਾ ਅਧਰਮੀ, ਜ਼ਖਮੀ, ਬਿਮਾਰ, ਬੇਜ਼ੁਬਾਨ, ਇਤਨਿਆਂ ਦੁਸ਼ਮਣਾਂ ਦੇ ਪੰਜੇ ਵਿਚ ਹੈ ਕਿ ਹੋਈ, ਨਾ ਹੋਈ ਬਰਾਬਰ ਹੈ। ਗੁਲਾਮ ਦੀ ਆਤਮਾ ਬਚ ਕੇ ਕਿਥੇ ਜਾਵੇਗੀ। ਹਰ ਪਾਸੇ ਉਥੇ ਡਰ ਹੈ। ਹਿੰਦੁਸਤਾਨ ਵਿਚ ਤਾਂ ਹਵਾ ਵੀ ਮਾਰਨ ਵਾਲੀ ਜ਼ਹਿਰ ਹੈ।
ਭੈ, ਡਰ, ਖੌਫ ਆਤਮਾ ਦਾ ਦੁਸ਼ਮਣ ਹੈ ਜੋ ਹਰ ਵੇਲੇ ਘਾਤ ਲਾ ਕੇ ਬੈਠਾ ਰਹਿੰਦਾ ਹੈ। ਹਿੰਦੁਸਤਾਨ ਵਿਚ ਅੱਜ ਕਲ੍ਹ ਇਸ ਦਾ ਰਾਜ ਹੈ। ‘ਡਰ’-‘ਡਰ’-‘ਡਰ’ ਸਭ ਦਾ ਮਾਈ ਬਾਪ ਹੈ। ‘ਦੇਵਤਾ ਹੈ’ ਅੱਜ ਪੰਡਿਤਾਂ ਦਾ ਸ਼ਾਸਤਰ ਹੈ ਤਾਂ ਇਹ ਹੈ। ਰਾਜਿਆਂ ਦੀ ਨੀਤੀ ਹੈ ਤਾਂ ਇਹ ਹੈ। ਧਾਰਮਿਕ ਪ੍ਰਚਾਰਕਾਂ ਦਾ ਮਤ ਹੈ ਤਾਂ ਇਹ ਹੈ। ਸੁਆਮੀਆਂ ਦਾ ਸਿਧਾਂਤ ਹੈ ਤਾਂ ਇਹ ਹੈ। ‘ਡਰ-ਡਰ-ਡਰ’ ਲਿਖਣ ਵਾਲਿਆਂ ਦੀ ਕਲਮ ਇਸ ਸਿਆਹੀ ਵਿਚ ਭਰੀ ਜਾਂਦੀ ਹੈ। ਪੜ੍ਹੇ ਲਿਖੇ ਲੀਡਰਾਂ ਦੀ ਜ਼ੁਬਾਨ ਇਸ ਕਲਾ ਨਾਲ ਚਲਦੀ ਹੈ। ਕਵੀ ਦੀ ਕਵਿਤਾ, ਵਿਦਵਾਨ ਦੀ ਵਿਦਿਆ, ਸਨਿਆਸੀਆਂ ਦਾ ਸਨਿਆਸ-ਸਭ ਡਰ ਦੇ ਰੰਗੇ ਹੋਏ ਹਨ। ਡਰ ਤੇ ਝੂਠ ਸਭ ਭਾਈ-ਭੈਣ ਹੈ। ਡਰ ਦਾ ਉਪਰੀ ਨਿਸ਼ਾਨ ਝੂਠ ਹੈ। ਡਰ ਤੇ ਦਿਲ ਵਿਚ ਹੋਵੇਗਾ। ਝੂਠ ਜ਼ੁਬਾਨ ਤੇ ਝੂਠ ਡਰ ਦੀ ਆਵਾਜ਼ ਹੈ, ਝੂਠ ਭੀ ਕਿਦਾਂ ਦਾ ਝੂਠ-ਕਾਲਾ ਝੂਠ, ਮੈਲਾ, ਗੰਦਾ ਨਾਪਾਕ, ਝੂਠ ਜਿਸ ਨਾਲ ਸੂਰ ਦਾ ਭੀ ਦਿਲ ਘਬਰਾਵੇ, ਜਿਸ ਨਾਲ ਨਫਰਤ ਕਰਕੇ ਨਸ ਜਾਵੇ।
ਝੂਠ ਭੀ ਕਿਸ ਗੱਲ ਵਿਚ ਝੂਠ। ਸਭ ਤੋਂ ਪਿਆਰੇ ਅਸੂਲਾਂ ਵਿਚ ਝੂਠ। ਸਮਾਜਕ ਤਰੱਕੀ ਦੇ ਸਿਧਾਂਤਾਂ ਵਿਚ ਝੂਠ। ਮਨ ਦੀਆਂ ਉਮੰਗਾਂ ਅਤੇ ਮੁਰਾਦਾਂ ਵਿਚ ਝੂਠ। ਦੇਸ਼ ਦੇ ਸੂਰਬੀਰਾਂ ਦੇ ਜ਼ਿਕਰ ਵਿਚ ਝੂਠ। ਧਰਮ ਦੇ ਪ੍ਰਚਾਰ ਵਿਚ ਝੂਠ। ਸ਼ਾਸਤਰਾਂ ਦੇ ਤਜਰਬੇ ਵਿਚ ਝੂਠ। ਗਰਜ਼ ਮਨ ਵਿਚ ਝੂਠ, ਬਚਨ ਵਿਚ ਝੂਠ, ਚਲਣ ਵਿਚ ਝੂਠ, ਝੂਠ ਵਿਚ ਮਗਨ ਰਹਿਣਾ, ਜਿਵੇਂ ਕੀੜਾ ਮੋਰੀ ਵਿਚ ਰਹਿੰਦਾ ਹੈ। ਇਹ ਭਾਰਤ ਦੇ ਅੱਛੇ ਕਹਾਉਣ ਵਾਲੇ ਆਦਮੀਆਂ ਦਾ ਚਾਲ ਚਲਣ ਹੈ।
ਬੁਨਿਆਦੀ ਅਸੂਲ ਉਹ ਰਤਨ ਹੈ ਕਿ ਝੂਠ ਦੇ ਸਾਏ ਨਾਲ ਹੀ ਉਨ੍ਹਾਂ ਦੀ ਚਮਕ ਮੱਧਮ ਪੈ ਜਾਂਦੀ ਹੈ। ਮਤ ਅਤੇ ਸਮਾਜਕ ਵਿਹਾਰ ਵਿਚ ਇਹ ਅਸੂਲ ਆਪਣਾ ਜਲਵਾ ਵਿਖਾਉਂਦੇ ਹਨ। ਦੋ ਵੱਡੇ ਸੁਆਲਾਂ ਦਾ ਹਰ ਮਨੁੱਖ ਨੂੰ ਜਵਾਬ ਦੇਣਾ ਪੈਂਦਾ ਹੈ। ਇਕ ਇਹ ਕਿ ਜਗਤ ਅਤੇ ਮਨੁੱਖ ਦੀ ਜ਼ਿੰਦਗੀ ਦਾ ਕੀ ਭੇਤ ਹੈ? ਦੂਜਾ, ਕਿਦਾਂ ਸਮਾਜ (ਦਾ) ਸਭ ਤੋਂ ਜ਼ਿਆਦਾ ਸੁੱਖ ਮਿਲ ਸਕਦਾ ਹੈ? ਇਨ੍ਹਾਂ ਸਵਾਲਾਂ ਦਾ ਜੁਆਬ ਬੁੱਧੀ ਦਿੰਦੀ ਹੈ, ਪਰ ਆਤਮਾ ਉਸ ਜੁਆਬ ਨੂੰ ਜ਼ਬਾਨ ਨਾਲ ਅਦਾ ਕਰਦੀ ਹੈ ਅਤੇ ਚਲਣ ਵਿਚ ਜਾਹਰ ਕਰਾਉਂਦੀ ਹੈ। ਜੇ ਆਤਮਾ ਜ਼ਿੰਦਾ ਨਹੀਂ ਹੈ ਤਾਂ ਬੁੱਧੀ, ਸੋਚ, ਵਿਚਾਰ ਕਰਕੇ ਰਹਿ ਜਾਂਦੀ ਹੈ, ਪਰ ਉਸ ਦਾ ਕੁਝ ਫਲ ਨਹੀਂ ਹੁੰਦਾ ਹੈ, ਜਿਵੇਂ ਕਿਸੇ ਦੇ ਮੁਰਦਾ ਬੱਚਾ ਪੈਦਾ ਹੁੰਦਾ ਹੈ। ਹਿੰਦੁਸਤਾਨੀ ਵਿਦਵਾਨਾਂ ਦੇ ਅਜਿਹੀ ਸੰਤਾਨ ਬਹੁਤ ਪੈਦਾ ਹੁੰਦੀ ਹੈ। ਜੋ ਮਨੁੱਖ ਇਨ੍ਹਾਂ ਦੋ ਸਿਧਾਂਤਾਂ ਵਿਚ ਝੂਠ ਬੋਲਦਾ ਹੈ, ਉਸ ਦੀ ਆਤਮਾ ਮਰੀ ਹੋਈ ਹੈ। ਇਹ ਠੀਕ ਪਛਾਣ ਹੈ ਅਤੇ ਆਤਮਾ ਨੂੰ ਕੌਣ ਮਾਰਦਾ ਹੈ, ‘ਡਰ-ਡਰ-ਡਰ’। ਕਾਹਦਾ ਡਰ, ਕਿਸ ਦਾ ਡਰ? ਰਾਜ ਦਾ ਡਰ, ਹਾਕਮ ਦਾ ਡਰ, ਸਿਪਾਹੀ ਦਾ ਡਰ, ਗੌਰਮਿੰਟ ਦਾ ਡਰ- ਆਤਮਾ ਲਈ ਜ਼ਹਿਰ ਹੈ। ਆਤਮਕ ਤਰੱਕੀ ਦਾ ਪਹਿਲਾ ਅਸੂਲ ਇਹ ਹੈ ਕਿ ਗੌਰਮਿੰਟਾਂ ਦੇ ਡਰ ਦਿਲ ਤੋਂ ਦੂਰ ਕਰੇ। ਕਿਸੇ ਗੌਰਮਿੰਟ ਦੀ ਤਲਵਾਰ, ਕਿਸੇ ਗੌਰਮਿੰਟ ਦੀਆਂ ਗਿੱਦੜ ਭਬਕੀਆਂ, ਕਿਸੇ ਗੌਰਮਿੰਟ ਦੀਆਂ ਚਾਲਾਕੀਆਂ, ਇਨ੍ਹਾਂ ਤੋਂ ਜਿਹੜਾ ਨਹੀਂ ਡਰਦਾ, ਉਸ ਨੇ ਆਤਮਾ ਦੇ ਜੀਵਨ ਦਾ ਮਜ਼ਾ ਚੱਖਣਾ ਸ਼ੁਰੂ ਕੀਤਾ ਹੈ।
ਗੌਰਮਿੰਟਾਂ ਸਦਾ ਸੱਚ ਅਤੇ ਧੀਰਜ ਦੀਆਂ ਦੁਸ਼ਮਣ ਰਹੀਆਂ ਹਨ ਅਤੇ ਰਹਿਣਗੀਆਂ। ਗੌਰਮਿੰਟਾਂ ਦਾ ਸਹਾਰਾ ਦਗਾਬਾਜ਼ੀ, ਲੁੱਟਮਾਰ, ਜ਼ਬਰਦਸਤੀ ‘ਤੇ ਰਿਹਾ ਅਤੇ ਰਹੇਗਾ। ਗੌਰਮਿੰਟਾਂ ਹਰ ਸੱਚੇ ਅਸੂਲ ਨੂੰ ਪੈਦਾ ਹੁੰਦੇ ਹੀ ਚਿੱਥ ਦੇਣਾ ਚਾਹੁੰਦੀਆਂ ਹਨ। ਗੌਰਮਿੰਟਾਂ ਵਿਚਾਰਸ਼ੀਲ ਲੋਕਾਂ ਦੇ ਪਿੱਛੇ ਸਦਾ ਲਾਠੀ ਲੈ ਕੇ ਫਿਰਦੀਆਂ ਹਨ। ਜੋ ਸ਼ਖਸ ਰਾਜਿਆਂ, ਵਜ਼ੀਰਾਂ, ਖੁਸ਼ਾਮਦੀਆਂ ਅਤੇ ਦੌਲਤਮੰਦ ਦੇ ਜ਼ੁਲਮ ਤੋਂ ਪਰਜਾ ਨੂੰ ਬਚਾਉਣਾ ਚਾਹੁੰਦਾ ਹੈ, ਉਸ ਦਾ ਕਿਸੇ ਨਾ ਕਿਸੇ ਗੌਰਮਿੰਟ ਨਾਲ ਵਾਸਤਾ ਜ਼ਰੂਰ ਪੈਂਦਾ ਹੈ। ਜੋ ਸ਼ਖਸ ਕਿਸੇ ਰਾਜ ਦੇ ਤੋੜਨ ਦੀ ਕੋਸ਼ਿਸ਼ ਕਰਦਾ ਹੈ, ਉਸ ਦੀ ਕਿਸੇ ਨਾ ਕਿਸੇ ਗੌਰਮਿੰਟ ਨਾਲ ਲੜਾਈ ਜ਼ਰੂਰ ਹੋਵੇਗੀ। ਜੋ ਬਹਾਦਰ ਦੁਨੀਆਂ ਦੀ ਤਰੱਕੀ ਵਾਸਤੇ ਕੁਝ ਵੀ ਯਤਨ ਕਰਦਾ ਹੈ, ਉਸ ਦੇ ਰਸਤੇ ਵਿਚ ਕੋਈ ਨਾ ਕੋਈ ਗੌਰਮਿੰਟ ਕੰਡੇ ਬੀਜਣ ਨੂੰ ਤਿਆਰ ਖੜ੍ਹੀ ਹੋਵੇਗੀ। ਗੌਰਮਿੰਟਾਂ ਹਨੇਰੇ ਵਿਚ ਹੀ ਫਲਦੀਆਂ ਫੁਲਦੀਆਂ ਹਨ। ਉਜਾਲਾ ਅਤੇ ਸੁੱਖ ਉਨ੍ਹਾਂ ਦੇ ਕੰਮ ਦੀ ਜੜ੍ਹ ਕੱਟਦੇ ਹਨ। ਜੇ ਕੋਈ ਕੰਮ ਅਜਿਹਾ ਹੈ ਕਿ ਗੌਰਮਿੰਟ ਉਸ ਦਾ ਵਿਰੋਧ ਨਹੀਂ ਕਰਦੀ ਤਾਂ ਜਾਣ ਲਉ ਕਿ ਉਸ ਦਾ ਬਹੁਤ ਜ਼ਿਆਦਾ ਫਾਇਦਾ ਨਹੀਂ ਹੋਵੇਗਾ। ਇਸ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਜੋ ਆਦਮੀ ਗੌਰਮਿੰਟਾਂ ਦਾ ਡਰ ਦਿਲ ਵਿਚੋਂ ਦੂਰ ਨਹੀਂ ਕਰਦਾ, ਉਹ ਜਗਤ ਦਾ ਬਹੁਤ ਉਪਕਾਰ ਨਹੀਂ ਕਰ ਸਕਦਾ।
ਹਿੰਦੁਸਤਾਨ ਵਿਚ ਡਰ ਲੋਕਾਂ ਦੇ ਰਗ ਪਨ੍ਹਿਆਂ ਵਿਚ ਰਚ ਗਿਆ ਹੈ। ਸੁਪਨੇ ਵਿਚ ਭੀ ਸਿਪਾਹੀ ਅਤੇ ਜੱਜ ਤੋਂ ਡਰਦੇ ਹਨ। ਡਰ ਦੇ ਮਾਰੇ ਖੁਸ਼ਾਮਦ, ਝੂਠ, ਬਗਲੇ ਭਗਤੀ, ਮੱਕਾਰੀ, ਸਭ ਸਿੱਖ ਜਾਂਦੇ ਹਨ। ਸਰਕਾਰਾਂ ਦੇ ਗੁਣ ਗਾਉਂਦੇ ਹਨ ਅਤੇ ਘਰ ਬੈਠ ਕੇ ਗਾਲੀਆਂ ਦਿੰਦੇ ਹਨ। ਅਖਬਾਰ ਵਿਚ ਬੰਬ ਸਿੱਟਣ ਵਾਲੇ ਸੂਰਬੀਰਾਂ ਨੂੰ ਬੁਰਾ ਕਹਿੰਦੇ ਹਨ ਅਤੇ ਦਿਲ ਤੋਂ ਉਨ੍ਹਾਂ ਦੀ ਇੱਜਤ ਕਰਦੇ ਹਨ। ਬੁੱਧੀ ਜਿਨ੍ਹਾਂ ਖਿਆਲਾਂ ਨੂੰ ਅੱਛਾ ਬਣਾਉਂਦੀ ਹੈ, ਉਨ੍ਹਾਂ ਨੂੰ ਦਿਮਾਗ ਦੇ ਸਭ ਤੋਂ ਹੇਠਲੇ ਤਹਿਖਾਨੇ ਵਿਚ ਬੰਦ ਰੱਖਦੇ ਹਨ। ਇਹ ਆਤਮਾ ਦੀ ਮੌਤ ਦੀ ਨਿਸ਼ਾਨੀ ਹੈ।
ਗੌਰਮਿੰਟ ਦੇ ਬਿਨਾ ਹੋਰ ਕਿਸੇ ਦਾ ਡਰ ਹੈ ਜੋ ਆਤਮਾ ਨੂੰ ਮਾਰ ਦਿੰਦਾ ਹੈ? ਸਮਾਜ ਦਾ, ਕੌਮ ਦਾ, ਨਜ਼ਦੀਕੀਆਂ ਦਾ, ਰਿਸ਼ਤੇਦਾਰਾਂ ਦਾ, ਦੋਸਤਾਂ ਦਾ, ਜੋ ਆਦਮੀ ਦੂਜੇ ਲੋਕਾਂ ਦੇ ਡਰ ਨਾਲ ਸੱਚ ਨੂੰ ਛੁਪਾਉਂਦਾ ਹੈ ਅਤੇ ਆਪਣੇ ਅਸੂਲਾਂ ‘ਤੇ ਅਮਲ ਨਹੀਂ ਕਰਦਾ, ਉਹ ਬਹੁਤ ਮਹਿੰਗਾ ਸੌਦਾ ਕਰਦਾ ਹੈ। ਅਖੀਰ ਨੂੰ ਭਾਈਬੰਦ, ਅੜੌਸੀ ਪੜੌਸੀ, ਰਾਜੇ ਨੂੰ ਕੀ ਦੇ ਦੇਣਗੇ। ਜੇ ਉਹ ਹੱਸ ਕੇ ਬੋਲੇ ਤਾਂ ਕੀ ਹੋਇਆ? ਜੇ ਨਾ ਬੋਲੇ ਤਾਂ ਕੀ ਹੋਇਆ? ਪਰ ਆਤਮਕ ਆਜ਼ਾਦੀ ਅਨਮੋਲ ਮੋਤੀ ਹੈ ਜਿਸ ਨੂੰ ਬੇਵਕੂਫਾਂ ਦੀ ਮੰਡੀ ਵਿਚ ਵੇਚ ਕੇ ਆਦਮੀ ਖਾਲੀ ਹੱਥ ਮਲਦਾ ਰਹਿ ਜਾਂਦਾ ਹੈ। ਹਿੰਦੁਸਤਾਨ ਵਿਚ ਲੀਡਰ ਹੁਣ ਤਕ ਇਹ ਸਮਝ ਕੇ, ਕਿ ਆਜ਼ਾਦੀ ਨਾਲ ਹੀ ਕੌਮ ਦੀ ਆਤਮਾ ਦੀ ਸਫਾਈ ਹੋ ਸਕਦੀ ਹੈ। ਪਰ ਉਹ ਕੁਝ ਹੋਰ ਪੁਕਾਰ ਰਹੇ ਹਨ। ਨਿਸ਼ਾਨਾ ਕੁਝ ਹੋਰ ਪਾਸੇ ਹੈ ਤੇ ਤੀਰ ਕਿਸੇ ਹੋਰ ਪਾਸੇ ਹੀ ਲਗਾਉਂਦੇ ਹਨ। ਸਭ ਦੇਸ਼ ਭਗਤ ਬਣੇ ਫਿਰਦੇ ਹਨ, ਪਰ ਆਦਮੀ ਬਹੁਤ ਘੱਟ ਬਣਦੇ ਹਨ। ਝੂਠ ਨਾਲ ਧਰਮ ਸਿੱਧ ਕਰਨਾ। ਇਹ ਤਰਕੀਬ ਇਨ੍ਹਾਂ ਅਕਲਮੰਦ ਹਿੰਦੂਆਂ ਨੂੰ ਹੀ ਸੁਝੀ ਹੈ। ਸਿੱਧਾ ਰਸਤਾ ਇਨ੍ਹਾਂ ਨੂੰ ਬਹੁਤ ਟੇਢਾ ਦਿਖਾਈ ਦਿੰਦਾ ਹੈ ਅਤੇ ਚਾਲਬਾਜ਼ੀ ਇਨ੍ਹਾਂ ਨੂੰ ਕੌਮ ਦੀ ਮੁਕਤੀ ਦੇ ਵਾਸਤੇ ਬਹੁਤ ਜ਼ਰੂਰੀ ਮਾਲੂਮ ਹੁੰਦੀ ਹੈ। ਮਸਾਣੀ ਵਿਚ ਰਾਤ ਨੂੰ ਰੋਸ਼ਨੀ ਭੀ ਭਿਆਨਕ ਲੱਗਦੀ ਹੈ। ਇਸ ਤਰ੍ਹਾਂ ਇਸ ਦੇਸ਼ ਵਿਚ ਜੋ ਥੋੜ੍ਹਾ ਬਹੁਤ ਧਰਮ ਅਤੇ ਸੱਚ ਹੈ, ਉਹ ਵੀ ਅਜਬ ਖਰਾਬ ਰੂਪ ਭਰਦਾ ਹੈ। ਇਸੀ ਕਾਰਨ ਮਹਾਂਪੁਰਸ਼ ਬਹੁਤ ਘੱਟ ਪੈਦਾ ਹੁੰਦੇ ਹਨ ਅਤੇ ਕੌਮ ਦੇ ਨੌਜਵਾਨ ਨੀਵੇਂ ਆਦਰਸ਼ਾਂ ਦੀ ਸੇਵਾ ਵਿਚ ਲੱਗੇ ਰਹਿੰਦੇ ਹਨ। ਅਸੂਲਾਂ ਦੇ ਪਵਿੱਤਰ ਮੰਦਿਰ ਵਿਚ ਜੋ ਆਦਮੀ ਝੂਠ ਦਾ ਕੂੜਾ ਕਰਕਟ ਲਿਆਉਂਦਾ ਹੈ, ਉਹ ਪਹਿਲਾਂ ਆਪਣਾ ਨਾਸ਼ ਕਰਦਾ ਹੈ ਤੇ ਫਿਰ ਜਗਤ ਨੂੰ ਧੋਖੇ ਵਿਚ ਸੁੱਟਦਾ ਹੈ। ਜਿਸ ਦੇਸ਼ ਵਿਚ ਅਜਿਹੇ ਆਦਮੀ ਬਹੁਤ ਹਨ, ਉਥੇ ਗੁਲਾਮੀ ਦਾ ਅਸਰ ਹਰ ਤਹਿਰੀਕ ਅਤੇ ਕਾਰਵਾਈ ਵਿਚ ਜਾਹਰ ਹੋਵੇਗਾ। ਉਥੇ ਸਭ ਕੰਮ ਉਲਟਾ ਹੋਵੇਗਾ।
ਵਚਨ ਤੇ ਵਿਚਾਰ ਤੋਂ ਜੁਦਾ ਹੋਵੇਗਾ ਅਤੇ ਚਲਣ ਤੇ ਬਚਨ ਵਿਚ ਜ਼ਮੀਨ ਆਸਮਾਨ ਦਾ ਫਰਕ ਹੋਵੇਗਾ। ਅਜਿਹੀ ਪੇਚਦਾਰ ਅਕਲ ਤੋਂ ਦੂਰ ਹੀ ਰਹਿਣਾ ਠੀਕ ਹੈ। ਗੁਲਾਮ ਵਿਚ ਆਤਮਾ, ਡਰ ਅਤੇ ਝੂਠ ਦੇ ਹੇਠ ਦਬੀ ਰਹਿੰਦੀ ਹੈ। ਗੁਲਾਮ ਵਾਸਤੇ ਆਤਮਕ ਆਜ਼ਾਦੀ ਬਹੁਤ ਮੁਸ਼ਕਿਲ ਹੈ। ਗੁਲਾਮੀ ਨਾਲ ਆਤਮਾ ਘੁਲ ਘੁਲ ਕੇ ਮਰ ਜਾਂਦੀ ਹੈ। ਜੇ ਹਿੰਦੁਸਤਾਨ ਵਿਚ ਆਦਮੀ ਪੈਦਾ ਕਰਨੇ ਹਨ ਤਾਂ ਗੁਲਾਮੀ ਨੂੰ ਦੂਰ ਕਰੋ ਅਤੇ ਗੁਲਾਮੀ ਨੂੰ ਦੂਰ ਕਰਨਾ ਹੈ ਤਾਂ ਆਦਮੀ ਪੈਦਾ ਕਰੋ।