ਬਲਜੀਤ ਬਾਸੀ
ਸਿਰਲੇਖ ਵਾਲੀ ਇਹ ਉਕਤੀ ਪੰਜਾਬੀ ਦੇ ਹਸਾਸ ਕਵੀ ਸੁਖਪਾਲ ਦੇ ਇਕ ਕਾਵਿ-ਸੰਗ੍ਰਿਹ ਦਾ ਨਾਂ ਹੈ। ਕਵੀ ਨੇ ਭਾਵੇਂ ਇਸ ਦੇ ਕੋਈ ਵੀ ਅਰਥ ਲਏ ਹੋਣ ਪਰ ਮੈਂ ਇਸ ਤੋਂ ਇਹ ਪ੍ਰਭਾਵ ਲੈਂਦਾ ਹਾਂ ਕਿ ਨਵੇਂ ਸਾਲ ਦਾ ਚੜ੍ਹਾਅ ਸਾਨੂੰ ਅਕਸਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਅਚਾਨਕ, ਚੁਪ-ਚੁਪੀਤੇ ਤੁਹਾਡੇ ਜੀਵਨ ਵਿਚੋਂ ਇਕ ਸਾਲ ਖਿਸਕਾ ਲਿਆ ਗਿਆ ਹੋਵੇ। ਸਾਲ ਦਾ ਇਹ ਘਾਟਾ ਇਕ ਦਿਨ ਵਿਚ ਹੀ ਮਹਿਸੂਸ ਹੋਣ ਲਗਦਾ ਹੈ। ਉਂਜ ਚੇਤਰ ਦਾ ਮਹੀਨਾ ਮੌਸਮ ਦੇ ਲਿਹਾਜ ਨਾਲ ਸ਼ਾਇਦ ਸਭ ਤੋਂ ਵਧ ਹੁਲਾਸਮਈ ਹੁੰਦਾ ਹੈ। ਚੌਗਿਰਦੇ ਵਿਚ ਨਾ ਗਰਮੀ ਹੁੰਦੀ ਹੈ, ਨਾ ਸਰਦੀ। ਚੁਫੇਰੇ ਹਾੜੀ ਦੀਆਂ ਫਸਲਾਂ ਲਹਿ-ਲਹਾ ਰਹੀਆਂ ਹੁੰਦੀਆਂ ਹਨ। ਸਰ੍ਹੋਂ ਦੇ ਫੁਲਾਂ ਦੀ ਆਪਣੀ ਹੀ ਬਹਾਰ ਹੁੰਦੀ ਹੈ। ਦਰਖਤਾਂ ਦੀਆਂ ਲਗਰਾਂ ਫੁੱਟ ਰਹੀਆਂ ਹੁੰਦੀਆਂ ਹਨ ਤੇ ਚਿੱਤ ਵਿਚ ਉਮੰਗਾਂ। ਇਸ ਤਰ੍ਹਾਂ ਇਹ ਰੰਗਲਾ ਮਹੀਨਾ ਬਿਨਾ ਕਿਸੇ ਮੌਸਮੀ ਸ਼ੋਰ-ਸ਼ਰਾਬੇ ਦੇ ਅਛੋਪਲੇ ਆ ਜਾਂਦਾ ਹੈ। ਇਹ ਮਹੀਨਾ ਵੀ ਬਸੰਤ ਰੁਤ ਵਿਚ ਗਿਣਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਬਾਰਾਮਾਹ ਵਿਚ ਇਸ ਮਹੀਨੇ ਬਾਰੇ ਕੁਝ ਇਸ ਤਰ੍ਹਾਂ ਵਰਣਨ ਕੀਤਾ ਹੈ,
ਚੇਤੁ ਬਸੰਤੂ ਭਲਾ ਭਵਰ ਸੁਹਾਵੜੇ॥
ਬਨ ਫੂਲੇ ਮੰਝ ਬਾਰਿ ਮੈ ਪਿਰ ਘਰੈ ਬਾਹੁੜੈ॥
ਪਿਰੁ ਘਰਿ ਨਹੀ ਆਵੇ ਧਨ ਕਿਉ ਸੁਖੁ ਪਾਵੈ॥
ਬਿਰਹਿ ਬਿਰੋਧ ਤਨੁ ਛੀਜੈ॥
ਕੋਕਿਲ ਅੰਬਿ ਸੁਹਾਵੀ ਬੋਲੈ॥
ਕਿਉ ਦੁਖੁ ਅੰਕਿ ਸਹੀਜੈ॥
ਭਵਰੁ ਭਵੰਤਾ ਫੂਲੀ ਢਾਲੀ॥
ਕਿਉ ਜੀਵਾ ਮਰੁ ਮਾਏ॥
ਨਾਨਕ ਚੇਤਿ ਸਹਿਜਿ ਸੁਖੁ ਪਾਵੈ॥
ਜੇ ਹਰਿ ਵਰੁ ਘਰਿ ਧਨ ਪਾਏ॥
ਨੌਜਵਾਨ ਹਾਇਕੂ ਲੇਖਕ ਮਨਦੀਪ ਮਾਨ ਇਸ ਮਹੀਨੇ ਪਿਆਰ ਦੇ ਰੰਗ ਲਭਦਾ ਹੈ,
ਚੇਤ ਵਿਚ ਹੋਲੀ
ਮੈਂ ਪਾਇਆ ਮਾਹੀ ਉਤੇ
ਪਿਆਰ ਦਾ ਰੰਗ।
ਪਾਕਿਸਤਾਨੀ ਨੌਜਵਾਨ ਕਵੀ ਅਫਜ਼ਲ ਸਾਹਿਰ ਵੀ ਰੰਗਾਂ ਦੀ ਬਾਤ ਪਾਉਂਦਾ ਹੈ,
ਜੋ ਨਾ ਚੇਤਰ ਰੁੱਤੇ ਖਿੜਿਆ
ਉਸ ਕੀ ਸਾਵਣ ਹੰਢਾਉਣਾ।
ਜਿਸ ਨਾ ਰੰਗ ਪਛਾਣੇ ਉਸ ਦਾ
ਕੀ ਲਾਹੁਣਾ, ਕੀ ਪਾਉਣਾ।
ਸੂਹਾ, ਨੀਲ, ਬਸੰਤੀ, ਸਾਵਾ
ਮਾਣੇ ਕੋਏ ਕੋਏ।
ਮੱਸਿਆ ਪਿਛੋਂ ਚੰਦਰਮਾ ਮੇਘ ਰਾਸ਼ੀ ਅਤੇ ਅਸ਼ਵਿਨੀ ਨਛੱਤਰ ਵਿਚੋਂ ਲੰਘ ਕੇ ਹਰ ਰੋਜ਼ ਆਪਣੀਆਂ ਕਲਾਵਾਂ ਵਧਾਉਣ ਲਗਦਾ ਹੈ। ਫਿਰ 15ਵੇਂ ਦਿਨ ਜਾ ਕੇ ‘ਚੈਤਰ’ ਨਛੱਤਰ ਵਿਚ ਪੈਰ ਰੱਖ ਦਿੰਦਾ ਹੈ। ਇਸੇ ਲਈ ਇਹ ਮਹੀਨਾ ਚੇਤ ਜਾਂ ਚੇਤਰ ਕਹਾਉਂਦਾ ਹੈ। ਇਕ ਪੌਰਾਣਿਕ ਮਾਨਤਾ ਅਨੁਸਾਰ ਬ੍ਰਹਮਾ ਨੇ ਚੇਤਰ ਦੇ ਚਾਨਣ ਪੱਖ ਵਿਚ ਹੀ ਸ੍ਰਿਸ਼ਟੀ ਰਚਣੀ ਸ਼ੁਰੂ ਕਰ ਕੀਤੀ ਸੀ ਤਾਂ ਕਿ ਇਹ ਪ੍ਰਕਾਸ਼ ਵੱਲ ਹੀ ਨਿਰੰਤਰ ਵਧਦੀ ਜਾਵੇ। ਚੈਤਰ ਨਛੱਤਰ ਰਾਤ ਨੂੰ ਸਭ ਤੋਂ ਵਧ ਚਮਕਣ ਵਾਲੇ ਤਾਰਿਆਂ ਵਿਚੋਂ ਗਿਣਿਆ ਜਾਂਦਾ ਹੈ। ਇਹ ਕੰਨਿਆ ਰਾਸ਼ੀ ਦਾ ਸਭ ਤੋਂ ਚਮਕੀਲਾ ਤਾਰਾ ਹੈ। ਇਸ ਨੂੰ ਅੰਗਰੇਜ਼ੀ ਵਿਚ ਸਪਚਿਅ ਕਿਹਾ ਜਾਂਦਾ ਹੈ ਜਿਸ ਦਾ ਸ਼ਾਬਦਿਕ ਅਰਥ ਕਣਕ ਦੀ ਬੱਲੀ (ਸਿੱਟਾ) ਹੈ। ਇਹ ਧਰਤੀ ਤੋਂ 260 ਪ੍ਰਕਾਸ਼ ਵਰ੍ਹੇ ਦੂਰ ਹੈ। ਇਹ ਅਸਲ ਵਿਚ ਦੁਸੰਗੀ ਤਾਰੇ (ਦੋ ਤਾਰੇ) ਹਨ ਜੋ ਇਕ ਦੂਜੇ ਦੇ ਏਨੇ ਨਿਕਟ ਹਨ ਕਿ ਇਨ੍ਹਾਂ ਨੂੰ ਦੂਰਬੀਨ ਨਾਲ ਵੀ ਵੱਖ-ਵੱਖ ਨਹੀਂ ਦੇਖਿਆ ਜਾ ਸਕਦਾ। ਸੂਰਜ ਪਤਝੜ ਦੇ ਮੌਸਮ ਵਿਚ ਚੈਤਰ ਨਛੱਤਰ ਦੇ ਕੋਲ ਦੀ ਲੰਘਦਾ ਹੈ, ਇਸ ਲਈ ਕਣਕ ਦੀ ਬੱਲੀ ਦੇ ਅਰਥਾਂ ਵਾਲਾ ਇਸ ਦਾ ਅੰਗਰੇਜ਼ੀ ਨਾਂ ਸਪਾਇਕਾ ਵਾਢੀ ਦੀ ਰੁੱਤ ਦਾ ਪ੍ਰਤੀਕ ਹੈ। ਉਂਜ ‘ਚੇਤਰ’ ਸ਼ਬਦ ਦਾ ਅਰਥ ਜਿਵੇਂ ਅਸੀਂ ਅੱਗੇ ਜਾ ਕੇ ਦੇਖਾਂਗੇ, ਰੰਗ-ਬਰੰਗਾ ਹੁੰਦਾ ਹੈ ਤੇ ਇਸ ਮਹੀਨੇ ਦੀ ਤਾਸੀਰ ਨਾਲ ਢੁਕਦਾ ਹੈ।
ਆਉ, ਜ਼ਰਾ ਇਸ ਸ਼ਬਦ ਅਤੇ ਇਸ ਦੇ ਭਰਾ-ਭਤੀਜਿਆਂ ਦੀ ਉਤਪਤੀ ਵੱਲ ਨਜ਼ਰ ਮਾਰੀਏ। ਇਹ ਸ਼ਬਦ ਸੰਸਕ੍ਰਿਤ ‘ਚਿਤ੍ਰ’ ਨਾਲ ਸਬੰਧ ਰਖਦੇ ਹਨ ਜੋ ਕਿ ਪੰਜਾਬੀ ਵਿਚ ਵੀ ਆਮ ਹੀ ਵਰਤਿਆ ਜਾਂਦਾ ਹੈ। ਵਿਸ਼ੇਸ਼ਣ ਵਜੋਂ ਚਿੱਤਰ ਸ਼ਬਦ ਦੇ ਅਰਥ ਹਨ-ਉਜਲਾ, ਚਮਕਦਾ, ਸ਼ੋਖ, ਚਿੱਟਾ, ਰੰਗ-ਬਰੰਗਾ। ਭਗਤ ਕਬੀਰ ਨੇ ਬਾਵਨ ਅੱਖਰੀ ਵਿਚ ‘ਚੱਚਾ’ ਅੱਖਰ ਅਧੀਨ ਲਿਖਿਆ ਹੈ,
ਚਚਾ ਰਚਿਤ ਚਿਤ੍ਰ ਹੈ ਭਾਰੀ॥
ਤਜਿ ਚਿਤ੍ਰੈ ਚੇਤਹੁ ਚਿਤਕਾਰੀ॥
ਚਿਤ੍ਰ ਬਚਿਤ੍ਰ ਇਹੈ ਅਵਝੇਰਾ॥
ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ॥
ਭਗਤ ਕਬੀਰ ਦੀ ਇਸ ਬਾਵਨ ਅੱਖਰੀ ਵਿਚ ਕੁਝ ‘ਅੱਖਰਾਂ’ ਦਾ ਮੇਲ ਨਾਲ ਵਾਲੇ ਸ਼ਬਦ ਦੇ ਪਹਿਲੇ ਅੱਖਰ ਨਾਲ ਨਹੀਂ ਹੁੰਦਾ ਬਲਕਿ ਕਿਸੇ ਹੋਰ ਅੱਖਰ ਨਾਲ ਹੁੰਦਾ ਹੈ। ਜਿਵੇਂ ਉਪਰੋਕਤ ਵਿਚ ਪ੍ਰਗਟ ਹੈ।
ਦੇਖਿਆ ਗਿਆ ਹੈ ਕਿ ਨਾਂਵ ਵਜੋਂ ਤਸਵੀਰ ਵਾਲੇ ਅਰਥਾਂ ਵਿਚ ਇਹ ਸ਼ਬਦ ਵਧੇਰੇ ਵਰਤਿਆ ਮਿਲਦਾ ਹੈ। ਕਾਵਿ ਦੇ ਇਕ ਅਲੰਕਾਰ ਨੂੰ ਵੀ ਚਿੱਤਰ ਆਖਦੇ ਹਨ, “ਰਚਨਾ ਵਰਣਨ ਕੀ ਜਹਾਂ ਕੀਜੈ ਅਧਿਕ ਵਿਚਿਤਰ, ਕਵੀਅਨ ਕੇ ਮਤ ਜਾਣੀਏ ਅਲੰਕਾਰ ਸੋ ਚਿਤਰ।” ਵਿਦਵਾਨ ਇਸ ਨੂੰ ਘਟੀਆ ਅਲੰਕਾਰ ਹੀ ਸਮਝਦੇ ਹਨ ਕਿਉਂਕਿ ਇਸ ਨਾਲ ਚਮਤਕਾਰੀ ਕਵਿਤਾ ਨਹੀਂ ਰਚੀ ਜਾ ਸਕਦੀ। ਇਸ ਦੇ ਕਈ ਭੇਦ ਹਨ ਜਿਵੇਂ ਵਰਣ ਚਿੱਤਰ, ਸਥਾਨ ਚਿੱਤਰ, ਆਕਾਰ ਚਿੱਤਰ, ਗਤਿ ਚਿਤਰ ਅਤੇ ਭਾਸ਼ਾ ਚਿੱਤਰ। ਪਾਠਕਾਂ ਦੀ ਦਿਲਚਸਪੀ ਲਈ ਭਾਸ਼ਾ ਚਿੱਤਰ ਦੀ ਕੁਝ ਚਰਚਾ ਕਰਦੇ ਹਾਂ। ਇਸ ਅਲੰਕਾਰ ਵਿਚ ਅਨੇਕ ਭਾਸ਼ਾਵਾਂ ਦੇ ਸ਼ਬਦ ਮਿਲਾ ਕੇ ਛੰਦ ਰਚਨਾ ਕੀਤੀ ਜਾਂਦੀ ਹੈ। ਇਸ ਨੂੰ ਭਾਸ਼ਾਸ਼ਮਕ ਵੀ ਕਿਹਾ ਜਾਂਦਾ ਹੈ। ਮਿਸਾਲ ਵਜੋਂ, “ਆਫਤਾਬ ਸੇ ਰੌਸ਼ਨ ਹੋ ਤੁਮ, ਹਿਮਕਰ ਸੇ ਅਤਿ ਸੀਤ, ਧਰਤੀ ਵਾਂਗ ਖਿਮਾਂ ਨੂੰ, ਧਰਦੇ ਰਹੋ ਸਦਾ ਨਿਰਭੀਤ।” ਇਸ ਵਿਚ ਉਰਦੂ, ਹਿੰਦੀ ਅਤੇ ਪੰਜਾਬੀ ਤੁਕਾਂ ਦੀ ਮਿਸ ਹੈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਦਾ ਪਦ ਹੈ,
ਮੀਰਾਂ ਦਾਨਾਂ ਦਿਲ ਸੋਚ॥
ਮੁਹਬਤੇ ਮਨਿ ਤਨਿ ਬਸੈ ਸਚੁ ਸਾਹ ਬੰਦੀ ਮੋਚ॥
ਦੀਦਨੇ ਦੀਦਾਰ ਸਾਹਿਬ ਕਛੁ ਨਹੀਂ ਇਸ ਕਾ ਮੋਲ॥
ਪਾਕ ਪਰਵਦਗਾਰ ਤੂ ਖੁਦਿ ਖਸਮ ਵਡਾ ਅਤੋਲ॥
ਦਸਤਗੀਰੀ ਦੇਹ ਦਿਲਾਵਰ ਤੂਹੀ ਤੂਹੀ ਏਕ॥
ਕਰਤਾਰ ਕੁਦਰਤਿ ਖਾਲਿਕ ਨਾਨਕ ਤੇਰੀ ਟੇਕ॥
ਅਸਲ ਵਿਚ ‘ਚਿਤਰ’ ਦੀ ਬਹੁਤੀ ਵਰਤੋਂ ਸੰਯੋਜਕੀ ਰੂਪ ਵਿਚ ਹੁੰਦੀ ਹੈ ਜਿਵੇਂ ਚਿਤਰ-ਮਿਤਰਾ ਅਰਥਾਤ ਡੱਬ-ਖੜਬਾ, ਰੰਗ-ਬਰੰਗਾ। ਇਸੇ ਤਰ੍ਹਾਂ ਚਿੱਤਰਕਲਾ, ਚਿੱਤਰਸ਼ਾਲਾ, ਚਿੱਤਰਕਾਰ, ਚਿੱਤਰਪਟ, ਚਿੱਤਰਮਈ, ਚਿਤਰਨਾ, ਚਿਤਰੰਜਨ, ਰੇਖਾ-ਚਿੱਤਰ ਆਦਿ ਇਸ ਦੇ ਸੰਯੋਜਕੀ ਪ੍ਰਕਾਰਜ ਤੋਂ ਬਣੇ ਹਨ। ਭਗਤ ਕਬੀਰ ਨੇ ਜਿਵੇਂ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ, ਚਿੱਤਰਕਾਰ ਦੇ ਅਰਥਾਂ ਵਿਚ ਚਿਤਕਾਰੀ ਸ਼ਬਦ ਵਰਤਿਆ ਹੈ, “ਤਜਿ ਚਿਤ੍ਰੈ, ਚੇਤਹੁ ਚਿਤਕਾਰੀ” -ਤਸਵੀਰ ਨੂੰ ਛੱਡ ਕੇ ਤਸਵੀਰ ਬਣਾਉਣ ਵਾਲੇ ਪਰਮਾਤਮਾ ਨੂੰ ਯਾਦ ਰੱਖ। ਕਿਸੇ ਘਟਨਾ ਆਦਿ ਦੇ ਪ੍ਰਤਖ ਵੇਰਵੇ ਲਿਖਣ ਜਾਂ ਬਿਆਨ ਕਰਨ ਲਈ ਚਿੱਤਰਨਾ ਕਿਰਿਆ ਦੀ ਵਰਤੋਂ ਹੁੰਦੀ ਹੈ, ਖਾਸ ਤੌਰ ‘ਤੇ ਆਲੋਚਨਾ ਵਿਚ। ਪੰਜਵੇਂ ਗੁਰੂ ਨੇ ਯਾਦ ਕਰਨ ਦੇ ਅਰਥਾਂ ਵਿਚ ਚਿਤਵੰਤਿ ਸ਼ਬਦ ਦੀ ਵੀ ਵਰਤੋਂ ਕੀਤੀ ਹੈ। ਕਬੀਰ ਨੇ ਚਿਤਰ ਗੁਪਤ ਲਈ ‘ਕਾਇਥ ਚੇਤੂ’ ਨਾਮ ਦੀ ਵਰਤੋਂ ਕੀਤੀ ਹੈ, “ਘਰੀ ਘਰੀ ਕਾ ਲੇਖਾ ਮਾਗੈ ਕਾਇਥ ਚੇਤੂ ਨਾਉ॥”
‘ਚਿੱਤਰਾਂ ਨਾਲ ਸਜਿਆ’ ਦੇ ਅਰਥਾਂ ਵਾਲੇ ‘ਸਚਿਤਰ’ ਸ਼ਬਦ ਵਿਚ ਇਹ ਪਿਛੇਤਰ ਵਜੋਂ ਆਇਆ ਹੈ। ਅਜਿਹਾ ਹੀ ਇਕ ਹੋਰ ਸ਼ਬਦ ‘ਵਚਿਤਰ’ ਹੈ ਜਿਸ ਦਾ ਮੁਢਲਾ ਅਰਥ ਤਾਂ ਰੰਗ-ਬਰੰਗਾ ਹੀ ਹੈ ਪਰ ਵਿਕਸਿਤ ਅਰਥ ਅਜੀਬ, ਅਦਭੁਤ, ਅਨੋਖਾ ਹੋ ਗਏ ਹਨ,
ਬਚਿਤ੍ਰ ਮੰਦਿਰ ਸੋਭੰਤਿ -ਗੁਰੂ ਅਰਜਨ ਦੇਵ।
ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ -ਭਗਤ ਨਾਮਦੇਵ।
ਵਚਿਤਰ ਇਕ ਅਲੰਕਾਰ ਦਾ ਨਾਂ ਵੀ ਹੈ ਜਿਸ ਵਿਚ ਕਿਸੇ ਫਲ ਦੀ ਸਿਧੀ ਲਈ ਕੀਤੇ ਜਾਂਦੇ ਉਲਟੇ ਕੰਮ ਦਾ ਜ਼ਿਕਰ ਹੁੰਦਾ ਹੈ ਜਿਵੇਂ “ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥”
‘ਚਿਤ’ ਤੋਂ ਕਈ ਸ਼ਬਦ ਬਣੇ ਹਨ ਜਿਨ੍ਹਾਂ ਵਿਚ ਡੱਬ ਖੜੱਬਾ, ਚਿੱਟਾ, ਚਿੱਤਰਿਆ ਆਦਿ ਦੇ ਭਾਵ ਹਨ। ਚੀਤਾ ਸ਼ਬਦ ਲੈ ਲਓ, ਇਹ ਚਿਤਰ-ਮਿਤਰਾ ਸ਼ੇਰ ਹੀ ਹੈ। ਇਕ ਮੋਟੇ ਸੱਪ ਨੂੰ ਚਿੱਤੀ ਕਹਿੰਦੇ ਹਨ ਕਿਉਂਕਿ ਇਸ ਦੇ ਸਰੀਰ ‘ਤੇ ਚਿੱਤੀਆਂ ਪਈਆਂ ਹੁੰਦੀਆਂ ਹਨ। ਇਸ ਨੂੰ ਚੀਤਲ ਵੀ ਕਹਿ ਦਿੱਤਾ ਜਾਂਦਾ ਹੈ ਤੇ ਕੌਡੀਆਂ ਵਾਲਾ ਸੱਪ ਵੀ। ਇਸੇ ਤੋਂ ਚਿਤਰੀ ਸ਼ਬਦ ਬਣਿਆ ਜੋ ਆਮ ਤੌਰ ‘ਤੇ ‘ਚਿਤਰੀ ਵਾਲੇ ਕੇਲੇ’ ਵਿਚ ਵਰਤਿਆ ਜਾਂਦਾ ਹੈ। ਚਿਤਰੀ ਵਾਲੇ ਕੇਲੇ ਨੂੰ ਭਾਰਤੀ ਸ਼ੌਕ ਨਾਲ ਖਾਂਦੇ ਹਨ ਪਰ ਗੋਰੇ ਇਸ ਨੂੰ ਵਧੇਰੇ ਪੱਕਿਆ ਤੇ ਗਲਿਆ ਸਮਝ ਕੇ ਸੁੱਟ ਦਿੰਦੇ ਹਨ। ਸਫੈਦ ਦੇ ਅਰਥਾਂ ਵਾਲਾ ਪੰਜਾਬੀ ਦਾ ਚਿੱਟਾ ਸ਼ਬਦ ਚਿੱਤ ਤੋਂ ਹੀ ਬਣਿਆ ਹੈ ਕਿਉਂਕਿ ਇਸ ਵਿਚ ਉਜਲਤਾ, ਚਮਕੀਲਾਪਣ, ਸ਼ੋਖੀ ਦਾ ਭਾਵ ਹੈ। ਚਿੱਟਾ ਸ਼ਬਦ ਤੋਂ ਹੀ ਚਿੱਟੇ ਦਾਗ ਦੇ ਅਰਥਾਂ ਵਾਲਾ ਚਟਾਕ ਜਾਂ ਚਟਾਖ ਸ਼ਬਦ ਬਣਿਆ। ਸਫਾ ਚੱਟ ਸ਼ਬਦ ਦਾ ਭਾਵ ਕਿਸੇ ਚੀਜ਼ ਦਾ ਏਨਾ ਚਮਕਦਾਰ ਹੋਣਾ ਹੈ, ਜਾਣੋਂ ਇਹ ਚੱਟ ਚੱਟ ਕੇ ਸਾਫ ਕੀਤੀ ਹੋਵੇ। ਸਿਧੇ ਜਾਂ ਚੌਫਾਲ ਡਿਗੇ ਵਿਅਕਤੀ, ਵਸਤੂ ਨੂੰ ਅਸੀਂ ਚਿੱਤ ਆਖ ਦਿੰਦੇ ਹਾਂ ਅਰਥਾਤ ਪੁਠ ਦੇ ਉਲਟ। ਮਿਸਾਲ ਵਜੋਂ ਕਿਸੇ ਭਲਵਾਨ ਨੂੰ ਪਿਠ ਭਾਰ ਸੁੱਟ ਲਿਆ ਜਾਵੇ ਜਾਂ ਖੇਡਣ ਸਮੇਂ ਕੌਡੀਆਂ ਨੂੰ। ਪੁਰਾਣੇ ਜ਼ਮਾਨੇ ਵਿਚ ਖੇਡਣ ਦੇ ਸ਼ੌਕੀਨ ਕਿਸੇ ਇਮਲੀ ਆਦਿ ਦੇ ਬੀਜ ਨੂੰ ਰਗੜ ਰਗੜ ਕੇ ਏਨਾ ਘਸਾ ਦਿੰਦੇ ਸਨ ਕਿ ਇਸ ਦਾ ਚਿੱਟਾ ਹਿੱਸਾ ਦਿਸਣ ਲਗਦਾ ਸੀ। ਇਸ ਚਿੱਟੇ ਹਿੱਸੇ ਨੂੰ ਚਿੱਤੀ ਆਖਦੇ ਹਨ। ਇਸੇ ਤੋਂ ਚਿੱਤ ਸ਼ਬਦ (ਪੁਠ ਦੇ ਟਾਕਰੇ) ਕੌਡੀਆਂ ਦੇ ਇਕ ਪਾਸੇ ਲਈ ਵੀ ਵਰਤਿਆ ਜਾਣ ਲੱਗਾ ਤੇ ਕਿਸੇ ਨੂੰ ਚੌਫਾਲ ਡੇਗਣ ਦੇ ਭਾਵ ਲਈ ਵੀ। ਅਜਿਤ ਵਡਨੇਰਕਾਰ ਨੇ ਅਨੁਮਾਨ ਲਾਇਆ ਹੈ ਕਿ ਚਪੇੜ ਦੇ ਅਰਥਾਂ ਵਾਲਾ ‘ਚਾਂਟਾ’ ਸ਼ਬਦ ਵੀ ਇਸੇ ਤੋਂ ਬਣਿਆ। ਇਸ ਦਾ ਕਾਰਨ ਇਹ ਹੈ ਕਿ ਚਾਂਟਾ ਮਾਰਨ ਨਾਲ ਕਿਸੇ ਦੇ ਮੂੰਹ ‘ਤੇ ਪੰਜੇ ਦਾ ਚਿੱਤਰ (ਧੱਬਾ) ਪੈ ਜਾਂਦਾ ਹੈ। ਪਰ ਚਪੇੜ ਕਿਉਂਕਿ ਚਾਰ ਉਂਗਲਾਂ ਜੋੜ ਕੇ ਅਰਥਾਤ ਚੱਪਾ ਬਣਾ ਕੇ ਕਿਸੇ ਦੇ ਮੂੰਹ ‘ਤੇ ਜੜੀ ਜਾਂਦੀ ਹੈ, ਇਸ ਲਈ ਇਸ ਵਿਚ ਚੱਪੇ ਦੇ ਭਾਵ ਸਮਾ ਗਏ। ਚਪਤ ਵਿਚ ਵੀ ਏਹੀ ਭਾਵ ਹੈ। ਵਾਹ ਜੀ ਵਾਹ, ਚੁੱਪ ਚਪੀਤੇ ਅਸੀਂ ਚੇਤਰ ਤੋਂ ਚਪਤ ਵਿਚ ਆ ਗਏ!
Leave a Reply