ਤੁਸੀਂ ਪੜ੍ਹ ਚੁਕੇ ਹੋæææ
ਪਾਕਿਸਤਾਨ ‘ਚ ਆਫੀਆ ਦੀ ਮਾਂ ਇਸਮਤ ਜਹਾਨ, ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ ਤੇ ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਗੂੜ੍ਹਾ ਰੰਗ ਚੜ੍ਹਿਆ। ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਆਫੀਆ ਦੇ ਪਰਿਵਾਰ ਦਾ ‘ਜਹਾਦੀ’ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਫਿਰ ਉਹ ਪੜ੍ਹਾਈ ਲਈ ਆਪਣੇ ਭਰਾ ਮੁਹੰਮਦ ਅਲੀ ਕੋਲ ਅਮਰੀਕਾ ਪੁੱਜ ਗਈ। ਅਲੀ ਕੋਲ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ। ਉਸ ਦੀ ਹਰ ਗੱਲ ਮਜ਼ਹਬ ਦੇ ਪ੍ਰਸੰਗ ਵਿਚ ਹੁੰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਬਿਹਤਰ ਮਜ਼ਹਬ ਜਾਪਦਾ। ਇਸੇ ਜੋਸ਼ ਵਿਚ ਉਹ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਸੀ। ਉਹ ਬੋਸਟਨ ਦੀ ਪ੍ਰਸਿੱਧ ਸੰਸਥਾ ਮੈਸਾਚੂਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਦਾਖਲ ਹੋਈ ਤਾਂ ਆਪਣੀ ਲਿਆਕਤ ਕਰ ਕੇ ਛੇਤੀ ਹੀ ਮਕਬੂਲ ਹੋ ਗਈ। ਉਥੇ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ। ਜਹਾਦੀਆਂ ਦਾ ਮੁੱਖ ਨਾਅਰਾ ਵੱਧ ਤੋਂ ਵੱਧ ਕਾਫਰ ਮਾਰਨ ਦਾ ਸੀ। 1993 ਦੀਆਂ ਛੁੱਟੀਆਂ ਵਿਚ ਆਫੀਆ ਪਾਕਿਸਤਾਨ ਗਈ ਅਤੇ ਤਕਰੀਰਾਂ ਕੀਤੀਆਂ। ਸੁਣਨ ਵਾਲੇ ਅਸ਼-ਅਸ਼ ਕਰ ਉਠੇ। ਵਾਪਸੀ ਵੇਲੇ ਉਹ ਬੇਹਦ ਉਤਸ਼ਾਹ ਨਾਲ ਭਰੀ ਪਈ ਸੀ। ਉਹ ਜਹਾਦ ਨਾਲ ਹੋਰ ਡੂੰਘਾ ਜੁੜ ਗਈ। ਘਰਵਾਲਿਆਂ ਦੇ ਜ਼ੋਰ ਪਾਉਣ ‘ਤੇ ਉਸ ਦਾ ਨਿਕਾਹ ਫੋਨ ਉਤੇ ਹੀ ਅਹਿਮਦ ਮੁਹੰਮਦ ਖਾਨ ਨਾਲ ਪੜ੍ਹਿਆ ਗਿਆ। ਉਹ ਵੀ ਉਸ ਕੋਲ ਅਮਰੀਕਾ ਪੁੱਜ ਗਿਆ। ਫਿਰ 9/11 ਵਾਲਾ ਭਾਣਾ ਵਰਤ ਗਿਆ।æææਹੁਣ ਅੱਗੇ ਪੜ੍ਹੋææææ
ਹਰਮਹਿੰਦਰ ਚਹਿਲ
ਫੋਨ: 703-362-3239
ਅੱਜ ਦੇ ਵਾਕਿਆਤ ਨੇ ਆਫੀਆ ਨੂੰ ਇੰਨਾ ਡਰਾ ਦਿੱਤਾ ਕਿ ਉਹ ਚੀਕਾਂ ਮਾਰਦੀ ਰੋਣ ਕੁਰਲਾਉਣ ਲੱਗੀ। ਅਮਜਦ ਉਸ ਦੀ ਹਾਲਤ ਵੇਖ ਕੇ ਕੰਮ ‘ਤੇ ਨਾ ਗਿਆ। ਆਫੀਆ ਲਗਾਤਾਰ ਦੋਸਤਾਂ ਮਿੱਤਰਾਂ ਨੂੰ ਫੋਨ ਕਰ ਰਹੀ ਸੀ ਤੇ ਨਵੇਂ ਉਪਜ ਰਹੇ ਹਾਲਾਤ ਬਾਰੇ ਜਾਣਕਾਰੀ ਲੈ ਰਹੀ ਸੀ, ਪਰ ਉਸ ਦਾ ਡਰ ਉਵੇਂ ਹੀ ਕਾਇਮ ਸੀ। ਦੁਪਹਿਰ ਢਲਣ ਤੋਂ ਪਹਿਲਾਂ ਹੀ ਖ਼ਬਰਾਂ ਆਉਣ ਲੱਗ ਪਈਆਂ ਕਿ ਅੱਧਿਓਂ ਵੱਧ ਅਤਿਵਾਦੀ ਜਿਨ੍ਹਾਂ ਨੇ ਅੱਜ (9/11) ਦੇ ਕਰੂਰ ਕਾਰਨਾਮੇ ਕੀਤੇ ਹਨ, ਦੀ ਪਛਾਣ ਹੋ ਚੁੱਕੀ ਹੈ। ਪਛਾਣੇ ਜਾਣ ਵਾਲਿਆਂ ਵਿਚ ਸਭ ਤੋਂ ਪਹਿਲਾ ਮੁਹੰਮਦ ਅਤਾ ਸੀ ਜੋ ਬੋਸਟਨ ਦਾ ਰਹਿਣ ਵਾਲਾ ਸੀ। ਪੁਲਿਸ ਨੇ ਛਾਪੇ ਤੇਜ਼ ਕਰ ਦਿੱਤੇ। ਜਿਸ ਦਾ ਵੀ ਪਤਾ ਲੱਗਦਾ ਕਿ ਇਸ ਨਾਲ ਕਿਸੇ ਅਤਿਵਾਦੀ ਦੀ ਜਾਣ-ਪਛਾਣ ਰਹੀ ਹੈ, ਉਸੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਇੱਥੋਂ ਤੱਕ ਕਿ ਜਿਨ੍ਹਾਂ ਹੋਟਲਾਂ ਵਿਚ ਉਹ ਰਾਤਾਂ ਰੁਕੇ ਸਨ, ਉਨ੍ਹਾਂ ਸਭ ਨੂੰ ਛਾਣ-ਬੀਣ ਲਈ ਬੰਦ ਕਰ ਦਿੱਤਾ ਗਿਆ ਤੇ ਮੁਲਜ਼ਮਾਂ ਨੂੰ ਫੜ ਲਿਆ ਗਿਆ। ਇਹ ਸਭ ਸੁਣ ਕੇ ਆਫੀਆ ਉਚੀ ਉਚੀ ਰੋਂਦੀ ਹੋਈ ਬੋਲਣ ਲੱਗੀ, “ਅਮਜਦ ਜਿੰਨੀ ਛੇਤੀ ਹੋ ਸਕੇ ਆਪਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਐ। ਇੱਥੇ ਆਪਣੀ ਜਾਨ ਨੂੰ ਖਤਰਾ ਐ।”
“ਖਤਰੇ ਵਾਲੀ ਇਸ ਵਿਚ ਕੀ ਗੱਲ ਐ। ਆਪਣੇ ਵਾਂਗੂੰ ਇੱਥੇ ਹੋਰ ਵੀ ਬੜੇ ਮੁਸਲਮਾਨ ਰਹਿੰਦੇ ਨੇ। ਉਹ ਕਿਤੇ ਸਾਰੇ ਈ ਅਤਿਵਾਦੀ ਹੋ ਗਏ। ਜਿਨ੍ਹਾਂ ਨੇ ਇਹ ਅਣਮਨੁੱਖੀ ਕਾਰਾ ਕੀਤਾ ਐ, ਖਤਰਾ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਹਮਦਰਦਾਂ ਨੂੰ ਐ। ਤੂੰ ਐਵੇਂ ਨਾ ਘਬਰਾ।”
“ਤੂੰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ, ਪਿੱਛੋਂ ਪਛਤਾਉਂਦਾ ਫਿਰੇਂਗਾ। ਅਜੇ ਵੀ ਮੌਕਾ ਐ ਕਿ ਇੱਥੋਂ ਛੇਤੀ ਚਲੇ ਚੱਲੀਏ।”
“ਪਰ ਆਪਾਂ ਕਿਉਂ ਭੱਜ ਚੱਲੀਏ? ਆਪਾਂ ਕਿਹੜਾ ਕੋਈ ਗਲਤ ਕੰਮ ਕੀਤਾ ਐ?”
“ਮੈਨੂੰ ਪਤਾ ਲੱਗਾ ਐ ਕਿ ਅਮਰੀਕਨ, ਮੁਸਲਮਾਨਾਂ ਦੇ ਬੱਚਿਆਂ ਨੂੰ ਕਿੱਡਨੈਪ ਕਰਨਗੇ।”
“ਤੈਨੂੰ ਇਹ ਗੱਲ ਕਿਸ ਨੇ ਕਹੀ ਐ?”
“ਬੱਸ ਕਿਸੇ ਪਾਸਿਉਂ ਪਤਾ ਲੱਗਿਆ ਐ। ਤਾਂ ਹੀ ਕਹਿ ਰਹੀ ਆਂ ਕਿ ਮੁਸੀਬਤ ਆਉਣ ਤੋਂ ਪਹਿਲਾਂ ਨਿਕਲ ਚੱਲੀਏ।”
“ਆਫੀਆ ਮੈਨੂੰ ਸਮਝ ਨ੍ਹੀਂ ਆ ਰਹੀ ਕਿ ਤੂੰ ਇੰਨੀ ਘਬਰਾ ਕਿਉਂ ਰਹੀ ਐਂ। ਇਸ ਤਰ੍ਹਾਂ ਆਪਾਂ ਬੰਨ੍ਹਿਆਂ-ਬੰਨ੍ਹਾਇਆ ਘਰ ਅਤੇ ਪੜ੍ਹਾਈ ਵਗੈਰਾ ਵਿਚਾਲੇ ਛੱਡ ਕੇ ਕਿਵੇਂ ਜਾ ਸਕਦੇ ਆਂ?”
“ਇਸ ਦਾ ਮਤਲਬ ਤੂੰ ਮੇਰੀ ਗੱਲ ਨ੍ਹੀਂ ਮੰਨਣੀ?” ਆਫੀਆ ਗੁੱਸੇ ‘ਚ ਕੰਬਣ ਲੱਗੀ।
“ਤੂੰ ਮੈਨੂੰ ਆਪਣੀ ਗੱਲ ਕਿਸੇ ਢੰਗ ਤਰੀਕੇ ਨਾਲ ਸਮਝਾ। ਤੂੰ ਤਾਂ ਬਿਨਾਂ ਸਿਰ ਪੈਰ ਦੀਆਂ ਗੱਲਾਂ ਮਾਰੀ ਜਾ ਰਹੀ ਐਂ।”
“ਚੰਗਾ ਕਰ ਆਪਣੀ ਮਰਜ਼ੀ। ਜਦੋਂ ਭੁਗਤੇਂਗਾ ਤਾਂ ਆਪੇ ਪਤਾ ਲੱਗਜੂਗਾ।” ਆਫੀਆ ਪੈਰ ਪਟਕਦੀ ਪੌੜੀਆਂ ਚੜ੍ਹ ਗਈ। ਉਪਰੋਂ ਜਾ ਕੇ ਉਸ ਨੇ ਸੁਹੇਲ, ਸੁਲੇਮਾਨ, ਮਾਰਲਿਨ ਅਤੇ ਕਈ ਹੋਰਾਂ ਨੂੰ ਫੋਨ ਕੀਤੇ, ਪਰ ਕਿਸੇ ਦਾ ਵੀ ਫੋਨ ਨਾ ਮਿਲਿਆ। ਸਭ ਦੇ ਫੋਨ ਬੰਦ ਆ ਰਹੇ ਸਨ। ਆਫੀਆ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਿਆ। ਫਿਰ ਉਸ ਨੇ ਕਿਸੇ ਅਜਿਹੀ ਸਹੇਲੀ ਨੂੰ ਫੋਨ ਕੀਤਾ ਜਿਸ ਦਾ ਜਹਾਦ ਨਾਲ ਕੋਈ ਵਾਸਤਾ ਨਹੀਂ ਸੀ, ਪਰ ਉਂਜ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਕਾਫੀ ਜਾਣਕਾਰੀ ਰੱਖਦੀ ਸੀ। ਉਹ ਸਾਊਦੀ ਅਰਬ ਦੀ ਰਹਿਣ ਵਾਲੀ ਸੀ।
“ਆਫੀਆ ਤੂੰ ਇੰਨੀ ਅਪਸੈਟ ਕਿਉਂ ਹੋ ਰਹੀ ਐਂ। ਫਿਰ ਕੀ ਹੋ ਗਿਆ ਜੇ ਆਪਾਂ ਮੁਸਲਮਾਨ ਆਂ ਤਾਂ, ਪਰ ਆਪਾਂ ਸਭ ਦੇ ਨਾਲ ਈ ਆਂ।” ਉਸ ਨੇ ਆਫੀਆ ਨੂੰ ਧਰਵਾਸ ਦਿੱਤਾ।
“ਤੂੰ ਮੇਰੀ ਅਸਲੀ ਗੱਲ ਨ੍ਹੀਂ ਸਮਝ ਰਹੀ। ਜੇ ਨੁਕਸਾਨ ਕਰਾ ਕੇ ਇੱਥੋਂ ਨਿਕਲੇ ਤਾਂ ਫਿਰ ਕੀ ਫਾਇਦਾ ਹੋਇਆ।”
ਉਸ ਦੀ ਗੱਲ ਸੁਣ ਕੇ ਸਹੇਲੀ ਸੋਚੀਂ ਪੈ ਗਈ। ਉਸ ਨੂੰ ਲੱਗਿਆ ਕਿ ਆਫੀਆ ਹੱਦੋਂ ਵੱਧ ਡਰੀ ਹੋਈ ਹੈ। ਉਹ ਕੁਝ ਸੋਚਦਿਆਂ ਬੋਲੀ, “ਆਫੀਆ, ਤੂੰ ਇਹੀ ਚਾਹੁੰਨੀ ਐਂ ਨਾ ਕਿ ਇੱਥੋਂ ਜਲਦੀ ਚਲੀ ਜਾਵੇਂ?”
“ਹਾਂ, ਬਿਲਕੁਲ।”
“ਪਰ ਇਹ ਵੀ ਨ੍ਹੀਂ ਹੋ ਸਕਦਾ; ਕਿਉਂਕਿ ਅਜੇ ਤਾਂ ਅਮਰੀਕਾ ਦਾ ਸਾਰਾ ਏਅਰਸਪੇਸ ਬੰਦ ਪਿਆ ਐ। ਨਾ ਕੋਈ ਫਲਾਈਟ ਅੰਦਰ ਆ ਰਹੀ ਐ, ਨਾ ਈ ਕੋਈ ਬਾਹਰ ਜਾ ਰਹੀ ਐ।”
“ਪਰ ਮੈਨੂੰ ਪਤਾ ਲੱਗਿਆ ਐ ਕਿ ਕੋਈ ਖਾਸ ਫਲਾਈਟ ਜਾ ਰਹੀ ਐ।”
“ਆਫੀਆ ਉਹ ਫਲਾਈਟ ਤਾਂ ਬਹੁਤ ਗੁਪਤ ਤੌਰ ‘ਤੇ ਇੱਥੋਂ ਜਾ ਰਹੀ ਐ। ਕਾਗਜ਼ਾਂ ‘ਚ ਉਸ ਦਾ ਤਾਂ ਕਿਧਰੇ ਜ਼ਿਕਰ ਨ੍ਹੀਂ ਐ। ਤੈਨੂੰ ਪਤਾ ਨ੍ਹੀਂ ਉਸ ਬਾਰੇ ਕਿਵੇਂ ਪਤਾ ਲੱਗ ਗਿਆ ਵਰਨਾæææ।”
“ਤੂੰ ਕਿਸੇ ਤਰ੍ਹਾਂ ਕੋਸ਼ਿਸ਼ ਕਰ ਕੇ ਮੈਨੂੰ ਉਸ ਫਲਾਈਟ ‘ਤੇ ਸੀਟ ਨ੍ਹੀਂ ਦੁਆ ਸਕਦੀ?” ਸਹੇਲੀ ਦੀ ਗੱਲ ਵਿਚਕਾਰੋਂ ਟੋਕਦੀ ਆਫੀਆ ਬੋਲੀ।
“ਨ੍ਹੀਂ ਇਹ ਮੁਮਕਿਨ ਨ੍ਹੀਂ ਐ। ਉਸ ਫਲਾਈਟ ‘ਤੇ ਸਿਰਫ ਸਾਊਦੀ ਅਰਬ ਦੇ ਉਹੀ ਬਾਸ਼ਿੰਦੇ ਜਾ ਰਹੇ ਨੇ ਜਿਨ੍ਹਾਂ ਦੇ ਸਾਊਦੀ ਅਰਬ ਦੀ ਅੰਬੈਸੀ ਨਾਲ ਗੂੜ੍ਹੇ ਸਬੰਧ ਨੇ। ਸਾਊਦੀ ਅੰਬੈਸਡਰ ਨ੍ਹੀਂ ਚਾਹੁੰਦਾ ਕਿ ਕੱਲ੍ਹ ਨੂੰ ਉਸ ਦਾ ਕੋਈ ਬਾਸ਼ਿੰਦਾ ਇਸ ਪਲਾਟ ਵਿਚ ਫਸ ਜਾਵੇ। ਤੈਨੂੰ ਪਤਾ ਈ ਐ ਕਿ ਹਾਈਜੈਕਰਾਂ ‘ਚ ਅੱਧਿਓਂ ਵੱਧ ਤਾਂ ਸਾਊਦੀ ਅਰਬ ਦੇ ਨੇ। ਉਸ ਫਲਾਈਟ ਬਾਰੇ ਤਾਂ ਤੂੰ ਭੁੱਲ ਈ ਜਾਹ।”
ਆਫੀਆ ਦੀ ਆਖਰੀ ਉਮੀਦ ਵੀ ਮੁੱਕ ਗਈ। ਇਸ ਪਿੱਛੋਂ ਉਸ ਨੇ ਅਮਜਦ ਨਾਲ ਕੋਈ ਬਹਿਸ ਨਾ ਕੀਤੀ। ਉਦਾਸ ਬੈਠੀ ਉਹ ਟੀæਵੀæ ਉਤੇ ਚੱਲ ਰਹੀਆਂ ਖ਼ਬਰਾਂ ਵੇਖਦੀ ਰਹੀ। ਹਰ ਪੰਦਰਾਂ-ਵੀਹ ਮਿੰਟ ਪਿੱਛੋਂ ਕਿਸੇ ਨਾ ਕਿਸੇ ਦੇ ਫੜੇ ਜਾਣ ਦੀ ਖ਼ਬਰ ਆ ਰਹੀ ਸੀ। ਉਸ ਦੀ ਸਹੇਲੀ ਮਾਰਲਿਨ ਦੇ ਘਰਵਾਲਾ ਅਨਵਰ ਅਲ ਮੀਰਾਬੀ ਵੀ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਗ੍ਰਿਫਤਾਰੀ ਦੀ ਖ਼ਬਰ ਸੁਣਦਿਆਂ ਹੀ ਉਹ ਕੰਬਣ ਲੱਗੀ ਕਿਉਂਕਿ ਉਸ ਨੂੰ ਯਾਦ ਸੀ ਕਿ ਦੋ ਹਫਤੇ ਪਹਿਲਾਂ ਹੀ ਉਹ ਵਾਪਸ ਹਿਊਸਟਨ ਜਾਣ ਲੱਗੇ ਉਸ ਦੇ ਘਰੇ ਆਏ ਸਨ। ਅਮਜਦ, ਆਫੀਆ ਦੇ ਅੰਦਰ ਚੱਲ ਰਹੀਆਂ ਗੱਲਾਂ ਤੋਂ ਅਣਭਿੱਜ ਸਿਰਫ ਇਹੀ ਸਮਝਦਾ ਹੋਇਆ ਕਿ ਇਹ ਵਿਚਾਰੀ ਕੁਝ ਜ਼ਿਆਦਾ ਹੀ ਡਰ ਗਈ ਹੈ, ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਆਫੀਆ ਅਮਜਦ ਨਾਲ ਕੋਈ ਗੱਲ ਨਹੀਂ ਕਰ ਰਹੀ ਸੀ। ਉਂਜ ਉਹ ਆਪਣੇ ਤੌਰ ‘ਤੇ ਵਾਪਸ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਫਿਰ ਇਹ ਉਸ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੀ ਸੀ ਕਿ 17 ਸਤੰਬਰ ਨੂੰ ਜਿਸ ਦਿਨ ਅਮਰੀਕਨ ਏਅਰਸਪੇਸ ਪਹਿਲੀ ਵਾਰ ਖੁੱਲ੍ਹਿਆ ਤਾਂ ਆਫੀਆ ਆਪਣੇ ਦੋਹਾਂ ਬੱਚਿਆਂ ਸਮੇਤ ਪਾਕਿਸਤਾਨ ਜਾਣ ਵਾਲੀ ਫਲਾਈਟ ਵਿਚ ਬੈਠੀ ਹੋਈ ਸੀ। ਉਸ ਨੂੰ ਬੜਾ ਅਫਸੋਸ ਸੀ ਕਿ ਅਮਜਦ ਉਸ ਦੇ ਨਾਲ ਜਾਣਾ ਨਹੀਂ ਮੰਨਿਆ ਸੀ। ਨਾਲ ਹੀ ਉਸ ਦਾ ਦਿਲ ਵੀ ਤੇਜ਼ੀ ਨਾਲ ਧੜਕ ਰਿਹਾ ਸੀ ਪਰ ਜਦੋਂ ਜਹਾਜ਼ ਉਡ ਪਿਆ ਤਾਂ ਉਸ ਦਾ ਸਾਰਾ ਡਰ ਜਾਂਦਾ ਰਿਹਾ ਤੇ ਉਸ ਦਾ ਮਨ ਹੋਰ ਪਾਸੇ ਚਲਾ ਗਿਆ। ਉਸ ਦੀ ਸੋਚ ਮੁਤਾਬਕ ਆਖਰੀ ਲੜਾਈ ਸ਼ੁਰੂ ਹੋ ਚੁੱਕੀ ਸੀ। ਜਹਾਦੀਆਂ ਮੁਤਾਬਕ ਇਹ ਉਹ ਲੜਾਈ ਸੀ ਜਿਸ ਵਿਚ ਸਭ ਕਾਫਰ ਖਤਮ ਹੋ ਜਾਣਗੇ ਤੇ ਪਿੱਛੇ ਸਿਰਫ ਇਸਲਾਮ ਦਾ ਝੰਡਾ ਸਾਰੀ ਦੁਨੀਆਂ ‘ਤੇ ਝੂਲੇਗਾ। ਉਸ ਨੂੰ ਸਾਰੇ ਰਸਤੇ ਇਸੇ ਖੁਸ਼ੀ ‘ਚ ਪਲ ਭਰ ਵੀ ਨੀਂਦ ਨਾ ਆਈ। ਉਹ ਸੋਚ ਰਹੀ ਸੀ ਕਿ ਇਸਲਾਮੀ ਮੁਲਕਾਂ ‘ਚ ਖਾਸ ਕਰ ਕੇ ਪਾਕਿਸਤਾਨ ਵਿਚ ਤਾਂ ਇਸ ਵੇਲੇ ਜਹਾਦ ਵੱਡੇ ਪੱਧਰ ‘ਤੇ ਲੜਿਆ ਜਾ ਰਿਹਾ ਹੋਵੇਗਾ। ਲੋਕ ਸਭ ਕੁਝ ਭੁੱਲ ਕੇ ਜਹਾਦ ‘ਚ ਸ਼ਾਮਲ ਹੋ ਚੁੱਕੇ ਹੋਣਗੇ ਪਰ ਜਦੋਂ ਉਹ ਕਰਾਚੀ ਏਅਰਪੋਰਟ ‘ਤੇ ਉਤਰੀ ਤਾਂ ਉਹ ਬੜੀ ਹੈਰਾਨ ਹੋਈ। ਉਥੇ ਤਾਂ ਲੋਕ ਆਪੋ-ਆਪਣੇ ਕੰਮਾਂ ਕਾਰਾਂ ‘ਚ ਰੁੱਝੇ ਹੋਏ ਸਨ। ਲੱਗਦਾ ਸੀ ਕਿ ਕਿਸੇ ਨੂੰ ਪ੍ਰਵਾਹ ਹੀ ਨਹੀਂ ਸੀ ਕਿ ਅਮਰੀਕਾ ਵਿਚ ਕੀ ਹੋਇਆ ਹੈ। ਉਸ ਦਾ ਦਿਲ ਟੁੱਟ ਗਿਆ। ਉਸ ਨੂੰ ਅਮਜਦ ਦੇ ਘਰਵਾਲੇ ਏਅਰਪੋਰਟ ‘ਤੇ ਲੈਣ ਆਏ ਸਨ। ਘਰ ਜਾਂਦੀ ਉਹ ਹੋਰ ਵੀ ਹੈਰਾਨ ਹੋਈ ਜਦੋਂ ਘਰਵਾਲਿਆਂ ਨੇ ਟਵਿਨ ਟਾਵਰ ਢਹਿਣ ਵਾਲੀ ਗੱਲ ਇੱਕ-ਅੱਧ ਵਾਰ ਹੀ ਛੇੜੀ ਤੇ ਫਿਰ ਹੋਰ ਗੱਲਾਂ ਕਰਨ ਲੱਗੇ।
ਅਮਜਦ ਦੇ ਘਰਵਾਲੇ ਉਸ ਦੇ ਆਉਣ ‘ਤੇ ਜ਼ਿਆਦਾ ਖੁਸ਼ ਵੀ ਨਹੀਂ ਸਨ। ਅਮਜਦ ਨੇ ਉਨ੍ਹਾਂ ਨੂੰ ਫੋਨ ‘ਤੇ ਦੱਸ ਦਿੱਤਾ ਸੀ ਕਿ ਕਿਵੇਂ ਆਫੀਆ ਉਸ ਦੀ ਗੱਲ ਨਾ ਮੰਨਦੀ ਹੋਈ ਸਿਰਫ ਹਾਲਾਤ ਤੋਂ ਡਰਦੀ ਅਮਰੀਕਾ ਛੱਡ ਗਈ ਹੈ। ਇਸ ਤੋਂ ਪਹਿਲਾਂ ਘਰਵਾਲੇ ਕਾਫੀ ਦੇਰ ਦੇ ਕਹਿੰਦੇ ਆ ਰਹੇ ਸਨ ਕਿ ਅਮਜਦ ਅਤੇ ਆਫੀਆ ਇੱਕ ਵਾਰ ਆ ਕੇ ਮਿਲ ਜਾਣ ਅਤੇ ਬੱਚਿਆਂ ਨੂੰ ਮਿਲਾ ਲਿਜਾਣ; ਪਰ ਉਨ੍ਹਾਂ ਕਦੇ ਪਰਿਵਾਰ ਵਾਲਿਆਂ ਦੀ ਗੱਲ ਨਹੀਂ ਸੁਣੀ ਸੀ, ਪਰ ਅੱਜ ਆਫੀਆ ਇੱਕ ਦਮ ਹੀ ਆ ਪਹੁੰਚੀ। ਫਿਰ ਵੀ ਉਹ ਖੁਸ਼ ਸਨ ਕਿ ਚਲੋ ਇਸੇ ਬਹਾਨੇ ਉਹ ਆਪਣੇ ਪੋਤਰੇ-ਪੋਤਰੀ ਨਾਲ ਕੁਝ ਦਿਨ ਬਿਤਾ ਸਕਣਗੇ।
ਖਾਨ ਪਰਿਵਾਰ ਦੀਨੀ, ਅਕੀਦੇ ਮੰਨਣ ਵਾਲਾ, ਸ਼ਾਂਤ ਅਤੇ ਬਾਵੱਕਾਰ ਪਰਿਵਾਰ ਸੀ। ਉਨ੍ਹਾਂ ਮਿਹਨਤ ਕਰ ਕੇ ਇਹ ਮੁਕਾਮ ਹਾਸਲ ਕੀਤਾ ਸੀ ਕਿ ਉਨ੍ਹਾਂ ਦੇ ਬੱਚੇ ਵਿਦੇਸ਼ਾਂ ‘ਚ ਪੜ੍ਹਦੇ ਸਨ ਅਤੇ ਚੰਗੇ ਅਹੁਦਿਆਂ ‘ਤੇ ਸਨ। ਅਮਜਦ ਦਾ ਪਿਉ ਆਗਾ ਨਈਮ ਖਾਂ ਇਸ ਵੇਲੇ ਰਿਟਾਇਰਡ ਜ਼ਿੰਦਗੀ ਬਿਤਾ ਰਿਹਾ ਸੀ। ਉਸ ਦੀ ਪਤਨੀ ਜ਼ਾਹਿਰਾ ਖਾਂ ਦੀ ਘਰ ‘ਚ ਚੰਗੀ ਚਲਦੀ ਸੀ। ਸਾਰਾ ਪਰਿਵਾਰ ਸਾਂਝੇ ਪਰਿਵਾਰ ਦੇ ਤੌਰ ‘ਤੇ ਰਹਿੰਦਾ ਸੀ। ਨਈਮ ਖਾਂ ਭਾਵੇਂ ਸਿਆਸਤਦਾਨ ਨਹੀਂ ਸੀ, ਪਰ ਉਸ ਦੀ ਸੂਝ-ਬੂਝ ਡੂੰਘੀ ਸੀ। ਘਰ ‘ਚ ਅਮਰੀਕਾ ਅੰਦਰ ਅਤਿਵਾਦੀਆਂ ਵਲੋਂ ਕੀਤੇ ਗਏ ਹਮਲਿਆਂ ਦੀ ਚਰਚਾ ਹੋਈ ਸੀ ਪਰ ਇਕ ਹੱਦ ਤੱਕ ਹੀ। ਪਰਿਵਾਰ ਨੇ ਕੱਟੜਵਾਦੀਆਂ ਦੇ ਇਸ ਕਦਮ ਨੂੰ ਨਿੰਦਿਆ ਸੀ ਕਿ ਨਿਰਦੋਸ਼ਾਂ ਨੂੰ ਮਾਰਨ ਨਾਲ ਕੀ ਹਾਸਲ ਹੋਵੇਗਾ, ਪਰ ਜਦੋਂ ਆਫੀਆ ਘਰੇ ਪਹੁੰਚੀ ਤਾਂ ਉਸ ਨੇ 9/11 ਦੀ ਘਟਨਾ ਨੂੰ ਬਹੁਤ ਅਚੰਭੇ ਨਾਲ ਬਿਆਨ ਕਰਨਾ ਸ਼ੁਰੂ ਕਰ ਦਿੱਤਾ। ਉਹ ਇਸ ਨੂੰ ਭੰਡ ਨਹੀਂ ਰਹੀ ਸੀ ਸਗੋਂ ਉਹ ਇਹ ਕਾਰਾ ਕਰਨ ਵਾਲਿਆਂ ਦੇ ਹੱਕ ‘ਚ ਬੋਲ ਰਹੀ ਸੀ। ਉਹ ਲਗਾਤਾਰ ਇਸੇ ਘਟਨਾ ਬਾਰੇ ਗੱਲਾਂ ਕਰ ਰਹੀ ਸੀ। ਪਰਿਵਾਰ ਵਾਲਿਆਂ ਨੂੰ ਉਸ ਦਾ ਇਸ ਤਰ੍ਹਾਂ ਉਤਸ਼ਾਹਤ ਹੋਣਾ ਚੰਗਾ ਨਾ ਲੱਗਿਆ। ਫਿਰ ਜ਼ਾਹਿਰਾ ਖਾਂ ਨੇ ਸਾਰਿਆਂ ਨੂੰ ਸਮਝਾਇਆ ਕਿ ਇਹ ਸ਼ਾਇਦ ਉਸ ਘਟਨਾ ਕਰ ਕੇ ਸਦਮੇ ‘ਚ ਹੈ, ਇਸੇ ਲਈ ਇਸ ਤਰ੍ਹਾਂ ਗੱਲਾਂ ਕਰ ਰਹੀ ਹੈ। ਜਦੋਂ ਉਹ ਬੋਲਣ ਤੋਂ ਨਾ ਹੀ ਹਟੀ ਤਾਂ ਨਈਮ ਖਾਂ ਥੋੜ੍ਹਾ ਤਾਅ ਖਾ ਕੇ ਬੋਲਿਆ, “ਆਫੀਆ ਬੇਟੀ ਤੈਨੂੰ ਪਤਾ ਐ ਕਿ ਹੁਣ ਕੀ ਹੋਵੇਗਾ?”
“ਹੋਣਾ ਕੀ ਐ। ਜਿਸ ਦਿਨ ਦਾ ਚਿਰਾਂ ਤੋਂ ਇੰਤਜ਼ਾਰ ਸੀ, ਉਹ ਆ ਚੁੱਕਾ ਐ। ਇਨ੍ਹਾਂ ਕਾਫਰਾਂ ਦਾ ਸਫਾਇਆ ਹੋ ਜਾਵੇਗਾ ਤੇ ਅੱਲਾ ਦੇ ਬੰਦਿਆਂ ਦੀ ਜਿੱਤ ਹੋਵੇਗੀ।”
“ਨ੍ਹੀਂ ਅਜਿਹਾ ਕੁਛ ਨ੍ਹੀਂ ਹੋਣਾ। ਜੋ ਕੁਛ ਹੋਵੇਗਾ, ਉਹ ਮੈਨੂੰ ਦਿਸ ਰਿਹਾ ਐ।”
“ਉਹ ਕੀ?” ਆਫੀਆ ਨੇ ਮੱਥੇ ਤਿਉੜੀ ਪਾਈ।
“ਹੁਣ ਅਮਰੀਕਾ, ਅਫਗਾਨਿਸਤਾਨ ‘ਤੇ ਚੜ੍ਹਾਈ ਕਰੇਗਾ; ਕਿਉਂਕਿ 9/11 ਦਾ ਇਹ ਕਾਰਾ ਕਰਵਾਉਣ ਵਾਲਾ ਉਥੇ ਪਨਾਹ ਲਈ ਬੈਠਾ ਐ। ਉਥੇ ਅਮਰੀਕਾ ਇਕੱਲਾ ਨ੍ਹੀਂ ਹੋਵੇਗਾ। ਸਾਰੀ ਦੁਨੀਆਂ ਉਸ ਦੇ ਨਾਲ ਹੋਵੇਗੀ। ਖਾਸ ਕਰ ਕੇ ਪਾਕਿਸਤਾਨ ਨੇ ਤਾਂ ਐਲਾਨ ਵੀ ਕਰ ਦਿੱਤਾ ਐ ਕਿ ਉਹ ਅਮਰੀਕਾ ਦਾ ਸਾਥ ਦੇਵੇਗਾ।”
“ਇਹੀ ਤਾਂ ਅਸੀਂ ਚਾਹੁੰਨੇ ਆਂ। ਇਸ ਤਰ੍ਹਾਂ ਇਹ ਆਖਰੀ ਲੜਾਈ ਹੋ ਨਿੱਬੜੇਗੀ। ਇਹੀ ਅੱਲਾ ਦੀ ਮਰਜ਼ੀ ਐ।”
“ਤੁਸੀਂ ਕਦੇ ਇਹ ਵੀ ਸੋਚਿਆ ਐ ਕਿ ਇਸ ਲੜਾਈ ਵਿਚ ਘਾਣ ਕਿਸ ਦਾ ਹੋਵੇਗਾ?”
“ਕਿਸ ਦਾ?”
“ਅਫਗਾਨਿਸਤਾਨ ਦੀ ਗਰੀਬ ਜਨਤਾ ਦਾ, ਜਿਹੜੀ ਪਿਛਲੇ ਤੀਹ ਸਾਲਾਂ ਤੋਂ ਲੜਾਈ ‘ਚ ਘੁਣ ਵਾਂਗ ਪਿਸ ਰਹੀ ਐ। ਵੱਡੇ ਆਪਣੀਆਂ ਖੇਡਾਂ ਖੇਡ ਰਹੇ ਨੇ ਪਰ ਗਰੀਬਾਂ ਨੂੰ ਕੌਣ ਪੁੱਛਦਾ ਐ।”
“ਜਹਾਦ ਵਿਚ ਕੁਰਬਾਨੀ ਤਾਂ ਦੇਣੀ ਈ ਪੈਂਦੀ ਐ।”
ਆਫੀਆ ਜਦੋਂ ਨਈਮ ਖਾਂ ਦੀਆਂ ਗੱਲਾਂ ਦਾ ਜੁਆਬ ਦੇਣ ਤੋਂ ਨਾ ਹਟੀ ਤਾਂ ਜ਼ਾਹਿਰਾ ਖਾਂ ਨੇ ਖਾਵੰਦ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਕੁਝ ਦੇਰ ਲਈ ਉਹ ਚੁੱਪ ਵੀ ਹੋ ਗਿਆ, ਪਰ ਜਦੋਂ ਆਫੀਆ ਫਿਰ ਵੀ ਆਪਣੀਆਂ ਹੀ ਮਾਰੀ ਗਈ ਤਾਂ ਉਹ ਦੁਬਾਰਾ ਬੋਲਿਆ, “ਆਫੀਆ ਬੇਟੀ, ਮੈਨੂੰ ਇਹ ਦੱਸ ਕਿ ਤੁਸੀਂ ਇਸ ਵੇਲੇ ਆਪਣੇ ਆਪ ਨੂੰ ਅਮਰੀਕਾ ਨਾਲੋਂ ਇੱਥੇ ਕਿਵੇਂ ਸੁਰੱਖਿਅਤ ਸਮਝਦੇ ਓਂ? ਅਮਰੀਕਾ ਤੁਹਾਡਾ ਮੁਲਕ ਐ। ਤੁਹਾਡਾ ਸਭ ਕੁਝ ਉਥੇ ਐ। ਨਾਲੇ ਇੱਥੇ ਤਾਂ ਆਪਣੇ ਗੁਆਂਢ ਹੁਣ ਲੜਾਈ ਚੱਲ ਪੈਣੀ ਐਂ।”
“ਤੁਸੀਂ ਇਸ ਗੱਲ ਨੂੰ ਛੱਡੋ। ਛੇਤੀ ਦੇਣੇ ਅਮਜਦ ਨੂੰ ਸੁਨੇਹਾ ਭੇਜੋ ਕਿ ਉਹ ਜਿੰਨੀ ਜਲਦੀ ਹੋ ਸਕੇ, ਇੱਥੇ ਆ ਜਾਵੇ। ਉਥੇ ਉਸ ਦੀ ਜ਼ਿੰਦਗੀ ਨੂੰ ਖਤਰਾ ਐ।”
“ਕਿਸ ਤੋਂ ਖਤਰਾ ਐ ਉਸ ਦੀ ਜ਼ਿੰਦਗੀ ਨੂੰ?”
“ਅਮਰੀਕਨ ਸਰਕਾਰ ਤੋਂ।”
“ਉਥੇ ਤਾਂ ਲੱਖਾਂ ਮੁਸਲਮਾਨ ਰਹਿ ਰਹੇ ਨੇ। ਕੀ ਉਹ ਸਾਰੇ ਇਸ 9/11 ਦੇ ਕਾਰੇ ਲਈ ਜ਼ਿੰਮੇਵਾਰ ਨੇ? ਨ੍ਹੀਂ ਉਹ ਤਾਂ ਆਮ ਸ਼ਹਿਰੀ ਨੇ। ਨਾਲੇ ਮੈਂ ਦੱਸ ਦਿਆਂ ਕਿ ਇਨ੍ਹਾਂ ਅਤਿਵਾਦੀਆਂ ਦਾ ਕੋਈ ਮਜ਼ਹਬ ਨ੍ਹੀਂ ਹੁੰਦਾ।”
“ਤੁਸੀਂ ਕਿਸੇ ਨੂੰ ਅਤਿਵਾਦੀ ਨ੍ਹੀਂ ਕਹਿ ਸਕਦੇ।” ਆਫੀਆ ਭੜਕ ਉਠੀ। ਸਾਰੇ ਹੈਰਾਨ ਰਹਿ ਗਏ। ਆਖਰ ਸਾਰਿਆਂ ਨੇ ਨਤੀਜਾ ਕੱਢਿਆ ਕਿ ਇਸ ਵੇਲੇ ਸ਼ਾਇਦ ਸਦਮੇ ਕਾਰਨ ਇਸ ਦੀ ਦਿਮਾਗੀ ਹਾਲਤ ਸਹੀ ਨਹੀਂ ਹੈ। ਇਸ ਕਰ ਕੇ ਇਸ ਨੂੰ ਆਰਾਮ ਕਰਨ ਦਿੱਤਾ ਜਾਵੇ।
ਉਧਰ ਅਮਰੀਕਾ ਨੇ ਅਫਗਾਨਿਸਤਾਨ ਦੇ ਇੱਕ ਅੱਖ ਵਾਲੇ ਤਾਲਿਬਾਨ ਲੀਡਰ ਮੁੱਲਾ ਉਮਰ ਨੂੰ ਵਾਰਨਿੰਗ ਦੇ ਦਿੱਤੀ ਕਿ ਉਹ ਕੋਈ ਇੱਕ ਰਸਤਾ ਚੁਣ ਲਵੇ। ਜਾਂ ਤਾਂ ਉਹ ਉਸਾਮਾ ਬਿਨ-ਲਾਦਿਨ ਨੂੰ ਅਮਰੀਕਾ ਦੇ ਹਵਾਲੇ ਕਰ ਦੇਵੇ, ਤੇ ਜਾਂ ਫਿਰ ਅਮਰੀਕੀ ਹਮਲੇ ਲਈ ਤਿਆਰ ਰਹੇ। ਮੁੱਲਾ ਉਮਰ ਨੇ ਕਿਸੇ ਦੀ ਕੋਈ ਗੱਲ ਨਾ ਮੰਨੀ। ਲੜਾਈ ਸ਼ੁਰੂ ਹੋਣ ਦੇ ਖਦਸ਼ੇ ਵਧ ਗਏ। ਆਖਰ 7 ਅਕਤੂਬਰ 2001 ਨੂੰ ਅਮਰੀਕਾ ਨੇ ਪਹਿਲਾ ਬੰਬ ਅਫਗਾਨਿਸਤਾਨ ਉਪਰ ਸੁੱਟਦਿਆਂ ਲੜਾਈ ਦਾ ਬਿਗਲ ਵਜਾ ਦਿੱਤਾ। ਇਸ ਵਿਚਕਾਰ ਆਫੀਆ ਬੜੀ ਉਤਸ਼ਾਹਤ ਸੀ। ਕਦੇ ਉਹ ਕਿਸੇ ਕਮਰੇ ‘ਚ ਜਾਂਦੀ ਸੀ ਤੇ ਕਦੇ ਕਿਸੇ ਵਿਚ। ਕਦੇ ਉਹ ਕੁਝ ਬੋਲਦੀ ਸੀ ਤੇ ਕਦੇ ਕੁਝ। ਘਰਵਾਲੇ ਉਸ ਦੀਆਂ ਹਰਕਤਾਂ ਤੋਂ ਬੜੇ ਅਵਾਜਾਰ ਹੋ ਗਏ ਸਨ। ਦੁਪਹਿਰ ਵੇਲੇ ਸਾਰੇ ਖਾਣੇ ਦੀ ਮੇਜ਼ ‘ਤੇ ਬੈਠੇ ਤਾਂ ਅਮਜਦ ਦੇ ਵੱਡੇ ਭਰਾ ਨੇ ਗੱਲ ਛੇੜੀ, “ਆਫੀਆ, ਅਜਿਹੀ ਕਿਹੜੀ ਗੱਲ ਐ ਜੋ ਤੂੰ ਇਉਂ ਅਪਸੈਟ ਐਂ। ਨਾਲੇ ਕਿਹੜੀ ਗੱਲ ਕਰ ਕੇ ਤੈਨੂੰ ਖੜ੍ਹੇ ਪੈਰ ਅਮਰੀਕਾ ਛੱਡਣ ਦਾ ਫੁਰਨਾ ਫੁਰਿਆ?”
“ਕਿਉਂਕਿ ਉਥੇ ਦੇ ਅਮਰੀਕਨ ਲੋਕ, ਮੁਸਲਮਾਨਾਂ ਦੇ ਬੱਚੇ ਅਗਵਾ ਕਰਨ ਲੱਗ ਪਏ ਸਨ।”
“ਪਰ ਮੈਂ ਤਾਂ ਇਹ ਗੱਲ ਤੈਥੋਂ ਈ ਪਹਿਲੀ ਵਾਰ ਸੁਣ ਰਿਹਾ ਆਂ। ਮੇਰੇ ਹੋਰ ਵੀ ਕਈ ਦੋਸਤ ਉਥੇ ਨੇ, ਉਨ੍ਹਾਂ ‘ਚੋਂ ਤਾਂ ਕਿਸੇ ਨੇ ਨ੍ਹੀਂ ਬੱਚੇ ਅਗਵਾ ਕਰਨ ਵਾਲੀ ਗੱਲ ਦੱਸੀ।”
“ਤਾਂ ਕੀ ਫਿਰ ਮੈਂ ਝੂਠ ਬੋਲਦੀ ਆਂ?” ਉਹ ਤਿੜਕੀ।
“ਪਰ ਆਫੀਆ ਤੇਰੇ ਆਪਣੇ ਭਰਾ ਅਤੇ ਭੈਣ ਦੇ ਬੱਚੇ ਵੀ ਤਾਂ ਉਥੇ ਈ ਨੇ। ਉਹ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਆਏ ਨਾ?”
“ਤੁਸੀਂ ਸਭ ਮੈਨੂੰ ਬੇਵਕੂਫ ਸਮਝਦੇ ਓਂ? ਤੁਹਾਡਾ ਮਤਲਬ ਇਸ ਸਭ ਲਈ ਮੈਂ ਈ ਜ਼ਿੰਮੇਵਾਰ ਆਂ?” ਇੰਨਾ ਕਹਿੰਦਿਆਂ ਉਹ ਉਠੀ ਤੇ ਉਚੀ-ਉਚੀ ਬੋਲਦੀ ਪੌੜੀਆਂ ਚੜ੍ਹ ਗਈ। ਘਰ ਵਾਲੇ ਉਸ ਦਾ ਇਹ ਵਿਹਾਰ ਦੇਖ ਕੇ ਹੈਰਾਨ ਰਹਿ ਗਏ। ਨਾਲ ਹੀ ਉਨ੍ਹਾਂ ਨੂੰ ਹੋਰ ਕਈ ਗੱਲਾਂ ਵੀ ਪ੍ਰੇਸ਼ਾਨ ਕਰ ਰਹੀਆਂ ਸਨ। ਵੱਡੀ ਗੱਲ ਸੀ ਕਿ ਆਫੀਆ ਘਰ ਅੰਦਰ ਵੀ ਸਿਰ ਤੋਂ ਪੈਰਾਂ ਤੱਕ ਬੁਰਕੇ ‘ਚ ਲਿਪਟੀ ਹੋਈ ਸੀ। ਉਸ ਦੀਆਂ ਸਿਰਫ ਅੱਖਾਂ ਦਿਸਦੀਆਂ ਸਨ, ਜਦੋਂ ਕਿ ਖਾਨ ਪਰਿਵਾਰ ‘ਚ ਬੁਰਕੇ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਸੀ। ਉਂਜ ਵੀ ਉਹ ਸੋਚਦੇ ਸਨ ਕਿ ਇੰਨੇ ਸਾਲ ਅਮਰੀਕਾ ਵਰਗੇ ਮਾਡਰਨ ਮੁਲਕ ਵਿਚ ਰਹਿ ਕੇ ਵੀ ਉਹ ਉਸੇ ਦਕੀਆਨੂਸੀ ਅੰਦਾਜ਼ ‘ਚ ਜਿਉਂ ਰਹੀ ਹੈ। ਖੈਰ, ਜਦੋਂ ਉਹ ਬੁੜਬੜਾਉਂਦੀ ਪੌੜੀਆਂ ਚੜ੍ਹ ਗਈ ਤਾਂ ਉਸ ਦੀ ਸੱਸ ਉਸ ਦੇ ਮਗਰੇ ਗਈ। ਵਾਹਵਾ ਦੇਰ ਪਿੱਛੋਂ ਉਹ ਉਸ ਨੂੰ ਕਿਸੇ ਤਰ੍ਹਾਂ ਮਨਾ ਕੇ ਵਾਪਸ ਖਾਣੇ ਦੇ ਮੇਜ਼ ‘ਤੇ ਲੈ ਆਈ। ਉਹ ਆ ਤਾਂ ਗਈ ਪਰ ਉਸ ਨੇ ਬੁਰਕਾ ਪਾਸੇ ਨਾ ਕੀਤਾ। ਇਸ ‘ਤੇ ਜ਼ਾਹਿਰਾ ਖਾਂ ਬੋਲੀ, “ਆਫੀਆ ਬੇਟੀ, ਹੁਣ ਤੂੰ ਪਰਦਾ ਹਟਾ ਸਕਦੀ ਐਂ, ਇੱਥੇ ਸਭ ਘਰ ਦੇ ਈ ਨੇ।”
“ਇੱਥੇ ਬੈਠੇ ਸਭ ਲੋਕ ਸ਼ੈਤਾਨ ਨੇ। ਕਿਸੇ ਨੂੰ ਇਸਲਾਮ ਦੀ ਪ੍ਰਵਾਹ ਨ੍ਹੀਂ ਐ।” ਉਹ ਫਿਰ ਭਾਸ਼ਣ ਦੇਣ ਲੱਗ ਪਈ। ਉਹ ਅਮਜਦ ਦੇ ਘਰਵਾਲਿਆਂ ਦੀ ਬੇਇਜ਼ਤੀ ਕਰ ਰਹੀ ਸੀ ਕਿ ਉਹ ਲੋਕ ਮਜ਼ਹਬ ਬਾਰੇ ਕੁਝ ਨਹੀਂ ਜਾਣਦੇ। ਆਖਰ ਨਈਮ ਖਾਂ ਖਾਣੇ ਦੇ ਮੇਜ਼ ਤੋਂ ਉਠ ਗਿਆ। ਉਹ ਆਪਣੀ ਨੂੰਹ ਨਾਲ ਕੋਈ ਗੱਲ ਵੀ ਨਹੀਂ ਕਰ ਸਕਦਾ ਸੀ ਤੇ ਚੁੱਪ ਕਰ ਕੇ ਉਸ ਦੀਆਂ ਬੇਹੂਦਾ ਗੱਲਾਂ ਵੀ ਨਹੀਂ ਸੁਣ ਸਕਦਾ ਸੀ। ਉਹ ਉਠ ਕੇ ਬਾਹਰ ਚਲਾ ਗਿਆ। ਉਸੇ ਰਾਤ ਉਸ ਨੇ ਅਮਜਦ ਨੂੰ ਫੋਨ ਕਰ ਕੇ ਕਿਹਾ ਕਿ ਉਹ ਛੇਤੀ ਵਾਪਸ ਆ ਕੇ ਆਪਣੀ ਬੇਗਮ ਨੂੰ ਸੰਭਾਲੇ, ਕਿਉਂਕਿ ਉਸ ਨੇ ਸਾਰੇ ਪਰਿਵਾਰ ਦਾ ਜਿਉਣਾ ਔਖਾ ਕੀਤਾ ਪਿਆ ਹੈ। ਆਫੀਆ ਨੇ ਵੀ ਅਮਜਦ ਨੂੰ ਫੋਨ ਕਰ ਕੇ ਕਿਹਾ, “ਅਮਜਦ, ਹੁਣ ਤੂੰ ਆ ਕੇ ਫੈਸਲਾ ਕਰ ਲੈ ਕਿ ਤੂੰ ਸ਼ੈਤਾਨਾਂ ਨਾਲ ਰਹਿਣਾ ਐ ਜਾਂ ਫਿਰ ਮੇਰੇ ਨਾਲ?”
“ਆਫੀਆ, ਮੇਰੇ ਇਮਤਿਹਾਨ ਵਿਚ ਇਸ ਵੇਲੇ ਸਿਰਫ ਪੰਜ ਮਹੀਨੇ ਰਹਿੰਦੇ ਨੇ। ਜੇ ਮੈਂ ਹੁਣ ਆ ਜਾਂਦਾ ਹਾਂ ਤਾਂ ਹੁਣ ਤੱਕ ਦਾ ਕੀਤਾ ਕਰਾਇਆ ਸਾਰਾ ਖੂਹ ਵਿਚ ਪੈ ਜਾਵੇਗਾ। ਤੂੰ ਮੈਨੂੰ ਆਪਣੀ ਪੜ੍ਹਾਈ ਪੂਰੀ ਕਰ ਲੈਣ ਦੇ। ਉਦੋਂ ਤੱਕ ਤੂੰ ਕਿਵੇਂ ਨਾ ਕਿਵੇਂ ਅਡਜਸਟ ਕਰ।”
ਅਮਜਦ ਵਿਚਕਾਰ ਫਸ ਗਿਆ। ਉਸ ਦੇ ਘਰ ਦੇ ਉਸ ਨੂੰ ਆਉਣ ਨੂੰ ਕਹਿ ਰਹੇ ਸਨ। ਉਧਰ, ਆਫੀਆ ਵੀ ਦਿਨ ਰਾਤ ਉਸ ਨੂੰ ਆਉਣ ਲਈ ਫੋਨ ‘ਤੇ ਫੋਨ ਕਰ ਰਹੀ ਸੀ। ਅੱਕ ਕੇ ਉਸ ਨੇ ਯੂਨੀਵਰਸਿਟੀ ਤੋਂ ਇਜਾਜ਼ਤ ਲਈ ਅਤੇ ਪਾਕਿਸਤਾਨ ਚੱਲ ਪਿਆ।
(ਚਲਦਾ)
Leave a Reply