ਫੈਸਲੇ ਦੀ ਘੜੀ

ਪ੍ਰੋ. ਲਖਬੀਰ ਸਿੰਘ
ਫੋਨ: 91-98148-66230
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
5 ਦਸੰਬਰ 2006 ਸਵੇਰੇ 10 ਵਜੇ ਡਾ. ਏ. ਕੇ. ਵੈਦ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਮੇਰੇ ਕਮਰੇ ‘ਚ ਦਾਖਲ ਹੋਈ। ਰੁਟੀਨ ਫਾਈਲ ਦੀ ਨਬਜ਼ ਟਟੋਲੀ ਤੇ ਬੋਲੇ, “ਸਾਡੇ ਵਲੋਂ ਰੋਗ ਨਿਦਾਨ ਰਿਪੋਰਟ (ਪ੍ਰੋਗਨੋਸਿਸ) ਤਿਆਰ ਹੈ।” ਮੇਰੇ ਸਹਾਇਕਾਂ ਨੇ ਕਿਹਾ, “ਦੱਸੋ ਕੀ ਰਿਪੋਰਟ ਹੈ।” ਕਹਿੰਦੇ, “ਮਰੀਜ਼ ਤੋਂ ਦੂਰ ਬਾਹਰ ਆ ਜਾਓ।” ਕਹਿੰਦੇ, “ਸਾਡੇ ਤਾਂ ਹੌਂਸਲੇ ਪਸਤ ਨੇ, ਕੁਝ ਸੁਝਦਾ ਨਹੀਂ। ਇਥੇ ਹੀ ਦੱਸ ਦਿਓ।” ਡਾਕਟਰ ਨੇ ਦੱਸਿਆ, “ਰਿਪੋਰਟ ਕੋਈ ਅੱਛੀ ਨਹੀਂ ਹੈ। ਕੈਂਸਰ ਬੋਨਮੈਰੋ ਨੂੰ ਬਹੁਤ ਨੁਕਸਾਨ ਪੁਚਾ ਚੁਕਾ ਹੈ, ਬੋਨਮੈਰੋ ਜੋ ਸਾਡੇ ਜੀਵਨ ਦਾ ਆਧਾਰ ਹੁੰਦਾ ਹੈ, ਕੈਂਸਰ ਨਾਲ ਵਿਗੜ ਚੁਕਾ ਹੈ।

ਅਣਲੋੜੀਂਦੇ ਪਲਾਜ਼ਮਾ ਸੈਲ 42% ਹੱਦ ਤੱਕ ਬੋਨਮੈਰੋ ਵਿਚ ਜਮ੍ਹਾਂ ਹੋ ਚੁਕੇ ਹਨ। ਰੀੜ੍ਹ ਦੀ ਹੱਡੀ ਨੂੰ ਪਹਿਲਾਂ ਹੀ ਲਾਗ ਲਾ ਕੇ ਦੋ ਮਣਕੇ ਤੋੜ ਚੁਕਾ ਹੈ। ਕੋਈ ਛੇ ਮਹੀਨੇ, ਸਾਲ ਦਾ ਸਮਾਂ ਹੈ। ਮਲਟੀਪਲ ਮਾਈਲੋਮਾ ਜਿਸ ਨੂੰ ਬੋਨਮੈਰੋ ਕੈਂਸਰ ਵੀ ਕਹਿੰਦੇ ਹਨ, ਤੀਜੀ ਸਟੇਜ ਤੱਕ ਪਹੁੰਚ ਚੁਕਾ ਹੈ। ਇਸ ਕੈਂਸਰ ਨੂੰ ਪਹਿਲੀ, ਦੂਜੀ ਸਟੇਜ ‘ਤੇ ਕੰਟਰੋਲ ਆਸਾਨ ਹੁੰਦਾ ਹੈ ਪਰ ਤੀਜੀ ਸਟੇਜ ‘ਤੇ ਇਲਾਜ ਮੁਸ਼ਕਿਲ, ਮਹਿੰਗਾ ਅਤੇ ਦਰਦਨਾਕ ਹੋਣ ਦੇ ਬਾਵਜੂਦ ਘੱਟ ਫਲਦਾਇਕ ਹੁੰਦਾ ਹੈ।”
ਡਾ. ਅਸ਼ੋਕ ਵੈਦ ਨੇ ਸਾਰੀ ਕਹਾਣੀ ਨਾਕਾਰਾਤਮਕ ਅੰਦਾਜ਼ ਵਿਚ ਦੱਸਦਿਆਂ ਜ਼ਿੰਦਗੀ ਦੇ ਹੁੰਦੇ ਬੰਦ ਦਰਵਾਜ਼ਿਆਂ ਵੱਲ ਇਸ਼ਾਰਾ ਕੀਤਾ। ਸੁਣ ਕੇ ਮੈਂ ਬੋਲੇ ਬਿਨਾ ਨਾ ਰਹਿ ਸਕਿਆ ਤੇ ਦ੍ਰਿੜਤਾ ਨਾਲ ਕਿਹਾ, “ਡਾ. ਸਾਹਿਬ ਜ਼ਰਾ ਸੰਭਲ ਕੇ ਬੋਲੋ, ਮੈਂ ਰੀੜ੍ਹ ਦੀ ਹੱਡੀ ਟੁੱਟਣ ਕਾਰਨ ਸਥਿਰ ਹੋਇਆ ਪਿਆ ਹਾਂ, ਇਕ ਵਾਰ ਉਠਣ ਦਿਓ ਪਹਿਲਾਂ ਤੁਹਾਨੂੰ ਸੰਬੋਧਨ ਕਰਾਂਗਾ, ਫਿਰ 60 ਸਾਲ ਹੋਰ ਜੀਅ ਕੇ ਦਿਖਾਵਾਂਗਾ।”
ਇੰਨੇ ਨੂੰ ਡਾ. ਤੇਜਿੰਦਰ ਕੌਰ ਕਟਾਰੀਆ ਅੱਗੇ ਵਧੇ ਅਤੇ ਕਿਹਾ ਕਿ ਮੈਂ ਇਸ ਮਰੀਜ਼ ਨੂੰ ਦੇਖਦੀ ਹਾਂ, ਰੇਡਿਓਥੈਰਪੀ ਦੇ ਮਾਧਿਅਮ ਰਾਹੀਂ। ਡਾਕਟਰ ਕਿਰਨਮ-ਕਿਰਨੀ ਕਮਰੇ ‘ਚੋਂ ਬਾਹਰ ਨਿਕਲ ਗਏ ਤੇ ਡਾ. ਕਟਾਰੀਆ ਬੜੇ ਇਤਮੀਨਾਨ ਨਾਲ ਮੇਰੇ ਕੋਲ ਰੁਕ ਗਏ। ਕਹਿੰਦੇ, ਹੁਣ ਇਲਾਜ ਵਿਚ ਹੋਰ ਦੇਰੀ ਨਹੀਂ ਕਰਨੀ। ਹੁਣੇ ਵਿਕਿਰਨ2 ਰੇਡਿਓਥੈਰਪੀ ਕਰਨੀ ਪੈਣੀ ਹੈ। ਉਨ੍ਹਾਂ ਉਸ ਵੇਲੇ ਜੰਗੀ ਪੱਧਰ ‘ਤੇ ਤਿਆਰੀ ਕਰਕੇ, ਸਭ ਕਾਰਵਾਈਆਂ ਪੂਰੀਆਂ ਕੀਤੀਆਂ ਤੇ ਉਸੇ ਸ਼ਾਮ ਰੇਡਿਓਥੈਰਪੀ ਦੀ ਪਹਿਲੀ ਬੰਬਾਰਮੈਂਟ ਮੇਰੇ ਮਧੋਲੇ ਸਰੀਰ ‘ਤੇ ਕਰ ਦਿੱਤੀ ਅਤੇ ਇੱਕਫਰਿਕਸ਼ਨ ਦੇ ਕੇ ਇਲਾਜ ਸ਼ੁਰੂ ਹੋ ਗਿਆ। ਪਹਿਲਾਂ ਇਕ ਮਸਨੂਈ ਮਸ਼ੀਨ ਨਾਲ ਮੇਰੇ ਸਰੀਰ ‘ਤੇ ਇਕ ਰੰਗਦਾਰ ਡੱਬੀ ਬਣਾ ਕੇ, ਜਿੰਨੇ ਹਿੱਸੇ ਵਿਚੋਂ ਕੈਂਸਰ ਨੂੰ ਰੇਡਿਓਥੈਰਪੀ ਨਾਲ ਸਾੜਨਾ ਸੀ, ਨਿਸ਼ਾਨ ਲਾਏ ਅਤੇ ਫਿਰ ਤਹਿਖਾਨੇ ‘ਚ ਬਣੇ ਕਮਰੇ ‘ਚ ਮੇਰੇ ਸਟਰੈਚਰ ਨੂੰ ਰੇਡਿਓਥੈਰਪੀ ਕੇਂਦਰ ਵਿਚ ਪਹੁੰਚਾਇਆ ਗਿਆ। ਬੜੇ ਵੱਡੇ ਹਾਲ ਦੀ ਛੱਤ ਤੱਕ ਦੈਂਤ ਵਾਂਗ ਮੂੰਹ ਅੱਡੀ ਖੜ੍ਹੀ ਮਸ਼ੀਨ ਦੇ ਪਲੇਟਫਾਰਮ ਉਤੇ ਮੈਨੂੰ ਲਿਟਾਇਆ, ਬੜੀ ਬਾਰੀਕੀ ਨਾਲ ਮੇਰੇ ਸਰੀਰ ਨੂੰ ਅੱਗੇ-ਪਿਛੇ ਖੱਬੇ-ਸੱਜੇ ਹਿਲਾ ਕੇ ਰੇਡਿਓਥੈਰਪੀ ਕੇਂਦਰ ਦੀ ਸੇਧ ਵਿਚ ਕੀਤਾ ਗਿਆ ਤੇ ਅੰਤ ਨੂੰ ਕੁਝ ਸ਼ਿਕੰਜੇ ਕੱਸ ਕੇ ਕਿ ਮੈਂ ਉਠ ਕੇ ਨਾ ਭੱਜਾਂ, ਸਾਰੇ ਵਾਰਡ ਬੁਆਏਜ਼ ਝੱਟ ਦੇਣੀ ਬਾਹਰ ਆਏ, ਜਿਵੇਂ ਕੋਈ ਬੰਬਾਂ ਦੀ ਮਾਰ ‘ਚੋਂ ਬਚ ਨਿਕਲਣਾ ਚਾਹੁੰਦਾ ਹੈ। ਦਰਵਾਜੇ ਸੀਲ ਕਰ ਦਿੱਤੇ।
ਬਸ ਚੰਦ ਮਿੰਟਾਂ ਬਾਅਦ ਕਾੜ੍ਹ ਕਾੜ੍ਹ ਦਰਵਾਜੇ ਖੁੱਲ੍ਹਣ ਦੀਆਂ ਆਵਾਜਾਂ ਆਈਆਂ ਤੇ ਛੇ ਵਾਰਡ ਬੁਆਏ ਮੈਨੂੰ ਚੁੱਕਣ ਲਈ ਇੰਜ ਹਾਜ਼ਰ ਹੋਏ ਜਿਵੇਂ ਬੰਬਾਰਮੈਂਟ ਨਾਲ ਨਿਸ਼ਾਨਾ ਫੁੰਡਣ ਪਿਛੋਂ ਰਹਿੰਦ-ਖੂੰਹਦ ਚੁੱਕੀ ਜਾਂਦੀ ਹੈ। ਮੈਨੂੰ ਮੇਰੇ ਕਮਰੇ ਵਿਚ ਪਹੁੰਚਾ ਦਿੱਤਾ ਗਿਆ। ਕਿਸੇ ਨੂੰ ਬਿਜਲੀਆਂ ਲੱਗਣ ਦੀ ਗੱਲ ਅਕਸਰ ਸੁਣੀ ਸੀ ਪਰ ਅੱਜ ਤਾਂ ਮੈਨੂੰ ਹੀ ਬਿਜਲੀਆਂ ਲਾਈਆਂ ਜਾ ਰਹੀਆਂ ਹਨ, ਨਿਵੇਕਲਾ ਤਜ਼ਰਬਾ ਸੀ। ਅਕਸਰ ਰੇਡੀਏਸ਼ਨ ਤੋਂ ਬਚਣ ਬਾਰੇ ਲੈਕਚਰ ਦਿੰਦਾ ਸਾਂ ਤੇ ਅੱਜ ਲੱਖਾਂ ਰੁਪਏ ਖਰਚ ਕੇ ਆਪਣੀ ਰੇਡਿਓਥੈਰਪੀ ਕਰਾ ਰਿਹਾ ਸਾਂ। ਪਿੰਡਾਂ ਵਿਚ ਬਿਜਲੀਆਂ ਲੱਗਣ ਬਾਰੇ ਕਈ ਮਿਥਾਂ ਕਹਾਣੀਆਂ ਸੁਣਦੇ ਸਾਂ। ਇਥੇ ਰੇਡੀਓਥੈਰਪੀ ਕੇਂਦਰ ਬਾਹਰ ਇਕ ਸਹਾਇਕ ਲੜਕੀ, ਕੋਈ 25 ਕੁ ਸਾਲ ਦੀ ਹੋਏਗੀ, ਘਰੋਂ ਗਰੀਬ, ਸਿਹਤ ਦਾ ਖਿਆਲ ਨਾ ਰੱਖਣ ਕਰਕੇ ਮਸਾਂ 18 ਕੁ ਸਾਲ ਦੀ ਲੱਗਦੀ ਸੀ, ਬਾਅਦ ‘ਚ ਪਤਾ ਲੱਗਾ ਕਿ ਪੰਜਾਬ ਤੋਂ ਅਤਿਵਾਦ ਪ੍ਰਭਾਵਿਤ ਪਰਿਵਾਰ ਦੀ ਬੇਸਹਾਰਾ ਹੋਈ ਲੜਕੀ ਸੀ। ਮੇਰੇ ਸਟਰੈਚਰ ਦੀ ਉਸ ਨੂੰ ਅਕਸਰ ਉਡੀਕ ਰਹਿੰਦੀ ਤੇ ਕਦੀ ਹੱਥ, ਬਾਂਹ ਸਟਰੈਚਰ ਤੋਂ ਬਾਹਰ ਹੁੰਦਾ ਤਾਂ ਫੜ੍ਹ ਕੇ ਠੀਕ ਕਰ ਦਿੰਦੀ। ਉਹ ਲੜਕੀ ਬੜੀ ਅਪਣੱਤ ਭਰੀਆਂ ਨਜ਼ਰਾਂ ਨਾਲ ਮੈਨੂੰ ਨਿਹਾਰਦੀ ਤੇ ਅਕਸਰ ਕਹਿੰਦੀ, “ਮੈਂ ਐਸਾ ਮਰੀਜ਼ ਕਦੀ ਨਹੀਂ ਦੇਖਿਆ ਜੋ ਇਲਾਜ ਵਿਚ ਇੰਨਾ ਸਹਿਯੋਗੀ ਹੋਵੇ। ਸਮਝ ਨਹੀਂ ਆਉਂਦੀ ਇੰਨੇ ਸਿਹਤਮੰਦ ਬੰਦੇ ਨੂੰ ਇੰਨਾ ਭੈੜਾ ਕੈਂਸਰ ਕਿਵੇਂ ਹੋ ਗਿਆ। ਮੈਂ ਤੁਹਾਡੀ ਤੰਦਰੁਸਤੀ ਦੀ ਅਕਸਰ ਦੁਆ ਕਰਦੀ ਹਾਂ।”
ਇਲਾਜ ਪੂਰਾ ਹੋਣ ਉਤੇ ਮੈਂ ਉਸ ਦੀ ਕੁਝ ਇਮਦਾਦ ਕਰਨੀ ਚਾਹੀ ਲੇਕਿਨ ਉਸ ਦੀ ਅਣਖ ਨੇ ਇਸ ਨੂੰ ਗਵਾਰਾ ਨਾ ਕੀਤਾ। ਉਸ ਮਾੜਕੂ ਜਿਹੀ ਕੁੜੀ ਅੰਦਰ ਵੱਡੇ ਇਨਸਾਨ ਦਾ ਦਿਲ ਮੈਨੂੰ ਅੱਜ ਵੀ ਯਾਦ ਹੈ। ਰੱਬ ਉਸ ਦਾ ਭਲਾ ਕਰੇ। ਅਗਲੇ ਦਿਨ ਫਿਰ ਡਾਕਟਰਾਂ ਦੀ ਟੀਮ ਆਪਣੇ ਜਾਹੋ-ਜਲਾਲ ਸਮੇਤ ਮੇਰੇ ਕਮਰੇ ਵਿਚ ਦਾਖਲ ਹੋਈ। ਕਹਿੰਦੇ, ਅਮੂਮਨ ਅਸੀਂ ਇਕੋਂ ਵਕਤ ਇਕ ਹੀ ਕਿਸਮ ਦਾ ਇਲਾਜ ਕਰਦੇ ਹਾਂ ਲੇਕਿਨ ਤੁਹਾਡੀ ਹਾਲਤ ਜ਼ਿਆਦਾ ਗੰਭੀਰ ਹੁੰਦਿਆਂ ਦੇਖ ਅਸੀਂ ਰੇਡਿਓਥੈਰਪੀ ਦੇ ਨਾਲ ਨਾਲ ਕੀਮੋਥੈਰਪੀ ਵੀ ਸ਼ੁਰੂ ਕਰਨਾ ਚਾਹੁੰਦੇ ਹਾਂ, ਇਹ ਜ਼ਿਆਦਾ ਜੋਖਮ ਭਰਿਆ ਕੰਮ ਏ ਤੇ ਸਾਨੂੰ ਤੁਹਾਡੀ ਦੂਹਰੀ ਸਵੀਕ੍ਰਿਤੀ ਲੋੜੀਂਦੀ ਹੈ। ਮੈਂ ਹਾਂ ਵਿਚ ਸਿਰ ਹਿਲਾਉਂਦਿਆਂ ਕਿਹਾ ਕਿ ਤੁਸੀਂ ਹਰ ਸੰਭਵ ਇਲਾਜ ਕਰੋ। ਮੈਂ ਚੜ੍ਹਦੀ ਕਲਾ ਵਿਚ ਹੀ ਰਹਾਂਗਾ ਅਤੇ ਹਰ ਕੀਮਤ ਉਤੇ ਠੀਕ ਹੋਵਾਂਗਾ। ਲਿਹਾਜ਼ਾ ਕੁਝ ਹੋਰ ਦਵਾਈਆਂ ਮੰਗਵਾਈਆਂ ਗਈਆਂ। ਅਗਲੇ ਦਿਨ ਤੋਂ ਮੇਰੀ ਕੀਮੋਥੈਰਪੀ ਵੀ ਸ਼ੁਰੂ ਹੋ ਗਈ। ਫਿਰ ਕੀ ਸੀ, ਚੱਲ ਸੋ ਚੱਲ, ਸਰੀਰ ਅੰਦਰ ਕੈਂਸਰ ਦਾ ਫੈਲਾਓ ਤੇ ਉਸ ਨੂੰ ਰੋਕਣ ਲਈ ਜੰਗੀ ਪੱਧਰ ‘ਤੇ ਉਪਚਾਰ ਅਤੇ ਉਹ ਵੀ ਇਕੋ ਵੇਲੇ ਇਕ ਤੋਂ ਵੱਧ ਇਲਾਜ਼। ਕਦੀ ਕੀਮੋਥੈਰਪੀ ਚਾਂਦਮਾਰੀ ਕਰਦੀ ਅਤੇ ਕਦੀ ਰੇਡੀਓਥੈਰਪੀ ਦਾ ਤੋਪਖਾਨਾ ਆਪਣੀ ਬੰਬਾਰੀ ਕਰਦਾ। ਇਸ ਵਾਰ ਵਿਚ ਦੁਸ਼ਮਣ ਅਤੇ ਦੋਸਤ ਦੋਹਾਂ ਦਾ ਹੀ ਨਿਸ਼ਾਨਾ ਹੁੰਦਾ।
ਕਹਿੰਦੇ ਨੇ Ḕਜਬੈ ਬਾਣ ਲਾਗੈ ਤਬੈ ਰੋਸ ਜਾਗੈ।Ḕ ਮੇਰੀ ਤਬੀਅਤ ਕੁਝ ਇਸ ਤਰ੍ਹਾਂ ਹੈ ਕਿ ਵਿਰੋਧੀ ਪ੍ਰਸਥਿਤੀਆਂ ਨਾਲ ਮੇਰਾ ਬਚਪਨ ਤੋਂ ਹੀ ਚੋਲੀ-ਦਾਮਨ ਦਾ ਸਬੰਧ ਰਿਹਾ ਤੇ ਮੇਰੇ ਲਈ ਇਹੀ ਤਕੜੇ ਹੋਣ ਦਾ ਮਾਧਿਅਮ ਵੀ ਬਣਦਾ ਰਿਹਾ। ਜਦ ਕੋਈ ਵਿਰੋਧੀ ਹਾਲਾਤ ਪੈਦਾ ਹੁੰਦੇ ਤਾਂ ਨਾਕਾਰਾਤਮਕਤਾ ਦੀ ਥਾਂ ਮੈਂ ਸੁਭਾਵਕ ਹੀ ਉਸਾਰੂਪਣ ਦਾ ਪੱਲਾ ਘੁੱਟ ਕੇ ਫੜ੍ਹਿਆ ਅਤੇ ਹਰ ਸਥਿਤੀ ‘ਚ ਖੁਦ ਨੂੰ ਉਸ ਵਕਤ ਇੰਨਾ ਮਜ਼ਬੂਤ ਕੀਤਾ, ਜਿੰਨਾ ਉਸ ਵਿਰੋਧੀ ਹਾਲਾਤ ਵਿਚੋਂ ਨਿਕਲਣ ਲਈ ਚਾਹੀਦਾ ਹੁੰਦਾ ਸੀ। ਜਦ ਕੋਈ ਚੁਣੌਤੀ ਆਉਂਦੀ, ਮੇਰਾ ਚਿਹਰਾ ਮੁਸਕਰਾਉਂਦਾ ਲਾਲ ਹੋ ਜਾਂਦਾ, ਜੋਸ਼ੋ-ਖਰੋਸ਼ ਦੀ ਕੋਈ ਹੱਦ ਨਾ ਰਹਿੰਦੀ, ਜਿੱਤਣ ਅਤੇ ਪਾਰ ਹੋਣ ਦੀ ਇਕੋ ਲਲਕ ਲੱਗ ਜਾਂਦੀ ਕਿ ਬਿਨਾ ਨਿਰਾਸ਼, ਉਦਾਸ ਹੋਇਆਂ, ਇਨ੍ਹਾਂ ਹਾਲਾਤ ਵਿਚੋਂ ਬਾਹਰ ਨਿਕਲਣਾ ਹੈ ਅਤੇ ਹਮੇਸ਼ਾ ਇਸ ਤਰ੍ਹਾਂ ਹੋਇਆ ਵੀ। ਅੱਜ ਤੱਕ ਐਸੀ ਕੋਈ ਵੀ ਚੁਣੌਤੀ ਨਹੀਂ, ਜਿਸ ਨੂੰ ਮੈਂ ਠੁੱਠ ਨਾ ਦਿਖਾਈ ਹੋਵੇ ਜਾਂ ਜਿਸ ‘ਤੇ ਪੈਰ ਰੱਖ ਅੱਗੇ ਨਾ ਵਧਿਆ ਹੋਵਾਂ।
ਲੇਕਿਨ ਇਹ ਚੁਣੌਤੀ ਤਾਂ ਬੇਹੱਦ ਖੌਫਨਾਕ ਤੇ ਡਰਾਉਣੀ ਸੀ। ਤੇ ਖੁਦ ਨੂੰ ਮੁਖਾਤਿਬ ਹੁੰਦਿਆਂ ਮੈਂ ਕਿਹਾ ਕਿ ਮੇਰੀ ਹੋਂਦ, ਮੇਰੀ ਸਿਆਣਪ, ਮੇਰੀ ਸਿਖਿਆ, ਮੇਰੇ ਸੰਪੂਰਨ ਵਿਕਾਸ ਦਾ ਸਰਟੀਫਿਕੇਟ ਇਹ ਸਥਿਤੀ ਤਦ ਬਣੇਗੀ ਜੇ ਮੈਂ ਇਸ ਵਿਚੋਂ ਭਲੀਭਾਂਤ ਬਾਹਰ ਨਿਕਲ ਕੇ, ਸਮਾਜ ਸਾਹਮਣੇ ਆਉਂਦਾ ਹਾਂ। ਅਗਰ ਹਾਰ ਗਿਆ ਤਾਂ ਗਲਤ ਹੋਵੇਗਾ। ਮੈਂ ਅਕਸਰ ਕਹਿੰਦਾ ਸਾਂ ਕਿ ਸਾਨੂੰ ਸਵੈ ਦੇ ਸੰਪੂਰਨ ਵਿਕਾਸ ਦੀ ਲੋੜ ਹੈ। ਐਸਾ ਵਿਅਕਤੀਤਵ ਕਿ ਕੁਝ ਵੀ ਹੋ ਜਾਵੇ, ਬੰਦੇ ਦੇ ਚਿਹਰੇ ਦਾ ਜਲੌਅ ਵਧਦਾ ਹੀ ਜਾਵੇ ਤੇ ਕੋਈ ਵੀ ਹਾਲਤ ਚਿਹਰੇ ਦੀ ਮੁਸਕਰਾਹਟ ਨੂੰ ਮੱਠਾ ਨਾ ਪਾ ਸਕੇ। ਤੀਜੇ ਦਰਜੇ ਦੇ ਕੈਂਸਰ ਅਤੇ ਰੀੜ੍ਹ ਦੀ ਹੱਡੀ ਦੇ ਟੁੱਟੇ ਮਣਕਿਆਂ ਵਾਲੀ ਅਵਸਥਾ ਵਿਚੋਂ ਚੜ੍ਹਦੀ ਕਲਾ ਵਿਚ, ਹੱਸਦਿਆਂ ਬਾਹਰ ਨਿਕਲਣਾ ਅਤੇ ਆਪਣੀਆਂ ਕਹੀਆਂ ਗੱਲਾਂ ‘ਤੇ ਪੂਰਾ ਉਤਰਨਾ ਵਾਕਿਆ ਹੀ ਇਕ ਬਹੁਤ ਵੱਡੀ ਚੁਣੌਤੀ ਸੀ, ਜੇ ਮੈਂ ਡੋਲ ਗਿਆ ਤਾਂ ਮੇਰਾ ਪ੍ਰਚਾਰਿਆ ਸਾਰਾ ਦਰਸ਼ਨ ਨਿਕੰਮਾ ਸਾਬਿਤ ਹੋ ਜਾਵੇਗਾ।
ਇਹ ਗੱਲ ਮੇਰੀ ਇਸ ਵਕਤ ਦੀ ਸੋਚ ਦੀ ਨਹੀਂ ਸਗੋਂ ਯੁਵਾ ਕਰਮੀ ਸੰਸਥਾ ‘ਪਹਿਲḔ ਦੀ ਸੀ। ਜਿਸ ਦੀ ਅੰਸ਼ਕ ਮਾਤਰ ਸੋਚ 1986 ਵਿਚ ਪਨਪਣ ਲੱਗੀ ਸੀ ਅਤੇ 1996 ਤੱਕ ਇਹ ਜੀਵਨ ਫਲਸਫਾ ਬਣ ਕੇ ਵਜੂਦ ਵਿਚ ਆ ਚੁਕੀ ਸੀ, ਜਿਸ ਦਾ ਮੂਲ ਮਨੋਰਥ ਮਾਨਵ ਦੀਆਂ ਸਾਰੀਆਂ ਸ਼ਕਤੀਆਂ ਜਿਸ ਵਿਚ ਸਿਹਤ, ਸਿੱਖਿਆ, ਵਾਤਾਵਰਣ ਅਤੇ ਵਾਣੀ ਦਾ ਸੰਯੋਗ ਆ ਜਾਂਦਾ ਹੈ, ਦੇ ਵਿਕਾਸ ਦੀ ਗੱਲ ਹੈ। ਇਸ ਘਟਨਾ ਨਾਲ ਸਹੀ ਸਾਬਿਤ ਹੋਇਆ ਕਿ ਜੇ ਬੰਦੇ ਦੀਆਂ ਚਾਰੇ ਸ਼ਕਤੀਆਂ ਸੰਗਠਿਤ ਰੂਪ ‘ਚ ਵਿਕਸਿਤ ਹੋ ਜਾਣ ਤਾਂ ਉਸ ਨੂੰ ਵੱਡੀ ਤੋਂ ਵੱਡੀ ਚੁਣੌਤੀ ਡੇਗ ਨਹੀਂ ਸਕਦੀ। ਮੇਰੇ ਨਾਲ ਵਾਪਰੀ ਘਟਨਾ ਨੇ ਮੈਨੂੰ ਇਸ ਗੱਲ ਦਾ ਦਾਅਵੇਦਾਰ ਬਣਾ ਦਿੱਤਾ ਕਿ ਅਸੰਭਵ ਲਗਦੇ ਕੰਮਾਂ ਨੂੰ ਵੀ ਸੰਭਵ ਕੀਤਾ ਜਾ ਸਕਦਾ ਹੈ। ਇਹ ਗੱਲ ਵੀ ਸੋਲ੍ਹਾਂ ਆਨੇ ਸੱਚ ਹੈ ਜੇ ਵਿਅਕਤੀ ਦਾ, ਪਰਿਵਾਰ ਦਾ, ਸਮਾਜ ਦਾ, ਮੁਲਕ ਦਾ ਜਾਂ ਦੁਨੀਆਂ ਦਾ ਸਹੀ ਵਿਕਾਸ ਕਰਨਾ ਹੈ ਤਾਂ ਇਸ ਦਾ ਸਿੱਧਾ ਤੇ ਸਫਲ ਰਸਤਾ ਹੋਰ ਕੋਈ ਨਹੀਂ। ਖੈਰ ਐਸਾ ਤਾਂ ਕੋਈ ਸਵਾਲ ਹੀ ਨਹੀਂ ਸੀ ਕਿ ਮੈਂ ਇਕ ਛਿੱਕ ਆਉਣ ਨਾਲ ਰੀੜ੍ਹ ਦੀ ਹੱਡੀ ਦੇ ਚਾਣਚੱਕ ਟੁੱਟੇ ਮਣਕਿਆਂ ਨੂੰ ਦੇਖ ਖੌਫਜ਼ਦਾ ਨਾ ਹੋਇਆ ਹੁੰਦਾ, ਲੇਕਿਨ ਜਲਦੀ ਸੰਭਲ ਗਿਆ ਤੇ ਹਾਲਾਤ ਨੂੰ ਸਮਝ ਗਿਆ: ਜ਼ਿੰਦਗੀ ਦਾ ਫਲਸਫਾ ਰਗ ਰਗ ‘ਚ ਹੈ, ਕਿਉਂ ਨਾ ਗਾਵਾਂ ਜ਼ਿੰਦਗੀ ਹੀ ਜ਼ਿੰਦਗੀ। ਸਵੇਰੇ ਅੱਖਾਂ ਖੋਲ੍ਹਣ ਤੋਂ ਸੌਣ ਲਈ ਅੱਖਾਂ ਭੀੜਨ ਤੱਕ ਕਹਾਂ, ਕਿਉਂਕਿ ਰੀੜ੍ਹ ਦੇ ਮਣਕੇ ਟੁੱਟੇ ਹੋਣ ਕਾਰਨ ਮੈਂ ਤਾਂ 24 ਘੰਟੇ ਇਕ ਲੱਕੜ ਦੀ ਗੇਲੀ ਵਾਂਗ ਬਿਨਾ ਹਿਲਜੁਲ ਸਿਧਾ ਰੱਖਿਆ ਹੋਇਆ ਸੀ। ਮੈਂ ਸਭ ਕਾਸੇ ਨੂੰ ਖਿੜੇ ਮੱਥੇ ਸਵੀਕਾਰ ਕੀਤਾ। ਬਾਣੀ ਕਹਿੰਦੀ ਹੈ: “ਕੇਤੀਆ ਦੁਖ ਭੁਖ ਸਦਮਾਰਿ॥ ਏਹਿ ਭੀ ਦਾਤਿ ਤੇਰੀ ਦਾਤਾਰ॥”
ਅਜਿਹੀ ਸੋਚ ਮੋਹਰੇ ਨਤਮਸਤਕ ਹੁੰਦਿਆਂ ਆਪਣੇ ਆਪ ਨੂੰ ਇਸ ਅਵਸਥਾ ਦੇ ਹਾਣ ਦਾ ਬਣਾਉਣ ਦੀ ਕੋਸ਼ਿਸ਼ ਕੀਤੀ। ਸਵੈ ਬਲ, ਮਨੋਬਲ, ਸਵੈਆਦੇਸ਼ ਨੂੰ ਇੰਨਾ ਪ੍ਰਬਲ ਕੀਤਾ ਕਿ ਜੜ੍ਹ ਵਸਤਾਂ ਨੂੰ ਵੀ ਆਦੇਸ਼ ਦੇਣ ਲੱਗਾ। ਮਸਲਨ ਇਲਾਜ ਵਧਾਉਂਦਿਆਂ ਡਾਕਟਰਾਂ ਕੁਝ ਵਾਧੂ ਦਵਾਈਆਂ ਜਿਨ੍ਹਾਂ ਦੀ ਐਮਰਜੈਂਸੀ ਲੋੜ ਪੈ ਸਕਦੀ ਸੀ, ਮੇਰੇ ਕਮਰੇ ਦੀ ਇਕ ਨੁੱਕਰੇ ਰੱਖੀਆਂ, ਮੈਂ ਉਸ ਗੱਤੇ ਦੇ ਡੱਬੇ ਨੂੰ ਆਦੇਸ਼ ਦੇਣ ਲੱਗ ਪਿਆ ਕਿ ਮੈਨੂੰ ਕਿਸੇ ਵਾਧੂ ਦਵਾਈ ਦੀ ਲੋੜ ਨਹੀਂ ਅਤੇ ਡੱਬਿਆ ਤੈਨੂੰ ਖੁੱਲ੍ਹਣ ਨਹੀਂ ਦੇਵਾਂਗਾ ਤੇ ਉਹ ਡੱਬਾ ਖੁੱਲ੍ਹਿਆ ਵੀ ਨਹੀਂ। ਦੂਸਰਾ ਜਦ ਡਾਕਟਰ ਆਉਂਦਾ ਤਾਂ ਅਕਸਰ ਕਹਿੰਦਾ ਕਿ ਇਸ ਦੇ ਸਪੰਜਿਗ ਕਰਦੇ ਰਿਹਾ ਕਰੋ, ਬੈਡ-ਸੋਰ ਨਾ ਹੋ ਜਾਣ, ਮੈਂ ਆਪਣੇ ਸਰੀਰ ਨੂੰ ਸੰਬੋਧਨ ਕਰਨ ਲੱਗਾ ਕਿ ਦੇਖੀਂ ਮੇਰੀ ਕੰਡ ਨਾ ਲਗਵਾਂ ਦੇਵੀਂ। ਸਬੱਬੀਂ ਮੇਰੇ ਸਰੀਰ ਉਤੇ ਕੋਈ ਬੈਡ-ਸੋਰ ਨਹੀਂ ਪਿਆ। ਇੰਜ ਪੂਰੇ ਦਿਨ ਦੀ ਰੁਟੀਨ ਬਣ ਗਈ, ਵੱਖ ਵੱਖ ਥਾਂਵਾਂ ‘ਤੇ ਇਲਾਜ਼ ਖਾਤਿਰ ਜਾਣ ਦੀ ਵਾਰੀ ਬੱਝ ਗਈ। ਸਿਸਟਰਾਂ, ਵਾਰਡ ਬੁਆਏ, ਨਰਸਾਂ, ਡਾਕਟਰ, ਹਸਪਤਾਲ, ਦਵਾਈਆਂ ਅਤੇ ਟੀਕੇ-ਗੱਲ ਕੀ ਚੌਂਤਰਫੀ ਐਸਾ ਮਾਹੌਲ। ਮੇਰੇ ਪ੍ਰੋਟੀਨ ਅਸੰਤੁਲਤ ਸਨ, ਐਮ ਸਪਾਈਕ ਬੇਹੱਦ ਵਧਿਆ ਹੋਇਆ, ਹੱਡੀਆਂ ਵਿਚ ਕੈਲਸ਼ੀਅਮ ਦੀ ਕਮੀ ਅਤੇ ਖੂਨ ਵਿਚ ਕੈਲਸ਼ੀਅਮ ਜ਼ਿਆਦਾ, ਬੜੀ ਵਚਿਤਰ ਹਾਲਤ। ਕਮਰੇ ਵਿਚ ਅਸੀਂ ਦੋਵੇਂ ਜੀਅ, ਇਕ ਬਣ ਕੇ ਰਹਿੰਦੇ ਸਾਂ। ਹਰਵਿੰਦਰ ਹੀ ਮੇਰੇ ਹੱਥ-ਪੈਰ ਸੀ। ਹਰ ਦਵਾਈ, ਖਾਣੇ ਦਾ ਹਰ ਨਿਵਾਲਾ, ਲੀੜੇ-ਕਪੜੇ ਦੀ ਜ਼ਰੂਰਤ, ਸਭ ਹਰਵਿੰਦਰ ਦੇ ਕਰ ਕਮਲਾਂ ਨਾਲ ਹੀ ਨੇਪਰੇ ਚੜ੍ਹਦੀ। ਉਹ 24 ਘੰਟੇ ਆਹਰੇ ਲੱਗੀ ਰਹਿੰਦੀ। ਉਸ ਦਾ ਮਨ ਦੋ ਤਨਾਂ ਦੇ ਮਾਧਿਅਮ ਵਿਚ ਵਿਚਰ ਰਿਹਾ ਸੀ। ਮੈਂ ਤਾਂ ਪੂਰਾ ਅਟੰਕ ਸਾਂ, ਬਿਲਕੁੱਲ ਬੇਫਿਕਰ ਮਸਤ-ਮੌਲਾ। ਇਕੋ ਲਗਨ ਤੇ ਤੋਰ ਅਨੰਤ। ਮੰਜ਼ਿਲ ਇਹ ਕਿ ਕੈਂਸਰ ਨੂੰ ਇਕ ਪਾਸੇ ਕਰ, ਸੰਪੂਰਨ ਜ਼ਿੰਦਗੀ ਜੀਣੀ ਤੇ ਵੱਡੇ ਕੰਮਾਂ ਨੂੰ ਸਰਅੰਜ਼ਾਮ ਦੇਣਾ। ਮੈਂ ਕਿਤੇ ਇਕ ਦਾਰਸ਼ਨਿਕ ਕਿਸਮ ਦਾ ਲੇਖ ਪੜ੍ਹਿਆ ਸੀ, ਜਨਮ ਬਾਰੇ। ਚੁਪਾਇਆ ਦੇ ਸਾਰੇ ਬੱਚੇ ਜੰਮਦੇ ਸਾਰ ਚੰਦ ਮਿੰਟਾਂ ਵਿਚ ਸੁਤੰਤਰ ਹੋ ਕੇ ਆਪਣੀ ਮਾਂ ਦਾ ਦੁੱਧ ਆਪੇ ਪੀ ਕੇ ਵੱਡੇ ਹੋ ਸਕਦੇ ਹਨ ਲੇਕਿਨ ਇਨਸਾਨ ਐਸਾ ਚੁਪਾਇਆ ਹੈ ਜੋ ਆਪਣੇ ਬੱਚੇ ਨੂੰ ਇੰਨਾ ਸਮਾਂ ਆਪਣੀ ਕੁੱਖ ਵਿਚ ਨਹੀਂ ਰੱਖ ਸਕਦਾ। ਜੇ ਕੁਦਰਤ ਐਸਾ ਵਿਧਾਨ ਕਰੇ ਤਾਂ ਮਾਂ ਨੂੰ ਨਹੀਂ ਬਚਾਇਆ ਜਾ ਸਕਦਾ। ਇਸ ਕਾਰਜ ਲਈ ਕਰੀਬ 21 ਮਹੀਨੇ ਚਾਹੀਦੇ ਹਨ। ਇਸ ਖਾਤਿਰ ਇਕ ਕੁਦਰਤੀ ਸ਼ਰਤ ਬਣ ਗਈ ਕਿ ਨੌਂ ਮਹੀਨੇ ਦੇ ਬੱਚੇ ਨੂੰ ਜਨਮ ਦੇ ਕੇ 12 ਮਹੀਨੇ ਸੀਨੇ ਲਾ ਕੇ ਦੁੱਧ ਪਿਲਾਉਣਾ ਅਤੇ ਨਿੱਘ ਦੇਣਾ, ਫਿਰ ਕਿਤੇ ਜਾ ਕੇ ਬੱਚਾ ਕੁਝ ਇਕ ਸੁਤੰਤਰ ਕ੍ਰਿਆਵਾਂ ਦੇ ਕਾਬਿਲ ਹੁੰਦਾ ਹੈ। ਮੇਰੇ ਕੇਸ ਵਿਚ ਤਾਂ 44 ਸਾਲਾਂ ਦੇ ਬਾਲ ਨੂੰ ਜਨਮ ਦੇਣਾ ਸੀ ਤੇ ਜਨਮ ਦੇਣ ਲਈ ਅਸੀਂ ਦੋਵੇਂ ਜ਼ਿੰਮੇਦਾਰ ਸਾਂ। ਬੜੀ ਵੱਡੀ ਚੁਣੌਤੀ ਸੀ। ਅਗਰ ਸਮਾਂ ਵੰਡ ਵੀ ਲਿਆ ਜਾਵੇ ਤਾਂ 22-22 ਸਾਲ ਦੋ ਹਿੱਸਿਆਂ ਵਿਚ ਬਣਦਾ ਸੀ। ਇਹ ਇਕ ਅਣਕਿਆਸਿਆ ਕੰਮ ਸੀ। ਲੇਕਿਨ ਅਸੀਂ ਦੋਵੇਂ ਕਾਮਯਾਬ ਹੋਏ। ਇੰਨੇ ਵੱਡੇ ਬਾਲ ਦਾ ਜਨਮ ਹੋਇਆ। ਜਨਮ ਪੀੜਾ ਤਾਂ ਅਜੇ ਵੀ ਮੁਕੀਆਂ ਨਹੀਂ ਨਿਰੰਤਰ ਹੱਡ-ਕੜਕਾਊ ਢੰਗ ਨਾਲ ਚੱਲ ਹੀ ਰਹੀਆਂ ਹਨ। ਜਦੋਂ ਜਲੰਧਰੋਂ ਦਿੱਲੀ ਗਏ ਸਾਂ ਤਾਂ ਰਸਤੇ ਵਿਚ ਐਂਬੂਲੈਂਸ ਦਾ ਸਾਇਰਨ ਵੱਜਦਾ ਰਿਹਾ। ਕੰਨ ਸਾਇਰਨ ਸੁਣਨ ਦੇ ਆਦੀ ਹੋ ਗਏ। ਜਦ ਵੀ ਕੋਈ ਹੂਟਰ ਵੱਜਦਾ ਤਾਂ ਮੈਨੂੰ ਐਂਬੂਲੈਂਸ ਹੀ ਲੱਗੇ। ਮੇਰੇ ਕਮਰੇ ਵਾਲੇ ਪਾਸੇ ਮਿੰਟ ਮਿੰਟ ‘ਤੇ ਸਾਇਰਨ ਵਜਦਾ, ਮੈਂ ਮਨ ਹੀ ਮਨ ਸੋਚਦਾ ਕਿ ਸਮਾਜ ਦੀ ਇੰਨੀ ਭਿਆਨਕ ਹਾਲਤ ਬਣ ਚੁਕੀ ਹੈ ਕਿ ਕੈਂਸਰ ਹਸਪਤਾਲ ਵਿਚ ਮਿੰਟ ਮਿੰਟ ਬਾਅਦ ਐਂਬੂਲੈਂਸ ਆਉਂਦੀ ਹੈ। ਬਾਅਦ ‘ਚ ਪਤਾ ਲੱਗਾ ਕਿ ਇਹ ਸਾਇਰਨ ਤਾਂ ਨਾਲ ਲੱਗਦੇ ਮੈਟਰੋ ਸਟੇਸ਼ਨ ਤੋਂ ਮੈਟਰੋ ਦਾ ਸੁਣਾਈ ਦਿੰਦਾ ਹੈ ਜੋ ਪਤਾ ਨਾ ਹੋਣ ਕਰਕੇ ਮੈਨੂੰ ਐਂਬੂਲੈਂਸ ਦਾ ਸਾਇਰਨ ਲੱਗ ਰਿਹਾ ਸੀ। ਪਿਛਲੇ ਸਾਲਾਂ ਵਿਚ ਕਿਸੇ ਨਾ ਕਿਸੇ ਕੈਂਸਰ ਮਰੀਜ਼ ਦੇ ਬਹਾਨੇ ਮੈਂ ਕੈਂਸਰ ਬਾਰੇ ਕਾਫੀ ਪੜ੍ਹ ਚੁਕਾ ਸਾਂ। ਮੈਂ ਇਹ ਜਾਣ ਚੁਕਾ ਸਾਂ ਕਿ ਜ਼ਿਆਦਾਤਰ ਕੈਂਸਰ ਲਾਇਲਾਜ, ਘਾਤਕ ਅਤੇ ਮਾਰੂ ਹਨ, ਪਰ ਕੈਂਸਰ ਦਾ ਇਲਾਜ ਵੀ ਕੈਂਸਰ ਤੋਂ ਘੱਟ ਮਾਰੂ ਨਹੀਂ।
ਮੈਂ ਅਕਸਰ ਕਹਿੰਦਾ ਹਾਂ ਕਿ ਜਦ ਤੱਕ ਕਿਸੇ ਅੰਦਰ ਕੈਂਸਰ ਹੈ ਤਾਂ ਸਰੀਰ ਅੰਦਰ ਮਾਰਨ ਵਾਲਾ ਇਕ ਹੈ ਤੇ ਉਹ ਹੈ ਕੈਂਸਰ ਜੋ ਹੌਲੀ ਹੌਲੀ ਮਾਰਦਾ ਹੈ ਪ੍ਰੰਤੂ ਜਦੋਂ ਇਲਾਜ ਸ਼ੁਰੂ ਹੁੰਦਾ ਹੈ ਤਾਂ ਮਾਰਨ ਵਾਲਿਆਂ ਦੀ ਗਿਣਤੀ ਦੋ ਹੋ ਜਾਂਦੀ ਹੈ। ਇਨ੍ਹਾਂ ਦੋਹਾਂ ਵਿਚ ਫਸੀ ਨਿਮਾਣੀ ਜਿੰਦ, ਕੈਂਸਰ ਸਾਹਮਣੇ ਕੁਝ ਵੀ ਨਹੀਂ। ਮੇਰੇ ਅੰਦਰ ਇਕ ਮਾਰੂ ਕੈਂਸਰ, ਦੂਜੀ ਰੇਡਿਓਥੈਰਪੀ, ਤੀਜੀ ਕੀਮੋਥੈਰਪੀ ਅਤੇ ਇਸ ਤਿੱਕੜੀ ਵਿਚ ਫਸੀ ਮੇਰੀ ਨਿਮਾਣੀ ਜਿੰਦ। ਹਰ ਕਿਸੇ ਨੂੰ ਕਹਿਣਾ ਕਿ ਮੈਂ ਚੜ੍ਹਦੀ ਕਲਾ ‘ਚ ਹਾਂ।
ਜਿਸ ਦਿਨ ਇਲਾਜ ਦਾ ਅੰਤਿਮ ਫੈਸਲਾ ਹੋ ਗਿਆ ਤਾਂ ਪਿਛਲੇ 6 ਦਿਨਾਂ ਤੋਂ ਮੇਰੇ ਨਾਲ ਰਾਤਾਂ ਜਾਗਦਿਆਂ ਆਪਣੇ ਦੋਸਤ ਡਾ. ਅਸ਼ਵਨੀ ਸ਼ਰਮਾ ਨੂੰ ਕਿਹਾ ਕਿ ਤੁਹਾਡੀ ਬਦੋਲਤ ਇਲਾਜ਼ ਸ਼ੁਰੂ ਹੋ ਗਿਆ ਹੈ, ਹੁਣ ਤੁਸੀਂ ਵਾਪਿਸ ਜਲੰਧਰ ਜਾ ਸਕਦੇ ਹੋ। ਡਾ. ਅਸ਼ਵਨੀ ਸ਼ਰਮਾ 6 ਦਿਨ ਦਿੱਲੀ ਮੇਰੇ ਆਸ-ਪਾਸ, ਇਧਰ-ਉਧਰ ਡਾਕਟਰਾਂ ਨਾਲ ਗੱਲਬਾਤ ਕਰਦਿਆਂ ਕੱਟ ਕੇ ਵਾਪਸ ਜਲੰਧਰ ਪਹੁੰਚੇ। ਜਦ ਅਗਲੇ ਦਿਨ ਸਵੇਰੇ ਡੀ. ਏ. ਵੀ. ਕਾਲਜ ਪਹੁੰਚੇ ਤਾਂ ਹਰ ਕਿਸੇ ਨੇ ਉਨ੍ਹਾਂ ਕੋਲੋਂ ਮੇਰਾ ਹਾਲ-ਚਾਲ ਪੁੱਛਣਾ। ਮੇਰੇ ਕੁਲੀਗ ਪ੍ਰੋਫੈਸਰਾਂ ਨੇ ਇਕੱਲੇ-ਦੁਕੱਲੇ ਹਾਲ ਚਾਲ ਪੁੱਛਿਆ ਤੇ ਹੇਠਲੇ ਕਰਮਚਾਰੀ ਅਫਸੋਸਜ਼ਦਾ ਹਾਲਤ ‘ਚ ਉਨ੍ਹਾਂ ਕੋਲ ਇਕੱਠੇ ਹੋ ਕੇ ਪੁੱਛਣ ਲੱਗੇ ਤਾਂ ਡਾਕਟਰ ਸਾਹਿਬ ਨੇ ਕਿਹਾ ਕਿ ਹਾਲ ਕੀ ਦੱਸਾਂ! ਬੱਸ ਵਾਹਿਗੁਰੂ ਕੋਲ ਅਰਦਾਸ ਕਰੋ।
ਅੱਗੋਂ ਸਾਰੇ ਇਕੋ ਸੁਰ ਵਿਚ ਕਹਿਣ ਲੱਗੇ, “ਅਸੀਂ ਕਿਹੜੇ ਰੱਬ ਕੋਲ ਫਰਿਆਦ ਕਰੀਏ। ਅਸੀਂ ਔਖੇ-ਸੌਖੇ ਵੇਲੇ ਆਪਣਾ ਹਰ ਕੰਮ, ਆਪਣੀ ਹਰ ਸਮੱਸਿਆ ਲੈ ਕੇ ਤਾਂ ਉਸ ਕੋਲ ਹੀ ਜਾਂਦੇ ਸਾਂ, ਜੋ ਹੁਣ ਖੁਦ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ।”
ਮੇਰਾ ਇਲਾਜ਼ ਇਕ ਕਵਾਇਦ ਵਿਚ ਬੱਝ ਗਿਆ। ਸਵੇਰ ਤੋਂ ਸ਼ਾਮ ਤੱਕ ਸਿਸਟਰਾਂ, ਡਾਕਟਰ, ਵਾਰਡ ਬੁਆਏਜ਼। ਚੁੱਕਣਾ, ਸਟਰੈਚਰ ਉਤੇ ਪਾਉਣਾ, ਰੇਡੀਓਥੈਰਪੀ ਦੀ ਦੈਂਤਨੁਮਾ ਮਸ਼ੀਨ ‘ਤੇ ਲਿਟਾਉਣਾ ਤੇ ਫਿਰ ਵਾਪਿਸ ਕਮਰੇ ਵਿਚ। ਥੈਲਿਕਸ ਮੁਖ ਕੀਮੋਥੈਰਪੀ ਦੇ ਕੈਪਸੂਲ, ਡੈਕਮੈਕ ਸਟੀਰਾਇਡ ਗੋਲੀਆਂ ਤੇ ਹੋਰ ਕਈ ਕਿਸਮ ਦੇ ਟੀਕੇ ਤੇ ਦਵਾਈਆਂ। ਇੰਨੀਆਂ ਦਵਾਈਆਂ ਤੇ ਹੋਰ ਸਭ ਕਾਸੇ ਦੇ ਨਾਲ 3 ਤੋਂ 5 ਲੀਟਰ ਪਾਣੀ-ਪੀਣਾ, ਤਿੰਨ ਵਕਤ ਦੀ ਰੋਟੀ, ਦੋ ਵਕਤ ਫਲ, ਜੂਸ, ਨਾਰੀਅਲ ਪਾਣੀ। ਬਸ ਸਭ ਕੁਝ 180 ਡਿਗਰੀ ਤੇ ਲੇਟਿਆਂ, ਖਾਣਾ ਪੀਣਾ ਅਤੇ ਪਚਾਉਣਾ। ਸੁਆਦ, ਭੁੱਖ, ਮਨ, ਦਿਲ ਕਿਸੇ ਗੱਲ ਦਾ ਕੋਈ ਸਵਾਲ ਨਹੀਂ, ਕੋਈ ਪੁੱਛ ਨਹੀਂ। ਮੇਰਾ ਕਮਰਾ ਤੀਸਰੀ ਮੰਜ਼ਿਲ ‘ਤੇ ਸੀ ਅਤੇ ਬਿਸਤਰ ਦਾ ਚੜ੍ਹਦੇ ਵੱਲ ਮੂੰਹ ਸੀ, ਸਾਹਮਣੇ ਇਕ ਖਿੜਕੀ ਤੇ ਖਿੜਕੀ ਦੇ ਥੱਲੇ ਕੱਪ-ਬੋਰਡ ਬਣੀ ਹੋਈ, ਜੋ ਸਾਡੀ ਰਸੋਈ-ਕਮ-ਸਟੋਰ-ਕਮ-ਤਹਿਖਾਨਾ ਸੀ। ਖਿੜਕੀ ਵਿਚੋਂ ਸਵੇਰੇ ਸਵੇਰੇ ਹਰ ਰੋਜ਼ ਹਸਪਤਾਲ ਵਿਚ ਮੇਰੇ ਕਮਰੇ ਨੂੰ ਸੂਰਜ ਆਣ ਮੈਨੂੰ ਤਰੋਤਾਜ਼ਾ ਕਰ ਦਿੰਦਾ ਸੀ। ਸੂਰਜ ਨਾਲ ਜਿਵੇਂ ਮੇਰਾ ਜਮਾਂਦਰੂ ਯਰਾਨਾ ਸੀ। ਮੈਂ ਸੋਚਦਾ ਜੇ ਕੈਂਸਰ ਦੀਆਂ ਫੌਜਾਂ ਭਾਰੀਆਂ ਨੇ ਤਾਂ ਮੇਰੇ ਕੋਲ ਵੀ ਸੂਰਜੀ ਸ਼ਕਤੀ ਦਾ ਬ੍ਰਹਮ ਅਸਤਰ ਹੈ। ਅੰਤ ਨੂੰ ਜਿੱਤ ਤਾਂ ਮੇਰੀ ਹੀ ਹੋਣੀ ਹੈ।
(ਚਲਦਾ)