ਏਕਤਾ ਦਾ ਮੁਜੱਸਮਾ ਮੌਲਾਨਾ ਮੁਹੰਮਦ ਬਰਕਤ ਉੱਲਾ

ਕਿਰਪਾਲ ਸਿੰਘ ਸੰਧੂ
ਫੋਨ: 559-259-4844
ਮਹਾਨ ਗਦਰੀ, ਅਣਥਕ, ਮੁਲਕ-ਦਰ-ਮੁਲਕ ਗਾਹੁਣ ਵਾਲਾ ਸੂਰਮਾ ਮੌਲਾਨਾ ਮੁਹੰਮਦ ਬਰਕਤ ਉੱਲਾ ਨੇ 1860 ‘ਚ (ਇਕ ਸਾਲ ਅੱਗੇ ਜਾਂ ਪਿੱਛੇ) ਭੁਪਾਲ ਸ਼ਹਿਰ ਵਿਚ ਜਨਮ ਲਿਆ। ਉਹ ਹਿੰਦੁਸਤਾਨ ਦੀ ਆਜ਼ਾਦੀ ਲਈ ਲੜ ਰਹੀਆਂ ਸਾਰੀਆਂ ਲਹਿਰਾਂ ਦੇ ਮੋਹਰੀ ਆਗੂਆਂ ‘ਚੋਂ ਇਕ ਸਨ। ਉਨ੍ਹਾਂ ਦੀ ਸਰਗਰਮੀ ਹਿੰਦੋਸਤਾਨ ਤੋਂ ਸ਼ੁਰੂ ਹੋ ਕੇ ਇੰਗਲੈਂਡ, ਫਰਾਂਸ, ਜਰਮਨੀ, ਤੁਰਕੀ, ਰੂਸ, ਜਾਪਾਨ, ਅਮਰੀਕਾ ਅਤੇ ਅਫਗਾਨਿਸਤਾਨ ਤਕ ਸੀ। ਬਰਤਾਨਵੀ ਬਸਤੀਵਾਦ ਵਲੋਂ ਗਲ ਪਾਏ ਗੁਲਾਮੀ ਦੇ ਜੂਲੇ ਤੋਂ ਹਿੰਦੁਸਤਾਨ ਨੂੰ ਮੁਕਤ ਕਰਾਉਣ ਲਈ ਇਨਕਲਾਬੀ ਜੋਸ਼ ਉਨ੍ਹਾਂ ਦੇ ਰੋਮ-ਰੋਮ ਵਿਚ ਲਟ-ਲਟ ਬਲ ਰਿਹਾ ਸੀ।

ਉਹ ਜਿਥੇ ਇਸਲਾਮ ਦੇ ਖੋਜੀ ਸਨ, ਨਾਲ ਹੀ ਕੌਮਪ੍ਰਸਤ ਵੀ ਰੱਜ ਕੇ ਸਨ। ਨਿਧੜਕ ਪੱਤਰਕਾਰੀ ਦੇ ਨਾਲ-ਨਾਲ ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਅਤੇ ਉਹ ਸੱਤ ਜ਼ਬਾਨਾਂ ਜਾਣਦੇ ਸਨ।
ਅਫਗਾਨਿਸਤਾਨ ਵਿਚ ਮੌਲਾਨਾ ਮੁਹੰਮਦ ਬਰਕਤ ਉੱਲਾ ਇਕ ਇਨਕਲਾਬੀ ਗਰੁਪ ਜਿਸ ਵਿਚ ਰਾਜਾ ਮਹਿੰਦਰ ਪ੍ਰਤਾਪ, ਡਾ. ਮਥਰਾ ਸਿੰਘ, ਹਰਨਾਮ ਸਿੰਘ ਤੇ ਕੁਝ ਹੋਰ ਸਾਥੀ ਵੀ ਸਨ, ਨਾਲ ਕਾਬਲ ਪੁੱਜੇ। ਅਫਗਾਨਿਸਤਾਨ ਵਿਚ ਬਾਗਾਂ-ਏ-ਬਹਾਰ ਦੇ ਸਥਾਨ ‘ਤੇ ਪਹਿਲੀ ਦਸੰਬਰ 1915 ਨੂੰ ਹਿੰਦੁਸਤਾਨ ਦੀ ਆਜ਼ਾਦ, ਆਰਜ਼ੀ ਹਕੂਮਤ ਦਾ ਐਲਾਨ ਕੀਤਾ ਗਿਆ। ਸਰਬਸੰਮਤੀ ਨਾਲ ਮੌਲਾਨਾ ਮੁਹੰਮਦ ਬਰਕਤ ਉੱਲਾ ਨੂੰ ਇਸ ਆਜ਼ਾਦ ਆਰਜ਼ੀ ਹਕੂਮਤ ਦਾ ਪ੍ਰਧਾਨ ਮੰਤਰੀ ਅਤੇ ਮਥਰਾ ਸਿੰਘ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ। ਅਫਗਾਨਿਸਤਾਨ ਦੇ ਮੌਕੇ ਦੇ ਹਾਕਮ ਅਮਾਨ ਉੱਲਾ, ਜੋ ਅੰਗਰੇਜ਼ ਸਾਮਰਾਜ ਦੇ ਖਿਲਾਫ ਸੀ, ਨਾਲ ਮੁਆਇਦਾ ਕੀਤਾ ਗਿਆ। ਇਸੇ ਮੁਆਇਦੇ ਮੁਤਾਬਕ ਹੀ ਗਦਰੀ 1920 ਤਕ ਆਪਣੀ ਸਰਗਰਮੀਆਂ ਅਫਗਾਨਿਸਤਾਨ ਵਿਚ ਰਹਿ ਕੇ ਚਲਾਉਂਦੇ ਰਹੇ।
ਬਰਤਾਨਵੀ ਸਾਮਰਾਜ ਵੱਲੋਂ ‘ਪਾੜੋ ਤੇ ਰਾਜ ਕਰੋ’ ਵਾਲੀ ਪਾਲਿਸੀ ਨੂੰ ਸਮਝਦਿਆਂ ਹਿੰਦੂ, ਮੁਸਲਿਮ ਅਤੇ ਸਿੱਖਾਂ ਵਿਚ ਪਾਏ ਜਾਂਦੇ ਪਾੜੇ ਨੂੰ ਖਤਮ ਕਰਨ ਵਿਚ ਮੁਹੰਮਦ ਬਰਕਤ ਉੱਲਾ ਕਾਮਯਾਬ ਵੀ ਹੋਇਆ। ਇਸ ਦਾ ਪ੍ਰਤੱਖ ਸਬੂਤ ਇਹ ਮਿਲਦਾ ਹੈ ਕਿ ਉਨ੍ਹਾਂ ਨੇ ਵਿਦੇਸ਼ਾਂ ਵਿਚ ਰਹਿ ਰਹੇ ਹਿੰਦੂ, ਮੁਸਲਿਮ, ਸਿੱਖ ਅਤੇ ਹੋਰ ਫਿਰਕਿਆਂ ਦੇ ਭਾਈਚਾਰੇ ਇਕ ਲੜੀ ਵਿਚ ਪਰੋਏ ਅਤੇ ਇਹ ਸਾਰੇ ਇਕਜੁਟ ਹੋ ਕੇ ਲੜੇ। ਇਹ ਕਾਰਨਾਮੇ ਮਹਾਨ ਗਦਰ ਦੇ ਘੋਲ ਵਿਚ ਦੇਖੇ ਜਾ ਸਕਦੇ ਹਨ।
ਮੌਲਾਨਾ ਮੁਹੰਮਦ ਬਰਕਤ ਉੱਲਾ ਦਾ ਪਰਿਵਾਰਕ ਪਿਛੋਕੜ ਪਠਾਣ ਅਛਾਖਾਨੀ ਕਬੀਲੇ ਨਾਲ ਤੁਆਲਕ ਰੱਖਦਾ ਸੀ। ਇਨ੍ਹਾਂ ਦਾ ਬਜ਼ੁਰਗ ਬਾਬਰ ਦੇ ਹਮਲੇ ਵੇਲੇ ਹਿੰਦੁਸਤਾਨ ਆਇਆ ਤੇ ਫਿਰ ਇਥੋਂ ਦਾ ਹੀ ਵਸਨੀਕ ਬਣ ਗਿਆ। ਉਨ੍ਹਾਂ ਦੇ ਬਾਪ ਦਾ ਨਾਂ ਮੌਲਾਨਾ ਮੁਹੰਮਦ ਸੁਜਾਤ ਉੱਲਾ ਸੀ, ਜੋ ਕਿੱਤੇ ਵਜੋਂ ਪਹਿਲਾਂ ਪ੍ਰਾਇਮਰੀ ਸਕੂਲ ਦਾ ਮਾਸਟਰ ਸੀ ਅਤੇ ਫਿਰ ਕੁਝ ਸਮਾਂ ਪੁਲਿਸ ਦੀ ਨੌਕਰੀ ਵੀ ਕੀਤੀ। ਮੌਲਾਨਾ ਦੀ ਇਕ ਭੈਣ ਵੀ ਸੀ। ਪਰਿਵਾਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੀ ਚਲਦਾ ਸੀ। ਜਦੋਂ ਮੁਹੰਮਦ ਬਰਕਤ ਉੱਲਾ ਅਜੇ ਸਕੂਲ ਦਾ ਵਿਦਿਆਰਥੀ ਹੀ ਸੀ ਤਾਂ ਉਨ੍ਹਾਂ ਦੇ ਬਾਪ ਦੀ ਮੌਤ ਹੋ ਗਈ। ਪੜ੍ਹਾਈ ਵਿਚ ਹੁਸ਼ਿਆਰ ਹੋਣ ਕਰਕੇ ਉਨ੍ਹਾਂ ਨੂੰ ਵਜ਼ੀਫਾ ਮਿਲਦਾ ਸੀ, ਜਿਸ ਨਾਲ ਉਹ ਆਪਣਾ ਗੁਜ਼ਾਰਾ ਕਰਦੇ। ਫਿਰ ਇਕ ਵਕਤ ਅਜਿਹਾ ਆਇਆ ਕਿ ਮੁਹੰਮਦ ਬਰਕਤ ਉੱਲਾ ਨੂੰ ਆਪਣੇ ਦੋਸਤ ਦੇ ਬਾਪ ਦੇ ਘਰ ਇਕ ਕਮਰੇ ਵਿਚ ਰਹਿਣਾ ਪਿਆ ਅਤੇ ਆਪਣੀ ਪੜ੍ਹਾਈ ਜਾਰੀ ਰੱਖੀ। 1878 ਵਿਚ ਉਨ੍ਹਾਂ ਨੇ ਮੈਟ੍ਰਿਕ ਪਾਸ ਕਰ ਲਈ। ਫਿਰ 1879 ਤੋਂ 1881 ਤਕ ਦੋ ਸਾਲ ਉਸੇ ਸਕੂਲ ਵਿਚ ਬਤੌਰ ਮਾਸਟਰ ਸੇਵਾ ਨਿਭਾਈ।
1883 ਵਿਚ ਉਹ ਮੁੰਬਈ ਚਲੇ ਗਏ, ਜਿਥੇ ਉਨ੍ਹਾਂ ਨੂੰ ਕੋਈ ਖਾਸ ਮੁਲਾਜ਼ਮਤ ਨਾ ਮਿਲੀ। ਆਖਰ ਉਹ 1887 ਵਿਚ ਲੰਡਨ ਚਲੇ ਗਏ। ਉਥੇ ਉਹ ਜ਼ਰੂਰਤਮੰਦਾਂ ਨੂੰ ਅਰਬੀ, ਫਾਰਸੀ ਤੇ ਉਰਦੂ ਪੜ੍ਹਾਉਂਦੇ ਰਹੇ ਅਤੇ ਆਪਣਾ ਗੁਜ਼ਾਰਾ ਚਲਾਉਂਦੇ ਰਹੇ। ਲੰਡਨ ਵਿਚ ਰਹਿ ਕੇ ਉਨ੍ਹਾਂ ਜਰਮਨ, ਫਰੈਂਚ, ਜਾਪਾਨੀ ਭਾਸ਼ਾਵਾਂ ਸਿੱਖ ਲਈਆਂ। ਇੰਗਲੈਂਡ ਰਹਿੰਦਿਆਂ ਉਨ੍ਹਾਂ ਨੇ ਲਿਵਰਪੂਲ ਮੁਸਲਿਮ ਇੰਸਟੀਚਿਊਟ ਵਿਚ ਵੀ ਕੰਮ ਕੀਤਾ। ਇਥੇ ਹੀ ਲਿਵਰਪੂਲ ਇੰਡੀਅਨ ਹਾਊਸ ਵਿਚ ਰਹਿੰਦੇ ਇਨਕਲਾਬੀਆਂ ਨਾਲ ਸੰਪਰਕ ਬਣ ਗਿਆ। ਉਹ ਹਕੂਮਤ ਦੀਆਂ ਨੀਤੀਆਂ ਖਿਲਾਫ ਡਟ ਗਏ ਅਤੇ ਇਸ ਹਕੂਮਤ ਦੀ ਆਲੋਚਨਾ ਲੇਖਾਂ ਅਤੇ ਭਾਸ਼ਣਾਂ ਦੁਆਰਾ ਕਰਨੀ ਸ਼ੁਰੂ ਕਰ ਦਿੱਤੀ। ਸਿਟੇ ਵਜੋਂ ਸਰਕਾਰ ਸਖਤੀ ਨਾਲ ਪੂਰੀ ਨਜ਼ਰ ਇਸ ਦੇ ਕੰਮਕਾਰ ‘ਤੇ ਰੱਖਣ ਲੱਗੀ। ਫਿਰ ਆਪਣੇ ਇਕ ਦੋਸਤ ਦੇ ਮਸ਼ਵਰੇ ‘ਤੇ ਉਹ ਇੰਗਲੈਂਡ ਛੱਡ ਕੇ ਅਮਰੀਕਾ ਦੇ ਸ਼ਹਿਰ ਨਿਊ ਯਾਰਕ ਚਲੇ ਗਏ। ਇਥੇ ਵੀ ਛੇ ਸਾਲ ਤਕ ਲੋੜਵੰਦਾਂ ਨੂੰ ਅਰਬੀ, ਫਾਰਸੀ ਤੇ ਉਰਦੂ ਪੜ੍ਹਾ ਕੇ ਆਪਣਾ ਗੁਜ਼ਾਰਾ ਚਲਾਇਆ। ਇਥੇ ਰਹਿੰਦਿਆਂ ਉਨ੍ਹਾਂ ਦੇ ਅਮਰੀਕਾ, ਕੈਨੇਡਾ ਵਿਚ ਰਹਿੰਦੇ ਹਿੰਦੁਸਤਾਨੀ ਭਾਈਚਾਰੇ ਨਾਲ ਚੰਗੇ ਸਬੰਧ ਬਣ ਗਏ। ਉਹ ਇਨ੍ਹਾਂ ਅੰਦਰ ਇਨਕਲਾਬੀ ਜਜ਼ਬਾ ਭਰਨ ਦੀ ਜਿਥੇ ਲਗਾਤਾਰ ਵਾਹ ਲਾਉਂਦੇ ਰਹੇ, ਉਥੇ ਨਾਲੋ-ਨਾਲ ਹਿੰਦੂ, ਮੁਸਲਿਮ, ਸਿੱਖ ਏਕਤਾ ‘ਤੇ ਵੀ ਜ਼ੋਰ ਦਿੰਦੇ ਰਹੇ ਤਾਂ ਜੋ ਆਜ਼ਾਦੀ ਦੇ ਘੋਲ ਵਿਚ ਸਾਂਝਾ ਹਿੱਸਾ ਪਾਇਆ ਜਾ ਸਕੇ।
1909 ਵਿਚ ਮੌਲਾਨਾ ਜਾਪਾਨ ਪਹੁੰਚ ਗਏ, ਜਿਥੇ ਉਨ੍ਹਾਂ ਟੋਕੀਓ ਯੂਨੀਵਰਸਿਟੀ ਵਿਚ ਪੂਰਬੀ ਜ਼ਬਾਨ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਦਿੱਤੀਆਂ। ਜਾਪਾਨ ਵਿਚ ‘ਅਲ ਇਸਲਾਮ’ ਨਾਂ ਦਾ ਅਖਬਾਰ ਸ਼ੁਰੂ ਕੀਤਾ। ਉਸ ਅਖਬਾਰ ‘ਤੇ ਹਿੰਦੁਸਤਾਨ ਵਿਚ ਪਾਬੰਦੀ ਲੱਗੀ ਹੋਈ ਸੀ। ਬਰਤਾਨੀਆ ਸਰਕਾਰ ਦੇ ਦਬਾਅ ਪਾਉਣ ਕਾਰਨ ਉਨ੍ਹਾਂ ਨੂੰ ਯੂਨੀਵਰਸਿਟੀ ਵਿਚੋਂ ਬਰਖਾਸਤ ਕਰ ਦਿੱਤਾ ਗਿਆ। ਇਸ ਮਗਰੋਂ ਮੌਲਾਨਾ ਮੁਹੰਮਦ ਬਰਕਤ ਉੱਲਾ ਅਮਰੀਕਾ ਆ ਗਏ। ਉਦੋਂ ਤੱਕ ਗਦਰ ਪਾਰਟੀ ਜਨਮ ਲੈ ਚੁਕੀ ਸੀ, ਜਿਸ ਨਾਲ ਜੁੜ ਕੇ ਮੌਲਾਨਾ ਕੰਮ ਕਰਨ ਲੱਗੇ।
1919 ਵਿਚ ਉਹ ਰਾਜਾ ਮਹਿੰਦਰ ਪ੍ਰਤਾਪ ਨਾਲ ਰੂਸ ਵੀ ਗਏ ਅਤੇ ਕਾਮਰੇਡ ਲੈਨਿਨ ਨਾਲ ਮੁਲਾਕਾਤ ਕਰਕੇ ਹਿੰਦੁਸਤਾਨ ਦੀ ਆਜ਼ਾਦੀ ਦੇ ਸੰਘਰਸ਼ ਵਿਚ ਮਦਦ ਮੰਗੀ। 1920 ਵਿਚ ਆਜ਼ਾਦ ਹਿੰਦੁਸਤਾਨ ਦੀ ਆਰਜ਼ੀ ਹਕੂਮਤ ਦੇ ਪ੍ਰਧਾਨ ਮੰਤਰੀ ਵਜੋਂ ਜਰਮਨੀ, ਤੁਰਕੀ, ਰੂਸ ਅਤੇ ਹੋਰ ਦੇਸ਼ਾਂ ਦੇ ਦੌਰੇ ਕੀਤੇ ਅਤੇ ਸਬੰਧਤ ਸਰਕਾਰਾਂ ਨੂੰ ਮਦਦ ਦੀ ਅਪੀਲ ਕੀਤੀ। ਉਸ ਵਕਤ ਉਨ੍ਹਾਂ ਨਾਲ ਵਿਦੇਸ਼ ਮੰਤਰੀ ਵਜੋਂ ਡਾ. ਮਥਰਾ ਸਿੰਘ ਵੀ ਸਨ। ਉਹ ਇਕ ਵੀ ਦਿਨ ਆਰਾਮ ਨਾਲ ਨਾ ਬੈਠੇ। ਫਿਰ 1927 ਵਿਚ ਦੁਬਾਰਾ ਇਨ੍ਹਾਂ ਮੁਲਕਾਂ ਦਾ ਗੇੜਾ ਲਾਇਆ। ਇਨ੍ਹਾਂ ਦਿਨਾਂ ਵਿਚ ਮੌਲਾਨਾ ਮੁਹੰਮਦ ਬਰਕਤ ਉੱਲਾ ਨੂੰ ਸ਼ੂਗਰ ਦੀ ਬਿਮਾਰੀ ਹੋ ਗਈ ਜਿਸ ਨਾਲ ਉਹ ਦਿਨ-ਬ-ਦਿਨ ਕਮਜ਼ੋਰ ਹੁੰਦੇ ਗਏ। ਆਪਣੀ ਸਿਹਤ ਨੂੰ ਦੇਖਦਿਆਂ ਉਨ੍ਹਾਂ ਆਪਣੇ ਹਮਵਤਨੀ ਹਿੰਦੁਸਤਾਨੀਆਂ ਨੂੰ ਇਹ ਸ਼ਬਦ ਆਖੇ ਜੋ ਅੱਜ ਇਤਿਹਾਸ ਦੇ ਸੁਨਹਿਰੀ ਪੰਨੇ ਹਨ: “ਮੈਂ ਸਾਰੀ ਉਮਰ ਆਪਣੇ ਪਿਆਰੇ ਵਤਨ ਦੀ ਆਜ਼ਾਦੀ ਲਈ ਸੰਜੀਦਗੀ ਨਾਲ ਸੰਘਰਸ਼ ਕਰਦਾ ਰਿਹਾ ਹਾਂ, ਹੁਣ ਜਦੋਂ ਇਸ ਦੁਨੀਆਂ ਤੋਂ ਜਾਣ ਦਾ ਸਮਾਂ ਨਜ਼ਦੀਕ ਆ ਗਿਆ ਹੈ, ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੈਂ ਆਪਣੇ ਮਿਸ਼ਨ ਵਿਚ ਕਾਮਯਾਬ ਨਹੀਂ ਹੋ ਸਕਿਆ। ਪਰ ਮੈਨੂੰ ਪੂਰਨ ਵਿਸ਼ਵਾਸ ਤੇ ਤਸੱਲੀ ਹੈ ਕਿ ਹਜ਼ਾਰਾਂ ਇਨਕਲਾਬੀ, ਬਹਾਦਰ ਤੇ ਇਮਾਨਦਾਰ ਮੇਰੇ ਰਾਹ ‘ਤੇ ਚਲ ਰਹੇ ਹਨ। ਮੈਂ ਇਸ ਤਸੱਲੀ ਨਾਲ ਆਪਣੇ ਪਿਆਰੇ ਮੁਲਕ ਦਾ ਮੁਕੱਦਰ ਉਨ੍ਹਾਂ ਬਹਾਦਰ ਇਨਕਲਾਬੀ ਸੂਰਮਿਆਂ ਦੇ ਹਵਾਲੇ ਕਰਦਾ ਹਾਂ ਜੋ ਆਜ਼ਾਦੀ ਹਾਸਲ ਕਰਨ ਤਕ ਇਸ ਸੰਘਰਸ਼ ਨੂੰ ਜਾਰੀ ਰੱਖਣਗੇ।”
ਏਕਤਾ ਦਾ ਮੁਜੱਸਮਾ ਮੌਲਾਨਾ ਮੁਹੰਮਦ ਬਰਕਤ ਉੱਲਾ ਆਖਰ 20 ਸਤੰਬਰ 1927 ਨੂੰ ਸੈਨ ਫਰਾਂਸਿਸਕੋ ਦੇ ਹਸਪਤਾਲ ਵਿਚ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦੇ ਸਰੀਰ ਨੂੰ ਸੈਕਰਾਮੈਂਟੋ ਦੇ ਓਲਡ ਸਿਟੀ ਕਬਰਸਤਾਨ ਵਿਚ ਦਫਨਾ ਦਿੱਤਾ ਗਿਆ। ਉਨ੍ਹਾਂ ਦੇ ਜਨਾਜ਼ੇ ਵਿਚ ਹਿੰਦੁਸਤਾਨੀਆਂ ਦੇ ਨਾਲ ਅਮਰੀਕਨ ਲੋਕ ਵੀ ਸ਼ਾਮਲ ਹੋਏ। ਮੌਲਾਨਾ ਮੁਹੰਮਦ ਬਰਕਤ ਉੱਲਾ ਇਸ ਇਤਿਹਾਸਕ ਕਬਰਸਤਾਨ ਦੇ ਇਕ ਖੂਬਸੂਰਤ ਹਿੱਸੇ ਵਿਚ ਸਾਰੀ ਉਮਰ ਦੇ ਸੰਘਰਸ਼ ਦੀ ਥਕਾਵਟ ਨੂੰ ਦੂਰ ਕਰਨ ਲਈ ਲੇਟੇ ਹੋਏ ਹਨ।