ਕਹਾਣੀ ਪੂਰੀ ਹੋ ਗਈ

ਭਾਰਤ ਨੂੰ ਆਜ਼ਾਦ ਹੋਇਆਂ ਸੱਤ ਦਹਾਕੇ ਬੀਤ ਗਏ ਹਨ ਪਰ ਉਸ ਵਕਤ ਮੁਲਕ ਦੀ ਵੰਡ ਕਾਰਨ ਜਿਹੜਾ ਦਰਦ ਲੋਕਾਂ ਦੇ ਰਿਝਦੇ ਦਿਲਾਂ ਅੰਦਰ ਪੁੜਿਆ ਗਿਆ ਸੀ, ਉਸ ਦੀਆਂ ਕਨਸੋਆਂ ਅੱਜ ਤੱਕ ਕਿਸੇ ਨਾ ਕਿਸੇ ਰੂਪ ਵਿਚ ਪੈ ਰਹੀਆਂ ਹਨ। ਬੀਬੀ ਕਿਰਪਾਲ ਕੌਰ ਨੇ ਆਪਣੀ ਰਚਨਾ ‘ਕਹਾਣੀ ਪੂਰੀ ਹੋ ਗਈ’ ਵਿਚ ਅਜਿਹੀ ਹੀ ਇਕ ਬਜ਼ੁਰਗ ਦਾ ਦਰਦ ਬਿਆਨਿਆ ਹੈ।

-ਸੰਪਾਦਕ

ਕਿਰਪਾਲ ਕੌਰ
ਫੋਨ: 815-356-9535

ਮੁਜ਼ੱਫਰਾਬਾਦ ਦੇ ਹਜ਼ੂਰੀ ਮਹੱਲੇ ਦੀ ਛੋਟੀ ਜਿਹੀ ‘ਹੀਰੇ ਦੀ ਗਲੀ’ ਵਿਚ ਇਕ ਨਕਸ਼ੇ ਦੇ ਦਸ-ਬਾਰ੍ਹਾਂ ਘਰ ਆਹਮੋ-ਸਾਹਮਣੇ ਬਣੇ ਹੋਏ ਹਨ। ਦੋ-ਦੋ ਘਰ ਬਿਲਕੁਲ ਜੁੜੇ ਹੋਏ, ਦਰਵਾਜ਼ਾ ਖੋਲ੍ਹੋ ਤਾਂ ਸਾਹਮਣੇ ਪੌੜੀਆਂ ਨਜ਼ਰ ਆਉਂਦੀਆਂ ਅਤੇ ਖੱਬੇ ਹੱਥ ਕਮਰਾ। ਸੱਜੇ ਹੱਥ ਦੀ ਕੰਧ ਦੇ ਦੂਜੇ ਪਾਸੇ ਦੂਜਾ ਘਰ। ਪੌੜੀਆਂ ਦੇ ਨਾਲ ਦੂਜੇ ਘਰ ਦੀਆਂ ਪੌੜੀਆਂ। ਨਾਲੋ ਨਾਲ ਦੋਹਾਂ ਘਰ ਦੇ ਚੁਬਾਰਿਆਂ ਨੂੰ ਜਾਂਦੀਆਂ ਪੌੜੀਆਂ ਨਾਲ ਛੋਟਾ ਜਿਹਾ ਵਿਹੜਾ। ਅੱਗੇ ਦੋ ਕਮਰੇ। ਵਿਹੜੇ ਵਿਚ ਹੀ ਰਸੋਈ ਤੇ ਗੁਸਲਖਾਨੇ।
ਘਰ ਦੇ ਪੰਜ ਮੈਂਬਰ ਹਨ-ਖੁਸ਼ੀ ਮੁਹੰਮਦ ਤੇ ਉਸ ਦੀ ਪਤਨੀ ਨਜ਼ਮਾ, ਦੋ ਬੱਚੇ ਤੇ ਬੜੀ ਅੰਮਾ। ਬੜੀ ਅੰਮਾ ਤਾਂ ਗਲੀ ਦੀ ਸਾਂਝਾ ਜੀ ਹੋਈ। ਕਿਸੇ ਦੇ ਘਰ ਕੋਈ ਕੰਮ ਹੋਵੇ, ਅੰਮਾ ਨੇ ਸੰਭਾਲ ਲੈਣਾ ਤੇ ਸਾਰੀ ਗਲੀ ਦੇ ਬੱਚੇ ਵੀ ਸੰਭਾਲ ਲੈਂਦੀ। ਹੁਣ ਉਮਰ ਬਹੁਤ ਹੋ ਗਈ, ਤੁਰਿਆ ਫਿਰਿਆ ਨਹੀਂ ਜਾਂਦਾ। ਸਾਰੇ ਆ ਕੇ ਅੰਮਾ ਦਾ ਹਾਲ ਚਾਲ ਪੁੱਛਦੇ ਰਹਿੰਦੇ।
ਦੂਜੀਆਂ ਪੌੜੀਆਂ ਸੁਲਤਾਨਾ ਤੇ ਰਫੀ ਮੁਹੰਮਦ ਦੇ ਘਰ ਦੀਆਂ ਹਨ। ਸੁਲਤਾਨਾ ਤੇ ਨਜ਼ਮਾ ਦਾ ਆਪਸ ਵਿਚ ਬੜਾ ਪਿਆਰ ਹੈ। ਉਨ੍ਹਾਂ ਦੇ ਵੀ ਦੋ ਬੱਚੇ ਹਨ। ਨਜ਼ਮਾ ਤੇ ਸੁਲਤਾਨਾ ਪੌੜੀਆਂ ‘ਤੇ ਬੈਠ ਕੇ ਸਵੈਟਰ ਬੁਣਦੀਆਂ, ਸਬਜ਼ੀ ਕੱਟਦੀਆਂ ਤੇ ਗੱਲਾਂ ਕਰਦੀਆਂ। ਕੌਲੀਆਂ ਵੀ ਪੌੜੀ ਉਪਰ ਦੀ ਇਕ ਦੂਜੇ ਨੂੰ ਦਿੰਦੀਆਂ।
ਅੱਜ ਨਜ਼ਮਾ ਪਹਿਲਾਂ ਵਿਹਲੀ ਹੋ ਗਈ। ਉਸ ਨੇ ਪੌੜੀ ‘ਤੇ ਖਲੋ ਕੇ ਆਵਾਜ਼ ਦਿੱਤੀ, “ਸੁਲਤਾਨਾ, ਵਿਹਲੀ ਨਹੀਂ ਹੋਈ।” ਸੁਲਤਾਨਾ ਬੋਲੀ, “ਮੈਂ ਤੇ ਦੇਰ ਦੀ ਵਿਹਲੀ ਸੀ, ਤੁਹਾਡੇ ਪਾਸਿਉਂ ਮੈਨੂੰ ਕੋਈ ਬੋਲਦਾ ਨਹੀਂ ਸੁਣਿਆ। ਮੈਂ ਤੇ ਅੰਮਾ ਦਾ ਫਿਕਰ ਕਰਦੀ ਸੀ। ਠੀਕ ਹੋਵੇ। ਕੱਲ੍ਹ ਮੇਰਾ ਮੁੰਡਾ ਕਹਿੰਦਾ ਸੀ, ਅੰਮਾ ਨੂੰ ਮਦਰੱਸੇ ਦੀ ਕੰਧ ਕੋਲ ਬੈਠੇ ਦੇਖਿਆ ਸੀ।”
“ਕੀ ਦੱਸਾਂ ਤੈਨੂੰ ਮੈਂ…।” ਨਜ਼ਮਾ ਬੋਲੀ, “ਜਿਸ ਦਿਨ ਤੋਂ ਖਬਰ ਸੁਣੀ ਹੈ ਕਿ ਪਾਕਿਸਤਾਨ ਤੇ ਹਿੰਦੁਸਤਾਨ ਵਿਚਾਲੇ ਸਮਝੌਤਾ ਹੋਇਆ, ਸਾਂਝੀ ਬੱਸ ਚਲੇਗੀ, ਦੋਹਾਂ ਮੁਲਕਾਂ ਦੇ ਲੋਕ ਆਪੋ-ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆ ਜਾ ਸਕਦੇ ਹਨ, ਉਸੇ ਦਿਨ ਤੋਂ ਅੰਮਾ ਨੂੰ ਹੋਰ ਕੋਈ ਗੱਲ ਨਹੀਂ ਆਉਂਦੀ। ਬੱਸ ਅੱਜ ਵੀ ਆਪਣੇ ਸ਼ਹਿਰ ਆ ਰਹੀ ਹੈ।
“ਅੱਛਾ ਤੁਹਾਡੇ ਰਿਸ਼ਤੇਦਾਰ ਹੋਣਗੇ ਉਧਰ?” ਸੁਲਤਾਨਾ ਨੇ ਪੁਛਿਆ।
ਨਜ਼ਮਾ ਬੋਲੀ, “ਨਾ, ਸਾਡਾ ਤਾਂ ਕੋਈ ਰਿਸ਼ਤੇਦਾਰ ਨਹੀਂ ਉਧਰ।” ਅੰਮੀ ਹੀ ਉਧਰੋਂ ਆਈ ਸੀ। ਇਸ ਦੇ ਅੱਬਾ ਤੇ ਅੰਮੀ ਵੀ ਆ ਗਏ ਸੀ।”
“ਫਿਰ ਵੀ ਜਨਮ ਦੇਣ ਵਾਲੀ ਧਰਤੀ ਦੀ ਖਿੱਚ ਤੇ ਹੈ ਹੀ।” ਸੁਲਤਾਨਾ ਨੇ ਕਿਹਾ।
“ਹਾਂ, ਉਹ ਤਾਂ ਬਹੁਤ ਐ। ਆਪਣੇ ਪਿੰਡ ਦਾ ਨਾਂ ਲੈਂਦਿਆਂ ਹੀ ਅੰਮਾ ਦੇ ਮੂੰਹ ‘ਤੇ ਰੌਣਕ ਆ ਜਾਂਦੀ ਤੇ ਰੰਗ ਕੇਸਰੀ ਹੋ ਜਾਂਦਾ।” ਨਜ਼ਮਾ ਨੇ ਦੱਸਿਆ।
ਸੁਲਤਾਨਾ ਭਾਵੁਕ ਹੋ ਗਈ, “ਮੈਂ ਆਪ ਪੇਕੇ ਜਾਣ ਲਈ ਮੌਕਾ ਭਾਲਦੀ ਰਹਿੰਦੀ ਹਾਂ।”
ਨਜ਼ਮਾ ਬੋਲੀ, “ਤੇਰੀ ਗੱਲ ਹੋਰ ਹੈ। ਤੇਰੇ ਭੈਣ-ਭਰਾ, ਅੰਮੀ-ਅੱਬਾ ਸਾਰੇ ਹਨ। ਸਾਡੀ ਅੰਮਾ ਨੂੰ ਆਏ ਤਾਂ ਮੁੱਦਤ ਹੋ ਗਈ। ਇਧਰ ਆ ਕੇ ਅੰਮਾ ਦਾ ਵਿਆਹ ਹੋਇਆ ਸੀ। ਹੁਣ ਉਸ ਦੇ ਪੋਤੇ ਦੇ ਬੱਚੇ ਮਿਡਲ ਸਕੂਲ ਵਿਚ ਪੜ੍ਹਦੇ ਹਨ।”
“ਸੁਣ ਨਜ਼ਮਾ! ਆਪਾਂ ਜਦੋਂ ਕਿਸੇ ਬਜ਼ੁਰਗ ਕੋਲੋਂ ਕੋਈ ਭਾਵੁਕ ਹੋਣ ਦੀ ਜਾਂ ਮਨ ਵਿਚ ਕਿਸੇ ਪਿਆਰ ਦੀ ਗੱਲ ਸੁਣਦੇ ਹਾਂ, ਸਾਨੂੰ ਲਗਦਾ ਹੈ ਕਿ ਬੁੱਢੇ ਸਰੀਰ ਦੇ ਅੰਦਰ ਭਾਵੁਕਤਾ ਜਾਂ ਕੋਮਲਤਾ ਕਿਵੇਂ ਹੋ ਸਕਦੀ ਹੈ। ਪਰ ਦਿਲ ਤਾਂ ਅੰਦਰ ਧੜਕਦਾ ਹੈ ਅਜੇ।” ਸੁਲਤਾਨਾ ਬੋਲੀ।
“ਕੀ ਪਤਾ ਕਿੰਨੀ ਪਿਆਰੀ, ਕਿੰਨੀ ਮਿੱਠੀ ਯਾਦ ਅੰਮਾ ਦੇ ਮਨ ਅੰਦਰ ਅਜੇ ਵੀ ਤਾਜ਼ਾ ਹੋਵੇ।”
ਅੰਦਰੋਂ ਅੰਮਾ ਨੇ ਆਵਾਜ਼ ਦਿੱਤੀ, “ਨਜ਼ਮਾ ਬੇਟੀ ਕਿਥੇ ਹੈਂ ਤੂੰ?” ਨਜ਼ਮਾ ਉਠ ਕੇ ਅੰਮਾ ਕੋਲ ਚਲੀ ਗਈ। ਨਜ਼ਮਾ ਬੜੀ ਅੰਮੀ ਦੀ ਸੇਵਾ ਜੀਅ-ਜਾਨ ਨਾਲ ਕਰਦੀ ਸੀ। ਅੰਦਰ ਅੰਮਾ ਦੇ ਕੋਲ ਬੈਠ ਕੇ ਬੋਲੀ, “ਕੁਝ ਚਾਹੀਦਾ ਹੈ ਤਾਂ ਦੱਸੋ?”
ਅੰਮਾ ਨੇ ਉਠਣ ਲਈ ਕਿਹਾ ਤੇ ਨਜ਼ਮਾ ਨੇ ਅੰਮਾ ਨੂੰ ਬਿਠਾ ਕੇ ਪਾਣੀ ਪਿਲਾਇਆ। ਅੰਮਾ ਹੱਸ ਕੇ ਬੋਲੀ, “ਧੀਏ, ਮੈਂ ਕਹਿੰਦੀ ਹਾਂ ਚਲ ਆਪਾਂ ਹੌਲੀ-ਹੌਲੀ ਸਟੇਡੀਅਮ ਚੱਲੀਏ। ਉਥੇ ਬੱਸ ਨੇ ਖੜ੍ਹਨਾ, ਦੇਖਾਂਗੇ ਕੌਣ-ਕੌਣ ਆਇਆ।”
“ਹਾਂ ਜ਼ਰੂਰ ਅੰਮਾ ਸਟੇਡੀਅਮ ਆਪਣੇ ਘਰ ਤੋਂ ਅੱਠ ਮੀਲ ਦੂਰ ਹੈ। ਮੇਰੀ ਅੰਮਾ ਲਈ ਦੋ-ਚਾਰ ਮਿੰਟ ਦਾ ਸਾਰਾ ਪੈਂਡਾ। ਜਿੰਨੀ ਦੇਰ ਨਜ਼ਮਾ ਦੀ ਅੰਮੀ ਨੇ ਸਟੇਡੀਅਮ ਨਹੀਂ ਪਹੁੰਚਣਾ, ਬੱਸ ਦਾ ਦਰਵਾਜ਼ਾ ਖੁੱਲ੍ਹਣਾ ਨਹੀਂ। ਅੰਮਾ ਖੁਸ਼ਆਮਦ ਕਹੇਗੀ, ਫਿਰ ਮੁਸਾਫਰ ਨਿਕਲਣਗੇ।” ਅੰਮਾ ਵੀ ਹੱਸ ਪਈ। ਮੇਰੀ ਧੀ ਅੰਮਾ ਦੀਆਂ ਇੰਜ ਦੀਆਂ ਗੱਲਾਂ ਸੁਣ ਕੇ ਵੀ ਖੁਸ਼ ਰਹਿੰਦੀ ਹੈ। “ਕੀ ਕਰਾਂ ਧੀਏ, ਮੇਰੇ ਅੰਦਰ ਜਿਵੇਂ ਧੂ ਪੈਂਦੀ ਪਈ ਹੈ।”
ਦੋਹਾਂ ਨੂੰ ਪਤਾ ਨਾ ਲੱਗਾ, ਕਦੋਂ ਖੁਸ਼ੀ ਮੁਹੰਮਦ ਆ ਗਿਆ। ਉਸ ਨੇ ਆ ਕੇ ਟੀ.ਵੀ. ਚਾਲੂ ਕਰ ਦਿੱਤਾ। ਉਸ ‘ਤੇ ਸਟੇਡੀਅਮ ਦਾ ਪ੍ਰੋਗਰਾਮ ਹੀ ਚੱਲ ਰਿਹਾ ਸੀ। ਅੰਮਾ ਤੇ ਨਜ਼ਮਾ ਦੀਆਂ ਨਜ਼ਰਾਂ ਉਸ ਦੀ ਸਕਰੀਨ ‘ਤੇ ਟਿਕੀਆਂ ਰਹਿ ਗਈਆਂ।
ਪਾਕਿਸਤਾਨ ਦਾ ਵਜ਼ੀਰ ਬੋਲ ਰਿਹਾ ਸੀ। ਉਸ ਨੇ ਕਿਹਾ ਕਿ ਪਾਕਿਸਤਾਨ ਕਾ ਆਵਾਮ ਔਰ ਸਰਕਾਰ ਆਪ ਸਭ ਕੋ ਅਪਨੇ ਪਿਆਰ ਸੇ ਭਰੇ ਦਿਲੋਂ ਸੇ ਖੁਸ਼ਆਮਦੀਦ ਕਹਿਤੇ ਹੈਂ। ਜੋ ਲੋਗ ਆਜ ਅਰਸੇ ਕੇ ਬਾਅਦ ਅਪਨੇ ਰਿਸ਼ਤੇਦਾਰੋਂ ਸੇ ਮਿਲ ਰਹੇ ਹੈ, ਉਨ ਕੀ ਖੁਸ਼ੀ ਕਾ ਅੰਦਾਜ਼ਾ ਨਹੀਂ ਹੈ। ਖੁਦਾ ਕਰੇ, ਹਮ ਆਪਸ ਮੇਂ ਐਸੇ ਹੀ ਮਿਲਤੇ ਰਹੇਂ। ਅਬ ਮੈਂ ਹਿੰਦੁਸਤਾਨ ਕੇ ਸੈਰ ਸਪਾਟਾ ਮੰਤਰੀ ਜਨਾਬ ਗੁਰਬਿੰਦਰ ਸਿੰਘ ਕੁਲਥਮ ਕੋ ਆਪ ਕੇ ਰੂ-ਬ-ਰੂ ਕਰਤਾ ਹੂੰ। ਵੋਹ ਆਪਨੀ ਸਰਕਾਰ ਕਾ ਜੋ ਪੈਗਾਮ ਲਾਏ ਹੈਂ, ਵੋਹ ਦੇਂਗੇ।”
ਅੰਮਾ ਨਾਂ ਸੁਣ ਕੇ ਮੰਜੇ ਤੋਂ ਐਨਾ ਉਛਲੀ ਕਿ ਡਿੱਗਣ ਲੱਗੀ ਸੀ। ਉਚੀ ਆਵਾਜ਼ ਵਿਚ ਬੋਲੀ, “ਖੁਸ਼ੀਆ! ਉਠ ਚਲ ਚੱਲੀਏ, ਇਹ ਤੇ ਬੀਬੀ ਜੀ ਦਾ ਬਿੰਦਰ ਹੈ। ਪੂਰੇ ਘਰ ਦਾ ਲਾਡਲਾ ਬਿੰਦਰ।”
ਫਿਰ ਅੰਮਾ ਨੇ ਆਪਣੇ ਮੰਜੇ ‘ਤੇ ਬੈਠ ਲੱਤਾਂ ਲਟਕਾ ਪੈਰਾਂ ਨਾਲ ਜੁੱਤੀ ਭਾਲਦੀ ਬੋਲੀ, “ਨਜ਼ਮਾ ਤੂੰ ਭੀ ਉਠ, ਦੋਵੇਂ ਚੱਲੋ ਆਪਾਂ ਸਟੇਡੀਅਮ ਚਲੀਏ। ਆਪਣਾ ਬਿੰਦੀ ਆਇਆ ਹੈ। ਐਵੇਂ ਤਾਂ ਨਹੀਂ ਅੰਦਰ ਧੂ ਪੈਂਦੀ ਸੀ।”
ਖੁਸ਼ੀ ਮੁਹੰਮਦ ਨੇ ਬੜੀ ਅੰਮਾ ਦੇ ਮੋਢੇ ‘ਤੇ ਹੱਥ ਰੱਖ ਕੇ ਉਸ ਨੂੰ ਮੰਜੇ ਤੋਂ ਉਠਣ ਤੋਂ ਰੋਕਦਿਆਂ ਕਿਹਾ, “ਅੰਮਾ ਪਹਿਲਾਂ ਦੱਸ ਬਿੰਦਰ ਹੈ ਕੌਣ?”
“ਲੈ ਵੇਖ ਨਜ਼ਮਾ, ਇਸ ਨੂੰ ਇਹ ਵੀ ਨਹੀਂ ਪਤਾ ਬਿੰਦਰ ਕੌਣ ਹੈ?”
“ਪੁੱਤਰਾ, ਜਦ ਪਾਕਿਸਤਾਨ ਬਣਿਆ, ਜਿਨ੍ਹਾਂ ਸਾਨੂੰ ਆਪਣੇ ਘਰ ਰੱਖਿਆ ਸੀ। ਨਜ਼ਮਾ ਨੂੰ ਸਾਰਾ ਪਤਾ ਹੈ।” ਅੰਮਾ ਪੈਰੀਂ ਜੁੱਤੀ ਅੜਾਉਂਦੀ ਬੋਲੀ।
ਅੰਮਾ ਨੂੰ ਸਾਹ ਚੜ੍ਹਿਆ ਹੋਇਆ ਸੀ। ਖੁਸ਼ੀਏ ਨੇ ਨਜ਼ਮਾ ਨੂੰ ਕਿਹਾ, ਅੰਮਾ ਨੂੰ ਪਾਣੀ ਪਿਲਾਵੇ। ਆਪ ਅੰਮਾ ਨੂੰ ਮੰਜੇ ‘ਤੇ ਮੁੜ ਲਿਟਾ ਦਿੱਤਾ। ਨਜ਼ਮਾ ਨੇ ਪਾਣੀ ਮੂੰਹ ਨੂੰ ਲਾਇਆ, ਅੰਮਾ ਨੇ ਦੋ ਘੁੱਟ ਭਰੇ। ਅੱਖਾਂ ਬੰਦ ਕਰ ਲਈਆਂ। ਟੀ.ਵੀ. ਖੁਸ਼ੀਏ ਨੇ ਬੰਦ ਕਰ ਦਿੱਤਾ। ਪੰਜ ਮਿੰਟ ਲਈ ਕਮਰੇ ਵਿਚ ਚੁੱਪ ਛਾ ਗਈ।
ਅੰਮਾ ਨੇ ਮੁੜ ਅੱਖਾਂ ਖੋਲ੍ਹੀਆਂ ਤੇ ਫਿਰ ਉਠ ਕੇ ਬਹਿਣ ਲੱਗੀ। ਨਜ਼ਮਾ ਨੇ ਕਿਹਾ, “ਅੰਮਾ ਥੋੜ੍ਹਾ ਪੈ ਲੈਂਦੀ।” ਅੰਮਾ ਨੇ ਉਸ ਦੀ ਗੱਲ ਦਾ ਜਵਾਬ ਨਾ ਦਿੱਤਾ। ਆਪਣੀ ਗੱਲ ਸ਼ੁਰੂ ਕਰ ਲਈ।
“ਨਜ਼ਮਾ ਮੈਂ ਤੈਨੂੰ ਦੱਸਨੀ ਹੁੰਦੀ ਹਾਂ, ਜਦ ਪਾਕਿਸਤਾਨ ਬਣਿਆ, ਆਜ਼ਾਦੀ ਦੀ ਖੁਸ਼ੀ ਤਾਂ ਕਿਸੇ ਮਨਾਈ ਹੀ ਨਹੀਂ, ਨਾਲ ਹੀ ਕਤਲੇਆਮ ਸ਼ੁਰੂ ਹੋ ਗਿਆ। ਪਾਕਿਸਤਾਨ ਵੱਲ ਜੋ ਹਿੰਦੂ ਸਨ, ਉਨ੍ਹਾਂ ਨੂੰ ਉਧਰ ਦੇ ਮੁਸਲਮਾਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ। ਓਧਰ ਹਿੰਦੂਆਂ ਨੇ ਮੁਸਲਮਾਨਾਂ ਨੂੰ। ਘਰ-ਬਾਰ ਲੁੱਟ ਲਏ। ਲਾਸ਼ਾਂ ਦੀਆਂ ਭਰੀਆਂ ਗੱਡੀਆਂ ਦੋਵੇਂ ਪਾਸੇ ਜਾਂਦੀਆਂ। ਲਾਸ਼ਾਂ ਨੇ ਦਰਿਆ ਭਰ ਦਿੱਤੇ। ਦਰਿਆਵਾਂ ਦਾ ਪਾਣੀ ਲਾਲ ਹੋ ਗਿਆ।” ਫਿਰ ਅੰਮਾ ਚੁੱਪ ਹੋ ਗਈ। ਖੁਸ਼ੀਆ ਚੁੱਪ ਬੈਠਾ ਅੰਮਾ ਵੱਲ ਵੇਖ ਰਿਹਾ ਸੀ। ਅੰਮਾ ਦੀਆਂ ਅੱਖਾਂ ‘ਚੋਂ ਹੰਝੂ ਕਿਰ ਰਹੇ ਸਨ। ਸੁਲਤਾਨਾ ਵੀ ਇਧਰ ਆ ਗਈ ਸੀ। ਸੁਲਤਾਨਾ ਤੇ ਰਜ਼ੀਆ ਵੀ ਰੋ ਰਹੀਆਂ ਸਨ। ਖੁਸ਼ੀਏ ਨੇ ਪਾਣੀ ਵਾਲਾ ਗਲਾਸ ਅੰਮਾ ਅੱਗੇ ਕੀਤਾ। ਉਸ ਦੋ ਘੁੱਟ ਭਰ ਕੇ ਗਲਾਸ ਰੱਖ ਦਿੱਤਾ।
ਥੋੜ੍ਹਾ ਸਾਹ ਲੈ ਕੇ ਅੰਮਾ ਨੇ ਫਿਰ ਕਹਾਣੀ ਸ਼ੁਰੂ ਕੀਤੀ, “ਸਾਡੇ ਪਿੰਡ ‘ਚ ਢੰਡੋਰਾ ਹੋ ਗਿਆ ਕਿ ਸਾਰੇ ਮੁਸਲਮਾਨ ਸ਼ਾਮ ਤਕ ਘਰ ਖਾਲੀ ਕਰ ਕੇ ਬਹਿਰਾਮ ਕੈਂਪ ਵਿਚ ਚਲੇ ਜਾਉ। ਘਰ ਛੱਡਣੇ ਕਿਤੇ ਸੌਖੇ। ਮੈਂ ਤੇ ਪੰਜਾਂ ਛੇਆਂ ਸਾਲਾਂ ਦੀ ਸੀ। ਯਾਦ ਮੈਨੂੰ ਸਭ ਹੈ। ਮੇਰੀ ਮਾਂ ਨੇ ਕਿਹਾ, ਮੈਂ ਤੇ ਕਿਤੇ ਨਹੀਂ ਜਾਣਾ, ਜਿਸ ਮਾਰਨਾ ਮੈਨੂੰ ਮੇਰੇ ਘਰ ਦੇ ਅੰਦਰ ਮਾਰ ਦੇਵੇ। ਛੋਟਾ ਜਿਹਾ ਸਾਡਾ ਘਰ ਸੀ। ਮੇਰਾ ਅੱਬਾ ਖੱਡੀ ‘ਤੇ ਕਪੜੇ ਬੁਣਦਾ ਸੀ। ਭਰਾ ਮੇਰਾ ਨਾਨਕਿਆਂ ਨਾਲ ਦਿੱਲੀ ਰਹਿੰਦਾ ਸੀ।
ਦੁਪਹਿਰ ਵੇਲੇ ਸਾਡੇ ਘਰ ਗੁਰਭਾਗ ਸਿੰਘ ਆਇਆ। ਉਸ ਅੱਬਾ ਨੂੰ ਕਿਹਾ, ਤੂੰ ਮੇਰੇ ਭਰਾ ਵਰਗਾ ਹੈਂ। ਜੇ ਮੇਰੇ ‘ਤੇ ਭਰੋਸਾ ਹੋਵੇ, ਮੈਂ ਤੁਹਾਨੂੰ ਆਪਣੇ ਘਰ ਛੁਪਾ ਲੈਨਾਂ। ਜਦੋਂ ਅਮਨ-ਅਮਾਨ ਹੋਵੇਗਾ, ਫਿਰ ਸੋਚ ਲਵਾਂਗੇ, ਕੀ ਕਰਨਾ। ਅੱਬਾ-ਅੰਮੀ ਮੰਨ ਗਏ ਤੇ ਸਮਾਨ ‘ਕੱਠਾ ਕਰਨਾ, ਬੰਨ੍ਹਣਾ ਸ਼ੁਰੂ ਕਰ ਦਿੱਤਾ। ਰਾਤ ਨੂੰ ਆਪ ਅਤੇ ਆਪਣੇ ਦੋ ਕਾਮਿਆਂ ਨਾਲ ਆਪਣੀ ਹਵੇਲੀ ਲੈ ਗਏ। ਹਵੇਲੀ ਦੇ ਇਕ ਪਾਸੇ ਦੋ ਕਮਰਿਆਂ ਦਾ ਘਰ ਸੀ। ਇਸ ਵਿਚ ਇਨ੍ਹਾਂ ਦੀ ਇਕ ਰਿਸ਼ਤੇਦਾਰ ਬਜੁਰਗ ਜਿਹੜੀ ਬਾਲ ਵਿਧਵਾ ਸੀ, ਇਕੱਲੀ ਰਹਿੰਦੀ ਸੀ।
ਸਾਡਾ ਸਮਾਨ ਬੀਬੀ ਨੇ ਟਿਕਾ ਕੇ ਰੱਖ ਦਿੱਤਾ। ਬਾਵਰਚੀਖਾਨਾ (ਰਸੋਈ), ਗੁਸਲ ਵੀ ਸੀ। ਉਨ੍ਹਾਂ ਜੋ ਸਾਡੇ ਕੋਲ ਨਹੀਂ ਸੀ, ਉਹ ਸਮਾਨ ਵੀ ਲਿਆ ਕੇ ਰੱਖ ਦਿੱਤਾ। ਬੀਬੀ ਨੇ ਕਿਹਾ, ‘ਤੁਸੀਂ ਖਾਣਾ ਨਾ ਬਣਾਇਓ, ਮੈਂ ਭੇਜਾਂਗੀ ਤੇ ਅੰਦਰੇ ਰਹਿਣਾ।’ ਸਾਡੇ ਨਾਂ ਵੀ ਉਨ੍ਹਾਂ ਬਦਲ ਦਿੱਤੇ। ਮਾਂ ਜ਼ਬੈਦਾ ਤੋਂ ਜੀਤੋ ਬਣ ਗਈ। ਮੈਂ ਰੁਖਸਾਨਾ ਤੋਂ ਰੂਬੀ ਤੇ ਅੱਬਾ ਰਹਿਮਾਨ ਤੋਂ ਭਗਵਾਨ। ਤਿੰਨ ਮਹੀਨੇ ਅਸੀਂ ਕਮਰਿਆਂ ਤੋਂ ਬਾਹਰ ਨਾ ਨਿਕਲੇ।
ਸਾਡੇ ਨਾਲ ਦੇ ਕੈਂਪ ਵਿਚ ਬਹਿਰਾਮ ਤਿੰਨ ਦਿਨ ਰਹੇ। ਫਿਰ ਉਨ੍ਹਾਂ ਨੂੰ ਤੋਰਿਆ ਦੁਰਾਹੇ ਵੱਲ। ਕੁਝ ਟਰੱਕਾਂ ਵਿਚ ਭਰੇ। ਦੁਰਾਹੇ ਦੇ ਨੇੜੇ ਬਹੁਤ ਬੜਾ ਕੈਂਪ ਸੀ। ਉਥੇ ਦੋ ਮਹੀਨੇ ਤੋਂ ਵੀ ਵੱਧ ਸਮਾਂ ਲੱਗਾ। ਇਸ ਸਰਦਾਰ ਨੇ ਕਮੇਟੀ ਬਣਾ ਲਈ, ਰੋਜ਼ ਲੰਗਰ ਤਿਆਰ ਕਰ ਕੈਂਪ ‘ਚ ਦੇ ਕੇ ਆਉਂਦੇ। ਕੈਂਪ ਡਾਕਟਰ ਨੂੰ ਨਾਲ ਲੈ ਕੇ ਜਾਂਦੇ, ਦਵਾਈਆਂ ਦਿੰਦੇ। ਕਈ ਤਾਂ ਉਥੇ ਹੀ ਪੂਰੇ ਹੋ ਗਏ। ਉਨ੍ਹਾਂ ਨੂੰ ਦਫਨਾਉਣ ਦਾ ਕੰਮ ਵੀ ਕੀਤਾ। ਤੁਸੀਂ ਸੋਚ ਲਵੋ, ਸਾਡਾ ਕਿੰਨਾ ਖਿਆਲ ਰੱਖਦੇ ਹੋਣਗੇ।
ਮੈਨੂੰ ਤਾਂ ਬੀਬੀ ਜੀ ਨੇ ਮਦਰੱਸੇ ਦਾਖਲ ਕਰਾ ਦਿੱਤਾ। ਅੰਮੀ ਘਰ ਦਾ ਕੰਮ ਕਰਵਾਉਂਦੀ। ਅੱਬੂ ਖੇਤਾਂ ਵਿਚ ਕੰਮ ਕਰਨ ਲੱਗ ਪਿਆ। ਅਸੀਂ ਸਾਰੇ ਖੁਸ਼, ਪਰਿਵਾਰ ਵਾਂਗ ਰਹਿ ਰਹੇ ਸੀ। ਸਾਲ ਬੀਤਦੇ ਦਾ ਪਤਾ ਨਾ ਲੱਗਾ। ਮੈਂ ਪੰਜਵੀਂ ਪਾਸ ਕਰ ਲਈ। ਘਰ ਦੇ ਛੋਟੇ ਕੰਮ ਕਰਦੀ। ਬੀਬੀ ਜੀ ਨੇ ਸੂਈ ਦਾ ਕੰਮ, ਕਢਾਈ ਕਰਨੀ, ਕਪੜੇ ਪ੍ਰੈੱਸ ਕਰਨੇ ਸਿਖਾਏ। ਬੜਾ ਵੀਰ ਕਿਤੇ ਬਾਹਰ ਪੜ੍ਹਦਾ ਸੀ। ਉਹ ਤਾਂ ਛੇਤੀ ਬੜਾ ਅਫਸਰ ਬਣ ਗਿਆ, ਉਸ ਤੋਂ ਛੋਟਾ ਫਗਵਾੜੇ। ਰੋਜ਼ ਘਰ ਆਉਂਦਾ ਸੀ, ਇਹ ਛੋਟਾ ਨਾਲ ਦੇ ਪਿੰਡ ਪੜ੍ਹਦਾ ਸੀ।
ਮੇਰੀ ਅੰਮੀ ਨੂੰ ਮੇਰੇ ਵਿਆਹ ਦਾ ਫਿਕਰ ਪੈ ਗਿਆ। ਜਦ ਮੇਰਾ ਭਰਾ ਦਿੱਲੀ ਤੋਂ ਘਰ ਆਉਂਦਾ ਤਾਂ ਅੰਮਾ ਉਸ ਨੂੰ ਤਾਕੀਦ ਕਰਦੀ, ਕੋਈ ਮੁੰਡਾ ਭਾਲ ਲਵੇ। ਭਰਾ ਮੇਰਾ ਹੱਸ ਪੈਂਦਾ। ਰੰਗ ਮੇਰਾ ਸਾਫ ਸੀ। ਖਾਣ-ਪੀਣ ਲਈ ਦੁੱਧ ਘਿਉ ਖੁੱਲ੍ਹਾ। ਮੈਂ ਗਿਆਰਾਂ ਬਾਰਾਂ ਸਾਲਾਂ ਦੀ ਸੋਲਾਂ ਸਤਾਰਾਂ ਦੀ ਲੱਗਦੀ। ਚੜ੍ਹਦੀ ਉਮਰ ਦਾ ਮੇਰਾ ਕੇਸਰੀ ਰੰਗ ਮੇਰੀ ਅੰਮੀ ਨੂੰ ਚੰਗਾ ਨਾ ਲਗਦਾ। ਉਸ ਦੇ ਅੰਦਰ ਕੋਈ ਭੈਅ ਸੀ। ਬੀਬੀ ਜੀ ਸਮਝਦੇ ਸੀ। ਉਨ੍ਹਾਂ ਇਕ ਦਿਨ ਅੰਮੀ ਨੂੰ ਕਿਹਾ, ‘ਦੇਖ ਭੈਣੇ ਜੀਤੋ! ਰੂਬੀ ਹੁਣ ਤੇਰੀ ਨਹੀਂ, ਸਾਡੇ ਘਰ ਦੀ ਇੱਜਤ ਹੈ। ਕੋਈ ਇਸ ਵੱਲ ਅੱਖ ਚੁੱਕ ਕੇ ਨਹੀਂ ਦੇਖ ਸਕਦਾ। ਜੇ ਤੂੰ ਮੇਰੇ ਕਿਸੇ ਮੁੰਡੇ ਦੀ ਅੱਖ ‘ਚ ਮੈਲ ਦੇਖੀ, ਮੈਨੂੰ ਦੱਸ।’
ਮੇਰੀ ਅੰਮੀ ਨੇ ਹੱਥ ਜੋੜ ਕੇ ਕਿਹਾ, ‘ਬੀਬੀ ਜੀ, ਜੇ ਮੈਂ ਇਨ੍ਹਾਂ ਪੁੱਤਾਂ ‘ਤੇ ਸ਼ੱਕ ਕਰਾਂ, ਮੈਨੂੰ ਦੋਜ਼ਖ ਨਸੀਬ ਹੋਵੇ।’
‘ਬਸ ਤੂੰ ਖੁਸ਼ ਰਿਹਾ ਕਰ। ਇਹ ਫਿਕਰ ਸਾਨੂੰ ਹੈ।’ ਬੀਬੀ ਜੀ ਨੇ ਮੇਰੀ ਅੰਮੀ ਦੇ ਮੋਢੇ ‘ਤੇ ਹੱਥ ਰੱਖ ਕੇ ਕਿਹਾ।
ਬਹੁਤ ਹੀ ਖੁਸ਼ੀਆਂ ਦੇ ਦਿਨ ਸੀ। ਬੜਾ ਵੀਰ ਵੱਡਾ ਅਫਸਰ ਸੀ। ਉਸ ਲਈ ਰਿਸ਼ਤੇ ਆਉਂਦੇ। ਦੂਜਾ ਵੀ ਦਿੱਲੀ ਸੀ। ਬਿੰਦੀ ਵੀ ਹੁਣ ਜਲੰਧਰ ਪੜ੍ਹਨ ਲੱਗ ਪਿਆ ਸੀ। ਉਸ ਦਿਨ ਐਤਵਾਰ ਸੀ। ਦਿੱਲੀ ਵਾਲਾ ਵੀਰ ਵੀ ਤਿੰਨ ਦਿਨਾਂ ਲਈ ਆਇਆ ਹੋਇਆ ਸੀ। ਕੋਈ 3-4 ਵਜੇ ਗੇਟ ਮੂਹਰੇ ਜੀਪ ਅਤੇ ਮਿਲਟਰੀ ਦੇ ਦੋ ਟਰੱਕ ਆ ਖੜ੍ਹੇ।
ਉਨ੍ਹਾਂ ਸਰਦਾਰ ਜੀ ਨੂੰ ਬੁਲਾਇਆ ਤੇ ਕਿਹਾ ਕਿ ਤੁਸੀਂ ਮੁਸਲਮਾਨ ਛੁਪਾ ਕੇ ਰੱਖੇ ਹੋਏ ਹਨ। ਜੀਪ ਵਿਚ ਅਫਸਰ ਸਨ। ਟਰੱਕ ਦੇਖ ਕੇ ਪਿੰਡ ਦੇ ਲੋਕ ਵੀ ਆ ਗਏ। ਜਿਸ ਸਰਦਾਰ ਦੇ ਇਸ਼ਾਰੇ ‘ਤੇ ਪਿੰਡ ਬੈਠਦਾ ਖੜ੍ਹਦਾ ਸੀ, ਉਸ ਸਰਦਾਰ ਨੇ ਸਭ ਦੇ ਸਾਹਮਣੇ ਫੌਜੀਆਂ ਅੱਗੇ ਹੱਥ ਜੋੜੇ, ਉਨ੍ਹਾਂ ਇਕ ਨਾ ਮੰਨੀ। ਅੰਤ ਸਾਨੂੰ ਲੈ ਗਏ। ਸਾਰਾ ਟੱਬਰ ਰੋ ਰਿਹਾ ਸੀ, ਅਸੀਂ ‘ਤੇ ਰੋਣਾ ਹੀ ਸੀ। ਅੰਮੀ ਤਾਂ ਟਰੱਕ ਵਿਚ ਬੈਠਦੀ ਬੇਹੋਸ਼ ਹੋ ਗਈ। ਰਾਹ ਵਿਚ ਫੌਜੀਆਂ ਨੇ ਅੰਮਾ ਨੂੰ ਦਵਾਈ ਲੈ ਕੇ ਦਿੱਤੀ।
ਪਤਾ ਨਹੀਂ ਕਿਥੇ ਕਿਥੇ ਅਸੀਂ ਪਾਕਿਸਤਾਨ ਵਿਚ ਆ ਰੁਲੇ। ਕਿਤੇ ਕੋਈ ਘਰ ਅਲਾਟ ਹੁੰਦਾ, ਕੁਝ ਦਿਨਾਂ ਪਿਛੋਂ ਪਤਾ ਲੱਗਦਾ ਕਿ ਇਹ ਕਿਸੇ ਹੋਰ ਨੂੰ ਅਲਾਟ ਹੋ ਚੁਕਾ ਹੈ।
ਵੱਡੇ ਵੀਰ ਦਾ ਇਕ ਦੋਸਤ ਮੁਸਲਮਾਨ ਵੀ ਪਾਕਿਸਤਾਨ ਵਿਚ ਵੱਡਾ ਅਫਸਰ ਸੀ। ਉਸ ਨੂੰ ਵੀਰ ਨੇ ਕਿਹਾ ਕਿ ਉਹ ਭਾਲ ਕਰੇ, ਅਸੀਂ ਕਿਥੇ ਹਾਂ ਤੇ ਸਾਡਾ ਚੰਗਾ ਵਸੇਬਾ ਕਰਾਵੇ। ਇਥੇ ਵੀ ਅਸੀਂ ਉਨ੍ਹਾਂ ਦੀ ਮਦਦ ਨਾਲ ਪੈਰਾਂ ‘ਤੇ ਖੜ੍ਹੇ ਹੋਏ।”
ਅੰਮਾ ਦੀ ਆਵਾਜ਼ ਹੁਣ ਬਹੁਤ ਹੌਲੀ ਹੋ ਗਈ। ਨਜ਼ਮਾ ਕੋਲ ਬੈਠ ਕੇ ਬੋਲੀ, “ਮੈਨੂੰ ਸਾਰੀ ਕਹਾਣੀ ਯਾਦ ਹੈ।” ਉਹ ਅੰਮਾ ਨੂੰ ਇਸ ਤਰ੍ਹਾਂ ਥਪਥਪਾਉਣ ਲੱਗੀ, ਜਿਵੇਂ ਬੱਚੇ ਨੂੰ ਮਾਂ ਸੁਲਾ ਰਹੀ ਹੋਵੇ। ਅੰਮਾ ਹੁਣ ਬੁੜ-ਬੁੜਾ ਰਹੀ ਸੀ। ਨਜ਼ਮਾ ਲੋਰੀ ਵਾਂਗ ਬੋਲ ਰਹੀ ਸੀ, “ਫਿਰ ਅੰਮਾ ਦਾ ਵਿਆਹ ਹੋ ਗਿਆ। ਅੰਮਾ ਦੇ ਘਰ ਨਜ਼ਮਾ ਬਹੂ ਆ ਗਈ। ਪੋਤੇ ਦੇ ਬੱਚੇ ਹੋਏ। ਬੜੀ ਅੰਮਾ ਬਹੁਤ ਪਿਆਰ ਕਰਦੀ ਹੈ। ਬੱਚੇ ਬੜੀ ਅੰਮਾ ਨੂੰ ਪਿਆਰ ਕਰਦੇ ਹਨ। ਸਾਡੀ ਬੜੀ ਅੰਮਾ ਥੱਕ ਗਈ ਹੈ। ਸੌਂ ਜਾਵੇ।” ਖੁਸ਼ੀਏ ਨੇ ਨਜ਼ਮਾ ਨੂੰ ਇਸ਼ਾਰਾ ਕੀਤਾ ਕਿ ਉਹ ਚੁੱਪ ਕਰ ਜਾਵੇ, ਅੰਮਾ ਸੌਂ ਗਈ।
ਉਹ ਦੋਵੇਂ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਬਾਹਰ ਆ ਗਏ। ਅੱਧੇ ਘੰਟੇ ਬਾਅਦ ਖੁਸ਼ੀਏ ਨੇ ਹੌਲੀ ਜਿਹੇ ਦਰਵਾਜ਼ਾ ਖੋਲ੍ਹਿਆ, ਦੇਖਿਆ ਕਿ ਅੰਮਾ ਦੀ ਖੱਬੀ ਬਾਂਹ ਥੱਲੇ ਲਟਕਦੀ ਹੈ ਤੇ ਉਸ ਦਾ ਮੂੰਹ ਖੁੱਲ੍ਹਾ ਹੈ। ਉਹ ਨੇੜੇ ਹੋ ਕੇ ਬਾਂਹ ਚੁੱਕ ਕੇ ਰੱਖਣ ਲੱਗਾ, ਉਸ ਨੇ ਦੇਖਿਆ, ਅੰਮਾ ਸਾਹ ਨਹੀਂ ਲੈ ਰਹੀ। ਮੂੰਹ ਅੱਗੇ ਹੱਥ ਕੀਤਾ। ਨਹੀਂ, ਅੰਮਾ ਸਾਹ ਨਹੀਂ ਲੈ ਰਹੀ। ਉਸ ਨੇ ਨਜ਼ਮਾ ਨੂੰ ਉਚੀ ਆਵਾਜ਼ ਮਾਰੀ, “ਅੰਮੀ ਨੂੰ ਕੁਝ ਹੋ ਗਿਆ।” ਸੁਲਤਾਨਾ ਨੂੰ ਵੀ ਸੁਣ ਪਈ। ਦੋਵੇਂ ਆ ਗਈਆਂ।
ਨਜ਼ਮਾ ਨੇ ਅੰਮੀ ਨੂੰ ਹਿਲਾ ਕੇ ਉਚੀ-ਉਚੀ ਆਵਾਜ਼ਾਂ ਮਾਰੀਆਂ ਪਰ ਅੰਮਾ ਨਾ ਬੋਲੀ। ਸੁਲਤਾਨਾ ਨੇ ਅੰਮਾ ਦੀਆਂ ਅੱਖਾਂ ਅਤੇ ਮੂੰਹ ਬੰਦ ਕੀਤਾ। ਆਪਣੇ ਹੱਥ ਅੱਲ੍ਹਾ ਅੱਗੇ ਦੁਆ ਕਰਨ ਲਈ ਚੁੱਕੇ। ਦੋ ਮਿੰਟ ਮਗਰੋਂ ਨਜ਼ਮਾ ਨੂੰ ਆਪਣੇ ਗਲ ਲਾ ਕੇ ਬੋਲੀ, “ਨਜ਼ਮਾ ਭੈਣੇ, ਅੰਮਾ ਦੀ ਕਹਾਣੀ ਪੂਰੀ ਹੋ ਗਈ। ਭੌਰ ਉਡ ਗਿਆ।”