ਜ਼ਮਾਨਾ ਬਦਲ ਗਿਆ …

ਬਲਜੀਤ ਬਾਸੀ
ਉਂਜ ਤਾਂ ਅਸੀਂ ਹਮੇਸ਼ਾ ਨਵੇਂ ਜ਼ਮਾਨੇ ਵਿਚ ਦੀ ਹੀ ਗੁਜ਼ਰਦੇ ਹਾਂ ਪਰ ਦੇਸ਼ ਦੀ ਆਜ਼ਾਦੀ ਦੀ ਲਹਿਰ ਦੌਰਾਨ ਇਸ ਦੀ ਖੂਬ ਚਰਚਾ ਹੋਣ ਲੱਗੀ ਸੀ। ਰਾਜਸੀ ਆਜ਼ਾਦੀ ਨੂੰ ਨਵੇਂ ਜ਼ਮਾਨੇ ਦੇ ਆਗਾਜ਼ ਵਜੋਂ ਚਿਤਵਿਆ ਜਾ ਰਿਹਾ ਸੀ। ਜ਼ਮਾਨੇ ਵਿਚ ਪ੍ਰਗਤੀ ਦੀ ਤਾਂਘ ਸੀ-ਰਾਜਸੀ ਚੇਤਨਾ ਵਿਚ, ਤੌਰ-ਤਰੀਕਿਆਂ ਵਿਚ, ਵਰਤੋਂ ਵਿਹਾਰ ਵਿਚ ਨਵੇਂ ਜ਼ਮਾਨੇ ਦੀ ਰੱਟ ਲੱਗਿਆ ਕਰਦੀ ਸੀ। ਠੰਡੇ ਜਿਹੇ ਯੁੱਗ ਦੇ ਮੁਕਾਬਲੇ ਜ਼ਮਾਨਾ ਇੱਕ ਗਰਮਾ ਗਰਮ ਸ਼ਬਦ ਮਲੂਮ ਹੁੰਦਾ ਸੀ।

ਇੰਜ ਲਗਦਾ ਸੀ ਜਿਵੇਂ ਯੁੱਗ ਬੀਤੇ ਸਮੇਂ ਦੇ ਹੁੰਦੇ ਸਨ ਤੇ ਜ਼ਮਾਨਾ ਭਵਿਖਮੁਖੀ ਹੈ। ਪਰ ਹੁਣ ‘ਉਲਟੇ ਹੋਰ ਜ਼ਮਾਨੇ ਆਏ’ ਹਨ, ਜ਼ਮਾਨੇ ਦਾ ਜ਼ਮਾਨਾ ਬੀਤ ਗਿਆ ਹੈ ਅਤੇ ਕਦੋਂ ਦਾ ‘ਯੁੱਗ’ ਸ਼ੁਰੂ ਹੋ ਚੁਕਾ ਹੈ। ਆਜ਼ਾਦੀ ਪਿਛੋਂ ਭਾਰਤੀ ਭਾਸ਼ਾਵਾਂ ਨੇ ਨਵੇਂ ਸ਼ਬਦਾਂ ਲਈ ਸੰਸਕ੍ਰਿਤ ਵੱਲ ਮੂੰਹ ਕਰ ਲਿਆ। ਸੋ ਜ਼ਮਾਨਾ ਸ਼ਬਦ ਦੀ ਥਾਂ ਯੁੱਗ/ਜੁੱਗ ਵਧੇਰੇ ਪ੍ਰਚਲਿਤ ਕੀਤਾ ਜਾਣ ਲੱਗਾ, ਹਾਲਾਂ ਕਿ ਜ਼ਮਾਨੇ ਤੋਂ ਪਹਿਲਾਂ ਯੁੱਗ ਹੀ ਚਲਦਾ ਸੀ। ਗੁਰੂ ਗ੍ਰੰਥ ਸਾਹਿਬ ਵਿਚ ਜੁੱਗ ਤੇ ਇਸ ਦੇ ਰੁਪਾਂਤਰਾਂ ਦੀ ਢੇਰ ਵਰਤੋਂ ਮਿਲਦੀ ਹੈ ਪਰ ਜ਼ਮਾਨੇ ਦੀ ਭਿਣਕ ਨਹੀਂ।
ਐਪਰ ਆਮ ਬੋਲਚਾਲ ਵਿਚ ਜ਼ਮਾਨਾ ਸ਼ਬਦ ਖੂਬ ਰਚਮਿਚ ਚੁਕਾ ਹੈ। ਇਕ ਮਸ਼ਹੂਰ ਗੀਤ ਰਿਹਾ ਹੈ, ‘ਜ਼ਮਾਨਾ ਬਦਲ ਗਿਆ, ਤੂੰ ਨਾ ਬਦਲਿਓਂ ਜੱਟਾ।’ ਪੰਜਾਬੀ ਵਿਚ ਜ਼ਮਾਨਾ ਸ਼ਬਦ ਇਨ੍ਹਾਂ ਅਰਥਾਂ ਵਿਚ ਵਰਤਿਆ ਜਾਂਦਾ ਹੈ: ਯੁੱਗ, ਮੁਦਤ, ਦੌਰ, ਵੇਲਾ, ਅਰਸਾ; ਮਾਹੌਲ, ਰਸਮੋ ਰਿਵਾਜ, ਪ੍ਰਚਲਨ; ਲੋਕਾਚਾਰ, ਦੁਨੀਆਂ, ਜੱਗ ਜਹਾਨ। ਦਿਲਚਸਪ ਗੱਲ ਹੈ ਕਿ ਯੁੱਗ ਦੇ ਅਰਥ ਵਾਲਾ ਸ਼ਬਦ ਦੁਨੀਆਂ ਦਾ ਅਰਥਾਵਾਂ ਵੀ ਬਣ ਗਿਆ ਹੈ। ਮਾਨੋ ਸਮਾਂ ਤੇ ਪੁਲਾੜ ਇੱਕ-ਮਿੱਕ ਹੋ ਗਏ ਹਨ। ਉਂਜ ਅਜਿਹੇ ਅਰਥ ਇਕ ਸੀਮਿਤ ਸੰਦਰਭ ਵਿਚ ਹੀ ਵਰਤੇ ਜਾ ਸਕਦੇ ਹਨ। ਹਿੰਦੀ ਗੀਤ ਹੈ, ‘ਜ਼ਮਾਨੇ ਸੇ ਕਹੋ, ਅਕੇਲੇ ਨਹੀਂ ਹਮ।’ ਜ਼ਮਾਨਾ ਦੇਖੋ ਦਾ ਭਾਵ ਹੈ, ‘ਦੁਨੀਆਂਦਾਰੀ ਦਾ ਅਨੁਭਵ ਕਰੋ।’ ਕਿਸੇ ਨੇ ਕਿਹਾ ਹੈ, ‘ਇਸ਼ਕ ਬਿਨਾ ਲੋਕੋ ਕਿਆ ਖਾਕ ਜ਼ਮਾਨਾ ਹੈ।’ ਸ਼ਿਵ ਕੁਮਾਰ ਬਟਾਲਵੀ ਨੇ ਵੀ ਇਸ ਸ਼ਬਦ ਦੀ ਦੁਨੀਆਂ ਜਾਂ ਲੋਕਾਈ ਦੇ ਅਰਥਾਂ ਵਿਚ ਵਰਤੋਂ ਕੀਤੀ ਹੈ,
ਦੁਨੀਆਂ ਦੇ ਆਸ਼ਕਾਂ ਨੂੰ ਵੀ
ਉਤਰ ਜੇ ਤੂੰ ਨਾ ਮੋੜਿਆ,
ਤਾਂ ਦੋਸ਼ ਮੇਰੀ ਮੌਤ ਦਾ
ਤੇਰੇ ਸਿਰ ਜ਼ਮਾਨਾ ਮੜ੍ਹੇਗਾ।
ਤੇ ਜੱਗ ਮੇਰੀ ਮੌਤ ਦਾ
ਸੋਗੀ ਸੁਨੇਹਾ ਪੜ੍ਹੇਗਾ।
ਜਦ ਦੁਨੀਆਂ ਨਿੱਤ ਨਵੀਆਂ ਉਲਟੀਆਂ-ਸਿੱਧੀਆਂ ਕਰਨ ਲਗਦੀ ਹੈ ਤਾਂ ਜ਼ਮਾਨੇ ਨੂੰ ਅੱਗ ਵੀ ਲੱਗ ਜਾਂਦੀ ਹੈ। ਬੁਲ੍ਹੇ ਸ਼ਾਹ ਜਿਹਾ ਸੂਫੀ ਕਵੀ ਨਵੇਂ ਜ਼ਮਾਨੇ ਦੀ ਹਨੇਰ-ਗਰਦੀ (ਦਰਅਸਲ ਯੁਗਗਰਦੀ) ‘ਤੇ ਸ਼ੋਕ ਮਨਾਉਣ ਲਗਦਾ ਹੈ,
ਕਾਂ ਲਗੜ ਨੂੰ ਮਾਰਨ ਲੱਗੇ
ਚਿੜੀਆਂ ਜੱਰੇ ਢਾਏ।
ਉਲਟੇ ਹੋਰ ਜ਼ਮਾਨੇ ਆਏ।
ਘੋੜੀ ਚੁਗਣ ਅਰੂੜਿਆਂ ਉਤੇ
ਗੱਦੂ ਖੁਦ ਪਵਾਏ।
ਉਲਟੇ ਹੋਰ ਜ਼ਮਾਨੇ ਆਏ।
ਭੂਰੀਆਂ ਵਾਲੇ ਰਾਜੇ ਕੀਤੇ
ਰਾਜਿਆਂ ਭੀਖ ਮੰਗਾਏ
ਉਲਟੇ ਹੋਰ ਜ਼ਮਾਨੇ ਆਏ।
ਵਾਰਸ ਸ਼ਾਹ ਵੀ ਜ਼ਮਾਨੇ ਤੋਂ ਦੁਖੀ ਹੈ,
ਸਾਢੇ ਤਿੰਨ ਮਣ ਦਿਹ ਮੈਂ ਫਿਦਾ ਕੀਤੀ
ਅੰਤ ਹੋਈ ਹੈ ਤੋਲਿਆਂ ਮਾਸਿਆਂ ‘ਤੇ।
ਸ਼ਸ਼ ਪੰਜ ਬਾਰਾਂ ਦਸਾਂ ਤਿੰਨ ਕਾਣੇ
ਲਿਖੇ ਏਸ ਜ਼ਮਾਨੇ ਦੇ ਪਾਸਿਆਂ ‘ਤੇ।
ਵਾਰਸ ਸ਼ਾਹ ਵਸਾਹ ਕੀ ਜ਼ਿੰਦਗੀ ਦਾ
ਸਾਡੀ ਉਮਰ ਹੈ ਨਕਸ਼ ਪਤਾਸਿਆਂ ‘ਤੇ।
ਪਰ ‘ਸੱਸੀ’ ਵਿਚ ਹਾਸ਼ਮ ਜ਼ਮਾਨੇ ਤੋਂ ਖੁਸ਼ ਹੈ,
ਸੱਸੀ ਜੁਮਲ ਜਹਾਨ ਹੋਈ ਖੁਸ਼ਹਾਲੀ
ਫਿਰਿਆ ਨੇਕ ਜ਼ਮਾਨਾ।
ਨੌਬਤ ਨਾਚ ਸ਼ੁਮਾਰ ਨਾ ਕੋਈ
ਧਰੁਪਦ ਤਾਲ ਤਰਾਨਾ।
ਹਾਸ਼ਮ ਖੈਰ ਕੀਤਾ ਫੁਕਰਾਵਾਂ
ਮਿਲਕ ਮੁਆਸ਼ ਖਜ਼ਾਨਾ।
ਕਰ ਸਿਰ ਵਾਰ ਸੁੱਟਣ ਜ਼ਰ ਮੋਤੀ
ਲਾਲ ਜਵਾਹਰ ਖਾਨਾ।
ਜ਼ਮਾਨਾ ਸ਼ਬਦ ਪੰਜਾਬੀ ਵਿਚ ਫਾਰਸੀ ਰਾਹੀਂ ਹੀ ਆਇਆ ਹੈ ਅਤੇ ਇਸ ਜ਼ਬਾਨ ਵਿਚ ਇਸ ਦਾ ਰੂਪ ਜ਼ਮਾਨ ਵੀ ਹੈ ਤੇ ਜ਼ਮਾਨਾ ਵੀ। ਫਾਰਸੀ ਵਿਚ ਇਸ ਸ਼ਬਦ ਦੇ ਮੋਟੇ ਮੋਟੇ ਅਰਥ ਦੇਖੀਏ: ਸਮਾਂ, ਵੇਲਾ, ਯੁੱਗ; ਅਰਸਾ ਰੁੱਤ, ਮੌਸਮ; ਦੁਨੀਆਂ; ਜਹਾਨ; ਕਿਸਮਤ, ਚਾਂਸ, ਮੌਕਾ। ਫਾਰਸੀ ਵਿਆਕਰਣ ਵਿਚ ਜ਼ਮਾਨ ਸ਼ਬਦ ਕਾਲ ਨੂੰ ਵੀ ਆਖਦੇ ਹਨ। ਸਪੱਸ਼ਟ ਹੈ ਕਿ ਰੁੱਤ ਵੀ ਸਮੇਂ ਦਾ ਹੀ ਇੱਕ ਨਿਸਚਿਤ ਸਮਾਂ ਜਾਂ ਅਰਸਾ ਹੈ। ਅਸੀਂ ਪੰਜਾਬੀ ਵਿਚ ਵੀ ਆਖ ਦਿੰਦੇ ਹਾਂ, ‘ਫਸਲ ਵੱਢਣ ਦਾ ਵੇਲਾ ਹੋ ਗਿਆ ਹੈ।’ ਇਸੇ ਤਰ੍ਹਾਂ ਕਿਸਮਤ ਦੇ ਅਰਥਾਂ ਵਿਚ ਸਮੇਂ ਦਾ ਦਖਲ ਹੈ, ਕਿਸਮਤ ਸਮੇਂ ਦਾ ਗੇੜ ਹੀ ਤਾਂ ਹੈ। ਚੰਗੇ ਸਮੇਂ, ਮਾੜੇ ਸਮੇਂ ਆਦਿ ਕਿਸਮਤ ਦੇ ਦੌਰ ਹੀ ਹਨ। ਪਿਛੇ ਕਥਿਤ ਵਾਰਸ ਸ਼ਾਹ ਦੇ ਬੰਦ ਵਿਚ ‘ਜ਼ਮਾਨੇ’ ਸ਼ਬਦ ਕਿਸਮਤ ਦੇ ਅਰਥਾਂ ਵਿਚ ਪ੍ਰਤੀਤ ਹੁੰਦਾ ਹੈ।
ਗੌਰਤਲਬ ਹੈ ਕਿ ਜ਼ਮਾਨਾ ਆਮ ਤੌਰ ‘ਤੇ ਇੱਕ ਲੰਬੇ ਸਮੇਂ ਦਾ ਵਕਫਾ ਹੈ, ਸਮੇਂ ਦਾ ਇੱਕ ਬਿੰਦੂ ਨਹੀਂ ਅਰਥਾਤ ਅਸੀਂ ਇਹ ਨਹੀਂ ਕਹਿ ਸਕਦੇ, ‘ਬਾਰਾਂ ਵਜੇ ਦਾ ਜ਼ਮਾਨਾ ਹੋ ਗਿਆ।’ ਫਾਰਸੀ ਵਿਚ ਇਸ ਲਈ ‘ਸਾਇਤ’ ਸ਼ਬਦ ਚਲਦਾ ਹੈ। ਫਾਰਸੀ ਵਿਚ ਇਸ ਸ਼ਬਦ ਤੋਂ ਬਣੇ ਕੁਝ ਹੋਰ ਸ਼ਬਦ ਹਨ, ਜ਼ਮਾਨਾਸਾਜ਼= ਮੌਕਾਪ੍ਰਸਤ; ਜ਼ਮਾਨ ਸੈਰ= ਤਿੱਖੀ ਚਾਲ; ਪਾਦਸ਼ਾਹੀ ਜ਼ਮਾਨ= ਦੁਨੀਆਂ ਦਾ ਬਾਦਸ਼ਾਹ (ਗੁਰੂ ਗੋਬਿੰਦ ਸਿੰਘ ਨੂੰ ‘ਬਾਦਸ਼ਾਹ ਜਹਾਨ ਦਾ’ ਕਿਹਾ ਗਿਆ ਹੈ); ਜ਼ਮਾਨਾ ਮੁਆਫਿਕ= ਐਨ ਸਮੇਂ ਸਿਰ ਦਾ। ਜ਼ਮਾਨੀ ਦਾ ਮਾਅਨਾ ਹੈ: ਦੁਨਿਆਵੀ, ਥੋੜ੍ਹਚਿਰਾ, ਕੱਚਾ ਆਦਿ। ਜ਼ਮਾਨਤ (ਕਚਹਿਰੀ ਵਾਲੀ ਨਹੀਂ) ਦਾ ਅਰਥ ਹੈ ਹੰਭੇਵਾਂ। ਜ਼ਮਾਨੇਸਾਜ਼ ਤਾਂ ਪੰਜਾਬ ਵਿਚ ਵੀ ਹੁੰਦੇ ਹਨ।
ਬਹੁਤੇ ਕੋਸ਼ਾਂ ਵਿਚ ਇਹੀ ਦਰਜ ਹੈ ਕਿ ਜ਼ਮਾਨਾ ਸ਼ਬਦ ਫਾਰਸੀ ਵਿਚ ਅਰਬੀ ਵਲੋਂ ਆਇਆ ਹੈ। ਇਹ ਗੱਲ ਸਮਝਣ ਲਈ ਸਾਨੂੰ ਇਸ ਸ਼ਬਦ ਦੇ ਅਰਬੀ ਪਸਾਰੇ ਵੱਲ ਵੀ ਝਾਤ ਮਾਰਨੀ ਚਾਹੀਦੀ ਹੈ। ਅਰਬੀ ਵਿਚ ਇਸ ਸ਼ਬਦ ਦਾ ਢੇਰ ਸਾਰਾ ਕੋੜਮਾ ਹੈ। ਫਾਰਸੀ ਵਾਲੇ ਸਾਰੇ ਅਰਥਾਂ ਤੋਂ ਬਿਨਾ ਅਰਬੀ ਵਿਚ ਕੁਝ ਹੋਰ ਵੱਖਰੇ ਮਾਅਨੇ ਵੀ ਹਨ। ਅਰਬੀ ਜ਼ਮਾਨ ਵਿਚ ਮੁੱਦਤ (ਬੀਤੇ ਸਮੇਂ) ਦਾ ਭਾਵ ਹੈ, ‘ਹਿਕਾਯਤ ਜ਼ਮਾਨ’ ਮਤਲਬ ਬੀਤੇ ਦੀਆਂ ਕਹਾਣੀਆਂ; ਜ਼ਮਾਨਹ ਕਹਿੰਦੇ ਹਨ ਲੰਬੀ ਜਾਂ ਹੀਂਗੇ ਪਈ ਬੀਮਾਰੀ ਨੂੰ; ਮਿਜ਼ਮਾਨ ਹੈ ਸਮਾਂ-ਮਾਪਕ ਜੰਤਰ; ਤਜ਼ਾਮੁਨ ਦਾ ਮਤਲਬ ਹੈ-ਸਮਕਾਲ, ਸਹਿਹੋਂਦ; ਮੁਜ਼ਮਿਨ ਦਾ ਮਤਲਬ ਹੈ-ਚਿਰਕਾਲੀ, ਤਗਣ ਵਾਲਾ, ਢੇਰ ਪੁਰਾਣਾ, ਹੰਢਿਆ-ਵਰਤਿਆ ਅਤੇ ਮੁਤਜ਼ਾਮਿਨ ਦਾ ਮਤਲਬ ਹੈ-ਸਮਕਾਲੀ, ਨਾਲ ਚੱਲਣ ਵਾਲਾ। ਹੋਰ ਸਾਮੀ ਭਾਸ਼ਾਵਾਂ ਵਿਚ ਵੀ ਇਹ ਸ਼ਬਦ ਤੇ ਇਸ ਤੋਂ ਹੋਰ ਵਿਉਤਪਤ ਸ਼ਬਦਾਂ ਦੀ ਢੇਰ ਸਾਰੀ ਵਰਤੋਂ ਮਿਲਦੀ ਹੈ। ਮਿਸਾਲ ਵਜੋਂ ਹਿਬਰੂ ਵਿਚ ਵੀ ਜ਼ਮਨ ਦਾ ਅਰਥ ਸਮਾਂ ਹੀ ਹੈ। ਮਿਜ਼ਮਨ ਦਾ ਅਰਥ ਹੈ-ਬਹੁਤ ਪਹਿਲਾਂ; ਲੇਜ਼ਾਮਨ ਦਾ ਅਰਥ ਹੈ-ਸੱਦਣਾ, ਬੁਲਾਉਣਾ; ਮਜ਼ੂਮਨ ਹੈ ਰਕਮ ਜਾਂ ਰੋਕੜਾ ਤਾਰਨਾ, ਨਕਦ ਲੈਣਾ; ਲੇਹਜ਼ਦੇਮਨ ਹੈ-ਅਚਾਨਕ ਪਹੁੰਚ ਜਾਣਾ (ਏਥੇ ਅਚਾਨਕ ਆਉਣ ਤੋਂ ਭਾਵ ਹੈ, ਆਉਣ ਦਾ ਸਬੱਬ ਬਣਨਾ) ਲੇਹਜ਼ਮਨ ਦਾ ਮਤਲਬ ਹੈ (ਕਿਸੇ ਨਿਯਤ ਸਮੇਂ ‘ਤੇ) ਸੱਦਣਾ, ਬੁੱਕ ਕਰਾਉਣਾ।
ਹਿਬਰੂ ਵਿਚ ਜ਼ਮਨ ਸ਼ਬਦ ਨਿਯਤ ਸਮਾਂ ਜਾਂ ਉਚਿਤ ਸਮੇਂ ਦਾ ਭਾਵ ਦਿੰਦਾ ਹੈ। ਯਹੂਦੀ ਧਰਮ-ਸ਼ਾਸਤਰ ਅਨੁਸਾਰ ਹਰ ਕੰਮ ਲਈ ਨਿਯਤ ਸਮਾਂ ਹੈ ਜਿਸ ਨੂੰ ਠੀਕ ਜਾਂ ਉਚਿਤ ਮੰਨਿਆ ਗਿਆ ਹੈ। ਕਿਸੇ ਨੂੰ ਬੁਲਾਉਣ ਜਾਂ ਸੱਦਾ ਦੇਣ ਦੇ ਅਰਥਾਂ ਵਾਲੇ ਲੇਹਜ਼ਮਨ ਤੋਂ ਭਾਵ ਹੈ-ਕਿਸੇ ਨਿਯਤ ਸਮੇਂ ‘ਤੇ ਪਹੁੰਚਣਾ। ਕੁਝ ਇਸ ਤਰ੍ਹਾਂ ਜਿਵੇਂ ਅੰਗਰੇਜ਼ੀ ਡੇਟ ਵਿਚ ਮੁੰਡੇ-ਕੁੜੀ ਦਾ ਮਿਲਣਾ। ਰੋਕੜਾ ਜਾਂ ਨਕਦ ਰਾਸ਼ੀ ਦੇ ਭੁਗਤਾਨ ਵਿਚ ਸਮੇਂ ਸਿਰ ਤਿਆਰ ਹੋਣ ਦਾ ਭਾਵ ਹੈ। ਅਰਥ ਵਿਕਾਸ ਕੁਝ ਇਸ ਤਰ੍ਹਾਂ ਹੋਇਆ ਹੋਵੇਗਾ-ਨਿਯਤ ਕੀਤਾ> ਤਿਆਰ ਕੀਤਾ> ਤਿਆਰ> ਨਕਦ, ਰੋਕੜਾ ਆਦਿ। ਜ਼ਮਾਨ ਦਾ ਬਹੁਵਚਨ ਹੈ, ਅਜ਼ਮਾਨ।
ਇਸ ਤਰ੍ਹਾਂ ਜ਼ਮਾਨਾ ਸ਼ਬਦ ਸਾਮੀ ਭਾਸ਼ਾਵਾਂ ਵਿਚ ਖੂਬ ਧੱਸਿਆ ਹੋਇਆ ਮਲੂਮ ਹੁੰਦਾ ਹੈ। ਪਰ ਕੁਝ ਵਿਦਵਾਨਾਂ ਨੇ ਇਸ ਨੂੰ ਮੁਢਲੇ ਤੌਰ ‘ਤੇ ਫਾਰਸੀ ਦਾ ਸ਼ਬਦ ਹੀ ਦਰਸਾਇਆ ਹੈ ਜੋ ਸ਼ਾਇਦ ਅਰਬੀ ਤੇ ਹੋਰ ਸਾਮੀ ਭਾਸ਼ਾਵਾਂ ਵਿਚ ਜਾ ਕੇ ਖੂਬ ਪ੍ਰਫੁਲਤ ਹੋਇਆ। ਸਾਮੀ ਲੋਕਾਂ ਨੇ ਇਸ ਤੋਂ ‘ਜ਼ ਮ ਨ’ ਜਿਹਾ ਧਾਤੂ ਵੀ ਖਿੱਚ ਲਿਆ ਤੇ ਹੋਰ ਵਧੇਤਰ ਲਾ ਕੇ ਕਈ ਸ਼ਬਦ ਬਣਾ ਲਏ ਗਏ। ਅਰਬੀ ਭਾਸ਼ਾ ਵਿਚ ਹੋਰ ਭਾਸ਼ਾਵਾਂ ਤੋਂ ਆਏ ਸ਼ਬਦਾਂ ਤੋਂ ਕਦੇ ਕਦਾਈਂ ਇਸ ਤਰ੍ਹਾਂ ਧਾਤੂ ਬਣਾ ਲਏ ਜਾਂਦੇ ਹਨ ਜਿਵੇਂ ਗਰੀਕ ਫਿਲੋਸੋਫੋਸ ਤੋਂ ਅਰਬੀ ਫੈਲਸੁਫ, ਫਲਾਸਿਫਾਂ, ਫਲਸਫਾ ਅਤੇ ਤਫਲਸਫਾ। ਫਾਰਸੀ ਅੰਦਾਜ਼ਹ ਤੋਂ ਅਰਬੀ ਵਿਚ ਹਿੰਦਸਹ ਤੇ ਹੋਰ ਅੱਗੇ ਮੋਹੰਦਸ ਸ਼ਬਦ ਬਣੇ ਹਨ। ਕਰੀਬ ਢਾਈ ਹਜ਼ਾਰ ਸਾਲ ਪੁਰਾਣੀ ਫਾਰਸੀ ਵਿਚ ਜ਼ਰਵਨ, ਜ਼ਰਵਾਨਾ ਜਿਹੇ ਸ਼ਬਦ ਮਿਲਦੇ ਹਨ, ਜਿਨ੍ਹਾਂ ਵਿਚ ਸਮਾਂ, ਯੁੱਗ, ਅਰਸਾ ਆਦਿ ਦੇ ਭਾਵ ਮਿਲਦੇ ਹਨ। ਕੁਝ ਵਿਦਵਾਨਾਂ ਦਾ ਮੱਤ ਹੈ ਕਿ ਇਹ ਫਾਰਸੀ ਸ਼ਬਦ ‘ਦਮ’ ਨਾਲ ਸਬੰਧਤ ਹੈ, ਜਿਸ ਵਿਚ ਸਾਹ ਦੇ ਨਾਲ ਨਾਲ ਪਲ, ਛਿਣ ਦੇ ਭਾਵ ਹਨ ਤੇ ਇਸ ਦਾ ਸਾਕ ਸੰਸਕ੍ਰਿਤ ਨਾਲ ਵੀ ਹੈ। ਵਿਚਾਰ ਹੈ ਕਿ ਇਹ ਪੁਰਾਣਾ ਫਾਰਸੀ ਦਾ ਸ਼ਬਦ ਸਾਮੀ ਭਾਸ਼ਾ ਅਰਮਾਇਕ ਵਿਚ ਗਿਆ, ਉਥੋਂ ਹਿਬਰੂ ਵਿਚ ਤੇ ਫਿਰ ਅਰਬੀ ਤੇ ਇਥੋਪਿਕ ਜਿਹੀਆਂ ਭਾਸ਼ਾਵਾਂ ਵਿਚ ਗਿਆ।
ਪਾਰਸੀਆਂ ਦੇ ਧਰਮ ਗ੍ਰੰਥ ਅਵੇਸਤਾ ਵਿਚ ਵੀ ਇਹ ਸ਼ਬਦ ਮਿਲਦਾ ਹੈ। ਇਰਾਨ ਦੇ ਭਾਸ਼ਾ-ਵਿਗਿਆਨੀਆਂ ਦਾ ਵਿਚਾਰ ਹੈ ਕਿ ਜ਼ਮਾਨ ਸ਼ਬਦ ਅਰਬੀ ਤੋਂ ਫਾਰਸੀ ਵਿਚ ਆਇਆ ਪਰ ਅਰਬੀ ਵਿਚ ਇਹ ਫਾਰਸੀ ਦੇ ‘ਦਮਨ’ ਵਜੋਂ ਦਾਖਲ ਹੋਇਆ। ਅਵੇਸਤਾ ਜ਼ਰੂਅਨ ਤੋਂ ਇਸ ਦਾ ਵਿਕਾਸ ਕੁਝ ਇਸ ਤਰ੍ਹਾਂ ਕਿਆਸਿਆ ਗਿਆ ਹੈ: ਜ਼ਰੂਅਨ> ਜ਼ਵਨ> ਜ਼ਬਨ> ਜ਼ਮਨ। ਵਿਦਵਾਨਾਂ ਨੇ ਬਹੁਤ ਸਾਰੇ ਤੱਥ ਸਾਹਮਣੇ ਲਿਆਂਦੇ ਹਨ ਜਿਨ੍ਹਾਂ ਤੋਂ ਇਹ ਭੰਬਲਭੂਸਾ ਪੈਂਦਾ ਹੈ ਕਿ ਜ਼ਮਾਨਾ ਸ਼ਬਦ ਦਾ ਪਿਛੋਕੜ ਪੁਰਾਣੀ ਫਾਰਸੀ ਜਾਂ ਅਵੇਸਤਾ ਹੈ। ਸ਼ਬਦਾਂ ਦੀ ਥਾਹ ਪਾਉਣ ਲਈ ਕਈ ਵਾਰੀ ਬਹੁਤ ਦੂਰ ਤੱਕ ਜਾਣਾ ਮੁਮਕਿਨ ਨਹੀਂ ਹੁੰਦਾ ਕਿਉਂਕਿ ਪੁਰਾਣੇ ਲਿਖਤੀ ਰਿਕਾਰਡ ਨਹੀਂ ਮਿਲਦੇ।