ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਅੱਥਰੂਆਂ ਯਾਨਿ ਹੰਝੂਆਂ ਦੀ ਤਾਸੀਰ ਬਿਆਨੀ ਸੀ, “ਅੱਥਰੂ, ਖਾਰਾ ਪਾਣੀ, ਅੱਖਾਂ ਨੂੰ ਧੋਂਦਾ, ਨੈਣ-ਜੂਹ ਵਿਚ ਤਰਲਤਾ ਧਰਦਾ ਅਤੇ ਇਸ ਵਿਚੋਂ ਮੂਕ ਨਕਸ਼ਾਂ ਦੀ ਨਿਸ਼ਾਨਦੇਹੀ ਕਰਦਾ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਨਿੱਘ ਦੀ ਗੱਲ ਕਰਦਿਆਂ ਜਿੱਥੇ ਕੁਦਰਤ ਦੇ ਨਿੱਘ ਦੀ ਗੱਲ ਕੀਤੀ ਹੈ, ਉਥੇ ਮਾਨਵੀ ਨਿੱਘ ਦਾ ਖੁਲਾਸਾ ਵੀ ਕੀਤਾ ਹੈ।
ਉਹ ਕਹਿੰਦੇ ਹਨ, “ਨਿੱਘ ਦੀ ਅਣਹੋਂਦ ਕਾਰਨ, ਝੀਲਾਂ ਬਰਫ ਹੋ ਜਾਂਦੀਆਂ ਅਤੇ ਦਰਿਆਵਾਂ ਦੇ ਪਾਣੀ ਜੰਮ ਕੇ, ਇਕ ਖੜੋਤ ਵਗਦੇ ਪਾਣੀਆਂ ਦੇ ਨਾਮ ਕਰਦੇ। ਮੌਸਮ ਬਦਲਦੇ, ਬਰਫ ਪਿਘਲ ਕੇ ਪਾਣੀਆਂ ਦੀ ਤਰਲਤਾ ਪਰਤਾਉਂਦੀ।…ਮਾਂ ਦੀ ਗੋਦ ਦੇ ਨਿੱਘ ਨਾਲ ਪਸੀਜੀ ਮਮਤਾ ਅਤੇ ਬਚਪਨ, ਇਕ ਨੂਰਾਨੀ ਦ੍ਰਿਸ਼, ਜੋ ਅੰਤਰੀਵ ਨੂੰ ਸ਼ਰਸ਼ਾਰ ਕਰਦਾ। ਬਾਪ ਦੇ ਨਿੱਘ ਵਿਚ ਪੋਹ-ਮਾਘ ਦੀਆਂ ਠਰੀਆਂ ਰਾਤਾਂ ਤੇ ਰਾਹਾਂ, ਨਿੱਕੇ ਨਿੱਕੇ ਪੈਰਾਂ ਲਈ ਰਾਹ-ਰਮਤਾ ਬਣਦੀਆਂ ਅਤੇ ਉਗਦੇ ਸੂਰਜ, ਬੱਚਿਆਂ ਦੇ ਮਸਤਕ ਵਿਚ ਅੰਗੜਾਈਆਂ ਲੈਂਦੇ।” -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਨਿੱਘ, ਤਪਸ਼-ਤਮੰਨਾ, ਕੋਸੇਪਣ ਦਾ ਅਹਿਸਾਸ, ਗਰਮੀ ਦੀ ਉਗਮਦੀ ਸਰਘੀ, ਸੂਰਜ ਦਾ ਊਦੈ ਹੋਣਾ ਅਤੇ ਧਰਤ ਵਿਹੜੇ ਕਿਰਨਾਂ ਦੀ ਸੂਹੀ ਬਾਰਸ਼।
ਨਿੱਘ ਦੀਆਂ ਕਣੀਆਂ, ਕੋਸੇ ਪਲਾਂ ਦਾ ਰੁਮਕਣਾ ਅਤੇ ਇਸ ਨਾਲ ਯੱਖ ਪਲਾਂ ਦੀ ਤਲੀ ‘ਤੇ ਕੋਸੀਆਂ-ਕੋਸੀਆਂ ਕੁਤਕੁਤਾਰੀਆਂ।
ਨਿੱਘ, ਨਵੀਆਂ ਧਰਾਤਲਾਂ ਦਾ ਧੁਰਾ, ਨਵੀ ਸਿਰਜਣਾ ਦਾ ਸੁਹਜ ਅਤੇ ਨਵੀਆਂ ਕਿਰਤ-ਕਾਮਨਾਵਾਂ ਵਿਚ ਉਗਦੀ ਕੀਰਤੀ।
ਨਿੱਘ ਦੀ ਨਰਮੀ, ਕੋਮਲ ਹਿਰਦਿਆਂ ਦੀ ਰੂਹ, ਮਾਸੂਮ ਚਿਹਰਿਆਂ ਦੀ ਚੰਗੇਰ, ਸੱਚੀਆਂ ਸੋਚਾਂ ਦੀ ਸੰਵੇਦਨਾ ਅਤੇ ਸੁੱਚੇ ਸੁਪਨਿਆਂ ਪ੍ਰਤੀ ਸਮਰਪਣ।
ਨਿੱਘ ਦਾ ਨਿਉਂਦਾ, ਸੂੰਨ ਹੋਏ ਬੋੜੇ ਦਰਾਂ ਲਈ ਦਸਤਕ, ਘਰ ਦੀ ਖਾਮੋਸ਼ ਫਿਜ਼ਾ ‘ਚ ਗੱਲਬਾਤ ਦੀ ਗੂੰਜ, ਜਿਸ ਦਾ ਨਿੱਘ ਘਰ ਦੀਆਂ ਕੰਧਾਂ ਲਈ ਧੜਕਣ।
ਨਿੱਘ ਦਾ ਨਗਮਾ ਜਦ ਤਾਲੇ ਲੱਗੇ ਹੋਠਾਂ ਦੀ ਜੂਹ ‘ਚ ਪੈਰ ਪਾਉਂਦਾ ਤਾਂ ਬੋਲਾਂ ਦੀ ਤਾਜ਼ਗੀ ਅਤੇ ਤਾਸੀਰ, ਜਿਉਣ ਦਾ ਵੱਲ ਬਣਦੀ ਅਤੇ ਕੁੰਗੜੇ ਚਾਵਾਂ ਦੇ ਨਾਮ ਹੁੰਦੀ ਮੌਲਣ ਦੀ ਵੱਤਰ।
ਨਿੱਘ ਦੀ ਨਗਰੀ ‘ਚ ਰੀਝਾਂ ਦਾ ਰੁਮਕਣਾ, ਮੋਹਵੰਤੇ ਪਲਾਂ ਦਾ ਪਲੋਸਣਾ ਅਤੇ ਸੁੰਨੀਆਂ ਸੱਧਰਾਂ ਦੀ ਕੁੱਖ ਵਿਚ ਆਸ-ਬੀਜ ਦਾ ਪੁੰਗਰਨਾ, ਇਕ ਸੁੱਚਾ ਕਰਮ।
ਨਿੱਘ ਦੇ ਪਲਾਂ ਵਿਚ ਨੀਂਦ ਨੂੰ ਮਿਲਦਾ ਬਹਿਸ਼ਤੀ ਰੁਤਬਾ, ਸੁਪਨਿਆਂ ਦੀ ਸੈਰ ਅਤੇ ਸੰਦਲੀ ਸਾਥ ਦੀ ਸਰਬ-ਅੰਗਤਾ।
ਨਿੱਘ ਦੀ ਨਦੀ ਵਿਚ ਪਿਆਰ ਦੀਆਂ ਲਹਿਰਾਂ, ਅਪਣੱਤ ਦੀਆਂ ਅਰਦਾਸਾਂ, ਸਬੰਧਾਂ ਦੀ ਸੁਗੰਧ ਅਤੇ ਚਿਰ-ਸਦੀਵੀ ਸਬੰਧ ਸਾਜ਼ਗਾਰਤਾ ਦੀ ਰਹਿਤਲ ਬਣਦੇ।
ਨਿੱਘ ਦੇ ਨੈਣਾਂ ‘ਚ ਸੂਹੇ ਪਲਾਂ ਦੀ ਲਿਸ਼ਕ, ਤਰੋ-ਤਾਜਗੀ ਦੀ ਤਮੰਨਾ ਅਤੇ ਮਨ-ਰੂਹ ਵਿਚ ਪੈਦਾ ਹੋਈਆਂ ਤਰੰਗਾਂ ਜੋ ਦਿਲ-ਬੀਹੀ ਵਿਚ ਸੰਗੀਤਕ-ਸੁਰ ਬਿਖੇਰਦੀਆਂ।
ਨਿੱਘ ਦੀ ਨਹਿਰ ਵਿਚ ਮਨ ਦੀਆਂ ਮੱਛੀਆਂ ਤਾਰੀਆਂ ਲਾਉਂਦੀਆਂ, ਪਾਣੀ ਦੀ ਪਾਕੀਜ਼ਗੀ ਕਰਮ-ਧਰਾਤਲ ‘ਚ ਰਿਸਦੀ ਅਤੇ ਪਾਣੀ ਦੀ ਤਰਲਤਾ, ਕਰਮ-ਸ਼ੀਲਤਾ ਦੀ ਕਰਮ-ਸਾਧਨਾ ਬਣਦੀ।
ਨਿੱਘ, ਬਹੁ-ਪਰਤੀ, ਬਹੁ-ਅਰਥੀ ਅਤੇ ਬਹੁ-ਭਾਂਤੀ ਸਰੋਕਾਰਾਂ, ਸੰਵੇਦਨਾ, ਸੰਭਾਵਨਾ ਅਤੇ ਸਮਰਥਾ ਨਾਲ ਸਮੇਂ ਦੀ ਬੀਹੀ ਦਸਤਕ ਦਿੰਦਾ। ਇਸ ਨੂੰ ਕਿਹੜੇ ਰੰਗ, ਰੂਪ ਅਤੇ ਰਮਤਾ ਵਿਚ ਸਮਾਉਣਾ, ਮਨਾਉਣਾ ਅਤੇ ਅੰਤਰੀਵ ਵਿਚ ਉਤਾਰਨਾ, ਇਹ ਨਿੱਜ ‘ਤੇ ਨਿਰਭਰ।
ਨਿੱਘ-ਨੀਤੀ ਇਕਸਾਰ, ਹਰੇਕ ਲਈ ਸਾਵਾਂ ਵਰਤਾਅ। ਹਰੇਕ ਲਈ ਖੁਲ੍ਹਦੇ ਦਰਵਾਜੇ ਅਤੇ ਆਉਣ ਦਾ ਚਾਅ। ਵਿਤਕਰੇ ਤੋਂ ਨਿਰਲੇਪ ਅਤੇ ਬੁੱਕਾਂ ਭਰ ਭਰ ਵੰਡਣ ਦਾ ਕਾਰਜ। ਤੁਸੀਂ ਕਿੰਨਾ ਕੁ ਨਿੱਘ ਲੈਂਦੇ ਅਤੇ ਇਸ ‘ਚੋਂ ਖੁਦ ਨੂੰ ਕਿਵੇਂ ਪਰਿਭਾਸ਼ਤ ਕਰਦੇ ਹੋ, ਇਹ ਸਵੈ ਦਾ ਮਸਲਾ।
ਨਿੱਘ ਦਾ ਨੂਰ ਜਦ ਕਿਸੇ ਮੁਖੜੇ ਦੀ ਆਭਾ ਬਣਦਾ ਤਾਂ ਇਕ ਸੰਧੂਰੀ ਪਰਤ ਚੌਗਿਰਦੇ ਨੂੰ ਲਰਜਾਉਂਦੀ ਅਤੇ ‘ਵਾ ਦੇ ਨਾਮ ਰੰਗ ਰੱਤੜਾ ਨਗਮਾ ਗਾਉਂਦੀ। ਇਹ ਨੂਰ ਹੀ ਹੁੰਦਾ ਜੋ ਬਣਦਾ ਜ਼ਿੰਦਗੀ ਲਈ ਜਿਉਣ ਦਾ ਸ਼ਗਨ ਅਤੇ ਸਾਹਾਂ ਦਾ ਜਸ਼ਨ। ਇਨ੍ਹਾਂ ਜਸ਼ਨਾਂ ਵਿਚ ਸਮੁੱਚਤਾ ਅਤੇ ਸ਼ਮੂਲੀਅਤ, ਵਿਰਲਿਆਂ ਦਾ ਨਸੀਬ ਅਤੇ ਸਾਹ-ਸੰਦੜਾ ਅਦੀਬ।
ਨਿੱਘ ਦੀ ਨਿਰਮਾਣਤਾ ਵਿਚ ਨੂਰਾਨੀ ਰਮਜ਼ਾਂ, ਯੁੱਗ ਜਿਉਣ-ਰਹੱਸ, ਸਮੇਂ-ਸਰਦਲ ‘ਤੇ ਸਿਰ ਟਿਕਾਉਂਦਾ ਸੱਚ ਅਤੇ ਇਸ ਸੱਚ ਵਿਚੋਂ ਉਗਮਦਾ ਹਰੇਕ ਦਾ ਜਿਉਂਦਾ ਸੱਚ।
ਨਿੱਘ ਦੀ ਨਜ਼ਰੇ-ਇਨਾਇਤ ਵਿਚ ਪ੍ਰਵਾਨ ਚੜ੍ਹੀ ਸੋਚ, ਸਮਿਆਂ ਦਾ ਸੁਹੰਢਣਾ ਵਰਕਾ ਜਿਸ ਦੀ ਸਾਰਥਕਤਾ ਸਮਾਂ-ਸੀਮਾ ਤੋਂ ਪਾਰ। ਨਿੱਘ ਦੀਆਂ ਬਰਕਤਾਂ ਹੀ ਜੀਵਨ-ਮੁੱਲਾਂ ਲਈ ਨਵੀਆਂ ਤਰਜ਼ੀਹਾਂ ਤੇ ਤਸ਼ਬੀਹਾਂ।
ਨਿੱਘ ਦੀ ਨਿਆਮਤ ਨਾਲ ਵਰੋਸਾਈ ਸਮੁੱਚੀ ਕਾਇਨਾਤ। ਇਸ ਦੀਆਂ ਦੇਣਦਾਰੀਆਂ ‘ਚ ਵਿਕਸਦੀ ਅਤੇ ਵਿਉਂਤਦੀ। ਇਸ ਵਿਚੋਂ ਹੀ ਵਾਤਾਵਰਣੀ ਵੰਨਗੀਆਂ ਅਤੇ ਵਿਵਹਾਰਾਂ ਦੀ ਵਿਸ਼ਾਲਤਾ ਅਤੇ ਵਿਲੱਖਣਤਾ।
ਨਿੱਘ ਦੇ ਨਿਹੋਰੇ, ਆਪਣਿਆਂ ਦਾ ਆਪਣਿਆਂ ‘ਤੇ ਰੋਸਾ, ਆਪਣਿਆਂ ਦਾ ਆਪਣਿਆਂ ਤੋਂ ਖੁਸਿਆ ਦਾਈਆ ਅਤੇ ਆਪਣਿਆਂ ਵਿਚਲੀ ਅਪਣੱਤ ਨੂੰ ਨਿਹਾਰਨਾ ਦਾ ਵਿਰਵਾਪਣ।
ਨਿੱਘ ਅਤੇ ਗਰਮੀ ਵਿਚ ਬਹੁਤ ਸੂਖਮ ਤੇ ਸੁਚੇਤ ਅੰਤਰ। ਇਨ੍ਹਾਂ ਵਿਚਲੇ ਫਰਕ ਨੂੰ ਸਮਝ ਕੇ ਹੀ ਇਨ੍ਹਾਂ ਦਾ ਨਿਖੇੜਾ ਅਤੇ ਪੈਦਾ ਹੋਏ ਬਿਖੇੜੇ ਨੂੰ ਸਮਝ ਅਤੇ ਸੁਲਝਾ ਸਕਦੇ। ਗਰਮੀ ਕਈ ਵਾਰ ਝੁਲਸਦੀ, ਸਾੜਦੀ ਅਤੇ ਕਈ ਵਾਰ ਸਵਾਹ ਕਰਦੀ। ਪਿਆਸ ਨਾਲ ਬੇਹਾਲ ਅਤੇ ਸਾਹਾਂ ਵਿਚ ਉਗਦਾ ਭੁਚਾਲ। ਪਰ ਨਿੱਘ, ਪਲੋਸਦਾ, ਸਹਿਲਾਉਂਦਾ, ਕੋਮਲਤਾ ਦੀਆਂ ਕਰੂੰਬਲਾ ਉਗਾਉਂਦਾ, ਸੁਹਜ ਦੀ ਟਾਹਣੀ ‘ਤੇ ਲਾਉਂਦਾ, ਸੁੱਚੇ ਭਾਵਾਂ ਦੀਆਂ ਫੁੱਲਪੱਤੀਆਂ ਬਣਾਉਂਦਾ, ਹੁਲਾਸ ਦੀ ਰੰਗਲੀ ਮਹਿਕ ਦੀ ਜਾਗ ਲਾਉਂਦਾ ਅਤੇ ਜੀਵਨ-ਖੇੜੇ ਦੀ ਰੰਗ-ਭਾਗ, ਜਿੰਦ-ਬਗੀਚੀ ਦੇ ਨਾਮ ਲਾਉਂਦਾ। ਨਿੱਘ ਜੀਵਾਂਦਾ, ਹਸਾਂਦਾ ਅਤੇ ਫੁੱਲਝੜੀਆਂ ਜਿਹੀ ਰੁੱਤ, ਚਮਨ ਦੀ ਸੁੰਨਤਾ ਅਤੇ ਬੈਗਾਨਗੀ ਦੇ ਨਾਮ ਲਾਉਂਦਾ।
ਨਿੱਘ ਦੇ ਅੰਬਰ ਵਿਚ ਉਚੀ ਪਰਵਾਜ਼। ਦੂਰ-ਦਿਸਹੱਦਿਆਂ ਤੀਕ ਪਹੁੰਚਣ ਦਾ ਵਿਸ਼ਵਾਸ ਅਤੇ ਸਭ ਕੁਝ ਹਾਸਲ ਕਰਨ ਦੀ ਅਰਾਧਨਾ ਤੇ ਅਰਦਾਸ।
ਨਿੱਘ ਦੀ ਹੋਂਦ, ਰਿਸ਼ਤਿਆਂ ਨੂੰ ਸਥਿਰਤਾ ਤੇ ਪਕਿਆਈ, ਕੱਚਘੜਤਾ ਨੂੰ ਠੋਸਤਾ ਅਤੇ ਯੱਖ ਸਬੰਧਾਂ ਵਿਚ ਕੋਸੇ-ਕੋਸੇ ਸਾਹਾਂ ਦਾ ਆਵਾਗੌਣ ਅਤੇ ਪੁਰ-ਖਲੂਸ ‘ਚੋਂ ਉਪਜਿਆ ਜੱਗਭੌਣ।
ਨਿੱਘ, ਜ਼ੁਬਾਨ ਦੀ ਤਰਜ਼ੀਹ ਬਣਦਾ ਤਾਂ ਬੋਲਾਂ ਵਿਚ ਨਿੱਘ ਦਾ ਤਰੌਂਕਾ ਬਣ, ਪਾਣੀ ਦੀ ਭੱਜੀ ਹੋਈ ਠਰਨ ਵਰਗਾ ਅਹਿਸਾਸ ਪੈਦਾ ਕਰਦਾ। ਇਹ ਅਹਿਸਾਸ ਹੀ ਕੁਦਰਤ ਨੂੰ ਜਿਉਂਦਾ ਰੱਖਣ ਦਾ ਸਾਧਨ ਤੇ ਸਬੱਬ।
ਨਿੱਘ ਦੀ ਅਣਹੋਂਦ ਕਾਰਨ, ਝੀਲਾਂ ਬਰਫ ਹੋ ਜਾਂਦੀਆਂ ਅਤੇ ਦਰਿਆਵਾਂ ਦੇ ਪਾਣੀ ਜੰਮ ਕੇ, ਇਕ ਖੜੋਤ ਵਗਦੇ ਪਾਣੀਆਂ ਦੇ ਨਾਮ ਕਰਦੇ। ਮੌਸਮ ਬਦਲਦੇ, ਬਰਫ ਪਿਘਲ ਕੇ ਪਾਣੀਆਂ ਦੀ ਤਰਲਤਾ ਪਰਤਾਉਂਦੀ। ਪਰਤ ਆਉਂਦੀ ਪਾਣੀਆਂ ਦੀ ਰਵਾਨਗੀ, ਤੋਰ ਵਿਚਲੀ ਮੜਕ ਅਤੇ ਕਲ-ਕਲ ਕਰਦੀ ਨਿੱਘ ਦੀ ਸ਼ੁਕਗੁਜਾਰੀ।
ਨਿੱਘ ਦੇ ਜ਼ਜਬੇ ਵਿਚ ਪਿਘਲ ਜਾਂਦਾ ਮਨੁੱਖ ਦਾ ਹਰ ਸਰੂਪ। ਭਾਵੇਂ ਉਹ ਮਾਂ-ਬਾਪ, ਭਰਾ-ਭੈਣ, ਬੱਚੇ ਜਾਂ ਜੀਵਨ ਸਾਥੀ ਹੋਵੇ। ਬਸ਼ਰਤੇ ਨਿੱਘ ਦਾ ਸੁੱਚਮ, ਰੂਹ-ਬੀਹੀ ਦੀ ਪਰਿਕਰਮਾ ਵਿਚੋਂ ਉਗਿਆ ਹੋਵੇ। ਮਾਂ ਦੀ ਗੋਦ ਦੇ ਨਿੱਘ ਨਾਲ ਪਸੀਜੀ ਮਮਤਾ ਅਤੇ ਬਚਪਨ, ਇਕ ਨੂਰਾਨੀ ਦ੍ਰਿਸ਼, ਜੋ ਅੰਤਰੀਵ ਨੂੰ ਸ਼ਰਸ਼ਾਰ ਕਰਦਾ। ਬਾਪ ਦੇ ਨਿੱਘ ਵਿਚ ਪੋਹ-ਮਾਘ ਦੀਆਂ ਠਰੀਆਂ ਰਾਤਾਂ ਤੇ ਰਾਹਾਂ, ਨਿੱਕੇ ਨਿੱਕੇ ਪੈਰਾਂ ਲਈ ਰਾਹ-ਰਮਤਾ ਬਣਦੀਆਂ ਅਤੇ ਉਗਦੇ ਸੂਰਜ, ਬੱਚਿਆਂ ਦੇ ਮਸਤਕ ਵਿਚ ਅੰਗੜਾਈਆਂ ਲੈਂਦੇ।
ਜੀਵਨ ਸਾਥੀ ਦੇ ਨਿੱਘ ਵਿਚ ਪਿਘਲ ਜਾਂਦਾ ਬੰਦਾ ਸਾਰੇ ਦਾ ਸਾਰਾ। ਉਸ ਦੇ ਉਚੜੇ ਚਾਵਾਂ ਨੂੰ ਮਿਲਦਾ ਸਹਿਲ-ਹੁਲਾਰਾ। ਮਧੋਲੀਆਂ ਰੀਝਾਂ ਨੂੰ ਸਾਹ-ਸਹਾਰਾ ਅਤੇ ਸੁਪਨ-ਉਡਾਰੀ ਦੇ ਨਾਮ ਹੁੰਦਾ ਅੰਬਰ ਸਾਰੇ ਦਾ ਸਾਰਾ। ਉਸ ਦੀ ਮੱਸਿਆ-ਰਾਤ ਵਿਚ ਕਿਰਮਚੀ ਕਿਰਨਾਂ ਦੀ ਲੋਅ ਅਤੇ ਬੁੱਸੇ ਸਾਹਾਂ ਵਿਚ ਭਿੰਨੀ ਭਿੰਨੀ ਖੁਸ਼ਬੋ। ਰਿਸ਼ਮਾਂ ਵਿਚ ਸਮੋਈ ਸਹਿੰਦੀ ਸਹਿੰਦੀ ਤਪਸ਼, ਸੀਨੇ ‘ਚ ਧੜਕਦੀ। ਇਸ ਨਾਲ ਸਦੀਵਤਾ ਦਾ ਖਿਣ, ਸਾਹ-ਸਰਘੀ ਬਣਦਾ। ਦੁਸ਼ਵਾਰੀਆਂ ਦੇ ਮਾਰਿਆਂ ਲਈ ਵੀਰ ਦੀ ਨਿੱਘੀ ਗਲਵੱਕੜੀ, ਅਲੋਕਾਰੀ ਜਲੌਅ।
ਨਿੱਘ, ਬਦਲਦੇ ਮੌਸਮਾਂ ਦਾ ਮਿਜ਼ਾਜ। ਵਾਤਾਵਰਣੀ ਤਬਦੀਲੀਆਂ ਦਾ ਰਾਜ਼ ਅਤੇ ਕੁਦਰਤ ਦੇ ਹਰ ਰੰਗ ਦਾ ਅੰਦਾਜ਼। ਨਿੱਘ ਦੀ ਗੈਰ-ਹਾਜਰੀ ਕਾਰਨ ਪੱਤਝੜ, ਵੈਰਾਨਗੀ ਅਤੇ ਉਦਾਸੀਨਤਾ ਦਾ ਪੈਗਾਮ ਬਣ, ਕੁਦਰਤ ਨੂੰ ਬੇਅਰਾਮ ਕਰਦੀ, ਜੀਵ-ਜੰਤੂਆਂ ‘ਤੇ ਕਿਆਮਤ ਆਉਂਦੀ। ਬਰਫੀਲੇ ਤੇ ਸਰਦ ਮੌਸਮਾਂ ਦੀ ਮਾਰ ਹੇਠ ਆਏ ਬਿਰਖਾਂ ਦੇ ਪਿੰਡਿਆਂ ਨੂੰ ਬਿਖਮਤਾ ਦੀ ਬਿਪਤਾ ਅਤੇ ਆਲ੍ਹਣਿਆਂ ਲਈ ਆਫਤ ਦਾ ਆਗਮਨ। ਮੌਸਮ ਬਦਲਦਾ ਤਾਂ ਨਿੱਘ, ਪੁੰਗਾਰੇ ਲੈ ਕੇ ਕੁਦਰਤ ਦੇ ਆਂਗਣ ਵਿਚ ਆਵਾਜ਼ ਲਾਉਂਦਾ। ਬਿਰਖਾਂ ਨੂੰ ਹਰਿਆਵਲਾ ਕੱਜਣ, ਫੁੱਲਾਂ ਅਤੇ ਫਲਾਂ ਦੀ ਪਿਉਂਦ, ਪੰਛੀਆਂ ਅਤੇ ਪਰਿੰਦਿਆਂ ਨੂੰ ਵਿਗਸਣ ਦੀ ਵਿਹਲ। ਚਾਰ-ਚੁਫੇਰੇ ਮੌਲਦੀ ਕੁਦਰਤ ਅਤੇ ਇਸ ਦੀ ਅਸੀਮਤਾ ਵਿਚੋਂ ਕਰਾਮਤੀ ਵਰਤਾਰਿਆਂ ਦਾ ਕਿਆਸ, ਨਿੱਘ ਦੀ ਕਰਤਾਰੀ ਕ੍ਰਿਆ।
ਨਿੱਘ ਦੀ ਤਾਸੀਰ ਅਤੇ ਤਰਬੀਅਤ, ਅਲੋਕਾਰੀ, ਅਜੀਬ ਅਤੇ ਅਗੰਮੀ। ਇਸ ਨੂੰ ਸਮਝਣ, ਸਮਾਉਣ ਅਤੇ ਸੰਤੋਖਣ ਵਿਚੋਂ ਜਦ ਅਸੀਂ ਮਾਨਵੀ ਮੁੱਲਾਂ ਅਤੇ ਮਨੁੱਖੀ ਕ੍ਰਿਆਤਮਕਤਾ ਨੂੰ ਕਰਮਸ਼ੀਲ ਕਰਦੇ ਤਾਂ ਨਿੱਘ ਦੇ ਸੁੱਚੇ ਸਰੋਕਾਰ, ਸਮਾਜ ਦੇ ਨਾਵੇਂ ਨਵੀਂ ਸਾਰਥਕਤਾ ਕਰਦੇ।
ਨਿੱਘ ਨਿਮਾਣਾ, ਨਿੱਘ ਰਿਝਾਣਾ। ਨਿੱਘ ਦੀ ਜੂਹੇ ਸਭ ਨੇ ਜਾਣਾ। ਨਿੱਘ ਦਾ ਚੋਲਾ ਪਿੰਡੇ ਪਾਣਾ। ਨਿੱਘ ਦੀ ਕਾਤਰ ਮੱਥੇ ਟਿਕਾਣਾ ਅਤੇ ਨਿੱਘ ਵਿਚੋਂ ਖੁਦ ਦਾ ਭੇਤ ਪਾਣਾ। ਨਿੱਘ ਦੀ ਰੂਹ ਵਿਚ ਨਿੱਘ ਦਾ ਹਾਸਾ, ਨਿੱਘ ਦੀ ਜੂਹੇ ਨਿੱਘ ਦਾ ਵਾਸਾ, ਨਿੱਘ-ਸਰੋਤੀਂ ਨਾ ਹੋਏ ਚੌਮਾਸਾ ਅਤੇ ਇਸ ਦੀ ਸੰਗਤਾ ਖੁਸ਼ੀ ਦਾ ਖਾਸਾ।
ਨਿੱਘ-ਸਰੋਤ, ਸਮਿਆਂ ਦੇ ਹਰ ਪਲ ਵਿਚ ਸੰਘਰਸ਼ਸ਼ੀਲ। ਇਸ ਸੰਘਰਸ਼ ਵਿਚੋਂ ਹੀ ਜੀਵਨ ਦੀਆਂ ਅਣਦੱਸੀਆਂ ਅਣਦੇਖੀਆਂ ਅਤੇ ਅਣਮੱਲੀਆਂ ਥਾਂਵਾਂ ਦਾ ਨਾਮਕਰਨ ਹੁੰਦਾ।
ਨਿੱਘ ਲੋਚਦੇ ਸੱਜਣਾਂ, ਸਬੰਧੀਆਂ, ਸਹਿਯੋਗੀਆਂ ਅਤੇ ਸਹਿਕਰਮੀਆਂ ਦੀ ਝੋਲੀ ‘ਚ ਕੋਸੇ ਜਿਹੇ ਪਲ ਧਰਨਾ, ਤਿੜਕਣ ਦੇ ਨਾਮ ਜੁੜਨ ਦਾ ਕਰਮ ਹੋਵੇਗਾ।
ਨਿੱਘ ਹਰਫਾਂ ਵਿਚ ਸਿੰਮਦਾ ਤਾਂ ਵਰਕਿਆਂ ਤੇ ਸੁਚੀਆਂ ਤਰਜ਼ੀਹਾਂ ਦੀ ਕਲਾ-ਨਿਕਾਸ਼ੀ, ਅਰਥਾਂ ਵਿਚ ਸੁਲਘਦੀ ਵਰਣਮਾਲਾ। ਸੁਲਘਦੇ ਅਰਥਾਂ ਦੇ ਮੱਥਿਆਂ ਵਿਚ ਚਿਰਾਗ ਜਗਦੇ ਜੋ ਨੇਤਰਹੀਣ ਲਈ ਰੌਸ਼ਨੀ, ਬੇਸਮਝਾਂ ਲਈ ਸੂਝ-ਸਮਝ ਅਤੇ ਸੁਪਨਹੀਣਾਂ ਲਈ ਸੁਪਨਸਾਜ਼ੀ ਦਾ ਸਾਧਨ ਬਣ, ਸਮਿਆਂ ਦੀ ਸਾਖੀ ਵਿਚ ਅਜਿਹੇ ਅਧਿਆਏ ਜੋੜਦੇ ਜੋ ਭਵਿੱਖ ਤੇ ਵਰਤਮਾਨ ਲਈ ਇਲਹਾਮ ਬਣਦੇ।
ਨਿੱਘ ਜਦ ਕਿਸੇ ਕਲਮ ਜਾਂ ਬੁਰਸ਼ ਵਿਚੋਂ ਕਿਰਦਾ ਤਾਂ ਅਜ਼ੀਮ ਕਿਰਤਾਂ ਕਾਗਜ਼ ਦੇ ਪਿੰਡੇ ‘ਤੇ ਉਲੀਕੀਆਂ ਜਾਂਦੀਆਂ। ਹਰਫਾਂ ਦੀ ਇਬਾਦਤ ਅਵਚੇਤ ਸੁਨੇਹਾ ਦੇ ਜਾਂਦੀ ਜੋ ਸੋਚਾਂ ਵਿਚ ਸੰਘਰਸ਼ ਅਤੇ ਕਰਮਹੀਣਾਂ ਲਈ ਕਰਮਾਂ ਸੰਦੜਾਂ ਸੰਗੀਤ ਬਣਦੀ।
ਨਿੱਘ ਤੇ ਚਾਨਣ ਦਾ ਕਰੀਬੀ ਰਿਸ਼ਤਾ। ਦੋਵੇਂ ਸੰਗ-ਸਾਥ। ਇਕ ਦੂਜੇ ਦੀ ਰਾਹਤ ਅਤੇ ਚਾਹਤ। ਨਿੱਘ ਤੋਂ ਬਗੈਰ ਚਾਨਣ ਬੇਅਰਥਾ ਅਤੇ ਚਾਨਣ ਤੋਂ ਬਗੈਰ ਨਿੱਘ ਦੀ ਨਹੀਂ ਹੋਂਦ। ਨਿੱਘ ਵਿਚੋਂ ਚਾਨਣ ਲੈ ਕੇ, ਚਾਨਣ ਚਾਨਣ ਹੋਣ ਵਾਲੇ, ਸਮਿਆਂ ਲਈ ਚਾਨਣ ਦਾ ਸੰਧਾਰਾ ਜਿਸ ਦੀ ਗੰਢ ਵਿਚ ਹੁੰਦਾ ਬਿਮਾਰ ਸਮਿਆਂ ਨੂੰ ਅਰੋਗ ਕਰਨ ਦਾ ਵਰਤਾਰਾ। ਚਾਨਣ ਹੀ ਰਾਤ ਨੂੰ ਦਿਨ ‘ਚ ਬਦਲਦਾ। ਨਿੱਘ, ਬਰਫ ਦੀ ਅੱਗ ਬਣ, ਸੀਤ ਅਤੇ ਸ਼ਾਂਤ ਸਮੁੰਦਰਾਂ ਨੂੰ ਸੰਗੀਤ-ਬੱਧ ਕਰਦੇ। ਚਾਨਣ ਵਿਚ ਪਰਛਾਵੇਂ ਬਣਦੇ ਜਦ ਕਿ ਨਿੱਘ ਵਿਚ ਨੇੜਤਾ ਨੂੰ ਨਿਮੰਤਰਣ।
ਨਿੱਘ ਲਈ ਨੇੜਤਾ ਦਾ ਅਹਿਸਾਸ, ਸਿਰਫ ਨਿੱਘ ਤੱਕ ਹੀ ਸੀਮਤ ਨਹੀਂ। ਇਸ ਦੇ ਵਸੀਹ ਵਰਤਾਰਿਆਂ ਅਤੇ ਵਿਹਾਰਾਂ ਵਿਚ ਵਿਕਸਤ ਹੁੰਦੇ ਵਗਦੀ ਪੌਣ ਦੀ ਪਵਿੱਤਰਤਾ ਵਰਗੇ ਪਲ ਜੋ ਬਣਦੇ ਬੀਤ ਰਿਹਾ ਅੱਜ, ਲੰਘ ਗਿਆ ਕੱਲ ਅਤੇ ਆਉਣ ਵਾਲਾ ਕੱਲ। ਸਦੀਵਤਾ ਅਤੇ ਸਥਿਰਤਾ ਦੀ ਸੁਯੋਗਤਾ ਵਿਚੋਂ ਪੈਦਾ ਹੋਏ ਸਬੰਧ ਸਮਰਪਣ ਹੁੰਦੇ।
ਨਿੱਘ, ਨਵਿਆਂ ਅਤੇ ਨੇੜਲਿਆਂ ਲਈ ਕੋਲ-ਕੋਲ ਬਹਿਣ ਦਾ ਸਬੱਬ। ਲੋਹੜੀ ਸੇਕਦੇ ਪਲਾਂ ਨੂੰ ਮਨ-ਚਿੱਤਰਪਟ ‘ਤੇ ਚਿਤਰਨਾ, ਨਿੱਘ, ਨਿੱਘ-ਸੰਗਤਾ ਅਤੇ ਉਸ ‘ਚੋਂ ਪ੍ਰਵਾਨ ਚੜ੍ਹੀ ਨਿੱਘ-ਨੇੜਤਾ ਦਾ ਅਹਿਸਾਸ ਸਦਾ ਚਿਰੰਜੀਵ। ਧੂਣੀ ਸੇਕਦਿਆਂ, ਨਿੱਘੀਆਂ ਨਿੱਘੀਆਂ ਗੱਲਾਂ ਨਿੱਘ ਨੂੰ ਦੂਣ ਸਵਾਇਆ ਕਰਦੀਆਂ। ਨਿੱਘ-ਵਰਤਾਰਾ, ਧੂਣੀ ਦੀ ਅਹਿਮ ਕੜੀ, ਨਿੱਘ-ਰੂਹਾਨੀਅਤ ਦੀ ਝੜੀ ਅਤੇ ਜ਼ਿੰਦਗੀ ਅਜਿਹੇ ਮੋੜ ‘ਤੇ ਰਹਿ ਜਾਂਦੀ ਖੜ੍ਹੀ ਦੀ ਖੜ੍ਹੀ।
ਨਿੱਘ ਦੇ ਉਨ੍ਹਾਂ ਪਲਾਂ ਨੂੰ ਯਾਦ-ਧਾਗੇ ‘ਚ ਪਰੋਣਾ ਜਦ ਸਿਆਲ ਦੀ ਰੁੱਤੇ ਰਜਾਈਆਂ ਦੇ ਨਿੱਘ ‘ਚ ਪੜ੍ਹਦਿਆਂ-ਪੜ੍ਹਦਿਆਂ, ਕਿਤਾਬਾਂ-ਕਾਪੀਆਂ ਵੀ ਨਾਲ ਹੀ ਸੋਂ ਜਾਂਦੀਆਂ ਸਨ ਅਤੇ ਪੂਰਨੇ ਵੀ ਅੱਖਾਂ ਮੁੰਦ ਲੈਂਦੇ। ਫਿਰ ਅੱਧੀ ਰਾਤ ਨੂੰ ਮਾਂ ਆ ਕੇ ਸਾਨੂੰ ਲਿਟਾ ਕੇ, ਨਿੱਘ ਦਾ ਆਗੋਸ਼-ਅਨੰਦ ਬਖਸ਼ਦੀ। ਮਾਂ ਦਾ ਉਹ ਨਿੱਘ ਕਿਆਸ ਕੇ, ਬਚਪਨੇ ‘ਚ ਜਿਉਣ ਦੀ ਲਰਜ਼ਨਾ ਪੈਦਾ ਹੁੰਦੀ।
ਨਿੱਘ ਨੂੰ ਕਦੇ ਨਾ ਔਂਤਰਾ ਕਰਿਓ, ਮਾਰ ਸਮੇਂ ਦੀ ਪੈਣੀ। ਨਿੱਘ ਤੋਂ ਬਿਨਾ ਨਾ ਖਲਕਤ ਵਧਣੀ, ਨਾ ਸੱਥੀਂ ਰੌਣਕ ਰਹਿਣੀ। ਨਾ ਸਾਹਾਂ ਵਿਚ ਸਰਗਮ ਹੋਣੀ, ਨਾ ਪਿੰਡੇ ਪਸੀਨਾ। ਨਾ ਅੱਖਾਂ ਵਿਚ ਸੁਪਨਾ ਉਗਣਾ, ਨਾ ਗੱਭਣ ਹੋਣਾ ਜ਼ਮੀਨਾਂ। ਨਾ ਪਾਣੀ ਦੀ ਤੋਰ ਰਵਾਨੀ, ਨਾ ਰੁਮਕਣੀਆਂ ਵਾਵਾਂ। ਬਿਨ ਬਿਰਖਾਂ ਤੇ ਪੱਤਿਆਂ ਤੋਂ, ਲੂਆਂ ਬਣਨੀਆਂ ਰਾਹਵਾਂ। ਨਾ ਕੋਈ ਮਾਂ ਤੇ ਬਾਪ ਹੀ ਹੋਣਾ, ਨਾ ਕੋਈ ਭੈਣ-ਭਰਾ। ਸਭ ਨੇ ਕਬਰਾਂ ਬਣ ਕੇ ਮਲਣਾ, ਆਪੋ ਆਪਣਾ ਰਾਹ। ਸੁੰਨੇ ਹਰਫਾਂ ਆਪ ਵਿਹਾਜਣੀ, ਖੁਦ ਆਪਣੀ ਮੌਤ। ਅਰਥਾਂ ਨੇ ਮਸਾਣੀਂ ਜਾ ਕੇ, ਹੋਣਾ ਆਖਰ ਫੌਤ। ਫੁੱਲਾਂ ਦੀ ਜੂਹ ਵਿਚ ਮਹਿਕਾਂ, ਪੱਲੂ ਅੱਡ ਖੜੋਣਾ। ਪਰ ਫਿਜ਼ਾ ਨੇ ਪਾਉਣਾ ਤਸਬੀ, ਹੰਝੂ, ਹੂਕ ਤੇ ਰੋਣਾ। ਨਿੱਘ ਦੀ ਨਜ਼ਾਕਤ ਵਿਚੋਂ ਖੁਦ ਨੂੰ ਖੁਦ ਪਛਾਣੋ। ਇਸ ਦੀ ਬਰਕਤ-ਬੰਦਗੀ ਰਾਹੀਂ, ਨਿਆਮਤ-ਨੇਕੀ ਮਾਣੋ।
ਨਿੱਘ ਨਿਰਮੋਹਾ, ਮਨ ‘ਚ ਵੱਸਦਾ, ਕਦੇ ਨਾ ਮਾਣ ਕਰੇਂਦਾ। ਹਰ ਝੋਲੀ ਵਿਚ ਖੁਸ਼ੀਆਂ ਤੇ ਖੇੜੇ, ਮੁੱਠਾਂ ਭਰ ਟਕੇਂਦਾ। ਨਿੱਘ-ਵਰਸੋਈ, ਨਿੱਘ-ਨਿਹਾਰੀ, ਰੂਹ ਨੂੰ ਸਦਾ ਰਿਝਾਓ ਅਤੇ ਨਿੱਘ ਦੀ ਗਲੀਏ ਭਉਂਦੇ ਫਿਰਦੇ, ਨਿੱਘ-ਲੋਚਾ ਨੂੰ ਗਾਓ।
ਨਿੱਘ ਨੂੰ ਨਿੱਘ ਦੀ ਰੂਹ-ਰਮਤਾ ਵਿਚ ਜਿਉਣਾ ਅਤੇ ਰੂਹ-ਰੰਗਰੇਜ਼ਤਾ ਨੂੰ ਜੀਵਨ-ਸੰਦਲਤਾ ਦੇ ਨਾਮ ਲਾਉਣਾ, ਸੱਚੀ ਸੁੱਚੀ ਅਕੀਦਤ ਅਤੇ ਇਬਾਦਤ। ਇਸ ਨੂੰ ਆਪਣੀ ਕਰਮਯੋਗਤਾ ਦੇ ਨਾਮ ਲਾਉਣਾ, ਸਮਿਆਂ ਦੀ ਬੀਹੀ ‘ਚ ਸੁਗੰਧਤ ਬੋਲਾਂ ਦਾ ਬੁੱਲਾ ਰੁਮਕੇਗਾ। ਕਲਮ, ਅਜਿਹੀ ਆਸ ਤਾਂ ਰੱਖ ਹੀ ਸਕਦੀ ਆ।